ਸ੍ਰੀਨਗਰ (ਗੁਰਵਿੰਦਰ ਸਿੰਘ ਵਿਰਕ): ਭਾਰਤ ਅਤੇ ਪਾਕਿਸਤਾਨ ਦਰਮਿਆਨ ਸਰਹੱਦੀ ਤਣਾਅ ਸਿਖਰ ਉਤੇ ਹੈ। ਦੋਵੇਂ ਦੇਸ਼ਾਂ ਵੱਲੋਂ ਇਕ ਦੂਜੇ ਦੇ ਰਿਹਾਇਸ਼ੀ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੋਵਾਂ ਵੱਲੋਂ ਇਕ ਦੂਜੇ ਦੇ ਵੱਧ ਫੌਜੀ ਮਾਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਭਾਰਤ ਦਾ ਦਾਅਵਾ ਹੈ ਕਿ ਉਸ ਨੇ ਪਾਕਿਸਤਾਨ ਦੀਆਂ 14 ਚੌਕੀਆਂ ਤਬਾਹ ਕਰ ਦਿੱਤੀਆਂ ਹਨ
ਅਤੇ ਹਫਤੇ ਵਿਚ 33 ਫੌਜੀਆਂ/ਰੇਂਜਰਾਂ ਨੂੰ ਮਾਰਿਆ ਹੈ, ਜਦ ਕਿ ਪਾਕਿਸਤਾਨ ਵੱਲੋਂ ਵੀ ਅਜਿਹਾ ਹੀ ਦਾਅਵਾ ਕੀਤਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵੱਲੋਂ ਇਕ ਦੂਜੇ ਦੇ ਰਿਹਾਇਸ਼ੀ ਇਲਾਕਿਆਂ ਵਿਚ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋ ਰਿਹਾ ਹੈ। ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਹਫਤੇ ਵਿਚ ਤਕਰੀਬਨ 15 ਆਮ ਲੋਕ ਮਾਰੇ ਜਾ ਚੁੱਕੇ ਹਨ, ਜਦ ਪਾਕਿਸਤਾਨ ਵਾਲੇ ਪਾਸੇ ਵੀ ਵੱਡਾ ਜਾਨੀ ਨੁਕਸਾਨ ਹੋਇਆ ਹੈ।
ਇਹ ਟਕਰਾਅ ਅਤਿਵਾਦੀਆਂ ਵੱਲੋਂ ਉੜੀ ਖੇਤਰ ਵਿਚ ਭਾਰਤੀ ਫੌਜੀਆਂ ਉਤੇ ਕੀਤੇ ਹਮਲੇ ਵਿਚ 18 ਜਵਾਨਾਂ ਦੇ ਮਾਰੇ ਜਾਣ ਅਤੇ ਭਾਰਤ ਵੱਲੋਂ ਕੰਟਰੋਲ ਰੇਖਾ ਦੇ ਪਾਰ ਜਾ ਕੇ ਕੀਤੇ ਸਰਜੀਕਲ ਅਪਰੇਸ਼ਨ ਪਿੱਛੋਂ ਤਿੱਖਾ ਹੋ ਗਿਆ ਹੈ। ਭਾਰਤੀ ਫੌਜ ਦੇ ਸਿਪਾਹੀ ਮਨਦੀਪ ਸਿੰਘ ਨੂੰ ਸਰਹੱਦ ‘ਤੇ ਅਤਿਵਾਦੀਆਂ ਵੱਲੋਂ ਪਾਕਿਸਤਾਨ ਦੀ ਗੋਲੀਬਾਰੀ ਦੀ ਆੜ ‘ਚ ਮਾਰਨ ਤੋਂ ਬਾਅਦ ਉਸ ਦੀ ਦੇਹ ਦੀ ਬੇਹੁਰਮਤੀ ਦੇ ਬਦਲੇ ਵਜੋਂ ਭਾਰਤ ਨੇ ਜਵਾਬੀ ਕਾਰਵਾਈ ਤੇਜ਼ ਕੀਤੀ ਹੈ। ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਇਕ ਕਰਮਚਾਰੀ ਨੂੰ ਜਾਸੂਸੀ ਕਰਨ ਦਾ ਦੋਸ਼ ਲਗਾ ਕੇ ਦੇਸ਼ ਛੱਡ ਜਾਣ ਦਾ ਹੁਕਮ ਦਿੱਤਾ ਤਾਂ ਪਾਕਿਸਤਾਨ ਨੇ ਵੀ ਭਾਰਤ ਦੇ ਇਕ ਅਧਿਕਾਰੀ ਨੂੰ ਦੇਸ਼ ਛੱਡ ਜਾਣ ਲਈ ਆਖ ਦਿੱਤਾ ਹੈ।
ਸਰਜੀਕਲ ਹਮਲੇ ਤੋਂ ਬਾਅਦ ਸਰਹੱਦ ‘ਤੇ ਜੰਗਬੰਦੀ ਦੀਆਂ 60 ਤੋਂ ਵੀ ਜ਼ਿਆਦਾ ਉਲੰਘਣਾ ਕੀਤੀਆਂ ਗਈਆਂ ਹਨ ਜਿਸ ਨਾਲ ਜੰਗਬੰਦੀ ਸਮਝੌਤੇ ਦਾ ਗੈਰਰਸਮੀ ਭੋਗ ਪੈ ਗਿਆ ਹੈ ਜਿਹੜਾ 13 ਸਾਲ ਤੋਂ ਵੀ ਪਹਿਲਾਂ ਹੋਂਦ ਵਿਚ ਆਇਆ ਸੀ। ਜੰਗਬੰਦੀ ਸਮਝੌਤਾ 25 ਨਵੰਬਰ 2003 ਨੂੰ ਉਸ ਸਮੇਂ ਹੋਂਦ ਵਿਚ ਆਇਆ ਸੀ ਜਦੋਂ ਦੋਵਾਂ ਧਿਰਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪ੍ਰੇਸ਼ਨਜ਼ ਇਤਿਹਾਸਕ ਸਮਝੌਤੇ ਲਈ ਸਹਿਮਤ ਹੋਏ ਸਨ। ਦੋ ਸਾਲ ਤਾਂ ਵਧੀਆ ਲੰਘੇ ਅਤੇ ਸਰਹੱਦ ਉਤੇ ਸ਼ਾਂਤੀ ਬਣੀ ਰਹੀ, ਪਰ 19 ਜਨਵਰੀ 2005 ਨੂੰ ਉਸ ਸਮੇਂ ਇਸ ਦੀ ਪਹਿਲੀ ਵਾਰ ਉਲੰਘਣਾ ਕੀਤੀ ਗਈ ਜਦੋਂ ਮੋਰਟਾਰ ਦੇ ਗੋਲੇ ਪਾਕਿਸਤਾਨ ਵਾਲੇ ਪਾਸਿਉਂ ਦਾਗੇ ਗਏ ਅਤੇ ਪੁਣਛ ਸੈਕਟਰ ਵਿਚ ਭਾਰਤੀ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਸਮੇਂ ਤੋਂ ਲੈ ਕੇ ਪਾਕਿਸਤਾਨ ਹੁਣ ਤੱਕ 1841 ਮੌਕਿਆਂ ‘ਤੇ ਜੰਗਬੰਦੀ ਦੀ ਉਲੰਘਣਾ ਕਰ ਚੁੱਕਾ ਹੈ। ਦੋਵੇਂ ਦੇਸ਼ ਇਕ-ਦੂਜੇ ‘ਤੇ ਪਹਿਲ ਕਰਨ ਦੇ ਦੋਸ਼ ਮੜ੍ਹਦੇ ਆਏ ਹਨ। ਇਹ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਪਿਛਲੇ ਦੋ ਸਾਲਾਂ ਵਿਚ ਇਸ ਵਿਚ ਇਕਦਮ ਵਾਧਾ ਹੋਇਆ ਹੈ। ਭਾਰਤ ਦਾ ਇਲਜ਼ਾਮ ਹੈ ਕਿ ਇਸ ਪਾਸੇ ਹੋ ਰਹੀਆਂ ਵੱਡੀਆਂ ਅਤਿਵਾਦੀ ਘਟਨਾਵਾਂ ਪਿੱਛੇ ਪਾਕਿਸਤਾਨ ਦਾ ਹੱਥ ਹੈ ਜਦਕਿ ਪਾਕਿਸਤਾਨ ਵਿਚ ਖੁਦ ਅਤਿਵਾਦੀ ਘਟਨਾਵਾਂ ਵਿਚ ਵੱਡੇ ਪੱਧਰ ਉਤੇ ਕਤਲੇਆਮ ਹੋ ਰਿਹਾ ਹੈ। ਉਧਰ, ਪਾਕਿਸਤਾਨੀ ਫੌਜੀਆਂ ਵੱਲੋਂ ਜੰਮੂ ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ਨਾਲ ਲੱਗੀਆਂ ਬਸਤੀਆਂ, ਫੌਜੀ ਚੌਕੀਆਂ ਅਤੇ ਕੰਟਰੋਲ ਰੇਖਾ ‘ਤੇ ਸਾਂਬਾ, ਜੰਮੂ, ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ਵਿਚ ਗੋਲਾਬਾਰੀ ਪਿੱਛੋਂ ਹਾਲਤ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਚ ਪੱਧਰੀ ਮੀਟਿੰਗ ਕੀਤੀ। ਪਾਕਿਸਤਾਨੀ ਫੌਜੀਆਂ ਨੇ 120 ਅਤੇ 82 ਐਮæਐਮæ ਦੇ ਮੋਰਟਾਰ ਵਰਗੇ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਭਾਰੀ ਗੋਲੀਬਾਰੀ ਦੇ ਮੱਦੇਨਜ਼ਰ ਸਰਕਾਰ ਨੇ ਜੰਮੂ ਨਾਲ ਲੱਗਦੀ ਕੌਮਾਂਤਰੀ ਸਰਹੱਦ ‘ਤੇ ਪੈਂਦੇ ਸਾਰੇ 174 ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਹਨ। ਉਧਰ, ਪਾਕਿਸਤਾਨ ਨਵੀਂ ਦਿੱਲੀ ਸਥਿਤ ਆਪਣੇ ਹਾਈ ਕਮਿਸ਼ਨ ਵਿਚ ਚਾਰ ਅਧਿਕਾਰੀ ਵਾਪਸ ਸੱਦਣ ਦੀ ਤਿਆਰੀ ਵਿਚ ਹੈ।
______________________________________
ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਹਿਜਰਤ
ਜੰਮੂ: ਕੌਮਾਂਤਰੀ ਸਰਹੱਦ ਨਾਲ ਲੱਗਦੇ ਕਈ ਪਿੰਡਾਂ ਵਿਚ ਸੁੰਨ ਪਸਰ ਗਈ ਹੈ। ਪਾਕਿਸਤਾਨ ਵੱਲੋਂ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਗੋਲੀਬਾਰੀ ਕਾਰਨ ਦਹਿਸ਼ਤ ਦੇ ਸਾਏ ਹੇਠ ਸਰਹੱਦੀ ਲੋਕ ਸੁਰੱਖਿਅਤ ਥਾਂਵਾਂ ਵੱਲ ਕੂਚ ਕਰ ਗਏ ਹਨ। ਸਰਕਾਰ ਨੇ ਭਾਵੇਂ ਸਰਹੱਦੀ ਪਿੰਡਾਂ ਦੇ ਹਰ ਦੂਜੇ ਘਰ ਵਿਚ ਸੁਰੱਖਿਆ ਵਜੋਂ ਬੰਕਰ ਬਣਾ ਕੇ ਦਿੱਤੇ ਹਨ ਤਾਂ ਜੋ ਗੋਲੀਬਾਰੀ ਤੋਂ ਬਚਿਆ ਜਾ ਸਕੇ, ਪਰ ਹੁਣ ਲੋਕਾਂ ਨੇ ਸੁਰੱਖਿਅਤ ਸਥਾਨਾਂ ਵੱਲ ਜਾਣ ਨੂੰ ਪਹਿਲ ਦਿੱਤੀ ਹੈ। ਹਰ ਘਰ ਵਿਚ ਸਿਰਫ ਇਕ ਜਾਂ ਦੋ ਵਿਅਕਤੀ ਠਹਿਰੇ ਹਨ ਤਾਂ ਜੋ ਡੰਗਰਾਂ ਨੂੰ ਚਾਰਾ ਮੁਹੱਈਆ ਕਰਵਾਇਆ ਜਾ ਸਕੇ। ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਰੈੱਡ ਅਲਰਟ ਐਲਾਨਿਆ ਗਿਆ ਹੈ। ਬੀæਐਸ਼ਐਫ਼, ਸਥਾਨਕ ਪੁਲਿਸ ਤੇ ਸੈਨਾ ਨੂੰ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਲਈ ਆਖਿਆ ਗਿਆ ਹੈ।