‘ਪੰਜਾਬ ਟਾਈਮਜ਼’ ਦੇ 29 ਅਕਤੂਬਰ ਦੇ ਅੰਕ ਵਿਚ ਬਲਜੀਤ ਬਾਸੀ ਆਪਣੇ ਲੇਖ ‘ਸਾਢਿਆਂ ਦੇ ਪਹਾੜੇ’ ਅਤੇ ‘ਅੱਧੇ ਦੀ ਬਰਕਤ’ ਵਿਚ ਲਿਖਦੇ ਹਨ, ‘ਗਵਾਂਢ’ (ਗੁਆਂਢ) ਸ਼ਬਦ ‘ਗਰਾਮ ਅਰਧ’ ਸ਼ਬਦ ਤੋਂ ਵਿਗੜ ਕੇ ਬਣਿਆ ਹੈ, ਜੋ ਸਹੀ ਨਹੀਂ ਹੈ। ਕੁਝ ਇੱਕਾ-ਦੁੱਕਾ ਸ਼ਬਦ ਤਾਂ ਇਸ ਤਰ੍ਹਾਂ (‘ਧ’ ਅੱਖਰ ਜਾਂ ਧੁਨੀ ਦੇ ‘ਢ’ ਅੱਖਰ ਵਿਚ ਤਬਦੀਲ ਹੋਣ ‘ਤੇ) ਬਣੇ ਹੋਏ ਹੋ ਸਕਦੇ ਹਨ, ਸਾਰੇ ਨਹੀਂ। ‘ਗਰਾਮ ਅਰਧ’ ਸ਼ਬਦ-ਜੁੱਟ ਦੇ ਅਰਥ ਬਿਲਕੁਲ ਸਪਸ਼ਟ ਹਨ- ਕਿਸੇ ਪਿੰਡ ਦਾ ਅੱਧ ਜਾਂ ਅੱਧਾ ਇਲਾਕਾ।
ਜਿਸ ‘ਗੁਆਂਢ’ ਸ਼ਬਦ ਦੇ ਅਰਥਾਂ ਤੋਂ ਅਸੀਂ ਸਾਰੇ ਵਾਕਫ ਹਾਂ (ਪ੍ਰਚਲਿਤ ਅਰਥ); ਉਹ ਹਨ- ਕਿਸੇ ਪਰਿਵਾਰ ਜਾਂ ਵਿਅਕਤੀ ਦੇ ਨਾਲ ਲੱਗਦੇ ਦੋ-ਚਾਰ ਘਰਾਂ ਵਿਚ ਰਹਿਣ ਵਾਲੇ ਲੋਕ। ਪਿੰਡ ਦੇ ਅੱਧ ਵਿਚ ਜਾਂ ਪਿੰਡ ਦੇ ਦੂਜੇ ਪਾਸੇ ਰਹਿਣ ਵਾਲਾ ਕੋਈ ਵਿਅਕਤੀ, ਪਿੰਡਵਾਸੀ ਜਾਂ ਗਰਾਂਈਂ ਤਾਂ ਹੋ ਸਕਦਾ ਹੈ ਪਰ ਉਸ ਨੂੰ ‘ਗੁਆਂਢੀ’ ਨਹੀਂ ਆਖਿਆ ਜਾ ਸਕਦਾ। ਪਿੰਡ ਦੀ ਜੂਹ ਵਿਚ ਰਹਿਣ ਵਾਲੇ ਨੂੰ ਵੀ ਗੁਆਂਢੀ ਨਹੀਂ ਆਖਿਆ ਜਾਂਦਾ। ਇੱਥੋਂ ਤਕ ਕਿ ਲਾਗਲੀ ਗਲੀ ਜਾਂ ਲਾਗਲੇ ਮਹੱਲੇ ਵਿਚ ਰਹਿਣ ਵਾਲਿਆਂ ਨੂੰ ਵੀ ਗੁਆਂਢੀ ਨਹੀਂ ਕਿਹਾ ਜਾਂਦਾ। ਬਾਸੀ ਜੀ ਧੱਕੇ ਨਾਲ ਹੀ ਪਾਠਕਾਂ ਨੂੰ ਇਹ ਗੱਲ ਮਨਾਉਣ ਲਈ ਯਤਨਸ਼ੀਲ ਹਨ ਕਿ ਪਿੰਡ ਦੇ ਅੱਧ ਜਾਂ ਪਿੰਡ ਦੀ ਜੂਹ ਵਿਚ ਜਾ ਕੇ ਰਹਿਣ ਵਾਲੇ ਨੂੰ ਵੀ ‘ਗੁਆਂਢੀ’ ਆਖਿਆ ਜਾ ਸਕਦਾ ਹੈ।
ਦਰਅਸਲ ਜਦੋਂ ਤੱਕ ਅਸੀਂ ਸੰਸਕ੍ਰਿਤ ਭਾਸ਼ਾ ਤੋਂ ਆਏ ਸ਼ਬਦਾਂ ਦੀ ਸ਼ਬਦ-ਵਿਉਤਪਤੀ ਦਾ ਆਧਾਰ ਧੁਨੀਆਂ ਜਾਂ ਮੂਲ ਸ਼ਬਦਾਂ-ਧਾਤੂਆਂ ਤੇ ਉਨ੍ਹਾਂ ਦੇ ਅਰਥਾਂ ਨੂੰ ਨਹੀਂ ਮੰਨ ਲੈਂਦੇ, ਉਦੋਂ ਤੱਕ ਅਸੀਂ ਇਸੇ ਤਰ੍ਹਾਂ ਹੀ ਭਟਕਦੇ ਰਹਾਂਗੇ ਪਰ ਗੱਲ ਕਿਸੇ ਵੀ ਤਣ-ਪੱਤਣ ਨਹੀਂ ਲੱਗੇਗੀ। ਦੂਜੀ ਭਾਸ਼ਾ ਵਿਚ ਜਾਣ ਸਮੇਂ ਕੁਝ ਸ਼ਬਦ ਤਦਭਵ ਰੂਪ ਧਾਰਨ ਕਰ ਲੈਂਦੇ ਹਨ ਭਾਵ ਆਪਣਾ ਰੂਪ ਕੁਝ ਹੱਦ ਤੱਕ ਵਟਾ ਲੈਂਦੇ ਹਨ। ਉਨ੍ਹਾਂ ਦਾ ਮੂਲ ਸਰੂਪ ਭਾਸ਼ਾ ਵਿਗਿਆਨਕ ਢੰਗ ਨਾਲ ਲੱਭਣ ਦੀ ਲੋੜ ਹੈ।
ਇੱਕ ਗੱਲ ਹੋਰ; ‘ਅਰਧ’ ਸ਼ਬਦ ਦਾ ਅਰਥ ਹਮੇਸ਼ਾ ‘ਅੱਧਾ’ ਹੀ ਹੁੰਦਾ ਹੈ ਪਰ ਬਾਸੀ ਜੀ ਨੇ ਇਸ ਦੇ ਅਰਥ ਵੀ ਖਿੱਚ ਕੇ ‘ਖੇਤਰ’ ਜਾਂ ਇਲਾਕਾ ਕਰ ਦਿੱਤੇ ਹਨ। ਇਸ ਲੇਖ ‘ਚ ਤਾਂ ਉਨ੍ਹਾਂ ਨੇ ‘ਗਰਾਮ-ਅਰਧ’ ਸ਼ਬਦ ਨੂੰ ਧੱਕੇ ਨਾਲ ਸੁੰਗੇੜ ਕੇ ‘ਪੜੋਸ’ ਜਾਂ ‘ਹਮਸਾਇਆ’ ਕਰ ਦਿੱਤਾ ਹੈ। ਜੇ ਉਨ੍ਹਾਂ ਅਨੁਸਾਰ ‘ਅਰਧ’ ਸ਼ਬਦ ਦੇ ਅਰਥ ਕਿਧਰੇ ‘ਖੇਤਰ’ ਲਏ ਜਾਂ ਕੀਤੇ ਵੀ ਗਏ ਹਨ ਤਾਂ ਉਨ੍ਹਾਂ ਨੂੰ ਉਸ ਵਿਸ਼ੇਸ਼ ਪ੍ਰਕਰਨ ਬਾਰੇ ਖੁੱਲ੍ਹ ਕੇ ਚਾਨਣਾ ਪਾਉਣਾ ਚਾਹੀਦਾ ਸੀ ਤਾਂਕਿ ਪਾਠਕ ਵੀ ਇਸ ਨਵੇਂ ‘ਤੱਥ’ ਤੋਂ ਜਾਣੂ ਹੋ ਸਕਦੇ। ਜੇ ਉਹ ‘ਪੁਆਧ’ (ਪੂਰਬੀ ਖੇਤਰ ਦਾ ਅੱਧ ਜਾਂ ਅਰਧ) ਆਦਿ ਸ਼ਬਦਾਂ ਵਿਚ ‘ਅਰਧ’ ਤੋਂ ਭਾਵ ‘ਖੇਤਰ’ ਲੈ ਰਹੇ ਹਨ ਤਾਂ ਇਹ ਸ਼ਬਦਾਂ ਨਾਲ ਨਿਰੀ ਜ਼ਿਆਦਤੀ ਹੈ। ‘ਪੁਆਧ’ ਇੱਕ ਸਮਾਸੀ ਸ਼ਬਦ ਹੈ ਅਤੇ ਇਸ ਵਿਚ ਦੋ ਸ਼ਬਦ ‘ਪੂਰਬ’ ਤੇ ‘ਅਰਧ’ ਰਲੇ ਹੋਏ ਹਨ। ਇਸ ਸ਼ਬਦ ਵਿਚ ‘ਖੇਤਰ’ ਦੇ ਅਰਥ ‘ਪੂਰਬ’ ਦਿਸ਼ਾ ਦੇ ਨਾਲ ਜੁੜੇ ਹੋਏ ਹਨ, ਨਾ ਕਿ ‘ਅਰਧ’ ਨਾਲ। ਉਨ੍ਹਾਂ ਵਲੋਂ ਦੱਸੇ ਗਏ ਸਾਰੇ ਸ਼ਬਦਾਂ, ਜਿਵੇਂ: ਅਰਧ ਵਿਰਾਮ, ਅਰਧ ਚੰਦਰਮਾ, ਅਰਧ ਨਗਨ, ਅਰਧ ਨਿੰਦਰੇ (ਅਰਧ ਨਿੰਦਰਾਵਲੇ) ਜਾਂ ਅਰਧ ਚੇਤਨਾ ਆਦਿ ‘ਚ ਵੀ ‘ਅਰਧ’ ਸ਼ਬਦ ਨੂੰ ‘ਪੁਆਧ’ ਵਿਚਲੇ ‘ਅਰਧ’ ਸ਼ਬਦ ਵਾਂਗ ਇੱਕ ਵਿਸ਼ੇਸ਼ਣ (ਸੰਖਿਆਵਾਚਕ ਵਿਸ਼ੇਸ਼ਣ; ਜਿਵੇਂ: ਅੱਧੀ ਰੋਟੀ, ਦੋ ਰੁਪਏ, ਦਸਵਾਂ ਦਿਨ ਆਦਿ) ਦੇ ਤੌਰ ‘ਤੇ ਹੀ ਵਰਤਿਆ ਗਿਆ ਹੈ, ਨਾਂਵ-ਸ਼ਬਦ ਦੇ ਤੌਰ ‘ਤੇ ਨਹੀਂ। ਵਿਸ਼ੇਸ਼ਣ ਦਾ ਕੰਮ ਹੈ, ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਦੇ ਗੁਣ ਜਾਂ ਔਗੁਣ ਦੱਸਣਾ, ਵਿਸ਼ੇਸ਼ਤਾ ਪ੍ਰਗਟ ਕਰਨੀ। ਜੇ ਕੋਈ ਨਾਂਵ-ਸ਼ਬਦ ‘ਖੇਤਰ’ ਵੱਲ ਇਸ਼ਾਰਾ ਕਰਦਾ ਹੈ ਤਾਂ ਉਥੇ ਇਸ ਦਾ ਭਾਵ ‘ਅੱਧਾ ਖੇਤਰ’ ਹੋਵੇਗਾ ਤੇ ਜੇ ਕਿਸੇ ਹੋਰ ਵਿਚਾਰ ਜਾਂ ਭਾਵ-ਬੋਧ ਵੱਲ ਇਸ਼ਾਰਾ ਹੈ ਤਾਂ ਉਥੇ ਉਹ ਉਸ ਚੀਜ਼ ਦੀ ਉਸੇ ਭਾਵ-ਬੋਧ ਦੇ ਸੰਦਰਭ ਵਿਚ ਹੀ ਵਿਆਖਿਆ ਕਰੇਗਾ। ਇਸ ਤਰ੍ਹਾਂ ਅਜਿਹੇ ਵਿਸ਼ੇਸ਼ਣ ਨਾਲ ਤਾਂ ਤੁਸੀਂ ਜਿਹੜਾ ਵੀ ਨਾਂਵ ਜਾਂ ਪੜਨਾਂਵ-ਸ਼ਬਦ ਲਾ ਦਿਓਗੇ, ਵਿਸ਼ੇਸ਼ਣ ਨੇ ਉਸੇ ਦੀ ਹੀ ਵਿਸ਼ੇਸ਼ਤਾ ਪ੍ਰਗਟ ਕਰਨੀ ਹੈ।
ਇਹ ਵੀ ਜ਼ਰੂਰੀ ਨਹੀਂ ਕਿ ਹਰੇਕ ਸ਼ਬਦ ਦਾ ਪਿਛੋਕੜ ਸੰਸਕ੍ਰਿਤ ਭਾਸ਼ਾ ਵਿਚ ਹੀ ਪਿਆ ਹੋਵੇ। ਕੁਝ ਸ਼ਬਦ ਹੋਰ ਭਾਸ਼ਾਵਾਂ ਤੋਂ ਵੀ ਆਏ ਹਨ ਜਿਨ੍ਹਾਂ ਦੀ ਵਿਉਤਪਤੀ ਬਾਰੇ ਜਾਣਨਾ ਬਹੁਤ ਮੁਸ਼ਕਲ ਹੈ। ਬਹੁਤ ਸਾਰੇ ਸ਼ਬਦ ਸਾਡੇ ਆਪਣੇ ਅਰਥਾਤ ਹਿੰਦੀ-ਪੰਜਾਬੀ ਆਦਿ ਭਾਸ਼ਾਵਾਂ ਵਾਲਿਆਂ ਨੇ ਵੀ ਈਜਾਦ ਕੀਤੇ ਹੋਏ ਹਨ, ਲੋੜ ਹੈ ਉਨ੍ਹਾਂ ਦੀ ਪਛਾਣ ਕਰਨ ਦੀ। ‘ਆਂਢ-ਗੁਆਂਢ’ ਸ਼ਬਦ ਸਾਡੀਆਂ ਦੇਸੀ ਭਾਸ਼ਾਵਾਂ ਤੋਂ ਹੀ ਉਪਜਿਆ ਸ਼ਬਦ ਜਾਪਦਾ ਹੈ। ‘ਗੁਆਂਢ’ ਸ਼ਬਦ ‘ਆਂਢ’ ਸ਼ਬਦ ਤੋਂ ਬਣਿਆ ਹੈ ਤੇ ‘ਆਂਢ’ ਸ਼ਬਦ ਦੇ ਕੋਸ਼ਗਤ ਅਰਥ ਹਨ- ਗੰਢ, ਗਿਰ੍ਹਾ, ਮੇਲ ਆਦਿ ਭਾਵ ਦੋ ਚੀਜ਼ਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆ ਕੇ ਉਨ੍ਹਾਂ ਦਾ ਮੇਲ ਕਰਾਉਣਾ। ‘ਆਂਢ’ ਸ਼ਬਦ ਵਿਚਲੀਆਂ ਧੁਨੀਆਂ ਅਨੁਸਾਰ ਵੀ ਇਸ ਸ਼ਬਦ ਦੇ ਲਗਭਗ ਇਹੋ ਹੀ ਅਰਥ ਬਣਦੇ ਹਨ। ‘ਆਂਢ’ ਸ਼ਬਦ ਦੇ ਇਨ੍ਹਾਂ ਅਰਥਾਂ ਦੇ ਆਧਾਰ ‘ਤੇ ‘ਗੁਆਂਢ’ ਸ਼ਬਦ ਦੇ ਅਰਥ ਹੋਏ, ‘ਆਂਢ’ ਅਰਥਾਤ ਬਿਲਕੁਲ ਨਾਲ ਲੱਗਦੇ ਘਰ ਜਾਂ ਉਨ੍ਹਾਂ ਘਰਾਂ ਦੇ ਨਾਲ ਲੱਗਦੇ ਇੱਕਾ-ਦੁੱਕਾ ਕੁਝ ਹੋਰ ਅਗਲੇਰੇ ਘਰ। ‘ਆਢਾ ਲਾਉਣਾ’ ਮੁਹਾਵਰੇ ਵਿਚਲਾ ‘ਆਢਾ’ ਸ਼ਬਦ ਵੀ ਲਗਭਗ ਇਨ੍ਹਾਂ ਹੀ ਧੁਨੀਆਂ ਨਾਲ ਬਣਿਆ ਹੋਇਆ ਹੈ ਜਿਸ ਦੇ ਅਰਥ ਹਨ-ਟਾਕਰਾ ਕਰਨਾ, ਟੱਕਰ ਲੈਣੀ ਜਾਂ ਮੁਕਾਬਲਾ ਕਰਨਾ ਆਦਿ। ਜ਼ਾਹਰ ਹੈ, ਟੱਕਰ ਵੀ ਕਿਸੇ ਦੇ ਨੇੜੇ ਹੋ ਕੇ ਹੀ ਲਈ ਜਾ ਸਕਦੀ ਹੈ, ਦੂਰੋਂ ਨਹੀਂ। ‘ਆਂਟ’ ਸ਼ਬਦ ਵੀ ਇਸ ਸ਼ਬਦ ਦਾ ਬਹੁਤ ਨਜ਼ਦੀਕੀ ਸ਼ਬਦ ਹੈ ਜਿਸ ਦੇ ਅਰਥ ਹਨ, ਕਿਸੇ ਚੀਜ਼ ਦੇ ਨਾਲ ਕੋਈ ਹੋਰ ਚੀਜ਼ ਲਾ ਕੇ, ਉਸ ਚੀਜ਼ ਨੂੰ ਸਹਾਰਾ ਦੇਣਾ। ਜਿਵੇਂ ‘ਆਂਟ’ (‘ਆਂਢ’ ਦੇ ‘ਢ’ ਅੱਖਰ ਦਾ ‘ਟ’ ਅੱਖਰ ਵਿਚ ਬਦਲਣ ਕਾਰਨ) ਸ਼ਬਦ ਵਿਚਲੀ ਇੱਕ ਧੁਨੀ ਦੇ ਬਦਲ ਜਾਣ ਕਾਰਨ ਇਸ ਸ਼ਬਦ ਦੇ ਅਰਥ ਉਸ ਵਿਚਲੀ ਬਦਲੀ ਹੋਈ ਧੁਨੀ ‘ਟ’ ਦੇ ਅਰਥਾਂ ਅਨੁਸਾਰ ਬਦਲ ਗਏ ਹਨ; ਠੀਕ ਇਸੇ ਪ੍ਰਕਾਰ, ਜਿਵੇਂ-ਜਿਵੇਂ ਸ਼ਬਦਾਂ ਦੀਆਂ ਧੁਨੀਆਂ ਵਿਚਕਾਰ ਅੰਤਰ ਆਉਂਦਾ ਜਾਂਦਾ ਹੈ, ਤਿਵੇਂ-ਤਿਵੇਂ ਸ਼ਬਦਾਂ ਦੇ ਅਰਥਾਂ ਵਿਚ ਵੀ ਤਬਦੀਲੀ ਆਉਂਦੀ ਜਾਂਦੀ ਹੈ।
‘ਆਂਢਾ-ਸਾਂਢਾ (ਸ+ਆਂਢਾ) ਕਰਨਾ’ ਮੁਹਾਵਰੇ ਦਾ ਅਰਥ ਵੀ ਦੋ ਧਿਰਾਂ ਦਾ ਮੇਲ-ਮਿਲਾਪ ਕਰਵਾਉਣਾ, ਗੰਢ-ਤੁੱਪ ਕਰਨੀ ਭਾਵ ਦੋ ਧਿਰਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣਾ ਹੈ। ਇਨ੍ਹਾਂ ਸ਼ਬਦਾਂ ਤੋਂ ਬਿਨਾ ‘ਆੜੀ’ ਸ਼ਬਦ ਵੀ ਜਿਸ ਨੂੰ ਕੁਝ ਲੋਕ ‘ਆਰੀਆ’ ਸ਼ਬਦ ਤੋਂ ਬਣਿਆ ਹੋਇਆ ਦੱਸਦੇ ਹਨ, ਵੀ ਇਸੇ ‘ਆੜ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ ਜਿਸ ਦਾ ਭਾਵ ਹੈ, ਇੱਕ-ਦੂਜੇ ਨਾਲ ਰਲ ਕੇ ਚੱਲਣ ਵਾਲੇ (ਜਿਵੇਂ ‘ਆੜ’ ਦੇ ਦੋਹਾਂ ਬੰਨਿਆਂ ਦਾ ਇੱਕ-ਦੂਜੇ ਨਾਲ ਅਤੇ ਪਾਣੀ ਨਾਲ ਸਾਥ ਬਣਿਆ ਹੋਇਆ ਹੈ), ਆਸਰਾ ਜਾਂ ਸਾਥ ਦੇਣ ਵਾਲੇ। ‘ਆੜ’ (ਆਸਰਾ ਜਾਂ ਓਟ) ਸ਼ਬਦ ਵੀ ਇਨ੍ਹਾਂ ਹੀ ਧੁਨੀਆਂ ਦੀ ਉਪਜ ਹੈ।
ਉਪਰੋਕਤ ਸਾਰੇ ਸ਼ਬਦਾਂ ਵਿਚ ਹੀ ਨਜ਼ਦੀਕ ਹੋਣ, ਨੇੜੇ ਤੋਂ ਨੇੜੇ ਹੋਣ ਜਾਂ ਮੇਲ ਕਰਵਾਉਣ ਦਾ ਸੰਕਲਪ ਹੀ ਵਿਆਪਕ ਹੈ; ਦੂਰ ਅਰਥਾਤ ਪਿੰਡ ਦੇ ਅੱਧ ਵਿਚਕਾਰ, ਪਿੰਡ ਤੋਂ ਬਾਹਰ ਜਾਂ ਜੂਹ ਵਿਚ ਹੋਣ ਦੀ ਗੱਲ ਵਰਗੇ ਭਾਵ ਇਨ੍ਹਾਂ ਸ਼ਬਦਾਂ ਵਿਚ ਕਿਧਰੇ ਵੀ ਦਿਖਾਈ ਨਹੀਂ ਦਿੰਦੇ। ਇਸ ਲਈ ਸਪਸ਼ਟ ਹੈ ਕਿ ‘ਗੁਆਂਢ’ ਸ਼ਬਦ ‘ਆਂਢ’ ਸ਼ਬਦ ਤੋਂ ਹੀ ਬਣਿਆ ਹੈ ਨਾ ਕਿ ਬਾਸੀ ਜੀ ਦੇ ਦੱਸਣ ਅਨੁਸਾਰ ‘ਗਰਾਮ ਅਰਧ’ ਜਾਂ ਇਹੋ-ਜਿਹੇ ਕਿਸੇ ਹੋਰ ਸ਼ਬਦ ਤੋਂ।
ਲੇਖ ਦੇ ਅੰਤ ਵਿਚ ਉਹ ਲਿਖਦੇ ਹਨ ਕਿ ‘ਅੱਡ’ ਸ਼ਬਦ ਵੀ ‘ਅਰਧ’ ਜਾਂ ‘ਅੱਧ’ ਸ਼ਬਦਾਂ ਤੋਂ ਹੀ ਬਣਿਆ ਹੋਇਆ ਹੈ। ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿਉਂਕਿ ‘ਅਰਧ’ ਸ਼ਬਦ ਦੇ ਅਰਥ ਹੁੰਦੇ ਹਨ; ਕਿਸੇ ਚੀਜ਼ ਦਾ ਅੱਧਾ ਭਾਗ ਜਦਕਿ ‘ਅੱਡ’ ਸ਼ਬਦ ਦੇ ‘ਅਰਥ’; ‘ਅਰਧ’ ਸ਼ਬਦ ਤੋਂ ਲਗਭਗ ਉਲਟ ਹਨ, ਜਿਵੇਂ: ਵੱਖ, ਵੱਖਰਾ, ਜੁਦਾ, ਅਲੱਗ, ਇਕੱਲਾ ਹੀ, ਆਪੇ ਹੀ (‘ਪੰਜਾਬੀ ਕੋਸ਼; ਭਾਸ਼ਾ ਵਿਭਾਗ ਪੰਜਾਬ’ ਅਨੁਸਾਰ)। ਉਂਜ ਇਸ ਸ਼ਬਦ ਦੀ ਨਿਰੁਕਤਕਾਰੀ ਕਰਦੇ ਸਮੇਂ ਉਨ੍ਹਾਂ ਨੇ ਇਸ ਦੇ ਪੱਖ ਵਿਚ ‘ਅੱਧੀ’ ਕੁ ਹਾਮੀ ਹੀ ਭਰੀ ਹੈ ਅਤੇ ਆਖਿਆ ਹੈ ਕਿ ਉਹ ਅਜੇ ਯਕੀਨੀ ਤੌਰ ‘ਤੇ ਇਸ ਸ਼ਬਦ ਬਾਰੇ ਕੁਝ ਨਹੀਂ ਕਹਿ ਸਕਦੇ। ਸੋ, ਅਸੀਂ ਵੀ ਇਸ ਸ਼ਬਦ ਬਾਰੇ ਅਜੇ ਅੱਧਾ ਕੁ ਹੀ ਲਿਖਾਂਗੇ, ਬਾਕੀ ਭਾਗ ਉਨ੍ਹਾਂ ਦੀ ‘ਖੋਜ’ ਮੁਕੰਮਲ ਹੋਣ ‘ਤੇ।
-ਜਸਵੀਰ ਸਿੰਘ ਲੰਗੜੋਆ
ਫੋਨ: 91-98884-03052