ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਕੁਝ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਦੇ ਪ੍ਰਤੀਕਰਮ ਵਜੋਂ ਪ੍ਰੋæ ਅਵਤਾਰ ਸਿੰਘ ਦਾ ਲੇਖ 24 ਸਤੰਬਰ ਦੇ ਅੰਕ ਵਿਚ ਛਾਪਿਆ ਜਾ ਚੁੱਕਾ ਹੈ। ਇਸੇ ਲੜੀ ਵਿਚ ਉਘੇ ਪੰਜਾਬੀ ਸ਼ਾਇਰ ਤੇ ਆਲੋਚਕ ਗੁਰਦੇਵ ਚੌਹਾਨ ਦਾ ਲੇਖ ਛਾਪ ਚੁਕੇ ਹਾਂ। ਪ੍ਰਭਸ਼ਰਨਬੀਰ ਸਿੰਘ ਅਤੇ ਪ੍ਰੋæ ਅਵਤਾਰ ਸਿੰਘ ਵਿਚਾਲੇ ਚੱਲਦੇ ਪ੍ਰਤੀਕਰਮ-ਦਰ-ਪ੍ਰਤੀਕਰਮ ਦਾ ਅਗਲਾ ਪ੍ਰੋæ ਅਵਤਾਰ ਸਿੰਘ ਦਾ ਲੇਖ ਇਸ ਅੰਕ ਵਿਚ ਛਾਪਿਆ ਜਾ ਰਿਹਾ ਹੈ।
ਸਾਡਾ ਮਨੋਰਥ ਪਾਠਕਾਂ ਨੂੰ ਵਿਚਾਰ-ਚਰਚਾ ਲਈ ਮੰਚ ਮੁਹੱਈਆ ਕਰਨਾ ਹੈ, ਕਿਸੇ ਦਾ ਪੱਖ ਲੈਣਾ ਨਹੀਂ। ਪ੍ਰਤੀਕਰਮ ਵਜੋਂ ਆਈਆਂ ਹੋਰ ਰਚਨਾਵਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬਸ, ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ
ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਪ੍ਰਭਸ਼ਰਨਬੀਰ ਨੇ ਆਪਣੀ ਲਿਖਤ ਵਿਚ ਬ੍ਰਾਹਮਣਵਾਦ ਦਾ ਰੱਜ ਕੇ ਰੋਣਾ ਰੋਇਆ। ਇਹਨੂੰ ਕਹਿੰਦੇ ਨੇ ਕਿ ਆਪਣੇ ਵਿਹੜੇ ਅੱਗ ਤੇ ਗੁਆਂਢੀਆਂ ਦੇ ਬਸੰਤ। ਇਹ ਰੋਣਾ ਮਹਿਬੂਬ ਸਾਹਿਬ ਦੀ ਸਥਾਈ ਸੁਰ ਸੀ। ਬਹੁਤੇ ਸਿੱਖ ਬੁੱਧੀਜੀਵੀ ਇਸੇ ਸੁਰ ‘ਚ ਰਾਗ ਅਲਾਪਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਬ੍ਰਾਹਮਣ ਬਾਬਤ ਇਸ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਗਏ। ਹਿੰਦੂ ਸਮਾਜ ਵਿਚ ਬ੍ਰਾਹਮਣ ਇਕ ਵਰਣ ਹੈ, ਜਿਸ ਨੂੰ ਸ਼੍ਰੋਮਣੀ ਸਥਾਨ ਦਿਤਾ ਗਿਆ, ਜਿਸ ਕਰਕੇ ਬ੍ਰਾਹਮਣ ਨੇ ਇਤਿਹਾਸ ਵਿਚ ਦੂਸਰੇ ਵਰਣਾਂ ਪ੍ਰਤੀ ਨਿਰਾਦਰੀ ਭਰਿਆ ਵਿਹਾਰ ਅਖਤਿਆਰ ਕੀਤਾ, ਜਿਸ ਕਰਕੇ ਬ੍ਰਾਹਮਣੀ ਬਰਬਰਤਾ ਦੇ ਹੱਲ ਦੀ ਚਰਚਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ। ਭਾਈ ਕਪੂਰ ਸਿੰਘ ਨੇ Ḕਪ੍ਰਾਸ਼ਰ ਪ੍ਰਸ਼ਨḔ ਦੇ ਬਾਰ੍ਹਵੇਂ ਚੈਪਟਰ Ḕਦਾ ਹਿੰਦੂ ਕਾਸਟ ਐਂਡ ਸਿੱਖਇਜ਼ਮḔ ਵਿਚ ਬਹੁਤ ਗਹਿਰਾਈ, ਬਾਰੀਕੀ ਅਤੇ ਬੇਬਾਕੀ ਨਾਲ ਸਪਸ਼ਟ ਕੀਤਾ ਕਿ ਭਾਰਤੀ ਵਰਣ-ਜਾਤ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੇ ਹੀ ਮੁਢੋਂ-ਸੁਢੋਂ ਰੱਦ ਕੀਤਾ।
ਪਲੈਟੋ ਨੇ ਰਿਪਬਲਿਕ ਵਿਚ Ḕਨੋਬਲ ਲਾਇḔ ਦਾ ਵਿਚਾਰ ਪੇਸ਼ ਕੀਤਾ, ਜਿਸ ਅਨੁਸਾਰ ਮਨੁੱਖ ਨੂੰ ਚਾਰ ਵਰਗਾਂ ਵਿਚ ਵੰਡਿਆ ਗਿਆ। ਪਹਿਲੇ ਵਰਗ ਵਿਚ ਉਹ ਲੋਕ ਸਮਝੇ ਗਏ, ਜਿਨ੍ਹਾਂ ਦੀ ਰੱਤ ਵਿਚ ਸੋਨੇ ਦਾ ਤੱਤ ਹੈ, ਦੂਜੇ ਚਾਂਦੀ, ਤੀਜੇ ਤਾਂਬੇ ਅਤੇ ਚੌਥੇ ਲੋਹੇ ਰੱਤੇ ਅਨੁਮਾਨੇ ਗਏ। ਪਲੈਟੋ ਨੇ ਇਨ੍ਹਾਂ ਚਾਰਾਂ ਵਰਗਾਂ ਨੂੰ ਗਿਆਨ, ਸ਼ਾਸਨ, ਤਜਾਰਤ ਅਤੇ ਕਾਸ਼ਤ ਨਾਲ ਜੋੜਿਆ। ਪਰ, ਉਸ ਨੇ ਇਤਨੀ ਕੁ ਗੁੰਜਾਇਸ਼ ਰੱਖ ਲਈ ਕਿ ਇਨ੍ਹਾਂ ਨੂੰ ਜਨਮਜਾਤ ਨਹੀਂ ਮੰਨਿਆ। ਕਾਰਲ ਪੌਪਰ ਨੇ ਆਪਣੀ ਪੁਸਤਕ Ḕਦੀ ਓਪਨ ਸੁਸਾਇਟੀ ਐਂਡ ਇਟਸ ਐਨੀਮੀਜ਼Ḕ ਵਿਚ ਪਲੈਟੋ ਦੀ ਉਕਤ Ḕਨੋਬਲ ਲਾਇḔ ਨੂੰ ਅਸਵੀਕਾਰ ਕਰ ਦਿਤਾ। ਪੱਛਮੀ ਸਮਾਜ ਨੇ ਇਸ ਨਾਲ ਕੀ ਗੁਆਇਆ ਤੇ ਕੀ ਕਮਾਇਆ ਇਸ ਦੀ ਚਰਚਾ ਅਤੇ ਛਾਣ-ਬੀਣ ਅੱਜ ਤੱਕ ਹੋ ਰਹੀ ਹੈ। ਭਾਰਤੀ ਸਮਾਜ ਨੇ ਵਰਣਾਸ਼ਰਮ ਧਰਮ ‘ਚੋਂ ਕੀ ਖੱਟਿਆ, ਇਸ ਦੇ ਚਰਚੇ ਵੀ ਹੁੰਦੇ ਰਹਿੰਦੇ ਹਨ।
ਇਹ ਗੁਰੂ ਗ੍ਰੰਥ ਸਾਹਿਬ ਦੀ ਕਰਾਮਾਤ ਹੈ ਕਿ ਸਿੱਖ ਸਮਾਜ ਬ੍ਰਾਹਮਣੀ ਬਰਬਰਤਾ ਤੋਂ ਮੁਕਤੀ ਹਾਸਲ ਕਰ ਸਕਿਆ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦਾ ਹੈ ਤੇ ਬ੍ਰਾਹਮਣਵਾਦ ਦਾ ਰੋਣਾ ਵੀ ਰੋਂਦਾ ਹੈ, ਉਸ ਨੇ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਨਹੀਂ ਜਾਂ ਉਸ ਦਾ ਰੋਣਾ ਕਿਸੇ ਹੋਰ ਦੁਖਦੀ ਰਗ ਦਾ ਪੱਜ ਹੈ। ਜਿਸ ਨੂੰ ਸ਼ੇਰ ਦੀ ਸ਼ਰਣ ਵਿਚ ਵੀ ਗਿੱਦੜ ਡਰਾਈ ਜਾਣ, ਸਮਝ ਲਉ ਉਹ ਸ਼ੇਰ ਦੀ ਸ਼ਰਣ ਵਿਚ ਨਹੀਂ ਗਿਆ। ਸਧਨਾ ਜੀ ਨੇ ਨਿਬੇੜਾ ਕਰ ਦਿਤਾ ਹੋਇਆ ਹੈ: Ḕਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈḔ।
ਜਿਨ੍ਹਾਂ ਜਾਤਾਂ ਜਾਂ ਵਰਣਾਂ ਦੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਅਨੁਮਾਨਿਆ, ਉਹ ਵੀ ਸੁਤੇ ਸਿੱਧ ਜਾਂ ਜਾਣ ਬੁਝ ਕੇ ਵਰਣਾਸ਼ਰਮ ਦੇ ਜਨਮਦਾਤੇ ਮਨੂੰ ਅਤੇ Ḕਨੋਬਲ ਲਾਇḔ ਦੇ ਸਿਰਜਕ ਪਲੈਟੋ ਦੇ ਰਾਹ ਪੈ ਗਏ। ਬ੍ਰਾਹਮਣ ਬ੍ਰਾਹਮਣ ਕਰਦੀ ਨੀ ਮੈਂ ਆਪੇ ਬ੍ਰਾਹਮਣ ਹੋਈ। ਹੁਣ ਬ੍ਰਾਹਮਣ ਉਨ੍ਹਾਂ ਦੇ ਬਾਹਰ ਨਹੀਂ, ਅੰਦਰ ਹੈ। ਇਸ ਅੰਦਰਲੇ ਬ੍ਰਾਹਮਣ ਨੂੰ ਤਕੜਾ ਕਰ ਰਹੇ ਹਨ। ਕੂੜਨੀਤੀ ਇਹ ਵਰਤ ਰਹੇ ਹਨ ਕਿ ਬ੍ਰਾਹਮਣ ਬ੍ਰਾਹਮਣ ਦਾ ਰੌਲਾ ਪਾਈ ਜਾਉ, ਤਾਂ ਕਿ ਲੋਕਾਂ ਦਾ ਧਿਆਨ ਇਸ ਅੰਦਰਲੇ ਬ੍ਰਾਹਮਣ ਵੱਲ ਜਾਵੇ ਹੀ ਨਾ। ਬ੍ਰਾਹਮਣਵਾਦ ਦਾ ਰਾਗ ਅਲਾਪ ਰਹੇ ਸਿੱਖ ਵਿਦਵਾਨ ਸਮਝ ਨਹੀਂ ਰਹੇ ਕਿ ਸਿੱਖ ਹੁਣ ਨਵੇਂ ਗੁਪਤ ਅਤੇ ਲੁਪਤ ਬ੍ਰਾਹਮਣ ਦੇ ਆਕ੍ਰਮਣ ਦਾ ਸ਼ਿਕਾਰ ਹੋ ਰਹੇ ਹਨ, ਜਿਸ ਦੀ ਸ਼ਨਾਖਤ ਅਤੇ ਸਮਾਧਾਨ ਸਭ ਦਾ ਸਾਂਝਾ ਫਰਜ਼ ਹੈ, ਜਿਸ ਨੂੰ ਅਦਾ ਕਰਨ ਵਾਲਿਆਂ ‘ਤੇ ਹਰ ਵਾਰ ਜਾਤੀਵਾਦੀ ਨਫਰਤ ਫੈਲਾਉਣ ਦੇ ਦੋਸ਼ ਮੜ੍ਹ ਦਿਤੇ ਜਾਂਦੇ ਹਨ। ਸਿੱਖ ਵਿਦਵਾਨ ਇਸ ਮੁੱਦੇ ਤੋਂ ਹਮੇਸ਼ਾ ਟਿਭਦੇ ਰਹਿੰਦੇ ਹਨ। ਪ੍ਰਭਸ਼ਰਨਬੀਰ ਨੇ ਵੀ ਕਿਹਾ ਹੈ ਕਿ ਉਹ ਜਾਤ-ਪਾਤ ਦੀ ਗੱਲ ਨਹੀਂ ਕਰਦਾ। ਬ੍ਰਾਹਮਣਵਾਦ ਦਾ ਰੋਣਾ ਉਸ ਨੂੰ ਜਾਤ-ਪਾਤ ਦੀ ਗੱਲ ਨਹੀਂ ਲਗਦੀ!
ਹਿੰਦੂ ਸਮਾਜ ਵਰਣ ਦਾ ਸ਼ਿਕਾਰ ਹੈ ਤਾਂ ਸਿੱਖ ਸਮਾਜ ਜਾਤੀ ਦਾ। ਵਰਣ ਅਤੇ ਜਾਤੀ ਬ੍ਰਾਹਮਣਵਾਦ ਦੇ ਦੋ ਪੱਖ ਹਨ, ਇੱਕ ਨਹੀਂ। ਕਬੀਰ ਸਾਹਿਬ ਨੇ ਤਰਸ ਦੇ ਭਾਵ ਵਿਚ ਚਿਤਾਵਨੀ ਦਿਤੀ ਸੀ ਕਿ Ḕਬਾਮਨ ਕਹਿ ਕਹਿ ਜਨਮੁ ਮਤ ਖੋਏḔ। ਹੁਣ ਵੇਲਾ ਹੈ ਕਿ ਸਿੱਖ ਸਮਾਜ ਵਿਚ ਨਵੇਂ ਸਜੇ ਬ੍ਰਾਹਮਣ ਨੂੰ ਵੀ ਚੇਤੰਨ ਕੀਤਾ ਜਾਵੇ ਕਿ ਉਹ ਜਾਤੀ ਅਭਿਮਾਨ ਦੇ ਰਸਾਤਲ ਵੱਲ ਨਾ ਵਧੇ। ਨਵੀਨ ਬ੍ਰਾਹਮਣ ਨੂੰ ਵੀ Ḕਹਮ ਕਤ ਲੋਹੂ ਤੁਮ ਕਤ ਦੂਧḔ ਅਤੇ Ḕਆਨ ਬਾਟ ਕਾਹੇ ਨਹੀ ਆਇਆḔ ਪੁੱਛਿਆ ਜਾ ਸਕਦਾ ਹੈ।
ਕਬੀਰ ਸਾਹਿਬ ਨੇ ਫੁਰਮਾਇਆ ਹੈ ਕਿ Ḕਅਬ ਮਨੁ ਉਲਟਿ ਸਨਾਤਨੁ ਹੂਆ॥Ḕ ਪ੍ਰਭਸ਼ਰਨਬੀਰ ਨੇ ਸਨਾਤਨਤਾ ਦਾ ਅਰਥ Ḕਹਨੇਰੀ ਖੁੱਡḔ ਕੀਤਾ ਹੈ। ਇਹ ਹੈ ਕੌਂਟੀਨੈਂਟਲ ਫਲਸਫੇ ਅਤੇ ਗਿਆਨ ਦਾ ਕਮਾਲ। ਉਸ ਮੁਤਾਬਕ ਕਬੀਰ ਸਾਹਿਬ ਦਾ ਮਨ ਸਥਾਨਕਤਾ ਦੇ ਅਕਾਸ਼ ਵਿਚ ਉਡਾਰੀਆਂ ਮਾਰਦਾ ਮਾਰਦਾ ਸਨਾਤਨਤਾ ਦੀ Ḕਹਨੇਰੀ ਖੁੱਡḔ ਵਿਚ ਵੜ ਗਿਆ। ਮੋਨਿਅਰ ਨੇ ਸਨਾਤਨਤਾ ਦੇ ਅਰਥ ḔਇਟਰਨਲḔ ਕੀਤੇ ਹਨ, ਜਿਸ ਮੁਤਾਬਕ ਸਥਾਨਕਤਾ ਨੂੰ Ḕਹਨੇਰੀ ਖੁੱਡḔ ਕਿਹਾ ਜਾ ਸਕਦਾ ਹੈ, ਸਨਾਤਨਤਾ ਨੂੰ ਨਹੀਂ।
ਬ੍ਰਾਹਮਣਵਾਦ ਤੇ ਸਨਾਤਨਤਾ, ਦੋ ਗੱਲਾਂ ਹਨ, ਇੱਕ ਨਹੀਂ। ਆਦੀ ਸ਼ੰਕਰ ਸਨਾਤਨੀ ਸੀ, ਬ੍ਰਾਹਮਣਵਾਦੀ ਨਹੀਂ। ਸਿੱਖੀ ਬ੍ਰਾਹਮਣਵਾਦ ਨੂੰ ਖਾਰਜ ਕਰਦੀ ਹੈ ਸਨਾਤਨੀ ਸੱਚ ਨੂੰ ਨਹੀਂ। Ḕਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁḔ ਸਨਾਤਨਤਾ ਹੈ, ਬ੍ਰਾਹਮਣਵਾਦ ਨਹੀਂ। ਇਹੀ ਸਲੋਕ ਗੁਰੂ ਨਾਨਕ ਪਾਤਸ਼ਾਹ ਦੇ ਬੇਟੇ ਬਾਬਾ ਸ੍ਰੀਚੰਦ ਨੇ ਪੰਜਵੇਂ ਪਾਤਸ਼ਾਹ ਨੂੰ ਸੁਖਮਨੀ ਸਾਹਿਬ ਦੀ ਸਤਾਰਵੀਂ ਅਸਟਪਦੀ ਦੇ ਸ਼ਿਲਾਧਾਰ ਸਲੋਕ ਵਜੋਂ, ਸਿਰਫ ਮਾਤਰਾ ਦੇ ਵਾਧੇ ਨਾਲ, ਦ੍ਰਿੜ੍ਹ ਕਰਵਾਇਆ ਸੀ। ਬਾਬਾ ਸ੍ਰੀਚੰਦ ਨੇ ਬਾਬੇ ਗੁਰਦਿਤੇ ਨੂੰ ਇਸੇ ਸਨਾਤਨਤਾ ਦਾ ਸਬਕ ਦਿਤਾ। ਬਾਬੇ ਗੁਰਦਿਤੇ ਨੇ ਆਪਣੇ ਚਾਰ ਚੇਲਿਆਂ ਨੂੰ ਸਨਾਤਨਤਾ ਦੇ ਚਾਰ ਉਪਨਿਸ਼ਦਿਕ ਮਹਾਂਵਾਕਾਂ ਦਾ ਸੱਚ ਗੁਰੂ ਗ੍ਰੰਥ ਸਾਹਿਬ ਵਿਚੋਂ ਦ੍ਰਿੜ੍ਹ ਕਰਵਾ ਕੇ ਚਾਰ ਧੂਇਆਂ ਦੇ ਸੰਸਥਾਪਕ ਥਾਪ ਦਿਤਾ ਸੀ। ਚਾਰ ਉਦਾਸੀ ਧੂਏਂ ਸ਼ੰਕਰ ਦੇ ਚਾਰ ਧਾਮ ਦੀ ਦੱਸ ਪਾਉਂਦੇ ਹਨ। ਕਰਮ ਕਾਂਡ ਦਾ ਪ੍ਰਚਾਰਕ ਕੁਮਾਰਲਭੱਟ ਭੇਸ ਵਟਾ ਕੇ ਬੌਧ ਗਿਆਨ ਹਾਸਲ ਕਰਨ ਚਲਾ ਗਿਆ ਸੀ। ਫੜਿਆ ਗਿਆ ਤਾਂ ਪਸ਼ਚਾਤਾਪ ਵਜੋਂ ਫੱਕ ਦੇ ਢੇਰ ਨੂੰ ਅੱਗ ਲਗਾ ਕੇ ਉਤੇ ਸੜ ਮਰਨ ਲਈ ਲੇਟ ਗਿਆ ਸੀ। ਕਰਮ ਕਾਂਡ ਦੇ ਖੰਡਣ ਲਈ ਸ਼ੰਕਰ ਉਸ ਨਾਲ ਬਹਿਸ ਕਰਨ ਗਿਆ ਤਾਂ ਉਸ ਨੇ ਸੜ ਮਰਨ ਦਾ ਪ੍ਰਣ ਨਾ ਤਿਆਗਿਆ ਅਤੇ ਆਪਣੇ ਚੇਲੇ ਮੰਡਣ ਮਿਸ਼ਰੇ ਨਾਲ ਬਹਿਸ ਕਰਨ ਲਈ ਆਖਿਆ, ਜਿਸ ਨੂੰ ਸ਼ੰਕਰ ਨੇ ਹਰਾ ਕੇ ਕਰਮ ਕਾਂਡ ਛੁਡਵਾ ਦਿਤਾ ਸੀ।
ਕਰਮ ਕਾਂਡ ਦੇ ਖੰਡਣ ਵਿਚ ਸ਼ੰਕਰ ਦੀ ਪੁਸਤਕ ਭਜ ਗੋਵਿੰਦਮ ਪੜ੍ਹੀ ਜਾ ਸਕਦੀ ਹੈ। ਸ਼ੰਕਰ ਨੇ ਆਪਣੀ ਪੁਸਤਕ ਮਨੀਸ਼ ਪੰਚਕਮ ਵਿਚ ਜਾਤ-ਪਾਤ ਨੂੰ ਵੀ ਨਕਾਰ ਦਿਤਾ ਸੀ। ਸਿੱਖੀ ਨੇ ਉਦਾਸੀ ਪਰੰਪਰਾ ਰਾਹੀਂ ਸ਼ੰਕਰ ਦੇ ਪ੍ਰਚਾਰਿਤ ਹਿੰਦੂ ਧਰਮ ਦੇ ਗਰਭ ਵਿਚ ਪਏ ਸਨਾਤਨੀ ਸੱਚ ਨਾਲ ਵਿਚਾਰਧਾਰਾਈ ਤੰਦਾਂ ਜੋੜੀਆਂ। ਕਬੀਰ ਸਾਹਿਬ ਦੇ ḔਸਨਾਤਨḔ ਹੋਣ ਦਾ ਰਹੱਸ ਇਵੇਂ ਸਮਝਿਆ ਜਾ ਸਕਦਾ ਹੈ। ਕੋਈ ਵੀ ਰੁੱਖ ਉਪਰ ਵੱਲ ਜਿਤਨਾ ਵਧਦਾ ਹੈ, ਉਸ ਦੀਆਂ ਜੜ੍ਹਾਂ ਹੇਠਾਂ ਵੱਲ ਉਸ ਤੋਂ ਵੀ ਵਧੇਰੇ ਵਧਦੀਆਂ ਹਨ। ਰੁੱਖ ਹਵਾ ‘ਚ ਨਹੀਂ ਲਟਕਦੇ, ਨਾ ਜ਼ਮੀਨ ‘ਚ ਧਸਦੇ ਹਨ, “ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤ ਹੈ॥ ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ॥”
ਅਸੀਂ ਪੰਜਾਬ ਦੀ ਵੰਡ-ਦਰ-ਵੰਡ ਕਰਵਾ ਕੇ ਪੰਜਾਬ ਦੀ ਸਥਾਨਕਤਾ ਨੂੰ Ḕਹਨੇਰੀ ਖੁੱਡḔ ਬਣਾ ਲਿਆ। ਇਹ ਹੁਣ ਆਪਣੇ ਜਾਇਆਂ ਨੂੰ ਦੋ ਵਕਤ ਦੀ ਰੋਟੀ ਦੇਣ ਦੇ ਵੀ ਸਮਰੱਥ ਨਹੀਂ ਰਹੀ। ਇਥੇ ਇਨਸਾਫ ਨਹੀਂ, ਸਕੂਨ ਵੀ ਨਹੀਂ। ਜੇ ਕੁਝ ਵੀ ਬਚਿਆ ਹੁੰਦਾ ਤਾਂ ਪ੍ਰਭਸ਼ਰਨਬੀਰ ਜਿਹੇ ਹਜ਼ਾਰਾਂ ਹੋਣਹਾਰ ਨੌਜਵਾਨ ਹਰ ਮਹੀਨੇ ਇਸ Ḕਹਨੇਰੀ ਖੁੱਡḔ ਨੂੰ ਤਲਾਕ ਤਲਾਕ ਤਲਾਕ ਨਾ ਆਖਣ। ਚਮਕ ਦਮਕ ਦੀ ਟੀਸੀ ‘ਤੇ ਚੜ੍ਹ ਕੇ, ਤਲਾਕੀ ਹੋਈ Ḕਹਨੇਰੀ ਖੁੱਡḔ ਦਾ ਹੇਜ ਪਾਲਣਾ ਸਮਝ ਤੋਂ ਬਾਹਰ ਹੈ।
ਇੱਕ ਸਥਾਨਕਤਾ ਦਾ ਦੂਜੀ ਸਥਾਨਕਤਾ ਨਾਲ ਸੰਵਾਦ ਸਨਾਤਨਤਾ ਵਿਚ ਹੀ ਸੰਭਵ ਹੈ। ਖੁੱਡ ਵਿਚ ਬੈਠ ਕੇ ਸੰਵਾਦ ਨਹੀਂ ਹੁੰਦੇ। ਸੰਵਾਦ ਲਈ ਸਥਾਨਕਤਾ ਤਿਆਗਣੀ ਪੈਂਦੀ ਹੈ। ਕੁਝ ਲੋਕ ਖੁੱਡ ‘ਚੋਂ ਬਾਹਰ ਜਾ ਕੇ ਵੀ ਮਾਨਸਿਕ ਖੁੱਡ ਵਿਚ ਵੜੇ ਰਹਿੰਦੇ ਹਨ। ਸਥਾਨਕ ਖੁੱਡਾਂ ਵਿਚੋਂ ਬਾਹਰ ਨਿਕਲਣਾ ਸਰਲ ਹੈ, ਪਰ ਮਾਨਸਿਕ ਖੁੱਡਾਂ ਦਾ ਕੋਈ ਕਿਆ ਕਰੇ! ਪ੍ਰਭਸ਼ਰਨਬੀਰ ਜਿਹੇ ਹਜ਼ਾਰਾਂ ਨਹੀਂ, ਲੱਖਾਂ ਲੋਕ, ਸੌ ਨਹੀਂ, ਹਜ਼ਾਰਾਂ ਕਿਸਮ ਦੇ ਪਾਪੜ ਵੇਲ ਵੇਲ ਕੇ ਵਿਸ਼ਵੀਕਰਣ ਅਤੇ ਖਪਤ ਸਭਿਆਚਾਰ ਦੇ ਚੰਡੋਲ ‘ਤੇ ਚੜ੍ਹ ਕੇ ਆਪਣੀਆਂ ਖੁੱਡਾਂ ਨੂੰ ਚੇਤੇ ਕਰ ਕਰ ਝੂਰਦੇ ਹਨ। ਅਰਸ਼ੀ ਝੂਲੇ ਝੂਲਣ ਵਾਲੇ ਸਾਨੂੰ ਇਧਰ ਬੈਠਿਆਂ ਨੂੰ ਸਥਾਨਕਤਾ ਦੀ Ḕਹਨੇਰੀ ਖੁੱਡḔ ਵਿਚ ਦੜੇ ਰਹਿਣ ਲਈ ਨਾਸਤਿਕਤਾ ਨਾਲ ਭਰੇ ਗਿਆਨ ਦੀਆਂ ਪੁੜੀਆਂ ਬੰਨ੍ਹ ਬੰਨ੍ਹ ਭੇਜ ਰਹੇ ਹਨ।
ਪ੍ਰਭਸ਼ਰਨਬੀਰ ਨੇ ਲਿਖਿਆ ਹੈ ਕਿ ਮਹਿਬੂਬ ਤੇ ਪਾਤਰ ਦਰਮਿਆਨ ਬਚਨ ਬੇਦਿਲ ਦੇ ਗੀਤਾਂ ਜਿੰਨਾ ਫਰਕ ਹੈ। ਅਰਥਾਤ ਪਾਤਰ ਦੀ ਸ਼ਾਇਰੀ ਵਿਚ ਜੇ ਬਚਨ ਬੇਦਿਲ ਦੇ ਗੀਤ ਜੋੜ ਦਿਤੇ ਜਾਣ ਤਾਂ ਉਹ ਮਹਿਬੂਬ ਬਣ ਜਾਂਦਾ ਹੈ। ਜੇ ਮਹਿਬੂਬ ਵਿਚੋਂ ਬਚਨ ਬੇਦਿਲ ਮਨਫੀ ਕਰ ਦਿਤਾ ਜਾਵੇ ਤਾਂ ਬਾਕੀ ਬਚਿਆ ਪਾਤਰ ਹੈ। ਕਵੀਆਂ ਦੀ ਇਸ ਤਰ੍ਹਾਂ ਦੇ ਜੋੜ ਘਟਾਓ ਪ੍ਰਭਸ਼ਰਨਬੀਰ ਦੀ ਬੌਧਿਕਤਾ ਦਾ ਕੋਈ ਗੂੜ੍ਹ ਫਾਰਮੂਲਾ ਹੈ। ਇਸੇ ਲਈ ਉਸ ਨੂੰ ਆਪਣੇ ਸਵਾਲ ḔਔਖੇḔ ਪ੍ਰਤੀਤ ਹੁੰਦੇ ਹਨ, ਜਿਨ੍ਹਾਂ ਦਾ, ਉਸ ਮੁਤਾਬਕ, ਕਿਸੇ ਤੋਂ ਜਵਾਬ ਨਹੀਂ ਦੇ ਹੁੰਦਾ। ਮੂਰਖ ਤੇ ਸਿਆਣੇ ਵਿਚ ਇਹੀ ਅੰਤਰ ਹੁੰਦਾ ਹੈ ਕਿ ਸਿਆਣਾ ਬੰਦਾ ਸਿਰਫ ਮੂਰਖ ਨੂੰ ਹੀ ਮੂਰਖ ਕਹਿੰਦਾ ਹੈ। ਪਰ ਮੂਰਖ ਬੰਦਾ ਸਭ ਨੂੰ ਮੂਰਖ ਸਮਝਦਾ ਹੈ। ਉਸ ਨੇ ਇਹ ਵੀ ਲਿਖਿਆ ਹੈ ਕਿ ਮਹਿਬੂਬ ਦੀ ਕਿਸੇ ਨੂੰ ਬੁਨਿਆਦੀ ਸਮਝ ਨਹੀਂ ਹੈ। ਰੇਤ ਦੇ ਮਹਿਲ ਦੀ ਬੁਨਿਆਦ ਹੁੰਦੀ ਹੀ ਨਹੀਂ ਤਾਂ ਸਮਝ ਕਿਸੇ ਨੂੰ ਕੀ ਆਵੇ! ਮਹਿਬੂਬ ਦੀ ਬੁਨਿਆਦ ਸਮਝਣ ਲਈ ਬੰਦੇ ਨੂੰ ਕਈ ਮਾਰੂਥਲਾਂ ਦਾ ਰੇਤਾ ਛਾਣਨਾ ਪੈਂਦਾ ਹੈ ਤਾਂ ਕਿਤੇ ਇੱਕ ਸੁੰਢ ਦੀ ਗੱਠੀ ਲੱਭਦੀ ਹੈ। ਮਹਿਬੂਬ ਦੀ ਗੱਠੀ ਦੀ ਬੁਨਿਆਦੀ ਸਮਝ ਸੁੱਖੇ-ਜਿੰਦੇ ਵਿਚ ਨਹੀਂ Ḕਜਿੰਦੇ-ਸੁੱਖੇ ਵਿਚ ਹੈḔ, ਜਿਸ ਦਾ ਅਰਥ ਸਮਝਣ ਤੋਂ ਸਾਰੇ ਕੰਨੀ ਕਤਰਾਉਂਦੇ ਹਨ। ਸੁੰਢ ਦੀ ਇਸ ਗੱਠੀ ਦੇ ਰਾਜ਼ ਅਤੇ ਪਾਜ ਦਾ ਪਰਦਾ ਫਾਸ਼ ਹੋਣ ਨਾਲ ਅਜੋਕੀ ਸਿੱਖ ਸਿਆਸਤ ਅਤੇ ਸੰਕਟ ਦੋਨੋਂ ਸਮਝ ਆ ਸਕਦੇ ਹਨ।
ਪ੍ਰਭਸ਼ਰਨਬੀਰ ਨੇ ਕਿਹਾ ਹੈ ਕਿ ਉਸ ਨੂੰ ਨਿਰਾਸ਼ਾ ਹੋਈ ਹੈ। ਨਿਰਾਸ਼ਾਜਨਕ ਚੀਜ਼ਾਂ ਲਿਖੇਗਾ ਤੇ ਨਿਰਾਸ਼ਾ ਹੀ ਪੱਲੇ ਪੈਣੀ ਹੈ। ਕਿੱਕਰਾਂ ਬੀਜ ਕੇ ਕੰਡੇ ਹੀ ਮਿਲਣੇ ਹਨ ਜਾਂ ਤੁੱਕੇ, ਬਿਜੌਰ ਦੇਸ਼ ਦੀਆਂ ਦਾਖਾਂ ਨਹੀਂ। ਬਰਬਰਤਾ ਦਾ ਸਬੰਧ ਵਿਵਾਦ ਨਾਲ ਹੈ, ਕਿਸੇ ਵਾਦ ਜਾਂ ਸੰਵਾਦ ਨਾਲ ਨਹੀਂ। ਮੇਰੀ ਗੁਜ਼ਾਰਿਸ਼ ਹੈ ਕਿ ਮਹਿਬੂਬ ਤੇ ਪਾਤਰ ਨੂੰ ਖਾਹਮਖਾਹ ਵਿਵਾਦ ਵਿਚ ਨਾ ਉਲਝਾਵੋ। ਇਸ ਵਿਵਾਦ ਦਾ ਸ਼੍ਰੀ ਗਣੇਸ਼ ਪ੍ਰਭਸ਼ਰਨਬੀਰ ਹੈ। ਸਿੱਖੀ ਕੇਵਲ Ḕਕਿਛੁ ਸੁਣੀਐ ਕਿਛੁ ਕਹੀਐḔ ਹੀ ਨਹੀਂ, ਕੀ ਕਹੀਏ ਤੇ ਕੀ ਸੁਣੀਏਂ ਦੇ ਨਾਲ Ḕਦੁਬਿਧਾ ਨ ਪੜਉḔ ਵੀ ਹੈ।
ਕਿਸ ਸਮੇਂ ਕਵਿਤਾ ਬਾਰਬਰਿਕ ਹੈ ਜਾਂ ਨਹੀਂ, ਇਹ ਸੇਧ ਸਾਨੂੰ ਐਡੋਰਨੋ ਤੋਂ ਲੈਣ ਦੀ ਲੋੜ ਨਹੀਂ। ਸਿੱਖ ਸਭਿਆਚਾਰ ਅਨੁਸਾਰ ਜਨਮ ਹੋਵੇ, ਵਿਆਹ ਹੋਵੇ ਜਾਂ ਭੋਗ ਹੋਵੇ, ਅਨੰਦ ਸਾਹਿਬ ਦਾ ਪਾਠ ਹੀ ਕਰੀਦਾ ਅਤੇ ਸੁਣੀਦਾ ਹੈ। ਕਵਿਤਾ ਹਿਕਮਤ ਦੀਆਂ ਗੋਲੀਆਂ ਨਹੀਂ ਹੁੰਦੀ ਕਿ ਸਿਰ ਪੀੜ ਲਈ ਹੋਰ ਤੇ ਕਮਰ ਦਰਦ ਲਈ ਹੋਰ। ਨਾ ਇਹ ਕੋਈ ਲੋਸ਼ਨ ਹੈ ਕਿ ਫੋੜੇ ਲਈ ਹੋਰ ਤੇ ਮੂੰਹ ਗੋਰਾ ਕਰਨ ਲਈ ਹੋਰ। ਕਵਿਤਾ Ḕਸਾਈ ਨਾਮੁ ਅਮੋਲੁḔ ਹੈ ਤੇ Ḕਸਰਬ ਰੋਗ ਕਾ ਅਉਖਦḔ ਵੀ ਹੈ। ਗੁਰੂ ਨਾਨਕ ਨੇ ਅੰਤਮ ਸਮੇਂ ਤੁਖਾਰੀ ਰਾਗ ਵਿਚ ਬਾਰਹ ਮਾਹਾ ਦਾ ਗਾਇਨ ਕੀਤਾ ਸੀ। ਦਸਮ ਪਾਤਸ਼ਾਹ ਨੇ ਸਰਸਾ ਦੇ ਕੰਢੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਸੀ ਅਤੇ ਮਾਛੀਵਾੜੇ ਦੇ ਜੰਗਲ ਵਿਚ Ḕਮਿੱਤਰ ਪਿਆਰੇ ਨੂੰḔ ਯਾਦ ਕੀਤਾ ਸੀ। ਕਵਿਤਾ ਸਨਾਤਨ ਹੈ।
ਜਿਸ ਨੇ ਇੱਕ ਦਾਨੇ ਬਾਪ ਦੀ ਤਰ੍ਹਾਂ ਉਂਗਲ ਪਕੜ ਕੇ ਬੌਧਿਕਤਾ ਦੇ ਪੂਰਨੇ ਲਿਖਣੇ ਅਤੇ ਪੜ੍ਹਨੇ ਸਿਖਾਏ, ਉਸ ਮਰਕਜ਼ ਨੂੰ ਵਾਰ ਵਾਰ ḔਡੇਰਾḔ ਲਿਖ ਕੇ ਪਤਾ ਨਹੀਂ ਕਿਸ ਦਾ ਮੂੰਹ ਚਿੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਭਸ਼ਰਨਬੀਰ ਦਾ ਇਸ਼ਾਰਾ ਜੇ ਪ੍ਰੋæ ਜਗਦੀਸ਼ ਸਿੰਘ ਦੇ ਨਿਰਦੇਸ਼ਨ ਵਿਚ ਚੱਲਦੇ ਅਦਾਰੇ Ḕਨਾਦ ਪ੍ਰਗਾਸḔ ਵੱਲ ਹੈ ਤਾਂ ਉਸ ਦੀ ਗੱਲ ਕਰਨੀ ਵਿਸ਼ੇਸ਼ ਕਰਕੇ ਉਸ ਲਈ, ਸੋਹਣ ਸਿੰਘ ਮੀਸ਼ੇ ਦੇ ਸ਼ਬਦਾਂ ਵਿਚ, Ḕਆਪੇ ਆਪਣਾ ਪਾਜ ਖੋਲ੍ਹਣਾ, ਆਪੇ ਆਪਣੀ ਭੰਡੀ ਕਰਨੀ, ਆਪੇ ਆਪਣੀ ਚੁਗਲੀ ਖਾਣੀḔ ਹੈ। Ḕਦਾਖੀਂ ਹੱਥ ਨਾ ਅੱਪੜੇ ਆਖੇ ਥੂਹ ਕੌੜੀḔ ਅਖਾਣ ਬੇਸ਼ੱਕ ਯਾਦ ਨਾ ਕਰਿਓ। Ḕਨਾਦ ਪ੍ਰਗਾਸḔ ਦੇ ਲੰਗਰਾਂ ਦੀ ਦਾਲ ਅਸੀਂ ਇਕੱਠੇ ਛਕਦੇ ਰਹੇ ਹਾਂ, ਜਿਸ ਵਿਚ ਲੂਣ ਵੀ ਹੁੰਦਾ ਸੀ, ਜ਼ਰੂਰ ਯਾਦ ਕਰਨ। ਜੇ ਮਨ ਵਿਚ ਆਪਣੇ ਪੁਰਾਣੇ ਉਸਤਾਦ ਪ੍ਰੋæ ਜਗਦੀਸ਼ ਸਿੰਘ ਲਈ ਕੋਈ ਭੜਾਸ ਹੈ ਤਾਂ ਉਹ ਡਾਲਰ ਖਰਚ ਕਰਨ, ਟਿਕਟ ਲੈਣ, ਅੰਮ੍ਰਿਤਸਰ ਆਉਣ ਤੇ ਜੀ ਸਦਕਾ ਭੜਾਸ ਕੱਢਣ- Ḕਜਿਸੇ ਆਪ ਗਿਨਤੇ ਥੇ ਆਸ਼ਨਾ ਜਿਸੇ ਆਪ ਕਹਿਤੇ ਥੇ ਬਾਵਫਾ, ਮੈਂ ਵਹੀ ਹੂੰ ਮੋਮਿਨੇ ਮੁਬਤਲਾ ਤੁਮਹੇਂ ਯਾਦ ਹੋ ਕਿ ਨਾ ਯਾਦ ਹੋḔ।
—
ਕਿਸੇ ਗੁਸੈਲ ਜਿਹੇ ਸ਼ਖਸ ਨੇ ਯੂ ਟਿਊਬ ‘ਤੇ ਪ੍ਰੋæ ਜਗਦੀਸ਼ ਸਿੰਘ ਨੂੰ ਸ਼ੂਅਨ ਦੀਆਂ ਕਿਤਾਬਾਂ ਪਾੜ ਕੇ ਸੁੱਟ ਦੇਣ ਦੀ ਨਸੀਹਤ ਕੀਤੀ। ਜੀ ਅਸ਼ ਅਸ਼ ਕਰ ਉਠਿਆ। ਧੰਨ ਸਿੱਖੀ! ਪ੍ਰੋæ ਪੂਰਨ ਸਿੰਘ ਵਿਕਟਰ ਹਿਊਗੋ ਨੂੰ ਟਾਲਸਟਾਇ ਨਾਲੋਂ ਧਰਮ ਦੇ ਵੱਧ ਨਜਦੀਕ ਮੰਨਦਾ ਹੈ। ਰੈਨੇਗੁਨਾ, ਫਰਿਥਜੌਫ ਸ਼ੂਅਨ ਅਤੇ ਮਾਰਟਿਨ ਲਿੰਗਜ਼ ਨੇ ਸਨਾਤਨ ਅਰਥਾਤ ਪਰੈਨਿਅਲ ਫਿਲਾਸਫੀ ਦੀ ਗੱਲ ਕੀਤੀ। ਇਹ ਵਿਦਵਾਨ ਚੜ੍ਹਤ ਜਾਂ ਉਤਰ ਆਧੁਨਿਕਤਾ ਦੀਆਂ ਖਿਆਲੀ ਪੁੜੀਆਂ ਨਾਲੋਂ ਜ਼ਿੰਦਗੀ ਦੇ ਵਧੇਰੇ ਨੇੜੇ ਹਨ। ਗੁਰੂ ਨਾਨਕ ਦੇ ਘਰ ਵਿਚ ਸਭ ਕੁਝ ਹੈ। ਮਾਲਣ ਦੇ ਇਸ਼ਕ ਦੇ ਅੰਨ੍ਹੇ, ਪ੍ਰੇਮ ਕਰਨ ਵਾਲਿਆਂ ਨੂੰ ਖੁਸ਼ਕ ਗਿਆਨ ਦੇ ਸਨਕੀ ਖੂਹਾਂ ਵਿਚ ਧੱਕਦੇ ਹਨ ਤਾਂ ਬਰਦਾਸ਼ਤ ਤੋਂ ਬਾਹਰ ਹੁੰਦਾ ਹੈ।
ਬਾਣੀ ਧੁਰ ਕੀ ਅਤੇ ਅਕਾਲ ਕੀ ਹੈ। ਜੇ ਇਹ ਸਿਰਫ ਪੰਜਾਬ ਤੱਕ ਸੀਮਤ ਹੁੰਦੀ ਤਾਂ ਇਸ ਵਿਚ ਪੰਜਾਬ ਤੋਂ ਬਾਹਰਲੇ ਭਗਤਾਂ ਦੀ ਬਾਣੀ ਸ਼ਾਮਲ ਨਾ ਹੁੰਦੀ। ਫਿਰ ਇਸ ਨੂੰ ਗੁਰਿਆਈ ਵੀ ਸਾਬੋ ਕੀ ਤਲਵੰਡੀ ਵਿਖੇ ਹੀ ਦੇ ਦਿਤੀ ਜਾਂਦੀ। ਦੱਖਣ ਵਿਚ ਗੁਰਿਆਈ ਦੇਣਾ ਦੱਸਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸੱਚ ਸਥਾਨਕ ਨਹੀਂ, ਸਨਾਤਨ ਹੈ- Ḕਚਤੁਰ ਦਿਸਾ ਕੀਨੋ ਬਲੁ ਅਪਨਾ।Ḕ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਇਹੀ ਸੰਕੇਤ ਕਰਦੇ ਹਨ। ਪਰੰਪਰਕ ਚਾਰ ਤਖਤ ਵੀ ਦਿਗ ਵਿਜੈ ਦਾ ਸਬੂਤ ਹਨ। ਪੰਜ ਪਿਆਰਿਆਂ ਵਿਚ ਵੀ ਚਾਰ ਪੰਜਾਬ ਦੇ ਨਹੀਂ ਸਨ। ਸਿੱਖੀ ਦੇ ਸਨਾਤਨ ਸੱਚ ਨੂੰ ਸਥਾਨਕਤਾ ਦੀ Ḕਹਨੇਰੀ ਖੁੱਡḔ ਤੱਕ ਮਹਿਦੂਦ ਕਰਨਾ ਦਰੁਸਤ ਨਹੀਂ। ਜਿਵੇਂ ਪੰਛੀਆਂ ਨੂੰ ਅਕਾਸ਼ ਵਿਚ ਉਡਾਰੀ ਭਰਨ ਲਈ ਟਾਹਣੀ ‘ਤੇ ਜ਼ੋਰ ਪਾਉਣਾ ਪੈਂਦਾ ਹੈ, ਇਵੇਂ ਬੰਦੇ ਲਈ ਵੀ ਸਨਾਤਨਤਾ ਨਾਲ ਸਾਂਝ ਪਾਉਣ ਲਈ ਸਥਾਨਕਤਾ ਦੀ ਲੋੜ ਹੁੰਦੀ ਹੈ। ਸਥਾਨਕਤਾ ਨੂੰ ਵੀ ਸਾਂਭਣ ਦੀ ਲੋੜ ਹੁੰਦੀ ਹੈ ਤਾਂ ਜੋ ਉਹ ਸਨਾਤਨਤਾ ਲਈ ਮਦਦਗਾਰ ਹੋਵੇ। ਜਿਹੜੀ ਸਥਾਨਕਤਾ ਤੁਹਾਨੂੰ ਸਨਾਤਨਤਾ ਵੱਲ ਧੱਕਦੀ ਨਹੀਂ, ਉਹ ਸਥਾਨਕਤਾ Ḕਜ਼ੰਜੀਰ ਹੈ, ਜ਼ੰਜੀਰ ਨੂੰ ਝਾਂਜਰ ਨਾ ਸਮਝਣਾḔ।
ਭੂਤਵਾੜੇ ਦੀ ਗੱਲ ਉਸ ਨੇ ਫਿਰ ਛੇੜੀ ਹੈ। ਉਸ ਦੀ ਸਲਾਹ ਹੈ ਕਿ ਜੇ ਬਾਂਸ ‘ਤੇ ਟੰਗਿਆ ਕੱਛਾ-ਕੱਛੀ ਗੁਰਭਗਤ ਸਿੰਘ ਦਾ ਹੈ ਤਾਂ ਉਸ ਨੂੰ ਨਿਸ਼ਾਨ ਸਾਹਿਬ ਮੰਨ ਲਿਆ ਜਾਵੇ। ਇਸ ਭੱਦਰਕਾਰੇ ਦਾ ਦੋਸ਼ ਉਸ ਟੰਗਣ ਵਾਲੇ ਸਿਰ ਹੈ, ਜਿਸ ਦਾ ਨਾਂ ਦੱਸ ਕੇ ਮੈਂ ਉਸ ਨੂੰ ਹੋਰ ਸ਼ਰਮਸ਼ਾਰ ਨਹੀਂ ਕਰਾਂਗਾ। ਕੱਛਾ-ਕੱਛੀ ਕਿਸੇ ਦਾ ਵੀ ਹੋਵੇ, ਬਾਂਸ ਕਿਤੇ ਵੀ ਹੋਵੇ ਅਤੇ ਟੰਗਣ ਵਾਲਾ ਕੋਈ ਵੀ ਹੋਵੇ, ਉਸ ਨੂੰ ਨਿਸ਼ਾਨ ਸਾਹਿਬ ਨਹੀਂ ਕਿਹਾ ਜਾ ਸਕਦਾ। ਭੂਤਵਾੜੇ ਦੀ ਗੱਲ ਇਥੇ ਹੀ ਠੱਪ।
ਇਸ ਵਾਰ ਪ੍ਰਭਸ਼ਰਨਬੀਰ ਨੇ ਪਾਤਰ ਨੂੰ ਨਕਲ ਦੇ Ḕਸ਼ਰਮਨਾਕḔ ਕੇਸ ਵਿਚ ਫਸਾ ਲਿਆ ਹੈ। ਅਖੇ ਉਸ ਦਾ ਬੰਸਰੀ ਵਾਲਾ ਸ਼ਿਅਰ ਰੂਮੀ ਦੀ ਮਸਨਵੀ ਦੇ ਮੁਢਲੇ ਸ਼ਿਅਰ ਦਾ ਤਰਜਮਾ ਹੈ। ਅਖਾਣ ਹੈ, Ḕਸੌ ਸਿਆਣਿਆਂ ਇੱਕੋ ਮੱਤ।Ḕ ਪਰ ਉਸ ਨੂੰ ਇਤਰਾਜ਼ ਹੈ ਕਿ ਪਾਤਰ ਦੀ ਮੱਤ ਰੂਮੀ ਨਾਲ ਕਿਉਂ ਮਿਲਦੀ ਹੈ। ਦਸਮ ਪਾਤਸ਼ਾਹ ਨੇ ਜ਼ਫਰਨਾਮੇ ਵਿਚ ਸ਼ੇਖ ਸਾਅਦੀ ਦਾ ਸ਼ਿਅਰ ਇੰਨ-ਬਿੰਨ ਇਸਤੇਮਾਲ ਕੀਤਾ। ਆਦੀ ਸ਼ੰਕਰ ਨੇ ਅੱਠਵੀਂ ਸਦੀ ‘ਚ Ḕਭਜ ਗੋਵਿੰਦਮḔ ਲਿਖਿਆ, ਜਿਸ ਵਿਚ ਆਇਆ, “ਜਦ ਤੱਕ ਬੰਦਾ ਪੈਸਾ ਕਮਉਣ ਦੇ ਕਾਬਲ ਰਹਿੰਦਾ ਹੈ, ਸਾਰੇ ਉਸ ਨੂੰ ਪਿਆਰ ਕਰਦੇ ਹਨ। ਜਦ ਉਹ ਪੈਸਾ ਕਮਾਉਣ ਜੋਗਾ ਨਾ ਰਹੇ, ਕੋਈ ਬਾਤ ਨਹੀਂ ਪੁੱਛਦਾ। ਬੰਦੇ ਦੇ ਸਰੀਰ ਵਿਚ ਜਾਨ ਹੁੰਦੀ ਹੈ ਤਾਂ ਸਭ ਹਾਲ-ਚਾਲ ਪੁੱਛਦੇ ਹਨ। ਮੌਤ ਉਪਰੰਤ ਪਤਨੀ ਵੀ ਡਰਦੀ ਮਾਰੀ ਭੱਜ ਜਾਂਦੀ ਹੈ।”
ਨੌਵੇਂ ਪਾਤਸ਼ਾਹ ਨੇ ਸਤਾਰਵੀਂ ਸਦੀ ਵਿਚ ਫੁਰਮਾਇਆ, “ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ॥ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਿ ਭਾਗੀ॥” ਬਾਈਬਲ ਵਿਚ ਆਇਆ ਹੈ, “ਵਿਅਰ ਦਿਅਰ ਇਜ਼ ਕਾਰਕਸ, ਦਿਅਰ ਦੀ ਵੱਲਚਰਜ਼ ਵਿੱਲ ਗੈਦਰ।” ਪੰਚਮ ਪਾਤਸ਼ਾਹ ਨੇ ਫੁਰਮਾਇਆ, “ਜਿਥੈ ਡਿਠਾ ਮਿਰਤ ਕੋ ਇਲ ਬਹਿਠੀ ਆਇ।” ਪ੍ਰਭਸ਼ਰਨਬੀਰ ਦਾ ਗੁਰੂ ਸਾਹਿਬਾਨ ਬਾਬਤ ਕੀ ਖਿਆਲ ਹੈ? ਇਹ ਨਾ ਕਹਿਣ ਕਿ ਮੈਂ ਪਾਤਰ ਦੀ ਗੁਰੂ ਸਾਹਿਬਾਨ ਨਾਲ ਤੁਲਨਾ ਕਰ ਰਿਹਾ ਹਾਂ। ਮੇਰੀ ਮੁਰਾਦ ਏਨੀ ਕੁ ਹੈ ਕਿ Ḕਸੌ ਸਿਆਣਿਆਂ ਇਕੋ ਮੱਤ, ਮੂਰਖ ਆਪੋ ਆਪਣੀ।Ḕ
ਈਸਵੀ ਸੰਨ ਤੋਂ ਕਰੀਬ ਦੋ ਸੌ ਸਾਲ ਪਹਿਲਾਂ ਯੂਨਾਨੀ ਨਾਟਕਕਾਰ ਮਨੇਂਦਰ ਨੇ ਰੋਮਨ ਨਾਟ ਲੇਖਕ ਟੈਰੈਂਸ ਨੂੰ ਪ੍ਰਭਸ਼ਰਨਬੀਰ ਦੀ ਤਰ੍ਹਾਂ Ḕਨਕਲ ਦੇ ਸ਼ਰਮਨਾਕḔ ਮੁਕੱਦਮੇ ਵਿਚ ਉਲਝਾ ਲਿਆ ਸੀ, ਜਿਸ ਦੇ ਜਵਾਬ ਵਿਚ ਟੈਰੈਂਸ ਨੇ ਇੱਕ ਬਹੁਤ ਵੱਡਾ ਸੱਚ ਬਿਆਨ ਕੀਤਾ ਸੀ, “ਨੱਥਿੰਗ ਇਜ਼ ਐਵਰ ਸੈਡ, ਵਿੱਚ ਹੈਜ਼ ਨੌਟ ਬੀਨ ਸੈਡ ਬਿਫੋਰ।”
ਪ੍ਰਭਸ਼ਰਨਬੀਰ ਨੇ ਪਾਤਰ ਨੂੰ ਆਪਣੇ ਮਸਤਕ ਦੇ ਮਹਾਂ ਕੋਸ਼ ਵਿਚੋਂ ਦੋ ਅਸ਼ਰਫੀਆਂ ḔਭਗੌੜਾḔ ਅਤੇ Ḕਮਨੋ ਰੋਗੀḔ ਦੀ ਦਾਤ ਅਤਾ ਕੀਤੀ ਹੈ। ਕਵੀ ਤਾਂ ਫੱਕਰ ਹਨ ਤੇ ਕਦੀ ਕਦੀ ਰਾਜਿਆਂ-ਮਹਾਰਾਜਿਆਂ ਦੇ ਦਰ ‘ਤੇ ਵੀ ਜਾ ਖੜ੍ਹਦੇ ਹਨ। ਜੇ ਰਾਜਿਆਂ ਦੇ ਘਰ ਮੋਤੀਆਂ ਦਾ ਕਾਲ ਹੋਵੇ ਤਾਂ ਮਿਲਣਾ ਤਾਂ ਉਹੋ ਕੁਝ ਹੈ ਜੋ ਉਨ੍ਹਾਂ ਦੀ ਖੁੱਡ, ਨਾ ਸੱਚ, ਕੋਠੀ ਵਿਚ ਹੋਵੇ। ਹੈਰਾਨੀ ਹੈ ਕਿ ਪ੍ਰਭਸ਼ਰਨਬੀਰ ਦੀ ਕੋਠੀ ਕਿਸ ਕਿਸ ਤਰ੍ਹਾਂ ਦੇ ਅਨਾਜ ਨਾਲ ਭਰੀ ਪਈ ਹੈ, ਜਿਸ ‘ਤੇ ਕੋਈ ਵੀ ਨਾਜ਼ ਨਹੀਂ ਕਰ ਸਕਦਾ।
ਜਾਦੂ ਉਹ, ਜੋ ਸਿਰ ਚੜ੍ਹ ਬੋਲੇ। ਉਸ ਨੇ ਆਪ ਹੀ ਪਾਤਰ ਦੇ ਕਾਵਿ ਆਵੇਸ਼ ਦੇ ਕਮਾਲ ਦੀ ਦੱਸ ਪਾ ਦਿੱਤੀ, ਜੋ ਮਹਾਂ ਕਵੀ ਰੂਮੀ ਤੋਂ ਕਿਸੇ ਕਦਰ ਊਣੀ ਜਾਂ ਉਰੇ ਨਹੀਂ। ਪਾਤਰ ਦੀ ਸ਼ਾਇਰੀ ਦਾ ਸਿਹਰ ਸਾਬਤ ਕਰਨ ਦੀ ਹੁਣ ਕੋਈ ਲੋੜ ਨਹੀਂ ਰਹੀ। ਹੱਥ ਕੰਙਣ ਨੂੰ ਆਰਸੀ ਕੀ, ਪੜ੍ਹੇ ਲਿਖੇ ਨੂੰ ਫਾਰਸੀ ਕੀ। ਉਸ ਨੇ ਖੁਦ-ਬ-ਖੁਦ ਸੱਚ ਸਾਬਤ ਕਰ ਲਿਆ ਹੈ। ਕਾਸ਼, ਉਹ ਹਾਸਲ ਵੀ ਕਰ ਲਵੇ।
ਸਾਡੀ ਵਿਚਾਰ ਇਸ ਗੱਲ ਕਰਕੇ ਸ਼ੁਰੂ ਹੋਈ ਸੀ ਕਿਉਂਕਿ ਪ੍ਰਭਸ਼ਰਨਬੀਰ ਨੇ ਇਹ ਪ੍ਰਭਾਵ ਦਿੱਤਾ ਸੀ ਕਿ ਮਹਿਬੂਬ ਸਰਬੋਤਮ ਕਵੀ ਹੈ ਤੇ ਪਾਤਰ ਮਾੜਾ। ਉਸ ਨੇ ਇਹ ਸਾਬਤ ਕਰਨ ਲਈ ਮਹਿਬੂਬ ਅਤੇ ਪਾਤਰ ਦਾ ਇੱਕ ਇੱਕ ਸ਼ਿਅਰ ਵੀ ਚੁਣਿਆ ਸੀ। ਪਤਾ ਹੋਣਾ ਚਾਹੀਦਾ ਸੀ ਕਿ ਕਵੀਆਂ ਨੂੰ ਗਾਜਰਾਂ-ਮੂਲੀਆਂ ਦੀ ਤਰ੍ਹਾਂ ਤੋਲਿਆ ਨਹੀਂ ਜਾ ਸਕਦਾ। ਚੰਗੇ ਕਵੀ ਦੀ ਵੀ ਕੋਈ ਕਵਿਤਾ ਮਾੜੀ ਹੋ ਸਕਦੀ ਹੈ ਤੇ ਮਾੜੇ ਕਵੀ ਦੀ ਵੀ ਕੋਈ ਕਵਿਤਾ ਚੰਗੀ ਹੋ ਸਕਦੀ ਹੈ। ਚੰਗੇ ਕਵੀ ਦਾ ਮਾੜਾ ਤੇ ਮਾੜੇ ਕਵੀ ਦਾ ਚੰਗਾ ਸ਼ਿਅਰ ਚੁੱਕ ਕੇ ਤੁਸੀਂ ਮਨ ਭਾਉਂਦਾ ਸਿੱਟਾ ਕੱਢ ਸਕਦੇ ਹੋ, ਸਿਰਫ ਖੁਦ ਨੂੰ ਧੋਖਾ ਦੇਣ ਲਈ। ਪਰ Ḕਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆḔ। ਹੁਣ ਉਸ ਨੇ ਖੁਦ ਮੰਨ ਲਿਆ ਹੈ ਕਿ Ḕਮਹਿਬੂਬ ਸਰਬੋਤਮ ਨਹੀਂ ਹੈ ਤੇ ਪਾਤਰ ਮਾੜਾ ਕਵੀ ਨਹੀਂ ਹੈ।Ḕ ਵੈਸੇ ਪਾਤਰ ਨੂੰ ਉਹ ਅਣਜਾਣੇ ਵਿਚ ਮੌਲਾਨਾ ਰੂਮੀ ਦੇ ਹਾਣ ਦਾ ਸਾਬਤ ਕਰ ਚੁੱਕਾ ਹੈ। ਦੇਰ ਆਇਦ ਦਰੁਸਤ ਆਇਦ। ਹੋਰ ਬਹਿਸ ਮੁਬਾਹਿਸੇ ਦੀ ਗੁੰਜਾਇਸ਼ ਨਹੀਂ ਰਹੀ।