ਜਲੰਧਰ: ਪੰਜਾਬ ਦੀ ਬਿਹਤਰੀ ਲਈ ਕੁਝ ਕਰਨ ਦਾ ਦਮ ਭਰਨ ਵਾਲੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਭਾਜਪਾ ਨੂੰ ਅਲਵਿਦਾ ਕਹਿਣ ਤੋਂ ਤਕਰੀਬਨ ਦੋ ਮਹੀਨੇ ਬਾਅਦ ਵੀ ਕੋਈ ਠੋਸ ਫੈਸਲਾ ਨਾ ਲੈਣਾ ਜਿਥੇ ਉਨ੍ਹਾਂ ਦੇ ਸਿਆਸੀ ਕੱਦ ਨੂੰ ਛੋਟਾ ਕਰ ਰਿਹਾ ਹੈ, ਉਥੇ ਉਨ੍ਹਾਂ ਵੱਲੋਂ ਵੱਖ-ਵੱਖ ਪਾਰਟੀਆਂ ਅੱਗੇ ਰੱਖੀਆਂ ਜਾ ਰਹੀਆਂ ਸ਼ਰਤਾਂ ਕਾਰਨ ਪਹਿਲਾਂ ‘ਆਪ’ ਤੇ ਹੁਣ ਕਾਂਗਰਸ ਵੀ ਉਨ੍ਹਾਂ ਤੋਂ ਕੰਨੀ ਕਤਰਾਉਣ ਲੱਗੀ ਹੈ।
ਸਿੱਧੂ ਵੱਲੋਂ ਆਪਣੇ ਭਵਿੱਖ ਸਬੰਧੀ ਫੈਸਲਾ ਲੈਣ ਵਿਚ ਕੀਤੀ ਜਾ ਰਹੀ ਦੇਰੀ ਨੇ ਉਨ੍ਹਾਂ ਦੀ ਸਿਆਸੀ ਮੁਹਾਰਤ ਤੇ ਸਮਰੱਥਾ ਨੂੰ ਹੀ ਕਟਹਿਰੇ ‘ਚ ਲਿਆ ਖੜ੍ਹਾ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਉਕਤ ਪਾਰਟੀਆਂ ਦੀ ਸੋਚ ਤੋਂ ਵੀ ਪਰੇ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰ ਸਕਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਵੱਲੋਂ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਲਈ ਇਹ ਸ਼ਰਤ ਰੱਖੀ ਗਈ ਸੀ ਕਿ 30 ਦੇ ਕਰੀਬ ਵਿਧਾਨ ਸਭਾ ਸੀਟਾਂ ਤੇ 4 ਤੋਂ 5 ਮੰਤਰੀ ਉਨ੍ਹਾਂ ਦੇ ਧੜੇ ਦੇ ਲਏ ਜਾਣ, ਪਰ ਪਾਰਟੀ ਆਗੂਆਂ ਵੱਲੋਂ ਸਿੱਧੂ ਨੂੰ ਇਸ ਸਬੰਧੀ ਕੋਰੀ ਨਾਂਹ ਕਰ ਦਿੱਤੀ ਗਈ ਦੱਸੀ ਜਾ ਰਹੀ ਹੈ, ਹਾਲਾਂਕਿ ਨਵਜੋਤ ਸਿੰਘ ਸਿੱਧੂ ਅਜੇ ਵੀ ‘ਆਪ’ ਦੇ ਉਚ ਆਗੂਆਂ ਦੇ ਸੰਪਰਕ ਵਿਚ ਹਨ, ਪਰ ਉਨ੍ਹਾਂ ਵਲੋਂ ਇਨ੍ਹਾਂ ਸ਼ਰਤਾਂ ਸਬੰਧੀ ਕੋਈ ਵੀ ਹਾਮੀ ਨਹੀਂ ਭਰੀ ਜਾ ਰਹੀ, ਜਿਸ ਕਾਰਨ ਉਨ੍ਹਾਂ ਵੱਲੋਂ ਹੁਣ ਕਾਂਗਰਸ ਵੱਲ ਰੁਖ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਜ਼ਰੀਏ ਸਿੱਧੂ ਪਿਛਲੇ ਕੁਝ ਸਮੇਂ ਤੋਂ ਕੁੱਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ, ਪਰ ਕਾਂਗਰਸ ਹਾਈਕਮਾਨ ਦੇ ਇੱਛਾ ਦੇ ਉਲਟ ਸੂਬੇ ਦੇ ਕਾਂਗਰਸੀ ਆਗੂ ਅਜੇ ਵੀ ਸਿੱਧੂ ਦੀਆਂ ਸ਼ਰਤਾਂ ਮੰਨਣ ਲਈ ਰਾਜੀ ਨਹੀਂ ਹਨ।
ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਕੋਲ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਰੱਖੀ ਗਈ ਸ਼ਰਤ ‘ਤੇ ਪ੍ਰਸ਼ਾਂਤ ਕਿਸ਼ੋਰ ਵਲੋਂ ਤਾਂ ਹਾਮੀ ਭਰ ਦਿੱਤੀ ਗਈ ਹੈ, ਪਰ ਇਸ ‘ਤੇ ਸੂਬਾ ਕਾਂਗਰਸ ਨੇ ਸਹਿਮਤੀ ਦੇਣੀ ਹੈ, ਜਿਸ ਕਾਰਨ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿਚ ਸ਼ਮੂਲੀਅਤ ਵੀ ਲਟਕ ਗਈ ਹੈ। ਉਧਰ ਚਾਹੇ ਕੁੱਝ ਵੀ ਹੋਵੇ, ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਭਵਿੱਖ ਸਬੰਧੀ ਫੈਸਲਾ ਲੈਣ ‘ਚ ਕੀਤੀ ਜਾ ਰਹੀ ਦੇਰੀ ਉਨ੍ਹਾਂ ਦੇ ਸਿਆਸੀ ਜੀਵਨ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ ਤੇ ਦੋਵਾਂ ਪਾਰਟੀਆਂ ਨਾਲ ਕੀਤੀ ਜਾ ਰਹੀ ਸਿਆਸੀ ਸੌਦੇਬਾਜ਼ੀ ਬਾਰੇ ਆਮ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੀ ਹਾਲਤ ਕਿਤੇ ਦੋ ਬੇੜੀਆਂ ਦੇ ਸਵਾਰ ਵਾਲੀ ਨਾ ਹੋਵੇ ਕਿਉਂਕਿ ਉਨ੍ਹਾਂ ਵਲੋਂ ਬਣਾਇਆ ਗਿਆ ਫਰੰਟ ‘ਆਵਾਜ਼-ਏ-ਪੰਜਾਬ’ ਵੀ ਹੁਣ ਬਿਖਰਦਾ ਲੱਗ ਰਿਹਾ ਹੈ ਤੇ ਦੋਵੇਂ ਪਾਰਟੀਆਂ ਵੀ ਆਪਣੇ ਪੈਰ ਪਿੱਛੇ ਖਿੱਚ ਰਹੀਆਂ ਹਨ।
ਬੈਂਸ ਭਰਾਵਾਂ ਦੀ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ਮਾਨਤਾ ਦਿੱਤੇ ਜਾਣ ਕਾਰਨ ਉਨ੍ਹਾਂ ਵੱਲੋਂ ਇਸ ਤੋਂ ਵੱਖ ਹੋਣਾ ਲਗਭਗ ਤੈਅ ਹੈ ਤੇ ਇਸੇ ਤਰ੍ਹਾਂ ਸਾਬਕਾ ਵਿਧਾਇਕ ਪ੍ਰਗਟ ਸਿੰਘ ਹੋਰ ਇੰਤਜ਼ਾਰ ਕਰਨ ਬਜਾਏ ਵੱਖਰੇ ਤੌਰ ‘ਤੇ ਕੋਈ ਫੈਸਲਾ ਲੈ ਸਕਦੇ ਹਨ। ਹੁਣ ਸਿੱਧੂ ਧੜੇ ਕੋਲ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵੱਲ ਹੱਥ ਵਧਾਉਣ ਦਾ ਰਸਤਾ ਹੀ ਬਚਿਆ ਜਾਪਦਾ ਹੈ।
_________________________________
ਸਿੱਧੂ ਬਿਨਾ ਸ਼ਰਤ ਕਾਂਗਰਸ ‘ਚ ਆਵੇ ਤਾਂ ਸਵਾਗਤ: ਕੈਪਟਨ
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਜੇ ਬਿਨਾ ਸ਼ਰਤ ਪਾਰਟੀ ‘ਚ ਆਉਣਾ ਚਾਹੁਣ ਤਾਂ ਉਨ੍ਹਾਂ ਦਾ ਸਵਾਗਤ ਹੈ, ਪਰ ਇਸ ਸਬੰਧੀ ਉਨ੍ਹਾਂ ਦੀ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਦਾ ਪਰਿਵਾਰਕ ਪਿਛੋਕੜ ਕਾਂਗਰਸੀ ਹੀ ਹੈ ਅਤੇ ਉਹ ਕਾਂਗਰਸ ਵਿਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।