ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਫੋਨ: 559-333-5776
ਪੰਜਾਬੀ ਸੰਗੀਤ ਨੇ ਪਿਛਲੇ ਤਿੰਨ ਕੁ ਦਹਾਕਿਆਂ ਦੌਰਾਨ ਜੋ ḔਬੁਲੰਦੀਆਂḔ ਛੋਹੀਆਂ ਜਾਂ ਜੋ ਪਿਆਰ ਪੰਜਾਬੀ ਗਾਇਕੀ ਨੂੰ ਸੰਸਾਰ ਪੱਧਰ ‘ਤੇ ਮਿਲਿਆ ਹੈ, ਉਹ ਆਪਾਂ ਤੋਂ ਲੁਕਿਆ ਛਿਪਿਆ ਨਹੀਂ। ਰੈਪ ਦਾ ਪੰਜਾਬੀ ਸੰਗੀਤ ਵਿਚ ਰੁਝਾਨ ਵਧਿਆ ਅਤੇ ਨਾਲ ਦੀ ਨਾਲ ਕੁਝ ਕਾਂਗਿਆਰੀ ਵੀ ਇਸ ਖੇਤਰ ਵਿਚ ਦਾਖਲ ਹੋਈ। ਬੇਸ਼ੱਕ ਲੱਚਰਤਾ ਪੰਜਾਬੀ ਸੰਗੀਤ ਵਿਚ ਮੁੱਢ ਕਦੀਮ ਤੋਂ ਚੱਲਦੀ ਆ ਰਹੀ ਹੈ, ਪਰ ਅੱਗੇ ਇਹ ਮੋਟਰ ਵਾਲੀਆਂ ਕੋਠੀਆਂ ਜਾਂ ਰਿਹਾਇਸ਼ੀ ਇਲਾਕੇ ਤੋਂ ਦੂਰ ਹੀ ਸੀ ਅਤੇ ਆਪੋ ਆਪਣੀ ਮਰਜ਼ੀ ਸੀ ਕਿ ਕੀਹਨੇ ਇਹ ਸੁਣਨੀ ਹੈ ਤੇ ਕੀਹਨੇ ਨਹੀਂ!
ਅੱਜ ਦੇ ਇਲੈਕਟ੍ਰਾਨਿਕ ਯੁਗ ਵਿਚ ਮੀਡੀਏ ਦਾ ਐਸਾ ਪਸਾਰ ਹੋਇਆ ਹੈ ਕਿ ਇਹ ਸਾਡੇ ਘਰਾਂ ਦੀਆਂ ਦਹਿਲੀਜਾਂ ‘ਤੇ ਪਰੋਸਿਆ ਜਾਣ ਲੱਗਾ ਹੈ। ਰਾਤੋ ਰਾਤ ਅਮੀਰ ਹੋਣ ਦੀ ਚਾਹਨਾ ਤਹਿਤ ਫੁਕਰੇ ਗਾਇਕਾਂ ਨੇ ਵੀਡੀਓ ਐਨੀਆਂ ਕੁ ਅਸ਼ਲੀਲ, ਮਾਰ-ਧਾੜ, ਨਸ਼ੇ ਅਤੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲੀਆਂ ਬਣਾਈਆਂ ਕਿ ਸਾਫ ਜ਼ਾਹਰ ਹੋ ਜਾਂਦਾ ਹੈ ਕਿ ਪੰਜਾਬ ਅੱਜ ਕਿਸ ਮੋੜ ‘ਤੇ ਆਣ ਖੜ੍ਹਾ ਹੈ।
ਅੱਜ ਦੀ ਗਾਇਕੀ ਦੇ ਗੰਧਲ ਚੁੱਕੇ ਤਲਾਬ ਵਿਚ ਕੁਝ ਗਿਣਤੀ ਦੇ ਗਾਇਕ ਹੀ ਕੰਵਲ ਬਣ ਕੇ ਤੈਰ ਰਹੇ ਹਨ। ਇਨ੍ਹਾਂ ਵਿਚੋਂ ਇੱਕ ਹੈ, ਸੁਰੀਲਾ ਅਤੇ ਸਾਫ ਸੁਥਰੀ ਗਾਇਕੀ ਨੂੰ ਪਿਆਰ ਕਰਨ ਵਾਲਾ ਗਾਇਕ ਜੀਤ ਜਗਜੀਤ। ਜੀਤ ਜਗਜੀਤ ਦੇ ਬਹੁਤ ਸਾਰੇ ਮਕਬੂਲ ਗੀਤ Ḕਚੰਦਰੀ ਕਨੇਡਾ ਨੇ ਕਰ’ਤੇ ਪਿੰਡਾਂ ਦੇ ਪਿੰਡ ਖਾਲੀḔ, Ḕਊੜਾ ਤੇ ਜੂੜਾḔ ਜਾਂ Ḕਫੁੱਲ ਕੱਢਦੀ ਸੱਜਣਾਂ ਵਰਗਾ ਸੂਈ ਨਾਲ ਗੱਲਾਂ ਕਰਦੀ ਐḔ ਆਦਿ ਨੂੰ ਸਰੋਤਿਆਂ ਤੋਂ ਰੱਜਵਾਂ ਪਿਆਰ ਮਿਲਿਆ ਹੈ। ਉਸ ਦੇ ਗੀਤਾਂ ਵਿਚੋਂ ਸੱਭਿਆਚਾਰ ਅਤੇ ਵਿਰਸਾ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਅਗਰ ਜੀਤ ਜਗਜੀਤ ਨੇ ਪਿਆਰ ਮੁਹੱਬਤ ਦੀ ਜਾਂ ਦੋ ਦਿਲਾਂ ਦੀ ਗੱਲ ਵੀ ਕੀਤੀ ਤਾਂ ਬਹੁਤ ਹੀ ਸੁਹਿਰਦ ਰੰਗ ਵਿਚ ਕੀਤੀ ਹੈ। ਇਨ੍ਹੀਂ ਦਿਨੀਂ ਜੀਤ ਜਗਜੀਤ ਆਪਣੀ ਟੀਮ ਨਾਲ ਸ਼ੋਅ ਕਰਨ ਲਈ ਅਮਰੀਕਾ ਆਇਆ ਹੋਇਆ ਹੈ। ਪੇਸ਼ ਹਨ, ਫਰਿਜ਼ਨੋ ਵਿਚ ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼:
ਸਵਾਲ: ਜੀਤ ਜਗਜੀਤ ਜੀ, ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਪਿਛੋਕੜ ਅਤੇ ਪੜ੍ਹਾਈ ਲਿਖਾਈ ਸਬੰਧੀ ਦੱਸੋ।
ਜਵਾਬ: ਸਾਡੀ ਫੋਕਲੋਰ ਸੰਸਥਾ ਵੱਲੋਂ ਸਮੂਹ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਪਿੰਡ ਤਲਵਾੜਾ, ਜਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਹੈ ਅਤੇ ਮੈਂ ਕਿਸਾਨ ਪਰਿਵਾਰ ਵਿਚੋਂ ਹਾਂ। ਮੈਂ ਐਮæਏæ (ਪੰਜਾਬੀ) ਅਤੇ ਐਮæਏæ ਕਲਾਸੀਕਲ ਵੋਕਲ ਕੀਤੀ ਹੈ ਅਤੇ ਇਸ ਤੋਂ ਇਲਾਵਾ ਮੈਂ ਲਾਅ ਗਰੈਜੂਏਟ ਵੀ ਹਾਂ।
ਸਵਾਲ: ਗਾਇਕੀ ਵਾਲੇ ਪਾਸੇ ਕਿਵੇਂ ਹੋ ਤੁਰੇ?
ਜਵਾਬ: ਅਸਲ ਵਿਚ ਮੈਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਮੈਂ ਆਪਣੇ ਆਪ ਨੂੰ ਸੰਗੀਤ ਦਾ ਵਿਦਿਆਰਥੀ ਕਹਿ ਸਕਦਾ ਹਾਂ। ਸਕੂਲ ਵਿਚ ਬਾਲ ਸਭਾਵਾਂ ਵਿਚ ਗਾਉਣਾ ਮੇਰਾ ਸ਼ੌਕ ਸੀ। ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਲਾਸੀਕਲ ਵੋਕਲ ਵਿਚ ਐਮæਏæ ਕਰਨ ਪਿਛੋਂ ਮੈਂ ਬਸ ਸੰਗੀਤ ਦਾ ਹੀ ਹੋ ਕੇ ਰਹਿ ਗਿਆ।
ਸਵਾਲ: ਜੇ ਸੰਗੀਤ ਦੇ ਅਜੋਕੇ ਮਾਹੌਲ ‘ਤੇ ਸਰਸਰੀ ਨਜ਼ਰ ਮਾਰੀਏ ਤਾਂ ਲਗਦਾ ਹੈ ਕਿ ਬਹੁਤੇ ਗਾਇਕਾਂ ਅਤੇ ਅਕਲ ਦਾ ਕੋਈ ਨੇੜੇ-ਤੇੜੇ ਦਾ ਵੀ ਸਬੰਧ ਨਹੀਂ। ਇਸ ਗੈਰ-ਜ਼ਿੰਮੇਵਾਰਾਨਾ ਗਾਇਕੀ ਦੇ ਮਾਹੌਲ ਵਿਚ ਤੁਸੀਂ ਆਪਣੇ ਆਪ ਨੂੰ ਕਿੱਥੇ ਕੁ ਖੜਾ ਮਹਿਸੂਸ ਕਰਦੇ ਹੋ?
ਜਵਾਬ: ਮੇਰਾ ਅਮਰੀਕਾ ਦਾ ਇਹ ਛੇਵਾਂ ਚੱਕਰ ਹੈ। ਇਥੇ ਮੇਰੇ ਚਚੇਰੇ ਭਰਾ ਰਹਿੰਦੇ ਹਨ। ਅਕਸਰ ਉਹ ਮੈਨੂੰ ਕਹਿੰਦੇ ਸਨ ਕਿ ਤੂੰ ਲੰਮੇ ਅਰਸੇ ਤੋਂ ਗੀਤ ਕਿਉਂ ਨਹੀਂ ਰਿਕਾਰਡ ਕਰਵਾਉਂਦਾ? ਤਿੰਨ-ਚਾਰ ਸਾਲ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ, ਅਗਰ ਕੋਈ ਚਾਹੇ ਤਾਂ ਐਨੇ ਸਮੇਂ ਵਿਚ ਪੀਐਚæਡੀæ ਕਰ ਸਕਦੈ, ਲੇਕਿਨ ਮੈਂ ਰਿਕਾਰਡਿੰਗ ਤੋਂ ਹਟ ਕੇ ਇਸ ਗੱਲ ‘ਤੇ ਖੋਜ ਕੀਤੀ ਕਿ ਅਮਰੀਕਾ ਵਿਚ ਪਰਵਾਸੀਆਂ ਦੀ ਪੰਜਾਬੀ ਸ਼ੋਆਂ ਜਾਂ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਹਾਜ਼ਰੀ ਘਟਦੀ ਕਿਉਂ ਜਾਂਦੀ ਹੈ? ਪਤਾ ਲੱਗਾ ਕਿ ਲੋਕੀਂ ਪਰਿਵਾਰਾਂ ਸਮੇਤ ਉਥੇ ਜਾ ਕੇ ਮੁੱਛ, ਮਾਸ਼ੂਕ, ਗੋਲੀਆਂ-ਗੰਡਾਸੇ ਵਾਲੀ ਫੁਕਰੀ ਗਾਇਕੀ ਸੁਣ ਸੁਣ ਕੇ ਅੱਕੇ ਪਏ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚਿਆਂ ‘ਤੇ ਇਸ ਦਾ ਮਾੜਾ ਪ੍ਰਭਾਵ ਪਵੇ। ਬਹੁਤ ਵਾਰੀ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਲੜਾਈ-ਝਗੜੇ ਵੀ ਹੁੰਦੇ ਹਨ। ਮੈਂ ਇਸੇ ਕਰਕੇ ਇੱਕ ਗੀਤ ਬਣਾਇਆ ਸੀ,
ਆਹ ਪਿਸਟਲ ਮਾਉਜ਼ਰ ਕੀ ਕਰਨੇ ਨੇ
ਆਪਾਂ ਕਿਹੜਾ ਜੰਗ ਲੜਨੇ ਨੇ
ਫੇਰ ਕੌਣ ਬਣੂਗਾ ਵਾਰਸ
ਇਨ੍ਹਾਂ ਸੁੰਨੀਆਂ ਰਾਹਾਂ ਦਾ
ਕਿਉਂ ਕਰਦੇ ਓਂ ਗੰਧਲਾ
ਪਾਣੀ ਪੰਜ ਦਰਿਆਵਾਂ ਦਾ।
ਪੰਜਾਬੀ ਫੋਕ ਲੋਰ ਦੇ ਜਰੀਏ ਮੈਂ ਆਪਣੇ ਵੱਲੋਂ ਪੰਜਾਬੀ ਗਾਇਕੀ ਵਿਚ ਆਏ ਨਿਘਾਰ ਨੂੰ ਖਤਮ ਕਰਨ ਲਈ ਯਤਨਸ਼ੀਲ ਹਾਂ,
ਗੀਤਾਂ ਮੇਰਿਆਂ ਦੇ ਵਿਚ ਗੱਲ
ਹੋਣੀ ਨਹੀਂ ਮਾਸ਼ੂਕਾਂ ਦੀ।
ਟਕੂਏ ਗੰਡਾਸੇ ਨਾ ਹੀ
ਗੋਲੀਆਂ ਬਦੂੰਕਾਂ ਦੀ।
ਕਿਉਂਕਿ ਅਸੀਂ ਵਿਰਸੇ ਦੇ ਰਾਖੇ
ਮਾਂ ਬੋਲੀ ਦੇ ਪੁਜਾਰੀ।
ਪੰਜਾਬੀਆਂ ਬਾਰੇ ਜਾਣਦੀ
ਇਹ ਦੁਨੀਆਂ ਹੈ ਸਾਰੀ।
ਕਿਉਂਕਿ ਅਸੀਂ ਦਸਮ ਗੁਰਾਂ ਦੇ ਲਾਲ
ਸਾਡੀ ਹਰ ਗੱਲ ਹੁੰਦੀ ਏ ਕਮਾਲ
ਦੋ ਪੈਰ ਘੱਟ ਤੁਰਨਾ
ਪਰ ਤੁਰਨਾ ਮੜਕ ਦੇ ਨਾਲ।
ਅਸੀਂ ਪੂਰੀ ਅਮਰੀਕਾ ਵਿਚ ਸ਼ੋਅ ਕਰਨੇ ਹਨ। ਅਸੀਂ ਕਿਸੇ ਪ੍ਰੋਮੋਟਰ ਨੂੰ ਨਾਲ ਨਹੀਂ ਲਿਆ। ਸਿਰਫ ਲੋਕ ਆਵਾਜ਼ ਸੁਣ ਕੇ ਤੁਰੇ ਹਾਂ, ਹੁਣ ਦੇਖਣਾ ਹੈ ਕਿ ਲੋਕ ਸਾਫ ਸੁਥਰੀ ਗਾਇਕੀ ਨੂੰ ਕਿੰਨਾਂ ਕੁ ਥਾਪੜਾ ਦਿੰਦੇ ਹਨ?
ਸਵਾਲ: ਜਿਵੇਂ ਕਿ ਤੁਸੀਂ ਕਿਹਾ ਹੈ ਕਿ ਅਸੀਂ ਸਾਫ ਸੁਥਰੀ ਗਾਇਕੀ ਵਾਲਾ ਸ਼ੋਅ ਲੈ ਕੇ ਆਏ ਹਾਂ, ਹੁਣ ਤੱਕ ਅਮਰੀਕਾ ਵਿਚ ਹੋਏ ਪ੍ਰੋਗਰਾਮਾਂ ਤੋਂ ਕਿੰਨੇ ਕੁ ਸੰਤੁਸ਼ਟ ਹੋ?
ਜਵਾਬ: ਪਿਛਲੇ ਸਾਲ ਵੀ ਮੈਂ ਅਮਰੀਕਾ ਆਇਆ ਸੀ ਅਤੇ ਕੁਝ ਕੁ ਸਟੇਜਾਂ ‘ਤੇ ਗਾਉਣ ਦਾ ਮੌਕਾ ਮਿਲਿਆ ਸੀ। ਲੋਕਾਂ ਮੇਰੀ ਗਾਇਕੀ ਨੂੰ ਬੇਹੱਦ ਸਲਾਹਿਆ ਸੀ, ਇਸੇ ਕਰਕੇ ਮੈਂ ਆਪਣੀ ਪੂਰੀ ਟੀਮ ਨਾਲ ਇਸ ਵਾਰੀ ਸ਼ੋਅ ਕਰਨ ਆਇਆ ਹਾਂ। ਇਸ ਟੂਰ ਦਾ ਪਹਿਲਾ ਸ਼ੋਅ 22 ਅਕਤੂਬਰ ਨੂੰ ਸੈਕਰਾਮੈਂਟੋ ਵਿਚ ḔਸਹਾਇਤਾḔ ਸੰਸਥਾ ਦੇ ਫੰਡ ਰੇਜਰ ਲਈ ਮੁਫਤ ਕੀਤਾ ਸੀ, ਕਿਉਂਕਿ ਇਹ ਸੰਸਥਾ ਬੇਸਹਾਰਾ ਬੱਚਿਆਂ ਅਤੇ ਖੁਦਕੁਸ਼ੀਆਂ ਕਰ ਗਏ ਕਿਸਾਨ-ਮਜਦੂਰਾਂ ਦੇ ਪਰਿਵਾਰਾਂ ਦੀ ਪੰਜਾਬ ਵਿਚ ਮਦਦ ਕਰ ਰਹੀ ਹੈ ਅਤੇ ਮੈਂ ਵੀ ਆਪਣੇ ਵੱਲੋਂ ਯੋਗਦਾਨ ਪਾ ਕੇ ਖੁਸ਼ੀ ਮਹਿਸੂਸ ਕਰਦਾ ਹਾਂ। ਇਹ ਸ਼ੋਅ ਨੱਕੋ ਨੱਕ ਭਰਿਆ ਸੀ ਅਤੇ ਸਰੋਤਿਆਂ ਦਾ ਬਹੁਤ ਪਿਆਰ ਮਿਲਿਆ। ਅਗਲਾ ਸ਼ੋਅ 12 ਨਵੰਬਰ ਨੂੰ ਫਰਿਜ਼ਨੋ ਵਿਚ ਹੋਣਾ ਹੈ। ਇਸ ਤੋਂ ਪਿੱਛੋਂ ਸਿਆਟਲ ਅਤੇ ਫੇਰ ਨਿਊ ਯਾਰਕ ਸਾਈਡ ਨੂੰ ਨਿਕਲਾਂਗੇ। ਉਮੀਦ ਹੈ, ਲੋਕਾਂ ਦਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇਗਾ।
ਸਵਾਲ: ਲੋਕਾਂ ਦੇ ਪਿਆਰ ਵਿਚੋਂ ਗਾਇਕ ਪੈਦਾ ਹੁੰਦੇ ਹਨ, ਫਿਰ ਉਨ੍ਹਾਂ ਲੋਕਾਂ ਤੋਂ ਦੂਰੀ ਬਣਾਉਣ ਲਈ ਪਹਿਰੇਦਾਰ-ਬੌਂਸਰ ਰੱਖ ਲਏ ਜਾਂਦੇ ਹਨ। ਇਹ ਸਭ ਕੁਝ ਕਿਸੇ ਡਰ ਕਰਕੇ ਹੁੰਦੈ ਜਾਂ ਫੁਕਰਾਪੰਥੀ ਤੇ ਸ਼ੋਸ਼ੇਬਾਜੀ ਹੈ?
ਜਵਾਬ: (ਹੱਸ ਕੇ) ਇਹ ਤਾਂ ਹਾਲੇ ਮੈਨੂੰ ਵੀ ਸਮਝ ਨਹੀਂ ਲੱਗੀ ਪਰ ਜੇ ਆਪਾਂ ਚੰਗਾ ਕੰਮ ਕਰਦੇ ਹਾਂ ਤਾਂ ਲੋਕਾਂ ਤੋਂ ਡਰ ਕਾਹਦਾ! ਡਰ ਤਾਂ ਹੀ ਹੋਵੇਗਾ ਜੇ ਕੋਈ ਗੁਨਾਹ ਕੀਤਾ ਹੋਵੇ। ਟੌਹਰ ਇਕੱਲੇ ਬੌਂਸਰ ਰੱਖ ਕੇ ਨਹੀਂ ਬਣਦੀ, ਅਸਲੀ ਟੌਹਰ ਤਾਂ ਤੁਹਾਡੇ ਕੀਤੇ ਚੰਗੇ ਕੰਮਾਂ ਨਾਲ ਬਣਦੀ ਆ। ਅਗਰ ਚੰਗੇ ਸੱਭਿਆਚਾਰਕ ਗੀਤ ਗਾਓਗੇ ਤਾਂ ਫੋਕੇ ਵਿਖਾਵੇ ਦੀ ਕੋਈ ਲੋੜ ਨਹੀਂ, ਇਹ ਫੁਕਰੇਪਣ ਤੋਂ ਵੱਧ ਕੁਝ ਵੀ ਨਹੀਂ। ਲੋਕ ਹੀ ਤੁਹਾਡੇ ਅਸਲੀ ਰਾਖੇ ਹੁੰਦੇ ਹਨ।
ਸਵਾਲ: 12 ਨਵੰਬਰ ਨੂੰ ਫਰਿਜ਼ਨੋ ‘ਚ ਤੁਹਾਡਾ ਸ਼ੋਅ ਹੋ ਰਿਹਾ ਹੈ। ਲੋਕ ਇਹ ਸ਼ੋਅ ਵੇਖਣ ਕਿਉਂ ਆਉਣ, ਦੂਜਿਆਂ ਨਾਲੋਂ ਇਸ ਵਿਚ ਕੀ ਵੱਖਰਾ ਹੋਵੇਗਾ?
ਜਵਾਬ: ਮੈਂ ਇਹ ਨਹੀਂ ਕਹਾਂਗਾ ਕਿ ਮੇਰੇ ਗੀਤ ਤੇ ਗਾਇਕੀ ਸਭ ਤੋਂ ਵਧੀਆ ਹਨ। ਮੇਰੇ ਹੁਣ ਤੱਕ ਦੇ ਗਾਇਕੀ ਦੇ ਸਫਰ ਵੱਲ ਨਿਗ੍ਹਾ ਮਾਰੋ ਤੇ ਪੜਚੋਲੋ ਕਿ ਮੈਂ ਕੀ ਗਾ ਚੁਕਾ ਹਾਂ। ਮੈਂ ਸੱਭਿਆਚਾਰਕ ਅਤੇ ਪਰਿਵਾਰਕ ਗੀਤਾਂ ਨੂੰ ਹੀ ਤਰਜੀਹ ਦਿੱਤੀ ਹੈ ਅਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਕਦੇ ਐਸਾ ਕੁਝ ਨਹੀਂ ਗਾਵਾਂਗਾ ਜਿਸ ਕਰਕੇ ਮੈਨੂੰ ਸ਼ਰਮਿੰਦਾ ਹੋਣਾ ਪਵੇ। ਇਨ੍ਹਾਂ ਸ਼ੋਆਂ ਦੀ ਤਿਆਰੀ ਮੈਂ ਪਿਛਲੇ ਤਿੰਨ ਸਾਲ ਤੋਂ ਕਰ ਰਿਹਾ ਹਾਂ, ਮੈਂ ਵੀ ਭਰਿਆ ਪਿਆ ਹਾਂ। ਮੈਨੂੰ ਗਾਉਣ ਵਾਸਤੇ ਪਰਿਵਾਰਕ ਮਾਹੌਲ ਚਾਹੀਦਾ ਹੈ। ਮੇਰੀ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਮੇਰੇ ਸ਼ੋਅ ਵੇਖਣ ਆਓ, ਮੈਂ ਦਾਅਵੇ ਨਾਲ ਕਹਿ ਸਕਦਾਂ ਕਿ ਨਿਰਾਸ਼ ਨਹੀਂ ਹੋਵੋਗੇ। ਮੇਰੇ ਗੀਤਾਂ ਵਿਚੋਂ ਸੱਭਿਆਚਾਰ, ਵਿਰਸੇ ਅਤੇ ਪਰਿਵਾਰਕ ਰਿਸ਼ਤਿਆਂ ਦੀ ਝਲਕ ਮਿਲੇਗੀ।
ਸਵਾਲ: ਪਰਵਾਸੀ ਪੰਜਾਬੀਆਂ ਲਈ ਕੋਈ ਸੁਨੇਹਾ?
ਜਵਾਬ: ਮੇਰੇ ਪੰਜਾਬੀ ਭੈਣ-ਭਰਾਵਾਂ ਨੂੰ ਇਹੋ ਬੇਨਤੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅੱਛੇ ਗੀਤ ਗਾਏ ਜਾਣ ਤਾਂ ਜਿਹੜੇ ਲੋਕ ਮੇਰੇ ਵਾਂਗ ਚੰਗੇ ਗੀਤ ਗਾਉਣ ਦਾ ਤਹੱਈਆ ਕਰਦੇ ਹਨ, ਉਨ੍ਹਾਂ ਨੂੰ ਜਰੂਰ ਸੁਣੋ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸੱਜਣਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਮੇਰੇ ਇਨ੍ਹਾਂ ਸ਼ੋਆਂ ਵਿਚ ਪਰਿਵਾਰਾਂ ਸਮੇਤ ਪਹੁੰਚ ਕੇ ਮੇਰਾ ਹੌਸਲਾ ਵਧਾਓ ਤਾਂ ਜੋ ਸਾਫ-ਸੁਥਰੀ ਗਾਇਕੀ ਲਈ ਹੋਰ ਵੀ ਮਿਹਨਤ ਨਾਲ ਕੰਮ ਕਰ ਸਕਾਂ।