‘ਸਿਮੀ’ ਕੈਦੀਆਂ ਨੂੰ ਮੁਕਾਬਲੇ ‘ਚ ਮਾਰ-ਮੁਕਾਉਣ ‘ਤੇ ਉਠੇ ਸਵਾਲ

ਭੋਪਾਲ: ਇਥੋਂ ਦੀ ਸੈਂਟਰਲ ਜੇਲ੍ਹ ਵਿਚ ਬੰਦ ਪਾਬੰਦੀਸ਼ੁਦਾ ਸੰਗਠਨ ਸਿਮੀ ਦੇ ਅੱਠ ਕਾਰਕੁਨਾਂ ਦਾ ਪਹਿਲਾਂ ਫਰਾਰ ਹੋਣਾ ਤੇ ਫਿਰ ਸੰਖੇਪ ਮੁਕਾਬਲੇ ਤੋਂ ਬਾਅਦ ਇਨ੍ਹਾਂ ਨੂੰ ਖਤਮ ਕਰਨ ਦੀ ਪੂਰੀ ਕਾਰਵਾਈ ਉਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।

ਸਵਾਲ ਕੀਤਾ ਜਾ ਰਿਹਾ ਹੈ ਕਿ ਭੋਪਾਲ ਦੀ ਸੈਂਟਰਲ ਜੇਲ੍ਹ ਨੂੰ ਸਭ ਤੋਂ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ। ਇਸ ਕਰ ਕੇ ਸਿਮੀ ਦੇ ਕਾਰਕੁਨਾਂ ਨੂੰ ਇਥੇ ਰੱਖਿਆ ਗਿਆ ਸੀ। ਜੇਲ੍ਹ ਦੀ 35 ਫੁੱਟ ਉਚੀ ਦੀਵਾਰ ਨੂੰ ਕੱਪੜੇ ਦੀ ਚਾਦਰ ਦੀ ਮਦਦ ਨਾਲ ਪਾਰ ਕਰ ਕੇ ਫਰਾਰ ਹੋਣਾ ਸੁਰੱਖਿਆ ਉਤੇ ਵੱਡਾ ਸਵਾਲ ਸੀ। ਇਸ ਕਰ ਕੇ ਇਸ ਘਟਨਾ ਤੋਂ ਬਾਅਦ ਸਰਕਾਰ ਨੇ ਜੇਲ੍ਹ ਦੇ ਪੰਜ ਅਫਸਰਾਂ ਨੂੰ ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ।
ਦੂਜਾ- ਜਿਸ ਤਰੀਕੇ ਨਾਲ ਪੁਲਿਸ ਨੇ ਇਨ੍ਹਾਂ ਦਾ ਜੇਲ੍ਹ ਤੋਂ ਮਹਿਜ਼ 10 ਕਿਲੋਮੀਟਰ ਦੂਰ ਇਕ ਪਿੰਡ ਵਿਚ ਜਾ ਕੇ ਖਤਮ ਕੀਤਾ, ਉਸ ਉਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਪੁਲਿਸ ਦਾ ਦਾਅਵਾ ਹੈ ਕਿ ਸਿਮੀ ਦੇ ਕਾਰਕੁਨਾਂ ਨੇ ਪੁਲਿਸ ਨੂੰ ਦੇਖ ਕੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਵਿਚ ਇਹ ਸਾਰੇ ਮਾਰੇ ਗਏ। ਮੱਧ ਪ੍ਰਦੇਸ਼ ਸਰਕਾਰ ਦੇ ਇਨ੍ਹਾਂ ਦਾਅਵਿਆਂ ਉਤੇ ਸਵਾਲ ਚੁੱਕਿਆ ਹੈ ਕਾਂਗਰਸ ਦੀ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ। ਉਨ੍ਹਾਂ ਟਵੀਟ ਕਰ ਕੇ ਆਖਿਆ ਹੈ ਕਿ ਸਰਕਾਰੀ ਜੇਲ੍ਹ ਤੋਂ ਭੱਜੇ ਜਾਂ ਫਿਰ ਕਿਸੇ ਯੋਜਨਾ ਤਹਿਤ ਇਨ੍ਹਾਂ ਨੂੰ ਭਜਾਇਆ ਗਿਆ ਹੈ, ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ।
ਯਾਦ ਰਹੇ ਕਿ ਭੋਪਾਲ ਵਿਚ ਪਾਬੰਦੀ ਸ਼ੁਦਾ ਸੰਗਠਨ ਸਿਮੀ ਦੇ ਅੱਠ ਕਾਰਕੁਨ ਅਚਾਨਕ ਜੇਲ੍ਹ ਦੇ ਇਕ ਕਰਮੀ ਦੀ ਹੱਤਿਆ ਕਰ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੂਰੇ ਸੂਬੇ ਵਿਚ ਅਲਰਟ ਜਾਰੀ ਕਰ ਦਿੱਤਾ। ਕੁੱਝ ਸਮਾਂ ਬਾਅਦ ਖਬਰ ਆਈ ਕੇ ਪੁਲਿਸ ਨੇ ਫਰਾਰ ਸਿਮੀ ਕਾਰਕੁਨਾਂ ਨੂੰ ਇਕ ਪਿੰਡ ਵਿਚ ਘੇਰੇ ਕੇ ਢੇਰ ਕਰ ਦਿੱਤਾ। ਸਰਕਾਰ ਦੀ ਇਸੇ ਗੱਲ ਉਤੇ ਹੀ ਕਾਂਗਰਸ ਹੁਣ ਸਵਾਲ ਚੁੱਕ ਰਹੀ ਹੈ।
ਉਧਰ, ਅੱਧੀ ਰਾਤ ਤੋਂ ਬਾਅਦ ਤਕਰੀਬਨ 2-3 ਵਜੇ ਇਨ੍ਹਾਂ ਦੇ ਜੇਲ੍ਹ ‘ਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਕਾਰਵਾਈ ਉਸ ਸਮੇਂ ਵਿਵਾਦਾਂ ‘ਚ ਆ ਗਈ ਜਦੋਂ ਟੀæਵੀæ ਚੈਨਲਾਂ ਨੇ ਮੁਕਾਬਲੇ ਵਾਲੀ ਥਾਂ ਦੇ ਇਕ ਫੁਟੇਜ ‘ਚ ਦਿਖਾਇਆ ਕਿ ਇਕ ਪੁਲਿਸ ਕਰਮੀ ਨੇ ਨਜ਼ਦੀਕ ਤੋਂ ਇਕ ਵਿਅਕਤੀ ਉਤੇ ਗੋਲੀਆਂ ਵਰ੍ਹਾ ਦਿੱਤੀਆਂ। ਇਸ ਤੋਂ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੂੰ ਕੋਈ ਚੀਜ਼ ਕੱਢਦਿਆਂ ਅਤੇ ਵਾਪਸ ਰੱਖਦਿਆਂ ਦੇਖਿਆ ਜਾ ਸਕਦਾ ਹੈ ਜੋ ਪਲਾਸਟਿਕ ਦੇ ਕਵਰ ‘ਚ ਚਾਕੂ ਜਿਹਾ ਦਿਖ ਰਿਹਾ ਹੈ।
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਦਿੱਤੇ ਗਏ ਸੁਰਾਗਾਂ ਦੇ ਆਧਾਰ ‘ਤੇ ਇਨ੍ਹਾਂ ਕੈਦੀਆਂ ਦੇ ਮਾਲੀਖੇੜਾ ਵੱਲ ਭੱਜਣ ਦਾ ਪਤਾ ਚਲਿਆ ਜਿਥੇ ਉਨ੍ਹਾਂ ਨੂੰ ਘੇਰ ਲਿਆ ਗਿਆ ਅਤੇ ਜਦੋਂ ਉਨ੍ਹਾਂ ਪੁਲਿਸ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਇਨ੍ਹਾਂ ਅੱਠਾਂ ਦੀ ਪਛਾਣ ਅਮਜ਼ਦ, ਜ਼ਾਕਿਰ ਹੁਸੈਨ ਸਾਦਿਕ, ਮੁਹੰਮਦ ਸਾਲਿਕ, ਮੁਜੀਬ ਸ਼ੇਖ਼, ਮਹਿਬੂਬ ਗੁਡੂ, ਮੁਹੰਮਦ ਖਾਲਿਦ ਅਹਿਮਦ, ਅਕੀਲ ਅਤੇ ਮਾਜਿਦ ਵਜੋਂ ਹੋਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਿਮੀ ਕਾਰਕੁਨਾਂ ਵੱਲੋਂ ਜੇਲ੍ਹ ‘ਚੋਂ ਭੱਜਣ ਦੇ ਮਾਮਲੇ ਦੀ ਤਫਤੀਸ਼ ਕੌਮੀ ਜਾਂਚ ਏਜੰਸੀ (ਐਨæਆਈæਏæ) ਕਰੇਗੀ ਅਤੇ ਇਸ ਮਾਮਲੇ ਬਾਰੇ ਸੂਬਾ ਸਰਕਾਰ ਵੱਲੋਂ ਵੱਖਰੇ ਤੌਰ ‘ਤੇ ਜਾਂਚ ਕੀਤੀ ਜਾਏਗੀ।
ਮੁਕਾਬਲੇ ਦੀ ਕਹਾਣੀ ‘ਤੇ ਸਵਾਲ ਉਠਣ ਬਾਰੇ ਜਦੋਂ ਪੁੱਛਿਆ ਗਿਆ ਤਾਂ ਮੰਤਰੀ ਨੇ ਕਿਹਾ ਕਿ ਇਹ ਮੁਕਾਬਲਾ ਸੀ ਅਤੇ ਪੁਲਿਸ ਕੋਲ ਉਨ੍ਹਾਂ ਨੂੰ ਖਤਮ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਿਆ ਸੀ। ਸਿਮੀ ਕਾਰਕੁਨਾਂ ਦੇ ਜੇਲ੍ਹ ‘ਚੋਂ ਭੱਜਣ ਦੇ ਤੁਰਤ ਬਾਅਦ ਸੂਬਾ ਸਰਕਾਰ ਨੇ ਉਨ੍ਹਾਂ ਦੇ ਸਕੈੱਚ ਜਾਰੀ ਕਰਦਿਆਂ ਸਾਰਿਆਂ ਦੇ ਸਿਰ ‘ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਐਲਾਨ ਦਿੱਤਾ ਸੀ।
_________________________________
ਵਿਰੋਧੀ ਧਿਰ ਨੇ ਮੰਗੀ ਜਾਂਚ
ਭੁਪਾਲ: ਸਿਮੀ ਕਾਰਕੁਨਾਂ ਨੂੰ ਮੁਕਾਬਲੇ ‘ਚ ਮਾਰ ਮੁਕਾਉਣ ਤੋਂ ਬਾਅਦ ਕਾਂਗਰਸ, ਆਮ ਆਦਮੀ ਪਾਰਟੀ, ਸੀæਪੀæਐਮæ ਨੇ ਇਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਅਸਦ-ਉਦ-ਦੀਨ ਓਵਾਇਸੀ ਨੇ ਮੁਕਾਬਲੇ ਉਤੇ ਸਵਾਲ ਖੜ੍ਹੇ ਕਰਦਿਆਂ ਇਸ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਾਉਣ ਲਈ ਕਿਹਾ ਹੈ। ਕਾਂਗਰਸ ਆਗੂਆਂ ਕਮਲਨਾਥ ਅਤੇ ਦਿਗਵਿਜੈ ਸਿੰਘ ਨੇ ਜੁਡੀਸ਼ਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ਤੋਂ ਭੱਜ ਨਹੀਂ ਸਕਦੀ ਹੈ। ਸੀæਪੀæਐਮæ ਆਗੂ ਬਰਿੰਦਾ ਕਰਤ ਨੇ ਕਿਹਾ ਕਿ ਮੁਕਾਬਲਾ ਸ਼ੱਕੀ ਜਾਪਦਾ ਹੈ ਅਤੇ ਸਰਕਾਰ ਨੂੰ ਇਸ ਦੀ ਕਿਸੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਾਉਣੀ ਚਾਹੀਦੀ ਹੈ।