ਗੁਰਦੇਵ ਚੌਹਾਨ
ਫੋਨ: 647-866-2630
ਪੰਜਾਬ ਟਾਈਮਜ਼ ਦੇ 5 ਨਵੰਬਰ ਦੇ ਅੰਕ ਵਿਚ ਹਰਿੰਦਰ ਮਹਿਬੂਬ ਅਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਬਹਿਸ ਸਬੰਧੀ ਪ੍ਰਭਸ਼ਰਨਬੀਰ ਦਾ ਤਾਜਾ ਲੇਖ ਪੜ੍ਹ ਕੇ ਮੇਰੀ ਇਹ ਧਾਰਨਾ ਹੋਰ ਵੀ ਪੱਕੀ ਹੋ ਗਈ ਕਿ ਪ੍ਰਭਸ਼ਰਨਬੀਰ ਆਧੁਨਿਕ ਕਵਿਤਾ ਦਾ ਜਿਹੜਾ ਪਾਰਖੂ ਹੈ, ਉਹ ਤਾਂ ਹੈ ਹੀ ਪਰ ਉਹ ਸ਼ਾਤਰ ਵੀ ਹੈ ਤੇ ਪੈਰਾਂ ਦਾ ਬੜਾ ਛੁਹਲਾ ਵੀ ਹੈ। ਨਹੀਂ ਤਾਂ ਉਹ ਇਤਨੀ ਮੌਜ ਨਾਲ ਪਾਤਰ ਨੂੰ ਕਿਵੇਂ ਸ਼ਰਮ ਦੁਆ ਸਕਦਾ ਸੀ ਅਤੇ ਨਾਜ਼ੀਆਂ ਦੇ ਮਹਾ-ਨਾਸ਼ ਪਿਛੋਂ ਕਵਿਤਾ ਦੀ ਪ੍ਰਕ੍ਰਿਤੀ ਬਾਰੇ ਅਡੋਰਨੋ ਦੇ ਚਰਚਿਤ ਕਥਨ ਨੂੰ ਮੇਰੀ ਸੋਝੀ ਬਾਰੇ ਮੈਨੂੰ ਇੰਨੀ ਸੌਖ ਨਾਲ ਝੂਠਿਆਂ ਦੇ ਸਰਦਾਰ ਦੀ ਉਪਾਧੀ ਬਖਸ਼ ਸਕਦਾ ਸੀ।
ਦੂਸਰੀ ਗੱਲ, ਅਵਤਾਰ ਦੇ ਪਹਿਲੇ ਲੇਖ ਦੀ ਮੁੱਖ ਧਾਰਨਾ ਨਾਲ ਮੇਰੀ ਪੂਰੀ ਸਹਿਮਤੀ ਹੈ ਕਿ ਪਾਤਰ ਨੇ ਵੀਹਵੀਂ ਸਦੀ ਦੇ ਆਖਰੀ ਸਾਲਾਂ ਵਿਚ ਇੰਦਰਾ ਗਾਂਧੀ ਦੀ ਕੇਂਦਰ ਸਰਕਾਰ ਅਤੇ ਅਕਾਲੀ ਨੇਤਾਵਾਂ ਦੀਆਂ ਗਲਤ ਨੀਤੀਆਂ ਤੇ ਸਿਆਸੀ ਚਾਲਾਂ ਦੇ ਸਿੱਟੇ ਵਜੋਂ ਆਮ ਪੰਜਾਬੀ ਮਾਨਸ ਦੀ ਖੌਫਨਾਕ ਸਥਿਤੀ ਨੂੰ ਆਪਣੀ ਕਵਿਤਾ ਰਾਹੀਂ ਅਜਿਹੀ ਜ਼ੁਬਾਨ ਦਿੱਤੀ ਸੀ, ਜਿਸ ਨੇ ਉਸ ਨੂੰ ਪੰਜਾਬੀਆਂ ਦੇ ਦਿਲਾਂ ਦਾ ਚਹੇਤਾ ਕਵੀ ਬਣਾ ਦਿੱਤਾ ਸੀ।
ਮੇਰੇ ਪਿਛਲੇ ਲੇਖ ਦਾ ਇਹੀ ਕਾਰਣ ਸੀ ਕਿ ਪ੍ਰਭਸ਼ਰਨਬੀਰ ਕਿਉਂ ਇਹ ਕਹਿਣ ‘ਤੇ ਤੁੱਲ ਸੀ (ਸਾਬਤ ਕਰਨ ‘ਤੇ ਨਹੀਂ) ਕਿ ਮਹਿਬੂਬ ਦੀ ਕਵਿਤਾ ਉਤਮ ਹੈ ਜਦਕਿ ਪਾਤਰ ਦੀ ਕਵਿਤਾ ਉਸ ਦੀ ਕਵਿਤਾ ਦੇ ਨੇੜੇ-ਤੇੜੇ ਵੀ ਨਹੀਂ ਖੜ੍ਹਦੀ। ਕੀ ਇਹ ਬਿਮਾਰ ਮਾਨਸਿਕਤਾ ਦਾ ਰੂਪਾਂਤਰਣ ਹੈ? ਮੈਨੂੰ ਜਾਪਿਆ ਸੀ ਕਿ ਇਹ ਫਤਵਾ ਕਿਸੇ ਪੂਰਬ ਧਾਰਨਾ ਦਾ ਸ਼ਿਕਾਰ ਸੀ ਜਾਂ ਪਾਤਰ ਨਾਲ ਕਿਸੇ ਮੈਂ ਨਾ ਮਾਨੂੰ ਚਿੜ ਦਾ ਨਤੀਜਾ ਸੀ, ਨਾ ਕਿ ਗੰਭੀਰ ਵਿਸ਼ਲੇਸ਼ਣ ਜਾਂ ਕਾਵਿਕ ਸੋਝੀ ਦਾ, ਜਿਸ ਦੀ ਮੈਨੂੰ ਆਸ ਸੀ ਪ੍ਰਭਸ਼ਰਨਬੀਰ ਤੋਂ, ਅਤੇ ਹੋਰਨਾਂ ਸਭਨਾਂ ਤੋਂ ਜਿਹੜੇ ਅਜਿਹੀ ਬਿਆਨਬਾਜ਼ੀ ਦੇ ਰਣ ਖੇਤਰ ‘ਚ ਉਤਰਦੇ ਹਨ। ਭਾਵੇਂ ਅਜਿਹੀਆਂ ਕੁਝ ਪੂਰਬ ਧਾਰਨਾਵਾਂ ਦੇ ਬੀਜ ਮੈਂ ਅਵਤਾਰ ਸਿੰਘ ਦੇ ਸ਼ਬਦਾਂ ਵਿਚ ਵੀ ਵੇਖਦਾ ਹਾਂ ਪਰ ਉਸ ਦਾ ਬਹੁਤਾ ਸਬੰਧ ਕਵਿਤਾ ਬਾਹਰੇ ਖਿੱਤਿਆਂ ਨਾਲ ਹੈ, ਇਸ ਲਈ ਮੈਂ ਉਨ੍ਹਾਂ ਦੀ ਪੁਣ-ਛਾਣ ਵਿਚ ਨਹੀਂ ਪੈਣਾ ਚਾਹੁੰਦਾ ਪਰ ਇਹ ਜਰੂਰ ਕਹਾਂਗਾ ਕਿ ਜਿਥੇ ਪ੍ਰਭਸ਼ਰਨਬੀਰ ਦੇ ਇਸ ਕਥਨ ਵਿਚ ਦਮ ਹੈ ਕਿ ਲੋਕਰਾਜੀ ਅਤੇ ਖਾਸ ਕਰ ਕੇ ਰਾਸ਼ਟਰਵਾਦੀ ਪ੍ਰਣਾਲੀ ਵਿਚ ਅਲਪ ਕੌਮਾਂ ਤੇ ਅਲਪ ਸੰਖਿਅਕਾਂ ਨਾਲ ਬੇਇਨਸਾਫੀ ਦੀ ਗੁੰਜਾਇਸ਼ ਸੰਭਵ ਹੁੰਦੀ ਹੈ। ਇਨ੍ਹਾਂ ਘੱਟ ਗਿਣਤੀ ਜਾਤੀਆਂ, ਬੋਲੀਆਂ, ਖਿੱਤਿਆਂ, ਧਰਮਾਂ, ਮੱਤਾਂ, ਜਾਂ ਕਮਜ਼ੋਰ ਧਿਰਾਂ ਨਾਲ ਜਿਨ੍ਹਾਂ ਵਿਚ ਔਰਤਾਂ, ਦਲਿਤ ਆਦਿ ਆਉਂਦੇ ਹਨ। ਸਿੱਖਾਂ ਨਾਲ ਦਿੱਲੀ ਦੰਗੇ ਇਸ ਦੀ ਮਿਸਾਲ ਹਨ। ਪਰ ਇਸ ਦੇ ਨਾਲ ਹੀ ਅਵਤਾਰ ਸਿੰਘ ਦੇ ਇਸ ਕਥਨ ਵਿਚ ਵੀ ਇਸ ਕੌੜੇ ਸੱਚ ਦਾ ਹਿੱਸਾ ਹੈ ਕਿ ਜੇ ਭਾਰਤ ਦੇ ਸਬੰਧ ਵਿਚ ਹੀ ਗੱਲ ਕਰਨੀ ਹੋਵੇ ਤਾਂ ਪੰਜਾਬ ਵਿਚ ਵੀ ਤਾਕਤਵਰ ਧਿਰਾਂ ਵਿਚ ਘੱਟ ਗਿਣਤੀ, ਕਥਿਤ ਨੀਵੀਂਆਂ ਜਾਤਾਂ ਜਾਂ ਕਮਜ਼ੋਰ ਧਿਰਾਂ ਨਾਲ ਵੀ ਅਜਿਹੇ ਵਖਰੇਵੇਂ ਭਰੇ ਵਰਤਾਰੇ ਦੀ ਜੜ੍ਹ ਲੱਭੀ ਜਾ ਸਕਦੀ ਹੈ। ਅਵਤਾਰ ਠੀਕ ਕਹਿੰਦਾ ਹੈ। ਸਥਾਨਿਕਤਾ ਦੀ ਮਾਨਤਾ ਦਾ ਹੱਕ ਕਿਸੇ ਇਕ ਧਿਰ ਦੀ ਇਜਾਰੇਦਾਰੀ ਨਹੀਂ ਹੈ, ਨਹੀਂ ਹੋਣੀ ਚਾਹੀਦੀ।
ਕਵਿਤਾ ਤੇ ਪੰਜਾਬੀ ਕਵਿਤਾ ਅਤੇ ਮਹਿਬੂਬ ਤੇ ਪਾਤਰ ਦੀ ਕਵਿਤਾ, ਅਤੇ ਕਵਿਤਾ ਨਾਲ ਜੁੜੇ ਉਨ੍ਹਾਂ ਮਸਲਿਆਂ ਜਿਨ੍ਹਾਂ ਨੂੰ ਇਹ ਦੋਵੇਂ ਵਿਦਵਾਨ ਉਭਾਰਦੇ ਜਾਂ ਉਸਾਰਦੇ ਹਨ, ਉਨ੍ਹਾਂ ਵੱਲ ਆਉਣ ਤੋਂ ਪਹਿਲਾਂ ਕਿਉਂ ਨਾ ਗੱਲ ਅਡੋਰਨੋ ਦੀ ਕਵਿਤਾ ਬਾਰੇ ਉਸ ਵਾਕ ਅੰਸ਼ ਤੋਂ ਕੀਤੀ ਜਾਵੇ ਜਿਹੜੀ ਉਸ ਪ੍ਰਸੰਗ ਦੇ ਸੰਦਰਭ ਵਿਚ ਜਾਣ ਲਈ ਕੁਝ ਹੋਰ ਵਿਸਥਾਰ ਮੰਗਦੀ ਹੈ। ਪਹਿਲੀ ਗੱਲ, ਕਿਸੇ ਲੇਖਕ ਦੀ ਕਿਸੇ ਇਕ ਪੰਕਤੀ ਤੋਂ ਜਾਣਨਾ ਕਿ ਉਹ ਲੇਖਕ ਕੀ ਆਖਣਾ ਚਾਹੁੰਦਾ ਹੈ? ਪੂਰੇ ਪ੍ਰਸੰਗ ਵਿਚ ਨਾ ਜਾਣਾ, ਉਸ ਲੇਖਕ ਨਾਲ ਬੇਇਨਸਾਫੀ ਹੋਵੇਗੀ। ਅਡੋਰਨੋ ਨੇ ਆਪਣੇ ਇਸ ਕਥਨ ਨੂੰ ਕਿ ‘ਆਸ਼ਵਿਟਜ਼ ਤੋਂ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ’ ਨੂੰ ਪਿਛੋਂ ਸੋਧ ਲਿਆ ਸੀ। ਅਸਲ ‘ਚ ਇਸ ਤੋਂ ਅਗਲੇ ਵਾਕ ਅੰਸ਼ ਵਿਚ ਉਸ ਪਹਿਲੇ ਵਾਕ ਅੰਸ਼ ਦੇ ਅਰਥ ਖੋਲ੍ਹੇ ਸਨ ਕਿ ‘ਇੰਜ ਕਰਨਾ ਇਸ ਭਾਵ ਨੂੰ ਵੀ ਨਸ਼ਟ ਕਰਨਾ ਹੈ ਕਿ ਅੱਜ ਕਵਿਤਾ ਲਿਖਣਾ ਕਿਉਂ ਅਸੰਭਵ ਹੈ।’ ਅਡੋਰਨੋ ਨੇ ਕੁਝ ਸਾਲਾਂ ਪਿਛੋਂ ਹੀ ਆਪਣੇ ਇਸ ਕਥਨ ਨੂੰ ਸੁਧਾਰ ਵੀ ਲਿਆ ਸੀ ਕਿਉਂਕਿ ਉਸ ਜਾਣ ਲਿਆ ਸੀ ਕਿ ਸੰਤਾਪ ਦਾ ਜ਼ਖ਼ਮ ਕਿੰਨਾ ਵੀ ਸੰਘਣਾ ਤੇ ਵਿਆਪਕ ਕਿਉਂ ਨਾ ਹੋਵੇ, ਕਵਿਤਾ ਤੇ ਕਲਾ ਇਸ ਲਈ ਮਰ੍ਹਮ ਦਾ ਕੰਮ ਕਰ ਸਕਦੀ ਹੈ। ਅਸੀਂ ਆਖਰ ਜ਼ਿੰਦਗੀ ਵਿਚ ਅਰਥ ਨੂੰ ਬਿਲਕੁਲ ਹੀ ਗੁਆ ਤਾਂ ਨਹੀਂ ਦੇਣਾ ਹੋਵੇਗਾ। ਸੋ ਅਸੀਂ ਵੇਖਦੇ ਹਾਂ ਕਿ ਪਾਲ ਸੇਲਾਂ, ਯਵਤੂਸੰਕੂ ਦੀਆਂ ਕਵਿਤਾਵਾਂ ਏਲੀਵੀਜ਼ ਅਤੇ ਪਰਾਈਮੋਲੈਵੀ ਦੇ ਨਾਵਲਾਂ, ਏਨਫਰੈਂਕ ਦੀ ਡਾਇਰੀ, ਸਿੰਡਲਰਜ਼ ਲਿਸਟ ਅਤੇ ਪਿਅਨਨਿਸਟ ਨਾਮਕ ਫਿਲਮਾਂ, ਬਰੈਖਤ ਅਤੇ ਆਰਥਰ ਮਿਲਰ ਦੇ ਨਾਟਕਾਂ, ਵਿਕਟਰ ਫਫਰੈਂਕਲ ਦੀਆਂ ਲਿਖਤਾਂ ਇਸ ਗੱਲ ਦਾ ਸਬੂਤ ਹਨ ਕਿ ਕੋਈ ਵੀ ਤ੍ਰਾਸਦੀ ਭਾਵੇਂ ਕਿੰਨੀ ਭੀ ਭਿਆਨਕ ਅਤੇ ਦਰਦੀਲੀ ਕਿਉਂ ਨਾ ਹੋਵੇ, ਉਸ ਦਾ ਸ਼ਬਦਾਂ, ਚਿੱਤਰਾਂ, ਬੋਲਾਂ ਅਤੇ ਕਵਿਤਾ ਵਿਚ ਰੂਪਾਂਤਰਣ ਭਾਵੇਂ ਪੂਰੀ ਤਰ੍ਹਾਂ ਸੰਭਵ ਨਾ ਹੋਵੇ ਪਰ ਇਹ ਕਰ ਸਕਣ ਦੀ ਜੁਰਅਤ ਅਤੇ ਲੋੜ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਜੇ ਇਹ ਨਾ ਕੀਤਾ ਜਾਂਦਾ ਤਾਂ ਆਸ਼ਵਿਟਿਜ਼ ਮਹਿਜ ਬਰਫਾਇਆ ਇਤਿਹਾਸਕ ਹਾਦਸਾ ਜਾਂ ਫੌਸਲ ਬਣ ਕੇ ਰਹਿ ਜਾਂਦਾ।
ਮੈਨੂੰ ਪ੍ਰਭਸ਼ਰਨਬੀਰ ਨਾਲ ਗਿਲਾ ਹੈ ਕਿ ਮੇਰੀਆਂ ਮਹਿਬੂਬ ਅਤੇ ਪਾਤਰ ਦੀਆਂ ਕਵਿਤਾਵਾਂ ਬਾਰੇ ਟਿੱਪਣੀਆਂ ਨੂੰ ਉਸ ਦੀਆਂ ਆਪਣੀਆਂ ਇਨ੍ਹਾਂ ਕਵੀਆਂ ਬਾਰੇ ਟਿੱਪਣੀਆਂ ਨੂੰ ਆਧਾਰ ਬਣਾ ਕੇ ਉਸ ਨੇ ਕੋਈ ਗੱਲ ਨਹੀਂ ਕੀਤੀ। ਕੀ ਇਸ ਦਾ ਅਰਥ ਇਹ ਲੈ ਲਿਆ ਜਾਵੇ ਕਿ ਉਸ ਨੂੰ ਮੇਰੇ ਪ੍ਰਤੀਕਰਮ ਵਿਚ ਕੁਝ ਇਤਰਾਜ਼ਯੋਗ ਨਹੀਂ ਲੱਗਾ? ਜੇ ਇੰਜ ਹੈ ਤਾਂ ਉਹ ਆਪਣੇ ਨਵੇਂ ਪ੍ਰਤੀਕਰਮ ‘ਚ ਵੀ ਪਾਤਰ ਦੀ ਕਵਿਤਾ ਤੇ ਕਈ ਤਰ੍ਹਾਂ ਦੇ ਇਤਰਾਜ਼ ਉਠਾਉਂਦਾ ਹੈ ਅਤੇ ਇਸ ਦੇ ਉਲਟ ਉਸ ਨੂੰ ਮਹਿਬੂਬ ਦੀ ਕਵਿਤਾ ਦੀ ਕੋਈ ਚੂਲ ਢਿੱਲ੍ਹੀ ਨਹੀਂ ਲਗਦੀ। ਇਥੇ ਇਹ ਕਹਿਣਾ ਵੀ ਤਰਕਸੰਗਤ ਹੋਵੇਗਾ ਕਿ ਪ੍ਰਭਸ਼ਰਨਬੀਰ ਨੂੰ ਪੰਜਾਬੀ ਕਵੀਆਂ ਵਿਚੋਂ ਕੇਵਲ ਦੋ ਸਮਕਾਲੀ ਕਵੀ ਹੀ ਟਾਕਰਾ ਕਰਨ ਲਈ ਦਿੱਸਦੇ ਹਨ, ਮਹਿਬੂਬ ਤੇ ਪਾਤਰ? ਕੀ ਹੋਰ ਕਵੀ ਇੰਨੇ ਹੀ ਗਏ ਗੁਜ਼ਰੇ ਹਨ ਕਿ ਉਨ੍ਹਾਂ ਦੀ ਕਵਿਤਾ ਦਾ ਜ਼ਿਕਰ ਹੀ ਨਾ ਕੀਤਾ ਜਾਵੇ ਜਿਵੇਂ ਸ਼ਿਵ, ਪਾਸ਼, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਮੋਹਨ ਸਿੰਘ, ਲਾਲ ਸਿੰਘ ਦਿਲ, ਹਰਭਜਨ ਸਿੰਘ ਹੁੰਦਲ ਤੇ ਕਈ ਹੋਰ, ਜਿਨ੍ਹਾਂ ਪੰਜਾਬ, ਪੰਜਾਬੀਆਂ, ਅਤੇ ਸਾਂਝੀ ਪੰਜਾਬੀ ਵਿਰਾਸਤ ਪ੍ਰਤੀ ਆਪਸੀ ਤੇ ਬਾਹਰੀ ਹਿੰਸਾ ਦੀ ਪੀੜ ਹੰਢਾਈ ਹੈ, ਇਸ ਬਾਰੇ ਨਜ਼ਮਾਂ ਵੀ ਲਿਖੀਆਂ ਹਨ, ਜਿਨ੍ਹਾਂ ਵਿਚ ਦਿੱਲੀ ਦੰਗੇ ਵੀ ਆਉਂਦੇ ਹਨ।
ਪ੍ਰਭਸ਼ਰਨਬੀਰ ਆਪਣੇ ਨਵੇਂ ਪ੍ਰਤੀਕਰਮ ਵਿਚ ਆਖਦਾ ਹੈ ਕਿ ਪਾਤਰ ਦੀ ਹੇਠਲੀ ਕਾਵਿ ਪੰਕਤੀ ਉਸ ਨੂੰ ਬਹੁਤ ਪਸੰਦ ਹੈ ਪਰ ਨਾਲ ਹੀ ਆਖਦਾ ਹੈ ਕਿ ਇਹ ਜਲਾਉਦੀਨ ਰੂਮੀ (ਇਰਾਨੀ ਸੂਫੀ ਸਾਇਰ) ਦੀ ਮਸਨਵੀ ਦੀ ਇਕ ਪੰਕਤੀ ਦੀ ਨਕਲ ਹੈ।
ਜਿਸ ਨਾਲੋਂ ਤੋੜ ਕੇ ਵੰਝਲੀ ਬਣਾ ਲਿਆ
ਮੈਂ ਵੰਝਲੀ ਦੇ ਰੂਪ ਵਿਚ ਜੰਗਲ ਦੀ ਚੀਖ ਹਾਂ।
ਰੂਮੀ ਦੇ ਜਿਸ ਸ਼ਿਅਰ ਦੀ ਨਕਲ ਦੀ ਗੱਲ ਪ੍ਰਭਸ਼ਰਨਬੀਰ ਕਰ ਰਹੇ ਹਨ, ਉਹ ਫਾਰਸੀ ਦਾ ਹੈ ਅਤੇ ਮੈਂ ਨਹੀਂ ਸਮਝਦਾ ਕਿ ਪਾਤਰ ਨੂੰ ਇਤਨੀ ਫਾਰਸੀ ਆਉਂਦੀ ਹੋਵੇਗੀ ਕਿ ਉਸ ਸਾਰੀ ਮਸਨਵੀ ਜੋ ਕਈ ਜਿਲਦਾਂ ਵਿਚ ਹੈ, ਪੜ੍ਹ ਲਈ ਹੋਵੇ ਅਤੇ ਉਸ ਦੇ ਇਕ ਸ਼ਿਅਰ ਦਾ ਪੰਜਾਬੀ ਵਿਚ ਤਥਾ-ਕਥਿਤ ਉਲੱਥਾ ਆਪਣੇ ਨਾਂ ਹੇਠ ਛਪਾ ਦਿੱਤਾ ਹੋਵੇ। ਹੁਣ ਅਸੀਂ ਰੂਮੀ ਦੇ ਸ਼ਿਅਰ ਦੇ ਪ੍ਰਭਸ਼ਰਨਬੀਰ ਵਲੋਂ ਕੀਤੇ ਪੰਜਾਬੀ ਤਰਜਮੇ ਵੱਲ ਆਉਂਦੇ ਹਾਂ:
ਜਦੋਂ ਦੇ ਮੈਨੂੰ ਜੰਗਲ ਵਿਚੋਂ
ਵੱਢ ਕੇ ਲੈ ਆਏ ਹਨ,
ਮਰਦ ਅਤੇ ਔਰਤਾਂ
ਮੇਰੇ ਦੁੱਖ ਵਿਚ ਵਿਰਲਾਪ ਕਰ ਰਹੇ ਹਨ।
ਪ੍ਰਭਸ਼ਰਨਬੀਰ ਕਹਿੰਦਾ ਹੈ, “ਮੈਂ ਮੰਨਦਾ ਹਾਂ ਕਿ ਮਹਿਬੂਬ ਦੀ ਕਵਿਤਾ ਪਾਤਰ ਦੀ ਕਵਿਤਾ ਨਾਲੋਂ ਉਨੀ ਹੀ ਵਧੀਆ ਹੈ ਜਿੰਨੀ ਰੂਮੀ ਦੀ ਮਸਨਵੀ ਬਚਨ ਬੇਦਿਲ ਦੇ ਗਾਣਿਆਂ ਤੋਂ। ਇਹ ਇਸ ਕਰਕੇ ਕਿ ਬੇਦਿਲ ਦੇ ਗਾਣੇ ਪੰਜਾਬ ਵਿਚ ਰੂਮੀ ਦੀ ਮਸਨਵੀ ਤੋਂ ਕਿਤੇ ਵੱਧ ਮਕਬੂਲ ਹਨ।”
ਹੁਣ ਪਾਠਕ ਆਪ ਹੀ ਅੰਦਾਜ਼ਾ ਲਾ ਸਕਦੇ ਹਨ, ਕੀ ਪਾਤਰ ਦਾ ਇਹ ਮਿਸਰਾ ਰੂਮੀ ਦੀ ਨਕਲ ਹੈ ਅਤੇ ਜੇ ਹੈ ਵੀ ਤਾਂ ਕੀ ਇਹ ਅਸਲ ਨਾਲੋਂ ਕਈ ਦਰਜਾ ਬਿਹਤਰ ਨਹੀਂ? ਸੰਸਾਰ ਵਿਚ ਕੁਝ ਵੀ ਐਸਾ ਨਹੀਂ ਜੋ ਅਸਲੀ ਰੂਪ ‘ਚ ਅਸਲ ਹੋਵੇ ਅਤੇ ਪਹਿਲਾਂ ਕਿਸੇ ਸੋਚ, ਸ਼ਬਦ ਜਾਂ ਅਹਿਸਾਸ ਤੋਂ ਨਾ ਵਜੂਦ ‘ਚ ਨਾ ਆਇਆ ਹੋਵੇ। ਸਾਰੀ ਕਾਇਨਾਤ ਅੰਤਰ-ਸਬੰਧਤ ਹੈ। ਸਾਰਾ ਸਾਹਿਤ ਨਿਟeਰਟeਣੁਅਲ ਅੰਤਰ-ਪਾਠਕੀਯ ਹੁੰਦਾ ਹੈ। ਕਿਤਾਬਾਂ ਵਿਚੋਂ ਕਿਤਾਬਾਂ ਨਿਕਲਦੀਆਂ ਹਨ ਅਤੇ ਕਵਿਤਾਵਾਂ ਵਿਚੋਂ ਕਵਿਤਾਵਾਂ। ਇਸੇ ਤਰ੍ਹਾਂ ਜਿਸ ਨੂੰ ਅਸੀਂ ਮੌਲਿਕ ਆਖਦੇ ਹਾਂ, ਸਿਰਫ ਇਸ ਵਿਚ ਹੀ ਹੁੰਦਾ ਹੈ ਕਿ ਕੀ ਨਕਲ ਅਸਲ ਨਾਲੋਂ ਵਧੀਆ ਹੈ ਕਿ ਘਟੀਆ। ਬਲਵੰਤ ਗਾਰਗੀ ਦਾ ਨਾਟਕ ‘ਪੱਤਣ ਦੀ ਬੇੜੀ’ ਇਕ ਤਰ੍ਹਾਂ ਨਾਲ ਓ ਨੀਲ ਦੇ ਨਾਟਕ ‘ਰਾਈਡਰ ਟੂ ਦ ਸੀਅ’ ਦੀ ਨਕਲ ਹੈ ਪਰ ਇਹ ਅਸਲ ਦੀ ਸ਼੍ਰੇਣੀ ‘ਚ ਹੀ ਰੱਖੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਉਸ ਨਾਟਕ ਤੋਂ ਪ੍ਰਭਾਵਤ ਕਹੀ ਜਾ ਸਕਦੀ ਹੈ, ਇੰਨ-ਬਿੰਨ ਨਕਲ ਨਹੀਂ।
ਦੂਜੇ, ਪ੍ਰਭਸ਼ਰਨਬੀਰ ਦਾ ਇਹ ਕਹਿਣਾ ਕਿ ਬੇਦਿਲ ਦੇ ਗਾਣੇ ਰੂਮੀ ਨਾਲੋਂ ਪੰਜਾਬ ਵਿਚ ਵੱਧ ਮਕਬੂਲ ਹਨ। ਕਿਉਂਕਿ ਰੂਮੀ ਵਧੀਆ ਹੈ ਇਸ ਲਈ ਮਹਿਬੂਬ ਵੀ ਵੱਡਾ ਕਵੀ ਹੈ। ਉਹ ਵੀ ਰੂਮੀ ਵਾਂਗ ਪੰਜਾਬ ਵਿਚ ਪਾਤਰ ਦੀ ਬਨਿਸਬਤ ਘੱਟ ਮਕਬੂਲ ਹੈ, ਬਿਲਕੁਲ ਕੋਰੀ ਤੇ ਘਟੀਆ ਦਲੀਲ ਹੈ। ਕੀ ਰੂਮੀ ਪੰਜਾਬੀ ਵਿਚ ਲਿਖਦਾ ਸੀ? ਚਲੋ ਪ੍ਰਾਂਤ ਦੀ ਗੱਲ ਤਾਂ ਵੱਖਰੀ ਰਹੀ, ਕੀ ਰੂਮੀ ਤੇ ਪਾਤਰ ਇਕੋ ਦੇਸ਼ ਵਿਚ ਰਹਿੰਦੇ ਹਨ ਕਿ ਉਨ੍ਹਾਂ ਦਾ ਦੂਜੇ ਨਾਲ ਟਾਕਰਾ ਜਾਇਜ਼ ਕਰਾਰ ਦਿੱਤਾ ਜਾ ਸਕੇ? ਕੀ ਦੋਵੇਂ ਸਮਕਾਲੀ ਸਨ? ਭਲਾ ਦੋ ਵੱਖ ਵੱਖ ਭਾਸ਼ਾਵਾਂ ਦੇ ਲੇਖਕਾਂ ਤੇ ਉਹ ਵੀ ਜੇ ਇਕ ਸੱਤ ਸੌ ਸਾਲ ਪੁਰਾਣਾ ਤੇ ਦੂਜਾ ਬਿਲਕੁਲ ਅਜੋਕਾ ਕਵੀ ਹੋਵੇ, ਕੀ ਉਨ੍ਹਾਂ ਦਾ ਟਾਕਰਾ ਕਰਨਾ ਅਤੇ ਫਿਰ ਇਸ ਦਾ ਨਤੀਜਾ ਉਹ ਕੱਢਣਾ ਠੀਕ ਹੋਵੇਗਾ ਜਿਹੜਾ ਅਜੋੜ ਹੋਵੇ? ਫਿਰ ਉਤੋਂ ਇਹ ਕਿ ਕਵਿਤਾ ਦੀ ਤੁਲਨਾ ਗੀਤਕਾਰ ਉਹ ਵੀ ਬੇਦਿਲ ਨਾਲ ਕੀਤੀ ਜਾਵੇ, ਭਾਵੇਂ ਇਹ ਵੀ ਸੱਚ ਹੈ ਕਿ ਮੈਂ ਤਾਂ ਬੇਦਿਲ ਦੇ ਗਾਣੇ ਵੀ ਪੰਜਾਬ ਵਿਚ ਮਕਬੂਲ ਹੁੰਦੇ ਨਹੀਂ ਸੁਣੇ। ਇਹ ਇਸ ਤਰ੍ਹਾਂ ਦਾ ਤਰਕ ਹੈ ਜਿਵੇਂ ਕੋਈ ਕਹੇ ਕਿ ਕਿਉਂਕਿ ਅਮਰੂਦ ਗੰਨੇ ਨਾਲੋਂ ਵਧੀਆ ਹੈ ਇਸ ਲਈ ਘੀਆ ਵਧੀਆ ਹੈ।
ਮਹਿਬੂਬ ਦੀ ਕਵਿਤਾ ਵਿਚ ਕਵਿਤਾ ਘੱਟ ਹੈ ਅਤੇ ਸਿੱਖ ਪਰੰਪਰਾ ਲਈ ਅੰਨ੍ਹੀ ਸ਼ਰਧਾ ਤੇ ਕਸੀਦਾਕਾਰੀ ਦੀ ਭਾਵਨਾ ਵੱਧ ਹੈ। ਕਿਸੇ ਹੱਦ ਤੀਕ ‘ਸਹਿਜੇ ਰਚਿਓ ਖਾਲਸਾ’ ਨੂੰ ਧਿਆਨ ਵਿਚ ਰੱਖਦਿਆਂ ਉਸ ਨੂੰ ਸਿੱਖ ਪੰਥ ਦਾ ਵਧੀਆ ਪ੍ਰਚਾਰਕ ਅਤੇ ਫਿਲਾਸਫਰ ਤਾਂ ਮੰਨਿਆ ਤੇ ਬਾਖੂਬੀ ਸਵੀਕਾਰ ਕੀਤਾ ਜਾ ਸਕਦਾ ਹੈ, ਪਰ ਉਸ ਦੀ ਕਵਿਤਾ ਨੂੰ ਸਰਵ ਸ੍ਰੇਸ਼ਟ, ਜਾਂ ਪਾਤਰ ਜਾਂ ਮਹਿਬੂਬ ਦੇ ਸਮਕਾਲੀ ਜਾਂ ਸਮਕਾਲੀ ਕਵੀਆਂ ਦੀ ਕਵਿਤਾ ਨਾਲੋਂ ਉਤਮ ਨਹੀਂ ਕਿਹਾ ਜਾ ਸਕਦਾ, ਜਿਨ੍ਹਾਂ ਵਿਚ ਹਰਿਭਜਨ ਸਿੰਘ ਵੀ ਆਉਂਦਾ ਹੈ, ਪਾਸ਼ ਅਤੇ ਲਾਲ ਸਿੰਘ ਦਿਲ ਵੀ। ਇਕ ਗੱਲ ਹੋਰ ਵੀ ਹੈ ਪਰ ਇਸ ਦਾ ਸਬੰਧ ਮਹਿਬੂਬ ਦੀ ਕਵਿਤਾ ਨੂੰ ਲੈ ਕੇ ਪ੍ਰਭਸ਼ਰਨਬੀਰ ਨਾਲ ਹੈ। ਉਹ ਉਤਰਾਧੁਨਿਕਵਾਦ ਨੂੰ ਪੂਰਬੀ ਫਲਸਫੇ ਦੀ ਓਟ ਵਿਚ ਗ੍ਰਹਿਣ ਕਰਨ ਦੀ ਲੋੜ ਦਰਸਾਉਂਦਾ ਹੈ ਪਰ ਉਤਰਵਾਦ ਤਾਂ ਮਹਾਂ-ਬਿਰਤਾਤਾਂ ਦਾ ਖੰਡਨ ਕਰਦਾ ਹੈ। ਪਰ ਹਰਿੰਦਰ ਮਹਿਬੂਬ ਦੀ ਸਾਰੀ ਕਵਿਤਾ ਦੀ ਸੋਚ ਹੀ ਖੁਦ ਇਨ੍ਹਾਂ ਮਹਾਂ-ਬਿਰਤਾਤਾਂ ਦੇ ਬਲਬੂਤੇ ‘ਤੇ ਮਹਾਂ-ਆਵੇਸ਼ਾਂ ਉਦਾਲੇ ਘੁੰਮਦੀ ਪ੍ਰਤੀਤ ਹੁੰਦੀ ਹੈ।