ਪੈਰ ਦਾ ਪੈਂਡਾ

ਬਲਜੀਤ ਬਾਸੀ
ਵਿਕਾਸਕ੍ਰਮ ਦੇ ਇਕ ਪੜਾਅ ‘ਤੇ ਆ ਕੇ ਏਪ ਨਾਂ ਦੇ ਚੌਪਾਏ ਜਾਨਵਰ ਦੇ ਅਗਲੇ ਪੈਰਾਂ ਨੇ ਤੁਰਨ ਦਾ ਕੰਮ ਹੌਲੀ ਹੌਲੀ ਛੱਡ ਦਿੱਤਾ। ਵਿਹਲੇ ਹੋਏ ਅਗਲੇ ਪੈਰ ਕਿਰਤ ਕਰਨ ਲੱਗੇ, ਇਨ੍ਹਾਂ ਦੀ ਸ਼ਕਲ ਵੀ ਬਦਲ ਗਈ। ਲੱਖਾਂ ਸਾਲ ਪਿਛੋਂ ਜਦ ਭਾਸ਼ਾ ਨੇ ਜਨਮ ਲਿਆ, ਇਨ੍ਹਾਂ ਦਾ ਨਾਂ ਵੀ ਪੈਰ ਨਾਲੋਂ ਅਲੱਗ ਹੋ ਗਿਆ ਜਿਵੇਂ ਪੰਜਾਬੀ ਹੱਥ ਆਦਿ। ਜਾਨਵਰ ਦੇ ਪੈਰਾਂ ਨਾਲੋਂ ਮਨੁੱਖ ਦੇ ਪੈਰਾਂ ਦਾ ਪ੍ਰਕਾਰਜ ਵੀ ਵੱਖਰਾ ਹੋ ਗਿਆ, ਹੁਣ ਇਹ ਧਰਤੀ ਦੀ ਜਕੜ ਨਾਲੋਂ ਮਨੁੱਖ ਦਾ ਵਜ਼ਨ ਸਹਾਰਨ ਵਾਲਾ ਅੰਗ ਬਣ ਗਿਆ। ਪੈਰਾਂ ਵਿਚ ਡੂੰਘ ਵੀ ਪੈ ਗਿਆ ਤੇ ਚੱਕਰ ਵੀ। ਗੱਲ ਕੀ, ਹੱਥਾਂ ਵਲੋਂ ਉਪਜੀਵਕਾ ਲਈ ਕਿਰਤ ਵਿਚ ਲੱਗਣ ਸਦਕਾ ਮਨੁੱਖ ਆਪਣੇ ਪੈਰਾਂ ‘ਤੇ ਖੜ੍ਹਾ ਹੋ ਗਿਆ, ਮਤਲਬ ਉਹ ਕੁਦਰਤ ਦੀਆਂ ਬਣੀਆਂ ਬਣਾਈਆਂ ਚੀਜ਼ਾਂ ‘ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਨਾਲੋਂ ਆਪਣੇ ਹੱਥਾਂ ਨਾਲ ਨਵੀਂਆਂ ਤੋਂ ਨਵੀਂਆਂ ਚੀਜ਼ਾਂ ਬਣਾਉਣ ਲੱਗ ਪਿਆ।

ਪੈਰ ਨਾਲ ਜੁੜਦੀਆਂ ਉਕਤੀਆਂ, ਮੁਹਾਵਰੇ, ਅਖਾਣ ਆਦਿ ਪੈਰ ਪੈਰ ‘ਤੇ ਮਿਲਦੇ ਹਨ। ਸਰੀਰ ਦਾ ਸਭ ਤੋਂ ਨਿਚਲਾ ਅੰਗ ਹੋਣ ਕਾਰਨ ਨਿਮਰਤਾ ਦੇ ਭਾਵਾਂ ਵਾਲੇ ਮੁਹਾਵਰਿਆਂ ਨਾਲ ਇਸ ਦੀ ਖਾਸ ਮੀਯਾ ਮਿਲਦੀ ਹੈ। ਆਖਰ ਸਾਡੇ ਸਮਾਜ ਦੀ ਨੀਵੀਂ ਸਮਝੀ ਜਾਂਦੀ ਨੀਚ ਜਾਤੀ ਸ਼ੂਦਰ ਬ੍ਰਹਮਾ ਦੇ ਪੈਰਾਂ ਤੋਂ ਉਤਪੰਨ ਹੋਈ ਦੱਸੀ ਜਾਂਦੀ ਹੈ। ਭਾਈ ਗੁਰਦਾਸ ਨੇ ਤਾਂ ਇਸ ਸ਼ਬਦ ਨੂੰ ਸ਼ੂਦਰ ਦੇ ਹੀ ਅਰਥਾਂ ਵਿਚ ਵਰਤ ਲਿਆ, “ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ।” ਔਰਤ ਨੂੰ ਤਾਂ ਅਜੇ ਤੱਕ ਪੈਰ ਦੀ ਜੁੱਤੀ ਕਿਹਾ ਜਾਂਦਾ ਹੈ। ਵੱਡੇ, ਸਤਿਕਾਰਤ ਤੇ ਪੂਜਨੀਕ ਵਿਅਕਤੀਆਂ ਦੇ ਪੈਰੀਂ ਪਿਆ ਜਾਂਦਾ ਹੈ, ‘ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ’; ਉਨ੍ਹਾਂ ਦੇ ਪੈਰ ਧੋ ਕੇ ਪੀਤੇ ਜਾਂਦੇ ਹਨ, ‘ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ॥’ (ਗੁਰੂ ਅਰਜਨ ਦੇਵ); ਇਥੋਂ ਤੱਕ ਕਿ ਪੈਰ ਚੁੰਮੇ ਵੀ ਜਾਂਦੇ ਹਨ, ‘ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ’ (ਬਾਬਾ ਫਰੀਦ)। ਪੈਰਾਂ ਨਾਲ ਚੱਲੀਦਾ ਹੈ, ਇਸ ਲਈ ਚੱਲਣ ਦੇ ਪ੍ਰਸੰਗ ਵਿਚ ਪੈਰਾਂ ਦੇ ਕਈ ਮੁਹਾਵਰੇ ਹਨ, ਜਿਵੇਂ ‘ਕਰ ਪੈਰ ਚੱਲਣੇ’, ‘ਹੱਥ ਪੈਰ ਮਾਰਨੇ’, ‘ਪੈਰਾਂ ਵਿਚ ਚੱਕਰ ਹੋਣਾ’, ‘ਪੈਰ ਪਸਾਰਨੇ’, ‘ਪੈਰ ਸੱਟਣਾ’, ‘ਪੈਰ ਅੜਾਉਣਾ’, ‘ਪੈਰ ਪੁੱਟਣੇ’, ‘ਫੂਕ ਫੂਕ ਕੇ ਪੈਰ ਧਰਨਾ’, Ḕਹੱਥਾਂ ਪੈਰਾਂ ਦੀ ਪੈਣੀḔ ਆਦਿ। ਪੈਰ ਮਨੁੱਖੀ ਸਰੀਰ ਨੂੰ ਚੱਕੀ ਰੱਖਦਾ ਹੈ, ਇਸ ਲਈ ਮਜ਼ਬੂਤੀ, ਦ੍ਰਿੜਤਾ ਦੇ ਭਾਵਾਂ ਵਾਲੇ ਮੁਹਾਵਰਿਆਂ ਵਿਚ ਵੀ ਪੈਰਾਂ ਨੇ ਖਾਸੇ ਪੈਰ ਪਸਾਰੇ ਹਨ: ‘ਆਪਣੇ ਪੈਰੀਂ ਖੜ੍ਹਾ ਹੋਣਾ’, ‘ਪੈਰ ਲੱਗਣੇ’, ‘ਪੈਰ ਭਾਰੀ ਹੋਣੇ’, ‘ਭੋਇੰ ‘ਤੇ ਪੈਰ ਨਾ ਲੱਗਣੇ’, ‘ਝੂਠ ਦੇ ਪੈਰ ਨਹੀਂ ਹੁੰਦੇ’, Ḕਚਾਦਰ ਦੇਖ ਕੇ ਪੈਰ ਪਸਾਰਨੇ।’ ਜੇ ਕੋਈ ਤੁਹਾਡੇ ਪੈਰਾਂ ‘ਤੇ ਅੱਗ ਮਚਾਉਂਦਾ ਹੈ ਤਾਂ ਕਦੇ ਵੀ ਆਪਣੇ ਪੈਰਾਂ ‘ਤੇ ਪਾਣੀ ਨਾ ਪੈਣ ਦਿਉ।
ਆਉ, ਪੈਰ ਦੀ ਪੈੜ ਨੱਪੀਏ। ਪਿਛਲੇ ਲੇਖ ਵਿਚ ਦੱਸਿਆ ਜਾ ਚੁੱਕਾ ਹੈ ਕਿ ਪੈਰ ਸ਼ਬਦ ਦੇ ਪਿਛੇ ਪਾਦ ਸ਼ਬਦ ਹੈ ਜਿਸ ਦਾ ਅਰਥ ਵੀ ਪੈਰ ਹੀ ਹੈ। ਇਸ ਦਾ ਧਾਤੂ ਹੈ ḔਪਦḔ ਜਿਸ ਵਿਚ ਪੈਰ ਦੇ ਹੀ ਭਾਵ ਹਨ। ਸੰਸਕ੍ਰਿਤ ਵਿਚ ‘ਪਦਯ’ ਦਾ ਅਰਥ ਹੈ, ਪੈਰ ਸਬੰਧੀ। ਇਸ ਪਦਯ ਦੇ ਅੱਗੇ ‘ਰ’ ਲਗ ਕੇ ‘ਪਦਯਰ’ ਬਣਿਆ ਜਿਸ ਵਿਚੋਂ ‘ਦ’ ਧੁਨੀ ਅਲੋਪ ਹੋ ਕੇ ਪੈਰ ਜਿਹਾ ਸ਼ਬਦ ਹੋਂਦ ਵਿਚ ਆਉਂਦਾ ਹੈ। ਨੇਪਾਲੀ ਵਿਚ ਪੈਰ ਲਈ ‘ਪਯਰ’ ਸ਼ਬਦ ਹੈ। ਪਦ ਧਾਤੂ ਤੋਂ ਕਈ ਸਾਰੇ ਸ਼ਬਦ ਬਣੇ ਹਨ। ਖੁਦ ਪਦ ਦੇ ਹੀ ਕਈ ਅਰਥ ਹਨ। ਕਿਸੇ ਕਵਿਤਾ ਦੇ ਇਕ ਚਰਣ ਭਾਵ ਪੈਰ ਨੂੰ ਪਦ ਆਖਦੇ ਹਨ ਜਿਸ ਦਾ ਅਰਥ-ਵਿਸਤਾਰ ਹੁੰਦਾ, ਵਾਰਤਕ ਦੇ ਟਾਕਰੇ ‘ਤੇ ਕਾਵਿ ਦਾ ਅਰਥਾਵਾਂ ਹੋ ਗਿਆ। ਪਦ ਦੇ ਅੱਗੇ ਅਗੇਤਰ ਲੱਗ ਕੇ ਕਈ ਤਰ੍ਹਾਂ ਦੀਆਂ ਕਾਵਿ-ਵੰਨਗੀਆਂ ਦੇ ਸੂਚਕ ਸ਼ਬਦ ਬਣ ਗਏ ਜਿਵੇਂ ਦੁਪਦਾ, ਚਉਪਦਾ, ਅਸ਼ਟਪਦੀ, ਬਿਸ਼ਨਪਦੇ। ਪੈਰ, ਕਿਉਂਕਿ ਅੱਗੇ ਵਧਣ ਵਾਲਾ, ਕਦਮ ਪੁੱਟਣ ਵਾਲਾ ਅੰਗ ਹੈ, ਇਸ ਲਈ ਇਸ ਦਾ ਅਰਥ ਦਰਜਾ, ਰੁਤਬਾ, ਖਿਤਾਬ ਵੀ ਹੋ ਗਿਆ ਜੋ ਜ਼ਿੰਦਗੀ ਵਿਚ ਅੱਗੇ ਵਧਣ ਦਾ ਸੂਚਕ ਹੈ, ‘ਖੋਜੇ ਪਦ ਨਿਰਬਾਨਾ’ (ਗੁਰੂ ਤੇਗ ਬਹਾਦਰ)। ਇਸ ਪੱਖੋਂ ਪਦਵੀ ਦੇ ਰੂਪ ਵਿਚ ਇਸ ਨੇ ਹੋਰ ਸਪਸ਼ਟ ਅਰਥ ਧਾਰਨ ਕੀਤੇ। ਪਦ ਤੋਂ ਹੀ ਵਿਧੀ, ਰਿਵਾਜ, ਪ੍ਰਣਾਲੀ ਆਦਿ ਦੇ ਅਰਥਾਂ ਵਾਲਾ ਪੱਧਤੀ ਸ਼ਬਦ ਸਾਹਮਣੇ ਆਇਆ। ਇਹ ਬਣਿਆ ਹੈ, ਪਦ+ਹਤਿ ਤੋਂ। ਹਤਿ ਅੱਗੇ ḔਹਨḔ ਧਾਤੂ ਤੋਂ ਬਣਿਆ ਜਿਸ ਵਿਚ ਸੱਟ ਮਾਰਨ ਦੇ ਭਾਵ ਹਨ। ਇਸ ਦਾ ਸ਼ਾਬਦਿਕ ਅਰਥ ਬਣਿਆ, ‘ਪੈਰ ਦੀ ਠੋਕਰ’, ਜਿਸ ਤੋਂ ਮਾਰਗ, ਰਿਵਾਜ ਆਦਿ ਭਾਵ ਵਿਕਸਿਤ ਹੁੰਦੇ ਹਨ। ਇਕ ਹੋਰ ਵਿਚਾਰਨਯੋਗ ਸ਼ਬਦ ਹੈ, ਪਦਾਰਥ ਜਿਸ ਦਾ ਸ਼ਾਬਦਿਕ ਅਰਥ ਹੁੰਦਾ ਹੈ, ‘ਪਦ (ਸ਼ਬਦ, ਟਰਮ) ਦਾ ਅਰਥ’, ਜੋ ਕੁਝ ਕਿਸੇ ਸ਼ਬਦ ਦੇ ਅਰਥ ਵਜੋਂ ਆਉਂਦਾ ਹੈ। ਸੋ ਵਿਸਤ੍ਰਿਤ ਅਰਥ ਹੋਇਆ, ਮੰਨਿਆ ਹੋਇਆ ਵਿਸ਼ਾ ਜਿਵੇਂ ਧਰਮ, ਅਰਥ, ਕਾਮ, ਮੋਕਸ਼।
ਪਦਚਿੰਨ੍ਹ ਦੇ ਅਰਥਾਂ ਵਾਲਾ ਪੈੜ ਸ਼ਬਦ ਵੀ ਪੈਰ ਦਾ ਹੀ ਬਦਲਿਆ ਰੂਪ ਹੈ। ਚੋਰਾਂ ਦੇ ਪੈਰਾਂ ਦੇ ਨਿਸ਼ਾਨਾਂ ਤੋਂ ਉਨ੍ਹਾਂ ਦੀ ਸੂਹ ਲੱਗ ਜਾਂਦੀ ਹੈ। ‘ਪੈੜ ਕੱਢਣੀ’ ਦਾ ਅਰਥ ਸੁਰਾਗ ਲੱਭਣਾ ਹੈ। ਹਲਟ, ਚਰਸ ਆਦਿ ਦੀ ਪੈੜ ਉਹ ਸੀਮਤ ਦਾਇਰਾ ਹੈ ਜਿਸ ਦੁਆਲੇ ਬਲਦ ਆਦਿ ਆਪਣੇ ਪੈਰਾਂ ਦੇ ਨਿਸ਼ਾਨ ਬਣਾਉਂਦੇ ਘੁੰਮਦੇ ਰਹਿੰਦੇ ਹਨ। ਪਸ਼ੂਆਂ ਨੂੰ ਕਾਬੂ ਵਿਚ ਰੱਖਣ ਲਈ ਉਨ੍ਹਾਂ ਦੇ ਖੁਰਾਂ (ਪੈਰਾਂ) ਵਿਚ ਪਾਏ ਜਾਂਦੇ ਰੱਸੇ ਨੂੰ ਪੈੜਾ ਆਖਦੇ ਹਨ। ਰੱਸੇ-ਪੈੜੇ ਸ਼ਬਦ ਜੁੱਟ ਵੀ ਹੈ। ਪੌੜੀ ਜਾਂ ਪਉੜੀ ਉਹ ਸਾਧਨ ਹੈ ਜਿਸ ‘ਤੇ ਪਾਯ (ਪੈਰ) ਰੱਖ ਕੇ ਉਪਰ ਚੜ੍ਹਿਆ ਜਾਂਦਾ ਹੈ। ਟਰਨਰ ਅਨੁਸਾਰ ਇਸ ਦਾ ਸਬੰਧ ਪਾਦ ਨਾਲ ਹੈ ਪਰ ਇਸ ਨੂੰ ਸੰਸਕ੍ਰਿਤ ‘ਪਰਵ’ ਨਾਲ ਵੀ ਜੋੜਿਆ ਜਾਂਦਾ ਹੈ ਜਿਸ ਦਾ ਅਰਥ ਗੰਢ, ਜੋੜ, ਪੋਰੀ ਹੁੰਦਾ ਹੈ। ਗ਼ਸ਼ ਰਿਆਲ ਅਨੁਸਾਰ ਇਹ ਬਾਂਸ ਦੇ ਕਾਂਡ ਦਾ ਰੂਪਕ ਹੈ। ਕਈ ਪ੍ਰਕਾਰ ਦੇ ਛੰਦ ਵੀ ਪਉੜੀ ਕਹਾਉਂਦੇ ਹਨ। ਇਨ੍ਹਾਂ ਛੰਦਾਂ ਵਿਚ ਆਮ ਤੌਰ ‘ਤੇ ਯੁੱਧ ਦੀਆਂ ਵਾਰਾਂ ਰਚੀਆਂ ਜਾਂਦੀਆਂ ਹਨ। ਅਸਲ ਵਿਚ ਕਵਿਤਾ ਚਰਨਾਂ ਦਾ ਹੀ ਸਮੂਹ ਹੈ। ਪਊਡਾ ਉਹ ਹੁੰਦਾ ਹੈ ਜਿਸ ਵਿਚ ਪੈਰ ਅੜਾ ਕੇ ਅੱਗੇ ਵਧਿਆ ਜਾਵੇ। ਪੌੜੀ ਦੇ ਵੀ ਪਊਡੇ ਹੁੰਦੇ ਹਨ। ਘੋੜੇ ਦੇ ਖੁਰਾਂ ਨੂੰ ਪੌੜ ਆਖਦੇ ਹਨ। ਕਈ ਵਰਤਣ ਵਾਲੀਆਂ ਚੀਜ਼ਾਂ ਨੂੰ ਥੱਲੇ ਟਿਕਾਉਣ ਲਈ ਲਾਏ ਜਾਂਦੇ ‘ਪੈਰਾਂ’ ਨੂੰ ਪੌੜ ਜਾਂ ਪੜਾਵੇ ਕਿਹਾ ਜਾਂਦਾ ਹੈ, ‘ਨਾ ਹੁਣ ਰਹੀਆਂ ਪਿੱਤਲ ਦੀਆਂ ਪਰਾਤਾਂ, ਨਾ ਹੁਣ ਲਗਦੇ ਪੌੜ।’ ਮੰਜੇ ਦੇ ਪੈਰਾਂ ਵਾਲੇ ਹਿੱਸੇ ਲਈ ਵਰਤੇ ਜਾਂਦੇ ਸ਼ਬਦ ਦੇ ਕਈ ਭੇਦ ਹਨ ਜਿਵੇਂ ਪਰਾਂਦ, ਪਰਾਂਦੀ, ਪੁਆਂਦ, ਪਵਾਂਦ, ਪੇਂਦ ਆਦਿ। ਜਾਪਦਾ ਹੈ, ਇਹ ਸ਼ਬਦ ਪੈਰ ਦਾ ਅੰਤ ਤੋਂ ਬਣਿਆ ਹੈ। ਕਹਾਵਤ ਹੈ, ‘ਸਰ੍ਹਾਂਦੀ ਪਉ, ਪਰਾਂਦੀ ਪਉ, ਲੱਕ ਵਿਚਕਾਰ ਆਉਣਾ ਹੈ’ ਅਰਥਾਤ ਦੋ ਵਿਕਲਪਾਂ ਵਿਚ ਉਨੀ ਇੱਕੀ ਦਾ ਹੀ ਫਰਕ ਹੈ।
ਮਈਆ ਸਿੰਘ ਦੀ ‘ਪੰਜਾਬੀ ਡਿਕਸ਼ਨਰੀ’ ਵਿਚ ਇਕ ਸ਼ਬਦ ‘ਪਤਰਾਹਣਾ’ ਮਿਲਦਾ ਹੈ ਜਿਸ ਦਾ ਅਰਥ ਹੈ, ਨੰਗੇ ਪੈਰ ਚੱਲਣਾ। ਇਸ ਵਿਚ ‘ਪਤ’ ਤਾਂ ਪਦ ਦਾ ਹੀ ਭੇਦ ਹੈ। ਰਾਣਾ ਦਾ ਅਰਥ ਹੁੰਦਾ ਹੈ, ਨੰਗਾ ਜਿਵੇਂ ਪੈਰੋਂ ਰਾਣਾ ਜਾਂ ਅੱਧੋਰਾਣਾ ਵਿਚ। ਰੰਡ, ਰੰਡਾ ਜਾਂ ਰੁੰਡ ਵਿਚ ਇਹੋ ਸ਼ਬਦ ਦਾ ਮੂਲ ਹੈ।
‘ਪਾਈ ਦਾ ਹਿਸਾਬ’ ਵਾਲੇ ਲੇਖ ਵਿਚ ਅਸੀਂ ਪਾਦ ਤੋਂ ਬਣੇ ਇਕ ਛੋਟੇ ਸਿੱਕੇ ਦੇ ਅਰਥਾਂ ਵਾਲੇ ਸ਼ਬਦ ‘ਪਾਈ’ ਦਾ ਹਿਸਾਬ ਕਰ ਆਏ ਹਾਂ। ਅੱਜ ਅਸੀਂ ਇਕ ਹੋਰ ਪਾਈ ਵੱਲ ਆਉਂਦੇ ਹਾਂ ਜਿਸ ਦਾ ਅਰਥ ਪੈਰ ਜਾਂ ਲੱਤ ਜਿਹਾ ਹੀ ਹੈ ਪਰ ਇਹ ਆਮ ਤੌਰ ‘ਤੇ ਇਕ ਪਿਛੇਤਰ ਵਜੋਂ ਹੀ ਆਉਂਦਾ ਹੈ। ਪੰਜਾਬੀ ਦੇ ਕੁਝ ਸ਼ਬਦ ਹਨ ਜਿਵੇਂ ਚਾਰਪਾਈ, ਤਿਰਪਾਈ।
ਅੱਜ ਕਲ੍ਹ ਦੀ ਸਿਆਸਤ ਵਿਚ ਪੈਂਤੜੇਬਾਜ਼ੀ ਬਹੁਤ ਚੱਲਣ ਲੱਗ ਪਈ ਹੈ। ਆਮ ਤੌਰ ‘ਤੇ ਇਸ ਦਾ ਅਰਥ ਧੋਖੇਬਾਜ਼ੀ ਜਾਂ ਚਲਾਕੀ ਲਿਆ ਜਾਂਦਾ ਹੈ। ਪੈਂਤੜਾ ਜਾਂ ਪੈਂਤਰਾ ਮੁਢਲੇ ਤੌਰ ‘ਤੇ ਤਲਵਾਰਬਾਜ਼ੀ ਜਾਂ ਕੁਸ਼ਤੀ ਦਾ ਇਕ ਦਾਅ ਹੈ ਜਿਸ ਵਿਚ ਘੁੰਮ ਫਿਰ ਕੇ ਪੈਰ ਰੱਖਣ ਤੋਂ ਭਾਵ ਹੈ। ਇਹ ਬਣਿਆ ਹੈ ‘ਪਦਾਂਤਰ’ ਤੋਂ ਜੋ ਪ੍ਰਾਕ੍ਰਿਤ ਵਿਚ ਪਯਾਂਤਰ ਦੇ ਰੂਪ ਵਿਚ ਮਿਲਦਾ ਹੈ। ਪੈਰ ਜਾਂ ਕਦਮ ਲਈ ਇਕ ਸ਼ਬਦ ਪਗ (ਪਦਕ>ਪਅਕ> ਪਕ>ਪਗ) ਵੀ ਹੈ, ‘ਕਰ ਬਿਨੁ ਵਾਜਾ ਪਗ ਬਿਨੁ ਤਾਲਾ’ (ਗੁਰੂ ਨਾਨਕ ਦੇਵ) ਅਰਥਾਤ ਹੱਥਾਂ ਬਿਨਾ ਵਾਜਾ ਵਜਾਉਣਾ ਅਤੇ ਪੈਰਾਂ ਬਿਨਾ ਨੱਚਣਾ। ਪਗ ਤੋਂ ਹੀ ਪੈਰਾਂ ਨਾਲੋਂ ਗਾਹੇ ਜਾਂਦੇ ਰਸਤੇ ਲਈ ਪਗਡੰਡੀ ਸ਼ਬਦ ਬਣਿਆ। ‘ਪਗ ਉਪੇਤਾਣਾ ਅਪਣਾ ਕੀਆ ਕਮਾਣਾ’ (ਗੁਰੂ ਨਾਨਕ ਦੇਵ) ਵਿਚ ਉਪੇਤਾਣਾ ਦਾ ਅਰਥ ਹੈ, ਨੰਗੇ ਪੈਰੀਂ। ਉਪੇਤਾਣਾ ਬਣਿਆ ਜੁੱਤੀ ਰਹਿਤ ਦੇ ਅਰਥਾਂ ਵਾਲੇ ਸੰਸਕ੍ਰਿਤ ਸ਼ਬਦ ਅਪਪਾਦਤ੍ਰ (ਅਪ+ਪਾਦਤ੍ਰ) ਦੇ ਪਿਛੇ ḔਣਾḔ ਪਿਛੇਤਰ ਲੱਗ ਕੇ। ‘ਅਪ’ ਅਗੇਤਰ ਕਈ ਨਾਂਵਾਂ ਦੇ ਅੱਗੇ ਲੱਗ ਕੇ ਰਹਿਤ, ਹੀਣ ਦਾ ਅਰਥ ਦਿੰਦਾ ਹੈ। ਪਾਦ ਦਾ ਅਰਥ ਤਾਂ ਪੈਰ ਹੀ ਹੈ, ‘ਤ੍ਰ’ ਦਾ ਅਰਥ ਹੁੰਦਾ ਹੈ, ਰੱਖਿਆ ਕਰਨਾ। ਸੋ, ਪਾਦਤ੍ਰ ਦਾ ਸ਼ਾਬਦਿਕ ਅਰਥ ਬਣਿਆ, ‘ਪੈਰ ਦੀ ਰੱਖਿਆ ਕਰਨ ਵਾਲਾ।’ ਜੂਤ-ਪਤਾਣ ਵਾਲਾ ਪਤਾਣ ਇਹੋ ਹੈ।
ਪਦ ਤੋਂ ਹੀ ਪੈਰ ਦੇ ਅਰਥਾਂ ਵਾਲੇ ਪਾਂਵ, ਪਾਵ, ਪਾਉ ਸ਼ਬਦ ਬਣੇ, ‘ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ॥’ (ਗੁਰੂ ਰਾਮ ਦਾਸ); ਇਤੁ ਰੰਗਿ ਨਾਚਹੁ ਰਖਿ ਰਖਿ ਪਾਉ॥’ (ਗੁਰੂ ਨਾਨਕ ਦੇਵ)। ਮੰਜੇ ਦਾ ਪਾਵਾ ਇਸੇ ਸ਼ਬਦ ਦਾ ਅੱਗੇ ਹੋਰ ਵਿਕਾਸ ਹੈ। ਅਸਲ ਵਿਚ ਸੰਸਕ੍ਰਿਤ ਵਿਚ ਪਦ ਤੋਂ ਬਣੇ ਪਾਦੁਕਾ ਦਾ ਅਰਥ ਵੀ ਜੁੱਤੀ ਹੁੰਦਾ ਹੈ। ਚਰਨ ਪਾਦੁਕਾ ਨਾਂ ਦੇ ਕਈ ਗੁਰਦੁਆਰੇ ਤੇ ਮੰਦਿਰ ਹਨ। ਪਰ ਇਥੇ ਪਾਦੁਕਾ ਦਾ ਭਾਵ ਪਦਚਿੰਨ ਹੈ, ਕਿਉਂਕਿ ਇਨ੍ਹਾਂ ਧਾਰਮਕ ਸਥਾਨਾਂ ਵਿਚ ਕਿਸੇ ਦੇਵੀ, ਦੇਵਤੇ, ਗੁਰੂ ਆਦਿ ਦੇ ਚਰਨਾਂ ਦੇ ਨਿਸ਼ਾਨ ਮੰਨੇ ਜਾਂਦੇ ਹਨ। ਚਰਨ ਪਾਦਕਾ ਨੂੰ ਹੀ ਖੜਾਂ (ਬਹੁਵਚਨ: ਖੜਾਵਾਂ) ਵੀ ਕਹਿੰਦੇ ਹਨ। ਇਹ ਸ਼ਬਦ ਬਣਿਆ/ਵਿਗੜਿਆ ਹੈ, ‘ਕਾਸ਼ਟ+ਪਾਦੁਕਾ’ ਤੋਂ: ਕਾਸ਼ਟਪਾਦੁਕਾ>ਕਠਪਊਆਂ>ਖੜਾਊਆਂ>ਖੜਾਵਾਂ। ਕਾਸ਼ਟ (ਕਾਠ) ਲੱਕੜ ਨੂੰ ਆਖਦੇ ਹਨ। ਇਸ ਲਈ ਇਕ ਸ਼ਬਦ ਪਊਏ ਵੀ ਹੈ। ਨਾਲ ਲਗਦੀ ਜੁੱਤੀ ਦੇ ਅਰਥਾਂ ਵਾਲੇ ਪੌਲੇ ਸ਼ਬਦ ਦੀ ਵੀ ਗੱਲ ਕਰ ਲਈਏ। ਬਥੇਰਿਆਂ ਨੇ ਛਿੱਤਰ-ਪੌਲੇ ਦਾ ਅਨੰਦ ਮਾਣਿਆ ਹੋਵੇਗਾ ਜਾਂ ਘੱਟੋ ਘੱਟ ਹੁੰਦੀ ਦੇਖੀ ਹੋਵੇਗੀ। ਦੁੱਲਾ ਭੱਟੀ ਨਾਲ ਸਬੰਧਤ ਲੋਹੜੀ ਦੇ ਇਕ ਗੀਤ ਵਿਚ ਇਹ ਸ਼ਬਦ ਇਸ ਤਰ੍ਹਾਂ ਆਉਂਦਾ ਹੈ,
ਜ਼ਿੰਮੀਦਾਰ ਛੁਡਾਏæææ ਹੋ
ਫੜ੍ਹ ਕੇ ਪੌਲੇ ਲਾਏæææ ਹੋ
ਇਕ ਪੌਲਾ ਭੁੱਲ ਗਿਆæææ ਹੋ
ਕਣਕ ਦੀ ਰੋਟੀ ਵਾਂਗੂੰ ਫੁੱਲ ਗਿਆæææ।
ਅਜੇ ਪੈਰਾਂ ਨਾਲ ਚੱਲ ਕੇ ਅਸੀਂ ਇਰਾਨ ਅਤੇ ਯੂਰਪ ਦੇ ਦੇਸ਼ਾਂ ਵਿਚ ਵੀ ਜਾਣਾ ਹੈ।