ਫ਼ਾਜ਼ਿਲਕਾ: ਦਿਵਾਲੀ ਦੇ ਤਿਉਹਾਰ ਮੌਕੇ ਪੰਜਾਬ ਦੇ 153 ਪਿੰਡ ਇਸ ਤਰ੍ਹਾਂ ਦੇ ਵੀ ਸਨ ਜਿਥੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਹੋਵੇਗਾ। ਇਨ੍ਹਾਂ ਪਿੰਡਾਂ ਦੀ ਧਰਤੀ ‘ਤੇ ਦਿਵਾਲੀ ਦੀ ਰਾਤ ਨੂੰ ਹਨੇਰਾ ਪਸਰਿਆ ਰਿਹਾ। ਇਨ੍ਹਾਂ ਪਿੰਡਾਂ ਨੂੰ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਬੇਚਿਰਾਗ਼ ਪਿੰਡ ਕਿਹਾ ਜਾਂਦਾ ਹੈ। ਇਹ ਪਿੰਡ ਪੰਜਾਬ ਦੀ ਸਰਹੱਦ ‘ਤੇ ਸਥਿਤ ਹਨ। ਇਨ੍ਹਾਂ ਦੇ ਬੇਚਿਰਾਗ਼ ਬਣਨ ਦੀ ਕਹਾਣੀ ਭਾਰਤ ਵੰਡ ਸਮੇਂ ਸ਼ੁਰੂ ਹੋਈ ਸੀ, ਜਦੋਂਕਿ ਅੱਜ ਇਨ੍ਹਾਂ ਪਿੰਡਾਂ ਦੀ ਆਪਣੀ ਜ਼ਮੀਨ ਹੈ, ਜਿਨ੍ਹਾਂ ‘ਚ ਪਾਣੀ ਦੀ ਵਾਰੀ ਵੀ ਲੱਗਦੀ ਹੈ।
ਮਾਲ ਵਿਭਾਗ ਦੇ ਰਿਕਾਰਡ ਵਿਚ ਬਕਾਇਦਾ ਇਨ੍ਹਾਂ ਦਾ ਹੱਦਬਸਤ ਨੰਬਰ ਵੀ ਹੈ, ਪਰ ਹੁਣ ਇਨ੍ਹਾਂ ਪਿੰਡਾਂ ‘ਚ ਕੋਈ ਨਹੀਂ ਵੱਸਦਾ। ਜ਼ਿਲ੍ਹਾ ਫ਼ਾਜ਼ਿਲਕਾ ਵਿਚ ਇਨ੍ਹਾਂ ਪਿੰਡ ਦੀ ਗਿਣਤੀ 16 ਹੈ, ਫ਼ਿਰੋਜ਼ਪੁਰ ਵਿਚ 23, ਅੰਮ੍ਰਿਤਸਰ ਵਿਚ 39 ਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ 75 ਪਿੰਡ ਹਨ। ਫ਼ਾਜ਼ਿਲਕਾ ਦਾ ਇਤਿਹਾਸ ਫਰੋਲ ਚੁੱਕੇ ਇਤਿਹਾਸਕਾਰ ਲਛਮਣ ਦੋਸਤ ਦਾ ਕਹਿਣਾ ਹੈ ਕਿ ਇਨ੍ਹਾਂ ਬੇਚਿਰਾਗ਼ ਪਿੰਡਾਂ ਦੀ ਦਾਸਤਾ ਬੜੀ ਲੰਮੀ ਤੇ ਵਿਲੱਖਣ ਹੈ। ਉਹ ਕਹਿੰਦੇ ਹਨ ਕਿ ਜਦੋਂ ਭਾਰਤ-ਪਾਕਿ ਵੰਡ ਹੋਈ ਤਾਂ ਰੈੱਡ ਕਲਿਫ਼ ਆਯੋਗ ਨੇ ਇਕ ਲਾਇਨ ਖਿੱਚ ਕੇ ਇਕ ਦੇਸ਼ ਦੇ ਦੋ ਟੋਟੇ ਕਰ ਦਿੱਤੇ। ਜਿਸ ਕਾਰਨ ਕਈ ਪਿੰਡ ਭਾਰਤ ਤੇ ਪਾਕਿਸਤਾਨ ਦੇ ਵਿਚ ਵੰਡ ਗਏ। ਇਨ੍ਹਾਂ ਵਿਚ 153 ਪਿੰਡ ਇਸ ਤਰ੍ਹਾਂ ਹਨ ਜਿਨ੍ਹਾਂ ਦੀ ਵਸੋਂ ਵਾਲਾ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ ਅਤੇ ਖੇਤੀ ਵਾਲਾ ਹਿੱਸਾ ਭਾਰਤ ਵਿਚ ਰਹਿ ਗਿਆ।
ਇਸ ਖੇਤੀ ਵਾਲੀ ਜ਼ਮੀਨ ‘ਤੇ ਕੁਝ ਲੋਕ ਵਸੇ ਤਾਂ ਸਨ ਪਰ 1965 ਤੇ 1971 ਦੇ ਭਾਰਤ ਪਾਕਿ ਯੁੱਧ ਅਤੇ ਹੱਦਬੰਦੀ ਦੇ ਕਾਰਨ ਉਹ ਲੋਕ ਵੀ ਆਪਣੇ ਰੈਣ ਬਸੇਰੇ ਛੱਡ ਕੇ ਹੋਰਨਾਂ ਪਿੰਡਾਂ ‘ਚ ਵੱਸ ਗਏ। ਹੁਣ ਉਥੇ ਸਿਰਫ ਖੇਤੀ ਯੋਗ ਜ਼ਮੀਨ ਹੈ। ਦੱਸਿਆ ਜਾਂਦਾ ਹੈ ਕਿ ਅੰਗਰੇਜ਼ੀ ਸਾਮਰਾਜ ਵੱਲੋਂ ਬਣਾਇਆ ਗਿਆ ਇਹ ਹੱਦਬਸਤ ਨੰਬਰ ਅੱਜ ਵੀ ਲਾਗੂ ਹੋਣ ਕਾਰਨ ਪਟਵਾਰੀ ਤੇ ਕਾਨੂੰਗੋ ਦੇ ਬਸਤਿਆਂ ‘ਚ 1880 ਅਤੇ 1912 ਵਾਲਾ ਹੱਦਬਸਤ ਨੰਬਰ ਚੱਲਿਆ ਆ ਰਿਹਾ ਹੈ। ਜ਼ਿਲ੍ਹਾ ਫ਼ਾਜ਼ਿਲਕਾ ਵਿਚ ਪਿੰਡ ਖੋਖਰ, ਗੁਲਸ਼ਾਹ, ਝੰਗੜ, ਜੀਵਨ ਪੁਰਾ, ਕੰਦਰ ਕੇ, ਗੰਜ ਬਖ਼ਸ਼ ਸੈਣੀ, ਮੁਹੰਮਦ ਉਸਮਾਨ ਅਤੇ ਮੁਹੰਮਦ ਅਸਮਾਨ, ਜਲਾਲਾਬਾਦ ਦੇ ਪਿੰਡ ਬਹਿਕ ਹਸਤਾ ਹਿਠਾੜ, ਲੱਖੇਵਾਲੀ ਹਸਲੀ, ਲੱਖੇਕੇ ਹਿਠਾੜ, ਚੱਕ ਸਰਕਾਰੀ ਇਕ ਅਤੇ ਦੋ, ਚੱਕ ਸਰਕਾਰੀ ਮਾਹੀ, ਗੱਟੀ ਹਾਸਲ ਤੇ ਲਮੋਚੜ ਕਲਾਂ ਹਿਠਾੜ ਹਨ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਗੁਰੂਹਰਸਹਾਏ ਦੇ ਦੋਨਾ ਧੁੱਗੀ ਤੇ ਦੋਨਾ ਗੁਦਾੜ ਪੰਜਗਰਾਈਆਂ, ਮਮਦੋਟ ਦੇ ਦੋਨਾ ਬਹਾਰ ਕੇ, ਦੋਨਾ ਰਾਜਾ ਦੀਨਾ ਨਾਥ, ਫੱਟੇ ਵਾਲਾ ਉਤਾੜ, ਜੈਮਲ ਵਾਲਾ, ਗੱਟੀ ਤੇਲੂ ਵਾਲਾ ਮਾਈ, ਗੱਟੀ ਗਸਤਾ ਨੰਬਰ 1, ਫ਼ਿਰੋਜ਼ਪੁਰ ਦੇ ਠੇ, ਸੋਦੀਵਾਲਾ, ਅਲੀ ਅਲ਼ਖ, ਲਮੋਚੜ, ਗੰਦੂ ਕਿਲਚਾ ਹਿਠਾੜ, ਬਾਲਾ ਮੇਠਾ, ਜਾਮਾ ਬੇਘਾ, ਜ਼ੀਰਾ ਦੇ ਪਿੰਡ ਚੱਕ ਪਹਾੜ ਸਿੰਘ ਵਾਲਾ ਅਤੇ ਮੱਖੂ ਦੇ ਬੋਦਲ ਬੱਗਾ, ਭੂਰੀਆਣ, ਮੇਡਾਵਾਲਾ, ਟਿੱਬੀ ਬੰਦਰਾ, ਧਾਨ ਗੜ੍ਹ, ਹਿਦੀਅਤ, ਉਲਾਸ਼ਾਹ ਪਿੰਡ ਬੇਚਿਰਾਗ਼ ਹਨ।
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਲੀਪੁਰ ਵੀਰਾਨ, ਗੁੰਗਰਾਂ, ਕੋਟਾ, ਆਸ਼ਰਫ਼, ਫੈਜੂਲਾ, ਬਹਿਲੋਲਪੁਰ, ਨਬੀ ਨਗਰ, ਦੇਵੀਦਾਸ, ਤਨਾਨੀਵਾਲਾ, ਸੁਨੈਆ, ਖਰਖਰਾ, ਜਹੀਦਪੁਰ, ਗੱਦੀਆਂ ਖ਼ੁਰਦ, ਸਰਨਾ, ਮੋਕਲ, ਮੋਠ ਸਰਾਂਅ, ਚਹਿਲ ਖੁਰਦ, ਨੀਕਾ, ਅੱਬਾ, ਅਹਾਲੂਵਾਲਾ, ਫ਼ਿਰੋਜ਼ਾ, ਫੈਤ ਬਰਕਤ, ਬਹਾਦਰ ਲਹਿਰੀ, ਸੰਗਤੂਵਾਲ, ਭਾਤੋ, ਪਰਸੋ ਦਾ ਪਿੰਡ, ਕੋਟ ਟੋਡਰ ਮੱਲ, ਖੋਖੇ ਵਾਲ, ਚੱਕ ਸਾਹੂ, ਮਛਰਵਾਲਾ, ਚਾਹਗਿਲ, ਚੱਕ ਅਮੀਰ, ਚੱਕ ਚਾਯੋ, ਚੱਕ ਚਿਮਨਾ, ਚੱਕ ਦਾਖ, ਚੱਕ ਰਾਮ, ਸਹਾਇ, ਚੀਮਾ ਕਲਾਂ, ਮਸਾਨਾ, ਮਾਜਰਾ, ਸ਼ਹੀਦ ਪੁਰ, ਰਾਜਪੁਰ ਜੱਟਾਂ, ਰਾਜ਼ੀ ਬੇਲੀ, ਰਾਜ ਪੁਰਾਣਾ, ਕਰਨਾਮ, ਹਕੀਮਪੁਰ, ਬੇਰੀ, ਭਾਰਥ, ਜਾਗੋ ਵਾਲ ਜੱਟਾਂ, ਮੇਹਰਬੇਟ, ਊਚਾਂ, ਕੇਸ਼ੋਪੁਰ, ਸ਼ਾਹਪੁਰ, ਗੋਰਾਇਆ, ਗਿੱਲ, ਕੋਟਲੀ ਜਵਾਹਰ, ਭਦਰੋਇਆ, ਭੈਣੀ ਮੀਆਂ ਖ਼ਾਨ, ਚੱਕ ਦੀਪੇਵਾਲਾ, ਚੱਕ ਸਿਧਵਾਂ, ਹਾਇਤੀ ਚੱਕ, ਜੱਟੀ ਸਰਾਏ, ਦੌਲਤ, ਅਲੂਵਾਲ, ਲੀਲ੍ਹ ਕਲਾਂ, ਮਿਆਨੀ ਮੁਲਾਰਾ, ਝਾਵਰ, ਰਾਇਮਲ, ਐਡਮਲ, ਲੱਖੋਵਾਲ, ਮੁੰਨਣ ਕਲਾਂ, ਨਵਾਂ ਪਿੰਡ, ਮਹਿਲ ਨੰਗਲ, ਮਹੇਸ਼ੂ ਡੋਗਰਾ, ਮਨਿਕਾ ਖਿਜਾਰਪੁਰ, ਮੰਜਿਆਂ ਵਾਲਾ, ਨਜਾਬਤਪੁਰ, ਚੱਕ ਮਾਨ ਸਿੰਘ ਤੇ ਜ਼ਿਲ੍ਹਾ ਅੰਮ੍ਰਿਤਸਰ ‘ਚ ਪਿੰਡ ਦਾਦੀਆਂ, ਕਮਲ ਪੁਰ ਕਲਾਂ, ਛਾਣਨ ਵਧਾਈ ਚੀਮਾ, ਦਰਿਆ ਮਨਸੂਰ, ਫੂਲਪੁਰ, ਧਿਆਨ ਸਿੰਘ ਪੁਰਾ, ਸ਼ਹਾਦਾਬਾਦ, ਸਹਾਰਨ, ਕੋਟਲੀ ਸੈਦਾਂ, ਲੰਗਰ ਪੁਰ, ਕੋਟਲੀ ਬਰਵਾਲਾ, ਅਰਾਜ਼ੀ ਡਰਾਇਆ, ਅਰਾਜ਼ੀ ਕਾਸੋਵਾਲਾ, ਅਰਾਜ਼ੀ ਰਜਾਦਾ, ਅਰਾਜ਼ੀ ਸੰਗੋਕੇ, ਭੈਣੀ ਗਿੱਲ, ਭੈਣੀਆਂ, ਸੁੰਦਰ ਗੜ੍ਹ, ਬੋਹਗਾਂ ਬੁੱਧਾ, ਵਾਰਸਲ, ਕਸੋਵਾਲ, ਭਣਦੀਆਂਵਾਲੀ, ਭਾਨੋਕੇ, ਮੁੰਹਮਦੀਵਾਲਾ, ਚੱਕ ਲਧੇਕੇ, ਖੀਜਾਰਪੁਰਾ, ਦੁਰਗਾਪੁਰ ਸਿੱਕਰੀ, ਫੱਤਾ, ਰੱਖ ਬਨਵਾਲੀਪੁਰ, ਭਾਦਰੂ, ਭਲੋਟ, ਚੱਕ ਦੇਸਲ, ਜੂਨਾਪੁਰ, ਚੱਕ ਠਠਈਆਂ ਸ਼ਾਮਲ ਹਨ।