ਟਿਕਟਾਂ ਨੂੰ ਗਰੰਟੀ ਨਾ ਸਮਝਣ ‘ਆਪ’ ਉਮੀਦਵਾਰ: ਕੇਜਰੀਵਾਲ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵੱਲੋਂ ਉਤਾਰੇ ਸਾਰੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਪਾਰਟੀ ਟਿਕਟਾਂ ਨੂੰ ਗਰੰਟੀ ਨਾ ਸਮਝਣ। ਜੇ ਕਿਸੇ ਵੀ ਪੜਾਅ ਉਤੇ ਕੋਈ ਖਾਮੀ ਪਾਈ ਗਈ ਤਾਂ ਉਮੀਦਵਾਰਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ।

ਸ੍ਰੀ ਕੇਜਰੀਵਾਲ ਨੇ ਸੰਗਰੂਰ ਵਿਚ ਮੀਟਿੰਗ ਦੌਰਾਨ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਉਮੀਦਵਾਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਰਟੀ ਟਿਕਟ ਜਾਂ ਆਪਣੀ ਜਿੱਤ ਯਕੀਨੀ ਮੰਨ ਕੇ ਨਾ ਬੈਠਣ। ਉਨ੍ਹਾਂ ਉਮੀਦਵਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਨ੍ਹਾਂ ਦੇ ਹਲਕਿਆਂ ਵਿਚ ਹੋਰ ਵੀ ‘ਆਪ’ ਵਾਲੰਟੀਅਰ ਹਨ, ਜੋ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਇਹ ਵਾਲੰਟੀਅਰ ਸਹਿਜੇ ਹੀ ਸਬੰਧਤ ਉਮੀਦਵਾਰਾਂ ਦੀ ਥਾਂ ਲੈ ਸਕਦੇ ਹਨ।
ਇਕ ਘੰਟਾ ਚੱਲੀ ਇਸ ਮੀਟਿੰਗ ਵਿਚ ਪਾਰਟੀ ਵੱਲੋਂ ਹੁਣ ਤੱਕ ਐਲਾਨੇ ਸਾਰੇ 61 ਉਮੀਦਵਾਰ ਹਾਜ਼ਰ ਸਨ। ਮੀਟਿੰਗ ਦੌਰਾਨ ਕੌਮੀ ਕਨਵੀਨਰ ਨੇ ਕਿਹਾ ਕਿ ਉਮੀਦਵਾਰਾਂ ਦਾ ਪੂਰਾ ਧਿਆਨ ਹੁਣੇ ਤੋਂ ਆਪਣੇ ਹਲਕੇ ਦੀ ਪ੍ਰਚਾਰ ਮੁਹਿੰਮ ਉਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪੜਾਅ ‘ਤੇ ਜੇ ਕੋਈ ਉਮੀਦਵਾਰ ਕਮਜ਼ੋਰ ਪਾਇਆ ਗਿਆ ਤਾਂ ਉਸ ਨੂੰ ਬਦਲਿਆ ਜਾਵੇਗਾ। ਉਨ੍ਹਾਂ ਦਿੱਲੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਦੋ ਚੋਣਾਂ ਵਿਚ ਆਖਰੀ ਦਿਨਾਂ ਵਿਚ ਉਮੀਦਵਾਰ ਬਦਲੇ ਗਏ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਹਲਕਿਆਂ ਵਿਚ ਪਾਰਟੀ ਨੇ ਉਮੀਦਵਾਰ ਐਲਾਨੇ ਹਨ, ਅਜਿਹੇ ਹਰੇਕ ਹਲਕੇ ਵਿਚ ਪਾਰਟੀ ਦੇ ਪੰਜ ਅਬਜ਼ਰਵਰ ਹੋਣਗੇ, ਜੋ ਰੋਜ਼ਾਨਾ ਦਿੱਲੀ ਵਿਚ ਲੀਡਰਸ਼ਿਪ ਨੂੰ ਰਿਪੋਰਟ ਭੇਜਣਗੇ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਵੱਖ-ਵੱਖ ਪੈਮਾਨਿਆਂ ਤੋਂ ਉਮੀਦਵਾਰਾਂ ਦੀ ਪਰਖ ਕੀਤੀ, ਜਿਨ੍ਹਾਂ ਵਿਚ ਉਨ੍ਹਾਂ ਦਾ ਲੋਕਾਂ ਨਾਲ ਜੁੜਨ ਵਾਲਾ ਪ੍ਰੋਗਰਾਮ, ਜਿੱਤਣ ਦੀ ਸੰਭਾਵਨਾ, ਹੋਰ ਪਾਰਟੀਆਂ ਦੇ ਉਮੀਦਵਾਰਾਂ ਜਾਂ ਸੰਭਾਵੀ ਉਮੀਦਵਾਰਾਂ ਦਾ ਸਾਹਮਣਾ ਕਰਨ ਦੀ ਕਾਬਲੀਅਤ ਸ਼ਾਮਲ ਹੈ। ਮੀਟਿੰਗ ਵਿਚ ਕੌਮੀ ਕਨਵੀਨਰ ਤੋਂ ਇਲਾਵਾ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੂਬਾਈ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਤੇ ਸਹਿ ਇੰਚਾਰਜ ਜਰਨੈਲ ਸਿੰਘ ਵੀ ਹਾਜ਼ਰ ਸਨ।
_______________________________
ਗੱਠਜੋੜ ਲਈ ‘ਆਪ’ ਚੁਣੌਤੀ ਨਹੀਂ: ਸੁਖਬੀਰ
ਬਠਿੰਡਾ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਵਿਚ ਗਠਜੋੜ ਲਈ ਆਮ ਆਦਮੀ ਪਾਰਟੀ ਕੋਈ ਚੁਣੌਤੀ ਨਹੀਂ ਹੈ ਅਤੇ ‘ਆਪ’ ਦਾ ਹਸ਼ਰ ਵੀ ਪੀਪਲਜ਼ ਪਾਰਟੀ ਵਾਲਾ ਹੀ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਆਪਣੀ ਹਾਰ ਦੀ ਬੌਖਲਾਹਟ ਵਿਚ ਹੀ ਚੋਣ ਕਮਿਸ਼ਨ ਕੋਲ ਝੂਠੀ ਸ਼ਿਕਾਇਤਾਂ ਕਰ ਰਹੀਆਂ ਹਨ ਜਦਕਿ ਚੋਣ ਕਮਿਸ਼ਨ ਵੱਲੋਂ ਪਹਿਲਾਂ ਵੀ ਸੂਬਿਆਂ ਵਿਚ ਚੋਣਾਂ ਤੋਂ ਪਹਿਲਾਂ ਜਾਇਜ਼ਾ ਲਿਆ ਜਾਂਦਾ ਹੈ ਅਤੇ ਇਹ ਰੁਟੀਨ ਕਾਰਵਾਈ ਹੈ। ਉਨ੍ਹਾਂ ਅਗਲੇ ਪੰਜ ਵਰ੍ਹਿਆਂ ਵਿਚ ਪੰਜਾਬ ਵਿਚ ਵਿਕਾਸ ਦੇ ਹਨੇਰੀ ਲਿਆਉਣ ਦਾ ਵਾਅਦਾ ਕੀਤਾ।