ਡਾæ ਗੁਰਨਾਮ ਕੌਰ, ਕੈਨੇਡਾ
ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਪ੍ਰਤੀ Ḕਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗਿ ਮਾਹਿ ਪਠਾਇਆḔ ਉਚਾਰਦਿਆਂ ਕਿਹਾ ਹੈ ਕਿ ਅਕਾਲ ਪੁਰਖ ਨੇ ਦੁਖੀ ਲੋਕਾਈ ਦੀ ਪੁਕਾਰ, ਹਾਲ ਪਾਹਰਿਆ ਅਤੇ ਤੜਪ ਸੁਣ ਕੇ ਗੁਰੂ ਨਾਨਕ ਨੂੰ ਇਸ ਸੰਸਾਰ ‘ਤੇ ਭੇਜਿਆ। ਗੁਰੂ ਨਾਨਕ ਨੇ ਔਝੜੇ ਪਈ ਲੋਕਾਈ ਨੂੰ, ਜੋ ਧਰਮ ਦੇ ਨਾਂ ‘ਤੇ ਵੰਡੀ ਹੋਈ ਸੀ, ਇਸ ਤੱਥ ਤੋਂ ਜਾਣੂ ਕਰਾਇਆ ਕਿ ਪਰਮਾਤਮਾ ਇੱਕ ਹੈ, ਅਨੇਕ ਨਹੀਂ। ਇਸ ਲਈ ਉਸ ਦੇ ਨਾਮ ‘ਤੇ ਲੜਨ-ਝਗੜਨ ਦੀ ਜ਼ਰੂਰਤ ਨਹੀਂ ਹੈ।
ਦੂਸਰਾ ਨੁਕਤਾ ਭਾਈ ਗੁਰਦਾਸ ਨੇ ਧਿਆਨ-ਗੋਚਰੇ ਕੀਤਾ ਹੈ ਕਿ ਗੁਰੂ ਨਾਨਕ ਦੀ ਜੋਤਿ ਦੇ ਪ੍ਰਗਟ ਹੋਣ ਨਾਲ ਧਰਮ ਆਪਣੇ ਚਾਰ ਪੈਰਾਂ ‘ਤੇ ਕਾਇਮ ਹੋ ਗਿਆ ਸੀ। ਇਸ ਜੁਗ ਨੂੰ ਕਲਿਜੁਗ ਦਾ ਸਮਾਂ ਮੰਨਿਆ ਜਾਂਦਾ ਹੈ ਜਿਸ ਵਿਚ ਧਰਮ ਦੇ ਤਿੰਨ ਪੈਰ ਗੁਆਚ ਜਾਂਦੇ ਹਨ, ਸਿਰਫ ਇੱਕ ਪੈਰ ਹੀ ਕਾਇਮ ਰਹਿ ਜਾਂਦਾ ਹੈ। ਗੁਰੂ ਨਾਨਕ ਨੇ ਧਰਮ ਨੂੰ ਪੁਨਰ-ਸਥਾਪਤ ਕੀਤਾ ਅਤੇ ਧਰਮ ਦੇ ਚਾਰੇ ਪੈਰ ਕਾਇਮ ਹੋ ਗਏ।
ਅਗਲੀ ਬਹੁਤ ਹੀ ਅਹਿਮ ਗੱਲ ਭਾਈ ਗੁਰਦਾਸ ਨੇ ਕਹੀ ਹੈ, ਗੁਰੂ ਨਾਨਕ ਵੱਲੋਂ ਚਾਰ ਵਰਨਾਂ ਨੂੰ ਇੱਕ ਵਰਨ ਕਰਨਾ ਅਰਥਾਤ ਸਾਰੇ ਮਨੁੱਖਾਂ ਵਿਚ ਉਸ ਰੱਬੀ ਜੋਤਿ ਦਾ ਨਿਵਾਸ ਮੰਨ ਕੇ ਸਭ ਨੂੰ ਬਰਾਬਰ ਦਾ ਸਤਿਕਾਰ ਦੇਣਾ। ਗੁਰੂ ਨਾਨਕ ਨੇ ਕੇਵਲ ਜਾਤ-ਆਧਾਰਤ ਨਾ-ਬਰਾਬਰੀ ਨੂੰ ਹੀ ਨਹੀਂ ਨਕਾਰਿਆ ਸਗੋਂ ਜਮਾਤ-ਆਧਾਰਤ ਨਾ-ਬਰਾਬਰੀ ਅਰਥਾਤ ਦੌਲਤ ਕਾਰਨ ਪੈਦਾ ਹੋਈ ਨਾ-ਬਰਾਬਰੀ ਨੂੰ ਵੀ ਨਕਾਰਿਆ ਜਿਸ ਨੂੰ ਭਾਈ ਗੁਰਦਾਸ ਨੇ Ḕਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆḔ ਕਿਹਾ ਹੈ। ਅੱਜ ਦੇ ਹਿੰਦੁਸਤਾਨ ਦੇ ਹਾਲਾਤ ਨੂੰ ਅਤੇ ਨਾਲ ਹੀ ਆਲਮੀ ਹਾਲਾਤ ਨੂੰ ਵੀ ਸਾਹਮਣੇ ਰੱਖਦਿਆਂ ਇਹ ਬਹੁਤ ਹੀ ਅਹਿਮ ਨੁਕਤੇ ਹਨ ਜਿਨ੍ਹਾਂ ਵੱਲ ਭਾਈ ਗੁਰਦਾਸ ਨੇ ਸਾਡਾ ਧਿਆਨ ਦੁਆਇਆ ਹੈ। ਇਸੇ ਨੁਕਤਾ ਨਿਗਾਹ ਤੋਂ ਬਾਬਾ ਨਾਨਕ ਦੀ ਰਚੀ ਆਸਾ ਦੀ ਵਾਰ ਦੇ ਸੰਦਰਭ ਵਿਚ ਮੈਂ ਗੁਰੂ ਬਾਬਾ ਦੇ ਮੁਬਾਰਕ ਜਨਮ ਦਿਹਾੜੇ ‘ਤੇ ਕੁਝ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਨੀਆ ਚਾਹਾਂਗੀ ਕਿਉਂਕਿ ਗੁਰਬਾਣੀ ਅਨੁਸਾਰ ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਗੁਰੂ ਨਾਨਕ ਸਾਹਿਬ ਦਾ ਸਥਾਪਤ ਕੀਤਾ ਕੀਮਤ-ਵਿਧਾਨ ਹਰ ਸਮੇਂ, ਹਰ ਸਥਾਨ ਲਈ ਪ੍ਰਸੰਗਕ ਹੈ, ਇਸ ਦੀ ਪ੍ਰਸੰਗਕਤਾ ਸਦਾ ਕਾਇਮ ਰਹਿਣੀ ਹੈ।
ਆਸਾ ਦੀ ਵਾਰ ਵਿਚ ਗੁਰੂ ਨਾਨਕ ਭਾਰਤੀ ਸਮਾਜ ਦੇ ਸਮਕਾਲੀਨ ਧਾਰਮਿਕ, ਸਭਿਆਚਾਰਕ ਅਤੇ ਸਿਆਸੀ ਹਾਲਾਤ ਦੀ ਆਲੋਚਨਾ ਕਰਦੇ ਹਨ। ਕਿਸੇ ਵੀ ਸਮਾਜ ਦੀ ਗਿਰਾਵਟ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਕਿਸੇ ਸਮਾਜ ਦੇ ਲੋਕ, ਜਾਂ ਕਿਸੇ ਧਰਮ ਜਾਂ ਪਰੰਪਰਾ ਨੂੰ ਮੰਨਣ ਵਾਲੇ ਆਪਣੇ ਸਭਿਆਚਾਰ, ਧਰਮ ਦੇ ਰੂਹਾਨੀ ਸਾਰ-ਤੱਤ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ ਅਤੇ ਮਹਿਜ ਸਮਾਜਿਕ ਰਸਮਾਂ, ਜਾਂ ਧਾਰਮਿਕ ਕਰਮ-ਕਾਂਡ ਨੂੰ ਹੀ ਅਹਿਮ ਸਮਝਣ ਲੱਗ ਪੈਂਦੇ ਹਨ; ਜਦੋਂ ਕਿਸੇ ਸਮਾਜ ਅਤੇ ਧਰਮ ਦੇ ਆਗੂ, ਪੁਜਾਰੀ ਜਮਾਤ ਧਰਮ ਦੀ ਨਿਰੀ-ਪੁਰੀ ਰਖਵਾਲੀ ਬਣ ਬੈਠਦੀ ਹੈ ਅਤੇ ਇੱਕ ਜਾਂ ਦੂਜੇ ਢੰਗ ਨਾਲ ਆਮ ਆਦਮੀ ਦਾ ਸੋਸ਼ਣ ਹੀ ਧਰਮ ਬਣ ਜਾਂਦਾ ਹੈ। ਗੁਰੂ ਨਾਨਕ ਦੇ ਇਸ ਸੰਸਾਰ ‘ਤੇ ਪ੍ਰਗਟ ਹੋਣ ਵੇਲੇ ਹਿੰਦੂ ਧਰਮ ਇਥੋਂ ਦਾ ਮੁੱਖ ਧਰਮ ਸੀ ਪਰ ਇਸਲਾਮ ਧਰਮ ਰਾਜ-ਕਰਤਾ ਦਾ ਧਰਮ ਸੀ, ਬੁੱਧ ਧਰਮ ਜੋ ਕਿ ਵੈਦਿਕ ਕਰਮ ਕਾਂਡ, ਪੁਜਾਰੀਆਂ ਵੱਲੋਂ ਆਮ ਮਨੁੱਖ ਦੇ ਸੋਸ਼ਣ ਅਤੇ ਵਰਨ-ਆਧਾਰਤ ਜਾਤ-ਪਾਤ ਦਾ ਸਖਤ ਵਿਰੋਧੀ ਸੀ, ਉਸ ਦੀ ਹਿੰਦੁਸਤਾਨ ਵਿਚ ਕੋਈ ਵੁੱਕਤ ਨਹੀਂ ਸੀ ਰਹੀ। ਅੱਜ ਵੀ ਭਾਰਤ ਦੇ ਹਾਲਾਤ ਉਹੋ ਜਿਹੇ ਹੀ ਹਨ। ਅੱਜ ਹਿੰਦੂਤਵੀ ਤੱਤਾਂ ਦਾ ਬੋਲਬਾਲਾ ਹੈ ਜੋ ਧਾਰਮਿਕ ਰੂਹਾਨੀਅਤ ਨੂੰ ਭੁੱਲ ਕੇ ਹਿੰਦੂ ਧਰਮ ਵਿਚ ਪੁਜਾਰੀ ਜਮਾਤ ਵੱਲੋਂ ਸਦੀਆਂ ਤੋਂ ਪ੍ਰਚਲਿਤ ਕੀਤੇ ਕਰਮ-ਕਾਂਡ ਦੀ ਆੜ ਹੇਠ ਘੱਟਗਿਣਤੀ ਭਾਈਚਾਰਿਆਂ ‘ਤੇ ਮਨਮਰਜ਼ੀ ਦੇ ਜ਼ੁਲਮ ਨਾਦਰ ਕਰ ਰਹੇ ਹਨ, ਵਰਨ-ਵੰਡ ਵਿਚ ਹਾਸ਼ੀਏ ‘ਤੇ ਬੈਠੇ ਭਾਈਚਾਰਿਆਂ ਨੂੰ ਹਰ ਤਰ੍ਹਾਂ ਨਾਲ ਦਬਾਇਆ ਜਾ ਰਿਹਾ ਹੈ, ਆਦਿਵਾਸੀਆਂ ਦਾ ਜਿਉਣਾ ਹਰਾਮ ਹੋ ਰਿਹਾ ਹੈ, ਸਿਆਸੀ ਭ੍ਰਿਸ਼ਟਾਚਾਰ ਅਤੇ ਸੋਸ਼ਣ ਸਿਖਰਾਂ ‘ਤੇ ਹੈ (ਇਸ ਸੋਸ਼ਣ ਅਤੇ ਭ੍ਰਿਸ਼ਟਾਚਾਰ ਵਿਚ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਵੀ ਬਰਾਬਰ ਦੇ ਭਾਈਵਾਲ ਹਨ)। ਇਸ ਲਈ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿਚ ਜੋ ਆਪਣੇ ਸਮਕਾਲੀਨ ਹਾਲਾਤ ਬਾਰੇ ਕਿਹਾ ਸੀ, ਉਹ ਅੱਜ ਵੀ ਓਨਾ ਹੀ ਪ੍ਰਸੰਗਕ ਹੈ।
ਕੁਝ ਦਿਨ ਹੋਏ ਮੇਰੇ ਛੋਟੇ ਬੇਟੇ ਦਾ ਦੋਸਤ ਅਤੇ ਯੂਨੀਵਰਸਿਟੀ ਦਾ ਸਹਿਪਾਠੀ, ਜੋ ਭਾਰਤ ਵਿਚ ਉਤਰਾਖੰਡ ਨਾਲ ਸਬੰਧਤ ਹੈ, ਮੈਨੂੰ ਪੁੱਛ ਰਿਹਾ ਸੀ, “ਆਂਟੀ ਜੀ, ਪੰਜਾਬ ਮੇਂ ਤੋ ਯਹ ਜਾਤ-ਪਾਤ ਨਹੀਂ ਹੋਗੀ, ਕਿਉਂਕਿ ਮੈਂ ਕਹੀਂ ਪੇ ਗੁਰੂ ਨਾਨਕ ਕੇ ਸਬੰਧ ਮੇਂ ਪੜ੍ਹ ਰਹਾ ਥਾ ਕਿ ਉਨਹੋ ਨੇ ਇਸ ਕੀ ਖਿਲਾਫਤ ਕੀ।” ਉਸ ਨੂੰ ਉਤਰ ਦਿੰਦਿਆਂ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ, ਇਹ ਦੱਸਦਿਆਂ ਕਿ ਇਸ ਇੱਕਵੀਂ ਸਦੀ ਵਿਚ ਵੀ ਗੁਰੂ ਨਾਨਕ ਨਾਮ ਲੇਵਾ ਲੋਕਾਂ ਨੇ ਜਾਤਾਂ ‘ਤੇ ਆਧਾਰਤ ਗੁਰਦੁਆਰੇ ਬਣਾਏ ਹੋਏ ਹਨ। ਅੱਜ ਵੀ ਪੰਜਾਬ ਵਿਚ, ਜਿੱਥੇ ਦੀਆਂ ਅਸੀਂ ਡੀਂਗਾਂ ਮਾਰਦੇ ਹਾਂ ਅਤੇ ਖਾਲਿਸਤਾਨ ਬਣਾਉਣ ਦੀਆਂ ਗੱਲਾਂ ਕਰਦੇ ਹਾਂ, ਦਲਿਤ ਭਾਈਚਾਰੇ ‘ਤੇ ਕਈ ਤਰ੍ਹਾਂ ਦੇ ਜ਼ੁਲਮ ਹੋ ਰਹੇ ਹਨ। ਇਸ ਲਈ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਗੁਰੂ ਨਾਨਕ ਨੂੰ ਪੜ੍ਹਨ, ਸੁਣਨ ਅਤੇ ਉਨ੍ਹਾਂ ਦੇ ਕਹੇ ‘ਤੇ ਅਮਲ ਕਰਨ ਦੀ ਸਭ ਤੋਂ ਵੱਧ ਜ਼ਰੂਰਤ ਇਸ ਵੇਲੇ ਗੁਰੂ ਨਾਨਕ ਦਾ ਨਾਮ ਲੈਣ ਵਾਲਿਆਂ ਨੂੰ ਹੈ। ਆਸਾ ਦੀ ਵਾਰ ਨਾ ਸਿਰਫ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ‘ਤੇ ਲਾਗੂ ਹੁੰਦੀ ਹੈ, ਇਸ ‘ਤੇ ਅਮਲ ਕਰਨ ਦੀ ਜ਼ਰੂਰਤ ਇਸ ਵੇਲੇ ਸਭ ਤੋਂ ਵੱਧ ਸਿੱਖਾਂ ਨੂੰ ਹੈ।
ਆਸਾ ਦੀ ਵਾਰ ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਮਨੁੱਖ ਨੂੰ ਆਪਣੇ ਜੀਵਨ ਪੰਧ ਨੂੰ ਸਹੀ ਤਰ੍ਹਾਂ ਤੈਅ ਕਰਨ ਲਈ ਗੁਰੂ ਦੀ ਲੋੜ ਹੈ (ਡੇਰਿਆਂ ਦੇ ਸਾਧ ਗੁਰੂ ਨਹੀਂ ਹਨ ਜੋ ‘ਗੁਪਤ’ ਗੁਰਮੰਤਰ ਜਾਂ ਕਿਸੇ ਇੱਕ ਤੁਕ ਦਾ ਜਾਂ ਇੱਕ ਇਕੱਲੇ ਲਫਜ਼ ਦਾ ਗੁਰਮੰਤਰ ਦਿੰਦੇ ਹਨ। ਸਿੱਖ ਦਾ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ ਜਿਸ ਤੋਂ ਅਗਵਾਈ ਲੈ ਕੇ ਉਸ ‘ਤੇ ਅਮਲ ਕਰਨਾ ਹੈ। ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕਿਸੇ ਗੰ੍ਰਥ ਨੂੰ ਮਾਨਤਾ ਨਹੀਂ ਦੇਣੀ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਗੁਰ-ਗੱਦੀ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ)।
ਗੁਰੂ ਨਾਨਕ ਕਹਿੰਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਵਿਚ ਇੱਕ ਪਲ ਦੀ ਦੇਰ ਕੀਤੇ ਵਗੈਰ ਮਨੁੱਖਾਂ ਨੂੰ ਦੇਵਤੇ ਬਣਾ ਦੇਣ ਦੀ ਸਮਰੱਥਾ ਹੈ। ਇਸ ਲਈ ਸ਼ਬਦ ਗੁਰੂ ਸਿਰਫ ਪੂਜਣ ਲਈ ਨਹੀਂ ਹੈ, ਸ਼ਬਦ ਗੁਰੂ ਦੇ ਲੜ ਇਸ ਲਈ ਲਾਇਆ ਹੈ ਤਾਂ ਕਿ ਇਸ ਦੀ ਸਿੱਖਿਆ ‘ਤੇ ਚੱਲ ਕੇ ਆਪਣਾ ਅਤੇ ਸਮਾਜ ਦਾ ਜੀਵਨ ਸੁਧਾਰੀਏ। ਸਾਡਾ ਫਰਜ਼ ਬਣਦਾ ਹੈ ਕਿ ਆਪ ਇਸ ਰਾਹ ‘ਤੇ ਤੁਰੀਏ ਅਤੇ ਦੂਸਰਿਆਂ ਦੀ ਤੁਰਨ ਵਿਚ ਮਦਦ ਕਰੀਏ ਕਿਉਂਕਿ ਗੁਰੂ ਦੇ ਸਿੱਖ ਲਈ ਨਾ ਕੋਈ ਵੈਰੀ ਹੈ ਅਤੇ ਨਾ ਹੀ ਬਿਗਾਨਾ ਹੈ; ਸਾਰੀ ਮਨੁੱਖਤਾ ਉਸ ਦੀ ਸੰਗੀ ਹੈ। ਕਈ ਵਾਰੀ ਜਦੋਂ ਕੋਈ ਵਿਦਵਾਨ ਗੁਰੂ ਨਾਨਕ ਦੇ ਮਾਨਵਤਾਵਾਦ ਦੀ ਗੱਲ ਕਰਦਾ ਹੈ ਤਾਂ ਕਈਆਂ ਨੂੰ ਭੁੱਲੇਖਾ ਲੱਗ ਜਾਂਦਾ ਹੈ ਕਿ ਸ਼ਾਇਦ ਇਹ ਪੱਛਮ ਦੇ ਮਾਨਵਵਾਦ ਦੀ ਗੱਲ ਹੋ ਰਹੀ ਹੈ ਪਰ ਇਥੇ ਧਿਆਨ ਦੇਣ ਯੋਗ ਹੈ ਕਿ ਪੱਛਮ ਦੇ ਮਾਨਵਵਾਦ ਦੇ ਕੇਂਦਰ ਵਿਚ ਮਨੁੱਖ ਹੈ ਜਦ ਕਿ ਗੁਰੂ ਨਾਨਕ ਬਾਣੀ ਦਾ ਕੇਂਦਰੀ ਧੁਰਾ ੴ ਹੈ ਪਰ ਕਿਉਂਕਿ ਇਹ ਸੰਸਾਰ ਉਸ ੴ ਦਾ ਪ੍ਰਗਟ ਰੂਪ ਹੈ, ਸਾਰੀ ਮਨੁੱਖਤਾ ਵਿਚ ਉਸੇ ਦੀ ਜੋਤਿ ਵਿਆਪਕ ਹੈ, ਇਸ ਲਈ ਮਾਨਵਤਾ ਦੀ ਭਲਾਈ, ਮਨੁੱਖ ਦਾ ਪਤਿ ਸੇਤੀ ਜਿਉਣਾ ਗੁਰੂ ਨਾਨਕ ਬਾਣੀ ਦਾ ਮੁੱਖ ਸਰੋਕਾਰ ਵੀ ਹੈ। ਇਸੇ ਲਈ ਗੁਰੂ ਨਾਨਕ ਜਾਤ ਜਾਂ ਜਮਾਤ ਆਧਾਰਤ ਨਾ-ਬਰਾਬਰੀ ਨੂੰ ਨਾ ਸਿਰਫ ਨਕਾਰਦੇ ਹਨ ਬਲਕਿ ਅਜਿਹੇ ਸਮਾਜ ਨੂੰ ਕਾਇਮ ਕਰਨ ਲਈ ਸੰਸਥਾਗਤ ਰੂਪ ਵਿਚ ਅਮਲੀ ਕਦਮ ਗੁਰੂ ਨਾਨਕ ਸਾਹਿਬ ਵੱਲੋਂ ਵੀ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਵੱਲੋਂ ਵੀ ਚੁੱਕੇ ਗਏ।
ਗੁਰੂ ਨਾਨਕ ਸਾਹਿਬ ਗੁਰੂ ਦੀ ਮਹੱਤਤਾ ਦੱਸਦਿਆਂ ਅੱਗੇ ਕਹਿੰਦੇ ਹਨ ਕਿ ਜਿਹੜੇ ਮਨੁੱਖ ਸਮਝਦੇ ਹਨ ਕਿ ਉਹ ਬੁੱਧੀਮਾਨ ਹਨ, ਉਨ੍ਹਾਂ ਨੂੰ ਗੁਰੂ ਦੀ ਲੋੜ ਨਹੀਂ ਹੈ, ਉਹ ਤਿਲ ਦੇ ਉਸ ਬੂਟੇ ਦੀ ਤਰ੍ਹਾਂ ਹਨ ਜਿਸ ਨੂੰ ਫਲ ਨਹੀਂ ਪਿਆ। ਮਾਲਕ ਜਦੋਂ ਫਸਲ ਵੱਢ ਕੇ ਲੈ ਜਾਂਦਾ ਹੈ ਤਾਂ ਉਨ੍ਹਾਂ ਨੂੰ ਸੁੰਨੇ ਖੇਤ ਵਿਚ ਉਵੇਂ ਹੀ ਛੱਡ ਜਾਂਦਾ ਹੈ। ਗੁਰੂ ਨਾਨਕ ਅਨੁਸਾਰ ਗੁਰੂ ਕੌਣ ਹੈ? ਗੁਰੂ ਉਹ ਹੈ ਜਿਸ ਨੇ ਆਪ ਉਸ ੴ ਨੂੰ ਅਨੁਭਵ ਕਰ ਲਿਆ ਹੋਵੇ, ਉਹ ਲੋਕਾਂ ਨੂੰ ਉਸ ਇੱਕ ਅਕਾਲ ਪੁਰਖ ਦਾ ਨਾਮ ਜਪਣ ਤੇ ਉਸ ਨੂੰ ਅਨੁਭਵ ਕਰਨ ਦਾ ਰਾਹ ਦੱਸੇ ਨਾ ਕੇ ਆਪਣਾ ਨਾਮ ਜਪਣ ਵੱਲ ਲਾਵੇ।
ਆਸਾ ਦੀ ਵਾਰ ਦੀ ਪਹਿਲੀ ਪਉੜੀ ਵਿਚ ਹੀ ਅਕਾਲ ਪੁਰਖ ਦੇ ਨਾਮ ਅਤੇ ਰੂਪ ਦੋਵਾਂ ਪੱਖਾਂ ਦੀ ਵਿਆਖਿਆ ਕੀਤੀ ਗਈ ਹੈ। ਅਕਾਲ ਪੁਰਖ ਸੈਭੰ ਹੈ ਜਿਸ ਦੀ ਰਚਨਾ ਆਪਣੇ ਆਪ ਤੋਂ ਹੈ, ਇਹ ਉਸ ਦਾ ਨਾਮ ਪੱਖ ਹੈ। ਅਕਾਲ ਪੁਰਖ ਨੇ ਆਪਣੇ ਆਪ ਤੋਂ ਕੁਦਰਤਿ ਦੀ ਰਚਨਾ ਕੀਤੀ ਹੈ, “ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ”, ਇਹ ਸੰਸਾਰ ਅਕਾਲ ਦਾ ਪਰਗਟ ਰੂਪ ਹੈ। ਇਹ ਉਸ ਦਾ ਰੂਪ ਪੱਖ ਹੈ। ਉਸ ਨੇ ਆਪਣੇ ਆਪ ਨੂੰ ਨਾਮ ਕਰਕੇ ਸਭ ਦੇ ਅੰਦਰ ਵਸਾਇਆ ਹੋਇਆ ਹੈ, ਜਿਸ ਨੂੰ ਮਨੁੱਖ ਨੇ ਅਨੁਭਵ ਕਰਨਾ ਹੈ। ਮਨੁੱਖ ਦਾ ਅੰਤਮ ਲਕਸ਼ ਉਸ ਪਰਮ ਸਤਿ ਨਾਲ ਇੱਕਸੁਰ ਹੋਣਾ ਹੈ। ਇਸ ਇਕਸੁਰਤਾ ਨੂੰ ਅਨੁਭਵ ਕਰਨ ਲਈ ਮਨੁੱਖ ਨੂੰ ਅਕਾਲ ਪੁਰਖ ਨੂੰ ਪੂਰਨ ਸਤਿ ਦੇ ਰੂਪ ਵਿਚ ਸਮਝਣਾ ਤੇ ਅਪਨਾਉਣਾ ਪਵੇਗਾ। ਜੇ ਇਸ ਪਉੜੀ ਦੇ ਨਾਲ ਅਸੀਂ ਤੀਸਰੇ ਸਲੋਕ ਨੂੰ ਪੜ੍ਹੀਏ ਤਾਂ ਅਸੀਂ ਦੇਖਦੇ ਹਾਂ ਕਿ ਗਿਆਨਵਾਨ ਮਨੁੱਖ, ਜਾਗ੍ਰਿਤ ਵਿਅਕਤੀ ਸਰੀਰਕ ਰੂਪ ਵਿਚ ਕ੍ਰਿਪਾ ਜਾਂ ਨਦਰ ਦਾ ਜ਼ਿਆਦਾ ਭਾਗੀਦਾਰ ਹੈ, ਉਸ ਵਿਚ ਵੱਧ ਸਮਰੱਥਾ ਹੈ ਅਗਿਆਨੀ ਵਿਅਕਤੀ ਨਾਲੋਂ। ਪ੍ਰੰਤੂ ਇਸ ਦੇ ਨਾਲ ਹੀ ਉਸ ਦੀ ਫੈਲੀ ਹੋਈ ਚੇਤਨਾ ਉਸ ਅੰਦਰ ਹਉਮੈ ਪੈਦਾ ਕਰ ਦਿੰਦੀ ਹੈ ਅਤੇ ਉਹ ਫਿਰ ਦੂਸਰਿਆਂ ਨੂੰ ਹਕਾਰਤ ਦੀ ਨਜ਼ਰ ਨਾਲ ਦੇਖਦਾ ਹੈ, ਨੀਵਾਂ ਸਮਝਦਾ ਹੈ ਤੇ ਸੋਚ ਲੈਂਦਾ ਹੈ ਕਿ ਗਿਆਨਵਾਨ ਹੋਣ ਕਰਕੇ ਉਸ ਨੂੰ ਗੁਰੂ ਦੀ ਜ਼ਰੂਰਤ ਨਹੀਂ ਹੈ। ਗੁਰੂ ਦੀ ਸਹਾਇਤਾ ਤੋਂ ਬਿਨਾ ਮਨੁੱਖ ਜੀਵਨ ਦੀਆਂ ਸਦੀਵੀ ਕੀਮਤਾਂ ਨੂੰ ਨਹੀਂ ਸਮਝ ਸਕਦਾ। ਪਰਮਾਤਮਾ ਦੇ ਪੂਰਨ ਸਤਿ ਵਿਚ ਉਸ ਦਾ ਨਾਮ ਅਤੇ ਰੂਪ ਦੋਵੇਂ ਸ਼ਾਮਲ ਹਨ, ਉਹ ਕਰਤਾ ਅਤੇ ਕੁਦਰਤਿ ਦੇ ਰੂਪ ਵਿਚ ਸਮੁੱਚ ਹੈ। ਇਸੇ ਲਈ ‘ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ’ ਹੈ।
ਨਾਮ ਮਨੁੱਖ ਲਈ ਅਗਵਾਈ ਦਾ ਰੋਲ ਅਦਾ ਕਰਦਾ ਹੈ। ਕਰਤਾ ਦਾ ਪਰਗਟ ਰੂਪ ‘ਪਸਾਉ’ ਹੈ ਜੋ ਸਮੇਂ ਅਤੇ ਸਥਾਨ ਵਿਚ ਵਾਪਰਦਾ ਹੈ। ਗੁਰੂ ਨਾਨਕ ਨੇ ਇਸ ਪਸਾਉ ਨੂੰ ਉਸ ਦਾ ਖੇਡ ਕਿਹਾ ਹੈ। ਇਹ ਸਾਰੀ ਕੁਦਰਤਿ ਉਸੇ ਵਿਚੋਂ ਉਪਜਦੀ ਹੈ ਅਤੇ ਉਸ ਵੱਲ ਹੀ ਪਹੁੰਚਣ ਲਈ ਯਤਨਸ਼ੀਲ ਹੈ। ਇਹ ਸਾਰਾ ਚਲਣ ਕੁਦਰਤਿ ਦਾ ਪਰਗਟ ਹੋਣਾ ਅਤੇ ਅੰਤ ਨੂੰ ਉਸ ਵਿਚ ਸਮਾ ਜਾਣਾ ਉਸ ਦੇ ਹੁਕਮ ਵਿਚ ਵਾਪਰ ਰਿਹਾ ਹੈ। ਇਸ ਲਈ ਉਸ ਹੁਕਮੀ ਤੱਕ ਪਹੁੰਚਣ ਲਈ ਉਸ ਦੇ ਹੁਕਮ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ‘ਭੰਨਣ ਘੜਨ ਸਮਰਥ’ ਉਹ ਆਪ ਹੀ ਹੈ, ਮਨੁੱਖ ਨਹੀਂ। ਹਉਮੈ ਦਾ ਧਾਰਨੀ ਮਨੁੱਖ ਉਸ ਦੇ ਹੁਕਮ ਨੂੰ ਨਹੀਂ ਸਮਝ ਸਕਦਾ ਅਤੇ ਗੁਰੂ ਨਾਨਕ ਅਨੁਸਾਰ ਹਉਮੈ ਵਾਲਾ ਮਨੁੱਖ ਗਿਆਨਵਾਨ ਤਾਂ ਹੋ ਸਕਦਾ ਹੈ ਪਰ ਉਹ ਅਕਾਲ ਪੁਰਖ ਦੀਆਂ ਨਜ਼ਰਾਂ ਵਿਚ ਮਨਜ਼ੂਰ ਨਹੀਂ ਹੁੰਦਾ।
ਗੁਰੂ ਨਾਨਕ ਅੱਗੇ ਕਹਿੰਦੇ ਹਨ ਕਿ ਅਸਲੀ ਧਰਮ ਇਸ ਵਿਚ ਹੈ ਕਿ ਅਸੀਂ ਆਪਣਾ ਜੀਵਨ ਉਸ ਪਰਮਸਤਿ ਦੀ ਚੇਤਨਾ ਵਿਚ ਬਸਰ ਕਰੀਏ। ਇਹ ਕੁਦਰਤ ਉਸ ਕਰਤਾ ਦੇ ਸੰਜੋਗ ਵਿਚ ਸਤਿ ਹੈ, ਇੱਕ ਖਾਸ ਦ੍ਰਿਸ਼ਟਮਾਨਤਾ ਦੇ ਰੂਪ ਵਿਚ ਨਹੀਂ। ਗੁਰੂ ਨਾਨਕ ਸਾਹਿਬ ਦੇ ਕਹਿਣ ਤੋਂ ਭਾਵ ਹੈ ਕਿ ਜੇ ਕਰਤਾ ਆਪਣੀ ਕੁਦਰਤ ਵਿਚ ਪ੍ਰਗਟ ਹੈ, ਕੁਦਰਤ ਉਸ ਦਾ ਪ੍ਰਗਟ ਰੂਪ ਹੈ ਤਾਂ ਧਰਮੀ ਮਨੁੱਖ ਨੂੰ ਇਸ ਤੱਥ ਦੀ ਚੇਤਨਾ ਵਿਚ ਜਿਉਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸੰਸਾਰਕ ਮਾਮਲਿਆਂ ਵਿਚ ਪਰਉਪਕਾਰ ਰਾਹੀਂ, ਆਪਣਾ ਆਪ ਸਮਾਜਿਕ ਭਲਾਈ ਵਿਚ ਲਾ ਕੇ, ਦੂਸਰਿਆਂ ਦੀ ਸੇਵਾ ਤੇ ਦੂਸਰਿਆਂ ਉਤੇ ਦਇਆ ਕਰਕੇ ਗੁਜ਼ਾਰਨਾ ਚਾਹੀਦਾ ਹੈ; ਇਹ ਸਭ ਕਾਰਜ ਅਕਾਲ ਪੁਰਖ ਦੀ ਅਰਾਧਨਾ ਦੀ ਭਾਵਨਾ ਵਿਚ ਕਰਨੇ ਚਾਹੀਦੇ ਹਨ।
ਗੁਰੂ ਨਾਨਕ ਅਨੁਸਾਰ ਅਕਾਲ ਪੁਰਖ ਦੀ ਇਹ ਸਾਰੀ ਕੁਦਰਤ ਉਸ ਦੀ ਰਚਨਾ ਵਿਸਮਾਦ ਹੈ। ਸਭ ਧਾਰਮਿਕ ਪੁਸਤਕਾਂ, ਬੋਲੀਆਂ, ਵੱਖਰੇ ਵੱਖਰੇ ਲੋਕ, ਉਨ੍ਹਾਂ ਦੇ ਰੰਗ, ਰੂਪ, ਜੀਅ, ਜੰਤ, ਹਵਾ, ਪਾਣੀ, ਵਿਭਿੰਨ ਕਿਸਮ ਦੀ ਅਗਨੀ ਤੇ ਉਸ ਦੀਆਂ ਖੇਡਾਂ ਆਦਿ ਸਭ ਕੁਝ ਹੈਰਾਨੀਜਨਕ ਹੈ। ਕੁਦਰਤ ਦੀ ਇਹ ਸਾਰੀ ਖੇਡ ਵਿਸਮਾਦ ਨਾਲ ਭਰੀ ਹੋਈ ਹੈ ਅਤੇ ਇਹ ਵਿਸਮਾਦ ਹੀ ਇਸ ਸੰਸਾਰ ਨੂੰ ਮਨੁੱਖ ਦੀ ਸਾਧਨਾ ਦਾ ਆਧਾਰ ਬਣਾਉਂਦਾ ਹੈ। ਇਹ ਮਨੁੱਖ ਨੂੰ ਇਹ ਯਾਦ ਕਰਾਉਂਦਾ ਹੈ ਕਿ ਅਕਾਲ ਪੁਰਖ ਸੈਭੰ ਹੈ, ਸਵੈ-ਸਿਰਜਤ ਹੈ ਅਤੇ ਬਾਕੀ ਸਭ ਉਸ ਦੀ ਖੇਡ ਹੈ, ਉਸ ਦੀ ਰਚਨਾ ਹੈ। ਇਸ ਸਾਰੇ ਅਮਲ ਨੂੰ ਸਮਝਣ ਦੇ ਰਸਤੇ ਦਾ ਰੋੜਾ ਮਨੁੱਖ ਦੀ ਹਉਮੈ ਹੈ ਅਤੇ ਇਸ ਹਉਮੈ ਨੂੰ ਦੂਰ ਕਰਨ ਦਾ ਸਾਧਨ ਸ਼ਬਦ ਹੈ। ਧਰਮ ਦਾ ਤੱਤ-ਸਾਰ ਹੈ, ਉਸ ਨੂੰ ਅਨੁਭਵ ਕਰਨ ਦੇ ਰਸਤੇ ‘ਤੇ ਚੱਲਣਾ।
ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿਚ ਮੁੜ ਮੁੜ ਇਸ ਗੱਲ ਨੂੰ ਦ੍ਰਿੜ ਕਰਵਾਇਆ ਹੈ ਕਿ ਅਕਾਲ ਪੁਰਖ ਜਨਮ ਨਹੀਂ ਲੈਂਦਾ ਅਤੇ ਨਾ ਹੀ ਮਰਦਾ ਹੈ। ਇਸ ਲਈ ਜਨਮ ਲੈਣ ਵਾਲੇ ਤੇ ਮਰਨ ਵਾਲੇ ਅਵਤਾਰਾਂ ਨੂੰ ਪਰਮਾਤਮਾ ਸਮਝ ਕੇ ਪੂਜਣਾ ਗਲਤ ਹੈ, ਭਾਵੇਂ ਉਹ ਕਿੰਨੇ ਵੀ ਮਹਾਨ ਕਿਉਂ ਨਾ ਹੋਣ। ਜਦੋਂ ਧਰਮ ਨੂੰ ਮਹਿਜ ਇਸ ਕਿਸਮ ਦੀ ਵਿਅਕਤੀ ਪੂਜਾ ਵਰਗੇ ਕਰਮ-ਕਾਂਡ ਤੱਕ ਮਹਿਦੂਦ ਕਰ ਦਿੱਤਾ ਜਾਂਦਾ ਹੈ ਤਾਂ ਧਰਮ ਦੀ ਅਸਲੀਅਤ ਗੁਆਚ ਜਾਂਦੀ ਹੈ ਅਤੇ ਇੱਕ ਖਾਸ ਕਿਸਮ ਦਾ ਨਿਯਮਬੱਧ ਸਵਾਰਥੀਪੁਣਾ ਪੈਦਾ ਹੋ ਜਾਂਦਾ ਹੈ। ਗੁਰੂ ਨਾਨਕ ਨੇ ਇਸ ਸਾਰੇ ਅਮਲ ਦੀ ਵਿਆਖਿਆ ਵੇਲੇ ਦੇ ਧਰਮਾਂ ਵਿਚੋਂ ਉਦਾਹਰਣਾਂ ਦੇ ਦੇ ਕੇ ਕੀਤੀ ਹੈ। ਧਰਮ ਦੇ ਅਮਲ ਦੀ ਇਹ ਸਟੇਜ ਹੈ ਜਿੱਥੇ ਗੁਰੂ ਦੀ ਅਗਵਾਈ ਦੀ ਜ਼ਰੂਰਤ ਪੈਂਦੀ ਹੈ, ਉਹ ਗੁਰੂ ਜਿਸ ਵਿਚ ਮਨੁੱਖ ਨੂੰ ਦੇਵਤਵ ਦੇ ਪੱਧਰ ਤੱਕ ਲੈ ਜਾਣ ਦੀ ਸਮਰੱਥਾ ਹੁੰਦੀ ਹੈ। ਆਪਣੇ ਸਮਕਾਲੀਨ ਧਰਮਾਂ ਦੇ ਕਰਮਕਾਂਡ ਨੂੰ ਸਾਹਮਣੇ ਰੱਖਦਿਆਂ ਗੁਰੂ ਨਾਨਕ ਸਾਹਿਬ ਨੇ ਧੋਤੀ, ਟਿੱਕਾ, ਤੱਗ (ਜੰਞੂ), ਨਮਾਜ਼, ਅੰਨ ਨਾ ਖਾਣ, ਮੂੰਹ ‘ਤੇ ਕੱਪੜਾ ਬੰਨ੍ਹ ਕੇ ਤੁਰਨ ਆਦਿ ਧਾਰਮਿਕ ਚਿੰਨ੍ਹਾਂ ਅਤੇ ਰਸਮਾਂ ਦੇ ਹਵਾਲੇ ਨਾਲ ਧਾਰਮਿਕ ਰਸਮਾਂ ਦੇ ਖੋਖਲੇਪਣ ਦਾ ਖੰਡਨ ਕੀਤਾ ਹੈ ਅਤੇ ਧਰਮ ਨੂੰ ਸਮਾਜਿਕ ਨੈਤਿਕਤਾ, ਸਦਾਚਾਰਕ ਗੁਣਾਂ ਅਤੇ ਅਧਿਆਤਮਕ ਅਨੁਭਵ ਨਾਲ ਜੋੜਿਆ ਹੈ। ਸੱਚਾ ਧਰਮ ਮਨੁੱਖ ਦੇ ਵਿਅਕਤੀਤਵ ਵਿਚ ਸਦਾਚਾਰਕ ਗੁਣਾਂ ਦੇ ਵਿਕਾਸ ਦੀ ਮੰਗ ਕਰਦਾ ਹੈ। ਗੁਰੂ ਨਾਨਕ ਦਾ ਮੁੱਖ ਜ਼ੋਰ ਆਪਣੇ ਅੰਦਰ ਸਤਿ, ਸੰਤੋਖ, ਦਇਆ, ਪਰਉਪਕਾਰ, ਹਲੀਮੀ ਆਦਿ ਪੈਦਾ ਕਰਨ ‘ਤੇ ਹੈ। ਇਹ ਮਹਿਜ ਬਿਆਨ ਨਹੀਂ ਹੈ ਬਲਕਿ ਗੁਰੂ ਨਾਨਕ ਸਾਹਿਬ ਦੀ ਆਪਣੀ ਧਾਰਮਿਕ-ਅਧਿਆਤਮਕ ਪੋਜੀਸ਼ਨ ਹੈ। ਜੇ ਗੁਰੂ ਨਾਨਕ ਨਾਮ-ਲੇਵਾ ਵੀ ਸਿੱਖ ਧਰਮ ਪ੍ਰਤੀ ਕੱਟੜਵਾਦੀ ਪਹੁੰਚ ਦੀਆਂ ਸੱਤਾਤਮਕ ਹੱਦਬੰਦੀਆਂ ਦਾ ਸ਼ਿਕਾਰ ਹੁੰਦੇ ਹਨ, ਸਿਧਾਂਤ ਉਨ੍ਹਾਂ ਨੂੰ ਇਸ ਦੀ ਆਗਿਆ ਨਹੀਂ ਦਿੰਦਾ।