ਪੁਲਿਸ ਭਰਤੀ ਵਿਚ ਖੁੱਲ੍ਹੀ ਪੰਜਾਬ ਵਿਚ ਬੇਰੁਜ਼ਗਾਰੀ ਦੀ ਪੋਲ

ਚੰਡੀਗੜ੍ਹ: ਪੰਜਾਬ ਪੁਲਿਸ ਦੀ ਭਰਤੀ ਵਿਚ ਬੇਰੁਜ਼ਗਾਰੀ ਦੀ ਹਾਲਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਕਾਂਸਟੇਬਲ ਦੀ ਭਰਤੀ ਲਈ ਚੁਣੇ ਗਏ 7713 ਉਮੀਦਵਾਰਾਂ ਵਿਚ ਐਮæਟੈਕ, ਬੀæਟੈਕ ਤੇ ਪੋਸਟ ਗ੍ਰੈਜੂਏਟ ਪੂਰੀ ਕਰ ਚੁੱਕੇ ਉਮੀਦਵਾਰ ਸ਼ਾਮਲ ਹਨ।

ਪੁਲਿਸ ਮੁਤਾਬਕ ਸਫਲ ਉਮੀਦਵਾਰਾਂ ਵਿਚ 162 ਪੋਸਟ ਗ੍ਰੈਜੂਏਟ, 6 ਐਮæਟੈਕ, 1181 ਗ੍ਰੈਜੂਏਟ ਤੇ 261 ਡਿਪਲੋਮਾ ਹੋਲਡਰ ਹਨ। ਇਨ੍ਹਾਂ ਵਿਚ 85 ਫੀਸਦੀ ਉਮਰ 19 ਤੋਂ 26 ਸਾਲ ਵਿਚਾਲੇ ਹੈ। ਇਨ੍ਹਾਂ ਦੀ ਟ੍ਰੇਨਿੰਗ 15 ਨਵੰਬਰ ਤੋਂ ਸ਼ੁਰੂ ਹੋਏਗੀ। ਕਾਬਲੇਗੌਰ ਹੈ ਕਿ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਸੂਬੇ ਵਿਚ ਬੇਰੁਜ਼ਗਾਰੀ ਦੀ ਕੋਈ ਸਮੱਸਿਆ ਨਹੀਂ ਰਹੀ।
ਇਸ ਭਰਤੀ ਵਿਚ ਪੋਸਟ ਗ੍ਰੈਜੂਏਟ ਉਮੀਦਵਾਰਾਂ ਦਾ ਹੋਣਾ ਸਿੱਧ ਕਰਦਾ ਹੈ ਕਿ ਪੰਜਾਬ ਵਿਚ ਪੜ੍ਹੇ-ਲਿਖੇ ਲੋਕ ਵਿਹਲੇ ਡਿਗਰੀਆਂ ਚੁੱਕੀ ਫਿਰਦੇ ਹਨ। ਪੰਜਾਬ ਪੁਲੀਸ ਵੱਲੋਂ ਜ਼ਿਲ੍ਹਾ ਪੁਲਿਸ ਕਾਡਰ ਤੇ ਆਰਮਡ ਪੁਲਿਸ ਕਾਡਰ ਵਿਚ 7173 ਸਿਪਾਹੀਆਂ ਦੀ ਭਰਤੀ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਕੁੱਲ 7173 ਸਫਲ ਉਮੀਦਵਾਰਾਂ ਵਿਚੋਂ ਜ਼ਿਲ੍ਹਾ ਪੁਲਿਸ ਕਾਡਰ ਵਿਚ 3556 ਪੁਰਸ਼ ਤੇ 1116 ਔਰਤਾਂ ਦੀ ਚੋਣ ਹੋਈ ਹੈ ਜਦਕਿ ਆਰਮਡ ਪੁਲਿਸ ਕਾਡਰ ਵਿਚ 2501 ਪੁਰਸ਼ ਸਿਪਾਹੀਆਂ ਦੀ ਚੋਣ ਹੋਈ ਹੈ। 85 ਫੀਸਦੀ ਸਫਲ ਉਮੀਦਵਾਰ 19 ਤੋਂ 26 ਸਾਲ ਦੇ ਉਮਰ ਵਰਗ ਵਿਚਕਾਰ ਹਨ।
________________________________
ਚੋਣਾਂ ਬਹਾਨੇ ਕੱਚੇ ਮੁਲਾਜ਼ਮਾਂ ਦੀਆਂ ਮੌਜਾਂ
ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ, ਸੁਸਾਇਟੀਆਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਠੇਕੇ ‘ਤੇ ਕੰਮ ਕਰ ਰਹੇ 30 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਹਰੀ ਝੰਡੀ ਦੇ ਕੇ ਜਿਥੇ ਉਨ੍ਹਾਂ ਨੂੰ ਦਿਵਾਲੀ ਦਾ ਤੋਹਫਾ ਦਿੱਤਾ ਹੈ, ਉਥੇ ਸੂਬਾਈ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਲਈ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਵੀ ਕੀਤੀ ਹੈ। ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੀ ਪਹਿਲੀ ਪਾਰੀ ਦੇ ਆਖਰੀ ਸਾਲ ਵਿਚ ਇਹ ਪੱਤਾ ਖੇਡ ਕੇ ਸਿਆਸੀ ਲਾਭ ਲਿਆ ਸੀ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ-ਭਾਜਪਾ ਸਰਕਾਰ ਪਿਛਲੇ ਕੁਝ ਮਹੀਨਿਆਂ ਤੋਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਲਾਭ ਪਹੁੰਚਾਉਣ ਵਾਲੇ ਫੈਸਲਿਆਂ ਰਾਹੀਂ ਉਨ੍ਹਾਂ ਦੀਆਂ ਵੋਟਾਂ ਬਟੋਰਨ ਦੇ ਰਾਹ ਪਈ ਹੋਈ ਹੈ ਤਾਂ ਜੋ ਹੋਰ ਪੰਜ ਸਾਲਾਂ ਲਈ ਸੱਤਾ ‘ਤੇ ਕਾਬਜ਼ ਰਹਿ ਸਕੇ। ਸਰਕਾਰ ਦੀ ਇਸ ਕਮਜ਼ੋਰੀ ਅਤੇ ਮਜਬੂਰੀ ਨੂੰ ਸਮਝਦੇ ਹੋਏ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੀ ਪੱਕੇ ਹੋਣ ਵਾਸਤੇ ਪਿਛਲੇ ਕਈ ਮਹੀਨਿਆਂ ਤੋਂ ਜ਼ੋਰਦਾਰ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਇਸ ਦੂਹਰੇ ਦਬਾਅ ਹੇਠ ਸੂਬਾ ਸਰਕਾਰ ਨੇ ਇਸ ਮੁੱਦੇ ਦੇ ਸਿਆਸੀ ਲਾਭ ਅਤੇ ਕਾਨੂੰਨੀ ਪੱਖਾਂ ਨੂੰ ਵਾਚਦਿਆਂ ਪਾਰਦਰਸ਼ੀ ਢੰਗ ਨਾਲ ਲੋੜੀਂਦੀਆਂ ਮੁੱਢਲੀਆਂ ਜ਼ਰੂਰੀ ਯੋਗਤਾਵਾਂ ਪੂਰੀਆਂ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ ਹੈ।
ਦਰਅਸਲ, ਸ਼ਰਾਬ, ਨਸ਼ੇ, ਰੇਤਾ-ਬਜਰੀ, ਦਲਿਤਾਂ ਅਤੇ ਔਰਤਾਂ ਉਪਰ ਵਧ ਰਹੇ ਅਤਿਆਚਾਰਾਂ ਅਤੇ ਅਮਨ-ਕਾਨੂੰਨ ਦੀ ਨਿੱਘਰ ਰਹੀ ਹਾਲਤ ਤੋਂ ਇਲਾਵਾ ਪਿਛਲੇ ਕੁਝ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੇ ਮਾਮਲਿਆਂ ਕਰ ਕੇ ਲੋਕ ਮਨਾਂ ਵਿਚੋਂ ਹਾਸ਼ੀਏ ‘ਤੇ ਜਾ ਚੁੱਕੀ ਅਕਾਲੀ-ਭਾਜਪਾ ਸਰਕਾਰ ਹੁਣ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਵਰਗਾਂ ਨੂੰ ਰਿਆਇਤਾਂ ਅਤੇ ਤੋਹਫਿਆਂ ਦੇ ਗੱਫੇ ਦੇ ਕੇ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।