ਅੰਮ੍ਰਿਤਸਰ: ਛੇ ਵਰ੍ਹਿਆਂ ਦੀ ਲੰਬੀ ਉਡੀਕ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2011 ਵਾਲੇ ਸਦਨ ਦੀ ਬਹਾਲੀ ਉਪਰੰਤ ਸ਼੍ਰੋਮਣੀ ਕਮੇਟੀ ਦੇ ਪਲੇਠੇ ਜਨਰਲ ਇਜਲਾਸ ਦੌਰਾਨ ਪ੍ਰੋæ ਕ੍ਰਿਪਾਲ ਸਿੰਘ ਬਡੂੰਗਰ ਨੂੰ ਸਰਬਸੰਮਤੀ ਨਾਲ ਸ਼੍ਰੋਮਣੀ ਕਮੇਟੀ ਦਾ 41ਵਾਂ ਪ੍ਰਧਾਨ ਚੁਣ ਲਿਆ ਗਿਆ। ਪ੍ਰੋ: ਬਡੂੰਗਰ 2001 ਤੇ 2003 ਵਿਚ ਦੋ ਵਾਰ ਇਸ ਸੰਸਥਾ ਦੇ ਪ੍ਰਧਾਨ ਰਹਿ ਚੁੱਕੇ ਹਨ।
ਚੁਣੇ ਗਏ ਕਮੇਟੀ ਦੇ ਬਾਕੀ ਅਹੁਦੇਦਾਰਾਂ ਵਿਚ ਬਲਦੇਵ ਸਿੰਘ ਕਿਆਮਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਮਾਨਸਾ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਪ੍ਰੋæ ਬਡੂੰਗਰ ਦੇ ਪ੍ਰਧਾਨ ਚੁਣੇ ਜਾਣ ਦਾ ਐਲਾਨ ਹੁੰਦੇ ਸਾਰ ਹੀ ਪ੍ਰਧਾਨਗੀ ਲਈ ਦਾਅਵੇਦਾਰ ਸਮਝੇ ਜਾਂਦੇ ਸੇਵਾ ਸਿੰਘ ਸੇਖਵਾਂ ਤੇ ਜਥੇਦਾਰ ਅਵਤਾਰ ਸਿੰਘ ਦੇ ਚਿਹਰਿਆਂ ‘ਤੇ ਮਾਯੂਸੀ ਛਾ ਗਈ। ਪ੍ਰੋ: ਬਡੂੰਗਰ ਦੇ ਨਾਂ ਨੂੰ ਅਕਾਲੀ ਦਲ ਬਾਦਲ ਤੇ ਸੰਤ ਸਮਾਜ ਨਾਲ ਸਬੰਧਤ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਧਾਨ ਤੋਂ ਲੈ ਕੇ ਸਮੁੱਚੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਤਬਦੀਲ ਕਰ ਦਿੱਤੇ ਹਨ। ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵਿਚ ਜੈਪਾਲ ਸਿੰਘ ਮੰਡੀਆਂ ਹੁਸ਼ਿਆਰਪੁਰ ਤੋਂ, ਨਿਰਮਲ ਸਿੰਘ ਹਰਿਆਊ, ਕੁਲਵੰਤ ਸਿੰਘ ਮੰਨਣ, ਸਤਪਾਲ ਸਿੰਘ ਤਲਵੰਡੀ ਭਾਈ, ਬਲਵਿੰਦਰ ਸਿੰਘ ਵੇਈਂਪੂਈਂ, ਗੁਰਮੇਲ ਸਿੰਘ ਸੰਗਤਪੁਰਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਭਾਈ ਰਾਮ ਸਿੰਘ ਅੰਮ੍ਰਿਤਸਰ, ਗੁਰਚਰਨ ਸਿੰਘ ਗਰੇਵਾਲ, ਸੁਰਜੀਤ ਸਿੰਘ ਭਿੱਟੇਵੱਡ ਅਤੇ ਵਿਰੋਧੀ ਧਿਰ ਵੱਲੋਂ ਸੁਰਜੀਤ ਸਿੰਘ ਕਾਲਾਬੂਲਾ ਦੇ ਨਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਇਸ ਸਦਨ ਦੀ ਇਹ ਪਲੇਟੀ ਮੀਟਿੰਗ ਪੰਜ ਸਾਲ ਮਗਰੋਂ
ਕੀਤੀ ਗਈ।
ਇਸ ਸਦਨ ਵਾਸਤੇ 170 ਮੈਂਬਰਾਂ ਦੀ ਵੋਟਾਂ ਰਾਹੀਂ ਚੋਣ ਸਤੰਬਰ 2011 ਵਿਚ ਹੋਈ ਸੀ, ਪਰ ਉਸ ਵੇਲੇ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਤੋਂ ਰੋਕਣ ਦੇ ਅਦਾਲਤੀ ਮਾਮਲੇ ਕਾਰਨ ਸਦਨ ਦੀ ਅਗਲੀ ਕਾਰਵਾਈ ਉਤੇ ਰੋਕ ਲਾ ਦਿੱਤੀ ਗਈ। ਹੁਣ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਸਦਨ ਦਾ ਪਹਿਲਾ ਜਨਰਲ ਇਜਲਾਸ ਹੋਇਆ। ਮੀਟਿੰਗ ਵਿਚ ਕੁੱਲ 155 ਮੈਂਬਰ ਹਾਜ਼ਰ ਸਨ ਅਤੇ ਲਗਪਗ 30 ਮੈਂਬਰ ਗੈਰ ਹਾਜ਼ਰ ਰਹੇ, ਜਿਨ੍ਹਾਂ ਵਿਚੋਂ ਪੰਜ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਸ ਮੌਕੇ ਪੰਜ ਸਿੰਘ ਸਾਹਿਬਾਨ, ਜਿਨ੍ਹਾਂ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹਾਜ਼ਰ ਸਨ।
__________________________________
ਟੌਹੜਾ ਧੜੇ ਨੇ ਕੀਤਾ ਇਜਲਾਸ ਦਾ ਬਾਈਕਾਟ
ਅੰਮ੍ਰਿਤਸਰ: ਇਜਲਾਸ ਦੌਰਾਨ ਜਿਵੇਂ ਹੀ ਪ੍ਰਧਾਨ ਦੀ ਚੋਣ ਨੇਪਰੇ ਚੜ੍ਹੀ ਤਾਂ ਟੌਹੜਾ ਧੜੇ ਨਾਲ ਸਬੰਧਤ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਬੀਬੀ ਕੁਲਦੀਪ ਕੌਰ ਟੌਹੜਾ ਤੇ ਹੋਰ ਮੈਂਬਰ ਇਜਲਾਸ ਦਾ ਬਾਈਕਾਟ ਕਰਦੇ ਹੋਏ ਹਾਲ ਤੋਂ ਬਾਹਰ ਚਲੇ ਗਏ। ਜਥੇਦਾਰ ਭੌਰ ਨੇ ਆਖਿਆ ਕਿ ਸਿੱਖ ਸੰਸਥਾ ਦੇ ਪਲੇਠੇ ਸਦਨ ਦੀ ਕਾਰਵਾਈ ਗੁਰਸਿੱਖ ਅਧਿਕਾਰੀ ਵੱਲੋਂ ਹੋਣੀ ਚਾਹੀਦੀ ਸੀ, ਪਰ ਅਕਾਲੀ ਸਰਕਾਰ ਵੱਲੋਂ ਜਾਣ-ਬੁੱਝ ਕੇ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਕੋਲੋਂ ਪੁੱਛਿਆ ਜਾਵੇ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕੀ ਕਾਰਵਾਈ ਕੀਤੀ ਗਈ ਹੈ, ਪਰ ਕਿਸੇ ਵੀ ਮੈਂਬਰ ਨੇ ਅਜਿਹਾ ਨਹੀਂ ਕੀਤਾ।
_________________________________
ਸ਼੍ਰੋਮਣੀ ਕਮੇਟੀ ‘ਚ ਸੰਤ ਸਮਾਜ ਦਾ ਦਬਦਬਾ ਵਧਿਆ
ਅੰਮ੍ਰਿਤਸਰ: ਜਨਰਲ ਇਜਲਾਸ ਦੌਰਾਨ ਚੁਣੇ ਗਏ ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ‘ਚ 2011 ਦੀਆਂ ਚੋਣਾਂ ਸਮੇਂ ਅਕਾਲੀ ਦਲ ਦੇ ਭਾਈਵਾਲ ਰਹੇ ਸੰਤ ਸਮਾਜ ਦਾ ਵੀ ਸ਼੍ਰੋਮਣੀ ਕਮੇਟੀ ਵਿਚ ਦਬਦਬਾ ਵਧਿਆ ਹੈ। ਚੁਣੇ ਗਏ ਅਹੁਦੇਦਾਰਾਂ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁਰਥਲੀ, ਕੁਲਵੰਤ ਸਿੰਘ ਮੰਨਣ, ਅਜਾਇਬ ਸਿੰਘ ਅਭਿਆਸੀ ਤੇ ਅਵਤਾਰ ਸਿੰਘ ਵਣਾਵਾਲਾ ਤੋਂ ਇਲਾਵਾ ਅਮਰਜੀਤ ਸਿੰਘ ਚਾਵਲਾ ਤੇ ਭਾਈ ਰਾਮ ਸਿੰਘ ਵੀ ਸੰਤ ਸਮਾਜ ਦੇ ਖਾਤੇ ‘ਚੋਂ ਮੈਂਬਰ ਬਣੇ ਹਨ।