ਪੁਲਿਸ ਦੀ ਮਾਰ

ਸੰਤ ਰਾਮ ਉਦਾਸੀ ਦਾ ਦੁਖਾਂਤ-2
ਸੰਤ ਰਾਮ ਉਦਾਸੀ (20 ਅਪਰੈਲ 1939 ਤੋਂ 6 ਨਵੰਬਰ 1986) ਨੂੰ ਸਾਥੋਂ ਵਿਛੜਿਆਂ 30 ਸਾਲ ਬੀਤ ਗਏ ਹਨ, ਪਰ ਉਹਦੀਆਂ ਕਵਿਤਾਵਾਂ ਅਤੇ ਉਹਦੇ ਸ਼ਾਨਾਂਮੱਤਾ ਜੀਵਨ ਦੀ ਕਹਾਣੀ ਸਦਾ ਸਾਡੇ ਅੰਗ-ਸੰਗ ਹੈ। ਉਹ ਪੰਜਾਬੀ ਕਾਵਿ-ਜਗਤ ਦਾ ਅਹਿਮ ਹਸਤਾਖਰ ਹੈ। ਉਹਦੀਆਂ ਕਵਿਤਾਵਾਂ ਵਿਚ ਰੋਹ ਦੇ ਚੰਗਿਆੜੇ ਬਲਦੇ ਹਨ ਅਤੇ ਨਾਲ ਹੀ ਦਰਦ ਦੇ ਨੀਰ ਵਗਦੇ ਜਾਪਦੇ ਹਨ। ਦੱਬੇ-ਕੁਚਲੇ ਲੋਕਾਂ ਲਈ ਉਹਦੀਆਂ ਕਵਿਤਾਵਾਂ ਸੂਰਜ ਤੋਂ ਘੱਟ ਨਹੀਂ। ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਵਿਲੱਖਣ ਹਸਤੀ ਬਾਰੇ ਲੰਮਾ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਭੇਜਿਆ ਹੈ।

ਲੇਖ ਦੀ ਪਹਿਲੀ ਕਿਸ਼ਤ ਵਿਚ ਉਦਾਸੀ ਦੇ ਪਰਿਵਾਰਕ ਪਿਛੋਕੜ ਬਾਰੇ ਚਰਚਾ ਸੀ, ਐਤਕੀਂ ਨਕਸਲੀ ਲਹਿਰ ਦੌਰਾਨ ਹੋਏ ਪੁਲਿਸ ਤਸ਼ੱਦਦ ਦੀ ਵਾਰਤਾ ਸੁਣਾਈ ਗਈ ਹੈ। -ਸੰਪਾਦਕ
ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਸੰਤ ਰਾਮ ਉਦਾਸੀ ਨੂੰ ਇਕ ਵਾਰ ਵਿਦੇਸ਼ ਜਾਣ ਦਾ ਮੌਕਾ ਮਿਲਿਆ। ਵਿਦੇਸ਼ ਜਾਣ ਦੀ ਵੱਡੀ ਪ੍ਰਾਪਤੀ ਇਹ ਸੀ ਕਿ ਉਥੇ ਉਹਦੇ ਗੀਤਾਂ ਦੀ ਉਹਦੀ ਆਵਾਜ਼ ਵਿਚ ਹੀ ਕੈਸਿਟ ਰਿਕਾਰਡ ਕਰ ਲਈ ਗਈ। ਨਹੀਂ ਤਾਂ ਉਹਦੀ ਰੋਹੀਲੀ ਆਵਾਜ਼ ਅਗਲੀਆਂ ਪੀੜ੍ਹੀਆਂ ਤਕ ਨਹੀਂ ਸੀ ਪੁੱਜਣੀ। ਕੈਨੇਡਾ ਵਿਚ ਰਹਿੰਦੇ ਹਰਿੰਦਰ ਮਾਹਲ ਤੇ ਸੁਰਿੰਦਰ ਧੰਜਲ ਨਾਲ ਉਹਦਾ ਚਿੱਠੀ ਪੱਤਰ ਸੀ। ਕਲਕੱਤੇ ਹਰਦੇਵ ਸਿੰਘ ਗਰੇਵਾਲ ਨਾਲ ਵੀ ਚਿੱਠੀ ਪੱਤਰ ਚਲਦਾ ਸੀ। ਚਿੱਠੀਆਂ ਦਾ ਅੱਗਾ ਪਿੱਛਾ ਕੁਝ ਇਸ ਤਰ੍ਹਾਂ ਦਾ ਹੁੰਦਾ, ਸ਼ ਹਰਦੇਵ ਸਿੰਘ ਜੀ ਗਰੇਵਾਲ, ਪਿਆਰ ਗਲਵਕੜੀ। ਮੇਰਿਆ ਮਿੱਠਿਆ ਮਿੱਤਰਾ! ਲਾਲ ਸਲਾਮ! ਤੁਹਾਨੂੰ ਖਤ ਲਿਖਣ ਦੀ ਚਿਰੋਕਣੀ ਰੀਝ ਸੀ ਪਰ। ਮੇਰੇ ਪਰਮ ਪਿਆਰੇ ਮਿੱਤਰੋ, ਪਿਆਰ ਗਲਵਕੜੀਆਂ। ਪਿਆਰੇ ਵੀਰ, ਲਾਲ ਫਤਿਹ! ਸਤਿਕਾਰਯੋਗ ਸਾਥੀ, ਲਾਲ ਸਲਾਮ!
‘ਇਪਾਨਾ’ ਦੇ ਸੱਦੇ ‘ਤੇ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਉਸ ਨੇ ਇਕ ਦਮ ਤਿਆਰੀ ਕਰ ਲਈ। ਉਹਦੀ ਮਾਤਾ ਆਪਣੇ ਛੋਟੇ ਪੁੱਤ ਗੁਰਦੇਵ ਸਿੰਘ ਕੋਇਲ ਕੋਲ ਜਲੰਧਰ ਗਈ ਹੋਈ ਸੀ। ਉਹ ਮਾਤਾ ਨੂੰ ਮਿਲੇ ਬਿਨਾ ਹੀ ਜਹਾਜ਼ ਚੜ੍ਹ ਗਿਆ। ਮਾਤਾ ਪਿੰਡ ਆਈ ਤਾਂ ਨੂੰਹ ਨਸੀਬ ਕੌਰ ਨਾਲ ਖਫਾ ਹੋਈ, “ਤੂੰ ਮੇਰਾ ਸਾਧ ਪੁੱਤ ਪਰਦੇਸ ਕਿਉਂ ਤੋਰਿਆ?” ਉਸ ਨੂੰ ਡਰ ਸੀ- ਕੀ ਪਤਾ ਮੁੜੇ, ਕੀ ਪਤਾ ਨਾ ਮੁੜੇ?
ਪਰ ਪਰਦੇਸ ਉਹ ਬਹੁਤਾ ਸਮਾਂ ਨਾ ਰਿਹਾ। ਵਤਨ ਲਈ ਵੈਰਾਗਿਆ ਉਹ ਲੰਮੀਆਂ ਚਿੱਠੀਆਂ ਲਿਖਦਾ ਰਿਹਾ ਤੇ ਅਚਾਨਕ ਵਾਪਸ ਆ ਗਿਆ। ਆਉਂਦੇ ਨੇ ਬੇਬੇ ਨੂੰ ਗੋਦੀ ਚੁੱਕ ਲਿਆ ਤੇ ਨਿਆਣਿਆਂ ਦੇ ਮੂੰਹ ਮੱਥੇ ਚੁੰਮੇ। ਕੰਧਾਂ ਕੰਧੋਲੀਆਂ ਤੇ ਮੱਝਾਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਦੇ ਪਿੰਡਿਆਂ ‘ਤੇ ਹੱਥ ਫੇਰਦਾ ਰਿਹਾ। ਦੱਸੀ ਗਿਆ ਕਿ ਦੋਸਤਾਂ ਮਿੱਤਰਾਂ ਨੇ ਕਿੰਨੀ ਸੇਵਾ ਕੀਤੀ ਤੇ ਕਿਥੇ ਕਿਥੇ ਪ੍ਰੋਗਰਾਮ ਕੀਤੇ। ਕਿਵੇਂ ਉਸ ਨੂੰ ਕੈਨੇਡੀਅਨ/ਅਮਰੀਕਨ ਬਣਨ ਦਾ ਚੋਗਾ ਪਾਇਆ ਗਿਆ ਤੇ ਕਿਵੇਂ ਉਹਨੇ ਨਾਂਹ ਕੀਤੀ। ਕਈਆਂ ਨੂੰ ਹੈਰਾਨੀ ਹੋਈ ਕਿ ਕਾਹਦੀ ਖਿੱਚ ਸੀ, ਉਸ ਨੂੰ ਆਪਣੇ ਵਤਨ ਦੀ? ਉਸ ਵਤਨ ਦੀ ਜਿਸ ਵਿਚ ਉਹ ਕੁੱਤੇ-ਜੂਨ ਹੰਢਾ ਰਿਹਾ ਸੀ! ਉਹ ਹੋਰ ਕਾਮਰੇਡਾਂ ਵਾਂਗ ਜੁਗਾੜੀ ਕਿਉਂ ਨਾ ਬਣਿਆ? ਜੁਗਾੜ ਕਰ ਕੇ ਉਹ ‘ਪੱਕਾ’ ਹੋ ਸਕਦਾ ਸੀ। ਉਹਦੀ ਉਲਾਦ ਵੀ ਤਰ ਜਾਂਦੀ!
ਦੁਨੀਆਦਾਰ ਦੋਸਤ ਕਹਿੰਦੇ ਰਹੇ ਕਿ ਉਹ ਕੈਨੇਡਾ/ਅਮਰੀਕਾ ਵਰਗੇ ਮੁਲਕਾਂ ‘ਚੋਂ ਮੁੜਿਆ ਕਿਉਂ? ਇੰਡੀਆ ‘ਚ ਉਹਦੇ ਕਿਹੜੇ ਕਿੱਲੇ ਗੱਡੇ ਸਨ? ਬਥੇਰੇ ਨਕਸਲਬਾੜੀਏ ਕਿਸੇ ਨਾ ਕਿਸੇ ਢੰਗ ਕੈਨੇਡਾ/ਅਮਰੀਕਾ ਗਏ ਤੇ ਮੁੜ ਦੇਸ਼ ਨਹੀਂ ਪਰਤੇ। ਉਹ ਉਥੇ ਰੰਗੀਂ ਵਸਦੇ ਇੰਡੀਆ ਵਿਚ ਇਨਕਲਾਬ ਲਿਆਈ ਜਾਂਦੇ। ਇਨਕਲਾਬੀ ਹੋਣ ਦਾ ਵਧੇਰੇ ਨਾਮਣਾ ਖੱਟੀ ਜਾਂਦੇ। ਦੇਸ਼ ਵਿਚ ਜਿਹੜਾ ਸਾਥੀ ਇਨਕਲਾਬੀ ਪੈਂਤੜੇ ਤੋਂ ਰਤਾ ਵੀ ਪਿੱਛੇ ਹਟਦਾ, ਉਹਨੂੰ ਗ਼ਦਾਰ ਕਹੀ ਜਾਂਦੇ! ਪਰ ਉਦਾਸੀ ਵਿਦੇਸ਼ਾਂ ‘ਚ ਟਿਕ ਜਾਣ ਵਾਲੇ ‘ਇਨਕਲਾਬੀਆਂ’ ਵਿਚ ਨਾ ਰਲਿਆ।
1972 ਵਿਚ ਇਕ ਇੰਟਰਵਿਊ ਵਿਚ ਉਸ ਦੱਸਿਆ, “ਮੈਂ 1961 ਵਿਚ ਲਿਖਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਮੈਂ ਆਪਣੀਆਂ ਕਵਿਤਾਵਾਂ ਵਿਚ ਅਧਿਆਤਮਵਾਦ ਲਿਆਂਦਾ। ਅਧਿਆਤਮਕ ਕੁਰੀਤੀਆਂ ਵੇਖ ਕੇ ਮੈਂ ਮਾਰਕਸੀ ਸੋਚ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਵਾਂਦਾ ਵਾਸਲਿਊਸਕਾ, ਗੋਰਕੀ, ਸ਼ੋਲੋਖੋਵ, ਆਸਤ੍ਰੋਵਸਕੀ, ਪਰਲ ਐਸ਼ ਬੱਕ ਅਤੇ ਜੂਲੀਅਸ ਫਿਊਚਿਕ ਪੜ੍ਹਿਆ। ਪੰਜਾਬੀ ਵਿਚ ਮੈਂ ਬਹੁਤਾ ਕੰਵਲ, ਧੀਰ ਤੇ ਮੋਹਨ ਸਿੰਘ ਤੋਂ ਪ੍ਰਭਾਵਤ ਹੋ ਕੇ ਸਾਧਾਰਨ, ਲੋਕ ਪੱਧਰ ਦੇ ਗੀਤ ਲਿਖਣੇ ਸ਼ੁਰੂ ਕੀਤੇ ਤੇ ਹੁਣ ਮੈਂ ਬੁੱਧੀਜੀਵੀਆਂ ਨੂੰ ਵੀ ਸੰਤੁਸ਼ਟ ਕਰ ਸਕਦਾ ਹਾਂ। ਕੂਕਾ ਲਹਿਰ ਤੇ ਕਿਸਾਨ ਲਹਿਰ ਨੇ ਮੇਰੇ ਗੀਤਾਂ ਨੂੰ ਅਧਿਆਤਮਕ ਅਗਾਂਹਵਧੂ ਰਾਹ ਦੱਸਿਆ। ਅਧਿਆਤਮਵਾਦ ਤੋਂ ਮਗਰੋਂ ਮੈਂ ਮਾਰਕਸਵਾਦ ਨੂੰ ਘੋਖਿਆ ਅਤੇ ਉਸ ਮਗਰੋਂ ਮੁੜ ਅਧਿਆਤਮਵਾਦ ਨੂੰ ਮਾਰਕਸੀ ਫਲਸਫ਼ੇ ‘ਤੇ ਪਰਖਿਆ ਤੇ ਮੈਨੂੰ ਲੱਗਿਆ ਕਿ ਅਧਿਆਤਮਵਾਦ ਬਾਰੇ ਲਿਖੇ ਗੀਤ ਕਿਰਤੀ ਲੁੱਟ ਖਸੁੱਟ ਨੂੰ ਖਤਮ ਕਰਨ ਲਈ ਸਹਾਈ ਨਹੀਂ ਹੋ ਸਕਦੇ।
ਮੈਂ ਆਪਣੇ ਆਪ ਨੂੰ ਲੋਕ ਪੱਧਰ ਦਾ ਗੀਤਕਾਰ ਸਮਝਦਾ ਹਾਂ। ਸਾਡੇ ਸਾਧਾਰਨ ਲੋਕ ਅਜੇ ਵੀ ਬਹੁਤ ਸਾਰੇ ਵਿਸ਼ਵਾਸਾਂ ਵਿਚ ਫਸੇ ਹੋਏ ਹਨ। ਮੈਂ ਜਿਹੜੇ ਗੀਤ ਅਧਿਆਤਮਵਾਦ ਦੇ ਵੀ ਲਿਖੇ ਹਨ, ਉਨ੍ਹਾਂ ਵਿਚ ਵੀ ਉਸਾਰੂ ਪੱਖ ਨੂੰ ਵਿਖਾਇਆ ਹੈ ਜਿਵੇਂ ਬਾਬਾ ਰਾਮ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦਾ ਅੰਤਿਮ ਸੁਨੇਹਾ, ਜ਼ਫ਼ਰਨਾਮਾ, ਬੂਬਨੇ ਸਾਧ ਆਦਿ। ਅੱਜ ਵੀ ਜਦੋਂ ਮੈਂ ਲੋਕਾਂ ਸਾਹਮਣੇ ਇਹ ਗੀਤ ਗਾਉਂਦਾ ਹਾਂ ਤਾਂ ਇਨ੍ਹਾਂ ਵਿਚਲਾ ਉਸਾਰੂ ਭਾਵ ਮੈਨੂੰ ਚਿਰਜੀਵੀ ਲੱਗਦਾ ਹੈ।”
ਉਸ ਦਾ ਕਥਨ ਹੈ, “ਰੇਡੀਓ ਤੇ ਸਪੀਕਰਾਂ ਦੇ ਰਿਕਾਰਡ ਲੋਕਾਂ ਦੀ ਸੋਚ ਨੂੰ ਖੱਸੀ ਕਰਨ ਲਈ ਮਾਰਫੀਏ ਦਾ ਟੀਕਾ ਹਨ। ਸੌੜੇ ਕੌਮਵਾਦ ਦੀ ਭਾਵਨਾ ਲੋਕਾਂ ਵਿਚ ਜਗਾ ਕੇ ਲੋਕਾਂ ਨੂੰ ਆਪਣੇ ਉਜਲੇ ਭਵਿੱਖ ਤੋਂ ਪਰ੍ਹੇ ਰੱਖਿਆ ਜਾਂਦਾ ਹੈ, ਪਰ ਹੁਣ ਲੋਕਾਂ ਦੇ ਕੰਨਾਂ ਵਿਚ ਚੇਤਨਾ ਘਰ ਕਰ ਗਈ ਹੈ। ਉਹ ਸਮਝਦੇ ਹਨ ਕਿ ਕੱਲ੍ਹ ਪਾਕਿਸਤਾਨ ਦੇ ਉਲਟ ਬੋਲਿਆ ਗਿਆ ਰਿਕਾਰਡ ਕਿਵੇਂ ਅੱਜ ਪਾਕਿਸਤਾਨ ਦੇ ਹੱਕ ਵਿਚ ਵੱਜ ਰਿਹਾ ਹੈ। ਇਹ ਪਾਕਿਸਤਾਨ ਦਾ ਮਜ਼ਦੂਰ ਵੀ ਜਾਣਦਾ ਹੈ।”
ਉਦਾਸੀ ਦਾ ਜੁੱਸਾ ਇਕਹਿਰਾ ਤੇ ਕੱਦ ਪੌਣੇ ਛੇ ਫੁੱਟ ਸੀ। ਉਹ ਨੰਗੇ ਪੈਰੀਂ ਤੁਰ ਕੇ ਪੜ੍ਹਨ ਜਾਂਦਾ ਰਿਹਾ ਤੇ ਸਾਈਕਲ ਉਤੇ ਚੜ੍ਹ ਕੇ ਮਾਸਟਰੀ ਕਰਦਾ ਰਿਹਾ। ਚਾਲੀ ਪੰਜਾਹ ਕਿਲੋਮੀਟਰ ਸਾਈਕਲ ਚਲਾਉਣਾ ਉਹਦੇ ਲਈ ਮਾਮੂਲੀ ਗੱਲ ਸੀ। ਸਾਈਕਲ ਉਹਨੇ ਚਲਾਇਆ ਵੀ ਬਹੁਤ ਤੇ ਸਾਈਕਲ ਚਲਾਉਂਦਿਆਂ ਗੀਤ ਵੀ ਬਹੁਤ ਸਿਰਜੇ। ਉਹ ਆਪਣੇ ਗੀਤ ਕਾਗਜ਼ ਕਾਪੀ ਉਤੇ ਲਿਖਣ ਦੀ ਥਾਂ ਮੂੰਹ ਜ਼ਬਾਨੀ ਰਚ ਕੇ ਯਾਦ ਰੱਖਿਆ ਕਰਦਾ ਸੀ। ਸਾਈਕਲ ਚਲਾਉਂਦਾ ਜਾਂ ਤੁਰਿਆ ਜਾਂਦਾ ਤੁਕਾਂ ਜੋੜਦਾ ਜਾਂਦਾ ਜਿਨ੍ਹਾਂ ਦਾ ਗੀਤ ਬਣਦਾ ਜਾਂਦਾ। ਉਹੀ ਗੀਤ ਬਾਅਦ ਵਿਚ ਕਾਪੀ ‘ਤੇ ਨੋਟ ਕਰ ਲੈਂਦਾ। ਬਹੁਤੇ ਗੀਤ ਉਹਦੇ ਅੰਦਰੋਂ ਉਦੋਂ ਨਿਕਲੇ ਜਦੋਂ ਉਹ ਘੁੱਟ ਪੀ ਕੇ ਤੇ ਸਰੂਰ ਵਿਚ ਹੋ ਕੇ ਸਾਈਕਲ ਚਲਾਉਂਦਾ। ਕਈ ਵਾਰ ਉਹ ਪਤਨੀ ਤੋਂ ਇਹ ਕਹਿ ਕੇ ਵੀ ਪਊਆ ਪੀਣ ਲਈ ਪੈਸੇ ਲੈਂਦਾ ਕਿ ਉਸ ਦੇ ਗੋਡੇ ਦੁਖਦੇ ਨੇ, ਨਾਲੇ ਉਸ ਨੇ ਗੀਤ ਪੂਰਾ ਕਰਨੈਂ! ਉਦੋਂ ਉਹ ਨਸੀਬ ਕੌਰ ਨੂੰ ਕਾਮਰੇਡਣੀਏਂ ਆਖ ਕੇ ਬੁਲਾਉਂਦਾ।
ਉਹਦੀਆਂ ਅੱਖਾਂ ਤਾਂ ਚੁੰਨ੍ਹੀਆਂ ਸਨ ਹੀ, ਦਾੜ੍ਹੀ ਵੀ ਖੋਦੀ ਸੀ ਜੋ ਠੋਡੀ ਉਤੇ ਵੱਧ ਤੇ ਜਾਭਾਂ ਉਤੇ ਘੱਟ ਸੀ। ਜੂੜਾ ਜ਼ਰੂਰ ਵੱਡਾ ਸੀ। ਨੱਕ ਤਿੱਖਾ ਸੀ, ਮੁੱਛਾਂ ਪਤਲੀਆਂ ਤੇ ਰੰਗ ਸਾਂਵਲਾ। ਉਹ ਬਣਦੀ ਸਰਦੀ ਸ਼ੁਕੀਨੀ ਵੀ ਲਾਉਂਦਾ, ਪਰ ਫੈਸ਼ਨਾਂ ਦਾ ਪੱਟਿਆ ਹੋਇਆ ਨਹੀਂ ਸੀ। ਉਹਦੀ ਖੱਬੀ ਅੱਖ ਵਿਚ ਟੀਰ ਸੀ ਅਤੇ ਪੁਲਿਸ ਤਸ਼ੱਦਦ ਨਾਲ ਅੱਖਾਂ ਦੀ ਜੋਤ ਹੋਰ ਘਟ ਗਈ ਸੀ। ਉਹ ਕਾਲੀ ਐਨਕ ਲਾਉਂਦਾ ਜਿਸ ਨਾਲ ਟੀਰ ਨਹੀਂ ਸੀ ਦਿਸਦਾ। ਨਕਸਲਬਾੜੀ ਦੌਰ ਵਿਚ ਉਸ ਉਤੇ ਬੇਰਹਿਮੀ ਨਾਲ ਤਸ਼ੱਦਦ ਢਾਹਿਆ ਗਿਆ।
ਉਹ 1960 ਤੋਂ 64 ਤਕ ਸੀæਪੀæਆਈæ ਦਾ ਹਮਦਰਦ ਸੀ। 1964 ਤੋਂ 69 ਤਕ ਸੀæਪੀæਐਮæ ਨਾਲ ਰਿਹਾ ਤੇ ਫਿਰ ਨਕਸਲੀ ਲਹਿਰ ਦੀ ਧਿਰ ਬਣ ਗਿਆ। ਨਕਸਲੀ ਖੱਖੜੀਆਂ-ਕਰੇਲੇ ਹੋਏ ਤਾਂ ਗਰੁੱਪਾਂ ਦੀ ਦੂਸ਼ਣਬਾਜ਼ੀ ਤੋਂ ਉਹ ਵੀ ਬਚ ਨਾ ਸਕਿਆ। ਜਿਵੇਂ ਕਿਰਤੀਆਂ ਦੀ ਕਿਰਤ ਲੁੱਟੀ ਜਾਂਦੀ ਹੈ, ਉਵੇਂ ਹੀ ਨਕਸਲੀਆਂ ਦੇ ਕੁਝ ਗਰੁੱਪਾਂ ਨੇ ਉਸ ਦੀ ਗੀਤਕਾਰੀ ਤੇ ਗਾਇਕੀ ਲੁੱਟਣ ਦੀ ਵੀ ਕਸਰ ਨਾ ਛੱਡੀ। ਜਿਨ੍ਹਾਂ ਨੇ ਹਮਦਰਦੀ ਜਤਾਉਣੀ ਸੀ, ਉਨ੍ਹਾਂ ‘ਚੋਂ ਕਈ ਉਸ ਨੂੰ ਬੇਦਰਦ ਬਣ ਕੇ ਟੱਕਰੇ। ਉਸ ਦੀ ਇਨਕਲਾਬੀ ਸੁਰ ਨੂੰ ਸਲਾਹੁਣ ਵਾਲਿਆਂ ‘ਚੋਂ ਹੀ ਕੁਝ ਨੇ ਉਸ ਨੂੰ ਰੱਜ ਕੇ ਨਾ ਜਿਉਣ ਦਿੱਤਾ। ਉਹਦੇ ਅੱਧਖੜ ਉਮਰੇ ਗੁਜ਼ਰ ਜਾਣ ਦੇ ਕਾਰਨਾਂ ਵਿਚ ਕੁਝ ਉਹ ਸਾਥੀ ਵੀ ਸ਼ਾਮਲ ਸਨ ਜਿਨ੍ਹਾਂ ਕਰ ਕੇ ਉਹ ਵਾਰ ਵਾਰ ਗ੍ਰਿਫਤਾਰ ਹੋਇਆ। ਨਾ ਉਸ ਨੂੰ ਉਹ ਰੋਟੀ ਖਾਂਦਾ ਵੇਖ ਕੇ ਜਰਦੇ ਸਨ ਤੇ ਨਾ ਲਾਲ ਕਿਲ੍ਹੇ ਦੇ ਵੱਡੇ ਮੰਚ ਤੋਂ ਲੋਕ ਹਿਤੈਸ਼ੀ ਨਜ਼ਮਾਂ ਪੜ੍ਹਦਿਆਂ ਅਤੇ ਸੱਤਾ ਵਿਰੋਧੀ ਗੀਤ ਗਾਉਂਦਿਆਂ ਵੇਖ ਕੇ ਜਰਦੇ। ਉਸ ਨੂੰ ਮਾਣ-ਸਨਮਾਨ ਮਿਲਦੇ ਤਾਂ ਉਹ ਉਸ ਨੂੰ ਵਿਕ ਜਾਣ ਦੇ ਮਿਹਣੇ ਮਾਰਦੇ। ਉਦਾਸੀ ਤਫਤੀਸ਼ (ਇੰਟੈਰੋਗੇਸ਼ਨ) ਦੇ ਤਸ਼ੱਦਦ ‘ਚ ਨਹੀਂ ਸੀ ਡੋਲਿਆ, ਪਰ ਸਾਥੀਆਂ ਦੀ ਬੇਰੁਖੀ ਉਸ ਨੂੰ ਲੈ ਬੈਠੀ ਸੀ। ਇਕ ਇੰਟਰਵਿਊ ਵਿਚ ਉਸ ਤੋਂ ਪੁੱਛਿਆ ਗਿਆ ਕਿ ਤਫਤੀਸ਼ ਸੈਂਟਰ ਵਿਚ ਕਿਹੋ ਜਿਹਾ ਤਸ਼ੱਦਦ ਹੋਇਆ?
ਉਦਾਸੀ ਦਾ ਉਤਰ ਸੀ, “ਸਿਰ ਅਤੇ ਗੁਪਤ ਅੰਗਾਂ ਨੂੰ ਵੱਧ ਟਾਰਚਰ ਕੀਤਾ ਗਿਆ। ਭੁੱਲੜ ਵੀਰਾਂ ਨੇ ਮੇਰੇ ਸਿਰ ਨੂੰ ਡੰਡਿਆਂ ਨਾਲ ਕੁੱਟ ਕੇ ਲੋਹੜੀ ਮਨਾਈ। ਘੋਟਣਾ ਫੇਰਨਾ, ਕੁਰਸੀ ਲਾਉਣੀ, ਹੱਥਕੜੀਆਂ ਦੀ ਮਾਰ, ਜੋੜ ਕੁੱਟਣੇ ਤਾਂ ਆਮ ਜਿਹੀ ਗੱਲ ਸੀ। ਸਿਰ ਨੂੰ ਏਨਾ ਕੁੱਟਿਆ ਜਿਸ ਦਾ ਇਲਾਜ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵੀ ਨਾ ਕਰ ਸਕਿਆ। ਜਦੋਂ ਪੁਰੇ ਦੀ ਹਵਾ ਵਗਦੀ ਹੈ ਤਾਂ ਤਫਤੀਸ਼ ਦੀਆਂ ਲਾਸਾਂ ਉਭਰ ਆਉਂਦੀਆਂ ਹਨ। ਦੂਜੀ ਵੇਰ ਵੀ ਉਨ੍ਹਾਂ ਮੇਰੇ ਸਿਰ ਨੂੰ ਨਿਸ਼ਾਨਾ ਬਣਾਇਆ। ਤੀਸਰੀ ਵੇਰ ਮਾਨਸਿਕ ਤੌਰ ‘ਤੇ ਭੁਚਲਾਉਣ ਦੀ ਕੋਸ਼ਿਸ਼ ਕੀਤੀ। ਚੌਥੀ ਵਾਰ ਹਸਪਤਾਲ ਵਿਚ ਹੋਣ ਕਰ ਕੇ ਬਚ ਗਿਆ।”
ਜਦੋਂ ਪੁੱਛਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਤੁਸੀਂ ਕੁਝ ਤਾਂ ਕਿਹਾ ਹੋਵੇਗਾ। ਜਵਾਬ ਸੀ, “ਪੁਲਿਸ ਨੂੰ ਮੈਂ ਕਿਹਾ, ਮੇਰੇ ਗੀਤ ਤੁਹਾਡੇ ਵੀ ਗੀਤ ਹਨ। ਤੁਸੀਂ ਸੁਣ ਲਵੋ, ਪਰ ਪੁਲਿਸ ਅਫ਼ਸਰ ਕਹਿੰਦਾ, ਅਸੀਂ ਕਿਹੜਾ ਸਟੇਜ ਲਾਈ ਐ। ਅਸੀਂ ਤਾਂ ਤੇਰੇ ਦਿਮਾਗ ‘ਚੋਂ ਮਾਓ ਕੱਢਣਾ ਹੈ।”
ਪੰਜਾਬੀ ਦੇ ਇਸ ਅਜ਼ੀਮ ਸ਼ਾਇਰ ਨਾਲ ਜੱਗੋਂ ਤੇਰ੍ਹਵੀਆਂ ਹੋਈਆਂ। ਲੋਕ ਹਿਤਾਂ ਨੂੰ ਪ੍ਰਨਾਈਆਂ ਨਜ਼ਮਾਂ ਲਿਖਣ ਤੇ ਉਚੀ ਆਵਾਜ਼ ਵਿਚ ਗਾਉਣ ਬਦਲੇ ਪੁਲਿਸ ਨੇ 11 ਜਨਵਰੀ 1971 ਨੂੰ ਪੋਹ ਦੀ ਠਰੀ ਰਾਤੇ ਉਸ ਨੂੰ ਚੁੱਕ ਲਿਆ ਤੇ ਲੱਡਾ ਕੋਠੀ ਦੇ ਕਸਾਈਖਾਨੇ ਵਿਚ ਲਿਆ ਸੁੱਟਿਆ। ਬੁੱਢੀ ਮਾਤਾ ਤੇ ਬਿਮਾਰ ਭਰਾ ਜਿਵੇਂ ਕਿਵੇਂ ਲੱਡਾ ਕੋਠੀ ਪਹੁੰਚੇ। ਡਰ ਸੀ, ਉਦਾਸੀ ਨੂੰ ਕਿਤੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਖਪਾ ਨਾ ਦੇਵੇ। ਹੰਝੂ ਕੇਰਦੀ ਮਾਤਾ ਨੇ ਡੀæਐਸ਼ਪੀæ ਅੱਗੇ ਅਰਜ਼ ਗੁਜ਼ਾਰੀ, “ਵੇ ਵੀਰਾ ਮੈਂ ਸੰਤ ਰਾਮ ਉਦਾਸੀ ਦੀ ਮਾਂ ਹਾਂ। ਮੈਂ ਉਹਦੇ ਨਾਲ ਮੁਲਾਕਾਤ ਕਰਨੀ ਐਂ। ਵੇ ਮੈਂ ਆਪਣੇ ਪੁੱਤ ਨੂੰ ਮਿਲਣ ਆਈ ਆਂ। ਮਿਲਾ ਦਿਓ, ਰੱਬ ਥੋਡਾ ਭਲਾ ਕਰੇ।”
ਉਸ ਵੇਲੇ ਉਦਾਸੀ ਬੈਰਕ ਅੰਦਰ ਮੂੰਹ ਭਾਰ ਬੇਸੁਰਤ ਪਿਆ ਸੀ। ਉਸ ਨੂੰ ਏਨਾ ਕੁੱਟਿਆ ਮਾਰਿਆ ਗਿਆ ਸੀ ਕਿ ਉਠ ਨਹੀਂ ਸੀ ਸਕਦਾ। ਉਹਨੂੰ ਰੱਸਿਆਂ ਨਾਲ ਪੁੱਠਾ ਟੰਗ ਕੇ ਸਿਰ ਡੰਡਿਆਂ ਨਾਲ ਕੁੱਟਿਆ ਗਿਆ ਸੀ। ਸਿਰ ਹੇਠਾਂ ਵੱਡੀ ਮੋਮਬੱਤੀ ਬਾਲ ਕੇ ਸੇਕ ਦਿੱਤਾ ਗਿਆ ਸੀ ਤਾਂ ਕਿ ਦਿਮਾਗ ਦੀ ਮਿੱਝ ਢਾਲ ਕੇ ਉਦਾਸੀ ਨੂੰ ਕਮਲ਼ਾ ਕਰ ਦਿੱਤਾ ਜਾਵੇ। ਮੁੜ ਕੇ ਨਾ ਕਦੇ ਉਹ ਲਿਖ ਸਕੇ ਤੇ ਨਾ ਬੋਲ ਸਕੇ। ਹੱਥਾਂ ਦੇ ਪੋਟਿਆਂ ਨੂੰ ਸੂਈਆਂ ਮਾਰ-ਮਾਰ ਕੇ ਛਾਣਨੀ ਕੀਤਾ ਹੋਇਆ ਸੀ। ਸਿਰ ਦੇ ਵਾਲ ਪੁੱਟ-ਪੁੱਟ ਕੇ ਖੋਪੜੀ ਰੋਡੀ ਕੀਤੀ ਹੋਈ ਸੀ। ਵਾਲ ਪੁੱਟਣ ਨਾਲ ਥਾਂ ਪੁਰ ਥਾਂ ਸੋਜਿਸ਼ ਪਈ ਹੋਈ ਸੀ। ਉਤੋਂ ਪੋਹ ਦੀ ਕੱਕਰਮਾਰੀ ਠਾਰੀ। ਉਦਾਸੀ ਦੇ ਪੈਰਾਂ ਦੀਆਂ ਤਲ਼ੀਆਂ ਵਿਚ ਖੂਨ ਜੰਮਿਆ ਹੋਇਆ ਸੀ। ਸਾਰੇ ਜੋੜ ਡੰਡੇ ਮਾਰ-ਮਾਰ ਸੁਜਾਏ ਹੋਏ ਸਨ।
ਡੀæਐਸ਼ਪੀæ ਨੇ ਮਾਈ ਨੂੰ ਪੁੱਛਿਆ, “ਜੇ ਅਸੀਂ ਉਦਾਸੀ ਨੂੰ ਦੂਰੋਂ ਦਿਖਾ ਦੇਈਏ ਤਾਂ ਠੀਕ ਐ? ਕੋਈ ਇਤਰਾਜ਼ ਤਾਂ ਨਹੀਂ?”
ਮਮਤਾ ਦੀ ਮਾਰੀ ਮਾਂ ਨੇ ਕਿਹਾ, “ਵੇ ਵੀਰਾ, ਮੈਂ ਗਰੀਬਣੀ ਨੇ ਕਾਹਦਾ ਇਤਰਾਜ਼ ਕਰਨੈਂ? ਥੋਡੇ ਰਹਿਮ ਨਾਲ ਮੇਰਾ ਪੁੱਤਰ ਮੈਨੂੰ ਦਿਸ ਜੇ। ਮੈਂ ਸਮਝ ਲੂੰ ਮੇਰਾ ਪੁੱਤ ਜਿਉਂਦੈ! ਪੁਲਿਸ ਨੇ ਮਾਰਿਆ ਨੀ। ਮੈਂ ਤਾਂ ਉਹਨੂੰ ਦੇਖਣਾ ਈ ਚਾਹੁੰਨੀ ਆਂ। ਜੇ ਮੇਰੇ ਨੇੜੇ ਨੀ ਲੈ ਕੇ ਆਉਣਾ, ਬੇਸ਼ਕ ਨਾ ਲਿਆਓ। ਮੈਨੂੰ ਦੂਰੋਂ ਈ ਖੜ੍ਹਾ ਦਿਖਾ ਦਿਓ। ਸੰਤ ਰਾਮ ਦੂਰੋਂ ਖੜ੍ਹਾ ਈ ਆਖ ਦੇਵੇ, ਬੇਬੇ ਮੈਂ ਜਿਓਨਾਂ। ਤੂੰ ਜਾਹ ਘਰ ਨੂੰ।”
ਹਵਾਲਦਾਰ ਬੈਰਕ ਵਿਚ ਜਾ ਕੇ ਉਦਾਸੀ ਨੂੰ ਹਲੂਣਨ ਲੱਗਾ, “ਓਏ ਉਦਾਸੀ, ਓਏ ਉਦਾਸੀ। ਉਠ ਓਏ, ਤੇਰੀ ਮਾਂ ਤੈਨੂੰ ਸਿਰਸੇ ਤੋਂ ਮਿਲਣ ਆਈ ਐ। ਬਾਹਰ ਖੜ੍ਹੀ ਐ ਤੇਰੀ ਮਾਂ। ਉਠ ਨਹੀਂ ਤਾਂ ਮਰਜੂ ਓਹ ਵੀ।”
ਮਾਂ ਸ਼ਬਦ ਨੇ ਉਦਾਸੀ ਦੀ ਸੁਰਤ ਮੋੜੀ। ਕਿਤੇ ਉਹ ਸੱਚੀਂ ਨਾ ਸਾਹ ਖਿੱਚਜੇ। ਉਹ ਔਖਾ-ਸੌਖਾ ਮਾਂ ਤਕ ਪੁੱਜਾ ਤੇ ਦੂਰ ਦੀ ਸੋਚ ਕੇ ਬੋਲਿਆ, “ਮਾਂ, ਮੈਂ ਠੀਕ ਠਾਕ ਆਂ। ਤੂੰ ਕਿਤੇ ਮਮਤਾ ਵਿਚ ਆ ਕੇ ਸਾਹ ਨਾ ਚੜ੍ਹਾ ਲਈਂ। ਏਥੇ ਫੇਰ ਤੈਨੂੰ ਕੌਣ ਸਾਂਭੂ?”
ਮਾਂ ਨੇ ਪੀੜਾਂ ਪਰੁੰਨੇ ਘਾਇਲ ਪੁੱਤਰ ਨੂੰ ਬੁਕਲ ‘ਚ ਲੈ ਕੇ ਪਿਆਰ ਦਿੱਤਾ ਤੇ ਕਿਹਾ, “ਪੁੱਤ ਤੇਰਾ ਰੱਬ ਰਾਖਾ। ਪੁੱਤ ਹੁਣ ਮੇਰਾ ਸਾਹ ਨ੍ਹੀਂ ਚੜ੍ਹਦਾ। ਤੂੰ ਮੇਰਾ ਫਿਕਰ ਨਾ ਕਰੀਂ।”
ਬੱਸ ਏਨੀ ਹੀ ਹੋ ਸਕੀ ਸੀ ਮੁਲਾਕਾਤ। ਉਧਰ ਗੁਰਦਾਸ ਸਿੰਘ ਘਾਰੂ ਹੋਰੀਂ ਸੱਜੇ ਖੱਬੇ ਦੇ ਕਾਮਰੇਡਾਂ ਨੂੰ ਨਾਲ ਲੈ ਕੇ ਐਮæਪੀæ ਤੇਜਾ ਸਿੰਘ ਸੁਤੰਤਰ ਰਾਹੀਂ ਉਦਾਸੀ ਨੂੰ ਜ਼ਮਾਨਤ ਉਤੇ ਛੁਡਾਉਣ ਵਿਚ ਕਾਮਯਾਬ ਹੋ ਗਏ। ਫਿਰ ਉਸ ਨੂੰ ਮੋਗਾ ਗੋਲੀ ਕਾਂਡ ਵੇਲੇ ਗ੍ਰਿਫਤਾਰ ਕਰ ਲਿਆ ਗਿਆ। ਉਧਰੋਂ ਬੰਦ ਖਾਸੀ ਹੋਈ ਤਾਂ ਐਮਰਜੈਂਸੀ ‘ਚ ਅੰਦਰ ਕਰ ਲਿਆ। ਚੌਥੀ ਵਾਰ ਡੀæਆਈæਆਰæ ਤਹਿਤ ਫਿਰ ਪੁਲਿਸ ਲੈ ਗਈ। ਉਹਦੀ ਨੌਕਰੀ ਵੀ ਖਤਰੇ ਵਿਚ ਪਈ ਰਹੀ, ਪਰ ਉਹ ਦੁੱਖ-ਤਖੀਫਾਂæ ਸਹਿੰਦਾ ਗਾਉਂਦਾ ਰਿਹਾ:
ਅਸੀਂ ਜੜ੍ਹ ਨਾ ਜ਼ੁਲਮ ਦੀ ਛੱਡਣੀ,
ਸਾਡੀ ਭਾਵੇਂ ਜੜ੍ਹ ਨਾ ਰਹੇ,
ਲੋਕ ਵੇ!æææ
ਅੱਗ ਵਿਚ ਜਿੰਦੜੀ ਨੂੰ ਦੇਣਾ ਝੋਕ ਵੇ।
ਜਿਹੜੀ ਖੂਨ ਹੈ ਕਿਰਤ ਦਾ ਪੀਂਦੀ,
ਤੋੜ ਦੇਣੀ ਤਨ ਦੇ ਉਤੋਂ,
ਜੋਕ ਵੇ!æææ
ਲੋਕੀਂ ਹੁਣ ਨਿਕਲ ਪਏ ਹਿੱਕਾਂ ਠੋਕ ਵੇ।
ਉਦਾਸੀ ਨੇ ਗੀਤ ਲੋਕਾਂ ਦੇ ਮੂੰਹ ਚੜ੍ਹਾਉਣ ਲਈ ਲੋਕ ਗੀਤਾਂ ਤੇ ਕਿੱਸਾਕਾਰੀ ਦੇ ਛੰਦਾਂ ਦੀ ਭਰਪੂਰ ਵਰਤੋਂ ਕੀਤੀ। ਕਿਤੇ ਕੋਰੜਾ ਛੰਦ ਵਰਤਿਆ, ਕਿਤੇ ਬੈਂਤ, ਕਿਤੇ ਕਬਿੱਤ ਤੇ ਕਿਤੇ ਕਲੀ:
ਤੇਰਾ ਭੋਲੂ ਤਾਂ ਨਿੱਤ
ਰੀਂ ਰੀਂ ਕਰਦਾ ਰਹਿੰਦਾ ਹੈ,
ਧੀ ਹੈ ਤੇਰੀ ਜਾਂਦੀ ਬੰਗਲੀਂ
ਬਾਲ ਖਿਡਾਉਣ ਨੂੰ।
ਤੇਰੇ ਮਿੱਠੂ ਦੀ ਨਿੱਤ
ਜਾਏ ਤੜਾਗੀ ਢਿਲਕਦੀ,
ਭੁੱਖੀ ਪਤਨੀ ਨੂੰ ਨਾ ਉਤਰੇ
ਦੁੱਧ ਚੁੰਘਾਉਣ ਨੂੰ।
ਤੈਨੂੰ ਪਿਆ ਭੁਲੇਖਾ
ਭਗਤੀ ਦੇ ਵਿਚ ਭੰਗਣਾ ਦਾ,
ਤਾਹੀਓਂ ਸਾਧਾਂ ਤੋਂ ਨਿੱਤ ਫਿਰਦਾ
ਉਨ ਲੁਹਾਉਣ ਨੂੰ।
ਤੇਰੀ ਕਿਰਤ ਤਾਂ ਭਾਵੇਂ
ਜੱਸ ਖੱਟ ਲੈਂਦੀ ਰਾਠਾਂ ਦਾ,
ਐਪਰ ਜਾਤ ਤਾਂ ਤੇਰੀ,
ਗਿੱਟਲ ਢੇਡ ਕਹਾਉਣ ਨੂੰ।
ਕਦੋਂ ਕੁ ਪਿੰਡੇ ਉਤੋਂ ਉਤਰੂਗੀ
ਪੰਡ ਜੂੰਆਂ ਦੀ,
ਕਦੋਂ ਕੁ ਤੁਰਨਾ ਹੈ
ਤੂੰ ਚਾਨਣ ਵਿਚ ਨਹਾਉਣ ਨੂੰ।
ਜਦੋਂ ਉਹਦੀ ਪਹਿਲੀ ਗ੍ਰਿਫਤਾਰੀ ਹੋਈ, ਉਦੋਂ ਉਹਦੀ ਪਤਨੀ ਨੂੰ ਬਾਲ ਬੱਚੇ ਚੁੱਕ ਕੇ ਪੇਕੀਂ ਰਹਿਣਾ ਪਿਆ। ਉਥੇ ਹੀ ਉਹਦੀ ਤੀਜੀ ਧੀ ਦਾ ਜਨਮ ਹੋਇਆ। ਨਾਨਕੇ-ਦਾਦਕੇ ਉਪਰੋਥਲੀ ਧੀਆਂ ਜੰਮਣ ਤੋਂ ਦੁਖੀ ਸਨ। ਉਦਾਸੀ ਦੀ ਮਾਂ ਤਾਂ ਇਹੋ ਕਹਿੰਦੀ ਰਹਿੰਦੀ, “ਮੇਰੇ ਸਾਧ ਪੁੱਤ ਨੂੰ ਕਿਥੋਂ ਪੱਥਰਾਂ ਦੀ ਮਾਰ ਪੈ ਗਈ? ਇਹ ਤਾਂ ਏਨੀ ਜੋਗਾ ਹੈ ਨੀ ਸੀ, ਇਹਨੇ ਤਾਂ ਕਦੇ ਕਿਸੇ ਦਾ ਮਾੜਾ ਨੀ ਸੀ ਚਿਤਵਿਆ।”
ਜਦੋਂ ਉਹ ਰਿਹਾ ਹੋ ਕੇ ਸਹੁਰੀਂ ਆਇਆ ਤਾਂ ਉਸ ਨੇ ਤੀਜੀ ਧੀ ਦੇ ਜੰਮਣ ਨੂੰ ਸ਼ੁਭ ਸ਼ਗਨ ਕਿਹਾ। ਉਹਦੀ ਪਤਨੀ ਬੇਸ਼ਕ ਰੋਈ ਜਾਂਦੀ ਸੀ, ਪਰ ਉਦਾਸੀ ਲਈ ਧੀ-ਪੁੱਤ ‘ਚ ਕੋਈ ਫਰਕ ਨਹੀਂ ਸੀ। ਉਹਨੂੰ ਮਿਲਣ ਗਿਲਣ ਆਏ ਵਾਰ-ਵਾਰ ਸਮਝਾਉਂਦੇ, “ਤੂੰ ਸੋਹਣੇ ਰੁਜ਼ਗਾਰ ‘ਤੇ ਲੱਗਿਐਂ, ਅਰਾਮ ਨਾਲ ਬੱਚੇ ਪਾਲ, ਚੱਲ ਹੋਰ ਨੀ ਤਾਂ ਤਿੰਨਾਂ ਕੁੜੀਆਂ ਦੇ ਮੂੰਹ ਵੱਲ ਈ ਦੇਖ। ਸਰਕਾਰ ਨਾਲ ਪੰਗੇ ਲੈ ਕੇ ਕੀ ਕਰ ਲਏਂਗਾ ਤੂੰ? ਐਮੇ ਪੁਲਿਸ ਤੋਂ ਕੁੱਟ ਖਾਂਦਾ ਫਿਰਦੈਂ!” ਉਦਾਸੀ ਇਹੋ ਜਵਾਬ ਦਿੰਦਾ, “ਮੈਂ ਕੋਈ ਚੋਰ ਡਾਕੂ ਨੀ। ਆਪਣੇ ਲਈ ਤਾਂ ਸਾਰੇ ਮਰਦੇ ਐ, ਪਰ ਲੋਕਾਂ ਲਈ ਕੋਈ-ਕੋਈ ਈ ਮਰਦੈ।”
ਪੁਲਿਸ ਉਹਦੇ ਮਗਰ ਪਈ ਰਹੀ ਤੇ ਉਹ ਰਾਤ ਬਰਾਤੇ ਘਰ ਆਉਂਦਾ ਰਿਹਾ। ਘਰ ਵਾਲੇ ਕੋਈ ਉਘ ਸੁੱਘ ਨਾ ਦਿੰਦੇ, ਪਰ ਇਕ ਵਾਰ ਪੁਲਿਸ ਛਾਪਾ ਮਾਰ ਕੇ ਉਸ ਨੂੰ ਚੁੱਕ, ਧੂਹ ਅਤੇ ਘਸੀਟ ਕੇ ਲੱਡਾ ਕੋਠੀ ਦੇ ਇੰਟੈਰੋਗੇਸ਼ਨ ਸੈਂਟਰ ਵਿਚ ਲੈ ਗਈ। ਕਈ ਦਿਨਾਂ ਦੀ ਕੁੱਟ ਮਾਰ ਪਿੱਛੋਂ ਛੱਡਿਆ ਤਾਂ ਨਾ ਉਹਤੋਂ ਖੜ੍ਹਾ ਹੋਇਆ ਜਾਵੇ ਤੇ ਨਾ ਤੁਰਿਆ। ਪੈਰਾਂ ਦੀਆਂ ਤਲੀਆਂ ਸੁੱਜੀਆਂ ਪਈਆਂ ਸਨ।
ਘਰ ਆ ਕੇ ਵੀ ਉਹਨੂੰ ਕੋਈ ਚੈਨ ਨਹੀਂ ਸੀ। ਉਹਦਾ ਬਿਸਤਰਾ ਨੀਰੇ ਵਾਲੇ ਅੰਦਰ ਤੂੜੀ ਉਤੇ ਹੀ ਹੁੰਦਾ ਜਿਸ ਦੇ ਬਾਰ ਨੂੰ ਬਾਹਰੋਂ ਜਿੰਦਾ ਲੱਗਾ ਰਹਿੰਦਾ। ਰਾਤ ਬਰਾਤੇ ਨਕਸਲੀ ਕਾਮਰੇਡਾਂ ਦੀਆਂ ਮੀਟਿੰਗਾਂ ਹੁੰਦੀਆਂ। ਸ਼ਹਿਣੇ ਠਾਣੇ ਦੀ ਪੁਲਿਸ ਦੇ ਛਾਪੇ ਤਾਂ ਪੈਂਦੇ ਹੀ ਰਹਿੰਦੇ। ਇਕੇਰਾਂ ਪਟਿਆਲੇ ਦੀ ਪੁਲਿਸ ਵੀ ਆ ਪਈ। ਉਹਨੇ ਘਰ ਵਾਲੀ ਤੇ ਜੁਆਕਾਂ ਦੀ ਵੀ ਧੂਹ ਘੜੀਸ ਕੀਤੀ। ਘਰ ਦਾ ਸਾਮਾਨ ਭੰਨ ਤੋੜ ਦਿੱਤਾ। ਉਦਾਸੀ ਦੇ ਨਾਲ ਉਹਦੇ ਪਰਿਵਾਰ ਨੇ ਵੀ ਬੇਅੰਤ ਦੁੱਖ ਝੱਲੇ।
ਫਿਰ ਐਮਰਜੈਂਸੀ ਲੱਗ ਗਈ। ਪੁਲਿਸ ਦਾ ਆਉਣਾ, ਉਦਾਸੀ ਨੂੰ ਫੜਨਾ, ਤਸ਼ੱਦਦ ਕਰਨਾ ਤੇ ਛੱਡ ਦੇਣਾ ਆਮ ਗੱਲ ਸੀ। ਤਸ਼ੱਦਦ ਨਾਲ ਉਦਾਸੀ ਦੀ ਕਮਜ਼ੋਰ ਨਿਗ੍ਹਾ ਹੋਰ ਕਮਜ਼ੋਰ ਹੋ ਗਈ, ਹੱਡਾਂ ਦੇ ਜੋੜ ਦਰਦ ਕਰਨ ਲੱਗੇ ਤੇ ਯਾਦਾਸ਼ਤ ਘਟ ਗਈ। ਉਹ ਪਤਨੀ ਨੂੰ ਅਕਸਰ ਕਹਿੰਦਾ, “ਮੇਰਾ ਕੀ ਪਤੈ, ਮੈਨੂੰ ਕਦੋਂ ਪੁਲਿਸ ਮਾਰ ਦੇਵੇ। ਤੂੰ ਜੁਆਕਾਂ ਦਾ ਧਿਆਨ ਰੱਖੀਂ।” ਅੱਗਿਉਂ ਉਹ ਕਹਿੰਦੀ, “ਕੋਈ ਮਾਰ ਕੇ ਤਾਂ ਦਿਖਾਵੇ, ਜੇ ਢਿੱਡ ਨਾ ਪਾੜ ਦਿਆਂ ਅਗਲੇ ਦਾ।”
ਜਦ ਉਹਦਾ ਕੋਈ ਸਾਥੀ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਂਦਾ ਤਾਂ ਉਹ ਕਈ ਕਈ ਦਿਨ ਮਸੋਸਿਆ ਰਹਿੰਦਾ। ਰਾਤਾਂ ਨੂੰ ਉਭੜਵਾਹੇ ਉਠਦਾ ਤੇ ਹੰਝੂ ਵਹਾਉਣ ਲੱਗਦਾ। ਮੋਏ ਸਾਥੀਆਂ ਦੀ ਯਾਦ ਵਿਚ ਗੀਤ ਜੋੜਦਾ ਤੇ ‘ਕੱਠਾਂ ਵਿਚ ਰੋਹ ਨਾਲ ਗਾਉਂਦਾ:
ਜਿਥੇ ਗਏ ਹੋ ਅਸੀਂ ਵੀ ਆਏ ਜਾਣੋ,
ਬਲਦੀ ਚਿਖਾ ਹੁਣ ਠੰਢੀ ਨੀ ਹੋਣ ਦੇਣੀ।
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨੀ ਹੋਣ ਦੇਣੀ।
ਉਦਾਸੀ ਦੀ ਧੀ ਇਕਬਾਲ ਕੌਰ ਦੱਸਦੀ ਹੈ ਕਿ ਜਿੱਦਣ ਮੋਗਾ ਗੋਲੀ ਕਾਂਡ ਹੋਇਆ, ਪਾਪਾ ਕਿਤੇ ਪ੍ਰੋਗਰਾਮ ਕਰ ਕੇ ਆ ਰਹੇ ਸਨ। ਖਬਰ ਸੁਣ ਕੇ ਬੜੇ ਦੁਖੀ ਹੋਏ ਤੇ ਤਵਾਜ਼ਨ ਖੋ ਬੈਠੇ। ਕਿਤੋਂ ਬੇਹੱਦ ਸ਼ਰਾਬ ਪੀ ਕੇ ਘਰ ਪਹੁੰਚੇ। ਘਰ ਦੇ ਉਹਦੀ ਹਾਲਤ ਵੇਖ ਕੇ ਘਬਰਾ ਗਏ। ਪ੍ਰੋਗਰਾਮ ਵਿਚ ਜਿੰਨੇ ਨੋਟ ਮਿਲੇ ਸਨ, ਪਾੜ ਕੇ ਖਿਲਾਰ ਦਿੱਤੇ। ਫਿਰ ਭੁੱਬਾਂ ਮਾਰ ਕੇ ਰੋਣ ਲੱਗੇ।
ਨਵੰਬਰ 1984 ਵਿਚ ਦਿੱਲੀ ਦੇ ਘੱਲੂਘਾਰੇ ਤੋਂ ਬਾਅਦ ਉਸ ਨੂੰ ਲਾਲ ਕਿਲ੍ਹੇ ਦੇ ਕਵੀ ਦਰਬਾਰ ਵਿਚ ਬੁਲਾਇਆ ਗਿਆ। ਉਥੇ ਉਹਨੇ ਢੱਠੇ ਗੁਰਦਵਾਰੇ ਤੇ ਸਿੱਖਾਂ ਦੇ ਸੜੇ ਮਕਾਨ ਵੇਖੇ ਤੇ ਉਜੜੇ ਪਰਿਵਾਰਾਂ ਦੀ ਬਰਬਾਦੀ ਅਤੇ ਦਰਦਨਾਕ ਕਤਲਾਂ ਦੇ ਕਿੱਸੇ ਸੁਣੇ ਤਾਂ ਉਹ ਫਿਰ ਮਾਨਸਿਕ ਤੌਰ ‘ਤੇ ਹਿੱਲ ਗਿਆ। ਵਾਪਸ ਆਉਂਦਾ ਪਿੰਡ ਭੋਤਨੇ ‘ਚ ਵੜਦਾ ਕਹੀ ਜਾਵੇ, “ਸਾਡਾ ਘਰ ਬਾਰ ਸੜ ਗਿਆ, ਓਥੇ ਪੁਲਿਸ ਬੈਠੀ ਐ, ਮੈਨੂੰ ਮਾਰ ਦੇਣਗੇæææ।” ਦਿੱਲੀ ਦੇ ਕਤਲੇਆਮ ਦਾ ਉਹਦੇ ਅਚੇਤ ਮਨ ‘ਤੇ ਏਨਾ ਡੂੰਘਾ ਅਸਰ ਪਿਆ ਕਿ ਉਹ ਰਾਤਾਂ ਨੂੰ ਉਠ ਕੇ ਭੱਜ ਪੈਂਦਾ ਤੇ ਅਚਾਨਕ ਰੋਣ ਲੱਗ ਜਾਂਦਾ। ਇਕ ਸਾਲ ਉਹਦਾ ਏਹੀ ਹਾਲ ਰਿਹਾ।
(ਚਲਦਾ)