ਬਾਦਲਾਂ ਨੂੰ ਪਿਆ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦਾ ਵਲੇਵਾਂ

ਚੰਡੀਗੜ੍ਹ: ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ ਬਾਰੇ ਕਈ ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਨੇ ਸਵਾਲ ਉਠਾਏ ਹਨ। ਇਨ੍ਹਾਂ ਲੋਕਾਂ ਦਾ ਤਰਕ ਹੈ ਕਿ ਪਹਿਲੀ ਨਵੰਬਰ, 1966 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅੰਦੋਲਨ ਕਰ ਕੇ ਜਿਹੜਾ ਪੰਜਾਬੀ ਸੂਬਾ ਹਾਸਲ ਕੀਤਾ ਹੈ, ਉਸ ਨਾਲ ਪੰਜਾਬ ਛੋਟਾ ਹੋ ਗਿਆ ਹੈ ਅਤੇ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਹਰਿਆਣਾ ਅਤੇ ਹਿਮਾਚਲ ਵਿਚ ਚਲੇ ਗਏ ਹਨ।

ਪੰਜਾਬੀ ਇਨ੍ਹਾਂ ਰਾਜਾਂ ਵਿਚ ਵੰਡੇ ਗਏ ਹਨ ਅਤੇ ਇਸ ਨਾਲ ਪੰਜਾਬ ਨੂੰ ਕੁਦਰਤੀ ਸਰੋਤਾਂ ਦੇ ਪੱਖ ਤੋਂ ਵੀ ਨੁਕਸਾਨ ਹੋਇਆ ਹੈ। ਇਸ ਲਈ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ ਦੀ ਥਾਂ ਅਕਾਲੀ ਦਲ ਨੂੰ ਇਸ ਬਾਰੇ ਪਛਤਾਵਾ ਕਰਨਾ ਚਾਹੀਦਾ ਹੈ।
ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ ਉਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸੱਤਾ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਹੈ। ਦੋਵਾਂ ਧਿਰਾਂ ਨੇ ਕਿਹਾ ਹੈ ਕਿ ਬਾਦਲ ਸਰਕਾਰ ਨੂੰ ਪੰਜਾਬੀ ਸੂਬੇ ਦੀ ਵਰ੍ਹੇਗੰਢ ਮਨਾਉਣ ਦਾ ਕੋਈ ਹੱਕ ਨਹੀਂ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦਿਨ ਨੂੰ ਪਛਤਾਵਾ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਕੈਪਟਨ ਨੇ ਪੰਜਾਬੀ ਸੂਬੇ ਦੇ ਨਿਰਮਾਣ ਨੂੰ 1947 ਤੋਂ ਬਾਅਦ ਪੰਜਾਬੀਆਂ ਦੀ ਦੂਜੀ ਵੰਡ ਕਰਾਰ ਦਿੰਦਿਆਂ ਅਕਾਲੀਆਂ ਉਤੇ ਸੰਪਰਦਾਇਕ ਏਜੰਡੇ ਨੂੰ ਪੂਰਾ ਕਰਨ ਖਾਤਰ ਸੂਬੇ ਨੂੰ ਤੋੜਨ ਦਾ ਦੋਸ਼ ਲਾਇਆ। ਉਨ੍ਹਾਂ ਸਵਾਲ ਕੀਤਾ ਹੈ ਕਿ ਇਸ ਮੌਕੇ ਨੂੰ ਮਨਾਉਣ ਲਾਇਕ ਕੀ ਹੈ, ਜਿਸ ਨੇ ਸੂਬੇ ਦੀ ਲਗਾਤਾਰ ਗਿਰਾਵਟ ਦੀ ਸ਼ੁਰੂਆਤ ਕੀਤੀ।
ਇਹ ਮੌਕਾ ਅਕਾਲੀਆਂ ਵਾਸਤੇ ਮਨਾਉਣ ਦੀ ਬਜਾਏ ਪਛਤਾਵਾ ਕਰਨ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਨਾ ਸਿਰਫ ਵੱਡਾ 80 ਲੱਖ ਏਕੜ ‘ਚ ਫੈਲਿਆ ਇਲਾਕਾ ਗੁਆ ਦਿੱਤਾ ਬਲਕਿ ਆਪਣੇ ਕੀਮਤੀ ਸਾਧਨ ਜਿਵੇਂ ਪਾਣੀ, ਪਣ ਬਿਜਲੀ, ਜੰਗਲ ਤੇ ਸੈਰ ਸਪਾਟਾ ਹਿਮਾਚਲ ਪ੍ਰਦੇਸ਼ ਕੋਲ ਚਲੇ ਗਏ ਤੇ ਵੱਡੀ ਮਾਤਰਾ ‘ਚ ਸੰਗਠਿਤ ਉਦਯੋਗਿਕ ਖੇਤਰ ਹਰਿਆਣਾ ਹਿੱਸੇ ਚਲੇ ਗਏ। ਇਤਿਹਾਸ ਵਿਚ ਕਦੇ ਵੀ ਅਜਿਹਾ ਨਹੀਂ ਹੋਇਆ ਹੋਣਾ ਜਦੋਂ ਸੂਬੇ ਦੇ ਲੋਕ ਖੁਦ ਨੂੰ ਵਧਾਉਣ ਦੀ ਬਜਾਏ ਆਪਣੀ ਜ਼ਮੀਨ ਘੱਟ ਕਰਨ ਦੇ ਜ਼ਿਆਦਾ ਇੱਛੁਕ ਸਨ। ਇਸ ਸ਼ਰਮਨਾਕ ਕਾਰੇ ਲਈ ਅਕਾਲੀ ਜ਼ਿੰਮੇਵਾਰ ਹਨ।