ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂਆਂ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੰਦਿਆਂ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਣਾਂ ਵਿਚ ਪਿਛਲੇ ਦਸ ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਤੇ ਹੋਰ ਪ੍ਰਾਪਤੀਆਂ ਦਾ ਹਵਾਲਾ ਦੇ ਕੇ ਪੰਜਾਬੀ ਵਾਸੀਆਂ ਤੋਂ ਵੋਟਾਂ ਮੰਗੀਆਂ ਜਾਣ ਤੇ ਇਕ ਸਕਾਰਾਤਮਕ ਮੁਹਿੰਮ ਦੀ ਅਗਵਾਈ ਪਾਰਟੀ ਆਗੂ ਕਰਨ।
ਬਾਦਲ ਨੇ ਕਿਹਾ ਕਿ ਦੂਜੀਆਂ ਸਿਆਸੀ ਪਾਰਟੀਆਂ ਜੋ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਝੂਠੇ ਵਾਅਦੇ ਕਰ ਰਹੀਆਂ ਹਨ, ਉਨ੍ਹਾਂ ਦਾ ਅਕਾਲੀ ਆਗੂਆਂ ਨੂੰ ਠੋਕਵਾਂ ਜਵਾਬ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਰਾਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨੀਆਂ ਪ੍ਰਾਪਤੀਆਂ ਦਸ ਸਾਲਾਂ ਦੇ ਛੋਟੇ ਜਿਹੇ ਅਰਸੇ ਦੌਰਾਨ ਪਹਿਲਾਂ ਕਦੇ ਪ੍ਰਾਪਤ ਨਹੀਂ ਕੀਤੀਆਂ ਜਾ ਸਕੀਆਂ ਤੇ ਅਕਾਲੀ-ਭਾਜਪਾ ਸਰਕਾਰ ਨੇ ਤਕਰੀਬਨ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ, ਭਾਵੇਂ ਉਹ ਭਲਾਈ ਸਕੀਮਾਂ ਨੂੰ ਲਾਗੂ ਕਰਨ ਦੀ ਗੱਲ ਹੋਵੇ, ਵਿਕਾਸ ਪ੍ਰੋਜੈਕਟ ਹੋਣ ਜਾਂ ਯਾਦਗਾਰਾਂ ਉਸਾਰਨ ਦੀ ਗੱਲ ਹੋਵੇ।
ਇਸ ਮੌਕੇ ਅੰਮ੍ਰਿਤਸਰ ਵਿਖੇ ਵਿਰਾਸਤੀ ਰਸਤੇ, ਇੰਟਰਪ੍ਰੇਟੇਸ਼ਨ ਸੈਂਟਰ ਤੇ ਵੰਡ ਸਮੇਂ ਦੇ ਮਿਊਜ਼ੀਅਮ ਦਾ ਖਾਸ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਲੱਖਣ ਉਸਾਰੀਆਂ ਨਾਲ ਗੁਰੂ ਨਗਰੀ ਹੁਣ ਵਿਸ਼ਵ ਦੇ ਨਕਸ਼ੇ ‘ਤੇ ਉਭਰ ਕੇ ਸਾਹਮਣੇ ਆ ਗਈ ਹੈ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਦਾ ਲੋਕਾਂ ਵਿਚ ਪਰਦਾਫਾਸ਼ ਕੀਤਾ ਜਾਵੇ। ਕਿਸਾਨ ਕਰਜ਼ਾ ਮੁਆਫੀ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਹੁਣ ਫਿਰ ਠੀਕ ਉਸੇ ਤਰ੍ਹਾਂ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਜਿਵੇਂ ਕਿ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਦੌਰਾਨ ਕਾਂਗਰਸ ਨੇ ਭੂਮੀ-ਰਹਿਤ ਕਿਸਾਨਾਂ ਨੂੰ ਪੰਜ ਏਕੜ ਜ਼ਮੀਨ ਦੇਣ ਦਾ ਵਾਅਦਾ ਕੀਤਾ ਸੀ ਜਦਕਿ ਲੋਕਾਂ ਨੂੰ ਇਕ ਇੰਚ ਵੀ ਜ਼ਮੀਨ ਨਹੀਂ ਦਿੱਤੀ ਗਈ ਸੀ।
_________________________________________
ਮਮਤਾ ਬੈਨਰਜੀ ਦੀਆਂ ਨਜ਼ਰਾਂ ਹੁਣ ਪੰਜਾਬ ਵੱਲ
ਕੋਲਕਾਤਾ: ਦੂਜੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਸੀ ਕਿ ਹੁਣ ਉਹ ਦੂਜੇ ਰਾਜਾਂ ਵੱਲ ਧਿਆਨ ਦੇਣਗੇ। ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਤੋਂ ਬਾਅਦ ਹੁਣ ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣ ਲੜਨ ਬਾਰੇ ਰਣਨੀਤੀ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ 6 ਵਿਧਾਇਕਾਂ ਨਾਲ ਤ੍ਰਿਪੁਰਾ ਵਿਚ ਮੁੱਖ ਵਿਰੋਧੀ ਪਾਰਟੀ ਤ੍ਰਿਣਮੂਲ ਨੇ ਵਿਧਾਨ ਸਭਾ ਦੀਆਂ ਦੋਵੇਂ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਵਿਚ ਵੀ ਸਾਬਕਾ ਕਾਂਗਰਸੀਆਂ ਨੂੰ ਨਾਲ ਲੈ ਕੇ ਪਾਰਟੀ ਦਾ ਵਿਸਥਾਰ ਕਰਨ ਦੀ ਯੋਜਨਾ ਹੈ। ਤ੍ਰਿਣਮੂਲ ਆਗੂ ਮੁਕੁਲ ਰਾਏ ਨੇ ਜਗਮੀਤ ਸਿੰਘ ਬਰਾੜ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਅਜੇ ਇਹ ਤੈਅ ਨਹੀਂ ਹੈ ਕਿ ਬਰਾੜ ਚੋਣਾਂ ‘ਚ ਤ੍ਰਿਣਮੂਲ ਦਾ ਚਿਹਰਾ ਹੋਣਗੇ ਜਾਂ ਨਹੀਂ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨਾਲ ਵੀ ਗੱਲਬਾਤ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਕੇ ਪੰਜਾਬ ਵਿਚ ਤ੍ਰਿਣਮੂਲ ਚੋਣ ਲੜੇਗੀ। ਕਾਂਗਰਸ ਦੇ ਕਈ ਬਾਗੀ ਵਿਧਾਇਕਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਕ ਸੀਨੀਅਰ ਤ੍ਰਿਣਮੂਲ ਆਗੂ ਨੇ ਦੱਸਿਆ ਕਿ ਦਸੰਬਰ ਤੱਕ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਦਫਤਰ ਖੋਲ੍ਹਿਆ ਜਾਵੇਗਾ। ਇਸ ਤੋਂ ਬਾਅਦ ਕਿਹੜੇ ਆਗੂ ਪਾਰਟੀ ‘ਚ ਸ਼ਾਮਲ ਹੋਣਗੇ, ਜਿਹੜੇ ਕਮਾਨ ਸੰਭਾਲਣਗੇ ਇਹ ਸਾਫ ਹੋ ਸਕੇਗਾ। ਪਾਰਟੀ ਪੰਜਾਬ ਵਿਚ ਆਪਣਾ ਖਾਤਾ ਖੋਲ੍ਹ ਕੇ ਆਉਣ ਵਾਲੀਆਂ ਲੋਕ ਸਭਾ ਤੋਂ ਪਹਿਲਾਂ ਕੇਂਦਰ ‘ਤੇ ਦਬਾਅ ਪਾ ਕੇ ਰਾਜ ਲਈ ਕੁਝ ਆਰਥਿਕ ਸਹੂਲਤਾਂ ਹਾਸਲ ਕਰਨ ਲਈ ਬਜ਼ਿੱਦ ਹੈ।