ਸਿਡਨੀ: ਆਸਟਰੇਲੀਆ ਦੇ ਬ੍ਰਿਸਬਨ ਵਿਚ ਇਕ ਗੋਰੇ ਹਮਲਾਵਰ ਨੇ ਪੰਜਾਬੀ ਬੱਸ ਡਰਾਈਵਰ ਉਤੇ ਤੇਲ ਸੁੱਟ ਕੇ ਅੱਗ ਲਾ ਦਿੱਤੀ, ਜਿਸ ਕਾਰਨ ਸੰਗਰੂਰ ਦੇ ਪਿੰਡ ਅਲੀਸ਼ੇਰ ਨਾਲ ਸਬੰਧਤ ਬੱਸ ਡਰਾਈਵਰ ਮਨਮੀਤ ਸ਼ਰਮਾ (29) ਦੀ ਮੌਤ ਹੋ ਗਈ। ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਵਿਚਲੇ ਮੂਰੂਕਾ ਇਲਾਕੇ ਦੀ ਇਸ ਘਟਨਾ ਵਿਚ ਬੱਸ ਅੰਦਰ ਬੈਠੀਆਂ ਦਰਜਨ ਦੇ ਕਰੀਬ ਸਵਾਰੀਆਂ ਵੀ ਅੱਗ ਦੀਆਂ ਲਪਟਾਂ ਤੇ ਧੂੰਏਂ ਵਿਚ ਘਿਰ ਗਈਆਂ।
ਉਨ੍ਹਾਂ ਨੂੰ ਮਾਮੂਲੀ ਜ਼ਖ਼ਮ ਆਏ ਹਨ।ਹਮਲਾਵਰ ਨੂੰ ਵੀ ਅੱਗ ਦਾ ਸੇਕ ਲੱਗਾ ਹੈ। 48 ਸਾਲ ਦਾ ਮੁਲਜ਼ਮ ਪੁਲਿਸ ਹਿਰਾਸਤ ਵਿਚ ਹੈ।
ਪੁਲਿਸ ਅਨੁਸਾਰ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਪਰ ਇਹ ਸਾਫ ਹੈ ਵਾਰਦਾਤ ਅਤਿਵਾਦ, ਨਸਲੀ ਵਿਤਕਰੇ ਜਾਂ ਲੁੱਟ ਖੋਹ ਨਾਲ ਸਬੰਧਤ ਨਹੀਂ ਹੈ। ਪੁਲਿਸ ਦੇ ਸੁਪਰਡੈਂਟ ਜਿਮ ਨੇ ਕਿਹਾ ਹਮਲਾਵਰ ਤੇ ਹੋਰਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸਵੇਰੇ ਕਰੀਬ ਨੌਂ ਵਜੇ ਬ੍ਰਿਸਬਨ ਕੌਂਸਲ ਬੱਸ ਦਾ ਡਰਾਈਵਰ ਮਨਮੀਤ ਆਪਣੇ ਨਿਰਧਾਰਿਤ ਰੂਟ ‘ਤੇ ਬੱਸ ਚਲਾ ਰਿਹਾ ਸੀ। ਬੱਸ ਰੁਕਣ ਉਤੇ ਇਕ ਵਿਅਕਤੀ ਉਸ ਵਿਚ ਚੜ੍ਹਿਆ ਤੇ ਉਸ ਨੇ ਜਲਣਸ਼ੀਲ ਪਦਾਰਥ ਮਨਮੀਤ ਉਪਰ ਸੁੱਟ ਕੇ ਅੱਗ ਲਗਾ ਦਿੱਤੀ।
ਸੀਟ ਬੈਲਟ ਲੱਗੀ ਹੋਣ ਕਾਰਨ ਉਹ ਅੱਗ ਦੀ ਲਪੇਟ ਵਿਚ ਆ ਗਿਆ। ਬੱਸ ਧੂੰਏਂ ਤੇ ਅੱਗ ਵਿਚ ਤਬਦੀਲ ਹੋਣ ਕਾਰਨ ਸਵਾਰੀਆਂ ਨੇ ਚੀਕ ਚਿਹਾੜਾ ਪਾ ਦਿੱਤਾ, ਜਿਸ ਨੂੰ ਸੁਣ ਕੇ ਬਾਹਰ ਖੜ੍ਹੇ ਟੈਕਸੀ ਡਰਾਈਵਰ ਨੇ ਬੱਸ ਦਾ ਸ਼ੀਸ਼ਾ ਤੋੜਿਆ। ਇਸ ਨਾਲ ਵੱਡਾ ਜਾਨੀ ਨੁਕਸਾਨ ਟਲ ਗਿਆ। ਮਨਮੀਤ ਵਿਦਿਆਰਥੀ ਵੀਜ਼ੇ ਉਤੇ ਆਸਟਰੇਲੀਆ ਆਇਆ ਸੀ ਤੇ ਪੜ੍ਹਾਈ ਪੂਰੀ ਕਰ ਕੇ ਆਸਟਰੇਲੀਆ ਦਾ ਨਾਗਰਿਕ ਬਣ ਗਿਆ। ਉਹ ਪੰਜਾਬੀ ਭਾਈਚਾਰੇ ਦੀਆਂ ਸੱਭਿਆਚਾਰਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਸੀ। ਉਹ ਉਭਰਦਾ ਗਾਇਕ, ਕਵੀ ਤੇ ਡਰਾਮਾ ਕਲਾਕਾਰ ਸੀ। ਉਸ ਦੀ ਮੌਤ ਕਾਰਨ ਆਸਟਰੇਲੀਆ ‘ਚ ਵਸਦੇ ਸਮੁੱਚੇ ਭਾਰਤੀਆ ਖਾਸਕਰ ਪੰਜਾਬੀ ਭਾਈਚਾਰੇ ਵਿਚ ਸੋਗ ਫੈਲ ਗਿਆ ਹੈ। ਉਸ ਨੇ ਮੰਗਣੀ ਕਰਵਾਉਣ ਲਈ ਦਸੰਬਰ ਮਹੀਨੇ ਵਿਚ ਪਿੰਡ ਆਉਣਾ ਸੀ। ਉਸ ਦੇ ਚਚੇਰੇ ਭਰਾ ਵਰਿੰਦਰ ਸ਼ਰਮਾ ਦਾ ਦਾਅਵਾ ਹੈ ਕਿ ਉਸ ਦੇ ਭਰਾ ਦੀ ਮੌਤ ਦਾ ਕਾਰਨ ਨਸਲੀ ਹਮਲਾ ਹੈ।