ਯੂਬਾ ਸਿਟੀ (ਬਿਊਰੋ): ਕੌਮਾਂਤਰੀ ਪ੍ਰਸਿਧੀ ਹਾਸਲ ਕਰ ਚੁਕਾ ਯੂਬਾ ਸਿਟੀ ਦਾ ਸਾਲਾਨਾ ਨਗਰ ਕੀਰਤਨ ਇਸ ਵਾਰ ਵੀ ਰਵਾਇਤੀ ਸ਼ਾਨੋ ਸੌæਕਤ ਅਤੇ ਖਾਲਸਾਈ ਜਾਹੋ-ਜਲਾਲ ਨਾਲ ਲੰਘੇ ਐਤਵਾਰ ਨੂੰ ਕੱਢਿਆ ਗਿਆ ਜਿਸ ਵਿਚ ਨਾ ਸਿਰਫ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਹੀ ਸਗੋਂ ਕੈਨੇਡਾ ਸਮੇਤ ਹੋਰਨਾਂ ਮੁਲਕਾਂ ਤੋਂ ਵੀ ਲੋਕ ਹਾਜ਼ਰੀ ਭਰਨ ਪਹੁੰਚੇ। ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਪਿਛਲੇ 36 ਸਾਲ ਤੋਂ ਲਗਾਤਾਰ ਹੁੰਦਾ ਆ ਰਿਹਾ ਹੈ।
ਨਗਰ ਕੀਰਤਨ ਗੁਰਦੁਆਰਾ ਟਾਇਰਾ ਬਿਊਨਾ ਤੋਂ ਇਕ ਬਹੁਤ ਹੀ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਰਵਾਇਤੀ ਅਸਤਰ-ਬਸਤਰ ਵਿਚ ਸਜੇ ਪੰਜ ਪਿਆਰਿਆਂ ਦੀ ਅਗਵਾਨੀ ਹੇਠ ਜੈਕਾਰਿਆਂ ਦੀ ਗੂੰਜ ਵਿਚ ਅਰੰਭ ਹੋਇਆ। ਗੁਰੂ ਮਹਾਰਾਜ ਦੀ ਪਾਲਕੀ ਦੇ ਅੱਗੇ ਅੱਗੇ ਝਾੜੂਬਰਦਾਰ ਸੜਕ ਸਾਫ ਕਰ ਰਹੇ ਸਨ ਜਦੋਂਕਿ ਗਤਕਾ ਖਿਡਾਰੀ ਗਤਕੇ ਦੇ ਜੌਹਰ ਵਿਖਾ ਰਹੇ ਸਨ। ਪਾਲਕੀ ਤੋਂ ਰਾਗੀ ਸਿੰਘ ਬਹੁਤ ਹੀ ਰਸਭਿੰਨਾ ਸ਼ਬਦ ਕੀਰਤਨ ਕਰ ਰਹੇ ਸਨ ਜਿਸ ਦੀਆਂ ਧੁਨਾਂ ਮਾਹੌਲ ਵਿਚ ਇਲਾਹੀ ਰੰਗ ਘੋਲ ਰਹੀਆਂ ਸਨ। ਪਿਛੇ ਪਿਛੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਚੱਲ ਰਹੀਆਂ ਸਨ, ਜਿਵੇਂ ਰੰਗ ਬਰੰਗੀਆਂ ਦਸਤਾਰਾਂ ਅਤੇ ਦੁਪੱਟਿਆਂ ਦਾ ਹੜ੍ਹ ਆ ਗਿਆ ਹੋਵੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਰਾਜ ਸਿੰਘ ਢਿੱਲੋਂ ਪ੍ਰਸ਼ਾਦ ਵੰਡਣ ਦੀ ਸੇਵਾ ਕਰ ਰਹੇ ਸਨ।
ਇਸ ਉਪਰੰਤ ਵੱਖ ਵੱਖ ਗੁਰੂ ਘਰਾਂ ਅਤੇ ਜਥੇਬੰਦੀਆਂ ਦੇ ਫਲੋਟ ਚੱਲ ਰਹੇ ਸਨ। ਕੁਝ ਫਲੋਟਾਂ ਉਤੇ ਸਿੱਖ ਇਤਿਹਾਸ ਨਾਲ ਸਬੰਧਤ ਕਈ ਦ੍ਰਿਸ਼ ਚਿਤਰੇ ਹੋਏ ਸਨ। ਮੋਟਰ ਸਾਈਕਲ ਸਵਾਰਾਂ ਦਾ ਇਕ ਜਥਾ ਵੀ ਆਪਣੇ ਵੱਖਰੇ ਅੰਦਾਜ਼ ਵਿਚ ਹਾਜ਼ਰੀ ਭਰ ਰਿਹਾ ਸੀ।
ਨਗਰ ਕੀਰਤਨ ਮਿਥੇ ਹੋਏ ਰੂਟ ਤੋਂ ਚਲਦਾ ਹੋਇਆ ਪਰਿਕਰਮਾ ਉਪਰੰਤ ਕਰੀਬ ਸ਼ਾਮ ਸਮੇਂ ਵਾਪਸ ਗੁਰੂ ਘਰ ਪਹੁੰਚਿਆ ਜਿਥੇ ਅਰਦਾਸ ਉਪਰੰਤ ਇਸ ਦੀ ਸਮਾਪਤੀ ਹੋਈ। ਪ੍ਰਬੰਧਕਾਂ ਅਨੁਸਾਰ ਨਗਰ ਕੀਰਤਨ ਵਿਚ ਅੱਸੀ ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹੋਏ।
ਨਗਰ ਕੀਰਤਨ ਸਬੰਧੀ 17 ਸਤੰਬਰ ਤੋਂ ਅਰੰਭ ਹੋਈ ਅਖੰਡ ਪਾਠਾਂ ਦੀ ਲੜੀ ਦਾ ਅਖੀਰਲਾ ਅਖੰਡ ਪਾਠ 4 ਨਵੰਬਰ, ਸ਼ੁੱਕਰਵਾਰ ਨੂੰ ਸ਼ੁਰੂ ਹੋਇਆ। ਉਪਰੰਤ ਹਜੂਰੀ ਰਾਗੀ ਜਥਾ ਭਾਈ ਤਾਰਾ ਸਿੰਘ ਨੇ ਕੀਰਤਨ ਸ਼ੁਰੂ ਕੀਤਾ। ਇਸੇ ਦੌਰਾਨ ਸ਼ ਦੀਦਾਰ ਸਿੰਘ ਬੈਂਸ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ 1972 ਦੀ ਗਰਮੀ ਦੀ ਰੁੱਤ ਦਾ ਐਤਵਾਰੀ ਦੀਵਾਨ ਸੀ। ਇਸ ਸਮੇਂ ਸਟੇਜ ਸਕੱਤਰ ਸਵਰਗੀ ਮਾਸਟਰ ਗੁਲਜ਼ਾਰਾ ਸਿੰਘ ਬੈਂਸ ਨੇ ਦੱਸਿਆ ਕਿ ਜੇ ਅਗਲੇ ਦਿਨ ਗੁਰੂ ਘਰ ਦੀ ਮਾਰਟਗੇਜ ਦੀ 20,000 ਡਾਲਰ ਕਿਸ਼ਤ ਨਾ ਦਿੱਤੀ ਗਈ ਤਾਂ ਗੁਰੂ ਘਰ ਫੋਰਕਲੋਜ਼ ਹੋ ਜਾਵੇਗਾ। ਇਕ ਸਿੱਖ ਉਠਿਆ ਅਤੇ 20,000 ਡਾਲਰ ਦਾ ਚੈਕ ਦੇ ਕੇ ਕਹਿਣ ਲੱਗਾ ਕਿ ਮਾਸਟਰ ਜੀ, ਗੁਰੂ ਦਾ ਘਰ ਕਦੇ ਵੀ ਫੋਰਕਲੋਜ਼ ਨਹੀਂ ਹੋਵੇਗਾ, ਸਿੱਖ ਦਾ ਬੇਸ਼ਕ ਹੋ ਜਾਵੇ। ਉਹ ਸ਼ਖਸ ਦੀਦਾਰ ਸਿੰਘ ਬੈਂਸ ਸਨ।
ਸ਼ ਦੀਦਾਰ ਸਿੰਘ ਬੈਂਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਟੇਜ ਸਕੱਤਰ ਸ਼ ਗਰੇਵਾਲ ਨੇ ਦੱਸਿਆ ਕਿ 1æ1 ਮਿਲੀਅਨ ਡਾਲਰ ਖਾਲਸਾ ਸਕੂਲ ਨੂੰ ਦੇਣਾ, 11 ਏਕੜ ਗੁਰੂ ਘਰ ਨੂੰ ਦੇਣੇ, 62 ਹਜ਼ਾਰ ਡਾਲਰ ਫਰੀਮਾਂਟ ਗੁਰੂ ਘਰ ਨੂੰ ਦੇਣੇ ਉਨ੍ਹਾਂ ਦੀ ਗੁਰੂ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ। ਹੋਰ ਸੇਵਾਵਾਂ ਦੇ ਨਾਲ ਨਾਲ ਗੁਰੂ ਘਰ ਦੀ 35 ਏਕੜ ਜ਼ਮੀਨ ਅਤੇ 70,000 ਸਕੁਏਅਰ ਫੁੱਟ ਦੀ ਬਿਲਡਿੰਗ ਫਰੀ ਕਰਨ ਵਿਚ ਸ਼ ਬੈਂਸ ਦੇ ਸਹੁਰਾ ਸਾਹਿਬ ਸਵਰਗੀ ਸ਼ ਪ੍ਰੀਤਮ ਸਿੰਘ ਪੂਨੀਆ ਅਤੇ ਉਨ੍ਹਾਂ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ। ਸ਼ ਬੈਂਸ ਨਗਰ ਕੀਰਤਨ ਦੇ ਫਾਊਂਡਰ ਮੈਂਬਰ ਹਨ ਜਿਨ੍ਹਾਂ ਨੇ 10 ਸਾਲ ਮੇਨ ਫਲੋਟ ਆਪਣੇ ਖਰਚੇ ‘ਤੇ ਕੈਨੇਡਾ ਤੋਂ ਕਾਰੀਗਰ ਸੱਦ ਕੇ ਬਣਵਾਇਆ। ਸ਼ ਬੈਂਸ ਇਕ ਵਧੀਆ ਇਨਸਾਨ ਹੀ ਨਹੀਂ ਸਗੋਂ ਇਕ ਸੰਸਥਾ ਹਨ।
ਉਪਰੰਤ ਗੁਰਨਾਮ ਸਿੰਘ ਪੰਮਾ ਅਤੇ ਦਿਲਬਾਗ ਸਿੰਘ ਪੰਨਾ ਨੇ ਸ਼ ਬੈਂਸ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ। ਇਸ ਪਿਛੋਂ ਗੁਰੂ ਘਰ ਦੀ ਤਿੰਨ ਮੈਂਬਰੀ ਕਮੇਟੀ-ਜਸਵੰਤ ਸਿੰਘ ਬੈਂਸ, ਸਰਬਜੀਤ ਸਿੰਘ ਥਿਆੜਾ ਅਤੇ ਪਰਮਿੰਦਰ ਸਿੰਘ ਗਰੇਵਾਲ ਨੇ ਸ਼ ਦੀਦਾਰ ਸਿੰਘ ਬੈਂਸ ਦਾ ਪਲੈਕ ਦੇ ਕੇ ਸਨਮਾਨ ਕੀਤਾ। ਹੈਡ ਗ੍ਰੰਥੀ ਭਾਈ ਸਾਹਿਬ ਸਿੰਘ ਨੇ ਸ਼ ਬੈਂਸ ਨੂੰ ਸਿਰੋਪਾਓ ਦਿੱਤਾ। ਇਸ ਸਮੇਂ ਸ਼ ਬੈਂਸ ਦੀ ਧਰਮਪਤਨੀ ਸੰਤੀ ਕੌਰ ਬੈਂਸ ਅਤੇ ਬਾਕੀ ਪਰਿਵਾਰ ਵੀ ਹਾਜ਼ਰ ਸੀ। ਸ਼ਾਮ ਸਮੇਂ ਕੀਰਤਨ ਦਰਬਾਰ ਹੋਇਆ ਅਤੇ ਆਤਿਸ਼ਬਾਜ਼ੀ ਕੀਤੀ ਗਈ।
5 ਨਵੰਬਰ, ਸਨਿਚਰਵਾਰ ਨੂੰ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੋਇਆ। ਉਪਰੰਤ ਅੰਮ੍ਰਿਤ ਸੰਚਾਰ ਹੋਇਆ ਅਤੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਦੁਪਹਿਰ ਵੇਲੇ ਦਸ਼ਮੇਸ਼ ਹਾਲ ਵਿਚ ਭਾਈ ਗੁਰਨਮਿੱਤ ਸਿੰਘ ਰਾਜ ਰੰਗੀਲਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਇਆ ਜਸ ਵਿਚ ਉਹ ਸੈਂਕੜੇ ਬੱਚਿਆਂ ਅਤੇ ਮਾਪਿਆਂ ਨੂੰ ਅੰਗਰੇਜ਼ੀ ਵਿਚ ਮਖਾਤਿਬ ਹੋਏ। ਇਸ ਪਿਛੋਂ ਸਿਟੀ, ਕਾਊਂਟੀ ਅਤੇ ਸਟੇਟ ਅਫਸਰਾਂ ਨੂੰ ਪਲੈਕ ਦਿੱਤੇ ਗਏ। ਇਹ ਪਲੈਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਬੈਂਸ ਅਤੇ ਹੋਰ ਬੋਰਡ ਆਫ ਡਾਇਰੈਕਟਰਾਂ ਨੇ ਦਿੱਤੇ। ਕਰੀਬ ਢਾਈ ਵਜੇ ਸ਼ੁਰੂ ਹੋਏ ਸੈਮੀਨਾਰ ਵਿਚ ਡਾæ ਗੁਰਪ੍ਰੀਤ ਸਿੰਘ ਧੁੱਗਾ, ਕਰਨਦੇਵ ਸਿੰਘ, ਪ੍ਰੀਤੀ ਗਰੇਵਾਲ ਅਤੇ ਹੋਰ ਬੁਲਾਰਿਆਂ ਨੇ ਗੁਰਬਾਣੀ ਤੇ ਗੁਰਮਤਿ ਦੀ ਰੋਸ਼ਨੀ ਵਿਚ ਜੀਵਨ ਜਿਉਣ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਪੈਰਵੀ ਬਾਰੇ ਵਿਸਤ੍ਰਿਤ ਤਕਰੀਰਾਂ ਕੀਤੀਆਂ ਜੋ ਅੰਗਰੇਜ਼ੀ ਵਿਚ ਸਨ। ਇਸ ਸਮੇਂ ਮੰਚ ਸੰਚਾਲਨ ਦੀ ਸੇਵਾ ਕਰਮਦੀਪ ਸਿੰਘ ਬੈਂਸ ਨੇ ਕੀਤੀ।
ਇਸ ਉਪਰੰਤ ਕੀਰਤਨ ਦੀਵਾਨ ਸਜਿਆ ਜਿਸ ਵਿਚ ਹਜੂਰੀ ਰਾਗੀ ਭਾਈ ਤਾਰਾ ਸਿੰਘ, ਤਖਤ ਸ੍ਰੀ ਕੇਸਗੜ੍ਹ ਦੇ ਸਾਬਕਾ ਹਜੂਰੀ ਰਾਗੀ ਭਾਈ ਦਲੀਪ ਸਿੰਘ, ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਹਰਨਾਮ ਸਿੰਘ, ਭਾਈ ਗਗਨਦੀਪ ਸਿੰਘ ਗੰਗਾਨਗਰ, ਭਾਈ ਹਰਪ੍ਰੀਤ ਸਿੰਘ ਬੱਲੜਵਾਲ, ਭਾਈ ਓਂਕਾਰ ਸਿੰਘ ਊਨਾ ਅਤੇ ਭਾਈ ਗੁਰਨਮਿੱਤ ਸਿੰਘ ਰਾਜ ਰੰਗੀਲਾ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬੀਬੀ ਚੰਚਲਦੀਪ ਕੌਰ, ਨਾਭੇ ਵਾਲੀਆਂ ਬੀਬੀਆਂ, ਗਿਆਨੀ ਸਵਰਨ ਸਿੰਘ ਪਾਰਸ ਅਤੇ ਭਾਈ ਲਖਵਿੰਦਰ ਸਿੰਘ ਸੋਹਲ ਦੇ ਢਾਡੀ ਜਥਿਆਂ ਨੇ ਵਾਰਾਂ ਰਾਹੀਂ ਸਿੱਖ ਇਤਿਹਾਸ ਸਰਵਣ ਕਰਵਾਇਆ। ਕਥਾਵਾਚਕ ਭਾਈ ਪਰਮਜੀਤ ਸਿੰਘ ਬੁੱਢਾਜੌਹੜ ਅਤੇ ਭਾਈ ਸੁਰਜਣ ਸਿੰਘ ਫਰਿਜ਼ਨੋ ਨੇ ਗੁਰ-ਸ਼ਬਦ ਵਿਆਖਿਆ ਕੀਤੀ। ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਭਾਈ ਜਸਵਿੰਦਰ ਸਿੰਘ, ਡਾæ ਅਮਰਜੀਤ ਸਿੰਘ ਡੀæਸੀæ, ਭਾਈ ਕੁਲਜੀਤ ਸਿੰਘ ਨਿੱਜਰ ਅਤੇ ਹੋਰ ਬੁਲਾਰਿਆਂ ਨੇ ਸਿੱਖ ਕੌਮ ਦੇ ਸ਼ਹੀਦਾਂ ਅਤੇ ਕੌਮ ਨੂੰ ਦਰਪੇਸ਼ ਮਸਲਿਆਂ ਦੀ ਗੱਲ ਕੀਤੀ। ਸਟੇਜ ਦੀ ਸੇਵਾ ਗੁਰਮੇਜ ਸਿੰਘ ਗਿੱਲ ਨੇ ਨਿਭਾਈ।
ਐਤਵਾਰ ਨੂੰ ਸਾਰੇ ਰਾਗੀ ਜਥਿਆਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਉਪਰੰਤ ਸ਼ ਜਸਵੰਤ ਸਿੰਘ ਬੈਂਸ ਅਤੇ ਸ਼ ਦਿਲਬਾਗ ਸਿੰਘ ਬੈਂਸ ਨੇ ਸੰਗਤਾਂ ਨੂੰ ਵਧਾਈ ਦਿੱਤੀ। ਸਰਬਜੀਤ ਸਿੰਘ ਥਿਆੜਾ ਨੇ ਬੱਸਾਂ ਦੇ ਰੂਟ, ਨਗਰ ਕੀਰਤਨ ਦਾ ਰੂਟ ਅਤੇ ਕੁਝ ਸਾਵਧਾਨੀਆਂ ਵਰਤਣ ਲਈ ਸੰਗਤ ਨੂੰ ਬੇਨਤੀ ਕੀਤੀ। ਸ਼ ਗੁਰਮੀਤ ਸਿੰਘ ਗਿੱਲ ਨੇ ਸੰਗਤਾਂ ਨੂੰ ਪ੍ਰਬੰਧਕਾਂ ਨੂੰ ਸਹਿਯੋਗ ਦੇਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਹਮੇਸ਼ਾ ਵਾਂਗ ਇਸ ਵਾਰ ਵੀ ਨਗਰ ਕੀਰਤਨ ਵਿਚ ਦੱਖਣੀ ਭਾਰਤੀਆਂ ਦੇ ਨਾਲ ਨਾਲ ਸਥਾਨਕ ਗੋਰੇ, ਮੈਕਸੀਕਨ ਅਤੇ ਸਿਆਹ ਫਾਮ ਲੋਕਾਂ ਦੀ ਸ਼ਮੂਲੀਅਤ ਵੀ ਭਰਵੀਂ ਸੀ। ਕੁਝ ਗੋਰਿਆਂ ਦੇ ਸਿਰੀਂ ਬੰਨੀਆਂ ਰੰਗ ਬਰੰਗੀਆਂ ਦਸਤਾਰਾਂ ਮੇਲੇ ਵਿਚ ਖਿੱਚ ਦਾ ਕਾਰਨ ਬਣੀਆਂ ਹੋਈਆਂ ਸਨ। ਸਿਕਿਉਰਿਟੀ ਦਾ ਵੀ ਸਖਤ ਪ੍ਰਬੰਧ ਸੀ। ਥਾਂ ਥਾਂ ਸਿਕਿਉਰਿਟੀ ਵਾਲੇ ਅਫਸਰ ਪੈਦਲ, ਘੋੜੀਆਂ ਤੇ ਗੱਡੀਆਂ ‘ਤੇ ਸਵਾਰ ਸਭ ਪਾਸੇ ਨਿਗਾਹ ਰੱਖ ਰਹੇ ਸਨ।
ਸੰਗਤਾਂ ਦੇ ਛਕਣ ਲਈ 14 ਲੰਗਰ ਗੁਰੂ ਘਰ ਦੇ ਅੰਦਰ ਅਤੇ 33 ਲੰਗਰ ਬਾਹਰ ਲੱਗੇ ਹੋਏ ਸਨ। ਕਿਧਰੇ ਗੰਨੇ ਦਾ ਤਾਜ਼ਾ ਰਸ ਵਰਤਾਉਣ ਲਈ ਵੇਲਣਾ ਚੱਲ ਰਿਹਾ ਸੀ, ਕਿਧਰੇ ਵੱਡੀਆਂ ਭੱਠੀਆਂ ‘ਤੇ ਤਾਜ਼ਾ ਛੱਲੀਆਂ ਭੁੰਨੀਆਂ ਜਾ ਰਹੀਆਂ ਸਨ, ਕਿਧਰੇ ਗਰਮਾ-ਗਰਮ ਜਲੇਬੀਆਂ, ਛੋਲੇ-ਭਠੂਰੇ, ਆਲੂ ਦੇ ਪਰੌਂਠੇ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤਿਆਰ ਕੀਤੇ ਜਾ ਰਹੇ ਸਨ। ਤਰ੍ਹਾਂ ਤਰ੍ਹਾਂ ਦੇ ਸਮੋਸੇ ਤੇ ਪਕੌੜੇ ਸੰਗਤਾਂ ਲਈ ਹਾਜ਼ਰ ਸਨ। ਮਿਲਕ ਬਦਾਮ, ਚਾਹ-ਕੌਫੀ, ਪੀਜ਼ੇ-ਬਰਗਰ ਅਤੇ ਹੋਰ ਭਾਂਤ ਭਾਂਤ ਦੇ ਭੋਜਨ ਪਦਾਰਥ ਸੰਗਤਾਂ ਨੂੰ ਅਵਾਜ਼ਾਂ ਮਾਰ ਮਾਰ ਛਕਾਏ ਜਾ ਰਹੇ ਸਨ। ਲੰਗਰ ਤਿਆਰ ਕਰ ਰਹੇ ਸੇਵਕ ਅਤੇ ਵਰਤਾਵਿਆਂ ਦਾ ਚਾਅ ਦੇਖਿਆਂ ਹੀ ਬਣਦਾ ਸੀ।
ਹਮੇਸ਼ਾ ਵਾਂਗ ਵੱਖ ਵੱਖ ਤਰ੍ਹਾਂ ਦੀ ਖਰੀਦੋ-ਫਰੋਖਤ ਲਈ ਸਟਾਲ ਲੱਗੇ ਹੋਏ ਸਨ ਜਿਨ੍ਹਾਂ ਤੋਂ ਕਿਧਰੇ ਲੋਕ ਦਸਤਾਰਾਂ, ਸ਼ਾਲ, ਬੀਬੀਆਂ ਗਹਿਣੇ-ਗੱਟੇ ਅਤੇ ਪੜ੍ਹਨ ਦੇ ਸੌæਕੀਨ ਕਿਤਾਬਾਂ ਲੈ ਰਹੇ ਸਨ। ਇਹ ਸਾਰਾ ਕਿਸੇ ਮੇਲੇ ਜਿਹਾ ਸੀ। ਵਰਲਡ ਸਿੱਖ ਫੈਡਰੇਸ਼ਨ ਦੇ ਨਿਸ਼ਕਾਮ ਸੇਵਕਾਂ ਵਲੋਂ ਲਾਏ ਗਏ ਕਿਤਾਬਾਂ-ਸੀਡੀਆਂ ਦੇ ਸਟਾਲ ‘ਤੇ ਸਾਰਾ ਦਿਨ ਭੀੜ ਲੱਗੀ ਰਹੀ।
ਇਸ ਵਾਰ ਅਕਾਲੀ ਦਲ (ਬਾਦਲ) ਦਾ ਫਲੋਟ ਜਾਂ ਸਟਾਲ ਨਜ਼ਰ ਨਹੀਂ ਆਇਆ ਪਰ ਅਕਾਲੀ ਦਲ (ਮਾਨ) ਦੇ ਸਟਾਲ ਤੋਂ ਧੂੰਆਂ ਧਾਰ ਤਕਰੀਰਾਂ ਹੋ ਰਹੀਆਂ ਸਨ। ਆਮ ਆਦਮੀ ਪਾਰਟੀ ਦੇ ਲੰਮੇ ਚੌੜੇ ਸਟਾਲ ਉਤੇ ਵੱਡੀ ਭੀੜ ਸਾਰਾ ਦਿਨ ਜੁੜੀ ਰਹੀ ਜਿਥੇ ਪਾਰਟੀ ਦੇ ਵਾਲੰਟੀਅਰ ਲੋਕਾਂ ਨੂੰ ਪ੍ਰੇਰ ਕੇ ਪੰਜਾਬ ਵਿਚ ਤਬਦੀਲੀ ਲਿਆਉਣ ਬਾਰੇ ਚੁਕੰਨੇ ਕਰ ਰਹੇ ਸਨ।
ਨਗਰ ਕੀਰਤਨ ਦੌਰਾਨ ਅੰਗ ਦਾਨ ਲਈ ਪ੍ਰਣ ਪੱਤਰ ਭਰਨ ਵਾਸਤੇ ਇਕ ਵਿਲੱਖਣ ਸਟਾਲ ਅਗਾਂਹਵਧੂ ਨੌਜਵਾਨ ਰਾਜਿੰਦਰ ਸਿੰਘ ਟਾਂਡਾ ਦੀ ਟੀਮ ਵਲੋਂ ਨਾਮੀ ਸ਼ਾਇਰ ਜਸਵੰਤ ਸਿੰਘ ਜ਼ਫਰ ਦੇ ਮਰਹੂਮ ਪੁੱਤਰ ਵਿਵੇਕ ਸਿੰਘ ਦੀ ਯਾਦ ਵਿਚ ਲਾਇਆ ਗਿਆ ਸੀ।
ਭਾਵੇਂ ਇਸ ਨਗਰ ਕੀਰਤਨ ਸਮੇਂ ਮੀਂਹ ਪੈਣ ਦੀ ਜਿਵੇਂ ਰਵਾਇਤ ਹੀ ਬਣ ਚੁਕੀ ਹੈ, ਇਸ ਵਾਰ ਬੱਦਲਵਾਈ ਤਾਂ ਸੀ ਪਰ ਅਸਮਾਨ ਤੋਂ ਮੀਂਹ ਦੀ ਥਾਂ ਹੈਲੀਕਾਪਟਰਾਂ ਨੇ ਸੰਗਤ ਉਤੇ ਫੁੱਲ-ਪੱਤੀਆਂ ਦੀ ਵਰਖਾ ਹੀ ਕੀਤੀ।
ਇਸ ਵਾਰ ਨਗਰ ਕੀਰਤਨ ਦੀ ਇਹ ਵੀ ਖਾਸ ਗੱਲ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ-ਝਗੜਾ ਜਾਂ ਖੜਕਾ-ਦੜਕਾ ਨਹੀਂ ਹੋਇਆ ਵਰਨਾ ਹਰ ਸਾਲ ਕਿਸੇ ਨਾ ਕਿਸੇ ਬਹਾਨੇ ਕੋਈ ਨਾ ਕੋਈ ਝਗੜਾ ਹੋ ਜਾਂਦਾ ਰਿਹਾ ਹੈ ਜੋ ਕਈ ਵਾਰ ਖੂਨੀ ਵੀ ਬਣ ਜਾਂਦਾ ਰਿਹਾ ਹੈ। ਇਸ ਦੀ ਵਜ੍ਹਾ ਕਿਸੇ ਹੱਦ ਤੱਕ ਪ੍ਰਬੰਧਕੀ ਧੜਿਆਂ ਵਿਚਾਲੇ ਖਿੱਚੋਤਾਣ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਪਸੀ ਟਕਰਾਓ ਵੀ ਸਨ।