ਡਾ ਗੁਰਬਖਸ਼ ਸਿੰਘ ਭੰਡਾਲ
ਸਿੱਖੀ ਦਾ ਰੋਲ ਮਾਡਲ, ਸਿੱਖ ਸਰੋਕਾਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਵਾਲਾ ਸ਼ਖਸ, ਸਿੱਖ ਵਿਚਾਰਧਾਰਾ ਨੂੰ ਦੁਨੀਆਂ ਸਾਹਵੇਂ ਪੇਸ਼ ਕਰਨ ਲਈ ਅਤਿ-ਆਧੁਨਿਕ ਤਕਨੀਕ ਦਾ ਮਾਹਰ, ਸਿੱਖ ਇਨਸਾਈਕਲੋਪੀਡੀਆ ਦਾ ਰਚਨਹਾਰਾ, ਆਡੀਓ-ਵੀਡੀਓ ਸਿੱਖ ਮਿਊਜ਼ੀਮਅ ਦਾ ਸਿਰਜਕ, ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਲੀ ਵੱਡ-ਅਕਾਰੀ ਸੰਸਥਾ ਜਿਹਾ ਡਾæ ਰਘਬੀਰ ਸਿੰਘ ਬੈਂਸ ਨਹੀਂ ਰਹੇ। ਇਕ ਦਿਨ ਪਹਿਲਾਂ ਹੀ ਡੀਐਮਸੀ ਹਸਤਪਾਲ ਵਿਚ ਬਾਬਾ ਸੇਵਾ ਸਿੰਘ ਨਾਲ ਭਵਿੱਖ-ਮੁਖੀ ਸਲਾਹਾਂ ਕਰਨ ਵਾਲਾ ਡਾæ ਬੈਂਸ ਸਦਾ ਲਈ ਖਾਮੋਸ਼ ਹੋ ਗਿਆ ਜਦ ਹਸਪਤਾਲ ਵਿਚ ਹੀ ਉਨ੍ਹਾਂ ਨੂੰ ਦੁਬਾਰਾ ਹਾਰਟ-ਅਟੈਕ ਹੋ ਗਿਆ।
ਹੁਸ਼ਿਆਪੁਰ ਦੇ ਪਿੰਡ ਮਾਣਕ ਢੇਰੀ ਦੇ 81 ਕੁ ਸਾਲ ਦੇ ਡਾæ ਰਘਬੀਰ ਸਿੰਘ ਬੈਂਸ ਨੇ ਬਚਪਨ ਵਿਚ ਪੜ੍ਹਾਈ ਦੌਰਾਨ ਖੇਤੀਬਾੜੀ ਦੇ ਹਰ ਕਾਰਜ ਵਿਚ ਹੱਥ ਵਟਾਇਆ ਅਤੇ ਪਸ਼ੂ ਵੀ ਚਾਰੇ। ਡਾæ ਬੈਂਸ ਆਪਣੀ ਮਾਂ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਜੋ ਗੁੜਤੀ ਮਾਂ ਨੇ ਉਨ੍ਹਾਂ ਨੂੰ ਦਿਤੀ ਹੈ, ਮੈਂ ਉਨ੍ਹਾਂ ‘ਤੇ ਪਹਿਰਾ ਦੇਣ ਦਾ ਯਤਨ ਕਰ ਰਿਹਾ ਹਾਂ। ਉਹ ਬੀæਏæ ਕਰਨ ਤੋਂ ਬਾਅਦ ਰੇਲਵੇ ਵਿਚ ਭਰਤੀ ਹੋ ਗਏ। ਪ੍ਰਾਈਵੇਟ ਤੌਰ ‘ਤੇ ਐਲ਼ਐਲ਼ਬੀæ ਕੀਤੀ ਤੇ ਫਿਰ ਉਹ ਪੰਜਾਬ ਸਰਕਾਰ ਵਿਚ ਬਤੌਰ ਈæਟੀæਓæ ਸੇਵਾ ਨਿਭਾ ਕੇ 1990 ਵਿਚ ਕੈਨੇਡਾ ‘ਚ ਆ ਗਏ। ਉਨ੍ਹਾਂ ਦੇ ਮਨ ਵਿਚ ਸਮਾਜ ਸੇਵਾ ਦਾ ਚਾਅ ਤੇ ਸਮਾਜਕ ਮੁਹਾਂਦਰਾ ਨਿਖਾਰਨ ਦਾ ਸੌæਕ ਹੀ ਸੀ ਕਿ ਉਹ ਸੱਰੀ (ਬੀ ਸੀ) ਵਿਚ ਇਕ ਡਰੱਗ-ਕੌਂਸਲਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਨਾਲ ਹੀ ਨਾਲ ਉਹ ਸਿੱਖ ਇਨਸਾਈਕਲੋਪੀਡੀਆ ਬਣਾਉਣ ਦੇ ਕਾਰਜ ਵਿਚ ਰੁੱਝੇ ਰਹੇ। ਉਨ੍ਹਾਂ ਦਾ ਘਰ ਸਿੱਖ ਧਰਮ ਨਾਲ ਸਬੰਧਤ ਕਿਤਾਬਾਂ, ਰਸਾਲਿਆਂ ਅਤੇ ਵੱਖ-ਵੱਖ ਸਰੋਤਾਂ ਨਾਲ ਭਰਪੂਰ ਸੀ।
ਡਾæ ਬੈਂਸ ਸਮਝਦੇ ਸਨ ਕਿ ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜਨ ਲਈ ਸਿੱਖ ਧਰਮ ਬਾਰੇ ਹਰ ਕਿਸਮ ਦੀ ਜਾਣਕਾਰੀ ਕੰਪਿਊਟਰ ‘ਤੇ ਹੋਣੀ ਚਾਹੀਦੀ ਹੈ। ਇਸ ਕਰਕੇ ਉਨ੍ਹਾਂ 2000 ਪੰਨਿਆਂ ਦਾ ਸਿੱਖ ਇਨਸਾਈਕਲੋਪੀਡੀਆ ਤਿਆਰ ਕੀਤਾ ਅਤੇ ਆਡੀਓ-ਵੀਡੀਓ ਸਿੱਖ ਮਿਊਜ਼ੀਅਮ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ। ਉਨ੍ਹਾਂ ਦੀ ਪਹਿਲਕਦਮੀ ਤੇ ਸਿੱਖ-ਸੋਚ ਨੂੰ ਹਰ ਮਨੁੱਖ ਤੀਕ ਪਹੁੰਚਾਉਣ ਦਾ ਦ੍ਰਿੜ-ਨਿਸਚਾ ਹੀ ਸੀ ਕਿ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਭ ਤੋਂ ਪਹਿਲੇ ਆਡੀਓ-ਵੀਡੀਓ ਸਿੱਖ ਮਿਊਜ਼ੀਅਮ ਸਥਾਪਤ ਕਰਨ ਦੀ ਕੋਸ਼ਿਸ ਕੀਤੀ ਪਰ ਸ਼੍ਰੋਮਣੀ ਕਮੇਟੀ ਵਲੋਂ ਸਾਰਥਿਕ ਹੁੰਗਾਰਾ ਨਾ ਮਿਲਣ ‘ਤੇ ਉਨ੍ਹਾਂ ਨੇ ਸਭ ਤੋਂ ਪਹਿਲਾ ਸਿੱਖ ਮਿਊਜ਼ੀਅਮ ਖਡੂਰ ਸਾਹਿਬ ਵਿਖੇ ਸਥਾਪਤ ਕੀਤਾ। ਇਸ ਤੋਂ ਬਾਅਦ ਕੈਨੇਡਾ ਵਿਚ ਓਂਟਾਰੀਓ ਖਾਲਸਾ ਦਰਬਾਰ, ਮਿਸੀਸਾਗਾ; ਗੁਰਦੁਆਰਾ ਬੰਦੀਛੋੜ, ਗਵਾਲੀਅਰ (ਮੱਧ ਪ੍ਰਦੇਸ਼) ਅਤੇ ਗੁਰਦੁਆਰਾ ਮਾਡਲ ਟਾਊਨ ਜਲੰਧਰ ਵਿਖੇ ਸਿੱਖ ਮਿਊਜ਼ੀਅਮ ਸਥਾਪਤ ਕੀਤਾ ਪਰ ਉਨ੍ਹਾਂ ਦੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸਿੱਖ ਮਿਊਜ਼ੀਅਮ ਬਣਾਉਣ ਦੀ ਇੱਛਾ ਪੂਰੀ ਨਾ ਹੋ ਸਕੀ। ਸਿੱਖ ਧਰਮ ਨੂੰ ਆਧੁਨਿਕ ਲੀਹਾਂ ‘ਤੇ ਪ੍ਰਚਾਰਨ ਅਤੇ ਪ੍ਰਸਾਰਨ ਦਾ ਜਿੰਨਾ ਕਾਰਜ ਉਨ੍ਹਾਂ ਨੇ ਆਪਣੇ ਜੀਵਨ-ਕਾਲ ਵਿਚ ਕੀਤਾ ਏ, ਕਿਸੇ ਵੀ ਧਾਰਮਿਕ ਅਦਾਰਾ ਨੇ ਸ਼ਾਇਦ ਨਾ ਕੀਤਾ ਹੋਵੇ। ਉਹ ਤੁਰਦੇ-ਫਿਰਦੇ ਸਿੱਖੀ ਅਤੇ ਪੰਜਾਬੀ ਵਿਰਾਸਤ ਦੇ ਰੋਲ ਮਾਡਲ ਸਨ।
ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਖਡੂਰ ਸਾਹਿਬ ਵਿਖੇ ਸਿੱਖ ਮਿਊਜ਼ੀਅਮ ਸਥਾਪਤ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਮਿਆਰ ਤੇ ਸਹੂਲਤਾਂ ਵਾਲੇ ਨਿਸ਼ਾਨ-ਏ-ਸਿੱਖੀ ਅਦਾਰੇ ਨੂੰ ਸਥਾਪਤ ਕਰਨਾ ਡਾæ ਬੈਂਸ ਦੀ ਭਵਿੱਖਮੁਖੀ ਸੋਚ ਅਤੇ ਦਿਭ-ਦ੍ਰਿਸ਼ਟੀ ਦਾ ਹੀ ਕਮਾਲ ਸੀ। ਉਨ੍ਹਾਂ ਦੀ ਧਾਰਨਾ ਸੀ ਕਿ ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਬਿਹਤਰੀਨ ਤਰੀਕਾ ਉਨ੍ਹਾਂ ਨੂੰ ਸਿੱਖੀ ਵਾਤਾਵਰਣ ਵਿਚ ਉਚ ਵਿਦਿਅਕ ਸਹੂਲਤਾਂ ਦੇਣਾ ਅਤੇ ਕਿੱਤਾ-ਮੁੱਖੀ ਕੋਰਸ ਕਰਵਾ ਕੇ ਸਮਾਜ ਦਾ ਆਰਥਿਕ, ਮਾਨਸਿਕ ਅਤੇ ਸਮਾਜਿਕ ਵਿਕਾਸ ਕਰਨਾ ਹੈ। ਅੱਠ ਮੰਜ਼ਿਲੀ ਇਮਾਰਤ ਵਿਚ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਅੱਠ ਵਿਦਿਅਕ ਅਦਾਰਿਆਂ ਦੀ ਸਥਾਪਤੀ ਕਰਕੇ ਖਡੂਰ ਸਾਹਿਬ ਦੇ ਇਲਾਕੇ ਦੀ ਕਾਇਆ-ਕਲਪ ਵਿਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਉਹ ਹਰ ਸਾਲ ਪੰਜ ਮਹੀਨੇ ਖਡੂਰ ਸਾਹਿਬ ਵਿਖੇ ਨਿਸ਼ਕਾਮ ਸੇਵਾ ਪੂਰੀ ਨਿਸ਼ਠਾ ਨਾਲ ਨਿਭਾਉਂਦੇ ਰਹੇ।
ਡਾæ ਬੈਂਸ ਅਕਸਰ ਹੀ ਆਪਣੇ ਆਪ ਨੂੰ 80 ਸਾਲ ਦਾ ਨੌਜਵਾਨ ਕਹਿੰਦੇ ਸਨ। ਉਹ ਭਾਵੇਂ ਕੈਨੇਡਾ, ਅਮਰੀਕਾ ਜਾਂ ਇੰਡੀਆ ਹੁੰਦੇ, ਸਦਾ ਹੀ ਵੱਖ-ਵੱਖ ਅਦਾਰਿਆਂ, ਸੈਮੀਨਾਰਾਂ ਜਾਂ ਕਾਨਫਰੰਸਾਂ ਨਾਲ ਸਮਾਜ ਨੂੰ ਜਾਗਰੂਕ ਕਰਨ ਦੇ ਕਾਰਜ ਵਿਚ ਮਸ਼ਰੂਫ ਰਹਿੰਦੇ। ਮਿਸੀਸਾਗਾ ਵਿਖੇ ਸਿੱਖ ਮਿਊਜ਼ੀਅਮ ਦੀ ਸਥਾਪਨਾ ਮੌਕੇ ਉਹ ਅੱਧੀ-ਅੱਧੀ ਰਾਤ ਤੱਕ ਮਿਊਜ਼ੀਅਮ ਦੀ ਤਿਆਰੀ ‘ਚ ਰੁੱਝੇ ਰਹਿੰਦੇ। ਡਾæ ਬੈਂਸ ਨੇ 67 ਸਾਲ ਦੀ ਉਮਰੇ ਸੰਨ 2000 ਵਿਚ ਅਮਰੀਕਨ ਯੂਨੀਵਰਸਿਟੀ ਤੋਂ ਧਰਮ ਦੇ ਵਿਸ਼ੇ ‘ਤੇ ਪੀਐਚæਡੀæ ਕਰਕੇ ਇਹ ਸਿੱਧ ਕੀਤਾ ਕਿ ਸਿੱਖਣ ਲਈ ਕੋਈ ਵੀ ਉਮਰ ਵਿਸ਼ੇਸ਼ ਨਹੀਂ ਹੁੰਦੀ। ਤੁਸੀਂ ਉਮਰ ਦੇ ਕਿਸੇ ਵੀ ਪੜਾਅ ‘ਤੇ ਆਪਣੇ ਸੁਪਨਿਆਂ ਨੂੰ ਸੱਚ ਕਰ ਸਕਦੇ ਹੋ।
ਸਦਾ ਹੀ ਹੱਸੂੰ ਹੱਸੂੰ ਕਰਦੇ ਰਹਿਣਾ, ਪੁਰ-ਖਲੂਸ ਵਿਚਾਰਾਂ ਤੇ ਬੋਲਾਂ ਨਾਲ ਪ੍ਰਭਾਵਤ ਕਰਨਾ ਡਾæ ਬੈਂਸ ਦੀ ਖਾਸੀਅਤ ਸੀ। ਆਪਣੀ ਲਿਖਤ ਨਾਲ ਸਮਾਜ ਨੂੰ ਇਕ ਸੁਨੇਹਾ ਦੇ ਕੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਤੋਂ ਸੁਚੇਤ ਕਰਨਾ, ਉਨ੍ਹਾਂ ਦਾ ਧਰਮ ਸੀ। ਨੌਜਵਾਨਾਂ ਵਿਚ ਨਸ਼ਿਆਂ ਦੀ ਅਲਾਮਤ, ਬੇਕਾਰ ਤੇ ਕਦਰਾਂ-ਕੀਮਤਾਂ ਤੋਂ ਬੇਮੁਖ ਹੋ ਰਹੀ ਜਵਾਨੀ, ਐਚæਆਈæਵੀæ ਤੇ ਏਡਜ਼ ਵਰਗੀਆਂ ਬਿਮਾਰੀਆਂ ਦਾ ਕਹਿਰ ਅਤੇ ਵੇਸਵਾ-ਗਮਨੀ ਦੇ ਕਲੰਕ ਬਾਰੇ ਉਨ੍ਹਾਂ ਦੇ ਲੇਖ ਅਕਸਰ ਹੀ ਅਖਬਾਰਾਂ-ਰਸਾਲਿਆਂ ਵਿਚ ਛਪਦੇ ਰਹਿੰਦੇ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਕੀਨੀਆ, ਤਨਜਾਨੀਆ ਅਤੇ ਯੁਗਾਂਡਾ ਆਦਿ ਦੇਸ਼ਾਂ ਵਿਚ ਏਡਜ਼ ਤੇ ਐਚæਆਈæਵੀæ ਵਰਗੀ ਨਾਮੁਰਾਦ ਬਿਮਾਰੀਆਂ ਤੋਂ ਪੀੜਤ ਅਤੇ ਵੇਸਵਾ-ਗਮਨੀ ਤੋਂ ਪ੍ਰਭਾਵਿਤ ਔਰਤਾਂ ਤੇ ਨੌਜਵਾਨ ਲੜਕੀਆਂ ਦੀ ਤਰਸਯੋਗ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੀ ਗੱਲ ਗੱਲ ਵਿਚ ਇਨ੍ਹਾਂ ਪ੍ਰਤੀ ਫਿਕਰਮੰਦੀ ਸੀ ਅਤੇ ਉਨ੍ਹਾਂ ਨੇ ਇਸ ਸਮੱਸਿਆ ਦੇ ਹੱਲ ਲਈ ਖਾਕਾ ਵੀ ਤਿਆਰ ਕੀਤਾ ਸੀ।
ਡਾæ ਬੈਂਸ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਦੇ ਰੋਮ ਰੋਮ ਵਿਚ ਸਿੱਖੀ, ਸਿੱਖ-ਧਰਮ, ਪੰਜਾਬੀ ਅਤੇ ਪੰਜਾਬੀਅਤ ਦਾ ਵਾਸਾ ਸੀ। ਉਹ ਸਮਾਜ ਦੀ ਅਜਿਹੀ ਮਾਣਮੱਤੀ ਸ਼ਖਸੀਅਤ ਸਨ, ਜਿਨ੍ਹਾਂ ਦੀ ਸੰਗਤ ਵਿਚ ਤੁਸੀਂ ਖੁਦ ਨੂੰ ਮਾਣਮੱਤਾ ਮਹਿਸੂਸ ਕਰਦੇ ਹੋ। ਡਾæ ਬੈਂਸ ਦਾ ਬੀ ਸੀ ਦੀ ਸਰਕਾਰ ਨੇ ਆਰਡਰ ਆਫ ਬੀ ਸੀ, ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮਾਣਮੱਤੇ ਕੈਨੇਡੀਅਨ ਨਾਗਰਿਕ ਦਾ ਸਨਮਾਨ ਅਤੇ ਕੈਨੇਡਾ ਸਰਕਾਰ ਨੇ ਡਾਇਮੰਡ ਜੁਬਲੀ ਮੈਡਲ ਦੇ ਕੇ ਮਾਣ-ਸਨਮਾਨ ਕੀਤਾ। ਉਨ੍ਹਾਂ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਖਾਲਸਾ ਸਿਰਜਣਾ ਦੇ 300 ਸਾਲਾ ਸਮਾਗਮਾਂ ਮੌਕੇ ਸਨਮਾਨ ਦੇ ਕੇ ਨਵਾਜਿਆ। ਇਸ ਤੋਂ ਇਲਾਵਾ ਭਾਸ਼ਾ ਵਿਭਾਗ, ਪੰਜਾਬ ਵਲੋਂ ਸਾਹਿਤ ਲਈ ਵਿਸ਼ੇਸ਼ ਸਨਮਾਨ ਆਦਿ ਸਮੇਤ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਧਾਰਮਿਕ, ਵਿਦਿਅਕ ਅਤੇ ਸਮਾਜਿਕ ਅਦਾਰਿਆਂ ਨੇ ਡਾæ ਬੈਂਸ ਨੂੰ ਮਾਣ-ਸਨਮਾਨ ਦਿੱਤਾ।
ਡਾæ ਬੈਂਸ ਇਕ ਰੌਸ਼ਨ ਚਿਰਾਗ ਸਨ ਜਿਸ ਦੀ ਰੋਸ਼ਨੀ ਆਉਣ ਵਾਲੀਆਂ ਨਸਲਾਂ ਦਾ ਮਾਰਗ-ਦਰਸ਼ਨ ਕਰਦੀ ਰਹੇਗੀ। ਉਨ੍ਹਾਂ ਲਈ ਸੱਚੀ ਸਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਅਤੇ ਉਨ੍ਹਾਂ ਦੇ ਛੋਹੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਆਪੋ-ਆਪਣਾ ਯੋਗਦਾਨ ਪਾਈਏ।
*ਕਲੀਵਲੈਂਡ ਸਟੇਟ ਯੂਨੀਵਰਸਿਟੀ, ਕਲੀਵਲੈਂਡ, ਯੂæਐਸ਼ਏ।