ਪੰਜਾਬੀ ਸੂਬਾ, ਸਿਆਸਤ ਅਤੇ ਸਭਿਆਚਾਰ

ਰਾਜਿੰਦਰਪਾਲ ਸਿੰਘ ਬਰਾੜ
ਫੋਨ: +91-98150-50617
ਪੰਜਾਬੀ ਸੂਬਾ ਬਣਨ ਦੀ ਪ੍ਰਕਿਰਿਆ ਅਤੇ ਉਸ ਤੋਂ ਬਾਅਦ ਦੇ ਰਾਜਸੀ ਪ੍ਰਭਾਵਾਂ ਬਾਰੇ ਤਾਂ ਬਹੁਤ ਵਿਚਾਰ-ਚਰਚਾ ਹੋ ਚੁੱਕੀ ਹੈ, ਪਰ ਇਸ ਦੇ ਆਰਥਿਕ, ਧਾਰਮਿਕ ਅਤੇ ਸਮਾਜ-ਸਭਿਆਚਾਰਕ ਪੱਖਾਂ ਬਾਰੇ ਬਹੁਤ ਘੱਟ ਗੱਲ ਹੋਈ ਹੈ। ਪੰਜਾਬੀ ਸੂਬੇ ਦੀ ਮੰਗ ਪਿੱਛੇ ਕੰਮ ਕਰਦੀਆਂ ਸਭਿਆਚਾਰਕ ਅਕਾਂਖਿਆਵਾਂ ਅਤੇ ਸੂਬਾ ਬਣਨ ਬਾਅਦ ਦੇ ਸਭਿਆਚਾਰਕ ਰੂਪਾਂਤਰਣ ਸਬੰਧੀ ਤਾਂ ਗੌਲਿਆ ਹੀ ਘੱਟ ਗਿਆ ਹੈ।

ਸ਼ਾਹ ਮੁਹੰਮਦ ਦਾ ‘ਰਾਜੀਬਾਜੀ ਵੱਸਦਾ ਪੰਜਾਬ’ 1947 ਵਿਚ ਧਰਮ ਆਧਾਰ ‘ਤੇ ਨਾ ਕੇਵਲ ਵੰਡਿਆ ਗਿਆ ਸਗੋਂ, ਪਰਸਪਰ ਭਿਆਨਕ ਕਤਲੇਆਮ ਨਾਲ ਧਾਰਮਿਕ ਫ਼ਿਰਕਿਆਂ ਦਰਮਿਆਨ ਨਫ਼ਰਤ ਦੇ ਬੀਜ ਵੀ ਬੀਜੇ ਗਏ। ਦੇਸ਼ ਵੰਡ ਨਾਲ ਭਾਰਤੀ ਪੰਜਾਬ ਵਿਚ ਇਕ ਵਾਰ ਹਿੰਦੂ-ਸਿੱਖਾਂ ਨੇ ਰਾਜਸੀ ਹੋਣੀ ਸਾਂਝੀ ਕਰ ਲਈ। ਮਾਲੇਰਕੋਟਲਾ ਮੁਸਲਮਾਨ ਬਹੁਗਿਣਤੀ ਹੋਣ ਦੇ ਬਾਵਜੂਦ ਦੰਗਿਆਂ ਤੋਂ ਸੁਰੱਖਿਅਤ ਰਹਿਣ ਕਰ ਕੇ ਇਸ ਝੱਖੜ ਵਿਚ ‘ਉਮੀਦ’ ਦਾ ਪ੍ਰਤੀਕਾਤਮਕ ਚਿਰਾਗ ਬਣਿਆ। ਭਾਰਤੀ ਸਟੇਟ ਦੇ ਧਰਮ ਨਿਰਪੇਖ ਚਰਿੱਤਰ ਦੇ ਬਾਵਜੂਦ ਕਿਤੇ ਨਾ ਕਿਤੇ ਧਾਰਮਿਕ ਫ਼ਿਰਕਿਆਂ ਦੀ ਇਕ-ਦੂਜੇ ਲਈ ਬੇਵਿਸ਼ਵਾਸੀ ਪੈਦਾ ਹੋਈ। ਇਸ ਨੂੰ ਇਕਜੁੱਟ ਕਰਨ ਦਾ ਕੰਮ ਪੰਜਾਬੀਅਤ ਦੀ ਭਾਵਨਾ ਹੀ ਕਰ ਸਕਦੀ ਸੀ ਜਿਸ ਪ੍ਰਸੰਗ ਵਿਚ ਪੰਜਾਬੀ ਭਾਸ਼ੀ ਸੂਬੇ ਦੀ ਮੰਗ ਭਾਰਤੀ ਪੰਜਾਬ ਦੇ ਲੋਕਾਂ ਨੂੰ ਸਭਿਆਚਾਰਕ ਤੌਰ ‘ਤੇ ਇਕਜੁੱਟ ਕਰਨ ਵਾਲੀ ਸੀ।
ਦੇਸ਼ ਵੰਡ ਨਾਲ ਪੰਜਾਬੀਆਂ ਦੀ ਸਭਿਆਚਾਰਕ ਰਾਜਧਾਨੀ ਲਾਹੌਰ ਖੁੱਸ ਗਈ। ਇਕ ਪਾਸੇ ਉਰਦੂ ਇਕ ਵਿਸ਼ੇਸ਼ ਫ਼ਿਰਕੇ ਨਾਲ ਜੁੜ ਗਿਆ ਸੀ ਤੇ ਪਾਕਿਸਤਾਨੀ ਪੰਜਾਬ ਤਕ ਸੀਮਤ ਹੋ ਗਿਆ; ਦੂਜੇ ਪਾਸੇ ਸੰਸਕ੍ਰਿਤਨੁਮਾ ਪੁਸਤਕੀ ਹਿੰਦੀ ਦਾ ਪ੍ਰਭਾਵੀ ਹੋਣ ਨਾਲ ਪੰਜਾਬ ਦੇ ਪੰਜਾਬੀਆਂ ਨੂੰ ਭਾਸ਼ਾਈ ਪੱਖੋਂ ਹੀ ਨਹੀਂ, ਸਭਿਆਚਾਰਕ ਪੱਖੋਂ ਵੀ ਬੇਗਾਨਗੀ ਦਾ ਅਹਿਸਾਸ ਕਰਾ ਦਿੱਤਾ ਸੀ। ਇਸ ਸਥਿਤੀ ਵਿਚ ਪੰਜਾਬ ਦੇ ਪੰਜਾਬੀ ਬੋਲਦੇ ਲੋਕ ਆਪਣੀਆਂ ਸਭਿਆਚਾਰਕ ਕਲਾਵਾਂ ਲਈ ਯੋਗ ਭਾਸ਼ਾਈ ਮਾਧਿਅਮ ਦੀ ਤਲਾਸ਼ ਵਿਚ ਸਨ। ਅੰਗਰੇਜ਼ਾਂ ਦੇ ਆਉਣ ਨਾਲ ਪੜ੍ਹਾਈ ਤੇ ਪ੍ਰੀਖਿਆ ਲਈ ਮਾਧਿਅਮ ਅੰਗਰੇਜ਼ੀ ਰੋਮਨ ਲਿਪੀ ਦੇ ਨਾਲ ਨਾਲ ਉਰਦੂ ਫਾਰਸੀ ਲਿਪੀ ਵਿਚ ਹੋ ਗਿਆ ਸੀ। ਪੰਜਾਬੀ ਅਤੇ ਹਿੰਦੀ ਵਿਸ਼ੇ ਵਜੋਂ ਤਾਂ ਪੜ੍ਹਾਈਆਂ ਜਾਂਦੀਆਂ ਸਨ, ਪਰ ਸਿੱਖਿਆ ਦਾ ਮਾਧਿਅਮ ਨਹੀਂ ਸੀ। ਦੇਸ਼ ਵੰਡ ਤੋਂ ਬਾਅਦ ਖਲਾਅ ਪੈਦਾ ਹੋ ਗਿਆ। ਭਾਰਤੀ ਪੰਜਾਬ ਵਿਚ ਸਿੱਖਿਆ ਦੇ ਮਾਧਿਅਮ ਅਤੇ ਲਿਪੀ ਬਾਰੇ ਦਵੰਦ ਪੈਦਾ ਹੋ ਗਿਆ ਸੀ। ਪੰਜਾਬੀ ਲੋਕ ਆਪਣੀ ਸਿੱਖਿਆ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿਚ ਲੈਣਾ ਚਾਹੁੰਦੇ ਸਨ। ਇਸ ਲਈ ਸਿੱਖ ਕੁਝ ਵਧੇਰੇ ਚਾਹਤ ਰੱਖਦੇ ਸਨ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਪੰਜਾਬੀ ਅਤੇ ਲਿਪੀ ਗੁਰਮੁਖੀ ਸੀ। ਜਦੋਂ ਰਿਜਨਲ ਫਾਰਮੂਲੇ ਰਾਹੀਂ ਮੰਨ ਲਿਆ ਗਿਆ ਕਿ ਪੰਜਾਬ ਦੇ ਬਹੁਗਿਣਤੀ ਪੰਜਾਬੀ ਭਾਸ਼ੀ ਇਲਾਕੇ ਵਿਚ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇਗਾ ਤਾਂ ਇਸ ਨਾਲ ਪੰਜਾਬੀ ਵਿਚ ਪਾਠ ਪੁਸਤਕਾਂ ਪ੍ਰਕਾਸ਼ਿਤ ਹੋਣ ਲੱਗੀਆਂ। 1961 ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਹੋਈ। ਇਸ ਨਾਲ ਪੰਜਾਬੀ ਸਭਿਆਚਾਰ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਤੋਂ ਪਹਿਲਾਂ ਪਟਿਆਲਾ ਰਿਆਸਤ ਦਾ ਪਹਿਲੀ ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਬਣਿਆ, ਪੈਪਸੂ ਬਣਨ ਨਾਲ ਮਹਿਕਮਾ ਪੰਜਾਬੀ ਕੰਮ ਕਰਨ ਲੱਗਿਆ। ਰਾਜ ਦੇ ਪੁਨਰਗਠਨ ਬਾਅਦ ਮੌਜੂਦਾ ਭਾਸ਼ਾ ਵਿਭਾਗ ਹੋਂਦ ਵਿਚ ਆਇਆ। ਭਾਸ਼ਾ ਵਿਭਾਗ ਨੇ ਮਹੱਤਵਪੂਰਨ ਪੁਸਤਕਾਂ ਪ੍ਰਕਾਸ਼ਿਤ ਕਰਨ, ਲੇਖਕਾਂ ਨੂੰ ਸਨਮਾਨਿਤ ਕਰਨ ਅਤੇ ਪੰਜਾਬੀ ਦੀ ਦਫ਼ਤਰੀ ਵਰਤੋਂ ਵਿਚ ਸਹਾਇਤਾ ਲਈ ਸ਼ਬਦਾਵਲੀ ਘੜਨ ਵਰਗੇ ਕਈ ਇਤਿਹਾਸਕ ਕੰਮ ਕੀਤੇ ਹਨ। 1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਨਾਲ ਵੀ ਪੰਜਾਬੀ ਨੂੰ ਉਤਸ਼ਾਹ ਮਿਲਿਆ। ਪੰਜਾਬ ਰਾਜ ਭਾਸ਼ਾ ਐਕਟ ਬਣਨ ਅਤੇ ਸੋਧੇ ਜਾਣ ਨਾਲ ਸਰਕਾਰ ਦੇ ਮਹਿਕਮਿਆਂ ਦੀ ਪੰਜਾਬੀ ਭਾਸ਼ਾ ਪ੍ਰਤੀ ਜ਼ਿੰਮੇਵਾਰੀ ਵਿਧਾਨਕ ਹੋ ਗਈ ਹੈ। ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਲੇਖਕ ਸਭਾਵਾਂ ਅਤੇ ਹੋਰ ਗ਼ੈਰ-ਸਰਕਾਰੀ ਸੰਸਥਾਵਾਂ ਪੰਜਾਬ ਦੇ ਪੁਨਰਗਠਨ ਬਾਅਦ ਉਤਸ਼ਾਹ ਵਿਚ ਆਏ ਹਨ।
ਪੰਜਾਬੀ ਮਾਧਿਅਮ ਦੀ ਪੜ੍ਹਾਈ ਨੇ ਬਹੁਤ ਦੂਰਗਾਮੀ ਪ੍ਰਭਾਵ ਪਾਇਆ। ਇਸ ਨਾਲ ਪੰਜਾਬ ਦੀ ਸਾਖ਼ਰਤਾ ਦਰ ਵਧੀ। ਆਧੁਨਿਕਤਾ ਦਾ ਆਮ ਗਿਆਨ ਲੋਕਾਂ ਵਿਚ ਫੈਲਿਆ। ਸਾਹਿਤਕ ਪੁਸਤਕਾਂ ਅਤੇ ਰਸਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ। ਪੰਜਾਬੀ ਸਿੱਖਿਆ ਪ੍ਰਾਪਤ ਲੋਕ ਨੌਕਰੀ ਵਿਚ ਅੱਗੇ ਆਉਣ ਲੱਗੇ। ਨੌਕਰੀ ਵਿਚ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦੀ ਸ਼ਰਤ ਅਤੇ ਕਲਰਕਾਂ/ਸਟੈਨੋਆਂ ਲਈ ਪੰਜਾਬੀ ਭਾਸ਼ਾ ਦੀ ਮੰਗ ਨਾਲ ਨਿਰੋਲ ਪੰਜਾਬੀ ਭਾਸ਼ਾ ਬੋਲਣ, ਪੜ੍ਹਨ, ਲਿਖਣ ਵਾਲਿਆਂ ਅੰਦਰ ਹੀਣ ਭਾਵਨਾ ਦੂਰ ਹੋਈ ਅਤੇ ਉਨ੍ਹਾਂ ਅੰਦਰ ਆਪਣੀ ਭਾਸ਼ਾ ਪ੍ਰਤੀ ਪਿਆਰ ਅਤੇ ਪੰਜਾਬੀ ਹੋਣ ਦਾ ਮਾਣ ਜਾਗਿਆ। ਉਚੇਰੀ ਸਿੱਖਿਆ ਦਾ ਮਾਧਿਅਮ ਪੰਜਾਬੀ ਬਣਨ ਨਾਲ ਪੰਜਾਬ ਦੇ ਵੱਡੇ ਹਿੱਸੇ ਵਿਚ ਸਿੱਖਿਆ ਦਾ ਪਾਸਾਰ ਹੋਇਆ ਹੈ।
ਪੰਜਾਬੀ ਸੂਬਾ ਬਣਨ ਬਾਅਦ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਪੰਜਾਬੀ ਦੀਆਂ ਅਖ਼ਬਾਰਾਂ, ਰਸਾਲਿਆਂ ਦੇ ਨਾਲੋ-ਨਾਲ ਪਾਠ ਪੁਸਤਕਾਂ ਵਿਚ ਆਕਾਰ ਅਤੇ ਮਿਆਰ ਪੱਖੋਂ ਬਹੁਤ ਵਾਧਾ ਹੋਇਆ ਹੈ ਅਤੇ ਸਾਹਿਤਕ ਪੱਖੋਂ ਬਹੁਤ ਹੁਲਾਰਾ ਮਿਲਿਆ ਹੈ। ਰੇਡੀਓ ਉਪਰ ਪੰਜਾਬੀ ਵਿਚ ਖ਼ਬਰਾਂ ਅਤੇ ਹੋਰ ਪ੍ਰੋਗਰਾਮਾਂ ਨੂੰ ਵਧੇਰੇ ਸਮਾਂ ਮਿਲਣ ਲੱਗਿਆ ਹੈ। ਪੰਜਾਬ ਅੰਦਰ ਨਵੇਂ ਬਣੇ ਐਫ਼ਐਮæ ਰੇਡੀਓ ਨੇ ਤਾਂ ਪੰਜਾਬੀ ਦੀਆਂ ਉਪਭਾਸ਼ਾਵਾਂ ਅਤੇ ਸਥਾਨਕ ਕਲਾਕਾਰਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ। ਦਿਹਾਤੀ ਪ੍ਰੋਗਰਾਮਾਂ ਅਤੇ ਚਾਨਣ ਰਿਸ਼ਮਾਂ ਵਰਗੇ ਪ੍ਰੋਗਰਾਮਾਂ ਨੇ ਪੰਜਾਬੀ ਸਭਿਆਚਾਰ ਨੂੰ ਨਵੀਆਂ ਵਿਗਿਆਨਕ ਲੀਹਾਂ ਉਪਰ ਵਿਕਸਿਤ ਕਰਨ ਵਿਚ ਭਰਪੂਰ ਯੋਗਦਾਨ ਪਾਇਆ ਹੈ। ਟੈਲੀਵਿਜ਼ਨ ਦੇ ਪੰਜਾਬੀ ਪ੍ਰੋਗਰਾਮ ਖ਼ਾਸ ਕਰ ਕੇ ਗੀਤ-ਸੰਗੀਤ ਆਧਾਰਤ ਪ੍ਰੋਗਰਾਮਾਂ ਨੇ ਪੰਜਾਬੀ ਸਭਿਆਚਾਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਪ੍ਰਾਈਵੇਟ ਚੈਨਲ ਆਉਣ ਨਾਲ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਹੋਰ ਵੀ ਵਿਕਾਸ ਹੋਇਆ ਹੈ।
ਦੇਸ਼ ਵੰਡ ਸਮੇਂ ਪੰਜਾਬ ਤੋਂ ਲਾਹੌਰ ਹੀ ਨਹੀਂ ਖੁੱਸਿਆ, ਬਲਕਿ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਰਗੇ ਧਾਰਮਿਕ ਸਥਾਨ ਵੀ ਖੁੱਸ ਗਏ। ਪੰਜਾਬ ਦੇ ਸਥਾਨਕ ਮੇਲੇ ਤਾਂ ਪਹਿਲਾਂ ਵੀ ਲਗਦੇ ਸਨ, ਪਰ ਨਵੇਂ ਪੰਜਾਬ ਬਣਨ ਤੋਂ ਬਾਅਦ ਮੁਕਤਸਰ ਸਾਹਿਬ, ਦਮਦਮਾ ਸਾਹਿਬ, ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ ਸਥਾਨ ਦੀ ਇਤਿਹਾਸਕ ਅਹਿਮੀਅਤ ਪੁਨਰ ਸਥਾਪਿਤ ਹੋਈ ਹੈ। ਇਨ੍ਹਾਂ ਮੇਲਿਆਂ ਵਿਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਝਲਕਾਰੇ ਮਿਲਦੇ ਹਨ। ਇਸੇ ਸਮੇਂ ਫ਼ਰੀਦਕੋਟ ਵਿਚ ਬਾਬਾ ਫ਼ਰੀਦ ਆਗਮਨ ਦਿਵਸ, ਲੁਧਿਆਣੇ ਵਿਚ ਪ੍ਰੋæ ਮੋਹਨ ਸਿੰਘ ਮੇਲਾ, ਜਗਦੇਓ ਕਲਾਂ ਦਾ ਹਾਸ਼ਮ ਸ਼ਾਹ ਮੇਲਾ, ਖੇਤੀਬਾੜੀ ਯੂਨੀਵਰਸਿਟੀ ਦਾ ਖੇਤੀ ਮੇਲਾ, ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਦਾ ਮੇਲਾ ਅਤੇ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਚ ਗ਼ਦਰੀ ਬਾਬਿਆਂ ਦਾ ਮੇਲਾ ਨਵੇਂ ਸ਼ੁਰੂ ਹੋਏ ਮੇਲੇ ਹਨ। ਇਹ ਮੇਲੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਬਦਲ ਰਹੀ ਤਸਵੀਰ ਨੂੰ ਅਤੇ ਪੰਜਾਬੀ ਭਾਸ਼ਾ ਦੀ ਚੜ੍ਹਤ ਨੂੰ ਦਰਸਾਉਂਦੇ ਹਨ। ਪੰਜਾਬ ਦੇ ਲੋਕ ਗੀਤਾਂ, ਨਾਚ ਗਿੱਧਾ, ਭੰਗੜਾ, ਮਰਦਾਂ ਦਾ ਗਿੱਧਾ, ਸੰਮੀ, ਝੂਮਰ, ਲੁੱਡੀ ਤੇ ਧਮਾਲ ਆਦਿ ਨੂੰ ਵੱਡੇ ਸਰਕਾਰੀ/ਗ਼ੈਰ-ਸਰਕਾਰੀ ਸਮਾਰੋਹਾਂ ਵਿਚ ਮੌਕੇ ਅਤੇ ਥਾਂ ਮਿਲਣ ਲੱਗੀ। ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਸਭਿਆਚਾਰ ਮੁੜ ਜੀਵਤ ਹੋਣ ਲੱਗਿਆ। ਪੰਜਾਬੀ ਸੂਬਾ ਬਣਨ ਬਾਅਦ ਸਰਕਾਰੀ ਸਰਪ੍ਰਸਤੀ ਮਿਲਣ ਨਾਲ ਪੰਜਾਬ ਦੀਆਂ ਸਾਰੀਆਂ ਹੀ ਸ਼ਾਬਦਿਕ ਅਤੇ ਗੈਰ-ਸ਼ਾਬਦਿਕ, ਹੁਨਰੀ ਪ੍ਰਦਰਸ਼ਨੀ ਕਲਾਵਾਂ ਨੇ ਬਹੁਤ ਵਿਕਾਸ ਕੀਤਾ ਹੈ।
ਪੰਜਾਬੀ ਸੂਬਾ ਬਣਨ ਬਾਅਦ ਇਸ ਦੇ ਸਿਆਸੀ ਸਭਿਆਚਾਰ ਵਿਚ ਵੀ ਤਬਦੀਲੀ ਆਈ ਹੈ। ਆਜ਼ਾਦੀ ਤੋਂ ਪਹਿਲਾਂ ਅਕਾਲੀ ਦਲ, ਕਾਂਗਰਸ ਪਾਰਟੀ ਦੀ ਸਾਮਰਾਜ ਵਿਰੋਧੀ ਲਹਿਰ ਦਾ ਸਮਰਥਨ ਕਰਦਾ ਸੀ। ਅਕਾਲੀ ਦਲ ਦੇ ਉਮੀਦਵਾਰ ਕਾਂਗਰਸ ਚੋਣ ਨਿਸ਼ਾਨ ‘ਤੇ ਚੋਣਾਂ ਵੀ ਲੜ ਲੈਂਦੇ ਸਨ, ਪਰ ਕਾਂਗਰਸ ਦੇ ਪੰਜਾਬੀ ਸੂਬੇ ਵਿਰੋਧੀ ਸਟੈਂਡ ਨਾਲ ਦੋਹਾਂ ਦੇ ਰਸਤੇ ਅਲੱਗ ਹੋ ਗਏ। ਪੰਜਾਬੀ ਸੂਬਾ ਅੰਦੋਲਨ ਨੇ ਪੰਜਾਬ ਦੇ ਰਾਜਸੀ ਮੰਚ ‘ਤੇ ਕਾਂਗਰਸ ਅਤੇ ਅਕਾਲੀਆਂ ਨੂੰ ਪੱਕੇ ਵਿਰੋਧੀ ਬਣਾ ਦਿੱਤਾ। ਭਾਰਤੀ ਜਨਤਾ ਪਾਰਟੀ ਜਿਸ ਦਾ ਪੁਰਾਣਾ ਰੂਪ ਜਨਸੰਘ ਸੀ, ਪੰਜਾਬੀ ਭਾਸ਼ੀ ਨਵਾਂ ਪੰਜਾਬ ਬਣਨ ਤੋਂ ਪਹਿਲਾਂ ਲਗਪਗ ਹਰ ਪੱਖੋਂ ਅਕਾਲੀ ਦਲ ਦਾ ਵਿਰੋਧ ਕਰਦੀ ਸੀ, ਪਰ ਨਵਾਂ ਪੰਜਾਬ ਬਣਨ ਤੋਂ ਬਾਅਦ ਕੁਝ ਮੁੱਦਿਆਂ ‘ਤੇ ਵਿਰੋਧੀ ਹੋਣ ਦੇ ਬਾਵਜੂਦ ਅਕਾਲੀ ਦਲ ਭਾਜਪਾ ਗਠਜੋੜ ਹੋਣ ਲੱਗ ਪਿਆ। ਇਸ ਨੂੰ ਅੰਗਰੇਜ਼ੀ ਮੁਹਾਵਰੇ ਅਨੁਸਾਰ ‘ਸਹੂਲਤ ਦਾ ਵਿਆਹ’ ਆਖਿਆ ਜਾ ਸਕਦਾ ਹੈ। ਹੁਣ ਦੋਵੇਂ ਪਾਰਟੀਆਂ ਸੱਤਾ ਦੇ ਹਿੱਤਾਂ ਲਈ ਘਿਓ-ਖਿਚੜੀ ਹਨ। ਸਿਆਸੀ ਤੌਰ ‘ਤੇ ਇਹ ਗੱਲ ਵੀ ਬੜੀ ਮਹੱਤਵਪੂਰਨ ਹੈ ਕਿ ਨਵੇਂ ਪੰਜਾਬ ਦੀ ਚੋਣ ਸਿਆਸਤ ਨੇ ਸਾਰੀਆਂ ਪਾਰਟੀਆਂ ਨੂੰ ਕਾਫ਼ੀ ਹੱਦ ਤਕ ਧਰਮ ਨਿਰਪੱਖ ਬਣਾਇਆ ਹੈ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਪੁਨਰਗਠਨ ਬਾਅਦ ਨਵਾਂ ਪੰਜਾਬ ਆਕਾਰ ਵਿਚ ਬਹੁਤ ਛੋਟਾ ਹੋ ਗਿਆ ਹੈ। ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਦਾ ਵਿਵਾਦ, ਚੰਡੀਗੜ੍ਹ ਦਾ ਕੇਂਦਰ ਸਾਸ਼ਤ ਪ੍ਰਦੇਸ਼ ਬਣੇ ਰਹਿਣਾ, ਪਾਣੀਆਂ ਦੇ ਹੈੱਡ ਵਰਕਸ ‘ਤੇ ਪੰਜਾਬ ਦਾ ਕੰਟਰੋਲ ਨਾ ਹੋਣਾ, ਆਪਣੀ ਹਾਈ ਕੋਰਟ ਦਾ ਨਾ ਹੋਣਾ, ਪੰਜਾਹ ਸਾਲ ਬੀਤ ਜਾਣ ‘ਤੇ ਵੀ ਦਫ਼ਤਰਾਂ ਵਿਚ ਪੰਜਾਬੀ ਦੀ ਪੂਰੀ ਵਰਤੋਂ ਦਾ ਨਾ ਹੋਣਾ, ਕਈ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਹੋਣਾ, ਉਚੇਰੀ ਪੜ੍ਹਾਈ ਅਜੇ ਪੰਜਾਬੀ ਵਿਚ ਸੰਭਵ ਨਾ ਹੋ ਸਕਣਾ, ਨਵੇਂ ਮੀਡੀਆ ਅਤੇ ਆਮ ਗੱਲਬਾਤ ਵਿਚ ਅੰਗਰੇਜ਼ੀ-ਹਿੰਦੀ ਦੀ ਬੇਲੋੜੀ ਵਰਤੋਂ ਪੰਜਾਬੀ ਭਾਸ਼ਾ, ਸਾਹਿਤਕ ਅਤੇ ਸਭਿਆਚਾਰ ਦੇ ਰਾਹ ਵਿਚ ਅੜਿੱਕਾ ਬਣੇ ਹੋਏ ਹਨ। ਇਨ੍ਹਾਂ ਕੁਝ ਚੁਣੌਤੀਆਂ ਨਾਲ ਪੰਜਾਬੀਆਂ ਨੇ ਅਜੇ ਨਜਿੱਠਣਾ ਹੈ। ਇਸ ਦੇ ਬਾਵਜੂਦ ਇਹ ਗੱਲ ਆਖੀ ਜਾ ਸਕਦੀ ਹੈ ਕਿ ਪੰਜਾਬ ਸੂਬੇ ਦੇ ਬਣਨ ਤੋਂ ਬਾਅਦ ਪੰਜਾਬੀ ਸਭਿਆਚਾਰ ਨੇ ਆਪਣਾ ਗੌਰਵ ਸਥਾਪਿਤ ਕੀਤਾ ਹੈ। ਸਿੱਖਿਆ ਦਾ ਮਾਧਿਅਮ ਪੰਜਾਬੀ ਬਣਨ ਨਾਲ, ਨੌਕਰੀ ਵਿਚ ਪੰਜਾਬੀ ਭਾਸ਼ਾ ਜਾਣਨ ਦੀ ਲੋੜ ਅਤੇ ਪੰਜਾਬੀ ਪੱਖੀ ਰਾਜਸੀ ਨੇਤਾਵਾਂ ਦਾ ਸਿਆਸੀ ਦਬਦਬਾ ਵਧਣ ਨਾਲ ਪੰਜਾਬੀ ਭਾਸ਼ੀ ਲੋਕਾਂ ਵਿਚ ਸਵੈ-ਵਿਸ਼ਵਾਸ ਭਰਿਆ ਹੈ ਅਤੇ ਉਹ ਆਪਣੇ ਸਭਿਆਚਾਰ ‘ਤੇ ਮਾਣ ਕਰਨ ਲੱਗੇ ਹਨ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਸਭਿਆਚਾਰ ਨੇ ਆਪਣਾ ਡੰਕਾ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਭਾਰਤ ਦੇ ਹੋਰ ਰਾਜਾਂ ਸਮੇਤ ਕੁੱਲ ਦੁਨੀਆਂ ਵਿਚ ਵਜਾਇਆ ਹੈ। ਇਸ ਦੇ ਝੰਡੇ ਪੰਜ ਦਰਿਆਵਾਂ ਦੇ ਨਾਲੋ-ਨਾਲ ਸੱਤ ਸਮੁੰਦਰੋਂ ਪਾਰ ਵੀ ਝੂਲਦੇ ਹਨ।