ਡਾæ ਦਲੀਪ ਕੌਰ ਟਿਵਾਣਾ
ਫੋਨ: 0175-2282239
ਅੱਛੀ ਗੱਲ ਹੈ ਕਿ ਅਸੀਂ ਆਪਣੇ ਪੰਜਾਬੀ ਸੂਬੇ ਦੀ 50ਵੀਂ ਵਰ੍ਹੇ ਗੰਢ ਮਨਾ ਰਹੇ ਹਾਂ। ਪਰ ਇਹ ਸੋਚਣ ਦਾ ਵੇਲਾ ਹੈ ਕਿ ਇਨ੍ਹਾਂ 50 ਸਾਲਾਂ ਵਿਚ ਅਸੀਂ ਕੀ ਪਾਇਆ ਅਤੇ ਕੀ ਗਵਾਇਆ ਹੈ।
ਸਾਡੇ ਪੂਰਵਜ਼ਾਂ ਨੇ ਸਾਨੂੰ ਸਮਝਾਇਆ ਤੇ ਅਸੀਂ ਜਾਣਦੇ ਵੀ ਹਾਂ ਕਿ ਜ਼ਿੰਦਗੀ ਦੀਆਂ ਚਾਰ ਵੱਡੀਆਂ ਸੰਚਾਲਕ ਸ਼ਕਤੀਆਂ ਹਨ: ਧਰਮ, ਅਰਥ, ਕਾਮ ਅਤੇ ਮੋਕਸ਼। ਧਰਮ ਦਾ ਮਤਲਬ ਹਿੰਦੂ, ਸਿੱਖ, ਮੁਸਲਮਾਨ ਜਾਂ ਇਸਾਈ ਧਰਮ ਨਹੀਂ ਸਗੋਂ ਧਰਮ ਦਾ ਅਰਥ ਹੈ, ਫਰਜ਼।
ਉਹ ਨਿਯਮ, ਉਹ ਸਿਧਾਂਤ ਜਿਨ੍ਹਾਂ ਦੇ ਸਿਰ ‘ਤੇ ਜ਼ਿੰਦਗੀ ਖੜੋਤੀ ਹੋਈ ਹੈ। ਜਦੋਂ ਆਖਿਆ ਜਾਂਦਾ ਹੈ ਕਿ ਰਾਜੇ ਦਾ ਧਰਮ, ਪਰਜਾ ਦਾ ਧਰਮ, ਪਤੀ ਦਾ ਧਰਮ, ਪਤਨੀ ਦਾ ਧਰਮ, ਧੀ ਦਾ ਧਰਮ, ਪਿਓ ਦਾ ਧਰਮ-ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਸਾਰਿਆਂ ਦੇ ਅੱਡੋ-ਅੱਡ ਧਰਮ ਹਨ, ਸਗੋਂ ਇਨ੍ਹਾਂ ਸਾਰਿਆਂ ਦੇ ਅੱਡੋ-ਅੱਡ ਫਰਜ਼ ਦੱਸੇ ਗਏ ਹਨ। ਪਰ ਅੱਜ ਅਸੀਂ ਧਰਮ ਨੂੰ ਵੀ ਆਪਣੇ ਜਿੱਡਾ ਬਣਾ ਕੇ ਉਸ ਦਾ ਵਪਾਰੀਕਰਣ ਕਰਨ ਲੱਗ ਪਏ ਹਾਂ। ਸੌਦੇਬਾਜ਼ੀ ਕਰਨ ਲੱਗ ਪਏ ਹਾਂ। ਆਖਦੇ ਹਾਂ, ਹੇ ਰੱਬ ਜੀ! ਮੇਰਾ ਇਹ ਕੰਮ ਕਰਵਾ ਦਿਓ, ਤੁਹਾਨੂੰ ਐਨਾ ਚੜ੍ਹਾਵਾ ਦਿਆਂਗੇ। ਆਪਣੇ ਆਪਣੇ ਧਰਮ ਨੂੰ ਭੁੱਲ ਅੱਜ ਅਸੀਂ ਨਿਰੋਲ ਹੱਕਾਂ ਦੀ ਗੱਲ ਕਰਨ ਲੱਗ ਪਏ ਹਾਂ। ਹੱਕਾਂ ਲਈ ਜਲੂਸ ਕੱਢਦੇ ਹਾਂ, ਧਰਨੇ ਦਿੰਦੇ ਹਾਂ, ਨਿਜੀ ਤੌਰ ‘ਤੇ ਵੀ ਲੜਦੇ ਹਾਂ।
ਪਿਛਲੇ 50 ਸਾਲਾਂ ਵਿਚ ਅਸੀਂ ਧਰਮ ਨੂੰ ਭੁੱਲ ਕੇ ਹੀ ਜ਼ਿੰਦਗੀ ਵਿਚ ਕੁਰਾਹੇ ਪੈ ਗਏ ਹਾਂ। ਸਾਰੇ ਰਿਸ਼ਤਿਆਂ, ਸਾਰੇ ਕੰਮਾਂ ਵਿਚ ਇਸੇ ਗੱਲ ਨੇ ਵਿਗਾੜ ਪਾਇਆ ਹੈ। ਆਖ ਦਿੱਤਾ ਜਾਂਦਾ ਹੈ ਕਿ ਕਲਯੁਗ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ, ਇਸੇ ਕਰਕੇ ਸਾਰੇ ਲੋਕਾਂ ਨੂੰ ਆਪਣੇ ਧਰਮ-ਕਰਮ ਭੁੱਲ ਗਏ ਹਨ। ਅਜਿਹੀ ਸਥਿਤੀ ਨੂੰ ਜਾਣ ਕੇ ਹੀ ਜਰਮਨ ਫਿਲਾਸਫਰ ਨਿਤਸ਼ੇ ਨੇ ਆਖਿਆ ਸੀ ਕਿ ਰੱਬ ਮਰ ਗਿਆ ਹੈ।
ਦੂਜੀ ਥਾਂ ਆਰਥਿਕਤਾ ਆਉਂਦੀ ਹੈ। ਅਸਲ ਵਿਚ ਆਰਥਿਕਤਾ ਦਾ ਮਤਲਬ ਜਿਉਂਦੇ ਰਹਿਣ ਦੇ ਸਾਧਨਾਂ ਤੋਂ ਹੈ। ਅਸੀਂ ਜਿਉਂਦੇ ਕਿਸ ਲਈ ਹਾਂ, ਇਹ ਭੁੱਲ ਕੇ, ਜਿਉਂਦੇ ਰਹਿਣਾ ਹੀ ਮੂਲ ਮਕਸਦ ਬਣ ਗਿਆ ਹੈ। ਇਸੇ ਲਈ ਆਖਿਆ ਜਾਂਦਾ ਹੈ ਕਿ ਹੁਣ ਜਿਉਂਦੇ ਰਹਿਣ ਲਈ ਨਹੀਂ ਖਾਂਦੇ, ਸਗੋਂ ਖਾਣ ਲਈ ਜਿਉਂਦੇ ਹਾਂ। ਮਤਲਬ, ਦੇਹ ਸਾਰੇ ਕਰਮਾਂ-ਧਰਮਾਂ ਲਈ ਸਾਧਨ ਸੀ, ਪਰ ਹੁਣ ਆਪਣੇ ਪਿਛੋਕੜ ਨੂੰ ਭੁੱਲ ਕੇ ਪੱਛਮ ਦੇ ਅਸਰ ਹੇਠਾਂ ਦੇਹ ਨੂੰ ਹੀ ਜ਼ਿੰਦਗੀ ਦਾ ਆਦਿ ਤੇ ਅੰਤ ਸਮਝਣ ਲੱਗ ਪਏ ਹਾਂ। ਦੇਹ ਦੇ ਸੁੱਖਾਂ ਪਿੱਛੇ ਭਟਕਦੇ ਅਸੀਂ ਅੱਜ ਸਿਰਫ ਦੇਹ ਤੱਕ ਹੀ ਦੇਖਣ ਜੋਗੇ ਰਹਿ ਗਏ ਹਾਂ।
ਤੀਜੀ ਸੰਚਾਲਕ ਸ਼ਕਤੀ ਹੈ ਕਾਮ, ਜਿਸ ਦਾ ਭਾਵ ਹੈ ਇੱਛਾਵਾਂ ਜਾਂ ਕਾਮਨਾਵਾਂ। ਅੱਜ ਦੇ ਸਮੇਂ ਅਸੀਂ ਆਪਣੀ ਇਕ ਇੱਛਾ ਨੂੰ ਅਨੇਕ ਇੱਛਾਵਾਂ ਵਿਚ ਬਦਲ ਲਿਆ ਹੈ। ਰੋਟੀ ਤੋਂ ਲੈ ਕੇ ਆਦਮੀ ਔਰਤਾਂ ਦੇ ਗਹਿਣਿਆਂ, ਕੱਪੜਿਆਂ, ਮੇਕਅੱਪ ਦੇ ਸਾਮਾਨ; ਘਰਾਂ ਦੀ ਬਣਤਰ ਤੇ ਸਜਾਵਟ; ਨਵੀਆਂ-ਨਵੀਆਂ ਕਾਰਾਂ ਦੀ ਇੱਛਾ; ਤੇ ਹੋਟਲਾਂ, ਪੱਬਾਂ, ਕਲੱਬਾਂ ਦੀ ਭਰਮਾਰ ਦੱਸਦੀ ਹੈ ਕਿ ਅਸੀਂ ਆਪਣੀਆਂ ਇੱਛਾਵਾਂ ਨੂੰ ਕਿੰਨਾ ਵਧਾ ਲਿਆ ਹੈ ਅਤੇ ਉਨ੍ਹਾਂ ਦੀ ਪੂਰਤੀ ਲਈ ਕਿਵੇਂ ਦਿਨ-ਰਾਤ ਭੱਜੇ ਫਿਰਦੇ ਹਾਂ। ਵਿਆਹ ਵੀ ਪਿੱਤਰਾਂ ਦਾ ਰਿਣ ਲਾਹੁਣ ਲਈ ਅਤੇ ਕੁੱਲ ਤੁਰਦੀ ਰੱਖਣ ਲਈ ਦੋ ਰੂਹਾਂ ਦਾ ਮੇਲ ਸਮਝਣ ਦੀ ਥਾਂ ਨਿਰੀ ਜਿਸਮਾਂ ਦੀ ਖੇਡ ਬਣਾ ਲਈ ਹੈ। ਅਸੰਖ ਲੋੜਾਂ ਦੀ ਪੂਰਤੀ ਲਈ ਨੱਚਦੇ ਭੱਜਦੇ ਇੰਨੇ ਬੌਂਦਲ ਗਏ ਹਾਂ ਕਿ ਜ਼ਿੰਦਗੀ ਵਿਚੋਂ ਸਬਰ, ਸੰਤੋਖ, ਸਹਿਜ, ਸਲੀਕਾ, ਕਨਟੈਂਪਲੇਸ਼ਨ ਤੇ ਡੂੰਘੇ ਗਿਆਨ ਧਿਆਨ ਅਲੋਪ ਹੋ ਗਏ ਹਨ। ਅਸੀਂ ਪਸ਼ੂ ਪੱਧਰ ‘ਤੇ ਜਾਂ ਆਖੋ ਜਿਉਣ ਦੀ ਥਾਂ ਹੋਂਦ ਪੱਧਰ ਤੱਕ ਰਹਿ ਗਏ ਹਾਂ। ਇਹ ਸੋਚਣ ਦੀ ਵੀ ਸਾਡੇ ਕੋਲ ਵਿਹਲ ਨਹੀਂ ਕਿ ਅਸੀਂ ਕੀ ਪਾ ਰਹੇ ਹਾਂ ਤੇ ਕੀ ਗਵਾ ਰਹੇ ਹਾਂ।
ਮੋਕਸ਼ ਭਾਵ ਜ਼ਿੰਦਗੀ ਦਾ ਅੰਤਮ ਲਕਸ਼। ਸਾਡੇ ਪੂਰਵਜ਼ਾਂ, ਰਿਸ਼ੀਆਂ ਮੁਨੀਆਂ ਨੇ ਆਪਣੇ ਗਿਆਨ-ਧਿਆਨ ਅਤੇ ਤਪੱਸਿਆ ਨਾਲ ਜਾਣਿਆ ਕਿ ਸੰਸਾਰ ਦੇ ਕਣ-ਕਣ ਵਿਚ ਰੱਬ ਵਸਦਾ ਹੈ। ਪੁਰਾਣੇ ਵੇਲਿਆਂ ਵਿਚ ਜਦੋਂ ਕਿਸੇ ਨੂੰ ਸਹੁੰ ਖੁਆਉਣ ਲਈ ਪਿੱਪਲ ਦਾ ਇਕ ਪੱਤਾ ਤੋੜ ਦੇਣ ਲਈ ਆਖਿਆ ਜਾਂਦਾ ਸੀ ਤਾਂ ਭਾਵ ਇਹ ਹੁੰਦਾ ਸੀ ਕਿ ਪ੍ਰਕਿਰਤੀ ਵੀ ਰੱਬ ਦਾ ਰੂਪ ਹੀ ਹੈ। ਅਸੀਂ ਪ੍ਰਕ੍ਰਿਤੀ ਦੇ ਰੂਪ ਨੂੰ ਦੇਵਤਿਆਂ ਦੇ ਤੁੱਲ ਸਮਝ ਕੇ ਜਲ ਦੇਵਤਾ, ਪਵਨ ਦੇਵਤਾ, ਸੂਰਜ ਦੇਵਤਾ ਆਦਿ ਆਖਦੇ ਸੀ। ਹੁਣ ਜਦੋਂ ਅਸੀਂ ਪ੍ਰਕ੍ਰਿਤੀ ਨਾਲ ਖਿਲਵਾੜ ਕਰਨ ਲੱਗ ਪਏ ਹਾਂ ਤਾਂ ਸਾਡੇ ਕਰਮਾਂ ਦੇ ਫਲਸਰੂਪ ਪ੍ਰਕ੍ਰਿਤੀ ਵੀ ਸਾਡੇ ਨਾਲ ਖਿਲਵਾੜ ਕਰਨ ਲੱਗ ਪਈ ਹੈ। ਕਿਧਰੇ ਹੜ੍ਹ, ਕਿਧਰੇ ਸੋਕਾ, ਪਹਾੜਾਂ ਉਪਰ ਬਰਫ ਦਾ ਪਿਘਲਣਾ, ਰੁੱਤਾਂ ਦਾ ਵਕਤ ਬੇਵਕਤ ਹੋ ਜਾਣਾ ਸਾਡੇ ਸਾਹਮਣੇ ਹੈ। ਗੁਰੂਆਂ ਨੇ, ਰਿਸ਼ੀਆਂ ਨੇ ਦੱਸਿਆ ਕਿ ਬੰਦੇ ਦਾ ਅੰਤਮ ਲਕਸ਼ ਮੋਕਸ਼ ਭਾਵ ਇਸ ਆਵਾਗਮਨ ਦੇ ਚੱਕਰ ਤੋਂ ਮੁਕਤੀ ਹੁੰਦਾ ਹੈ। ਪਰ ਬੰਦੇ ਨੂੰ ਜਦੋਂ ਆਪਣੇ ਆਪ ਦੀ ਪਹਿਚਾਣ ਭੁੱਲ ਗਈ ਹੈ, ਉਹ ਨਿਰੀ ਦੇਹ ਬਣ ਕੇ ਰਹਿ ਗਿਆ ਅਤੇ ਆਪਣੇ ਬ੍ਰਹਮ ਰੂਪ ਨੂੰ ਭੁੱਲ ਗਿਆ ਹੈ। ਭਾਵ ਆਤਮਾ ਨੂੰ ਭੁੱਲ ਕੇ ਸਰੀਰ ਤੱਕ ਹੀ ਰਹਿ ਗਿਆ ਹੈ ਤਾਂ ਉਸ ਨੂੰ ਜਿਉਣ-ਮਰਨ ਦੇ ਅਰਥ ਹੀ ਭੁੱਲ ਗਏ ਹਨ। ਪਤਾ ਨਹੀਂ ਕਿਸ ਤਰ੍ਹਾਂ ਅਸੀਂ ਸੋਚ ਲੈਂਦੇ ਹਾਂ ਕਿ ਅਸੀਂ ਬੜੀ ਤਰੱਕੀ ਕਰ ਲਈ ਹੈ।
ਤੁਸੀਂ ਆਖੋਗੇ ਇਨ੍ਹਾਂ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਹੈ। ਇਨ੍ਹਾਂ ਦਾ ਇਲਾਜ ਕੀ ਕਰੀਏ?
ਵ੍ਰਿਹਦਾਰਣਯਕ ਉਪਨਿਸ਼ਦ ਅਨੁਸਾਰ ਰਿਸ਼ੀ ਪ੍ਰਾਰਥਨਾ ਕਰਦਾ ਹੈ ਕਿ ਹੇ ਪਰਮਾਤਮਾ! ਮੈਨੂੰ ਹਨੇਰੇ ਤੋਂ ਚਾਨਣ ਵੱਲ, ਅਗਿਆਨ ਤੋਂ ਗਿਆਨ ਵੱਲ, ਕਾਲ ਤੋਂ ਅਕਾਲ ਤੱਕ ਲੈ ਜਾਹ। ਰਿਸ਼ੀ ਪਹਿਲੀ ਗੱਲ ਚਾਹੁੰਦਾ ਹੈ ਕਿ ਮੈਂ ਅਗਿਆਨ ਦੇ ਹਨੇਰੇ ਵਿਚੋਂ ਨਿਕਲ ਕੇ ਗਿਆਨ ਦੇ ਚਾਨਣ ਵੱਲ ਪਹੁੰਚ ਜਾਵਾਂ। ਨਾਰਦ ਰਿਸ਼ੀ ਨੂੰ ਆਖਦਾ ਹੈ, ਮੈਂ ਸੁਣਿਆ ਹੈ ਅਗਿਆਨ ਹੀ ਦੁੱਖਾਂ ਦਾ ਘਰ ਹੈ। ਮੈਂ ਸਾਰੇ ਵੇਦ, ਉਪਨਿਸ਼ਦ ਅਤੇ ਗ੍ਰੰਥ ਸਭ ਪੜ੍ਹ ਲਏ ਹਨ, ਪਰ ਮੈਂ ਦੁੱਖ ਤੋਂ ਪਾਰ ਨਹੀਂ ਲੰਘ ਸਕਿਆ, ਕੀ ਕਾਰਨ ਹੈ? ਰਿਸ਼ੀ ਦੱਸਦਾ ਹੈ, ਜੋ ਤੂੰ ਪੜ੍ਹਿਆ ਹੈ ਉਹ ਨਿਰਾ ਅੱਖਰੀ ਗਿਆਨ ਹੈ। ਇਸੇ ਤਰ੍ਹਾਂ ਅੱਜ ਦੀ ਪੜ੍ਹਾਈ ਵੀ ਨਿਰਾ ਅੱਖਰੀ ਗਿਆਨ ਜਾਂ ਜਾਣਕਾਰੀ ਬਣ ਕੇ ਰਹਿ ਗਈ ਹੈ। ਜਾਣਕਾਰੀ ਤੋਂ ਅੱਗੇ ਹੈ ਗਿਆਨ ਤੇ ਗਿਆਨ ਤੋਂ ਅੱਗੇ ਹੈ ਵਿਵੇਕ। ਗਿਆਨ ਜਦੋਂ ਤੱਕ ਵਿਵੇਕ ਨਹੀਂ ਬਣਦਾ ਉਦੋਂ ਤੱਕ ਬੰਦੇ ਦੀ ਕਾਇਆ ਕਲਪ ਨਹੀਂ ਹੋ ਸਕਦੀ। ਸਾਡੀ ਪੜ੍ਹਾਈ ਗਿਆਨ-ਵਿਵੇਕ ਤੋਂ ਕੋਰੀ ਰਹਿ ਗਈ ਹੈ।
ਮਾਂ ਆਖਦੀ ਸੀ, ਮੌਤ ਅਤੇ ਰੱਬ ਨੂੰ ਹਮੇਸ਼ਾਂ ਯਾਦ ਰੱਖੋ। ਜੇ ਸੱਚਮੁੱਚ ਹੀ ਅਸੀਂ ਰੱਬ ਅਤੇ ਮੌਤ ਨੂੰ ਯਾਦ ਰੱਖੀਏ ਤਾਂ ਚੀਜ਼ਾਂ, ਵਸਤਾਂ, ਅਹੁਦਿਆਂ, ਰੁਤਬਿਆਂ ਦੀ ਭੁੱਖ ਨਹੀਂ ਰਹੇਗੀ। ਜਦੋਂ ਖਾਣ ਲਈ ਜਿਉਣ ਦੀ ਥਾਂ, ਬੰਦਾ ਜਿਉਣ ਲਈ ਖਾਏਗਾ ਫਿਰ ਉਹ ਜਿਉਣ ਦੇ ਅਰਥ ਵੀ ਲੱਭੇਗਾ ਅਤੇ ਜ਼ਿੰਦਗੀ ਨੂੰ ਅਰਥਮਈ ਬਣਾਏਗਾ। ਇਥੇ ਹੀ ਉਸ ਦੀ ਦੇਹ ਲਈ ਸੁੱਖਾਂ ਦੀ ਭਟਕਣਾ ਵੀ ਮੁੱਕ ਜਾਵੇਗੀ ਅਤੇ ਉਹ ਜਿਉਣ-ਮਰਨ ਦੇ ਅਰਥ ਲੱਭਣ ਵੱਲ ਤੁਰ ਪਵੇਗਾ।
ਇਉਂ ਸੋਚ ਕੇ ਇਸ ਤਰ੍ਹਾਂ ਹੀ ਅਸੀਂ ਆਪਣੀ 50 ਸਾਲ ਦੀ ਜ਼ਿੰਦਗੀ ਦਾ ਅਤੇ ਇਸ ਪੰਜਾਬੀ ਸੂਬੇ ਦੇ ਇਤਿਹਾਸ ਦਾ ਲੇਖਾ-ਜੋਖਾ ਕਰ ਸਕਦੇ ਹਾਂ।
ਇਹ ਵੀ ਬੜੀ ਵੱਡੀ ਗਲਤੀ ਹੋਵੇਗੀ ਜੇ ਅਸੀਂ ਆਪਣੇ ਆਪ ਨੂੰ ਪਿਛਲੇ 50 ਸਾਲਾਂ ਤੱਕ ਸਮੇਟ ਕੇ ਧਰਤੀ ਦੇ ਇਸ ਛੋਟੇ ਜਿਹੇ ਟੁਕੜੇ ਤੱਕ ਸੀਮਿਤ ਕਰਕੇ ਆਪਣੀ ਪਹਿਚਾਣ ਲੱਭਣ ਦੀ ਕੋਸ਼ਿਸ਼ ਕਰੀਏ। ਬੇਸ਼ਕ ਭੌਤਿਕ ਤੌਰ ‘ਤੇ ਜਾਂ ਰਾਜਨੀਤਿਕ ਤੌਰ ‘ਤੇ ਇਸ ਸੂਬੇ ਦੀ ਹੋਂਦ ਹੈ, ਪਰ ਧਰਤੀ ਦਾ ਇਹ ਟੁਕੜਾ ਇਕ ਵੱਡੇ ਪੰਜਾਬ ਦਾ ਹਿੱਸਾ ਹੈ ਜਿਸ ਨੂੰ ਆਪਣੀ ਸਭਿਅਤਾ, ਸੰਸਕ੍ਰਿਤੀ ਅਤੇ ਗੌਰਵਮਈ ਇਤਿਹਾਸ ਉਤੇ ਮਾਣ ਰਹੇਗਾ। ਵੇਦ, ਉਪਨਿਸ਼ਦ ਇਸੇ ਧਰਤੀ ਉਤੇ ਲਿਖੇ ਗਏ ਸਨ। ਮਹਾਂਭਾਰਤ ਅਤੇ ਰਮਾਇਣ ਵੀ ਇਥੇ ਹੀ ਰਚੇ ਗਏ। ਇਸ ਤੋਂ ਬਿਨਾ ਬਾਬਾ ਫਰੀਦ, ਬੁੱਲ੍ਹੇ ਸ਼ਾਹ ਵਰਗੇ ਸੂਫੀ ਫਕੀਰ ਅਤੇ ਹੋਰ ਅਨੇਕ ਸਾਧੂ-ਸੰਤ ਇਸ ਧਰਤੀ ਉਤੇ ਪੈਦਾ ਹੋਏ। ਅਸੀਂ ਹੀ ਉਨ੍ਹਾਂ ਦੇ ਵਾਰਿਸ ਹਾਂ। ਗੁਰੂ ਗ੍ਰੰਥ ਸਾਹਿਬ ਵਿਚ, ਹਰੇਕ ਸੂਬੇ, ਹਰੇਕ ਧਰਮ, ਹਰੇਕ ਜਾਤ ਦੀ ਬਾਣੀ ਨੂੰ ਦਰਜ ਕਰਕੇ ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ‘ਪ੍ਰਗਟ ਗੁਰਾਂ ਦੀ ਦੇਹ’ ਆਖ ਕੇ ਉਸ ਅੱਗੇ ਮੱਥਾ ਟੇਕਣ ਲਈ ਆਖਿਆ, ਇਹ ਸਾਡੀ ਸੋਚ, ਸਾਡੀ ਪਹਿਚਾਣ, ਸਾਡੇ ਵਿਰਸੇ, ਆਚਾਰ-ਵਿਹਾਰ ਅਤੇ ਜਿਉਣ-ਥੀਣ ਦਾ ਆਧਾਰ ਬਣਾ ਦਿੱਤਾ।
ਕੀ ਅਸੀਂ ਇਸੇ ਆਧਾਰ ਉਤੇ ਤੁਰ ਰਹੇ ਹਾਂ? ਜਾਂ ਕਿਧਰੇ ਖੁੰਝ ਗਏ ਹਾਂ। ਅਤੇ ਅੱਜ ਅਸੀਂ ਇੰਨੇ ਨਿੱਘਰ ਗਏ ਹਾਂ ਕਿ ਗੁਰਾਂ ਦੇ ਨਾਂ ‘ਤੇ ਜਿਉਣ ਵਾਲਾ ਪੰਜਾਬ ਅੱਜ ਨਸ਼ਿਆਂ, ਆਤਮ ਹੱਤਿਆਵਾਂ, ਚੋਰੀਆਂ ਅਤੇ ਲੁੱਟਾਂ ਖੋਹਾਂ, ਧੀਆਂ ਭੈਣਾਂ ਦੀ ਇੱਜ਼ਤ ਲਈ ਖੌਫ ਵਿਚ ਜਿਉਂ ਰਿਹਾ ਹੈ। ਇਨ੍ਹਾਂ ਗੱਲਾਂ ਬਾਰੇ ਸੋਚ ਕੇ ਤੇ ਇਨ੍ਹਾਂ ਗੱਲਾਂ ਦੇ ਹੱਲ ਲੱਭ ਕੇ ਅਸੀਂ ਆਪਣੇ ਵਿਰਸੇ ਵੱਲ ਪਰਤ ਸਕਦੇ ਹਾਂ ਅਤੇ ਇਸ ਸੂਬੇ ਨੂੰ ਮੁੜ ਮੋਹਰੀ ਸੂਬਾ ਬਣਾ ਸਕਦੇ ਹਾਂ। ਇਸੇ ਲਈ ਮੈਂ ਆਖਦੀ ਹਾਂ ਕਿ ਇਹ ਵੇਲਾ ਸਿਰਫ ਜਸ਼ਨ ਮਨਾਉਣ ਦਾ ਨਹੀਂ, ਚਿੰਤਾ ਤੇ ਚਿੰਤਨ ਦਾ ਵੇਲਾ ਹੈ।