ਗੁਲਜ਼ਾਰ ਸਿੰਘ ਸੰਧੂ
2016 ਦੀ ਦੀਵਾਲੀ ਨੇ ਸਾਡੇ ਵਿਹੜੇ ਉਚ ਕੋਟੀ ਦੇ ਸਾਹਿਤ ਤੇ ਸੰਗੀਤ ਦੀ ਛਹਿਬਰ ਲੈ ਆਂਦੀ। ਇਹ ਪਿਰਤ ਫਿਲਮੀ ਦੁਨੀਆਂ ਦੇ ਪ੍ਰਸਿੱਧ ਹਸਤਾਖਰ ਗੁਲਜ਼ਾਰ ਨੇ ਰਾਬਿੰਦਰ ਨਾਥ ਟੈਗੋਰ ਦੀਆਂ ਚੋਣਵੀਆਂ ਕਵਿਤਾਵਾਂ ਦਾ ਵਧੀਆ ਰੂਪ ਅਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਗਾਏ ਲੋਕ ਗੀਤਾਂ ਤੇ ਲੈਅਮਈ ਕਵਿਤਾਵਾਂ ਦੀਆਂ ਸੰਗੀਤ ਐਲਬਮਾਂ ਦਾਸ ਨੂੰ ਤੋਹਫੇ ਵਜੋਂ ਭੇਜ ਕੇ ਪਾਈ ਹੈ। ਗੁਲਜ਼ਾਰ ਤੇ ਬਰਜਿੰਦਰ ਸਿੰਘ ਦੀ ਪੇਸ਼ਕਾਰੀ ਦੀਵਾਲੀ ਦੇ ਦੀਵਿਆਂ ਤੇ ਮੋਮਬੱਤੀਆਂ ਦੀ ਰੋਸ਼ਨੀ ਨੂੰ ਮਾਤ ਪਾਉਂਦੀ ਹੈ। ਵੱਡੀ ਗੱਲ ਇਹ ਕਿ ਦੋਨਾਂ ਦੀ ਚੋਣ ਕਮਾਲ ਦੀ ਹੈ। ਉਨ੍ਹਾਂ ਦੀ ਆਵਾਜ਼ ਨੂੰ ਸ਼ਬਦਾਂ ਵਿਚ ਕੈਦ ਕਰਨਾ ਸੌਖਾ ਤਾਂ ਨਹੀਂ ਪਰ ਮੇਰੇ ਕੋਲੋਂ ਨਿਮਾਣਾ ਜਿਹਾ ਯਤਨ ਕੀਤੇ ਬਿਨਾ ਰਹਿ ਨਹੀਂ ਹੁੰਦਾ।
ਗੁਲਜ਼ਾਰ ਦੀ ਆਵਾਜ਼ ਕਿਸੇ ਰੁੱਖ ਦੀ ਓਹਲੇ ਲੁਟੀਆ ਲੈ ਕੇ ਖੜੀ ਪ੍ਰੇਮਿਕਾ ਦੇ ਹਾਵ-ਭਾਵ ਹੀ ਨਹੀਂ ਫੜਦੀ, ਦੋ ਭੈਣਾਂ ਦਾ ਰੁੱਖ ਦੇ ਪਿਛੋਂ ਦੇਖ ਰਹੇ ਗੱਭਰੂ ਅਤੇ ਮੰਦ ਮੰਦ ਮੁਸਕਾਣਾ ਤੇ ਖੁੱਲ੍ਹ ਕੇ ਹੱਸਣਾ ਵੀ ਪੇਸ਼ ਕਰਦੀ ਹੈ। ਜੇ ਕਿਸੇ ਗੀਤ ਵਿਚਲਾ ਮਰਦ ਕਿਸੇ ਸੋਹਣੀ ਤੇ ਮਨਮੋਹਣੀ ਮੁਟਿਆਰ ਨੂੰ ਹਾਰ ਸ਼ਿੰਗਾਰ ਲਾਏ ਬਿਨਾ ਪ੍ਰਵਾਨ ਕਰਨ ਲਈ ਉਤਾਵਲਾ ਹੈ ਤਾਂ ਇਕ ਹੋਰ ਗੀਤ ਦੀ ਸੁੰਦਰੀ ਆਪਣੇ ਚਾਹੁਣ ਵਾਲੇ ਗੱਭਰੂ ਦੀ ਉਡੀਕ ਵਿਚ ਉਤਾਵਲੇ ਹੋਣ ਦੇ ਬਾਵਜੂਦ ਸਾਹਮਣੇ ਹੋਣ ‘ਤੇ ਏਨੀ ਸ਼ਰਮਾ ਜਾਂਦੀ ਹੈ ਕਿ Ḕਮੈਂ ਵੁਹੀ ਹੂੰḔ ਨਹੀਂ ਬੋਲ ਸਕਦੀ। ਇਕ ਹੋਰ ਚਾਹੁਣ ਵਾਲੇ ਦਾ ਆਪਣੇ ਸੀਨੇ ਵਿਚ ਦਬਾ ਰਖਿਆ ਫੁੱਲ ਮੁਰਝਾ ਚੁੱਕਾ ਹੈ ਤੇ ਉਸ ਦੀ ਖੁਸ਼ਬੂ ਸੀਨੇ ਤੋਂ ਏਨੀ ਦੂਰ ਜਾ ਚੁੱਕੀ ਹੈ ਕਿ ਉਸ ਨੂੰ ਫੜਨਾ ਅਸੰਭਵ ਹੋ ਚੁੱਕਾ ਹੈ। ਟੈਗੋਰ ਨੇ ਆਪਣੀਆਂ ਕਵਿਤਾਵਾਂ ਵਿਚ ਏਸ ਤਰ੍ਹਾਂ ਦੀ ਬੇਬਸੀ ਤੇ ਤਮੰਨਾ ਨੂੰ ਪਤਾ ਨਹੀਂ ਕਿਵੇਂ ਫੜਿਆ ਹੈ, ਗੁਲਜ਼ਾਰ ਨੇ ਇਨ੍ਹਾਂ ਦਾ ਹਿੰਦੀ ਰੂਪ ਆਪਣੀ ਕਾਵਿਕ ਆਵਾਜ਼ ਵਿਚ ਖੂਬ ਪੇਸ਼ ਕੀਤਾ ਹੈ।
ਦੂਜੀ ਸੀæਡੀæ ਵਿਚ ਟੈਗੋਰ ਦੀਆਂ ਬਾਲ ਕਵਿਤਾਵਾਂ ਹਨ। ਇਨ੍ਹਾਂ ਵਿਚ ਟੈਗੋਰ ਨੰਨ੍ਹੇ-ਮੁੰਨ੍ਹੇ ਬੱਚੇ ਦੀ ਨੀਂਦ ਚੁਰਾਉਣ ਵਾਲੇ ਨੂੰ ਕੋਸਦਾ ਹੈ। ਇੱਕ ਹੋਰ ਥਾਂ ਮੁੰਨਾ ਆਪਣੇ ਬਾਬੇ ਦੇ ਬਰਾਬਰ ਹੋਣ ਦਾ ਦਾਅਵਾ ਕਰਦਾ ਹੈ। ਕਿਸੇ ਬੀਰ ਪੁਰਸ਼ ਵਾਂਗ ਇੱਕ ਹੋਰ ਬਾਲਕ ਦਿਨ ਰਾਤ ਕਾਗਜ਼ ਕਾਲੇ ਕਰਨ ਵਾਲੇ ਬਾਬੇ ਉਤੇ ਹੈਰਾਨ ਹੈ ਜਿਹੜਾ ਆਪ ਤਾਂ ਲਿਖਣੋ ਬਾਜ਼ ਨਹੀਂ ਆਉਂਦਾ ਪਰ ਬਾਲਕ ਨੂੰ ਕਾਗਜ਼ ਦੀ ਕਿਸ਼ਤੀ ਬਣਾਉਣ ਲਈ ਇਕ ਵੀ ਕਾਗਜ਼ ਨਹੀਂ ਚੁੱਕਣ ਦਿੰਦਾ। ਇਕ ਹੋਰ ਕਵਿਤਾ ਵਿਚਲਾ ਬਾਲਕ ਅਸਮਾਨ ਉਤੇ ਚੱਲ ਰਹੇ ਬੱਦਲਾਂ ਨੂੰ ਆਪਣੀ ਕਾਗਜ਼ ਦੀ ਕਿਸ਼ਤੀ ਦੇ ਰੂਪ ਵਿਚ ਵੇਖਦਾ ਹੈ। ਦੋਵੇਂ ਹਰ ਰੋਜ਼ ਨਵੇਂ ਤੋਂ ਨਵੇਂ ਕਿਨਾਰੇ ਲੱਭਦੇ ਹਨ। ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ। ਇਥੇ ਵੀ ਗੁਲਜ਼ਾਰ ਨੇ ਟੈਗੋਰ ਦੀ ਬੱਚਿਆਂ ਪ੍ਰਤੀ ਭਾਵਨਾ ਨੂੰ ਖੂਬ ਫੜਿਆ ਹੈ।
ਡਾæ ਬਰਜਿੰਦਰ ਸਿੰਘ ਦੀ ਇੱਕ ਐਲਬਮ ਵਿਚ ਲੋਕ-ਗੀਤ ਹਨ ਤੇ ਦੂਜੀ ਵਿਚ ਵਡੇਰੀ ਉਮਰ ਦੀ ਆਸਥਾ ਭਾਰੀ ਪ੍ਰਾਰਥਨਾ। ਲੋਕ-ਗੀਤਾਂ ਵਿਚ ਭੈਣ ਆਪਣੇ ਵੀਰ ਦਾ ਬਾਗ-ਬਗੀਚਾ ਤੇ ਵਿਹੜਾ ਛੱਡ ਕੇ ਕੂੰਜ ਵਾਂਗ ਕੁਰਲਾਉਂਦੀ ਹੈ। ਮਹਿਬੂਬਾ ਆਪਣੇ ਮਹਿਬੂਬ ਨੂੰ ਜੰਮੂਏਂ ਤੋਂ ਪਾਰ ਜਾਣੋ ਰੋਕਣ ਲਈ ਬਾਗ ਲਵਾਉਂਦੀ ਤੇ ਚੀਰੇ ਰੰਗਾਉਂਦੀ, ਕੈਂਠੇ ਘੜਾਉਣ ਤੱਕ ਚਲੀ ਜਾਂਦੀ ਹੈ। ਇੱਕ ਹੋਰ ਥਾਂ ਮਾਹੀ ਨੂੰ ਤੋਰਨ ਸਮੇਂ ਮਹਿਬੂਬਾ ਬੁੱਕ-ਬੁੱਕ ਰੋਂਦੀ ਹੈ। ਗਾਇਕ ਬਰਜਿੰਦਰ ਸਿੰਘ ਨੇ ਇਨ੍ਹਾਂ ਖੱਟੇ ਮਿੱਠੇ ਹੰਝੂਆਂ ਨੂੰ ਚਮਕਾਉਣ ਲਈ ਦੂਰ ਵਸੇਂਦੇ ਚੰਦਰਮਾ ਦੀ ਸ਼ਰਨ ਵੀ ਲਈ ਹੈ ਤੇ ਬੂਹੇ Ḕਤੇ ਬੈਠੇ ਜੋਗੀ ਦੀ ਵਿਥਿਆ ਵੀ ਦਰਸਾਈ ਹੈ। ਇੱਕ ਹੋਰ ਗੀਤ ਵਿਚ ਦਿਉਰ ਦੇ ਬਾਜਰੇ ਦੀ ਰਾਖੀ ਬੈਠਣ ਤੋਂ ਮੁਨਕਰ ਹੋਈ ਭਾਬੀ ਵਲੋਂ ਤਾੜੀ ਵਜਾਉਣ ਸਮੇਂ ਮਹਿੰਦੀ ਲਥਣ, ਅੱਡੀ ਮਾਰਨ ਸਮੇਂ ਝਾਂਜਰ ਲੱਥਣ ਅਤੇ ਢੀਮ ਮਾਰ ਕੇ ਪੰਛੀ ਉਡਾਉਣ ਦੀ ਸੂਰਤ ਵਿਚ ਸਿਰ ਉਤੋਂ ਚੁੰਨੀ ਲਹਿਣ ਦੀਆਂ ਦਲੀਲਾਂ ਵੀ ਮਜ਼ੇਦਾਰ ਹਨ।
ਦੀਵਾਲੀ ਮੌਕੇ ਪ੍ਰਾਪਤ ਹੋਈਆਂ ਇਨ੍ਹਾਂ ਸੀਡੀਆਂ ਦੀ ਸਿਖਰ ਬਰਜਿੰਦਰ ਸਿੰਘ ਦੀ ਸੰਗੀਤਕ ਐਲਬਮ ḔਆਸਥਾḔ ਹੈ ਜਿਹੜੀ ਇਕ ਤਰ੍ਹਾਂ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਕੀਤੀ ਪ੍ਰਾਰਥਨਾ ਹੈ। ਇਨ੍ਹਾਂ ਵਿਚ ਮਨ ਲਈ ਉਹ ਸ਼ਕਤੀ ਮੰਗੀ ਗਈ ਹੈ ਜਿਹੜੀ ਝੂਠ ਬੋਲਣ ਤੋਂ ਵਰਜੇ, ਦੂਸਰੇ ਦੀਆਂ ਭੁੱਲਾਂ ਨੂੰ ਮੁਆਫ ਕਰੇ ਤੇ ਸਵੈਵਿਸ਼ਵਾਸ ਜਗਾਵੇ। ਇਕ ਹੋਰ ਨਜ਼ਮ ਵਿਚ ਮਾਲਕ ਤੋਂ ਚੰਗੇ ਕਰਮ ਕਰਨ ਦੀ ਸ਼ਕਤੀ ਵੀ ਮੰਗੀ ਗਈ ਹੈ, ਬਦੀ ਤੋਂ ਟਲ ਕੇ ਨੇਕੀ ਕਰਨ ਦੀ ਭਾਵਨਾ ਵੀ ਤੇ ਬੁਰਾਈ ਕਰਨ ਵਾਲਿਆਂ ਤੋਂ ਬਦਲਾ ਲੈਣ ਦੀ ਭਾਵਨਾ ਦੀ ਥਾਂ ਭਲਾਈ ਕਰਨ ਦੀ ਸ਼ਕਤੀ ਵੀ। ਬਰਜਿੰਦਰ ਸਿੰਘ ਦੇ ਗਾਏ ਇਨ੍ਹਾਂ ਗੀਤਾਂ ਵਿਚ ਚੰਗਾ ਜੀਵਨ ਜੀਊਣ ਦੇ ਨਾਲ ਨਾਲ ਖੁਸ਼ੀਆਂ ਦੀ ਫਸਲ ਉਗਾ ਕੇ ਖੁਸ਼ੀਆਂ ਵੰਡਣ ਦਾ ਸੰਦੇਸ਼ ਹੈ। ਇੱਕ ਦੂਜੇ ਨੂੰ ਵਿਸ਼ਵਾਸ ਦੇਣਾ ਹੀ ਕਾਫੀ ਨਹੀਂ, ਸ਼ੰਕਿਆਂ ਦਾ ਸਾਗਰ ਤਰ ਕੇ ਤੇ ਭਰਮ ਭੁਲੇਖੇ ਤਿਆਗ ਕੇ ਨਵਾਂ ਸਵਰਗ ਸਿਰਜਣ ਦੀ ਲੋੜ ਵੀ ਹੈ।
ਉਪਰ ਵਾਲੇ ਤੋਂ ਮੰਗਾਂ ਮੰਗਣ ਦੇ ਨਾਲ-ਨਾਲ ਗਾਇਕ ਨੇ ਸਰਫਰੋਸ਼ੀ ਦੀ ਉਸ ਤਮੰਨਾ ਨੂੰ ਵੀ ਚੇਤੇ ਕੀਤਾ ਹੈ ਜੋ ਕਾਤਲ ਦੇ ਬਾਜੂ ਦਾ ਵੀ ਜ਼ੋਰ ਅਜ਼ਮਾਉਣਾ ਚਾਹੁੰਦੀ ਹੈ। Ḕਵਕਤ ਆਨੇ ਪਰ ਬਤਾ ਦੇਂਗੇ ਤੁਝੇ ਓ ਆਸਮਾਂ, ਹਮ ਅਭੀ ਸੇ ਕਿਆ ਬਤਾਏਂ ਜੋ ਹਮਾਰੇ ਦਿਲ ਮੇਂ ਹੈḔ ਵਰਗਾ।
ਅੰਤ ਵਿਚ ਇਨਸਾਨ ਦੇ ਇਨਸਾਨ ਪ੍ਰਤੀ ਮੋਹ ਮੁਹਬਤ ਦੀ ਗੱਲ ਕਰਕੇ ਦੀਵਾਲੀ ਦੇ ਉਤਸਵੀ ਸਮੇਂ ਹਰ ਇੱਕ ਮਹਿਲ ਤੋਂ ਗਰੀਬ ਦੀ ਝੌਂਪੜੀ ਵਿਚ ਦੀਵੇ ਜਲਾ ਕੇ ਛੋਟੇ-ਵੱਡੇ ਦਾ ਫਰਕ ਮਿਟਾਉਣ ਦਾ ਵਚਨ ਦੇਣਾ, ਇਨ੍ਹਾਂ ਸੰਗੀਤਕ ਐਲਬਮਾਂ ਦੀ ਸਿਖਰ ਹੈ।
ਜਰਨੈਲ ਸਿੰਘ ਨੂੰ ਢਾਹਾਂ ਪੁਰਸਕਾਰ: ਕੈਨੇਡਾ ਨਿਵਾਸੀ ਬਰਜਿੰਦਰ ਸਿੰਘ ਢਾਹਾਂ ਵਲੋਂ ਸਥਾਪਤ ਵਡਮੁੱਲੇ ਢਾਹਾਂ ਪੁਰਸਕਾਰ ਜਰਨੈਲ ਸਿੰਘ ਦੀ ਪੁਸਤਕ Ḕਕਾਲੇ ਵਰਕੇḔ (ਲੋਕਗੀਤ ਪ੍ਰਕਾਸ਼ਨ) (25000 ਡਾਲਰ), ਪਾਕਿਸਤਾਨੀ ਲੇਖਕ ਜ਼ਾਹਿਦ ਹਸਨ ਦੀ Ḕਤੱਸੀ ਧਰਤੀḔ (5000 ਡਾਲਰ) ਤੇ ਪੱਟੀ ਨਿਵਾਸੀ ਸਿਮਰਨ ਸਿੰਘ ਧਾਲੀਵਾਲ ਦੀ Ḕਉਸ ਪਲḔ (5000 ਡਾਲਰ) ਨੂੰ ਦਿੱਤੇ ਗਏ ਹਨ। ਇਸ ਮੌਕੇ ਬਰਜਿੰਦਰ ਸਿੰਘ ਢਾਹਾਂ ਨੇ ਅੱਗੇ ਤੋਂ ਨਵੰਬਰ ਮਹੀਨੇ ਦਾ ਪਹਿਲਾ ਹਫਤਾ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਸਪਤਾਹ ਵਜੋਂ ਮਨਾਉਣ ਦਾ ਐਲਾਨ ਵੀ ਕੀਤਾ। ਚੇਤੇ ਰਹੇ, ਬਰਜਿੰਦਰ ਸਿੰਘ ਨਵਾਂਸ਼ਹਿਰ ਇਲਾਕੇ ਵਿਚ ਵੱਡੇ ਹਸਪਤਾਲ ਸਥਾਪਤ ਕਰਨ ਲਈ ਪ੍ਰਸਿੱਧ ਹੋ ਚੁੱਕੇ ਬੁੱਧ ਸਿੰਘ ਢਾਹਾਂ ਦਾ ਪੁੱਤਰ ਹੈ।
ਅੰਤਿਕਾ: ਬਰਜਿੰਦਰ ਸਿੰਘ ਹਮਦਰਦ ਦੀ ḔਆਸਥਾḔ ਵਿਚੋਂ
ਗਰਜ ਬਰਸ ਪਿਆਸੀ ਧਰਤੀ ਕੋ ਫਿਰ ਪਾਨੀ ਦੇ ਮੌਲਾ।
ਚਿੜੀਓ ਕੋ ਦਾਨੇ ਬੱਚੋਂ ਕੋ ਗੁੜਧਾਨੀ ਦੇ ਮੌਲਾ।
ਦੋ ਔਰ ਦੋ ਕਾ ਜੋੜ ਹਮੇਸ਼ਾ ਚਾਰ ਕਹਾਂ ਹੋਤਾ ਹੈ,
ਸੋਚ ਸਮਝ ਵਾਲੋਂ ਕੋ ਥੋੜ੍ਹੀ ਨਾਦਾਨੀ ਦੇ ਮੌਲਾ।
ਤੇਰੇ ਹੋਤੇ ਕੋਈ ਕਿਸੀ ਕੀ ਜਾਨ ਕਾ ਦੁਸ਼ਮਣ ਕਿਉਂ ਹੋ,
ਜੀਨੇ ਵਾਲੋਂ ਕੋ ਮਰਨੇ ਮੇਂ ਆਸਾਨੀ ਦੇ ਮੌਲਾ।