ਡੋਨਲਡ ਟਰੰਪ ਨੇ ਅਮਰੀਕਾ ਜਿੱਤਿਆ

ਵਾਸ਼ਿੰਗਟਨ: ਅਮਰੀਕਾ ਵਿਚ 45ਵੇਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਬਾਜ਼ੀ ਮਾਰ ਲਈ ਹੈ। ਐਰੀਜ਼ੋਨਾ, ਮਿਸ਼ੀਗਨ, ਮਿਨੋਸਟਾ, ਨਿਊ ਹੈਂਪਸਲਾਇਰ ਤੇ ਅਲਾਸਕਾ ਦੇ ਨਤੀਜੇ ਆਉਣ ਤੋਂ ਪਹਿਲਾਂ ਤੱਕ ਟਰੰਪ ਨੂੰ ਕੁੱਲ ਸਟੇਟਾਂ ਵਿਚੋਂ 276 ਵੋਟਾਂ ਮਿਲੀਆਂ ਅਤੇ ਡੈਮੋਕਰੈਟਿਕ ਉਮੀਦਵਾਰ ਹਿਲਰੀ ਕਲਿੰਟਨ ਸਿਰਫ 218 ਵੋਟਾਂ ਉਤੇ ਸਿਮਟ ਗਈ। ਉਂਜ ਵੋਟਾਂ ਦਾ ਫਰਕ ਸਿਰਫ ਇਕ ਫੀਸਦ ਹੀ ਸੀ। ਟਰੰਪ ਨੂੰ 48 ਫੀਸਦੀ ਅਤੇ ਕਲਿੰਟਨ ਨੂੰ 47 ਫੀਸਦੀ ਵੋਟਾਂ ਪਈਆਂ।

ਕੈਲੀਫੋਰਨੀਆ, ਡਿਸਟ੍ਰਿਕਟ ਆਫ ਕੋਲੰਬੀਆ, ਹਵਾਈ, ਮੈਰੀਲੈਂਡ, ਮੈਸਚੂਸੈੱਟਸ, ਨਿਊ ਯਾਰਕ, ਰ੍ਹੋਡ ਆਈਲੈਂਡ, ਵਰਮੌਂਟ, ਕੁਨੈਕਟੀਕਟ, ਡੈਲਾਵਰੇ, ਇਲੀਨਾਇ, ਨਿਊ ਜਰਸੀ, ਨਿਊ ਮੈਕਸੀਕੋ, ਓਰੇਗੌਨ, ਵਾਸ਼ਿੰਗਟਨ, ਕੋਲੋਰਾਡੋ, ਨੇਵਾਡਾ ਵਰਜੀਨੀਆ ਸਟੇਟ ਹਿਲਰੀ ਕਲਿੰਟਨ ਨੇ ਜਿੱਤੇ ਹਨ। ਡੋਨਲਡ ਟਰੰਪ ਨੇ ਵਿਸਕਾਨਸਿਨ, ਜਾਰਜੀਆ, ਇੰਡੀਆਨਾ, ਮਿਜੌਰੀ, ਨਾਰਥ ਕੈਰੋਲਾਈਨਾ, ਅਲਬਾਮਾ, ਆਰਕਾਨਸਾਸ, ਇਡਾਹੋ, ਕਾਨਸਾਸ, ਕੈਨਟੱਕੀ, ਲੂਸੀਆਨਾ, ਮਿਸੀਸਿੱਪੀ, ਮੌਨਟਾਨਾ, ਨੇਬਰਾਸਕਾ, ਨਾਰਥ ਡਕੋਟਾ, ਓਕੋਲਹਾਮਾ, ਸਾਊਥ ਕੈਰੋਲਾਈਨਾ, ਟੈਨੇਸੀ, ਟੈਕਸਾਸ, ਊਟਾਹ, ਵੈਸਟ ਵਰਜੀਨੀਆ, ਪੈਨਸਿਲਵੇਨੀਆ ਤੇ ਵਿਓਮਿੰਗ ਸਟੇਟਾਂ ਜਿੱਤੀਆਂ ਹਨ। ਤਿੰਨ ਅਹਿਮ ਸਟੇਟਾਂ ਫਲੋਰਿਡਾ, ਆਇਓਵਾ ਤੇ ਓਹਾਇਓ ਟਰੰਪ ਦੀ ਝੋਲੀ ਪੈ ਗਈਆਂ। ਇਸੇ ਦੌਰਾਨ ਕੈਲੀਫੋਰਨੀਆ ਵਿਚ ਇਕ ਚੋਣ ਬੂਥ ਨੇੜੇ ਚੱਲੀ ਗੋਲੀ ਵਿਚ ਇਕ ਸ਼ਖਸ ਦੀ ਮੌਤ ਹੋ ਗਈ।
ਨੁਮਾਇੰਦਾ ਸਦਨ ਜਿਥੇ ਬਹੁਮਤ ਲਈ 218 ਸੀਟਾਂ ਲੋੜੀਂਦੀਆਂ ਸਨ, ਵਿਚ ਰਿਪਬਲਿਕਨ ਪਾਰਟੀ ਦੀਆਂ 236 ਸੀਟਾਂ ਹੋ ਗਈਆਂ ਹਨ। ਇਸ ਸਦਨ ਵਿਚ ਡੈਮੋਕਰੈਟਿਕ ਪਾਰਟੀ ਦੀਆਂ 191 ਸੀਟਾਂ ਹਨ। ਇਸੇ ਤਰ੍ਹਾਂ ਸੈਨੇਟ ਵਿਚ ਰਿਪਬਲਿਕਨ ਪਾਰਟੀ ਦੀਆਂ 51 ਅਤੇ ਡੈਮੋਕਰੈਟਿਕ ਪਾਰਟੀ ਦੀਆਂ 47 ਸੀਟਾਂ ਹਨ। ਸੈਨੇਟ ਵਿਚ ਬਹੁਮਤ ਲਈ ਕੁੱਲ 51 ਸੀਟਾਂ ਲੋੜੀਂਦੀਆਂ ਹਨ।
ਟਰੰਪ ਦੀ ਇਸ ਜਿੱਤ ਨੇ ਦੁਨੀਆਂ ਭਰ ਦੇ ਮੀਡੀਆ ਅਤੇ ਬੁਧੀਜੀਵੀਆਂ ਦੀ ਰਾਇ ਨੂੰ ਉਲਟਾ ਕੇ ਰੱਖ ਦਿੱਤਾ। ਜਿਨਸੀ ਸ਼ੋਸ਼ਣ ਅਤੇ ਬੜਬੋਲੇਪਣ ਕਾਰਨ ਪੈਦਾ ਹੋਏ ਵਿਵਾਦ ਵੀ ਟਰੰਪ ਦੇ ਰਾਹ ਵਿਚ ਰੋੜਾ ਨਾ ਬਣ ਸਕੇ। 240 ਸਾਲਾਂ ਦੇ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਲੋਕਾਂ ਕੋਲ ਔਰਤ ਜਾਂ ਕਾਰੋਬਾਰੀ ਵਿਚੋਂ ਕਿਸੇ ਇਕ ਨੂੰ ਰਾਸ਼ਟਰਪਤੀ ਚੁਣਨ ਦਾ ਮੌਕਾ ਸੀ। ਇਕ ਪਾਸੇ ਹਮਲਾਵਰ ਸੁਭਾਅ ਵਾਲੇ ਟਰੰਪ ਸਨ ਅਤੇ ਦੂਜੇ ਪਾਸੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਡੈਮੋਕਰੈਟਿਕ ਉਮੀਦਵਾਰ ਹਿਲਰੀ ਕਲਿੰਟਨ। ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਵਿਚਾਲੇ ਭਾਵੇਂ ਫਸਵੀਂ ਟੱਕਰ ਵੇਖਣ ਨੂੰ ਮਿਲੀ, ਪਰ ਐਨ ਮੌਕੇ ਉਤੇ ਟਰੰਪ ਨੇ ਬਾਜ਼ੀ ਮਾਰ ਲਈ; ਹਾਲਾਂਕਿ ਜ਼ਿਆਦਾਤਰ ਚੋਣ ਸਰਵੇਖਣਾਂ ਵਿਚ ਹਿਲਰੀ ਦੀ ਚੜ੍ਹਤ ਰਹੀ। ਇਹ ਪਹਿਲੀ ਵਾਰ ਸੀ ਜਦੋਂ ਚੋਣ ਪ੍ਰਚਾਰ ਵਿਚ ਦੋਵਾਂ ਉਮੀਦਵਾਰਾਂ ਨੇ ਇਕ-ਦੂਜੇ ਵਿਰੁਧ ਅਤਿ ਨੀਵੇਂ ਦਰਜੇ ਦੀ ਬਿਆਨਬਾਜ਼ੀ ਕੀਤੀ ਅਤੇ ਜਨਤਕ ਇਕੱਠਾਂ ਵਿਚ ਇਕ-ਦੂਜੇ ਨੂੰ ਖੁੱਲ੍ਹ ਕੇ ਗਾਲ੍ਹਾਂ ਕੱਢੀਆਂ। ਇਕ ਉਹ ਸਮਾਂ ਸੀ ਜਦ ਜਨਤਕ ਬਹਿਸ ਵਿਚ ਟਰੰਪ ਨੂੰ ਹਾਰ ਮੰਨਣ ਲਈ ਮਜਬੂਰ ਕੀਤਾ ਗਿਆ, ਪਰ ਉਹ ਨਾ ਮੰਨੇ ਅਤੇ ਅਸਲ ਪਰਖ ਨੂੰ ਚੋਣ ਫੈਸਲੇ ਉਤੇ ਛੱਡ ਦੇਣ ਦਾ ਦਾਅਵਾ ਕੀਤਾ। ਡੈਮੋਕਰੈਟਿਕ ਉਮੀਦਵਾਰ ਦਾ ਈ-ਮੇਲ ਕਾਂਡ ਅਤੇ ਰਿਪਬਲਿਕਨ ਉਮੀਦਵਾਰ ਵਿਰੁਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਰਗੇ ਵਿਵਾਦ ਵੀ ਇਸ ਚੋਣ ਦੌਰਾਨ ਛਾਏ ਰਹੇ। ਉਂਜ ਵੋਟਿੰਗ ਤੋਂ ਪਹਿਲਾਂ ਹਿਲਰੀ ਨੂੰ ਈ-ਮੇਲ ਲੀਕ ਮਾਮਲੇ ਵਿਚ ਐਫ਼ਬੀæਆਈæ ਨੇ ਕਲੀਨ ਚਿੱਟ ਦੇ ਦਿੱਤੀ ਸੀ। ਚੋਣਾਂ ਤੋਂ ਐਨ ਪਹਿਲਾਂ ਵੈਬਸਾਈਟ ‘ਫਾਈਵਥਰਟੀਏਟ’ ਦੇ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਸੀ ਕਿ ਡੈਮੋਕਰੈਟਿਕ ਉਮੀਦਵਾਰ ਹਿਲਰੀ ਕਲਿੰਟਨ ਦੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ 45 ਫੀਸਦੀ ਆਸਾਰ ਹਨ।
ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ ਬੜਬੋਲਾਪਣ ਅਤੇ ਰੰਗੀਨ ਮਿਜ਼ਾਜ ਹੋਣ ਕਾਰਨ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ। 2005 ਦੀ ਵੀਡੀਓ ਸਾਹਮਣੇ ਆਉਣ ਪਿੱਛੋਂ ਉਸ ਦੀ ਪਾਰਟੀ ਦੇ ਸੈਨੇਟਰਾਂ ਤੇ ਗਵਰਨਰਾਂ ਨੇ ਉਸ ਤੋਂ ਪਾਸਾ ਵੱਟ ਲਿਆ ਸੀ। ‘ਵਾਸ਼ਿੰਗਟਨ ਪੋਸਟ’ ਕੋਲ ਮੌਜੂਦ ਵੀਡੀਓ ਵਿਚ ਟਰੰਪ ਰੇਡੀਓ ਅਤੇ ਟੀæਵੀæ ਪੇਸ਼ਕਾਰ ਬਿਲੀ ਬੁਸ਼ ਨਾਲ ਗੱਲਬਾਤ ਦੌਰਾਨ ਔਰਤਾਂ ਨੂੰ ਚੁੰਮਣ, ਛੂਹਣ ਅਤੇ ਸਰੀਰਕ ਸਬੰਧ ਬਣਾਉਣ ਬਾਰੇ ਬੇਹੱਦ ਅਸ਼ਲੀਲ ਟਿੱਪਣੀਆਂ ਕਰਦੇ ਦਿਖਾਏ ਜਾਣ ਪਿੱਛੋਂ ਟਰੰਪ ਦੀ ਬਣੀ ਬਣਾਈ ਖੇਡ ਵਿਗੜ ਗਈ ਸੀ। ਟਰੰਪ ਉਸ ਸਮੇਂ ਵੀ ਵਿਵਾਦਾਂ ਵਿਚ ਘਿਰ ਗਏ ਸਨ ਜਦ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਦੇਸ਼ ਵਿਚੋਂ ਕੱਢਣ ਤੱਕ ਦੀ ਸਲਾਹ ਦੇ ਦਿੱਤੀ ਸੀ। ਦੁਨੀਆਂ ਭਰ ਵਿਚ ਇਸ ਬਿਆਨ ਦੀ ਨਿਖੇਧੀ ਕੀਤੀ ਗਈ ਸੀ। ਇਸ ਤੋਂ ਇਲਾਵਾ ਜਨਤਕ ਇਕੱਠਾਂ ਵਿਚ ਵੀ ਟਰੰਪ ਨੂੰ ਲੋਕਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਿਆ। ਉਸ ਨੇ ਇਕ ਸਿੱਖ ਨੂੰ ਮੁਸਲਮਾਨ ਦੱਸ ਕੇ ਵੀ ਵਿਵਾਦ ਸਹੇੜ ਲਿਆ ਸੀ।
ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਇਨ੍ਹਾਂ ਟਿੱਪਣੀਆਂ ਨੂੰ ਸ਼ਰਮਨਾਕ ਦੱਸ ਕੇ ਭਾਰੂ ਹੋਣ ਦੀ ਕੋਸ਼ਿਸ਼ ਕੀਤੀ, ਪਰ ਇੰਨਾ ਵਿਰੋਧ ਹੋਣ ਦੇ ਬਾਵਜੂਦ ਟਰੰਪ ਨੇ ਮੈਦਾਨ ਨਾ ਛੱਡਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਚੋਣਾਂ ਤੋਂ ਪਹਿਲਾਂ ਅਤਿ ਘਟੀਆ ਪੱਧਰ ਅਤੇ ਨਾਕਾਰਾਤਮਕ ਪਹੁੰਚ ਵਾਲੀ ਚੋਣ ਮੁਹਿੰਮ ‘ਤੇ ਵੀ ਸਵਾਲ ਉਠੇ।