ਨੌਕਰੀਆਂ ਦੀ ਖੁੱਲ੍ਹੀ ਨਿਲਾਮੀ ਨੇ ਸਰਕਾਰ ਦੇ ਵੱਕਾਰ ਨੂੰ ਲਾਈ ਢਾਹ

ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਯੋਗਤਾ ਦੇ ਆਧਾਰ ਉਤੇ ਨੌਕਰੀਆਂ ਦੇਣ ਦੇ ਯਤਨਾਂ ਦੇ ਬਾਵਜੂਦ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਦੀ ਹੋਈ ‘ਖੁੱਲ੍ਹੀ ਨਿਲਾਮੀ’ ਨੇ ਸਰਕਾਰ ਦੇ ਵਕਾਰ ਨੂੰ ਵੱਡੀ ਢਾਹ ਲਾਈ ਹੈ। ਸਥਾਨਕ ਸਰਕਾਰਾਂ ਵਿਭਾਗ ਵਿਚ ਐਸ਼ਡੀæਓæ ਤੇ ਜੇæਈæ ਸਮੇਤ 700 ਦੇ ਕਰੀਬ ਅਸਾਮੀਆਂ, ਮਾਲ ਵਿਭਾਗ ਦੇ 700 ਤੋਂ ਵੱਧ ਪਟਵਾਰੀਆਂ, ਪੁੱਡਾ ਦੇ ਜੂਨੀਅਰ ਇੰਜੀਨੀਅਰਾਂ, ਸਿੰਜਾਈ ਵਿਭਾਗ ਦੇ ਐਸ਼ਡੀæਓਜ਼ ਅਤੇ ਪਨਸਪ ਵਿਚ ਅਹਿਮ ਅਹੁਦਿਆਂ ਦੀਆਂ ਅਸਾਮੀਆਂ ਲਈ 10 ਲੱਖ ਰੁਪਏ ਤੋਂ 30 ਲੱਖ ਰੁਪਏ ਤੱਕ ਬੋਲੀ ਲੱਗਣ ਨਾਲ ਸਰਕਾਰ ਦੀ ਭਰੋਸੇਯੋਗਤਾ ਉਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਪੰਜਾਬ ਯੂਨੀਵਰਸਿਟੀ ਰਾਹੀਂ ਪੰਜਾਬ ਸਰਕਾਰ ਨੇ 7 ਸਾਲਾਂ (2008 ਤੋਂ 2015) ਦੇ ਸਮੇਂ ਦੌਰਾਨ ਦਰਜਨ ਤੋਂ ਵਧੇਰੇ ਵਿਭਾਗਾਂ ਅਤੇ ਅਦਾਰਿਆਂ ਵਿਚ ਪੰਜ ਹਜ਼ਾਰ ਤੋਂ ਵੱਧ ਅਸਾਮੀਆਂ ਲਈ ਭਰਤੀ ਕੀਤੀ। ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਇਹ ਸਾਰੀ ਭਰਤੀ ਹੀ ਸ਼ੱਕੀ ਹੋਈ ਪਈ ਹੈ। ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦੀ ਨਿਲਾਮੀ ਦੀ ਇਸ ਖੇਡ ਨੂੰ ਭਾਵੇਂ ‘ਪ੍ਰਸ਼ਨ ਪੱਤਰ ਲੀਕ ਘੁਟਾਲਾ’ ਕਰਾਰ ਦੇ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਰਕਾਰੀ ਚੋਰ-ਮੋਰੀਆਂ ਦਾ ਲਾਭ ਲੈ ਕੇ ਇਕ ਅੰਤਰਰਾਜੀ ਗਰੋਹ ਨੇ ਪੰਜਾਬ ਦੇ ਸਮੁੱਚੇ ਸਰਕਾਰੀਤੰਤਰ ਵਿਚ ਜਿੰਨੀ ਘੁਸਪੈਠ ਕਰ ਲਈ, ਇਹ ਇਕ ਗੰਭੀਰ ਵਿਸ਼ਾ ਬਣਿਆ ਹੋਇਆ ਹੈ। ਰਾਜਸੀ ਪਿਛੋਕੜ ਵਾਲੇ ਵਿਅਕਤੀਆਂ ਦੀ ਸ਼ਮੂਲੀਅਤ ਸਮੁੱਚੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾਉਂਦੀ ਹੈ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਹੁਣ ਤੱਕ ਕੀਤੀ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਬਿਹਾਰ ਦਾ ਰਹਿਣ ਵਾਲਾ ਕੁਰੇਸ਼ ਦਿਵੇਦੀ ਇਸ ਗਰੋਹ ਦਾ ਸਰਗਨਾ ਹੈ। ਪੰਜਾਬ ਸਮੇਤ ਕਿਸੇ ਵੀ ਸੂਬੇ ਵਿਚ ਜਦੋਂ ਨੌਕਰੀਆਂ ਦਾ ਇਸ਼ਤਿਹਾਰ ਅਖਬਾਰਾਂ ਵਿਚ ਛਪਦਾ ਤਾਂ ਇਸ ਗਰੋਹ ਵੱਲੋਂ ਆਪਣੇ ਦਲਾਲਾਂ ਨੂੰ ਗਾਹਕ ਲੱਭਣ ਲਈ ਸੇਵਾਵਾਂ ਸੌਂਪ ਦਿੱਤੀਆਂ ਜਾਂਦੀਆਂ ਸਨ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਪਾਰਟੀ ਨਾਲ ਸਬੰਧਤ ਆਗੂਆਂ ਨੂੰ ਵੀ ਨੌਕਰੀਆਂ ਵੇਚਣ ਲਈ ਦਲਾਲ ਵਜੋਂ ਚੁਣਿਆ ਹੋਣ ਦੇ ਤੱਥ ਸਾਹਮਣੇ ਆਏ ਹਨ। ਬਿਊਰੋ ਵੱਲੋਂ ਕੁਰੇਸ਼ ਦਿਵੇਦੀ ਦੇ ਗਰੋਹ ‘ਚ ਕੰਮ ਕਰਨ ਵਾਲੇ ਉਸ ਦੇ ਭਰਾ ਸਮੇਤ ਅੱਧੀ ਦਰਜਨ ਤੋਂ ਵੱਧ ਪੰਜਾਬ ਤੋਂ ਬਾਹਰਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਜੈ ਕੁਮਾਰ ਦਿਵੇਦੀ, ਰਵੀ ਰੰਜਨ ਮਿਸ਼ਰਾ, ਵਿਨੈ ਕੁਮਾਰ ਭਾਸਕਰ ਅਤੇ ਮੰਟੂ ਗੁਪਤਾ ਆਦਿ ਸ਼ਾਮਲ ਹਨ।
ਵਿਜੀਲੈਂਸ ਬਿਊਰੋ ਨੇ ਨੌਕਰੀ ਘੁਟਾਲੇ ਸਬੰਧੀ ਹੁਣ ਤੱਕ ਚਾਰ ਐਫ਼ਆਈæਆਰਜ਼æ ਦਰਜ ਕੀਤੀਆਂ ਹਨ। ਵਿਜੀਲੈਂਸ ਬਿਊਰੋ ਦੇ ਏæਆਈæਜੀæ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਨੌਕਰੀ ਘੁਟਾਲੇ ਦੀ ਜਾਂਚ ਪੂਰੇ ਪੇਸ਼ੇਵਰ ਤਰੀਕੇ ਨਾਲ ਕੀਤੀ ਗਈ ਹੈ ਤੇ ਵਿਜੀਲੈਂਸ ਦੀਆਂ ਟੀਮਾਂ ਨੇ ਇਕ ਵੀ ਨਿਰਦੋਸ਼ ਵਿਅਕਤੀ ਨੂੰ ਪ੍ਰੇਸ਼ਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਟੀਮਾਂ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਲਖਨਊ, ਮੁੰਬਈ, ਨਵੀਂ ਦਿੱਲੀ, ਹਰਿਆਣਾ, ਰਾਜਸਥਾਨ ਦੇ ਕਈ ਸ਼ਹਿਰਾਂ ਅਤੇ ਹੋਰਨਾਂ ਰਾਜਾਂ ਵਿਚ ਘੁਟਾਲੇ ‘ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
ਪੰਜਾਬ ਵਿਜੀਲੈਂਸ ਬਿਊਰੇ ਨੇ ਹੁਣ ਤੱਕ ਨੌਕਰੀਆਂ ਵੇਚਣ ਵਾਲੇ 48 ਦਲਾਲਾਂ ਅਤੇ 87 ਅਜਿਹੇ ਵਿਅਕਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਪੈਸੇ ਦੀ ਯੋਗਤਾ ਨਾਲ ਨੌਕਰੀਆਂ ਹਾਸਲ ਕਰਨ ਦੇ ਯਤਨ ਕੀਤੇ। ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਵਿਚ ਹੋਈ ਭਰਤੀ ਪ੍ਰਕਿਰਿਆ ਦੀ ਜਾਂਚ ਕਰਦਿਆਂ ਵਿਜੀਲੈਂਸ ਨੇ ਹੁਣ ਤੱਕ ਐਸ਼ਡੀæਓæ ਦੀ ਭਰਤੀ ਲਈ ਪੈਸੇ ਖਰਚ ਕਰਨ ਵਾਲੇ 13 ਉਮੀਦਵਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿਚੋਂ 7 ਗ੍ਰਿਫਤਾਰ ਕਰ ਲਏ ਗਏ ਹਨ। ਜੂਨੀਅਰ ਇੰਜੀਨੀਅਰ ਲਈ ਦੋ ਅਜਿਹੇ ਉਮੀਦਵਾਰਾਂ ਦੀ ਸ਼ਨਾਖਤ ਹੋਈ ਤੇ ਇਨ੍ਹਾਂ ਵਿਚੋਂ ਇਕ ਗ੍ਰਿਫਤਾਰ ਕੀਤਾ ਗਿਆ।
ਸੀਨੀਅਰ ਸਹਾਇਕ ਤੇ ਇੰਸਪੈਕਟਰ ਦੀ ਅਸਾਮੀ ਲਈ 15 ਉਮੀਦਵਾਰਾਂ ਨੇ ਪੈਸੇ ਦਾ ਬਲ ਵਰਤਿਆ ਤੇ 7 ਗ੍ਰਿਫਤਾਰ ਕਰ ਲਏ ਗਏ। ਇਸ ਵਿਭਾਗ ਦੀ ਭਰਤੀ ਲਈ 18 ਦਲਾਲਾਂ ਵੱਲੋਂ ਭੂਮਿਕਾ ਨਿਭਾਈ ਗਈ ਤੇ 6 ਗ੍ਰਿਫਤਾਰ ਕਰ ਲਏ। ਪਨਸਪ ਵਿਚ 18 ਦਲਾਲਾਂ ਨੇ ਭੂਮਿਕਾ ਨਿਭਾਈ ਜਿਨ੍ਹਾਂ ਵਿਚੋਂ 10 ਗ੍ਰਿਫਤਾਰ ਕਰ ਲਏ। 33 ਉਮੀਦਵਾਰਾਂ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿੱਚੋਂ 21 ਗ੍ਰਿਫਤਾਰ ਕਰ ਲਏ ਗਏ।
__________________________________________
ਅਕਾਲੀ ਆਗੂਆਂ ਨੇ ਘੁਟਾਲੇ ਵਿਚ ਖੂਬ ਹੱਥ ਰੰਗੇ
ਚੰਡੀਗੜ੍ਹ: ਲੰਬੀ ਖੇਤਰ ਨਾਲ ਸਬੰਧਤ ਇਕ ਵਿਅਕਤੀ ਨੇ ਐਸ਼ਡੀæਓæ ਦੀ ਨੌਕਰੀ ਲਈ ਸੌਦਾ ਕਰਨ ਦਾ ਮਾਮਲਾ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ‘ਚ ਲਿਆਂਦਾ ਤਾਂ ਮੁੱਖ ਮੰਤਰੀ ਨੇ ਵਿਜੀਲੈਂਸ ਬਿਊਰੋ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ। ਉਸ ਸਮੇਂ ਸ਼ਾਇਦ ਸ੍ਰੀ ਬਾਦਲ ਨੂੰ ਇਸ ਗੱਲ ਦਾ ਚਿੱਤ-ਚੇਤਾ ਵੀ ਨਹੀਂ ਹੋਣਾ ਕਿ ਨੌਕਰੀਆਂ ਦੀ ਖਰੀਦ ਵਿਚ ਦਲਾਲਾਂ ਦੀ ਭੂਮਿਕਾ ਨਿਭਾਉਣ ਵਾਲਿਆਂ ਵਿਚ ਹਾਕਮ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂਆਂ ਦਾ ਜ਼ਿਕਰ ਵੀ ਆਏਗਾ। ਕੁਝ ਅਕਾਲੀ ਨੇਤਾਵਾਂ ਨੇ ਆਪਣੀ ਗਰੀਬੀ ਦੂਰ ਕਰਨ ਲਈ ਇਸ ਘੁਟਾਲੇ ਵਿਚ ਹੱਥ ਖੂਬ ਰੰਗੇ। ਹੱਥ ਰੰਗਣ ਵਾਲਿਆਂ ਵਿਚ ਮੁੱਖ ਮੰਤਰੀ ਦਾ ਇਕ ਖਾਸ ਵਫਾਦਾਰ ਵੀ ਸ਼ਾਮਲ ਦੱਸਿਆ ਜਾਂਦਾ ਹੈ ਜਿਸ ਦੇ ਦਬਕਿਆਂ ਤੋਂ ਉਚ ਅਫਸਰਸ਼ਾਹੀ ਪਹਿਲਾਂ ਹੀ ਬਹੁਤ ਨਾਖੁਸ਼ ਹੈ।