ਫਾਰਗ ਤੇ ਮੁਤਵਾਜ਼ੀ?

ਸ਼ੀਆ-ਸੁੰਨੀ ਮੁਸਲਿਮ ‘ਦੋ’ ਹੀ ਪਰ ਸਿੱਖੀ ਬਹੁ-ਭਾਂਤੀ।
ਅੱਖਾਂ ਦੇ ਵਿਚ ਹੰਝੂ ਆਉਂਦੇ ਦੇਖ ਕੇ ਹਾਲਤ ਤਾਜ਼ੀ।
ਸਾਡਾ ਡੇਰਾ ਸਾਡੇ ਮਾਹਰਾਜ ਏਹੀ ਆਉਣ ਆਵਾਜ਼ਾਂ,
ਸ੍ਰੀ ਕੇਸਗੜ੍ਹ ਭੁੱਲਿਆ ਸਾਨੂੰ ਇਕੋ ਕੌਮ ਸੀ ਸਾਜੀ।
ਧਰਮ ਸੀਸ ‘ਤੇ ਸਿਆਸਤ ਪੈਰੀਂ ਕਹੇ ਫਲਸਫਾ ਸਾਡਾ,
ਸਿਆਸਤ ਚਾਬਕ ਲੈ ਕੇ ਫਿਰਦੀ ਧਰਮ ਨੂੰ ਮੋਹਰੇ ਲਾ ਜੀ।
ਥਾਂ ਥਾਂ ‘ਤੇ ਪ੍ਰਧਾਨ-ਸਕੱਤਰ ਮੰਗ-ਪੱਤਰ ਨੇ ਹੱਥੀਂ,
ਸ਼ੇਰ ਸਦਾਉਂਦੀ ਕੌਮ ਦੇ ਉਤੇ ਕੈਸੇ ਦਿਨ ਗਏ ਆ ਜੀ।
ਹੁੰਦਾ ‘ਨਾਟਕ’ ਰਾਏ ਲੈਣ ਦਾ ਕਰਕੇ ਜੁੰਡਲੀ ‘ਕੱਠੀ,
ਪਲਾਂ ਵਿਚ ਅਧਿਕਾਰ ਸੌਂਪਦੇ ਬਣ ਕੇ ਮੂਜੀ-ਪਾਜੀ।
ਧਰਮੀ ਅਤੇ ਸਿਆਸੀ ਆਗੂ ਕਰਦੇ ਸੀ ਅਗਵਾਈ,
ਪੰਜ ਪਿਆਰੇ ਹੁਣ ‘ਫਾਰਗ’ ਨੇ ਜਥੇਦਾਰ ‘ਮੁਤਵਾਜ਼ੀ!’