ਮਹਿਬੂਬ ਬਨਾਮ ਪਾਤਰ:ਬਹਿਸ ਦਾ ਜਾਇਜਾ

ਸੰਨੀ ਮਲਹਾਂਸ
ਮੈਂ ਪ੍ਰੋæ ਪ੍ਰਭਸ਼ਰਨਬੀਰ ਸਿੰਘ ਦਾ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਪੜ੍ਹਿਆ ਹੈ ਅਤੇ ਇਸ ਪਿਛੋਂ ਛਪੇ ਪ੍ਰਤੀਕਰਮ ਵੀ ਪੜ੍ਹੇ ਹਨ। ਜਿਸ ਤਰਾਂ੍ਹ ਅਲਗ ਅਲਗ ਵਿਸ਼ਿਆਂ ‘ਤੇ ਵਿਚਾਰ ਚਰਚਾ ਨੂੰ ‘ਪੰਜਾਬ ਟਾਈਮਜ਼’ ਉਤਸ਼ਾਹ ਦਿੰਦਾ ਹੈ, ਇਸ ਤਰ੍ਹਾਂ ਸ਼ਾਇਦ ਹੋਰ ਕੋਈ ਵੀ ਪੰਜਾਬ ਪਰਚਾ ਨਹੀਂ ਕਰਦਾ।

ਪ੍ਰਭਸ਼ਰਨਬੀਰ ਦੇ ਲੇਖ ਵਿਚ ਕੁਝ ਵੀ ਅਸਪਸ਼ਟ ਨਹੀਂ। ਉਹਦੀ ਦਲੀਲ ਨਾਲ ਕੋਈ ਸਹਿਮਤ ਹੋਵੇ ਜਾਂ ਨਾ, ਪਰ ਲੇਖ ਵਿਚ ਭੰਬਲਭੂਸਾ ਕੋਈ ਨਹੀਂ। ਉਹ ਆਧੁਨਿਕਤਾ ਦੇ ਵਿਨਾਸ਼ਕਾਰੀ ਪੱਖ ਤੋਂ ਗੱਲ ਤੋਰ ਕੇ ਸ਼ੋਆ (ਹੌਲੋਕੌਸਟ) ਤੱਕ ਪਹੁੰਚਦਾ ਹੈ ਤੇ ਉਸ ਤੋਂ ਬਾਦ ਅਡੋਰਨੋ ਦੇ ਇਸ ਕਥਨ ‘ਤੇ ਵਿਚਾਰ ਕਰਦਾ ਹੈ ਕਿ ਯਹੂਦੀਆਂ ਨਾਲ ਵਾਪਰੇ ਭਿਅੰਕਰ ਘੱਲੂਘਾਰੇ ਤੋਂ ਬਾਦ ‘ਕਵਿਤਾ ਲਿਖਣਾ ਬਰਬਰਤਾ ਹੈ’। ਪ੍ਰਭਸ਼ਰਨਬੀਰ ਨੇ ਇਹ ਵੀ ਦੱਸਿਆ ਕਿ ਕਿਵੇਂ ਬਾਦ ਵਿਚ ਅਡੋਰਨੋ ਨੇ ਆਪਣੀ ਇਸ ਅਤਿ-ਕਥਨੀ ਨੂੰ ਸੋਧ ਲਿਆ ਸੀ ਤੇ ਕਾਵਿ ਦੀ ਹੋਂਦ ਤੇ ਲੋੜ ਨੂੰ ਸਵੀਕਾਰ ਕਰ ਲਿਆ ਸੀ, ਭਾਵੇਂ ਪਹਿਲ ਫਲਸਫੇ ਨੂੰ ਹੀ ਦਿੰਦਾ ਰਿਹਾ। ਪ੍ਰਭਸ਼ਰਨਬੀਰ ਅਨੁਸਾਰ ਪੰਜਾਬ ਵਿਚ ਤਾਂ ਇਹ ਦੁਬਿਧਾ ਕਦੇ ਨਹੀਂ ਰਹੀ ਕਿ ਕਵਿਤਾ ਮਹਾਂ ਤਰਾਸਦੀਆਂ ਜਾਂ ‘ਬੇਕਿਰਕ ਹਿੰਸਾ’ ਨੂੰ ਮੁਖਾਤਿਬ ਨਹੀਂ ਹੋ ਸਕਦੀ। ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਬਰਵਾਣੀ ਤੋਂ ਜ਼ਾਹਰ ਹੈ, ਸਾਡੇ ਤਾਂ ਕਾਵਿ ਨੂੰ ਜ਼ਿੰਦਗੀ ਦੇ ਹਰ ਸੱਚ ਤੇ ਹਰ ਪੱਖ ਨੂੰ ਪ੍ਰਗਟਾਉਣ ਦੇ ਸਮਰਥ ਸਮਝਿਆ ਗਿਆ ਹੈ ਅਤੇ ਫਲਸਫੇ ਤੋਂ ਵੀ ਉਪਰ ਰੱਖਿਆ ਗਿਆ ਹੈ। ਹੁਣ 1984 ਦੇ ਘੱਲੂਘਾਰਿਆਂ ਤੋਂ ਬਾਦ ਪੰਜਾਬੀ ਵਿਚ ਕਿਹੋ ਜਿਹੀ ਕਵਿਤਾ ਰਚੀ ਗਈ, ਇਹ ਲੇਖ ਦਾ ਆਖਰੀ ਪ੍ਰਸ਼ਨ ਹੈ। ਉਹ ਮਹਿਬੂਬ ਤੇ ਪਾਤਰ ਦੀ ਸ਼ਾਇਰੀ ਨੂੰ ਦੋ ਵੰਨਗੀਆਂ ਵਜੋਂ ਪਾਠਕ ਦੇ ਸਨਮੁੱਖ ਰੱਖਦਾ ਹੈ। ਉਹ ਆਖਦੈ, ਪਾਤਰ ਦੀ ਸ਼ਾਇਰੀ ਆਧੁਨਿਕਤਾ ਤੇ ਮਾਨਵਵਾਦ ਦੀ ਸੰਕੀਰਣ ਵਿਚਾਰਧਾਰਾ ਦੇ ਚੌਖਟੇ ਵਿਚ ਫਸੀ ਹੋਈ ਹੈ, ਜਦ ਕਿ ਮਹਿਬੂਬ ਦੀ ਸ਼ਾਇਰੀ ਵਿਚਾਰਧਾਰਾ ਦੇ ਬੰਧਨ ਤੋਂ ਮੁਕਤ ਹੈ। ਮਹਿਬੂਬ ਦੀ ਸ਼ਾਇਰੀ ਚੜ੍ਹਦੀ ਕਲਾ ਵਾਲੀ ਹੈ ਤੇ ਪਾਤਰ ਦੀ ਨਿਰਾਸ਼ਾ ਵਿਚ ਗ੍ਰਸੀ ਰੋਗੀ ਮਨ ਦੀ ਸੂਚਕ।
ਇਹ ਪ੍ਰਭਸ਼ਰਨਬੀਰ ਦੇ ਲੇਖ ਦਾ ਮੁਖ਼ਤਸਰ ਜਿਹਾ ਸਾਰ ਹੈ। ਉਸ ਦੇ ਲੇਖ ਨੂੰ ਦੋ ਸੱਜਣਾਂ ਵੱਲੋਂ ਅਲੋਚਨਾਤਮਕ ਪ੍ਰਤੀਕਰਮ ਮਿਲੇ ਹਨ: ਪ੍ਰੋæਅਵਤਾਰ ਸਿੰਘ ਵੱਲੋਂ ਤਿੰਨ ਤੇ ਗੁਰਦੇਵ ਚੌਹਾਨ ਵੱਲੋਂ ਇੱਕ। ਚੌਹਾਨ ਨੇ ਆਪਣੀ ਦਲੀਲ ਇਹ ਕਹਿ ਕੇ ਕਮਜ਼ੋਰ ਪਾ ਲਈ ਕਿ ਜਰਮਨ ਫਿਲਾਸਫਰ ਅਡੋਰਨੋ ਨੇ ਹਵਾਲੇ-ਅਧੀਨ ਕਥਨ ਵਿਚ ‘ਬਰਬਰਤਾ’ ਸ਼ਬਦ ਵਰਤਿਆ ਹੀ ਨਹੀਂ। ਲੇਕਿਨ ਅਡੋਰਨੋ ਬਾਰੇ ਜੋ ਪ੍ਰਭਸ਼ਰਨਬੀਰ ਨੇ ਕਿਹਾ ਉਹੀ ਠੀਕ ਸੀ, ਇਸ ਲਈ ਉਹਨੇ ਚੌਹਾਨ ਦੇ ਕਿਸੇ ਹੋਰ ਨੁਕਤੇ ਨੂੰ ਗੋਲਣ ਦੀ ਲੋੜ ਨਹੀਂ ਸਮਝੀ।
ਪ੍ਰਭਸ਼ਰਨਬੀਰ ਦੀ ਲਿਖਤ ਵਾਂਗ ਅਵਤਾਰ ਸਿੰਘ ਦੇ ਪ੍ਰਤੀਕਰਮ ਵੀ ਸਪਸ਼ਟ ਹਨ ਭਾਵੇਂ ਕਿ ਓਨੇ ਸੰਗਠਿਤ ਨਹੀਂ, ਨਾ ਹੀ ਪ੍ਰਸੰਗਿਕ ਨੁਕਤਿਆਂ ‘ਤੇ ਕੇਂਦਰਿਤ ਹਨ, ਆਵੇਸ਼ ਵਿਚ ਵਹਿ ਕੇ ਥੋੜ੍ਹਾ ਔਝੜੇ ਪੈ ਗਏ ਅਵਤਾਰ ਸਿੰਘ। ਉਸ ਨੂੰ ਇਸ ਗੱਲ ‘ਤੇ ਬਹੁਤ ਹਰਖ ਚੜ੍ਹ ਗਿਆ ਕਿ ਪ੍ਰਭਸ਼ਰਨਬੀਰ ਨੇ ਮਹਿਬੂਬ ਦੇ ਮੁਕਾਬਲੇ ਪਾਤਰ ਨੂੰ ਹੀਣਾ ਕਿਵੇਂ ਵਿਖਾ ਦਿੱਤਾ। ਸੋ ਆਪਣੇ ਪਹਿਲੇ ਪ੍ਰਤੀਕਰਮ ਵਿਚ ਅਵਤਾਰ ਸਿੰਘ ਨੇ ਪਾਤਰ ਦੀ ਸ਼ਾਇਰੀ ਦੀ ਭਰਪੂਰ ਸ਼ਲਾਘਾ ਕੀਤੀ, ਵਿਸ਼ੇਸ਼ਣਾਂ ਦੀ ਝੜੀ ਹੀ ਲਾ ਦਿੱਤੀ। ਪ੍ਰਭਸ਼ਰਨਬੀਰ ਦੇ ਉਤਰ ਵਿਚ ਅਵਤਾਰ ਨੇ ਦੂਸਰਾ ਪ੍ਰਤੀਕਰਮ ਦਿੱਤਾ ਜਿਸ ਵਿਚ ਉਹਨੇ ਮਹਿਬੂਬ ਦੀ ਸ਼ਾਇਰੀ, ਪਿਛੋਕੜ ਤੇ ਸ਼ਖਸ਼ੀਅਤ ਦੀ ਆਲੋਚਨਾ ਕੀਤੀ, ਜਿਸ ਦੀ ਸੁਰ ਤਿੱਖੀ ਸੀ ਤੇ ਤੀਸਰੇ ਪ੍ਰਤੀਕਰਮ ਤੱਕ ਪਹੁੰਚਦਿਆਂ ਤਿਖੇਰੀ ਹੀ ਨਹੀਂ ਬੇਸੁਰੀ ਵੀ ਹੋ ਗਈ। ਅਵਤਾਰ ਦੀ ਸਮਝ ਮੁਤਾਬਿਕ ਪ੍ਰਭਸ਼ਰਨਬੀਰ ਦਾ ਮਹਿਬੂਬ ਤੇ ਪਾਤਰ ਬਾਰੇ ਨਿਰਣਾ ਜਾਤੀ ਭਾਵ ‘ਤੇ ਆਧਾਰਿਤ ਹੈ, ਉਵੇਂ ਹੀ ਜਿਵੇਂ ਮਹਿਬੂਬ ਦਾ ਗੁਰਦਿਆਲ ਸਿੰਘ ਬਾਰੇ ਕਹਿਣਾ ਕਿ ਉਹਦੇ ਅੰਦਰ ਵੱਡਾ ਨਾਵਲਕਾਰ ਨਹੀਂ ਜਾਂ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਜੱਟਾਂ ਨੂੰ ਰਾਜਪੂਤ ਆਖ ਕੇ ਖਤਰੀ ਬਣਾਉਣ ਦਾ ਜਤਨ ਜਾਤੀ ਭਾਵ ‘ਤੇ ਆਧਾਰਤ ਸੀ। ਅਵਤਾਰ ਨੇ ਇਹ ਸ਼ਬਦ ਤਾਂ ਨਹੀਂ ਵਰਤੇ, ਪਰ ਉਹਦਾ ਮਤਲਬ ਸਾਫ ਹੈ: ਪ੍ਰਭਸ਼ਰਨਬੀਰ, ਪਾਸ਼, ਅਜਮੇਰ ਤੋਂ ਲੈ ਕੇ ਮਹਿਬੂਬ ਤੇ ਭਾਈ ਕਾਨ੍ਹ ਸਿੰਘ ਨਾਭਾ ਤੱਕ ਸਭ ਵਿਚ ਕਿਸੇ ਨਾ ਕਿਸੇ ਰੂਪ ‘ਚ ਜੱਟ ਜਾਂ ਜੱਟਵਾਦੀ ਬਿਰਤੀਆਂ ਹਾਵੀ ਹਨ। ਇਨ੍ਹਾਂ ਸਭ ਦੀ ਵਿਸ਼ਵ ਦ੍ਰਿਸ਼ਟੀ ਤੇ ਸੁਹਜ, ਕਾਵਿ, ਆਲੋਚਨਾ, ਧਰਮ, ਰਾਜਨੀਤੀ ਪ੍ਰਤੀ ਪਹੁੰਚ-ਸਭ ਉਸੇ ਹੀ ਬਿਰਤੀ ਤੋਂ ਪ੍ਰਭਾਵਿਤ ਹਨ। ਫਿਰ ਪ੍ਰਭਸ਼ਰਨਬੀਰ ਨੂੰ ਪਾਤਰ ਦੀ ਸ਼ਾਇਰੀ ਕੀ ਸਮਝ ਆਉਣੀ ਸੀ। ਕਵਿਤਾ ਅਹਿਸਾਸ ਹੈ-ਮਹੁੱਬਤ ਵਰਗਾ, ਬ੍ਰਿਹਾ ਵਰਗਾ, ਵੈਰਾਗ ਵਰਗਾ, ਕੋਈ ਬਿਮਾਰੀ ਨਹੀਂ ਜਾਂ ਜ਼ੁਰਮ ਨਹੀਂ, ਜੀਹਦੀ ਤਸ਼ਕੀਸ਼ ਜਾਂ ਤਫਤੀਸ਼ ਕੀਤੀ ਜਾਏ ਜਿਵੇਂ ਪ੍ਰਭਸ਼ਰਨਬੀਰ ਕਰ ਰਿਹੈ।
ਇਹ ਅਵਤਾਰ ਦੇ ਤਿੰਨ ਪ੍ਰਤੀਕਰਮਾਂ ਦਾ ਸਾਰ ਹੈ। ਅਵਤਾਰ ਦੀ ਜਾਂ ਕਿਸੇ ਹੋਰ ਦੀ ਪਾਤਰ ਬਾਰੇ ਰਾਇ ਪ੍ਰਭਸ਼ਰਨਬੀਰ ਤੋਂ ਵੱਖਰੀ ਹੋ ਸਕਦੀ ਹੈ। ਉਹ ਸੱਚਮੁੱਚ ਹੀ ਪਾਤਰ ਦੀ ਸ਼ਾਇਰੀ ਨੂੰ ਉਵੇਂ ਹੀ ਮਹਿਸੂਸ ਕਰ ਰਿਹਾ ਹੋਵੇਗਾ, ਜਿਵੇਂ ਉਹਨੇ ਲਿਖਿਆ ਹੈ। ਇਹ ਅਵਤਾਰ ਦੀ ਵੱਡਿਆਈ ਹੈ ਕਿ ਉਹਨੇ ਪਾਤਰ ਨੂੰ ਮਿਲੇ ਮਾਨਾਂ-ਸਨਮਾਨਾਂ ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾਂ ਦਾ ਮਖੌਲ ਗੁਰਬਚਨ ਫਿਲਹਾਲ ਵਰਗੇ ਉਡਾਉਂਦੇ ਨੇ। ਪਰ ਜਿਸ ਤਰ੍ਹਾਂ ਅਵਤਾਰ ਨੂੰ ਆਪਣੀ ਰਾਏ ਰੱਖਣ ਦਾ ਹੱਕ ਹੈ, ਪ੍ਰਭਸ਼ਰਨਬੀਰ ਨੂੰ ਵੀ ਤਾਂ ਹੈ ਨਾ। ਇਕ ਸਾਹਿਤਕ ਆਲੋਚਕ ਦੀ ਕਿਸੇ ਸ਼ਾਇਰੀ ਦੀ ਪੜ੍ਹਤ ਆਮ ਪਾਠਕ ਵਰਗੀ ਤੇ ਨਹੀਂ ਹੋਏਗੀ। ਉਹਨੇ ਵਿਸ਼ਲੇਸ਼ਣ ਵੀ ਕਰਨਾ ਹੈ, ਵਿਆਖਿਆ ਵੀ ਕਰਨੀ ਹੈ, ਰਚਨਾ ਤੇ ਉਸ ਦੇ ਸੰਦਰਭ ਯਾਨਿ ਟੈਕਸਟ ਤੇ ਕਨਟੈਕਸਟ ਦਾ ਰਿਸ਼ਤਾ ਵੀ ਦੇਖਣਾ-ਸਮਝਣਾ ਹੈ। ਪ੍ਰਭਸ਼ਰਨਬੀਰ ਨੇ ਇਹੋ ਕੀਤਾ। ਅਵਤਾਰ ਲਈ ਚੁਣੌਤੀ ਇਹ ਸੀ ਕਿ ਉਹ ਪਾਤਰ ਦੀ ਸ਼ਾਇਰੀ ‘ਚੋਂ ਵੇਰਵੇ ਸਹਿਤ ਹਵਾਲੇ ਦੇ ਕੇ ਪ੍ਰਭਸ਼ਰਨਬੀਰ ਦੀ ਇਸ ਦਲੀਲ ਨੂੰ ਕੱਟਦਾ ਕਿ ਪਾਤਰ ਦੀ ਸ਼ਾਇਰੀ ਨਿਰਾਸ਼ਾਵਾਦੀ ਹੈ। ਕਿਸੇ ਹਦ ਤੱਕ ਉਹਨੇ ਇਉਂ ਕੀਤਾ ਵੀ, ਪਰ ਫਿਰ ਉਹ ਕੁਰਾਹੇ ਪੈ ਗਿਆ ਤੇ ਇਹ ਆਖ ਦਿੱਤਾ ਕਿ ਪ੍ਰਭਸ਼ਰਨਬੀਰ ਦਾ ਸਮੁੱਚਾ ਨੁਕਤਾ-ਨਜ਼ਰ ਹੀ ਜਾਤੀਵਾਦੀ ਹੈ। ਇਹੋ ਦੋਸ਼ ਮਹਿਬੂਬ ‘ਤੇ ਹੋਰਨਾਂ ‘ਤੇ ਵੀ ਲਾ ਧਰਿਆ। ਪ੍ਰਭਸ਼ਰਨਬੀਰ ਦੇ ਲੇਖ ਵਿਚ ਅਜਿਹਾ ਕੁਝ ਵੀ ਨਹੀਂ ਜਿਥੋਂ ਇਹ ਸੰਕੇਤ ਮਿਲੇ ਕਿ ਉਹਦੇ ਵੱਲੋਂ ਪਾਤਰ ਦੀ ਕੀਤੀ ਆਲੋਚਨਾ ਜਾਤ ਆਧਾਰਿਤ ਹੈ। ਅਵਤਾਰ ਨੇ ਆਪਣੇ ਮਨ ‘ਚ ਬਣੀਆਂ ਪੂਰਵ-ਧਾਰਨਾਵਾਂ ਨੂੰ ਪ੍ਰਭਸ਼ਰਨਬੀਰ ਤੇ ਉਹਦੇ ਲੇਖ ਉਤੇ ਥੋਪ ਦਿੱਤਾ। ਕਿਸੇ ਵਿਗਿਆਨਕ ਜਾਂ ਦਾਰਸ਼ਨਿਕ ਦ੍ਰਿਸ਼ਟੀ ਤੋਂ ਕੋਰੀ ਇਹ ਕਿਸ ਕਿਸਮ ਦੀ ਆਲੋਚਨਾ ਹੋਈ? ਮੈਨੂੰ ਪਤਾ ਲੱਗਿਆ ਹੈ ਕਿ ਅਵਤਾਰ ਤੇ ਪਾਤਰ ਇਕੋ ਹੀ ਜਾਤ-ਬਿਰਾਦਰੀ ਤੋਂ ਹਨ। ਜੇ ਹੁਣ ਅਵਤਾਰ ਨੂੰ ਕੋਈ ਕਹੇ ਕਿ ਤੂੰ ਪਾਤਰ ਦੀ ਵਕਾਲਤ ਜਾਤੀ ਭਾਵ ‘ਚੋਂ ਕਰਦੈਂ, ਗੱਲ ਕਿਧਰ ਜਾਊਗੀ? ਆਖਰੀ ਗੱਲ: ਹਰਿੰਦਰ ਮਹਿਬੂਬ ਦੀ ਰਚਨਾ ਦੀ ਥਾਂ ਉਹਦੀ ਸ਼ਖਸੀਅਤ ਤੇ ਪਿਛੋਕੜ ‘ਤੇ ਅਪ੍ਰਸੰਗਿਕ ਟਿੱਪਣੀਆਂ ਕਰਨਾ ਵੀ ਅਵਤਾਰ ਨੂੰ ਸੋਭਾ ਨਹੀਂ ਦਿੰਦਾ।
ਮੇਰੀ ਸਮਝ ਵਿਚ ਦੋ ਕਵੀਆਂ ਦੀ ਤੁਲਨਾ ਕਰਨਾ, ਫਿਰ ਜਿਵੇਂ ਪ੍ਰਭਸ਼ਰਨਬੀਰ ਨੇ ਕੀਤਾ ਦੋਵਾਂ ਦੇ ਇਕ ਇਕ ਬੰਦ ਲੈ ਕੇ, ਇਹ ਵੀ ਵਿਗਿਆਨਕ ਢੰਗ ਨਹੀਂ ਹੈ। ਇਉਂ ਕਿਸੇ ਕਵੀ ਨੂੰ ਵੱਡਿਆਉਣਾ ਜਾਂ ਛੁੱਟਿਆਉਣਾ, ਕੀ ਸਹੀ ਹੈ? ਪ੍ਰਭਸ਼ਰਨਬੀਰ ਨੇ ਵੀ ਆਪਣੀ ਪਹਿਲਾਂ ਬਣੀ ਬਣਾਈ ਧਾਰਨਾ ਪ੍ਰਗਟ ਕਰ ਦਿੱਤੀ ਹੈ; ਲੇਖ ਵਿਚ ਉਹਦੇ ਆਧਾਰ ਮੌਜ਼ੂਦ ਨਹੀਂ। ਜੇ ਛੋਟੇ ਜਿਹੇ ਅਖ਼ਬਾਰੀ ਲੇਖ ਵਿਚ ਬੰਦਾ ਆਪਣੇ ਤਰਕ ਨੂੰ ਪ੍ਰਮਾਣਿਤ ਨਹੀਂ ਕਰ ਸਕਦਾ, ਫਿਰ ਵੱਡੇ ਫੈਸਲੇ ਜਾਂ ਫਤਵੇ ਵੀ ਕਿਉਂ ਸੁਣਾਏ? ਇਸ ਤਰਾਂ੍ਹ ਕਿਸੇ ਕਵੀ ਦੀ ਸਮੁੱਚੀ ਕਵਿਤਾ ਤੁਸੀਂ ਨਿੰਦ ਤਾਂ ਨਹੀਂ ਸਕਦੇ। ਵਿਵੇਕਸ਼ੀਲ ਮੁਲਾਂਕਣ ਦੀ ਅਣਹੋਂਦ ਵਿਚ ਪਾਠਕ ਇਤਰਾਜ਼ ਤਾਂ ਕਰੇਗਾ ਹੀ। ਬਾਕੀ ਮਹਿਬੂਬ ਬਾਰੇ ਇਹ ਕਹਿਣਾ ਕਿ ਉਹਦੀ ਕਵਿਤਾ ਵਿਚਾਰਧਾਰਾ ਤੋਂ ਮੁਕਤ ਹੈ, ਠੀਕ ਨਹੀਂ। ਸਿੱਖੀ ਦੀ ਵੱਡਿਆਈ ਤੇ ਉਸ ਵਿਚ ਸ਼ਰਧਾ; ਸਿੱਖ ਕੌਮ ਦੀ ਹਿੰਦੂ ਰਾਸ਼ਟਰ, ਪੱਛਮੀ ਆਧੁਨਿਕਤਾ ਤੇ ਸਰਮਾਏਦਾਰੀ ਤੋਂ ਆਜ਼ਾਦੀ ਅਤੇ ਪੰਜਾਬ ਨਾਲ ਮੋਹ-ਇਹ ਮਹਿਬੂਬ ਤੇ ਪ੍ਰਭਸ਼ਰਨਬੀਰ ਦੀ ਸਾਂਝੀ ਵਿਚਾਰਧਾਰਾ ਹੈ ਤੇ ਦੋਵਾਂ ਦੀਆਂ ਰਚਨਾਵਾਂ ਵਿਚ ਗਤੀਸ਼ੀਲ ਹੈ। ਇਹੀ ਸਾਂਝ, ਨਾ ਕਿ ਜਾਤੀਵਾਦ, ਪ੍ਰਭਸ਼ਰਨਬੀਰ ਦੀ ਮਹਿਬੂਬ ਬਾਰੇ ਹਾਂ-ਮੁੱਖੀ ਰਾਇ ਦਾ ਆਧਾਰ ਹੈ।
ਆਪਣੀਆਂ ਸੀਮਾਂਵਾਂ ਦੇ ਬਾਵਜ਼ੂਦ ਪ੍ਰਭਸ਼ਰਨਬੀਰ ਦੇ ਲੇਖ ਉਤੇ ਚਲ ਰਹੀ ਬਹਿਸ ਦਿਲਚਸਪ ਹੈ, ਸਿੱਖਿਆਦਾਇਕ ਵੀ। ਪਤਾ ਨਹੀਂ ਪੰਜਾਬੀ ਦੇ ਸਥਾਪਿਤ ਆਲੋਚਕ ਇਸ ਵਿਚ ਹਿੱਸਾ ਕਿਉਂ ਨਹੀਂ ਲੈਂਦੇ।