ਉਂਗਲ-ਅਰਾਧਨਾ

ਡਾæ ਭੰਡਾਲ ਨੇ ਕਿਹਾ ਹੈ, “ਕਦੇ ਵੀ ਕਿਸੇ ਵੱਲ ਬੇਲੋੜੀ ਉਂਗਲ ਨਾ ਕਰੋ। ਉਸ ਦੀਆਂ ਕਮੀਆਂ, ਊਣਤਾਈਆਂ ਤੇ ਕਮਜ਼ੋਰੀਆਂ ‘ਤੇ ਉਂਗਲ ਨਾ ਧਰੋ ਕਿਉਂਕਿ ਜਦ ਅਸੀਂ ਇਕ ਉਂਗਲ ਕਿਸੇ ਵੱਲ ਕਰਦੇ ਹਾਂ ਤਾਂ ਤਿੰਨ ਉਂਗਲਾਂ ਸਾਡੇ ਵੰਨੀ ਆਪਣੇ ਆਪ ਹੀ ਹੋ ਜਾਂਦੀਆਂ ਨੇ।”

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਡਾæ ਭੰਡਾਲ ਬੰਦੇ ਦੇ ਪੈਰਾਂ, ਮੁੱਖੜੇ, ਹਿੱਕ ਤੇ ਮਨ ਦੀ ਬਾਤ ਪਾ ਚੁਕੇ ਹਨ। ਗਰਦਨ ਅਤੇ ਬੁੱਲੀਆਂ ਦਾ ਵਿਖਿਆਨ ਵੀ ਕਰ ਚੁਕੇ ਹਨ। ਵਾਤਾਵਰਣ ਸੰਭਾਲ ਦੀ ਗੱਲ ਕਰਦਿਆਂ ਡਾæ ਭੰਡਾਲ ਨੇ ਨਸੀਹਤ ਕੀਤੀ ਸੀ ਕਿ ਸਾਹ ਆਉਂਦੇ ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਬਾਹਾਂ ਦੀ ਤਸ਼ਬੀਹ ਵਿਚ ਉਨ੍ਹਾਂ ਕਿਹਾ ਸੀ ਕਿ ਬਾਂਹਾਂ ਦੀ ਬਾਂਹਾਂ ਸੰਗ ਯਾਰੀ, ਮਨ-ਵਿਹੜੇ ਮੌਲੇ ਸਰਦਾਰੀ। ਪਿਛਲੇ ਲੇਖ ਵਿਚ ਉਨ੍ਹਾਂ ਨਸੀਹਤ ਕੀਤੀ ਸੀ ਕਿ ਪੇਟ ਦਾ ਪੀਹੜਾ ਨੀਵਾਂ ਰੱਖੋ। ਇਸ ਦੀ ਬਰੂਹੀਂ ਕੁੰਡਾ ਰੱਖੋ। ਇਸ ਦੀ ਨਬਜ਼ ਪਛਾਣੋ ਤਾਂ ਤੁਹਾਡਾ ਵਿਹੜਾ ਰੰਗੀਂ ਵਸੇਗਾ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਕਿਹਾ ਹੈ, “ਕਦੇ ਵੀ ਕਿਸੇ ਵੱਲ ਬੇਲੋੜੀ ਉਂਗਲ ਨਾ ਕਰੋ। ਉਸ ਦੀਆਂ ਕਮੀਆਂ, ਊਣਤਾਈਆਂ ਤੇ ਕਮਜ਼ੋਰੀਆਂ ‘ਤੇ ਉਂਗਲ ਨਾ ਧਰੋ ਕਿਉਂਕਿ ਜਦ ਅਸੀਂ ਇਕ ਉਂਗਲ ਕਿਸੇ ਵੱਲ ਕਰਦੇ ਹਾਂ ਤਾਂ ਤਿੰਨ ਉਂਗਲਾਂ ਸਾਡੇ ਵੰਨੀ ਆਪਣੇ ਆਪ ਹੀ ਹੋ ਜਾਂਦੀਆਂ ਨੇ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਉਂਗਲ, ਹੱਥ-ਸ਼ਿੰਗਾਰ, ਕਰਮ-ਹੁਲਾਰ, ਕਿਰਿਆਸ਼ੀਲ-ਹੰਭਲਾ, ਕਾਰਜ-ਸੰਪੂਰਨਤਾ ਲਈ ਅਹਿਮ। ਉਂਗਲਾਂ ਹੀ ਹੱਥ ਨੂੰ ਪੰਜਾ ਬਣਾਉਂਦੀਆਂ। ਪੰਜੇ ਤੋਂ ਬਗੈਰ ਹੱਥ ਦੇ ਕੀ ਅਰਥ?
ਉਂਗਲਾਂ ਕੁਝ ਛੋਟੀਆਂ, ਕੁਝ ਲੰਮੀਆਂ। ਕੁਝ ਮੋਟੀਆਂ ਪਰ ਕੁਝ ਹਰਵਾਂਹ ਦੀਆਂ ਫਲੀਆਂ ਵਰਗੀਆਂ ਪਤਲੀਆਂ ਤੇ ਲੰਮੀਆਂ। ਸਲੀਕੇ ਨਾਲ ਕੱਟੇ ਹੋਏ ਨਹੁੰ ਉਂਗਲਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ।
‘ਕੱਲੀ ‘ਕੱਲੀ ਉਂਗਲ ਆਪਣੇ ਕਾਰਜ ਵਿਚ ਮਾਹਰ। ਪਰ ਕੁਝ ਕਾਰਜ ਸਾਰੀਆਂ ਉਂਗਲਾਂ ‘ਕੱਠੀਆਂ ਹੋ ਕੇ ਹੀ ਕਰ ਸਕਦੀਆਂ। ਏਕੇ ਵਿਚ ਤਾਕਤ ਜੁ ਹੁੰਦੀ। ਹੱਥ ਦੀ ਪਕੜ ਲਈ ਸਾਰੀਆਂ ਉਂਗਲਾਂ ਦੀ ਸਮਰੱਥਾ ਅਤੇ ਲੰਬਾਈ ਅਹਿਮ ਰੋਲ ਨਿਭਾਉਂਦੀਆਂ। ਸ਼ਾਇਦ ਇਸੇ ਕਰਕੇ ਸਾਰੀਆਂ ਉਂਗਲਾਂ ਭਾਵੇਂ ਬਰਾਬਰ ਨਾ ਵੀ ਹੋਣ, ਹੱਥ ਦੇ ਹਰ ਕਾਰਜ ਵਿਚ ਬਰਾਬਰ ਦਾ ਰੋਲ ਨਿਭਾਉਂਦੀਆਂ।
ਉਂਗਲਾਂ ਦਾ ਸਮਾਜਿਕ, ਸਭਿਆਚਾਰਕ ਤੇ ਆਰਥਿਕ ਖੇਤਰ ਵਿਚ ਵਿਸ਼ੇਸ਼ ਯੋਗਦਾਨ। ਪਹਿਲੇ ਸਮਿਆਂ ਵਿਚ ਲੈਣ-ਦੇਣ ਸਮੇਂ ਹਮੇਸ਼ਾ ਅੰਗੂਠਾ ਹੀ ਲਵਾਇਆ ਜਾਂਦਾ ਸੀ। ਭੇਜੀ ਜਾਣ ਵਾਲੀ ਸਾਹੇ-ਚਿੱਠੀ ਅਤੇ ਖਤੋ-ਖਿਤਾਬਤ ਦੌਰਾਨ ਲਾਇਆ ਅੰਗੂਠਾ, ਸਮਾਜਿਕ ਜਿੰਮੇਵਾਰੀ, ਪ੍ਰਤੀਬੱਧਤਾ ਅਤੇ ਵਚਨ ਨਿਭਾਉਣ ਦਾ ਪਰਪੱਕ ਅਹਿਦ ਹੁੰਦਾ ਸੀ।
ਜਦ ਕੋਈ ਅਜ਼ੀਜ਼ ਦਿਲ ਦੀ ਵਹੀ ‘ਤੇ ਮੋਹਵੰਤਾ ਅੰਗੂਠਾ ਲਾ ਦੇਵੇ ਤਾਂ ਫਿਰ ਕੌਣ ਕਰਦਾ ਏ ਘਾਟੇ-ਵਾਧੇ ਦਾ ਹਿਸਾਬ-ਕਿਤਾਬ। ਫਿਰ ਜਿੰਦ ਵੇਚ ਕੇ ਵੀ ਪਿਆਰੇ ਦੀਆਂ ਸੱਧਰਾਂ ਦੀ ਪੂਰਤੀ ਕਰਨਾ, ਧੰਨਭਾਗ ਹੁੰਦਾ।
ਪਹਿਲੀਆਂ ਦੋ ਉਂਗਲਾਂ ਜਦ ਅੰਗਰੇਜ਼ੀ ਦਾ ‘ਵੀ’ ਸ਼ਬਦ ਬਣਾਉਂਦੀਆਂ ਤਾਂ ਇਹ ਦੇਖਣ ਵਾਲੇ ਦੀ ਅੱਖ ‘ਚ ਜਿੱਤ ਦਾ ਅਚੇਤ ਸੁਨੇਹਾ ਧਰ ਜਾਂਦੀਆਂ। ਜਦ ਕੋਈ ਜੇਤੂ ਅੰਦਾਜ਼ ‘ਚ, ਆਪਣੀ ਉਂਗਲ ਹਵਾ ਵਿਚ ਲਹਿਰਾਉਂਦਾ ਤਾਂ ਜਿੱਤ ਦੇ ਨਿਸ਼ਾਨ ਉਚੇ ਅੰਬਰੀਂ ਲਹਿਰਾਉਂਦੇ। ਦੋਵੇਂ ਅੰਗੂਠੇ ਉਪਰ ਨੂੰ ਕਰਕੇ ਕਿਸੇ ਚੰਗੇਰੇ ਕੰਮ ਲਈ ਸ਼ਾਬਾਸ਼ੀ ਹੁੰਦੀ ਜਦ ਕਿ ਅੰਗੂਠਿਆਂ ਨੂੰ ਨੀਵਾਂ ਕਰਕੇ ਦਿਖਾਉਣਾ, ਨਮੋਸ਼ੀ ਅਤੇ ਹੀਣ-ਭਾਵਨਾ ਦਾ ਪ੍ਰਤੀਕ ਹੁੰਦਾ।
ਬਾਬੇ ਨਾਨਕ ਦੀ ਉਂਗਲ ਜਦ ਇਕ ਓਂਕਾਰ ਦਾ ਸੁਨੇਹਾ ਲੋਕਾਈ ਦੇ ਸੋਚ-ਮਸਤਕ ਵਿਚ ਧਰਨ ਲਈ ਅੰਬਰ ਵੱਲ ਉਠਦੀ ਤਾਂ ਇਕ ਸਰਘ-ਸੁਨੇਹਾ ਫਿਜ਼ਾ ਦੇ ਨਾਮ ਹੋ, ਇਲਾਹੀ ਸੰਦੇਸ਼ ਅਤੇ ਅਨੰਦ ਦਾ ਪ੍ਰਗਟਾਵਾ ਬਣ ਚੌਗਿਰਦੇ ਨੂੰ ਆਤਮਿਕ ਹੁਲਾਰ ਬਖਸ਼ਦਾ।
ਜਦ ਕਿਰਸਾਨ ਇਕ ਹੱਥ ‘ਚ ਹਲ ਦਾ ਮੁੰਨਾ ਅਤੇ ਦੂਸਰੇ ਹੱਥ ਪਰਾਣੀ ਪਕੜ ਜੋਗ ਨੂੰ ਪੁਚਕਾਰਦਾ, ਪੈਲੀ ਦੀ ਹਿੱਕ ਨੂੰ ਪਾੜ-ਦਰ-ਪਾੜ ਵਾਹੁੰਦਾ, ਕਿਰਤ ਕਮਾਈ ਰੂਪੀ ਸਾਧਨਾ ਬੀਜਦਾ ਤਾਂ ਮਿਹਨਤ-ਮੁਸੱæਕਤ ਦੀ ਭਰਪੂਰ ਫਸਲ ਪਰਿਵਾਰ ਦੇ ਹਰ ਜੀਅ ਦੀ ਤਲੀ ‘ਤੇ ਚੋਗ ਧਰਦੀ। ਉਨ੍ਹਾਂ ਦੇ ਮਨਾਂ ਵਿਚ ਕਿਰਤ ਦੀ ਜਾਗ ਲੱਗਦੀ ਜੋ ਜੀਵਨ ਨੂੰ ਨਵੀਆਂ ਪ੍ਰਾਪਤੀਆਂ ਨਾਲ ਮੁਖਾਤਬ ਹੁੰਦੀ।
ਜਦ ਕੋਈ ਮੰਗੇਤਰ ਹੱਥ ਦੀ ਗਭਲੀ ਉਂਗਲ ‘ਚ ਮੰਗਣੀ ਦੀ ਮੁੰਦਰੀ ਪਾਉਂਦਾ ਤਾਂ ਯੁੱਗ ਜਿਉਣ ਵਾਲੇ ਰਿਸ਼ਤੇ ਦਾ ਮੁੱਢ ਬੱਝਦਾ, ਜੋ ਹੌਲੀ ਹੌਲੀ ਮੌਲਦਾ, ਫੁੱਲਾਂ ਤੇ ਸੁਗੰਧੀਆਂ ਦੀ ਰੁੱਤ ਮਾਣਦਾ, ਨਵੀਆਂ ਨਸਲਾਂ ਤੇ ਨਰੋਏ ਸਰੋਕਾਰਾਂ ਸੰਗ ਸਮਾਜ ਨੂੰ ਸੰਵਾਰਦਾ ਤੇ ਲਿਸ਼ਕਾਰਦਾ।
ਉਂਗਲਾਂ ਵਿਚ ਪਾਏ ਛਾਪਾਂ-ਛੱਲੇ ਤੇ ਵੱਖ-ਵੱਖ ਨਗਾਂ ਵਾਲੀਆਂ ਮੁੰਦਰੀਆਂ, ਵਿਅਕਤੀਤਵ ਪਛਾਨਣ ਤੇ ਨਿਹਾਰਨ ਦਾ ਕਾਰਗਰ ਤਰੀਕਾ। ਕੁਝ ਲੋਕਾਂ ਦੀਆਂ ਉਂਗਲਾਂ ਨਜ਼ਰ ਨਹੀਂ ਆਉਂਦੀਆਂ ਸਗੋਂ ਨਗਾਂ ਦੇ ਰੰਗ ਹੀ ਨਜ਼ਰ ਆਉਂਦੇ ਜੋ ਸ਼ਖਸੀ ਬਿੰਬ ਨੂੰ ਧੁੰਧਲਾ ਕਰ, ਕਮਜ਼ੋਰ ਮਾਨਸਿਕਤਾ ਦਾ ਸੁਨੇਹਾ ਹੁੰਦੇ।
ਉਂਗਲਾਂ ਦਾ ਲਕੀਰ-ਜਾਲ ਹਰ ਵਿਅਕਤੀ ਲਈ ਵਿਸ਼ੇਸ਼। ਇਸੇ ਕਰਕੇ ਅਜੋਕੇ ਵਿਗਿਆਨਕ ਯੁੱਗ ਵਿਚ ਫਿੰਗਰ ਪ੍ਰਿੰਟ ਵਿਅਕਤੀ ਦੀ ਪਛਾਣ ਦਾ ਸਭ ਤੋਂ ਉਤਮ ਸਾਧਨ। ਕਾਰ ਦਾ ਲਾਕ, ਹੋਟਲ ਦੇ ਕਮਰੇ ਦਾ ਜਿੰਦਰਾ, ਕੰਪਿਊਟਰ ਤੇ ਸਮਾਰਟ ਫੋਨ ਆਦਿ ਦੇ ਪਾਸਵਰਡ ਵੀ ਵਿਅਕਤੀ-ਵਿਸ਼ੇਸ ਦੇ ਫਿੰਗਰ ਪ੍ਰਿੰਟ ਬਣ ਗਏ ਨੇ।
ਜਦ ਉਂਗਲਾਂ ਕਰਿੰਗੜੀ ਬਣ ਕੇ ਮੰਜ਼ਿਲ-ਮਾਰਗ ਦੇ ਹਮਸਫਰ ਬਣਦੀਆਂ ਤਾਂ ਉਹ ਇਕ-ਦੂਜੇ ਦੇ ਦੁੱਖਾਂ-ਸੁੱਖਾਂ, ਦਰਦਾਂ-ਕਲੇਸ਼ਾਂ, ਚਾਅ-ਸੱਧਰਾਂ ਅਤੇ ਸਾਂਝਾਂ-ਸਦਮਿਆਂ ਦੇ ਸਾਂਝੀਵਾਲ ਬਣ ਜੀਵਨੀ-ਰੰਗਤ ਵਿਚਲੇ ਹਰ ਰੰਗ ਨੂੰ ਮਾਣਦੇ, ਜੀਵਨ ਨੂੰ ਸਿਰਜਾਣਾਤਮਕਤਾ ਅਤੇ ਸਾਰਥਕਤਾ ਬਖਸ਼ਦੇ।
ਉਂਗਲਾਂ ਜਦ ਦਾਦੀ ਮਾਂ ਲੱਪ ਬਣ ਕੇ, ਮੱਕੀ ਦੀ ਰੋਟੀ ‘ਤੇ ਸਾਗ ਅਤੇ ਮੱਖਣ ਧਰਦੀ ਤਾਂ ਮਮਤਾ ਮੋਹ ਵਿਚ ਗੁੱਝੀ ਸੋਚ ਘਰ ਦੇ ਨਾਮ ਹੁੰਦੀ ਜੋ ਨਰੋਈ ਸੋਚ-ਸਾਧਨਾ ਦੀ ਧਰਾਤਲ ਬਣਦੀ। ਦਾਦੀ ਵਲੋਂ ਕਿਸੇ ਫਕੀਰ ਜਾਂ ਮੰਗਤੇ ਦੀ ਝੋਲੀ ਵਿਚ ਪਾਈ ਆਟੇ ਦੀ ਲੱਪ, ਘਰ ਨੂੰ ਵੱਸਦੇ-ਰੱਸਦੇ ਰਹਿਣ ਦਾ ਵਰ ਬਖਸ਼ਦੀ। ਪਤਾ ਨਹੀਂ ਕਿੱਧਰ ਤੁਰ ਗਈਆਂ ਨੇ ਮਾਨਵਤਾ ਦੇ ਪੈਗੰਬਰ ਵਰਗੀਆਂ ਦਾਦੀਆਂ, ਨਾਨੀਆਂ ਤੇ ਮਾਂਵਾਂ।
ਉਂਗਲ ਕੁਦਰਤ ਦਾ ਨਾਯਾਬ ਤੋਹਫਾ। ਬੇਸ਼ਕੀਮਤੀ ਸੁੱਖ-ਸਾਧਨ। ਪਰ ਨਾ-ਸ਼ੁਕਰਾ ਮਨੁੱਖ ਇਸ ਦੀ ਕੀਮਤ ਤੋਂ ਅਣਜਾਣ, ਉਂਗਲਾਂ ਨਾਲ ਕੁਕਰਮਾਂ ਦੀ ਖੇਤੀ ਕਰਦਾ। ਕੋਈ ਅਫਸਰ, ਜੱਜ ਜਾਂ ਹੁਕਮਰਾਨ ਉਂਗਲਾਂ ‘ਚ ਕਲਮ ਪਕੜ ਜਦ ਕਿਸੇ ਦੀ ਜ਼ਿੰਦਗੀ ਨਾਲ ਖੇਡਦਾ, ਚੰਦ ਛਿੱਲੜਾਂ ਖਾਤਰ ਜ਼ਮੀਰ ਵੇਚਦਾ, ਬੇਕਸੂਰ ਨੂੰ ਫਾਂਸੀ ‘ਤੇ ਲਟਕਾਉਂਦਾ ਤਾਂ ਮਾਸੂਮ ਉਂਗਲਾਂ ਬੇਬਸੀ ਪ੍ਰਗਟ ਕਰਨ ਤੋਂ ਵੀ ਲਾਚਾਰ।
ਇਹ ਉਂਗਲਾਂ ਹੀ ਹੁੰਦੀਆਂ ਜੋ ਫਾਂਸੀ ਦਾ ਰੱਸਾ ਚੁੰਮ, ਗਲ ਵਿਚ ਪਾ, ਮੌਤ ਨੂੰ ਗਲੇ ਲਾਉਂਦੀਆਂ। ਔਖਾ ਹੁੰਦਾ ਏ ਆਪਣੇ ਹੱਥੀਂ ਆਪਣੀ ਹੀ ਮੌਤ ਦੇ ਵਾਰੰਟ ‘ਤੇ ਦਸਤਖਤ ਕਰਨੇ।
ਦੋ ਉਂਗਲਾਂ ਕਲਮ ਪਕੜਦੀਆਂ ਤਾਂ ਜ਼ਿੰਦਗੀ ਦੇ ਹਰ ਰੰਗ ਨੂੰ ਵਰਕੇ ਦੀ ਹਿੱਕ ਦੇ ਨਾਮ ਕਰਦੀਆਂ, ਬੁਰਸ਼ ਫੜ੍ਹਦੀਆਂ ਤਾਂ ਜੀਵਨ-ਰੰਗਾਂ ਦੀ ਕਲਾ-ਨਕਾਸ਼ੀ ‘ਚ ਸੰਦਲੀ ਤੇ ਸੁਨਹਿਰੇ ਪਲਾਂ ਨੂੰ ਉਜਾਗਰ ਕਰ ਜੀਵਨ ਦੇ ਨਾਮ ਦੁਪਹਿਰ ਵਰਗੇ ਪਲ ਕਰਦੀਆਂ।
ਉਂਗਲਾਂ ਹੱਥਾਂ ਦੀਆਂ ਹੋਣ ਜਾਂ ਪੈਰਾਂ ਦੀਆਂ, ਸਰੀਰ ਦੀਆਂ ਸਮੁੱਚੀਆਂ ਕਿਰਿਆਵਾਂ ਲਈ ਅਹਿਮ। ਉਂਗਲਾਂ ਤੋਂ ਬਗੈਰ ਅਪੂਰਨਤਾ ਦਾ ਅਹਿਸਾਸ ਹਾਵੀ। ਪਰ ਕਦੇ ਕਦਾਈਂ ਸਿਰੜੀ ਲੋਕ ਹੱਥਾਂ ਦੀਆਂ ਉਂਗਲਾਂ ਨਾ ਹੋਣ ‘ਤੇ ਵੀ ਪੈਰਾਂ ਦੀਆਂ ਉਂਗਲਾਂ ਨੂੰ ਲਿਖਣ ਅਤੇ ਕਲਾਕਾਰੀ ਲਈ ਵਰਤਦੇ।
ਕਦੇ ਵੀ ਕਿਸੇ ਵੱਲ ਬੇਲੋੜੀ ਉਂਗਲ ਨਾ ਕਰੋ। ਉਸ ਦੀਆਂ ਕਮੀਆਂ, ਊਣਤਾਈਆਂ ਤੇ ਕਮਜ਼ੋਰੀਆਂ ‘ਤੇ ਉਂਗਲ ਨਾ ਧਰੋ ਕਿਉਂਕਿ ਜਦ ਅਸੀਂ ਇਕ ਉਂਗਲ ਕਿਸੇ ਵੱਲ ਕਰਦੇ ਹਾਂ ਤਾਂ ਤਿੰਨ ਉਂਗਲਾਂ ਸਾਡੇ ਵੰਨੀ ਆਪਣੇ ਆਪ ਹੀ ਹੋ ਜਾਂਦੀਆਂ ਨੇ।
ਸਾਡੀਆਂ ਉਂਗਲਾਂ ਵਿਚਲੀ ਥਾਂ ਇਸ ਲਈ ਹੁੰਦੀ ਏ ਕਿ ਅਸੀਂ ਕਿਸੇ ਦੂਸਰੇ ਹੱਥ ਦੀਆਂ ਉਂਗਲਾਂ ਨਾਲ ਸਾਂਝ ਪਾ ਕੇ ਸਥਿਰ ਅਤੇ ਮਜਬੂਤ ਸਬੰਧਾਂ ਦੀ ਨੀਂਹ ਬਣ ਸਕੀਏ। ਕਦੇ ਇਸ ਖਾਲੀਪਣ ਨੂੰ ਭਰਨ ਦਾ ਹੀਲਾ ਜਰੂਰ ਕਰਨਾ।
ਗਿਣਤੀ-ਮਿਣਤੀ ਵਿਚ ਗਵਾਚੀਆਂ ਉਂਗਲਾਂ ਜਦ ਪੋਟਿਆਂ, ਉਂਗਲਾਂ ਜਾਂ ਗਿੱਠਾਂ ਨਾਲ ਦੂਰੀਆਂ ਮਿਣਦੀਆਂ ਤਾਂ ਦੋ ਜਿਸਮਾਂ ਦਰਮਿਆਨ ਜਰਾ ਜਿੰਨੀ ਵਿੱਥ ਵੀ ਨਾ ਰਹਿਣ ਦਿੰਦੀਆਂ। ਅਜਿਹੇ ਮੌਕੇ ਮੋਹ ਦਾ ਚਸ਼ਮਾ, ਸਾਹ-ਸੰਗਤਾ ਦਾ ਨਸੀਬ ਬਣਦਾ।
ਜਦ ਅਸੀਂ ਕਿਸੇ ਲੋੜਵੰਦ, ਪੀੜਤ ਜਾਂ ਘਾਟ ਨਾਲ ਜੂਝ ਰਹੇ ਵਿਅਕਤੀ ਲਈ ਹੱਥ ਵਧਾਉਂਦੇ ਤਾਂ ‘ਮੈਂ’ ਤੋਂ ‘ਅਸੀਂ’ ਤੀਕ ਦਾ ਸਫਰ, ਮਨੁੱਖੀ ਕਦਰਾਂ-ਕੀਮਤਾਂ ਅਤੇ ਜੀਵਨ-ਜਾਚ ਨੂੰ ਨਵੇਂ ਅਰਥ ਦਿੰਦਾ।
ਪੰਜ ਉਂਗਲਾਂ ਦੇ ਪੰਜ ਪ੍ਰਮੁੱਖ ਸਰੋਕਾਰ ਜੋ ਜੀਵਨ-ਆਧਾਰ ਬਣਦੇ। ਚੀਚੀ, ਬਿਹਤਰੀਨ ਦੋਸਤਾਂ ਤੇ ਉਨ੍ਹਾਂ ਵਾਅਦਿਆਂ ਲਈ ਹੁੰਦੀ ਜੋ ਜੀਵਨ ਦੇ ਕਿਸੇ ਵੀ ਮੋੜ ‘ਤੇ ਨਾ ਤਿੜਕਦੇ ਅਤੇ ਨਾ ਹੀ ਲਿਫਦੇ। ਰਿੰਗ ਵਾਲੀ ਉਂਗਲ ਮਿੱਤਰ ਪਿਆਰੇ ਦੀ ਅਮਾਨਤ ਜੋ ਦੋ ਦਿਲਾਂ ਨੂੰ ਜੋੜ, ਰੂਹਾਂ ‘ਚ ਨਿੱਘ ਤਰੌਂਕਦੀ ਅਤੇ ਜੀਵਨ-ਸਫਰ ਲਈ ਰਾਂਗਲੇ ਪਲਾਂ ਦਾ ਵਰ। ਵਿਚਕਾਰਲੀ ਉਂਗਲ ਉਨ੍ਹਾਂ ਨਾ-ਸ਼ੁਕਰੇ ਤੇ ਅਕ੍ਰਿਤਘਣ ਲੋਕਾਂ ਦਾ ਚੇਤਾ ਕਰਵਾਉਂਦੀ ਜੋ ਤੁਹਾਡੀਆਂ ਪੈੜਾਂ ‘ਚ ਕੰਡੇ ਬੀਜਦੇ, ਖੁਦ ਕਿਸੇ ਡੂੰਘੀ ਖਾਈ ਵਿਚ ਸਦਾ ਲਈ ਦਫਨ ਹੋ ਗਏ। ਪਹਿਲੀ ਉਂਗਲ ਕਿਸੇ ਘਟੀਆ ਮਨੁੱਖ ਵੱਲ ਸੇਧਤ ਵੀ ਕੀਤੀ ਜਾ ਸਕਦੀ ਏ, ਅਥਲੀਟ ਬੋਲਟ ਵਾਂਗੂੰ ਅਸਮਾਨ ਵੱਲ ਵੀ ਉਠਦੀ ਏ, ਨਵੇਂ ਕੀਰਤੀਮਾਨ ਵੀ ਹੁੰਦੀ ਅਤੇ ਵਾਅਦੇ ਨਿਭਾਉਣ ਤੇ ਸੁਪਨਿਆਂ ਦੀ ਪੂਰਨਤਾ ਵੱਲ ਕਦਮ ਵਧਾਉਣ ਦਾ ਚੇਤਾ ਵੀ। ਅੰਗੂਠਾ ਕਦੇ ਦਿਲ ਵਾਲੇ ਪ੍ਰਨੋਟ ‘ਤੇ ਲੱਗਦਾ। ਹਰ ਦਮ ਚੜ੍ਹਦੀ ਕਲਾ ਵਿਚ ਰਹਿਣ ਦਾ ਮਜੀਠੀ ਸੁਨੇਹਾ ਜੋ ਸਮਾਜ ਵਿਚ ਤੁਹਾਡੇ ਸਥਾਨ ਨੂੰ ਸੁਨਿਸਚਿਤ ਕਰਦਾ।
ਜਦ ਮਾਂ ਨਵ-ਜਨਮੇ ਬੱਚੇ ਦੀਆਂ ਉਂਗਲਾਂ ਦੀ ਛੋਹ ਮਾਣਦੀ ਤਾਂ ਉਸ ਦੀਆਂ ਰਗਾਂ ਵਿਚ ਮੌਲਦਾ ਨਵਾਂ ਜੋਸ਼, ਆਸ, ਉਮੀਦ ਅਤੇ ਨਵੀਂਆਂ ਤਰਜੀਹਾਂ ਵਾਲਾ ਆਤਮਿਕ ਹੁਲਾਰ ਉਪਜਦਾ। ਸਮੁੱਚੇ ਪਰਿਵਾਰ ਲਈ ਨਵੀਂਆਂ ਪਹਿਲਕਦਮੀਆਂ ਤੇ ਨਵੀਂਆਂ ਵਿਉਂਤਾਂ ਦਾ ਸਬੱਬ। ਬੱਚੇ ਦੀਆਂ ਉਂਗਲਾਂ ਉਸ ਦੀ ਜ਼ਿੰਦਗੀ ਦਾ ਰੇਖਾਕਰਨ। ਇਹ ਉਂਗਲਾਂ ਜਦ ਮਾਂ-ਬਾਪ, ਦਾਦੇ-ਦਾਦੀ ਜਾਂ ਨਾਨਾ-ਨਾਨੀ ਦੀ ਉਂਗਲ ਫੜ ਕੇ ਤੁਰਨਾ ਸਿਖਦੀਆਂ ਤਾਂ ਉਨ੍ਹਾਂ ਦਾ ਪਹਿਲਾ ਕਦਮ ਬਜੁਰਗ ਅੱਖਾਂ ਵਿਚ ਲਿਸ਼ਕ ਪੈਦਾ ਕਰਦਾ ਕਿਉਂਕਿ ਪਲੇਠਾ ਕਦਮ ਨਵੀਂਆਂ ਪੈੜਾਂ ਦਾ ਸ਼ੁਭ ਆਗਾਜ਼ ਹੁੰਦਾ। ਜਦ ਉਂਗਲਾਂ ਵੱਡੀਆਂ ਹੋ, ਬਜੁਰਗਾਂ ਲਈ ਸਰਵਣ ਪੁੱਤਰ ਬਣ, ਬੁਝਦੇ ਨੈਣਾਂ ਤੇ ਨਿਤਾਣੇ ਅੰਗਾਂ ਲਈ ਆਸਰਾ ਬਣਦੀਆਂ ਤਾਂ ਸਾਹਾਂ ਦੀ ਆਖਰੀ ਅਉਧ ਨੂੰ ਸੁਖਦ ਅਹਿਸਾਸ ਨਾਲ ਭਰ ਦਿੰਦੀਆਂ।
ਪਾਪ ‘ਤੇ ਪੁੰਨ ਵਿਚ ਇੰਨਾ ਹੀ ਅੰਤਰ ਹੁੰਦਾ ਏ ਕਿ ਪਾਪੀ ਦੂਸਰਿਆਂ ਵੱਲ ਉਂਗਲ ਕਰਦਾ ਏ ਜਦ ਕਿ ਪੁੰਨ ਕਮਾਉਣ ਵਾਲਾ ਖੁਦ ਵੱਲ ਉਂਗਲ ਕਰਦਾ ਏ। ਖੁਦ ਵਿਚੋਂ ਖੁਦੀ ਨੂੰ ਖਤਮ ਕਰਕੇ ਹੀ ਮਾਨਵਤਾ ਦੀ ਸਿਰਜਣਾ ਸੰਭਵ।
ਜਦ ਨਹੁੰ ਵਧਦੇ ਤਾਂ ਅਸੀਂ ਉਨ੍ਹਾਂ ਨੂੰ ਕੱਟਦੇ ਹਾਂ ਪਰ ਕਦੇ ਵੀ ਉਂਗਲ ਨਹੀਂ ਕੱਟਦੇ। ਇਹ ਇਕ ਸੂਖਮ ਸੁਨੇਹਾ-ਰੂਪੀ ਅਹਿਸਾਸ ਮਨ-ਸੋਚ ਵਿਚ ਧਰਦੇ ਨੇ ਕਿ ਜਦ ਰਿਸ਼ਤਿਆਂ ਵਿਚ ਗਲਤ-ਫਹਿਮੀਆਂ ਉਗ ਆਉਣ, ਕੁੜਿੱਤਣ ਵੱਧ ਜਾਵੇ ਤਾਂ ਆਪਣੀ ਹਉਮੈ ‘ਤੇ ਕਾਬੂ ਪਾਓ, ਰੂਹ ਵਿਚ ਮੋਹ ਉਪਜਾਓ ਪਰ ਕਦੇ ਵੀ ਰਿਸ਼ਤਿਆਂ ਦੇ ਕਤਲ ਦਾ ਇਲਜ਼ਾਮ, ਗਲਤ-ਫਹਿਮੀਆਂ ‘ਤੇ ਨਾ ਲਾਓ।
ਤੁਸੀਂ ਕੀ ਹੋ, ਤੁਹਾਡੇ ਸੁਪਨੇ ਕਿਹੜੇ ਨੇ, ਇਨ੍ਹਾਂ ਲਈ ਤੁਹਾਡੀਆਂ ਤਰਜੀਹਾਂ ਤੇ ਤਦਬੀਰਾਂ ਕਿਹੜੀਆਂ ਹਨ ਅਤੇ ਤੁਹਾਡੀਆਂ ਪ੍ਰਾਪਤੀਆਂ ਕੀ ਹਨ? ਇਹ ਤੁਹਾਡੀਆਂ ਉਂਗਲਾਂ ਦੀ ਕਰਮਸ਼ੀਲਤਾ ‘ਤੇ ਨਿਰਭਰ ਕਰਦਾ। ਕਦੇ ਵੀ ਆਪਣੀਆਂ ਅਸਫਲਤਾਵਾਂ ਦਾ ਭਾਂਡਾ ਕਿਸਮਤ ਸਿਰ ਨਾ ਭੰਨੋ।
ਦਸ ਉਂਗਲਾਂ ਜਦ ਇਬਾਦਤ ਵਿਚ ਲੀਨ ਜੋੜਿਆ ਹੱਥ ਬਣਦੀਆਂ ਤਾਂ ਅਕੀਦਤ ਵਿਚੋਂ ਸਕੂਨ, ਅਰਦਾਸ ਵਿਚੋਂ ਮੂੰਹ ਮੰਗੀਆਂ ਮੁਰਾਦਾਂ ਮਿਲਦੀਆਂ। ਇਕਸੁਰਤਾ ਅਤੇ ਇਕਸਾਰਤਾ ਵਿਚੋਂ ਖੁਦ ਦੇ ਰੂਬਰੂ ਹੋ ਸਕਦੇ ਹੋ।
ਉਂਗਲਾਂ ਜਦ ਕਿਸੇ ਮਾਸਟਰ ਜਾਂ ਬਜੁਰਗ ਦੀ ਚਪੇੜ ਬਣ ਕੇ ਅਥਰੇ ਜਵਾਕ ਦੀ ਗਲਤੀ ਸੁਧਾਰਦੀਆਂ ਕਰਮ-ਧਰਮ ਅਤੇ ਮਿਹਨਤ-ਮੁਸ਼ੱਕਤ ਦਾ ਅਦਬਨਾਮਾ ਬਣਦੀਆਂ ਤਾਂ ਜ਼ਿੰਦਗੀ ਦੀ ਬੀਹੀ ਵਿਚ ਧੁੱਪ ਵਿੱਛ ਜਾਂਦੀ। ਪਰ ਜਦ ਚਪੇੜ ਖਾਣ ਵਾਲਾ ਜੁਆਕ ਬਜੁਰਗੀ ਨਸੀਹਤਾਂ ਨੂੰ ਨਕਾਰਦਾ ਤਾਂ ਉਸ ਦਾ ਜੀਵਨ ਹਨੇਰ-ਨਗਰੀ ਬਣ, ਕਾਲਖਾਂ ਦਾ ਨਰਕੀ-ਕੁੰਭ ਬਣ ਜਾਂਦਾ।
ਅਜੋਕੇ ਕੰਪਿਊਟਰ, ਸਮਾਰਟ ਫੋਨ ਅਤੇ ਅਤਿ-ਆਧੁਨਿਕ ਯੰਤਰ ਟੱਚ ਤਕਨਾਲੋਜੀ ‘ਤੇ ਆਧਾਰਤ। ਭਲਾ ਜੇ ਉਂਗਲ ਨਾ ਹੁੰਦੀ ਤਾਂ ਕਿਸ ਨੇ ਟੱਚ ਤਕਨਾਲੋਜੀ ਬਾਰੇ ਸੋਚਣਾ ਸੀ? ਮਨੁੱਖ ਨੇ ਇਸ ਬਹੁ-ਪਰਤੀ ਤੇ ਬਹੁ ਲਾਭਾਂ ਵਾਲੀ ਤਕਨਾਲੋਜੀ ਤੋਂ ਵਿਰਵੇ ਰਹਿਣਾ ਸੀ।
ਦਸਾਂ ਨਹੁੰਆਂ ਦੀ ਕਿਰਤ ਕਮਾਈ ਨਾਲ ਜੀਵਨੀ-ਯਥਾਰਥ ਵਿਚ ਸੁੱਚਮ ਤੇ ਪਾਕੀਜ਼ਗੀ ਘੋਲ, ਖੁਦ ਤੋਂਂ ਖੁਦਾ ਤੀਕ ਦੇ ਸਫਰ ਨੂੰ ਸੁਖਾਵਾਂ, ਸਹਿਜ, ਛੋਟਾ ਤੇ ਸਫਲ ਬਣਾ, ਖੁਦ ਨੂੰ ਜੀਵੰਤ ਕੀਤਾ ਜਾ ਸਕਦਾ ਏ।
ਪੋਟਿਆਂ ‘ਤੇ ਗਿਣੇ ਜਾਣ ਵਾਲੇ ਕੁਝ ਕੁ ਲੋਕਾਂ ਵਿਚ ਸ਼ਮੂਲੀਅਤ ਲਈ ਜ਼ਿੰਦਗੀ ਦੇ ਨੈਣਾਂ ਵਿਚ ਝਾਕੋ, ਸੁਪਨਿਆਂ ਦੀਆਂ ਤਰਜੀਹਾਂ ਸਿਰਜੋ, ਸੁਪਨਿਆਂ ਦੀਆਂ ਤਸ਼ਬੀਹਾਂ ਨੂੰ ਸੰਜੀਵਨੀ ਪੁੱਠ ਚਾੜੋ ਅਤੇ ਇਸ ਨੂੰ ਮਿਹਨਤ ਦੇ ਮੁੜ੍ਹਕੇ ਵਿਚ ਕਾਹੜੋ, ਤੁਹਾਡੇ ਦਰਾਂ ‘ਤੇ ਸੂਰਜ ਨਤਮਸਤਕ ਹੋ, ਰੋਸ਼ਨੀ ਮੰਗਣਗੇ।
ਉਂਗਲ ਓਂਕਾਰ, ਉਂਗਲ ਆਵਾ। ਉਂਗਲ ਕੂੜ-ਕੁਸੱਤ ਲਈ ਬਣਦੀ ਲਾਵਾ। ਉਂਗਲ ਬਰੂਹੀਂ ਕਰਮ ਦਾ ਵਾਸਾ। ਉਂਗਲਾਂ ਉਪਰ ਖੇਡੇ ਹਾਸਾ। ਉਂਗਲ ਬਣਦੀ ਧਰਮ-ਸਾਧਨਾ। ਉਂਗਲ ਸਾਡੀ ਕਰਮ-ਧਾਰਨਾ। ਉਂਗਲ ਮਾਣੇ ਜਦ ਉਂਗਲਾਂ ਦਾ ਸਾਥ, ਤਾਂ ਕਦਮੀਂ ਹੁੰਦਾ ਮੰਜਲਾਂ ਦਾ ਵਾਸ। ਉਂਗਲ ਜੂਹੇ ਜਾਣ ਵਾਲਿਆ, ਉਂਗਲਾਂ ਦਾ ਸੰਗ ਪਾਣ ਵਾਲਿਆ। ਕਦੇ ਉਂਗਲਾਂ ਕੱਟੀਆਂ ਨਾ ਜਾਣ। ਨਾ ਹੀ ਕਦੇ ਵਿਯੋਗ ਹੰਢਾਉਣ। ਨਾ ਹੋਵੇ ਭਾਗਾਂ ਵਿਚ ਰੋਣਾ। ਨਾ ਖਾਮੋਸ਼ੀ ਦਾ ਪਹਿਰਾ ਹੋਣਾ। ਨਾ ਕਦੇ ਇਹ ਹਾਵਾਂ ਵੰਡਣ। ਨਾ ਕਿਸੇ ਚਾਅ ਨੂੰ ਹੀ ਭੰਡਣ। ਆ ਉਂਗਲਾਂ ‘ਚ ਘਰ ਬਣਾਈਏ। ਇਸ ਦੀ ਨਗਰੀ ਰੀਝ ਵਸਾਈਏ। ਇਸ ਦੀਆਂ ਮੰਗੀਆਂ ਸਦਾ ਦੁਆਵਾਂ। ਟਲੀਆਂ ਰਹਿਣ ਸਦਾ ਬਲਾਵਾਂ। ਆਉਣ ਨਾ ਇਸ ਦੇ ਦਰੀਂ ਖਿਜ਼ਾਵਾਂ। ਫੁੱਲਾਂ ਜਿਹੀਆਂ ਵੱਸਣ ਆਦਾਵਾਂ।
ਜਦ ਅੰਗ ਅੰਗ ਕਟਵਾਉਣ ਵਾਲਾ ਸਿੱਖ, ਉਂਗਲ ਦੀ ਬਜਾਏ ਪੋਟੇ ਤੋਂ ਸ਼ੁਰੂ ਕਰਨ ਲਈ ਜਲਾਦ ਨੂੰ ਲਲਕਾਰਦਾ ਤਾਂ ਭਾਈ ਮਨੀ ਸਿੰਘ ਦੀ ਅਜ਼ੀਮ ਸ਼ਹਾਦਤ ਸਿੱਖ ਇਤਿਹਾਸ ਦਾ ਅਣਮੋਲ ਵਿਰਸਾ ਬਣਦੀ।
ਜਦ ਕੋਈ ਹੱਥਾਂ ਵਿਚ ਆਪਣੇ ਹਾਣੀ ਦੀਆਂ ਉਂਗਲਾਂ ਨੂੰ ਸਹਿਲਾਉਂਦਾ, ਪੋਟਿਆਂ ‘ਚੋਂ ਕੋਮਲਤਾ ਦਾ ਅਹਿਸਾਸ ਰੂਹ ‘ਚ ਸਮਾਉਂਦਾ, ਪੋਟਿਆਂ ਨਾਲ ਹੰਝੂਆਂ ਨੂੰ ਪੂੰਝਦਾ, ਹੋਠਾਂ ‘ਤੇ ਹਾਸੇ ਟਿਕਾਉਂਦਾ ਅਤੇ ਤਲਿਸਮੀ ਛੋਹ ਵਿਚੋਂ ਖੁਦ ਨੂੰ ਲਰਜ਼ਤਾ ਸੰਗ ਭਿਉਂਦਾ ਤਾਂ ਦੂਰ-ਦਿਸਹੱਦਿਆਂ ਤੀਕ ਰੂਹ-ਰੰਗਾ ਰਾਗ ਉਪਜਾਉਂਦਾ।
ਉਂਗਲਾਂ ਦੇ ਪੋਟੇ ਜਦ ਮਾਲਾ ਦੇ ਮਣਕਿਆਂ ਦੀ ਗਿਣਤੀ ਵਿਚ ਗਵਾਚੇ, ਸੱਚੀ-ਸੁੱਚੀ ਅਰਾਧਨੀ-ਆਵੇਸ਼ ਦੌਰਾਨ ਇਲਹਾਮੀ ਮਸਤੀ ਵਿਚ ਡੁੱਬ ਜਾਂਦੇ ਤਾਂ ਅੰਤਰੀਵੀ ਸਫਰ ਦਾ ਆਗਾਜ਼ ਹੁੰਦਾ। ਬੰਦਾ ਖੁਦ ‘ਚੋਂ ਖੁਦ ਦੇ ਦਰਸ਼ਨ ਕਰਦਾ, ਖੁਦ ਨਾਲ ਇਕਸੁਰਤਾ ਸਿਰਜਦਾ।
ਕਦੇ ਕਦਾਈਂ ਆਪਣੀਆਂ ਉਂਗਲਾਂ ਦੀ ਸੁਪਨਈ ਦੂਰੀ ਵਿਚੋਂ ਖੁਦ ਨੂੰ ਨਿਹਾਰਨਾ, ਤੁਹਾਨੂੰ ਉਂਗਲਾਂ ਦੀ ਅਹਿਮੀਅਤ, ਸਦੀਵਤਾ ਅਤੇ ਸਥਿਰਤਾ ਦਾ ਅੰਦਾਜ਼ਾ ਹੋ ਜਾਵੇਗਾ।
ਖੁਦਾ ਕਰੇ! ਇਹ ਉਂਗਲਾਂ ਚਿਰੰਜੀਵ ਕਾਲ ਤੱਕ ਸੰਪੂਰਨਤਾ ਦਾ ਸਾਥ ਮਾਣਦੀਆਂ ਰਹਿਣ। ਬਹੁਤ ਔਖਾ ਹੁੰਦਾ ਏ ਲਾਚਾਰ ਹੋਈਆਂ, ਹਿੱਲਦੀਆਂ ਬਜੁਰਗੀ ਉਂਗਲਾਂ ਦਾ ਬੁਰਕੀ ਤੋੜ ਕੇ ਮੂੰਹ ਵਿਚ ਪਾਉਣਾ ਅਤੇ ਖੁਦ ਦੀਆਂ ਕਿਰਿਆਵਾਂ ਨੂੰ ਨਿਭਾਉਣਾ। ਐ ਖੁਦਾ! ਅਜਿਹੀ ਜ਼ਿੰਦਗੀ ਕਿਸੇ ਦੇ ਨਸੀਬੀਂ ਨਾ ਹੋਵੇ। ਕਿਸਮਤ ਵਾਲੇ ਹੁੰਦੇ ਨੇ ਉਹ ਲੋਕ ਜੋ ਹੱਸਦੇ-ਖੇਡਦੇ ਹੀ ਜ਼ਿੰਦਗੀ ਨੂੰ ਆਖਰੀ ਅਲਵਿਦਾ ਕਹਿ ਜਾਂਦੇ।
ਉਂਗਲ ਅਰਾਧਨਾ ਵਿਚ ਉਠੇ ਜੋ ਸੁਪਨਿਆਂ ਦੇ ਸੱਚ ਨੂੰ ਉਜਾਗਰ ਕਰੇ। ਕਿਸੇ ਸਾਹ-ਸੱਤਹੀਣ ਦੇ ਆਸਰੇ ਦਾ ਸਬੱਬ ਬਣੇ ਜਾਂ ਕਿਸੇ ਲੋੜਵੰਦ ਦੀਆਂ ਲੋੜਾਂ ਦਾ ਪੱਤਣ ਤਰੇ ਤਾਂ ਉਂਗਲ ਆਪਣੀ ਸਾਰਥਕਤਾ, ਸੰਜੀਵਤਾ ਅਤੇ ਸਮਰਪਿਤਾ ਦਾ ਸੁਹਜਮਈ ਸਫਰ ਸਦ-ਭਾਵਨਾ ਤੇ ਸਹਿਜ ਨਾਲ ਪੂਰਾ ਕਰੇ।
ਆਮੀਨ।