ਅਰਜ਼ੀ

ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੀ ਕਹਾਣੀ ‘ਅਰਜ਼ੀ’ ਦੀਆਂ ਇਕ ਨਹੀਂ, ਅਨੇਕ ਪਰਤਾਂ ਹਨ। ਜੇ ਇਕ ਪਾਸੇ ਇਸ ਵਿਚ ਕਿਸਾਨ-ਸ਼ਾਹੂਕਾਰ ਰਿਸ਼ਤੇ ਦੀ ਝਾਤੀ ਪੈਂਦੀ ਹੈ ਤਾਂ ਦੂਜੇ ਬੰਨੇ ਕਚਹਿਰੀਆਂ ਵਿਚ ਅਕਸਰ ਹੁੰਦੀ ਖੱਜਲ-ਖੁਆਰੀ ਦੇ ਵੀ ਭਰਪੂਰ ਦੀਦਾਰੇ ਹੁੰਦੇ ਹਨ। ਇਸ ਤੋਂ ਇਲਾਵਾ ਲਿਖਾਰੀ ਨੇ ਆਪਣੇ ਵੇਲਿਆਂ ਦਾ ਜਿਹੜਾ ਦੌਰ ਇਸ ਲਿਖਤ ਵਿਚ ਜਿਸ ਢੰਗ ਨਾਲ ਬੰਨ੍ਹ ਬਿਠਾਲਿਆ ਹੈ, ਉਸ ਦਾ ਕੋਈ ਜਵਾਬ ਨਹੀਂ।

ਇਹ ਸਾਰੀਆਂ ਗੱਲਾਂ ਉਸ ਨੇ ਸਿਰਫ ਇਕ ਪਾਤਰ ਰਾਮੇ ਸ਼ਾਹ ਰਾਹੀਂ ਹੀ ਉਘਾੜ ਛੱਡੀਆਂ ਹਨ। -ਸੰਪਾਦਕ

ਨਾਨਕ ਸਿੰਘ
“ਅਜ ਸਵੱਖਤੇ ਹੀ ਉਠ ਬੈਠਾ ਏਂ, ਪਾਰੋ ਦਾ ਭਾਈਆ”, ਬੁਹਾਰੀ ਬਹੁਕਰ ਤੋਂ ਵਿਹਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਸ ਨੂੰ ਪੁੱਛਿਆ, “ਅੱਖਾਂ ਸੁੱਜੀਆਂ ਜਾਪਦੀਆਂ ਨੇ, ਰਾਤੀਂ ਜਾਗਦਾ ਰਿਹਾ ਸੈਂ?”
“ਮੱਛਰਾਂ ਕਰ ਕੇ ਨੀਂਦਰ ਨਹੀਂ ਸੀ ਪਈ।” ਉਬਾਸੀ ਲੈ ਕੇ ਮੂੰਹ ‘ਤੇ ਹੱਥ ਫੇਰਦਿਆਂ ਰਾਮੇ ਸ਼ਾਹ ਨੇ ਉਤਰ ਦਿੱਤਾ, “ਨਾਲੇ ਜਿੱਦਣ ਵੱਡੇ ਵੇਲੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ, ਓਦਣ ਰਾਤੀਂ ਨੀਂਦਰ ਘਟ ਈ ਪੈਂਦੀ ਏ।”
“ਕੀ ਕੰਮ ਸੀ ਏਡਾ ਜ਼ਰੂਰੀ?” ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁੱਛਿਆ, “ਕਿਸੇ ਸਾਮੀ ਵੱਲ ਜਾਣਾ ਈ?”
“ਆਹੋ ਸਾਮੀ ਦਾ ਸਿਆਪਾ ਕਰਨ”, ਉਸ ਨੇ ਮੱਥੇ ‘ਤੇ ਤਿਉੜੀ ਪਾ ਕੇ ਕਿਹਾ, “ਕਚਹਿਰੀ ਜਾਣਾ ਏਂ।”
“ਕਚਹਿਰੀ?” ਪਾਰੋ ਦੀ ਮਾਂ ਘੱਟੇ ਵਾਲੇ ਹੱਥ ਝਾੜਦੀ, ਉਸ ਦੇ ਮੰਜੇ ਦੀ ਹੀਂਅ ‘ਤੇ ਬੈਠ ਕੇ ਬੋਲੀ, “ਅੱਜ ਤਰੀਕ ਏ ਫੱਜੇ ਘੁਮਿਆਰ ਦੀ?”
“ਓਏ ਫੱਜੇ ਦਾ ਪੁਆੜਾ ਤੇ ਅਜੇ ਦੂਰ ਏ”, ਰਾਮੇ ਸ਼ਾਹ ਨੇ ਖਿਝ ਕੇ ਕਿਹਾ, “ਉਸ ਵਿਗੜੇ ਹੋਏ ਜੱਟ ਦੀ ਧੌਣ ‘ਚੋਂ ਕਿੱਲਾ ਕੱਢਣਾ ਏਂ ਜਰਾ। ਇਹ ਜੂਠਾਂ ਰਾਸ ਆਉਂਦੀਆਂ ਨੇ ਲਿਹਾਜ਼ ਨਾਲ? ਵਿੰਗਾ ਤਕਲਾ ਜੁੱਤੀ ਨਾਲ ਈ ਸਿਧਾ ਹੁੰਦਾ ਏ। ਲੈਣ ਵੇਲੇ ਤੇ ਜੀਕਰ ਮੂੰਹ ਵਿਚ ਜ਼ਬਾਨ ਨਹੀਂ ਹੁੰਦੀ ਤੇ ਜਦੋਂ ਦੇਣ ਦਾ ਵੇਲਾ ਆਵੇ, ਸ਼ੀਂਹ ਖਖਰ ਹੋ ਹੋ ਪੈਂਦੇ ਨੇ। ਕੱਲ੍ਹ ਲੇਖਾ ਕਰਨ ਗਿਆ ਤੇ ਗਿਠ ਗਿਠ ਭੋਇੰ ਤੋਂ ਉਛਲ ਕੇ ਪਵੇ, ਜੀਕਣ ਬੜੇ ਕਿਸੇ ਨਵਾਬ ਦਾ ਪੁੱਤਰ ਹੁੰਦਾ ਹੈ। ਗਿਝਾ ਹੋਇਆ ਏ ਦੁੰਨੀਏ ਹਟਵਾਣੀਏ ਦਾ। ਖਾ ਪੀ ਕੇ ਮਾਰਿਆ ਮੁੱਛਾਂ ‘ਤੇ ਹੱਥ, ਤੇ ਚਲ ਤੂੰ ਕੌਣ ਤੇ ਮੈਂ ਕੌਣ। ਨਾਨੀ ਨਾ ਚੇਤੇ ਕਰਾ ਦਿਤੀ ਤੇ ਆਖੀਂ! ਸਮਝਿਆ ਕੀ ਹੋਇਆ ਏ ਇਸ ਮੈਨੂੰ? ਅਖੇ ਜਾਤ ਦੀ ਕੋਹੜ ਕਿਰਲੀ ਤੇ ਛਤੀਰਾਂ ਨੂੰ ਜੱਫੇ।”
ਬੋਲਦਿਆਂ ਬੋਲਦਿਆਂ ਰਾਮੇ ਸ਼ਾਹ ਦੇ ਝੁਰੜੀਆਂ ਭਰੇ ਖਮੀਰੇ ਚਿਹਰੇ ਉਤੇ ਲਾਲੀ ਇੰਜ ਦੌੜ ਪਈ ਕਿ ਚੋਖਾ ਚਿਰ ਉਸ ਦਾ ਸਾਹ ਨਾਲ ਸਾਹ ਨਾ ਰਲਿਆ। ਏਸੇ ਹਾਲਤ ਵਿਚ ਉਸ ਨੇ ਕੋਲ ਪਈ ਲੰਮੀ ਨੜੀ ਵਾਲੇ ਹੁੱਕੇ ਨੂੰ ਆਪਣੇ ਵੱਲ ਮੋੜ ਕੇ ਪੂਰੇ ਜ਼ੋਰ ਨਾਲ ਇਕ ਸੂਟਾ ਖਿੱਚਿਆ। ਸ਼ਾਇਦ ਚਿਲਮ ਵਿਚ ਅੱਗ ਸੌਂ ਚੁਕੀ ਸੀ ਜਿਸ ਕਰ ਕੇ ਧੂੰਏਂ ਦੀ ਥਾਂ ਪਾਣੀ ਦਾ ਘੁੱਟ ਉਸ ਦੇ ਅੰਦਰ ਲੰਘ ਗਿਆ ਜਿਸ ਨੇ ਖੰਘ ਹੋਰ ਵੀ ਤੇਜ਼ ਕਰ ਦਿੱਤੀ। ਨਾਲ ਹੀ ਉਥੂ ਆ ਜਾਣ ਕਰ ਕੇ ਅੱਖਾਂ ਵੀ ਡਲਕ ਪਈਆਂ।
“ਅਗੇ ਈ ਪਿਆ ਦਿਸਦਾ ਸੀ ਕਿ!” ਪਾਰੋ ਦੀ ਮਾਂ ਨੇ ਹਮਦਰਦੀ ਤੇ ਦਾਈਏ ਭਰੇ ਰੋਹ ਵਿਚ ਕਿਹਾ, “ਨਾ ਜੁ ਕਿਸੇ ਦੇ ਆਖੇ ਲੱਗਦਾ ਹੋਇਓਂ ਤੂੰ। ਥੋੜ੍ਹਾ ਬੋਲੀ ਸਾਂ ਓਸ ਵੇਲੇ, ਭਈ ਨਾ ਦੇਹ ਸੂ ਬੁੱਕ ਰੁਪਈਆਂ ਦਾ ਕੱਢ ਕੇ, ਕੋਈ ਨਹੀਓਂ ਹਾਲ ਅੱਜ ਕੱਲ੍ਹ ਹੁਦਾਰ ਦੇਣ ਦਾ। ਪਰ ਤੂੰ ਤੇ ਮੈਨੂੰ ਸਮਝਿਆ ਹੋਇਆ ਵੇ ਕੁੱਤੀ। ਪਈ ਆਪੇ ਭੌਂਕ ਭੌਂਕ ਕੇ ਚੁੱਪ ਕਰ ਜਾਊ। ਛੇਕੜ ਓਹੀ ਗੱਲ ਹੋਈ ਕਿ ਨਾ? ਨਾ ਦੇਂਦਿਓਂ ਤੇ ਕਾਹਨੂੰ ਅੱਜ ਪੁਆੜਾ ਪੈਣਾ ਸੀ! ਅਖੇ ਘਰੋਂ ਘਰ ਗੁਆਣਾ ਤੇ ਬਾਹਰੋਂ ਭੜੂਆ ਅਖਵਾਣਾ। ਉਤੋਂ ਬੰਦਾ ਮਾਰਿਆਂ ਅੱਜ ਕੱਲ੍ਹ ਪੈਸਾ ਨਹੀਂ ਲੱਭਦਾ। ਅਰਜ਼ੀਆਂ ਪਾ ਪਾ ਕੇ ਅਗੇ ਥੋੜ੍ਹੀਆਂ ਖੱਟੀਆਂ ਖੱਟ ਲਈਆਂ ਈ? ਮੁਖਤ ਦਾ ਸਗੋਂ ਜੱਟਾਂ ਨਾਲ ਵੈਰ ਵਿਹਾਝਣਾ।”
ਹੁੱਕੇ ਤੋਂ ਚਿਲਮ ਲਾਹ ਕੇ ਸੰਗਲੀ ਬੰਨ੍ਹੀ ਚਿਮਟੀ ਨਾਲ ਉਸ ਵਿਚੋਂ ਅੱਗ ਦੀ ਕੋਈ ਅੰਗਾਰੀ ਟੋਲਦਾ ਹੋਇਆ ਰਾਮੇ ਸ਼ਾਹ, ਔਖੇ ਔਖੇ ਸਾਹ ਨਾਲ ਬੋਲਿਆ, “ਓ ਕਲੈਹਣੀਏਂ, ਤੂੰ ਹਰ ਕੰਮ ਵਿਚ ਨਨਾ ਨਾ ਪਾਇਆ ਕਰ। ਜਿਸ ਕੰਮ ਵਿਚ, ਕਲਜੀਭੀਏ, ਨਾਂਹ ਪਾ ਦੇਨੀ ਏਂ, ਉਹ ਕਦੇ ਸਿਰੇ ਨਹੀਂ ਚੜ੍ਹਿਆ। ਆਢਾ ਨਾ ਲਾ ਵਡੇ ਵੇਲੇ ਸਵੇਲੇ। ਲਿਆ ਲੱਸੀ ਦਾ ਛੰਨਾ ਤੇ ਰਾਤ ਦੀ ਕੋਈ ਬਚੀ ਖੁਚੀ ਰੋਟੀ ਹੈਗੀ ਆ ਤੇ। ਮੈਨੂੰ ਕਚਹਿਰੀ ਨੂੰ ਅਵੇਰਾ ਹੋ ਜਾਏਗਾ। ਪੰਜ ਕੋਹ ਪੈਂਡਾ ਏ, ਮਸੀਂ ਕਿਤੇ ਵੇਲੇ ਸਿਰ ਅਪੜਾਂਗਾ।”
“ਮੈਂ ਆਹਨੀ ਆਂ”, ਮੰਜੇ ਤੋਂ ਉਠਦੀ ਹੋਈ ਪਾਰੋ ਦੀ ਮਾਂ ਘੁਰਕੀ, “ਤੈਨੂੰ ਹੋ ਕੀ ਗਿਆ ਵੇ, ਪਾਰੋ ਦੇ ਭਾਈਆ? ਸਿਧੀ ਗੱਲ ਕਰੋ ਤਾਂ ਵੀ ਪੁਠਾ ਪੈਨਾਂ ਏਂ। ਨਹੀਂ ਤੈਨੂੰ ਮੇਰੀ ਗੱਲ ਸੁਖਾਂਦੀ ਤੇ ਨਾ ਆਖਿਆ ਕਰੂੰ। ਮੇਰੇ ਵੱਲੋਂ ਲੁਟਾਈ ਜਾਹ ਬੇਸ਼ਕ ਦੋਹੀਂ ਹੱਥੀਂ, ਮੈਨੂੰ ਕੀ ਏ! ਭਲੇ ਦੀ ਗਲ ਆਖੋ ਤਾਂ ਵੀ ਡਹਿ ਪੈਨਾ ਏਂ ਲਾਲੀਆਂ ਤਾੜਨ।”
“ਓ ਰੱਬ ਦੀਏ ਮਾਰੀਏ”, ਓਸੇ ਤਰ੍ਹਾਂ ਠੰਢੀ ਚਿਲਮ ਵਿਚ ਚਿਮਟੀ ਫੇਰਦਾ ਹੋਇਆ ਰਾਮੇ ਸ਼ਾਹ ਬੋਲਿਆ, “ਜਾਏਂਗੀ, ਇਥੋਂ ਕਿ ਸੁਣੇਂਗੀ ਮੇਰੇ ਮੂੰਹੋਂ ਕੁਝ ਹੋਰ? ਕੁਪੱਤੀ ਨਾ ਹੋਵੇ ਤੇ।”
“ਮੇਰੀ ਜੁੱਤੀ ਤੋਂæææ ਮੈਨੂੰ ਕੀ ਪਈ ਏæææ ਤੇਰੇ ਨਾਲ ਜਿੰਨੀ ਹੋਵੇ ਥੋੜ੍ਹੀ ਏæææ ਹੋਰ ਦੇਹ ਕੱਢ ਕੱਢ ਕੇ ਥੈਲੀਆਂæææ।” ਬੁੜਬੜਾਂਦੀ ਹੋਈ ਪਾਰੋ ਦੀ ਮਾਂ ਬਾਹਰ ਚਲੀ ਗਈ।
ਏਧਰ ਰਾਮੇ ਸ਼ਾਹ ਦੂਹਰੇ ਨਹੀਂ, ਤੀਹਰੇ ਗੁੱਸੇ ਨਾਲ ਤਪ ਰਿਹਾ ਸੀ। ਇਕ ਸਾਮੀ ਦੀ ਕੱਲ੍ਹ ਵਾਲੀ ਬਦਸਲੂਕੀ, ਦੂਜਾ ਉਠਦਿਆਂ ਹੀ ਪਾਰੋ ਦੀ ਮਾਂ ਦਾ ਕਲੇਸ਼ ਤੇ ਤੀਜਾ ਚਿਲਮ ਦੀ ਬੇਵਫ਼ਾਈ, ਜਿਸ ਵਿਚ ਅਜੇ ਪੌਣਾ ਘੰਟਾ ਪਹਿਲਾਂ ਤਮਾਕੂ ਪਾਇਆ ਸੀ, ਤੇ ਹੁਣ ਉਸ ਵਿਚ ਨਾ ਤਮਾਕੂ ਸੀ, ਨਾ ਅੱਗ। ਉਸ ਦੇ ਦਿਲ ਵਾਂਗ ਇਹ ਧੁਖਦੀ ਧੁਖਦੀ ਪਤਾ ਨਹੀਂ ਕਿਹੜੇ ਵੇਲੇ ਸੁਆਹ ਹੋ ਗਈ ਸੀ।
ਏਨੇ ਨੂੰ ਬਾਰ੍ਹਾਂ-ਤੇਰ੍ਹਾਂ ਵਰ੍ਹਿਆਂ ਦੀ ਮੈਲੇ ਜਿਹੇ ਕੱਪੜੇ ਪਾਈ ਇਕ ਕੁੜੀ ਲੱਸੀ ਦਾ ਛੰਨਾ ਅਤੇ ਦੋ ਬਹੀਆਂ ਰੋਟੀਆਂ ਲੈ ਕੇ ਆਈ।
“ਲੈ ਜਾ ਪਰੇ, ਜਾ ਕੇ ਮਾਰ ਸੂ ਮੱਥੇ ਨਾਲ”, ਕਹਿੰਦਿਆਂ ਰਾਮੇ ਸ਼ਾਹ ਨੇ ਚਿਲਮ ਉਸ ਵੱਲ ਕਰ ਕੇ ਕਿਹਾ, “ਜਾਹ ਔਥੋਂ ਰਤਾ ਤਮਾਕੂੰ ਪਾ ਕੇ ਅੱਗ ਦੇ ਦੋ ਕੋਲੇ ਧਰ ਲਿਆ।”
ਪਿਉ ਦੀ ਭਬਕ ਸੁਣ ਕੇ ਪਾਰੋ, ਬਿਨਾ ਹੋਰ ਕੁਝ ਕਿਹਾਂ, ਇਕ ਹੱਥ ਵਿਚ ਚਿਲਮ ਤੇ ਦੂਜੇ ਵਿਚ ਰੋਟੀਆਂ ਤੇ ਛੰਨਾ ਲਈ ਵਾਪਸ ਮੁੜ ਪਈ। ਉਹ ਅਜੇ ਦਲ੍ਹੀਜਾਂ ਤਕ ਹੀ ਪਹੁੰਚੀ ਸੀ ਕਿ ਮਗਰੋਂ ਰਾਮੇ ਸ਼ਾਹ ਨੇ ਆਵਾਜ਼ ਦਿਤੀ, “ਲਿਆ ਫੂਕ ਫੇਰ ਉਰੇ, ਫੇਰ ਪਈ ਸੜੂੰ ਸੜੂੰ ਕਰੇਗੀ ਮਾਂ ਤੇਰੀ।”
ਅਸਲ ਵਿਚ ਇਹ ਪਾਰੋ ਦੀ ਮਾਂ ਉਤੇ ਮਿਹਰਬਾਨੀ ਨਹੀਂ ਸੀ, ਸਗੋਂ ਰਾਮੇ ਸ਼ਾਹ ਨੂੰ ਝੱਟ ਖਿਆਲ ਆ ਗਿਆ ਕਿ ਸ਼ਹਿਰ ਜਾ ਕੇ ਚਾਰ ਆਨੇ ਖਰਚਿਆਂ ਵੀ ਢਿੱਡ ਨਹੀਂ ਭਰਨਾ।
ਉਹ ਘੁੱਟ ਗਰਾਹੀ ਕਰਦਾ ਹੋਇਆ ਰੋਟੀ ਖਾ ਰਿਹਾ ਸੀ ਤੇ ਉਸ ਦੀਆਂ ਅੱਖਾਂ ਅੱਗੇ ਉਹੀ ਕੱਲ੍ਹ ਵਾਲਾ ਬਿਸ਼ਨਾ ਜੱਟ ਫਿਰ ਰਿਹਾ ਸੀ। ਉਸ ਦੇ ਕੰਨਾਂ ਵਿਚ ਜੱਟ ਦੀ ਉਹ ਕੜਕਵੀਂ ਆਵਾਜ਼ ਅਜੇ ਤੱਕ ਗੂੰਜ ਰਹੀ ਸੀ, ‘ਭੱਜ ਜਾ ਏਥੋਂ ਨਹੀਂ ਤੇ ਵਹੀ ਪਾੜ ਕੇ ਛੱਪੜ ਵਿਚ ਸੁੱਟ ਦਊਂਗਾ ਈ।’ ਗਰਾਹੀ ਉਸ ਦੇ ਸੰਘ ਵਿਚ ਫਸ ਗਈ, ਜਿਸ ਨੂੰ ਲੱਸੀ ਦਾ ਵੱਡਾ ਸਾਰਾ ਘੁੱਟ ਭਰ ਕੇ ਲੰਘਾਦਾ ਹੋਇਆ ਉਹ ਸੋਚਣ ਲੱਗਾ, ‘ਜੇ ਭੜੂਆ ਸੱਚ ਮੁੱਚ ਹੀ ਵਹੀ ਮੇਰੇ ਕੋਲੋਂ ਖੋਹ ਕੇ ਨਾਲ ਦੇ ਛੱਪੜ ਵਿਚ ਸੁੱਟ ਛੱਡਦਾ ਤਾਂ ਕੀ ਬਣਦਾ? ਸਾਰੀ ਉਮਰ ਦੀ ਖੱਟੀ ਉਸ ਬਦਮਾਸ਼ ਦੇ ਇਕੋ ਝਟਕੇ ਨਾਲ ਬਰਬਾਦ ਹੋ ਜਾਂਦੀ। ਕਿੰਨਾ ਨੁਕਸਾਨ ਹੁੰਦਾ। ਦਿਆਲਾ ਲੰਬਰਦਾਰ ਸਾਢੇ ਪੰਜ ਸੌæææ ਕਰਮ ਸਿੰਘ ਮਾਦੋਕਿਆਂ ਦਾ-ਚਾਰ ਸੌæææ ਬਾਵਾ ਸੁੰਹ ਸੇਂਦੇ ਦਾ-ਢਾਈ ਸੌæææ ਰਣ ਸਿੰਘæææ ਕਰਮਾ ਲੁਹਾਰæææ ਦਾਦੂ ਤੇਲੀæææ ਬਿੱਲਾ ਰੁਲੀਏ ਦਾ, ਜੈਲਾ ਉਮਰੇ ਦਾ ਤੇ ਬਾਕੀ ਨਿਕ ਪਰਚੂਨæææ ਸਾਰਾ ਰਲਾ ਮਿਲਾ ਕੇ ਤਿੰਨ ਸਾਢੇ ਤਿੰਨ ਹਜ਼ਾਰ।’
“ਲੈ ਭਾਈਆ।” ਪਾਰੋ ਨੇ ਚਿਲਮ ਹੁੱਕੇ ‘ਤੇ ਰੱਖ ਕੇ ਕਿਹਾ।
ਛੰਨੇ ਦਾ ਛੇਕੜਲਾ ਘੁੱਟ ਖਤਮ ਕਰ ਕੇ ਰਾਮੇ ਸ਼ਾਹ ਨੇ ਹੁੱਕੇ ਵਲ ਮੂੰਹ ਮੋੜਿਆ। ਥੋੜ੍ਹੇ ਚਿਰ ਵਿਚ ਕੋਠੜੀ ਧੂੰਏ ਨਾਲ ਭਰ ਗਈ। ਏਸ ਧੁੰਦਲੇ ਜਿਹੇ ਬੱਦਲ ਵਿਚ ਉਸ ਨੂੰ ਪੌਣੇ ਤਿੰਨ ਸੌ ਦੀ ਰਕਮ, ਕੁਝ ਨੋਟਾਂ ਦੇ ਰੂਪ ਵਿਚ ਤੇ ਕੁਝ ਚਾਂਦੀ ਦੇ ਸਿੱਕਿਆਂ ਦੇ ਰੂਪ ਵਿਚ ਭੌਂਦੀ ਦਿਸਦੀ ਸੀ। ਕਦੀ ਉਹ ਉਸ ਦੇ ਨੇੜੇ ਆ ਜਾਂਦੀ ਅਤੇ ਕਦੀ ਦੂਰ ਹੁੰਦੀ ਹੁੰਦੀ ਧੂੰਏਂ ਵਿਚ ਲੋਪ ਹੋ ਜਾਂਦੀ।
ਵਹੀ ਨੂੰ ਚਾਦਰ ਦੀ ਕੰਨੀਂ ਬੰਨ੍ਹ ਕੇ ਜਦ ਉਹ ਆਪਣੀ ਪੱਕੀ ਹਵੇਲੀ ਦੀ ਡਿਉਢੀ ਕੋਲ ਪੁੱਜਾ ਤਾਂ ਮਹੀਂ ਦੀ ਖੁਰਲੀ ਉਤੇ ਸੱਜੀ ਲੱਤ ਟਿਕਾ ਕੇ ਉਸ ਨੇ ਇਕ ਵਾਰੀ ਫੇਰ ਵਹੀ ਖੋਲ੍ਹੀ ਤੇ ਬਿਸ਼ਨੇ ਜੱਟ ਵਾਲਾ ਪੰਨਾ ਕੱਢ ਕੇ ਚੰਗੀ ਤਰ੍ਹਾਂ ਵੇਖਣ ਲੱਗਾ। ਡੇਢ ਸੌ ਦੀ ਰਕਮ ਉਤੇ ਅੰਗੂਠੇ ਦਾ ਨਿਸ਼ਾਨ ਬਿਲਕੁਲ ਠੀਕ ਸੀ। ਹੇਠਾਂ ਕਿਰਪਾ ਸਿੰਘ ਤੇ ਜੁਆਲਾ ਸਿੰਘ ਦੀਆਂ ਗਵਾਹੀਆਂ ਵੀ ਜਿਉਂ ਦੀਆਂ ਤਿਉਂ ਸਨ। ਕੁਝ ਵੀ ਗੁਆਚਾ ਨਹੀਂ ਸੀ। ਵਿਆਜ ਦਾ ਵੀ ਪੂਰਾ ਇਕ ਸੌ ਪੈਂਤੀ ਬਣਦਾ ਸੀ, ਪਰ ਰਾਮੇ ਸ਼ਾਹ ਨੂੰ ਰਹਿ ਰਹਿ ਕੇ ਭਰਮ ਪੈਂਦਾ ਕਿ ਇਹ ਗੂੜ੍ਹੀ ਸਿਆਹੀ ਦੇ ਮੋਟੇ ਅੱਖਰ ਮਿਟ ਨਾ ਗਏ ਹੋਣ ਜਾਂ ਹਾਕਮ ਕੋਲੋਂ ਪੜ੍ਹੇ ਈ ਨਾ ਜਾਣ! ਜਾਂ ਹੋਰ ਕੋਈ ਕਾਨੂੰਨੀ ਗਲਤੀ ਨਾ ਰਹਿ ਗਈ ਹੋਵੇ ਜਿਸ ਕਰ ਕੇ ਇੱਜਰਾ ਡਿਗਰੀ ਮਿਲਣ ਵਿਚ ਢਿੱਲ ਮੱਠ ਪੈ ਜਾਵੇ।
ਪਿੰਡੋਂ ਬਾਹਰ ਨਿੱਕਲ ਜਦ ਉਹ ਸੜਕ ‘ਤੇ ਪੁਜਾ ਤਾਂ ਮਗਰੋਂ ਧੜ ਧੜ ਕਰਦਾ ਟਾਂਗਾ ਉਸ ਦੇ ਕੋਲ ਆ ਕੇ ਰੁਕਿਆ। ਕੋਚਵਾਨ ਨੇ ਆਵਾਜ਼ ਦਿਤੀ, “ਛਾਹ ਜੀ, ਬਹਿ ਜਾਉ ਜਿਲੇ ਚਲਣਾ ਜੇ ਤਾਂ!”
ਰਾਮੇ ਸ਼ਾਹ ਨੇ ਪਿਛਾਂਹ ਪਰਤ ਕੇ ਟਾਂਗੇ ਵੱਲ ਤੱਕਿਆ। ਟਾਂਗੇ ਦੀਆਂ ਪਾਟੀਆਂ ਹੋਈਆਂ ਟਾਟ ਦੀਆਂ ਗੱਦੀਆਂ ਵਿਚੋਂ ਪਰਾਲੀ ਬਾਹਰ ਨਿਕਲੀ ਹੋਈ ਸੀ ਅਤੇ ਢੋ ਦਾ ਇਕ ਸਿਰਾ ਆਪਣੀ ਥਾਂ ਤੋਂ ਉਖੜ ਕੇ ਇਕ ਬੰਨੇ ਉਲਰਿਆ ਹੋਇਆ ਸੀ। ਘੋੜੇ ਦਾ ਕਦ ਟਾਂਗੇ ਨਾਲੋਂ ਦੋ ਢਾਈ ਫੁਟ ਉਚਾ ਸੀ ਜਿਸ ਦੀ ਖਲੜੀ ਦਾ ਚੋਖਾ ਹਿਸਾ ਛਿਲਿਆ ਹੋਇਆ ਹੋਣ ਕਰ ਕੇ ਹਜ਼ਾਰਾਂ ਮੱਖੀਆਂ ਉਥੇ ਭਿਣਕ ਰਹੀਆਂ ਸਨ। ਮੱਖੀਆਂ ਉਡਾਣ ਲਈ ਘੋੜਾ ਜਿੰਨੀ ਵਾਰੀ ਪੂਛਲ ਚੁਕ ਕੇ ਫੇਰਦਾ, ਉਨੀ ਵਾਰੀ ਹੀ ਅਗਲੀ ਸੀਟ ‘ਤੇ ਬੈਠੀ ਬੁਰਕੇ ਵਾਲੀ ਸਵਾਰੀ ਤ੍ਰਭਕ ਕੇ ਪਿਛਾਂਹ ਹੋ ਜਾਂਦੀ ਕਿ ਗੰਦੀ ਪੂਛਲ ਉਸ ਦਾ ਬੁਰਕਾ ਨਾ ਲਬੇੜ ਸੁੱਟੇ। ਘੋੜੇ ਦਾ ਢਾਂਚਾ ਵੇਖ ਕੇ ਏਹੋ ਲਗਦਾ ਸੀ ਕਿ ਉਸ ਦੀ ਖਾਧੀ ਹੋਈ ਖੁਰਾਕ ਉਸ ਦੇ ਮਾਸ ਦੀ ਥਾਂ ਉਸ ਦੀਆਂ ਹੱਡੀਆਂ ਨੂੰ ਹੀ ਵਧਾ ਫੁਲਾ ਰਹੀ ਸੀ। ਪਿਛਲੀਆਂ ਸੀਟਾਂ ‘ਤੇ ਬੈਠੇ ਦੋ ਜੱਟ ਹੱਥਾਂ ਨਾਲ ਭੰਨ ਭੰਨ ਕੇ ਖਰਬੂਜੇ ਖਾ ਰਹੇ ਸਨ ਜਿਨ੍ਹਾਂ ਦੀਆਂ ਸੁੱਟੀਆਂ ਹੋਈਆਂ ਛਿੱਲਾਂ ਨੂੰ ਇਕ ਲੁੰਡੀ ਪੂਛਲ ਵਾਲੀ ਬੱਕਰੀ ਨਾਲੋ ਨਾਲ ਸਮੇਟੀ ਜਾ ਰਹੀ ਸੀ।
“ਕੀ ਲੈਣਾ ਈ ਬਈ ਗੱਲ ਕਰ?” ਪੁੱਛਦਿਆਂ ਰਾਮੇ ਸ਼ਾਹ ਨੇ ਪਹਿਲਾਂ ਆਪਣੀ ਜੁੱਤੀ ਦੇ ਸੱਜੇ ਛਿੱਤਰ ਵੱਲ ਤੱਕਿਆ ਜਿਹੜਾ ਪਬ ਤੋਂ ਪਾਟਿਆ ਹੋਇਆ ਸੀ ਤੇ ਫੇਰ ਕੱਛੇ ਮਾਰੀ ਵਹੀ ਵੱਲ, ਜਿਹੜੀ ਲੱਠੇ ਦੀ ਚਾਦਰ ਦੀਆਂ ਕਈ ਤੈਹਾਂ ਵਿਚ ਲਪੇਟੀ ਹੋਈ ਸੀ।
“ਤਿੰਨ ਆਨੇ ਸ਼ਾਹ ਜੀ”, ਟਾਂਗੇ ਵਾਲੇ ਨੇ ਗਲ ਵਿਚ ਪਈ ਪਗੜੀ ਨੂੰ ਠੀਕ ਕਰਦਿਆਂ ਕਿਹਾ, “ਪੁੱਛ ਲੈ ਨਾਲ ਦੀਆਂ ਸਵਾਰੀਆਂ ਨੂੰ, ਤੁਹਾਡੇ ਕੋਲੋਂ ਕੋਈ ਵੱਧ ਲੈ ਲੈਣੇ ਨੇ!” ਉਸ ਨੇ ਆਸ ਭਰੀ ਨਜ਼ਰ ਨਾਲ ਸ਼ਾਹ ਵਲ ਤੱਕਿਆ।
“ਹੇਖਾਂ!” ਰਾਮੇ ਸ਼ਾਹ ਨੇ ਧੋਤੀ ਦੇ ਵਧਵੇਂ ਲੜ ਤੋਂ ਘੱਟਾ ਝਾੜਦਿਆਂ ਕਿਹਾ, “ਤਿੰਨ ਆਨੇ ਨਾ ਤਿੰਨ ਆਨੇ। ਬੜੀ ਦੂਰ ਏ ਜਿਕਣ ਕਚਹਿਰੀ।”
ਪਿਛਲੀ ਸੀਟ ਉਤੇ ਬੈਠੀਆਂ ਦੋਹਾਂ ਸਵਾਰੀਆਂ ਵਿਚੋਂ ਇਕ ਨੇ ਕਿਹਾ, “ਬਹਿ ਜਾਉ ਸ਼ਾਹ ਜੀ। ਕੜਕਦੀ ਦੁਪਹਿਰੀਂ ਕਿਥੇ ਘੱਟਾ ਫੱਕਦੇ ਜਾਓਗੇ, ਬਹਿ ਜਾਓ।”
“ਸ਼ਾਹ ਜੀ”, ਕੋਚਵਾਨ ਨੇ ਟਾਂਗੇ ਤੋਂ ਉਤਰ ਕੇ ਘੋੜੇ ਦੇ ਤੰਗ ਨੂੰ, ਜਿਹੜਾ ਨੀਲੇ ਢਿਲਕਵਂੇ ਸਾਫੇ ਨਾਲ ਬੰਨ੍ਹਿਆ ਹੋਇਆ ਸੀ, ਕੱਸਦਿਆਂ ਕਿਹਾ, “ਪੰਜ ਕੋਹ ਪੱਕਾ ਪੈਂਡਾ ਏ ਸ਼ਾਹ ਜੀ, ਉਤੋਂ ਗਰਮੀ ਨਾਲ ਕਾਂ ਦੀ ਅੱਖ ਨਿਕਲਦੀ ਏ। ਬਹੁਤੇ ਤੇ ਨਹੀਂ ਤਿੰਨ ਆਨੇ।”
“ਪੰਜ ਕੋਹ, ਬੱਲੇ ਓਏ”, ਸ਼ਾਹ ਨੇ ਚਾਦਰ ਦੀ ਕੰਨੀ ਨਾਲ ਮੂੰਹ ਤੋਂ ਮੁੜਕਾ ਪੂੰਝਦਿਆਂ ਹੋਇਆਂ ਕਿਹਾ, “ਵਾਜ ਮਾਰੀ ਕਚਹਿਰੀ ਅੱਪੜ ਪੈਂਦੀ ਏ, ਪੰਜ ਕੋਹ!” ਤੇ ਉਹ ਸੜਕੇ ਸੜਕ ਤੁਰ ਪਿਆ।
“ਹਛਾ ਢਾਈ ਆਨੇ ਦੇਹ ਦੇਣੇ।” ਕੋਚਵਾਨ ਨੇ ਪਿਛੋਂ ਆਵਾਜ਼ ਦਿੱਤੀ।
“ਛੀ ਪੈਸੇ, ਛੀ ਪੈਸੇ।” ਬਿਨਾ ਟਾਂਗੇ ਵੱਲ ਤੱਕਿਆਂ ਸ਼ਾਹ ਨੇ ਕਿਹਾ ਤੇ ਮੂੰਹ ਧਿਆਨਾ ਟੁਰਿਆ ਗਿਆ। ਅਧੇ ਕੁ ਫਰਲਾਂਗ ‘ਤੇ ਜਾ ਕੇ ਉਸ ਨੇ ਇਕ ਦੋ ਵਾਰੀ ਫਿਰ ਪਿਛਾਂਹ ਵੱਲ ਤੱਕਿਆ ਕਿ ਸ਼ਾਇਦ ਟਾਂਗੇ ਵਾਲਾ ਆਵਾਜ਼ ਮਾਰ ਲਵੇ, ਪਰ ਟਾਂਗੇ ਵਾਲਾ ਸਮਝ ਚੁੱਕਾ ਸੀ ਕਿ ਸ਼ਾਹ ਨੇ ਪੈਸੇ ਨਹੀਂ ਖਰਚਣੇ।
ਟੁਰੇ ਜਾਂਦਿਆਂ ਸ਼ਾਹ ਨੂੰ ਇਕ ਵਾਰੀ ਫਿਰ ਖਿਆਲ ਆਇਆ, “ਦੋ ਆਨੇ ਖ਼ਬਰੇ ਮੰਨ ਲੈਂਦਾ, ਪਰ ਪਿਛੇ ਮੁੜਨਾ ਅਤੇ ਮੁੜ ਟਾਂਗੇ ਵਾਲੇ ਨੂੰ ਕੁਝ ਕਹਿਣਾ ਉਸ ਨੂੰ ਆਪਣੀ ਹਤਕ ਜਾਪੀ। ਫਿਰ ਇਸ ਗੱਲ ਦਾ ਵੀ ਕੀ ਭਰੋਸਾ ਸੀ ਕਿ ਉਹ ਦੋ ਆਨੇ ਮੰਨ ਲਵੇਗਾ? ਦੋਬਾਰਾ ਆਉਂਦਿਆਂ ਵੇਖ ਕੇ ਤਾਂ ਉਸ ਨੇ ਸਗੋਂ ਭੂਏ ਹੋ ਜਾਣਾ ਹੈ। ਚਲੋ ਛਡੋ ਪਰੇ। ਢਾਈ ਆਨੇ! ਆਖ਼ਿਰ ਕਿਸ ਗੱਲ ਦੇ ਢਾਈ ਆਨੇ? ਸਹਿਜ ਭਾ ਨਾਲ ਤੁਰਿਆ ਜਾਵਾਂ ਤਾਂ ਵੀ ਡੂਢ ਦੋ ਘੰਟਿਆਂ ਵਿਚ ਪਹੁੰਚ ਜਾਵਾਂਗਾ। ਪਹੁੰਚਣਾ ਤੇ ਕਚਹਿਰੀ ਈ ਏ ਨਾ। ਹੁਣ ਵਜੇ ਹੋਣੇ ਨੇ ਅੱਠ। ਦਸ ਵਜੇ ਤੋਂ ਪਹਿਲਾਂ ਜਾ ਅਪੜਾਂਗਾ। ਤੇ ਟਾਂਗਾ ਵੀ ਕਿਹੜਾ ਕਿਤੇ ਮੋਟਰ ਕਾਰ ਏ। ਫੇਰ ਕੱਚੀ ਸੜਕ ਦਾ ਰਸਤਾ, ਲਕ ਲਕ ਤਕ ਡੂੰਘੀਆਂ ਲੀਹਾਂ। ਰੱਬ ਨਾ ਕਰਾਏ ਜੇ ਕਿਤੇ ਲੀਹ ਵਿਚ ਫਸ ਕੇ ਡਿਗ ਜਾਵੇ ਤਾਂ ਜਾਨ ਨੂੰ ਖਤਰਾ। ਟਕੇ ਚਾਲ ਢਿਚਕੂੰ ਢਿਚਕੂੰ ਕਦੇ ਉਲਾਰ ਕੇ ਦੋ ਗਜ਼ ਸੱਜੇ ਤੇ ਕਦੇ ਤਿੰਨ ਗਜ਼ ਖੱਬੇ। ਫਿਰ ਦਸ ਪੈਸੇ! ਨਾਉਂ ਲੈਣਾ ਸੁਖਾਲਾ ਏ। ਪਾਰੋ ਦੀ ਮਾਂ ਝੂਠ ਥੋੜ੍ਹਾ ਆਂਹਦੀ ਸੀ, ਅਖੇ ਅੱਜ ਕੱਲ੍ਹ ਬੰਦਾ ਮਾਰਿਆ ਪੈਸਾ ਨਹੀਂ ਲੱਭਦਾ। ਏਸ ਵਿਚ ਝੂਠ ਕੀ ਏ? ਪਤਾ ਤੇ ਉਸ ਨੂੰ ਲਗਦਾ ਏ ਜਿਨੂੰ ਹੱਡ ਭੰਨ ਕੇ ਕਮਾਣੇ ਪੈਂਦੇ ਨੇ। ਇਨ੍ਹਾਂ ਜੱਟਾਂ ਦਾ ਕੀ ਏ, ਇਕ ਦਾਣਾ ਬੀਜਿਆ ਤੇ ਸੌ ਦਾਣੇ ਵੱਢ ਲਏ। ਅਖੇ ਬੈਠ ਜਾਓ, ਸ਼ਾਹ ਜੀ ਬੈਠ ਜਾਓ। ਅਕਲ ਨਾ ਮੌਤ।”
ਇਨ੍ਹਾਂ ਹੀ ਖਿਆਲਾਂ ਵਿਚ ਮੂੰਹ ਧਿਆਨ ਟੁਰੇ ਜਾਂਦਿਆਂ ਅਚਾਨਕ ਸ਼ਾਹ ਨੂੰ ਪੱਥਰ ਦਾ ਠੇਡਾ ਲੱਗਾ ਤੇ ਜੁੱਤੀ ਦਾ ਪੱਬ ਹੋਰ ਥੋੜ੍ਹਾ ਜਿਹਾ ਪਾਟ ਗਿਆ। ਪੈਰ ਦਾ ਅੰਗੂਠਾ ਤੇ ਦੋ ਉਂਗਲਾਂ ਜੁੱਤੀ ‘ਚੋਂ ਬਾਹਰ ਨਿਕਲ ਆਈਆਂ। ਨਾਲ ਹੀ ਠੋਕਰ ਨਾਲ ਲਹੂ ਵੀ ਸਿੰਮ ਪਿਆ।
“ਕੋਈ ਹਰਜ਼ ਨਹੀਂ ਐਹ ਬੂਹੇ ‘ਤੇ ਕਚਹਿਰੀ ਏ।” ਏਸੇ ਤਰ੍ਹਾਂ ਦਿਲ ਨੂੰ ਢਾਰਸ ਦੇਂਦਾ ਰਾਮੇ ਸ਼ਾਹ ਟੁਰਿਆ ਜਾ ਰਿਹਾ ਸੀ। ਕੱਛੇ ਮਾਰੀ ਚਾਦਰ ਮੁੜ੍ਹਕੇ ਨਾਲ ਭਿੱਜਣ ਲੱਗੀ। ਵਹੀ ਭਾਵੇਂ ਕਈਆਂ ਤੈਹਾਂ ਵਿਚ ਲਪੇਟੀ ਹੋਈ ਸੀ, ਪਰ ਸ਼ਾਹ ਨੂੰ ਡਰ ਸੀ ਕਿ ਮੁੜ੍ਹਕਾ ਉਸ ਦੇ ਵਰਕਿਆਂ ਤਕ ਨਾ ਜਾ ਪੁਜੇ। ਉਸ ਨੇ ਚਾਦਰ ਦੀ ਗੰਢ ਕਛ ਹੇਠੋਂ ਕੱਢ ਕੇ ਮੋਢੇ ‘ਤੇ ਰੱਖ ਲਈ।
ਮੀਲ ਸਵਾ ਮੀਲ ਤੱਕ ਰਾਮੇ ਸ਼ਾਹ ਬਰਾਬਰ ਪਿਛੇ ਮੁੜ ਮੁੜ ਕੇ ਵੇਖਦਾ ਗਿਆ ਅਤੇ ਉਸ ਦੇ ਕੰਨ ਬਰਾਬਰ ਟਾਂਗੇ ਦੀ ਖੜ ਖੜ ਨੂੰ ਉਡੀਕਦੇ ਰਹੇ। ਹੋ ਸਕਦਾ ਹੈ, ਉਸ ਨੂੰ ਸਵਾਰ ਹੋਣ ਦਾ ਵੀ ਖਿਆਲ ਹੋਵੇ, ਪਰ ਏਦੂੰ ਬਹੁਤਾ ਖਿਆਲ ਉਸ ਨੂੰ ਏਸ ਗੱਲ ਦੀ ਸੀ ਕਿ ਟਾਂਗਾ ਜੇ ਪਹਿਲਾਂ ਕਚਹਿਰੀ ਪਹੁੰਚ ਗਿਆ ਤਾਂ ਇਹ ਉਸ ਦੀ ਹੇਠੀ ਦਾ ਕਾਰਨ ਹੋਵੇਗਾ।
ਉਹ ਤੇਜ਼ ਤੇਜ਼ ਕਦਮ ਸੁਟਦਾ ਟੁਰਿਆ ਜਾ ਰਿਹਾ ਸੀ ਤੇ ਟਾਂਗੇ ਦੀ ਥਾਂ ਉਸ ਦੇ ਦਿਮਾਗ ਵਿਚ ਬਿਸ਼ਨਾ ਜੱਟ ਫਿਰ ਰਿਹਾ ਸੀ, ਮਤਲਬ ਬਿਸ਼ਨੇ ਜੱਟ ਬਾਬਤ ਕੁਝ ਢਹਿੰਦੇ ਜਿਹੇ ਵਿਚਾਰ, “ਅਰਜ਼ੀ ਪਾਣੀ ਵੀ ਕਿਹੜੀ ਸੁਖਾਲੀ ਏ। ਦਾੜ੍ਹੀ ਨਾਲੋਂ ਮੁੱਛਾਂ ਵਧ ਜਾਂਦੀਆਂ ਨੇ। ਪੌਣੇ ਤਿੰਨ ਸੌ ਦੀ ਡਿਗਰੀ ਲੈਂਦਿਆਂ ਤੀਕ ਸੌ ਸਵਾ ਸੌ ਤੇ ਖ਼ਰਚ ਹੋ ਜਾਣਾ ਏ ਤੇ ਖ਼ਬਰੇ ਕਿੰਨੀਆਂ ਕੁ ਪੇਸ਼ੀਆਂ ਭੁਗਤਣੀਆਂ ਪੈਣ। ਅਗੋਂ ਮੁਕੱਦਮਾ ਹੋਇਆ ਦੀਵਾਨੀ। ਦੀਵਾਨੀ ਤਾਂ ਸੱਚਮੁੱਚ ਲਹਿਣੇਦਾਰਾਂ ਨੂੰ ਦੀਵਾਨਾ ਕਰ ਛੱਡਦੀ ਏ। ਉਤੋਂ ਅੱਜ ਕੱਲ੍ਹ ਦਾ ਕਾਨੂੰਨ ਹੋਇਆ ਜੱਟਾਂ ਦੇ ਹੱਕ ਵਿਚ। ਨਾ ਕੈਦ ਕਰ ਸਕਣਾ ਹੋਇਆ, ਨਾ ਜ਼ਮੀਨ ਕੁਰਕ ਹੋ ਸਕਦੀ ਹੋਈ। ਤੇ ਵਸੂਲ ਕੀ ਹੋਣਾ ਹੋਇਆ, ਮਿੱਟੀ ਤੇ ਸੁਆਹ! ਘਰ ਦੇ ਚਾਰ ਭਾਂਡੇ, ਉਹ ਵੀ ਕਿਸਮਤ ਨਾਲ! ਤੇ ਉਮਰਾਂ ਦਾ ਵੈਰ ਵਿਹਾਜ ਲੈਣਾ ਵੱਖਰਾ। ਸੋ ਬੰਦਾ ਕਰੇ ਤਾਂ ਕੀ ਕਰੇ। ਕੇਡੀ ਖੁੰਝ ਹੋ ਗਈ। ਕਰਮਾਂ ਦੀ ਮਾਰ। ਜੇ ਉਸ ਵੇਲੇ ਪਾਰੋ ਦੀ ਮਾਂ ਦੇ ਆਖੇ ਲੱਗ ਪੈਂਦਾ ਤਾਂ ਅੱਜ ਕਾਹਨੂੰ ਖੱਜਲ ਹੋਣਾ ਸੀ। ਹਾਲ ਦੀ ਘੜੀ ਤੇ ਵਿਆਜ ਲੈਂਦੇ ਲੈਂਦੇ ਮੂਲ ਵੀ ਗੁਆ ਬੈਠੇ। ਪਰ ਕੋਈ ਗੱਲ ਨਹੀਂ। ਇਕ ਵਾਰੀ ਤਾਂ ਬਿਸ਼ਨੇ ਦੇ ਬੂਹੇ ‘ਤੇ ਮੈਂ ਵੀ ਡੁੱਗੀ ਵਜਾ ਕੇ ਛੱਡਣੀ ਏ। ਵਸੂਲ ਕੁਝ ਹੋਵੇ, ਭਾਵੇਂ ਨਾ ਹੋਵੇ, ਇਜ਼ਤ ਆਬਰੂ ਤੇ ਉਸ ਦੀ ਮਿੱਟੀ ਵਿਚ ਰੋਲ ਕੇ ਛੱਡਾਂਗਾ।”
ਖੜ ਖੜ ਦੀ ਆਵਾਜ਼ ਅਤੇ ਘੱਟੇ ਦੇ ਗੁਬਾਰ ਨੇ ਰਾਮੇ ਸ਼ਾਹ ਦੀ ਵਿਚਾਰਧਾਰਾ ਤੋੜ ਦਿੱਤੀ। ਉਹੀ ਟਾਂਗਾ ਆ ਰਿਹਾ ਸੀ। ਸ਼ਾਹ ਦੋ ਦਲੀਲੀਆਂ ਵਿਚ ਪੈ ਗਿਆ, “ਬਹਿ ਜਾਵਾਂ ਕਿ ਨਾ? ਪੈਂਡਾ ਤਾਂ ਕੋਈ ਡੇਢ ਕੋਹ ਮੁਕ ਗਿਆ ਹੈ। ਕੁੱਲ ਢਾਈ ਤਿੰਨ ਕੋਹ ਮਸਾਂ ਬਾਕੀ ਏ। ਭਲਾ ਜੇ ਅੱਧੋ ਅੱਧ ਲੈ ਲਵੇ-ਚਾਰ ਪੰਜ ਪੈਸੇ, ਹਾਂ ਫਿਰ ਤਾਂ ਕੋਈ ਮਹਿੰਗਾ ਨਹੀਂ। ਪਰ ਇਹ ਟਾਂਗਿਆਂ ਵਾਲੇ ਬੜੇ ਕੱਬੇ ਨੇ, ਕਿੱਥੋਂ ਮੰਨਣ ਲੱਗਾ ਏ, ਪਰ ਚਲੋ ਨਹੀਂ ਮੰਨੇਗਾ ਨਾ ਸਹੀ, ਪਰæææ ਪਰ ਇਹ ਜੁੱਤੀ ਖਸਮਾਂ ਖਾਣੀ ਨੇ ਬੜਾ ਤੰਗ ਕੀਤਾ ਏ। ਖੈਰ ਕੋਈ ਗੱਲ ਨਹੀਂ। ਬਹੁਤਾ ਔਖਿਆਂ ਕਰੇਗੀ, ਤੇ ਹੱਥ ਵਿਚ ਫੜ ਲਵਾਂਗਾ। ਈਹੋ ਪੰਜ ਛੀ ਪੈਸੇ ਮੋਚੀ ਨੂੰ ਦਿਆਂਗਾ, ਜੁੱਤੀ ਨਵੀਂ ਨਕੋਰ ਹੋ ਜਾਏਗੀ। ਹੁਨਾਲ ਹੁਨਾਲ ਤੇ ਜਾਂਦੀ ਨਹੀਂ, ਸਿਆਲ ਨੂੰ ਸੁੱਖ ਰਹੀ ਤੇ ਫਿਰ ਵੇਖੀ ਜਾਏਗੀ।”
ਏਨੇ ਨੂੰ ਪਿੱਛੋਂ ਆਵਾਜ਼ ਆਈ, “ਬਹਿ ਜਾਓ ਸ਼ਾਹ ਜੀ, ਬਹਿ ਜਾਓ। ਕਿਉਂ ਔਖੇ ਹੁੰਦੇ ਜੇ ਕਿਨਾਰੇ ਢਾਈਆਂ ਆਨਿਆਂ ਬਦਲੇ।”
“ਢਾਈ ਆਨੇ? ਅਜੇ ਵੀ ਢਾਈ ਆਨੇ? ਅੱਧਾ ਪੈਂਡਾ ਮੁਕਾ ਲਿਆ ਏ”, ਸ਼ਾਹ ਸੋਚ ਰਿਹਾ ਸੀ, “ਦਫਾ ਕਰੋ ਸੂ।”
ਪਰ ਟਾਂਗੇ ਵਾਲਾ ਵੀ ਢੀਠ ਨਿਕਲਿਆ। ਉਸ ਨੇ ਟਾਂਗਾ ਲਾਗੇ ਲਿਆ ਖਲ੍ਹਾਰਿਆ। ਸਵਾਰੀਆਂ ਉਸ ਵਿਚ ਓਨੀਆਂ ਹੀ ਸਨ, ਤਿੰਨ ਦੀਆਂ ਤਿੰਨ। ਉਹ ਇਕ ਵਾਰੀ ਫੇਰ ਪੁਕਾਰਿਆ, “ਏ ਗੱਲ ਤੇ ਸੁਣੋ ਸ਼ਾਹ ਜੀ!”
ਰਾਮੇ ਸ਼ਾਹ ਬੜੀ ਲਾਪਰਵਾਹੀ ਨਾਲ, ਜਿਵੇਂ ਉਸ ਨੂੰ ਟਾਂਗੇ ‘ਤੇ ਬੈਠਣ ਦੀ ਉਕਾ ਚਾਹ ਨਹੀਂ, ਰੁਕਿਆ, “ਹਾਂ, ਕੀ ਗੱਲ ਏ?”
“ਏ ਮੈਂ ਕਿਹਾ ਬੈਠ ਜਾਓ, ਚਲੋ ਦੋ ਆਨੇ ਦੇ ਦੇਣੇ, ਹੁਣ ਤੇ ਰਾਜੀ ਓ?”
ਸ਼ਾਹ ਨੂੰ ਇਸ ਮੂਰਖ ਦੀ ਅਕਲ ‘ਤੇ ਗੁੱਸਾ ਆ ਰਿਹਾ ਸੀ, “ਛੀ ਪੈਸੇ ਮੈਂ ਇਸ ਨੂੰ ਅੱਡੇ ‘ਤੇ ਕਹੇ ਸਨ, ਤੇ ਹੁਣ ਅੱਧ ਵਿਚ ਆ ਕੇ ਦੁਆਨੀ। ਤੁਰਿਆ ਜਾ, ਤੁਰਿਆ ਜਾਹ!” ਸ਼ਾਹ ਨੇ ਗੁੱਸੇ ਨਾਲ ਕਿਹਾ, ਤੇ ਆਪ ਅਗਲਵਾਂਢੀ ਟੁਰ ਪਿਆ।
“ਹੱਛਾ ਤੁਸਾਂ ਕੀ ਦੇਣਾ ਏ ਭਲਾ?” ਟਾਂਗੇ ਵਾਲੇ ਨੇ ਘੋੜੇ ਨੂੰ ਛਾਂਟਾ ਮਾਰਦਿਆਂ ਖਿਝ ਕੇ ਕਿਹਾ।
ਧੁੱਪ ਕੜਾਕੇਦਾਰ ਹੋ ਗਈ। ਰਾਮੇ ਸ਼ਾਹ ਦੀ ਜੁੱਤੀ ਨੇ ਅੱਜ ਵਰਗਾ ਧੋਖਾ ਕਦੇ ਨਹੀਂ ਸੀ ਦਿੱਤਾ। ਸੱਚ ਕਹਿੰਦੇ ਨੇ, “ਠੋਹਕਰੀ ਹੋਈ ਥਾਂ ਨੂੰ ਹੀ ਠੋਹਕਰਾਂ ਲਗਦੀਆਂ ਨੇ।” ਇਕ ਠੋਹਕਰ ਲੱਗੀ ਤੇ ਛਿੱਤਰ ਦਾ ਅਗਲਾ ਅੱਧ ਦੁਫਾੜ ਹੋ ਗਿਆ, ਤਲਾ ਵੱਖਰਾ ਅਤੇ ਉਪਰਲਾ ਹਿੱਸਾ ਵੱਖਰਾ। ਹੁਣ ਇਸ ਵਿਚ ਪੈਰ ਦਾ ਅੜਨਾ ਮੁਸ਼ਕਿਲ ਸੀ। ਇਕ ਅੱਧ ਵਾਰੀ ਲੀਰ ਬੰਨ੍ਹ ਕੇ ਸ਼ਾਹ ਨੇ ਕੰਮ ਸਾਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦਾ ਕੋਈ ਲਾਭ ਨਾ ਹੋਇਆ। ਅਖੀਰ ਇਕ ਛਿੱਤਰ ਹੱਥ ਵਿਚ ਤੇ ਇਕ ਪੈਰੀਂ ਪਾ ਪੰਧ ਮੁਕਾਣਾ ਸ਼ੁਰੂ ਕੀਤਾ, ਪਰ ਇਹ ਵਿਉਂਤ ਵੀ ਸਿਰੇ ਨਾ ਚੜ੍ਹੀ। ਹਾੜ੍ਹ ਦੀ ਧੁਪ ਤੇ ਰੇਤਲਾ ਪੰਧ। ਨੰਗਾ ਪੈਰ ਭਠੂਰੇ ਵਰਗਾ ਹੋ ਗਿਆ।
ਬੜੀ ਮੁਸੀਬਤ ਬਣੀ। ਟੁੱਟਾ ਹੋਇਆ ਛਿੱਤਰ ਕਦੀ ਰਾਮੇ ਸ਼ਾਹ ਦੇ ਹੱਥ ਵਿਚ ਤੇ ਕਦੀ ਪੈਰ ਵਿਚ ਹੁੰਦਾ। ਧੁੱਪ ਪੈਰੋ ਪੈਰ ਤੇਜ਼ ਹੁੰਦੀ ਜਾ ਰਹੀ ਸੀ, ਪੈਂਡਾ ਅਜੇ ਤਕ ਢਾਈ ਕੋਹ ਬਾਕੀ ਸੀ। ਸ਼ਾਹ ਨੂੰ ਰਹਿ ਰਹਿ ਕੇ ਅਰਮਾਨ ਲਗਦਾ, “ਕਾਹਨੂੰ ਝੇੜਾ ਪਾ ਬਹਿਣਾ ਸੀ ਦੁੰਹ ਚਹੁੰ ਪੈਸਿਆਂ ਬਦਲੇ? ਸਹੁਰੇ ਹੁੰਦੇ ਪੈਸੇ। ਜਾਨ ਨਾਲ ਜਹਾਨ ਹੈ।” ਤੇ ਉਹ ਘੜੀ ਮੁੜੀ ਕਿਸੇ ਹੋਰ ਟਾਂਗੇ ਦੀ ਉਡੀਕ ਵਿਚ ਪਿਛਾਂਹ ਤੱਕਦਾ ਜਾ ਰਿਹਾ ਸੀ। ਗਰਮੀ ਤੇ ਪੈਰ ਦੀ ਤਕਲੀਫ਼ ਤੋਂ ਛੁਟ ਰਾਮੇ ਸ਼ਾਹ ਨੂੰ ਇਕ ਹੋਰ ਖਿਆਲ ਸਤਾ ਰਿਹਾ ਸੀ। ਇਸ ਉਜਾੜ ਬੀਆਬਾਨ ਵਿਚ ਜੇ ਕਿਤੇ ਬਿਸ਼ਨਾ ਟੱਕਰ ਪਵੇ, ਜਾਂ ਨਾ ਜਾਣੀਏ ਉਸ ਨੇ ਮਗਰੇ ਮਗਰ ਕੋਈ ਬੰਦਾ ਛੱਡ ਦਿੱਤਾ ਹੋਵੇ, ਉਹ ਆ ਕੇ ਮੈਨੂੰ ਮੇਰੀ ਵਹੀæææ ਸੋਚਦਿਆਂ ਸੋਚਦਿਆਂ ਰਾਮੇ ਸ਼ਾਹ ਦਾ ਮੁੜ੍ਹਕਾ ਕਚੀਆਂ ਤ੍ਰੇਲੀਆਂ ਵਿਚ ਵਟ ਗਿਆ। ਡਰ ਨਾਲ ਉਸ ਦਾ ਸਾਹ ਖੱਲ ਵਿਚ ਨਹੀਂ ਸੀ ਸਮਾਂਦਾ। ਦੂਰ ਤੋੜੀ ਨਜ਼ਰ ਦੁੜਾ ਕੇ ਉਹ ਕਿਸੇ ਸਾਥੀ ਰਾਹੀ ਦੀ ਉਡੀਕ ਕਰਨ ਲੱਗਾ।
ਇਸ ਤੋਂ ਬਾਅਦ ਉਹ ਜਿੰਨੇ ਕਦਮ ਅਗਾਂਹ ਟੁਰਦਾ ਜਾਂਦਾ ਸੀ, ਓਨੇ ਵੱਖੋ ਵੱਖ ਤਰ੍ਹਾਂ ਦੇ ਡਰਾਉਣੇ ਖਿਆਲ ਉਸ ਦੀ ਘਬਰਾਹਟ ਨੂੰ ਵਧਾਈ ਚਲੇ ਜਾ ਰਹੇ ਸਨ। ਹੋਰ ਕੁਝ ਅਗਾਂਹ ਜਾ ਕੇ ਉਸ ਨੂੰ ਏਸ ਤਰ੍ਹਾਂ ਮਹਿਸੂਸ ਹੋਣ ਲੱਗਾ ਜਿਸ ਤਰ੍ਹਾਂ ਸੱਚ ਮੁੱਚ ਬਿਸ਼ਨਾ ਜੱਟ ਉਸ ਦਾ ਖੁਰਾ ਚੁਕੀ ਮਗਰੇ ਮਗਰ ਨੱਠਾ ਆ ਰਿਹਾ ਹੈ।
ਕੁਝ ਦੁਰਾਡੇ ਸੜਕ ਦੇ ਕੰਢੇ ਉਸ ਨੂੰ ਸੰਘਣਾ ਬੋਹੜ ਦਿਸਿਆ, ਜਿੱਥੋਂ ਖੂਹ ਵਗਣ ਦੀ ਨਿੰਮੀ ਨਿੰਮੀ ਆਵਾਜ਼ ਆ ਰਹੀ ਸੀ, ਪਰ ਇਹ ਥਾਂ ਉਸ ਨੂੰ ਜਿੰਨੀ ਨੇੜੇ ਦਿਖਾਈ ਦਿੱਤੀ, ਅਸਲ ਵਿਚ ਇੰਨੀ ਨੇੜੇ ਨਹੀਂ ਸੀ।
ਅਖੀਰ ਕਿਸੇ ਤਰ੍ਹਾਂ ਖਿੱਚ ਘਸੀਟ ਕੇ ਉਹ ਬੋਹੜ ਤੱਕ ਜਾ ਹੀ ਪੁੱਜਾ। ਪਰ ਹੁਣ ਉਸ ਵਿਚ ਸਾਹ ਸੱਤ ਬਾਕੀ ਨਹੀਂ ਸੀ। ਕੱਪੜੇ ਮੁੜ੍ਹਕੇ ਨਾਲ ਭਿੱਜੇ। ਤ੍ਰੇਹ ਨਾਲ ਗਲੇ ਦੀਆਂ ਰਗਾਂ ਮਿਲੀਆਂ ਹੋਈਆਂ, ਡਰ ਤੇ ਗਰਮੀ ਨਾਲ ਅੱਖਾਂ ਅੱਗੇ ਭੰਬੂ ਤਾਰੇ ਫਿਰ ਰਹੇ ਸਨ। ਤੇ ਸਿਰ ਉਸ ਦਾ ਘਰਾਟ ਵਾਂਗ ਭਉਂ ਰਿਹਾ ਸੀ।
ਉਸ ਨੇ ਏਨਾ ਹੀ ਸ਼ੁਕਰ ਕੀਤਾ ਕਿ ਬੋਹੜ ਤੀਕ ਪਹੁੰਚਣ ਤੋਂ ਪਹਿਲਾਂ ਹੀ ਉਹ ਬੇਹੋਸ਼ ਹੋ ਕੇ ਡਿੱਗ ਨਹੀਂ ਸੀ ਪਿਆ।
ਖੂਹ ਵਗ ਰਿਹਾ ਸੀ। ਠੰਢੀ ਠੰਢੀ ਹਵਾ ਰੁਮਕ ਰਹੀ ਸੀ। ਬੋਹੜ ਦੀ ਛਾਵੇਂ ਬੰਨ੍ਹੇ ਦੋ ਢੱਗੇ ਮਸਤੀ ਨਾਲ ਅੱਖਾਂ ਮੀਟੀ ਜੁਗਾਲੀ ਕਰ ਰਹੇ ਸਨ।
ਇਕ ਲਾਖਾ ਵਹਿੜਕਾ ਏਧਰ ਉਧਰ ਫਿਰਦਾ ਘਾਹ ਦੀਆਂ ਤਿੜ੍ਹਾਂ ਇਸ ਤਰ੍ਹਾਂ ਸੁਆਦ ਲਾ ਲਾ ਕੇ ਚਰ ਰਿਹਾ ਸੀ, ਜਿਵੇਂ ਜੱਟ ਮੇਲੇ ਵਿਚ ਜਲੇਬੀਆਂ ਖਾਂਦਾ ਹੈ। ਲਾਗੇ ਵਾਣ ਦੇ ਭਾਰੇ ਮੰਜੇ ਉਤੇ ਕੋਈ ਸੁੱਤਾ ਘੁਰਾੜੇ ਮਾਰ ਰਿਹਾ ਸੀ।
ਨਿਸਾਰ ਤੋਂ ਮੂੰਹ ਹੱਥ ਧੋ ਕੇ ਰਾਮੇ ਸ਼ਾਹ ਨੇ ਮੁੜ੍ਹਕੇ ਭਰੀ ਕਮੀਜ਼ ਲਾਹ ਕੇ ਔਲ੍ਹ ਵਿਚ ਸੁੱਟ ਦਿੱਤੀ ਤੇ ਫਿਰ ਲਾਗਲੀ ਸਿੱਲ ‘ਤੇ ਖਲੋ ਕੇ ਧੁੱਪੇ ਸੁੱਕਣੇ ਪਾ ਦਿੱਤੀ। ਇਸ ਵੇਲੇ ਬੋਹੜ ਵਿਚੋਂ ਛਣ ਕੇ ਆਈਆਂ ਸਿਖਰੀ ਸੂਰਜ ਦੀਆਂ ਕਿਰਨਾਂ ਉਸ ਦੇ ਸਿਰ ‘ਤੇ ਫਿਰਦੀਆਂ ਉਸ ਨੂੰ ਬਾਕੀ ਰਹਿੰਦੇ ਪੰਧ ਦਾ ਚੇਤਾ ਕਰਾ ਰਹੀਆਂ ਸਨ। ਪਰ ਰਾਮੇ ਸ਼ਾਹ ਨੂੰ ਥਕੇਵੇਂ ਅਤੇ ਪੈਰ ਦੀ ਪੀੜ ਨੇ ਬੇਹਾਲ ਕੀਤਾ ਹੋਇਆ ਸੀ। ਪੈਰ ਦੇ ਉਤਲੇ ਹਿੱਸੇ ‘ਤੇ ਛਾਲੇ ਪੈ ਗਏ ਸਨ ਤੇ ਹੇਠਲਾ ਹਿੱਸਾ ਮੀਂਹ ਦੇ ਕੱਲਰ ਵਾਂਗ ਫਫੂਸਿਆ ਪਿਆ ਸੀ। ਜੁੱਤੀ ਦਾ ਇਸ ਵਿਚ ਅੜਨਾ ਤਾਂ ਦੂਰ, ਛੋਹਣਾ ਵੀ ਔਖਾ ਸੀ।
ਲੱਤਾਂ ਬਾਹਾਂ ਧੌਣ ਤੇ ਠੰਢੀ ਹਵਾ ਨਾਲ ਮੁੜ੍ਹਕਾ ਸੁੱਕਣ ਨਾਲ ਜਦ ਉਸ ਦੀ ਕੁਝ ਹੋਸ਼ ਫਿਰੀ ਤਾਂ ਉਸ ਨੂੰ ਉਸੇ ਪੈਂਡੇ ਦਾ ਖਿਆਲ ਆਇਆ, ਜਿਹੜਾ ਅਜੇ ਤੀਜੇ ਹਿਸੇ ਦੇ ਕਰੀਬ ਬਾਕੀ ਸੀ।
ਕਮੀਜ਼ ਸੁੱਕਣ ਦੀ ਉਡੀਕ ਵਿਚ ਉਹ ਬੋਹੜ ਦੇ ਮੁੱਢ ਨਾਲ ਪਿੱਠ ਜੋੜ ਕੇ ਬੈਠ ਗਿਆ, ਉਸ ਨੂੰ ਝਪਕੀ ਜੇਹੀ ਆਉਣ ਲੱਗੀ।

ਟਾਂਗੇ ਦੀ ਖੜ ਖੜ ਫੇਰ ਸੁਣਾਈ ਦਿੱਤੀ ਤੇ ਉਸ ਨੇ ਜਾਂ ਪਿਛਾਂਹ ਪਰਤ ਕੇ ਵੇਖਿਆ ਤਾਂ ਡਰ ਨਾਲ ਉਹ ਬੜਬੜਾ ਉਠਿਆ। ਓਹੀ ਤਿੰਨ ਸਵਾਰੀਆਂ ਟਾਂਗੇ ਤੋਂ ਉਤਰੀਆਂ, ਇਕ ਬੁਰਕੇ ਵਾਲੀ ਤੇ ਦੋ ਪੱਗਾਂ ਵਾਲੀਆਂ, ਤੇ ਪਾਏਦਾਨ ਤੋਂ ਛਾਲ ਮਾਰਦਿਆਂ ਹੀ ਉਸ ਬੁਰਕੇ ਵਾਲੀ ਸਵਾਰੀ ਨੇ ਬੁਰਕਾ ਲਾਹ ਕੇ ਸੁੱਟ ਦਿਤਾ, “ਓ ਮੇਰੀਏ ਮਾਂ। ਬਿਸ਼ਨਾ ਜੱਟ!”
ਤੇ ਬਿਸ਼ਨਾ ਆਪਣੇ ਦੋਹਾਂ ਸਾਥੀਆਂ ਨੂੰ ਅੱਖ ਨਾਲ ਕੋਈ ਇਸ਼ਾਰਾ ਕਰ ਕੇ ਦਗੜ ਦਗੜ ਕਰਦਾ ਰਾਮੇ ਸ਼ਾਹ ਦੇ ਸਿਰ ‘ਤੇ ਆ ਕੜਕਿਆ, “ਕਿੱਥੇ ਚੱਲਿਆ ਸੈਂ, ਅਰਜ਼ੀ ਪਾਣ? ਠੈਹਰ ਜਾ, ਤੈਨੂੰ ਅਰਜ਼ੀ ਤੇ ਪੁਆ ਲਵਾਂ।” ਤੇ ਉਸ ਨੇ ਆਪਣੇ ਦੋਹਾਂ ਸਾਥੀਆਂ ਵਿਚੋਂ ਇਕ ਨੂੰ ਪੁਕਾਰਿਆ, “ਫੜ੍ਹ ਉਏ ਕਿਰਪਾ ਸਿਆਂ, ਜਾਣ ਨਾ ਦਈਂ ਸੂ।” ਤੇ ਇਸ ਤੋਂ ਬਾਅਦ ਕਿਰਪਾ ਸਿੰਘ ਉਹਨੂੰ ਘਸੀਟ ਕੇ ਮੰਜੇ ਕੋਲ ਲੈ ਗਿਆ। ਮੰਜੇ ਦਾ ਸਰਾਂਦੀ ਵਾਲਾ ਪਾਵਾ ਚੁੱਕ ਕੇ ਉਸ ਨੇ ਰਾਮੇ ਸ਼ਾਹ ਦਾ ਪੈਰ ਉਸ ਦੇ ਹੇਠ ਦੇ ਦਿੱਤਾ ਤੇ ਉਹ ਆਪ ਅਤੇ ਉਸ ਦਾ ਦੂਸਰਾ ਸਾਥੀ ਛਾਲ ਮਾਰ ਕੇ ਮੰਜੇ ‘ਤੇ ਚੜ੍ਹ ਬੈਠੇ।
ਪੀੜ ਨਾਲ ਰਾਮੇ ਸ਼ਾਹ ਦੀਆਂ ਚਾਂਗਰਾਂ ਨਿਕਲ ਗਈਆਂ ਤੇ ਓਧਰੋਂ ਬਿਸ਼ਨਾ ਜੱਟ ਇਹ ਕਹਿੰਦਾ ਉਸ ਤੋਂ ਵਹੀ ਖੋਹਣ ਲੱਗਾ, “ਉਰੇ ਕਰ ਖਾਂ ਤੇਰੇ ਇਸ ਧਰਮ ਰਾਜ ਦੇ ਪੋਥੇ ਨੂੰ ਬਿਲੇ ਲਾਵਾਂ।”
ਜਿਉਂ ਜਿਉਂ ਬਿਸ਼ਨਾ ਵਹੀ ਨੂੰ ਖਿੱਚਦਾ, ਤਿਉਂ ਤਿਉਂ ਰਾਮੇ ਸ਼ਾਹ ਉਸ ਨੂੰ ਬਾਹਾਂ ਵਿਚ ਕੱਸਣ ਦੀ ਕੋਸ਼ਿਸ਼ ਕਰਦਾ। ਅਖੀਰ ਸ਼ਾਹ ਦੀ ਕੋਸ਼ਿਸ਼ ਬੇਕਾਰ ਸਾਬਤ ਹੋਈ ਤੇ ਬਿਸ਼ਨੇ ਦੀ ਸਕਾਰਥੀ। ਵਹੀ ਖੁਸਣ ਦੀ ਢਿੱਲ ਸੀ ਕਿ ਰਾਮੇ ਸ਼ਾਹ ਨੇ ਉਸ ਦੇ ਮਗਰ ਨੱਠਣਾ ਚਾਹਿਆ, ਪਰ ਪੈਰ ਮੰਜੇ ਹੇਠ ਦਬਿਆ ਹੋਣ ਕਰ ਕੇ ਉਸ ਦੀ ਕੁਝ ਵੀ ਪੇਸ਼ ਨਾ ਜਾ ਸਕੀ ਤੇ ਉਹ ਪਾਗਲਾਂ ਵਾਂਗ ਮੂੰਹ ਆਈਆਂ ਬੋਲਣ ਲੱਗਾ। ਏਨੇ ਨੂੰ ਟਾਂਗੇ ਵਾਲਾ ਉਸ ਨੂੰ ਮੋਢੇ ਤੋਂ ਫੜ ਕੇ ਕਹਿਣ ਲੱਗਾ, “ਸ਼ਾਹ ਜੀ ਬਹਿ ਜਾਓ ਹੁਣ ਰਮਾਨ ਕਰ ਕੇæææ।”
ਰਾਮੇ ਸ਼ਾਹ ਨੇ ਗੋਡਿਆਂ ‘ਤੇ ਟਿਕੇ ਹੋਏ ਸਿਰ ਨੂੰ ਚੁੱਕ ਕੇ ਉਤਾਂਹ ਤੱਕਿਆ। ਬੋਹੜ ਦੇ ਮੁੱਢ ਨਾਲ ਚੋਖੇ ਚਿਰ ਤੋਂ ਢਾਸਣਾ ਲੱਗੀ ਰਹਿਣ ਕਰ ਕੇ ਉਸ ਦੀ ਨੰਗੀ ਪਿਠ ਵਿਚ ਪੀੜ ਹੋ ਰਹੀ ਸੀ। ਪੈਰ ਵਿਚੋਂ ਅਜੇ ਵੀ ਚੀਸਾਂ ਨਿਕਲ ਰਹੀਆਂ ਸਨ, ਪਰ ਪਾਵੇ ਹੇਠ ਹੋਣ ਕਰ ਕੇ ਨਹੀਂ, ਜੁੱਤੀ ਲੱਗਣ ਕਰ ਕੇ, ਤੇ ਉਸ ਦੇ ਪੱਟਾਂ ਵਿਚ ਚਾਦਰ ਵਲੇਟੀ ਪਈ ਵਹੀ ਨੂੰ ਲਾਖਾ ਵਹਿੜਕਾ ਖਿੱਚ ਰਿਹਾ ਸੀ, ਜਿਸ ਨੂੰ ਸ਼ਿਸ਼ਕਾਰ ਕੇ ਪਰੇ ਹਟਾਂਦਾ ਹੋਇਆ ਓਹੀ ਟਾਂਗੇ ਵਾਲਾ ਕਹਿ ਰਿਹਾ ਸੀ, ਸ਼ਾਹ ਜੀ, ਜੇ ਮੈਂ ਨਾ ਆਉਂਦਾ ਤਾਂ ਤੁਹਾਡੀ ਵਹੀ ਵੱਛੇ ਨੇ ਖਿੱਚ ਕੇ ਲੈ ਜਾਣੀ ਸੀ, ਨਾਲੇ ਚਾਦਰ ਚੱਬ ਕੇ ਚੌੜ ਕਰ ਸੁੱਟਣੀ ਸੀ। ਬਹਿ ਜਾਓ ਟਾਂਗੇ ਵਿਚ, ਜੇ ਚੱਲਣਾ ਜੇ ਤੇ, ਮੈਂ ਜ਼ਰਾ ਘੋੜੇ ਨੂੰ ਪਾਣੀ ਡਾਹ ਲਵਾਂ।”
“ਰਾਮ, ਰਾਮ, ਰਾਮ!” ਸ਼ਾਹ ਨੇ ਉਬਾਸੀ ਲੈ ਕੇ ਅੱਖਾਂ ਮਲਦਿਆਂ ਕਿਹਾ, “ਕਿੱਡਾ ਭੈੜਾ ਸੁਫਨਾ ਸੀ।” ਤੇ ਵਹੀ ਨੂੰ ਹੋਰ ਚੰਗੀ ਤਰ੍ਹਾਂ ਘੁਟ ਕੇ ਉਸ ਨੇ ਚਾਦਰ ਵਿਚ ਲਪੇਟ ਲਿਆ।
“ਤਾਂਹੀਏਂ ਬੜਬੜਾਉਣ ਡਹੇ ਹੋਏ ਸਾਓ?” ਟਾਂਗੇ ਵਾਲੇ ਨੇ ਟਿਚਕਰ ਭਰੇ ਲਹਿਜੇ ਵਿਚ ਕਿਹਾ, “ਮੈਂ ਆਖਿਆ, ਖ਼ਬਰੇ ਕੀ ਹੋ ਗਿਆ ਨੇ।”
“ਤੇ ਤੂੰ ਕਚਹਿਰੀਓ ਹੋ ਮੁੜਿਆ ਏਂ? ਸ਼ਾਹ ਨੇ ਗੱਲ ਦਾ ਰੁਖ ਬਦਲਣ ਲਈ ਕਿਹਾ, “ਛੇਤੀ ਹੀ ਆ ਗਿਆ ਏਂ!” ਤੇ ਉਸ ਨੇ ਛੇਤੀ ਨਾਲ ਉਠ ਕੇ ਕਚਹਿਰੀ ਜਾਣ ਲਈ ਕਦਮ ਚੁੱਕਿਆ, ਪਰ ਪੈਰ ਨੂੰ ਭੋਇੰ ‘ਤੇ ਰੱਖਣਾ ਮੁਹਾਲ ਹੋ ਗਿਆ। ਮਸੇ ਕਮੀਜ਼ ਵਾਲੇ ਥਾਂ ਤੱਕ ਹੀ ਪਹੁੰਚ ਸਕਿਆ।
“ਕੀ ਦੱਸਾਂ ਸ਼ਾਹ ਜੀ”, ਟਾਂਗੇ ਵਾਲੇ ਨੇ ਘੋੜੇ ਦਾ ਲੀਰਾਂ ਦਾ ਤੰਗ ਖੋਲ੍ਹਦਿਆਂ ਕਿਹਾ, “ਅਜ ਤਾਂ ਕੋਈ ਐਸਾ ਨਹਿਸ਼ ਮੱਥੇ ਲੱਗਾ ਵੇ ਜੋ ਫੇਰਾ ਈ ਔਂਤਰ ਗਿਆ। ਪਿੰਡੋਂ ਤਿੰਨ ਸਵਾਰੀਆਂ ਮਿਲੀਆਂ ਸਨ, ਤੇ ਮੁੜਦੀ ਵੇਰੀ ਇਕ ਵੀ ਨਾ। ਸੰਘ ਪਾੜ ਪਾੜ ਕੇ ਤੁਰ ਆਇਆ ਵਾਂ।” ਸ਼ਾਹ ਨੇ ਕਮੀਜ਼ ਪਾਂਦਿਆਂ ਉਤਾਂਹ ਸਿਰ ਚੁੱਕ ਕੇ ਸੂਰਜ ਵੱਲ ਤੱਕਿਆ। ਪਰਛਾਂਵੇਂ ਢਲ ਰਹੇ ਸਨ।
“ਪਰ ਸ਼ਾਹ ਜੀ”, ਟਾਂਗੇ ਵਾਲੇ ਨੇ ਹੈਰਾਨੀ ਨਾਲ ਕਿਹਾ, “ਤੁਸਾਂ ਤੇ ਹੱਦ ਈ ਮੁਕਾ ਦਿੱਤੀ। ਟਾਂਗੇ ਨਾਲੋਂ ਵੀ ਪਹਿਲਾਂ ਆ ਪਹੁੰਚੇ ਜੇ। ਜਾਪਦਾ ਏ ਕੰਮ ਥੋੜ੍ਹਾ ਈ ਹੋਣਾ ਜੇ ਕਚਹਿਰੀ।”
“ਹਾਂ”, ਰਾਮੇ ਸ਼ਾਹ ਨੇ ਏਧਰ ਓਧਰ ਝਾਕਦਿਆਂ ਕਿਹਾ, “ਜਾਂਦਿਆਂ ਹੀ ਤਰੀਕ ਪੈ ਗਈ ਸੀ।”
“ਚਲੋ ਬਹਿ ਜਾਓ ਫਿਰ”, ਟਾਂਗੇ ਵਾਲੇ ਨੇ ਸ਼ੋਖ ਆਵਾਜ਼ ਵਿਚ ਕਿਹਾ, “ਜੋ ਜੀ ਕਰੇਗਾ, ਦੇ ਛੱਡਣਾ, ਨਾ ਦਿਓਗੇ ਤਾਂ ਵੀ ਖੈਰ ਸੱਲਾ।” ਪਾਣੀ ਡਾਹੁਣ ਤੋਂ ਬਾਅਦ ਉਸ ਨੇ ਮੁੜ ਘੋੜੇ ਨੂੰ ਟਾਂਗੇ ਨਾਲ ਜੋੜ ਦਿੱਤਾ।
“ਚੱਲ ਭਈ” ਕਹਿ ਕੇ ਅੱਖਾਂ ਮੱਲਦਾ ਰਾਮੇ ਸ਼ਾਹ ਟਾਂਗੇ ‘ਤੇ ਜਾ ਬੈਠਾ। ਸੁੱਜੇ ਹੋਏ ਪੈਰ ਨੂੰ ਉਸ ਨੇ ਧੋਤੀ ਦੇ ਲੜ ਨਾਲ ਕੱਜ ਲਿਆ।
“ਭਲਕੇ ਵੀ ਜਾਣਾ ਜੇ ਕਚਹਿਰੀ?” ਟਾਂਗੇ ਵਾਲੇ ਨੇ ਤਪੇ ਹੋਏ ਪਹੀਆਂ ਵਿਚਾਲੇ ਟਿੰਡ ਨਾਲ ਪਾਣੀ ਛਿੜਕਦਿਆਂ ਕਿਹਾ, “ਜਿੱਦਣ ਜਾਣਾ ਹੋਵੇ, ਮੈਨੂੰ ਦੱਸ ਛੱਡਿਆ ਕਰੋ।”
“ਢਠੇ ਖੂਹ ਵਿਚ ਪਈ ਕਚਹਿਰੀ”, ਖਿਝ ਕੇ ਸ਼ਾਹ ਬੋਲਿਆ, “ਗੱਲਾਂ ਨਾ ਬਣਾ ਬਹੁਤੀਆਂ, ਤੇ ਤੋਰ ਟਾਂਗੇ ਨੂੰ, ਅੱਗੇ ਮੇਰੇ ਸਿਰ ਨੂੰ ਚੱਕਰ ਆਉਣ ਡਹੇ ਹੋਏ ਨੇ।”
“ਚੱਕਰ ਤੇ ਔਣੇ ਹੀ ਹੋਏ ਸ਼ਾਹ ਜੀ”, ਟਾਂਗੇ ਵਾਲਾ ਫੇਰ ਵੀ ਬੋਲਣੋਂ ਨਾ ਟਲਿਆ, “ਉਸ ਕਹਿਰਾਂ ਦੀ ਗਰਮੀ ਵਿਚ ਅੱਠ ਕੋਹ ਪੱਕਾ ਪੈਂਡਾ ਮਾਰ ਕੇ ਆਏ ਜੇ।” ਤੇ ਉਸ ਨੇ ਘੋੜੇ ਨੂੰ ਛਾਂਟਾ ਲਾਇਆ।