ਸਿੱਖ ਵਿਰਾਸਤ ਤੇ ਸੁੰਦਰੀਕਰਨ

ਜਗਤਾਰ ਸਿੰਘ
ਫੋਨ: +91-97797-11201
ਸ੍ਰੀ ਗੁਰੂ ਰਾਮਦਾਸ ਵੱਲੋਂ ਵਸਾਏ ਇਤਿਹਾਸਕ ਨਗਰ ਅੰਮ੍ਰਿਤਸਰ ਦੇ ਐਨ ਵਿਚਕਾਰ, ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ, ਖ਼ਾਸ ਕਰ ਇਸ ਨੂੰ ਜਾਂਦੇ ਮੁੱਖ ਰਸਤੇ ਦੀ ਤਿੰਨ ਸੌ ਦਿਨਾਂ ਵਿਚ ਬਦਲ ਦਿੱਤੀ ਗਈ ਨੁਹਾਰ ਵੇਖ ਕੇ ਹਰ ਕੋਈ ਹੈਰਾਨ ਤਾਂ ਹੁੰਦਾ ਹੈ ਅਤੇ ਬਹੁਤਿਆਂ ਨੂੰ ਇਹ ਸੋਹਣੀ ਤੇ ਖਿੱਚਪਾਊ ਵੀ ਲੱਗਦੀ ਹੈ, ਪਰ ਇਸ ਦਾ ਹੁਣ ਆਪਣੀ ਵਿਰਾਸਤ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ। ਸੁੰਦਰੀਕਰਨ ਪ੍ਰਾਜੈਕਟ ਤਹਿਤ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਤਕ ਦੇ ਅੱਠ ਸੌ ਮੀਟਰ ਰਸਤੇ ਦੀ ਭੰਨ-ਤੋੜ, ਮੁਰੰਮਤ ਅਤੇ ਨਵ-ਉਸਾਰੀ ਕਰਵਾ ਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ḔਵਿਰਾਸਤḔ ਦੀ ਨਵੀਂ ਪਰਿਭਾਸ਼ਾ ਸਿਰਜ ਦਿੱਤੀ ਹੈ।

ਇਸ ਰਸਤੇ ਦੀ ਹਰ ਨੁਕਰ ਨੂੰ ਜਾਣਨ ਵਾਲੇ ਬੰਦੇ ਵੀ ਹੁਣ ਇਸ ਨੂੰ ਪਛਾਣ ਨਹੀਂ ਸਕਦੇ। ਉਪ ਮੁੱਖ ਮੰਤਰੀ ਦਾ ਐਲਾਨ ਹੈ ਕਿ ਇਸੇ Ḕਵਿਰਾਸਤੀ ਰਸਤੇḔ ਵਾਂਗ ਹੀ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ।
ਸੈਲਾਨੀ ਖਿੱਚ ਕੇਂਦਰ ਵਜੋਂ ਵਿਕਸਿਤ ਕੀਤੇ ਇਸ ਰਸਤੇ ਨੂੰ Ḕਵਿਰਾਸਤੀ ਰਸਤਾḔ ਕਹਿਣਾ ਸਰਾਸਰ ਗ਼ਲਤ ਹੈ। ਕੁਝ ਮਹੀਨੇ ਪਹਿਲਾਂ ਜਦੋਂ ਸੰਯੁਕਤ ਰਾਸ਼ਟਰ ਸੰਘ ਨੇ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਵਿਰਾਸਤੀ ਦਰਜਾ ਦਿੱਤਾ ਸੀ ਤਾਂ ਇਹ ਸਪਸ਼ਟ ਹੋ ਗਿਆ ਸੀ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਸਿਵਲ ਸਕੱਤਰੇਤ, ਵਿਧਾਨ ਸਭਾ ਅਤੇ ਹਾਈ ਕੋਰਟ ਸਮੇਤ ਕੈਪੀਟਲ ਕੰਪਲੈਕਸ ਦੀ ਕਿਸੇ ਵੀ ਇਮਾਰਤ ਦੀ ਇੱਕ ਇੱਟ ਨਾਲ ਵੀ ਛੇੜ-ਛਾੜ ਨਹੀਂ ਕਰ ਸਕਣਗੀਆਂ, ਪਰ ਵਿਰਾਸਤੀ ਮਾਰਗ ਦੇ ਨਾਂ Ḕਤੇ ਗੁਰੂ ਕੀ ਨਗਰੀ ਅੰਮ੍ਰਿਤਸਰ, ਖ਼ਾਸ ਕਰ ਕੇ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ, ਰਸਤਿਆਂ ਤੇ ਇਮਾਰਤਾਂ ਵਿਚ ਵੱਡੀਆਂ ਤਬਦੀਲੀਆਂ ਕਰਵਾ ਕੇ ਇਨ੍ਹਾਂ ਨਾਲ ਜੁੜੀ ਵਿਰਾਸਤ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ।
ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸ੍ਰੀ ਗੁਰੂ ਰਾਮਦਾਸ ਵੱਲੋਂ ਉਸਰਵਾਏ ਢਾਂਚੇ ਨੂੰ ਢਾਹੁਣ ਦਾ ਕੰਮ ਕੇਂਦਰ ਸਰਕਾਰ ਨੇ 1988 ਵਿਚ ਸੁੰਦਰੀਕਰਨ ਦੇ ਨਾਂ ਹੇਠ ਬਣਾਈ ਗਈ ਗਲਿਆਰਾ ਯੋਜਨਾ ਤਹਿਤ ਸ਼ੁਰੂ ਕੀਤਾ ਸੀ। ਇਸ Ḕਸੁੰਦਰੀਕਰਨ ਪ੍ਰਾਜੈਕਟḔ ਦੇ ਲੁਕਵੇਂ ਏਜੰਡੇ ਨੂੰ ਹੁਣ ਨਵੇਂ ਦਿਸਹੱਦੇ ਉਤੇ ਪਹੁੰਚਾ ਦਿੱਤਾ ਗਿਆ ਹੈ। ਇਸ ਤੋਂ ਵੀ ਅੱਗੇ ਜਾ ਕੇ ਹੁਣ ਤਾਂ ਅੰਮ੍ਰਿਤਸਰ ਦੀ ਨਵ-ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਇਸ ਮੁੱਖ ਰਸਤੇ ਨੂੰ Ḕਵਿਰਾਸਤੀ ਦਿੱਖḔ ਦੇਣ ਲਈ ਲਾਲ ਰੰਗ ਦਾ ਪੱਥਰ ਵਰਤਿਆ ਗਿਆ ਹੈ ਜਦੋਂਕਿ ਪੰਜਾਬ ਤੇ ਸਿੱਖ ਭਵਨ ਨਿਰਮਾਣ ਕਲਾ ਦੀ ਵਿਰਾਸਤ ਨਾਨਕਸ਼ਾਹੀ ਛੋਟੀਆਂ ਇੱਟਾਂ ਨਾਲ ਜੁੜੀ ਹੋਈ ਹੈ। ਕਾਰ ਸੇਵਾ ਵਾਲੇ ਬਾਬਿਆਂ ਨੇ ਇਨ੍ਹਾਂ ਛੋਟੀਆਂ ਇੱਟਾਂ ਦੀ ਥਾਂ ਸੰਗਮਰਮਰ ਲਾ ਕੇ ਇਤਿਹਾਸਕ ਗੁਰਦੁਆਰਿਆਂ ਦਾ ਅਸਲੀ ਚਿਹਰਾ-ਮੋਹਰਾ ਤਬਦੀਲ ਕਰ ਦਿੱਤਾ ਹੈ। ਦੂਜੇ ਪਾਸੇ ਗੁਰਦੁਆਰਾ ਸਾਹਿਬਾਨ ਦੀ ਅਸਲੀ ਭਵਨ ਨਿਰਮਾਣ ਕਲਾ ਦੇ ਨਮੂਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੀ ਜਨਮ ਭੋਇੰ ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਅਜੇ ਵੀ ਸੰਭਾਲੇ ਹੋਏ ਹਨ।
ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੇ ਸਾਹਮਣੇ ਸੰਗਮਰਮਰ ਨਾਲ ਬਣਾਏ ਪਲਾਜ਼ਾ ਤਕ ਦੇ ਰਸਤੇ ਵਾਲੀਆਂ ਸਾਰੀਆਂ ਇਮਾਰਤਾਂ ਤੇ ਦੁਕਾਨਾਂ ਦੀ ਬਾਹਰੀ ਦਿੱਖ ਇੱਕੋ ਜਿਹੀ ਬਣਾ ਕੇ ਇਸ ਰਸਤੇ ਨੂੰ Ḕਵਿਰਾਸਤੀ ਦਿੱਖḔ ਦਿੱਤੀ ਗਈ ਹੈ; ਪਰ ਵਿਰਾਸਤ ਤਾਂ ਅਸਲ ਨੂੰ ਸੰਭਾਲ ਕੇ ਰੱਖਣ ਨੂੰ ਕਿਹਾ ਜਾਂਦਾ ਹੈ, ਉਸ ਨੂੰ ਮਨਚਾਹੀ ਨਵੀਂ ਦਿੱਖ ਦੇਣ ਨੂੰ ਨਹੀਂ। ਇਸ ਲਈ ਇਸ ਰਸਤੇ ਨੂੰ ਜੇ Ḕਵਿਰਾਸਤੀ ਰਸਤਾḔ ਦਾ ਨਾਂ ਨਾ ਦਿੱਤਾ ਜਾਵੇ ਤਾਂ ਸੰਭਵ ਹੈ ਕਿ ਇਸ ਵਿਚ ਕੀਤੀਆਂ ਗਈਆਂ ਤਬਦੀਲੀਆਂ ਉਤੇ ਕਿਸੇ ਨੂੰ ਸ਼ਾਇਦ ਕੋਈ ਇਤਰਾਜ਼ ਨਾ ਹੋਵੇ। ਸੁੰਦਰੀਕਰਨ ਦੇ ਇਸ ਪ੍ਰਾਜੈਕਟ ਤਹਿਤ ਟਾਊਨ ਹਾਲ ਦੀ ਇਤਿਹਾਸਕ ਇਮਾਰਤ ਨੂੰ ਢਾਹੁਣ ਦਾ ਫ਼ੈਸਲਾ ਵੀ ਕਰ ਲਿਆ ਸੀ, ਪਰ ਸ਼ਹਿਰੀਆਂ ਵੱਲੋਂ ਪ੍ਰਗਟਾਏ ਜ਼ਬਰਦਸਤ ਰੋਸ ਤੋਂ ਬਾਅਦ ਇਸ ਨੂੰ ਬਚਾਅ ਲਿਆ ਗਿਆ। ਹੁਣ ਇੱਥੇ 1947 ਵਿਚ ਹੋਈ ਮੁਲਕ ਦੀ ਵੰਡ ਦੀ ਤ੍ਰਾਸਦੀ ਨੂੰ ਦਰਸਾਉਣ ਵਾਲਾ ਪਹਿਲਾ ਅਜਾਇਬ ਘਰ ਉਸਾਰਿਆ ਗਿਆ ਹੈ। ਚੰਡੀਗੜ੍ਹ ਤੋਂ ਪੜ੍ਹੀ ਉਘੀ ਪੱਤਰਕਾਰ ਤੇ ਡਿਜ਼ਾਈਨਰ ਕਿਸ਼ਵਰ ਦੇਸਾਈ ਵੱਲੋਂ ਬਣਾਇਆ ਗਿਆ ਇਹ ਅਜਾਇਬ ਘਰ ਆਪਣੇ-ਆਪ ਵਿਚ ਤਾਂ ਬਹੁਤ ਵੱਡੀ ਪ੍ਰਾਪਤੀ ਹੈ, ਪਰ ਇਸ ਦਾ ਸ੍ਰੀ ਦਰਬਾਰ ਸਾਹਿਬ ਤੇ ਸਿੱਖ ਵਿਰਾਸਤ ਨਾਲ ਕੋਈ ਤੁਅੱਲਕ ਨਹੀਂ। ਇਸ ਤੋਂ ਅੱਗੇ ਪਾਰਲੀਮੈਂਟ ਦਾ ਚਿੱਤਰ ਅਤੇ ਡਾæ ਬੀæਆਰæ ਅੰਬੇਦਕਰ ਦਾ ਬੁੱਤ ਲਾਇਆ ਗਿਆ ਹੈ। ਇਨ੍ਹਾਂ ਦਾ ਵੀ ਸ੍ਰੀ ਦਰਬਾਰ ਸਾਹਿਬ ਦੀ ਵਿਰਾਸਤ ਨਾਲ ਕੋਈ ਸਬੰਧ ਨਹੀਂ। ਹਾਂ, ਇਸ ਦਲਿਤ ਆਗੂ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦਾ ਬੁੱਤ ਲਾਉਣ ਦੇ ਫ਼ੈਸਲੇ ਦੀ ਸਿਆਸਤ ਸਮਝ ਆਉਂਦੀ ਹੈ, ਕਿਉਂਕਿ ਸੂਬੇ ਵਿਚ ਦਲਿਤ ਵਸੋਂ ਦੀ ਪ੍ਰਤੀਸ਼ਤ ਸਭ ਤੋਂ ਵੱਧ ਹੈ।
ਮਲਿਕਾ ਚੌਕ ਵਿਚ ਪਹਿਲਾਂ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਬੁੱਤ ਦੀ ਥਾਂ ਨਵਾਂ ਬੁੱਤ ਪਹਿਲਾਂ ਨਾਲੋਂ ਬਹੁਤ ਉਚੇ ਸੰਗਮਰਮਰ ਜੜੇ ਥੜੇ ਉਤੇ ਲਾ ਦਿੱਤਾ ਗਿਆ ਹੈ। ਸੈਲਾਨੀਆਂ ਲਈ ਇਹ ਜਗ੍ਹਾ ਤਸਵੀਰਾਂ ਖਿੱਚਣ ਲਈ ਸਭ ਤੋਂ ਵਧੀਆ ਥਾਂ ਬਣ ਗਈ ਹੈ। ਇਸ ਬੁੱਤ ਦੇ ਸਾਹਮਣੇ ਧਰਮ ਸਿੰਘ ਮਾਰਕਿਟ ਦੇ ਇੱਕ ਪਾਸੇ ਭੰਗੜਾ ਪਾ ਰਹੇ ਗੱਭਰੂਆਂ ਦੇ ਬੁੱਤ ਲਾਏ ਗਏ ਹਨ। ਇਹ ਬੁੱਤ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਸੜਕ (ਗਲੀ ਨਹੀਂ) ਨਾਲ ਜੁੜੀ ਪਵਿੱਤਰਤਾ ਦੀ ਭਾਵਨਾ ਨਾਲ ਮੇਲ ਨਹੀਂ ਖਾਂਦੇ। ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਤਕ ਦੇ ਰਸਤੇ ਨੂੰ 1969 ਵਿਚ ਚੌੜਾ ਕਰਨ ਤੋਂ ਪਹਿਲਾਂ ਇਥੇ ਭੀੜੀ ਗਲੀ ਹੀ ਹੁੰਦੀ ਸੀ। ਰਸਤਾ ਚੌੜਾ ਕਰਨ ਲਈ ਚਲਾਈ ਪਹਿਲੀ ਮੁਹਿੰਮ ਵੇਲੇ ਵੀ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨੇੜੇ ਬਣਾਏ ਦੋ ਥੰਮ੍ਹਾਂ ਨੂੰ ਨਹੀਂ ਸੀ ਛੇੜਿਆ ਗਿਆ ਜਿਨ੍ਹਾਂ ਉਤੇ ਕੁਝ ਚਿੱਤਰ ਬਣੇ ਹੋਏ ਸਨ। ਸਾਂਭ-ਸੰਭਾਲ ਨਾ ਕੀਤੇ ਜਾਣ ਕਾਰਨ ਇਹ ਚਿੱਤਰ ਖ਼ਰਾਬ ਹੋ ਜਾਣ ਤੋਂ ਬਾਅਦ ਇਹ ਦੋਵੇਂ ਥੰਮ੍ਹ ਚੁੱਪ-ਚਪੀਤੇ ਹੀ ਹਟਾ ਦਿੱਤੇ ਗਏ। ਇਹ ਸਭ ਵਿਰਾਸਤ ਨੂੰ ਤਬਾਹ ਕਰਨ ਦੇ ਤੁੱਲ ਹੈ।
ਸੁੰਦਰੀਕਰਨ ਦੀ ਇਸ ਮੁਹਿੰਮ ਦੀ ਤੁਲਨਾ ਸ੍ਰੀ ਦਰਬਾਰ ਸਾਹਿਬ ਵਿਖੇ 1984 ਵਿਚ ਕੀਤੀ ਗਈ ਫ਼ੌਜੀ ਕਾਰਵਾਈ ਦੌਰਾਨ ਨੁਕਸਾਨੇ ਰਾਮਗੜ੍ਹੀਆ ਬੁੰਗੇ ਦੇ ਦੋਵੇਂ ਮੀਨਾਰਾਂ ਨੂੰ ਮੁੜ ਤੋਂ ਨਾਨਕਸ਼ਾਹੀ ਇੱਟਾਂ ਨਾਲ ਬਣਾਉਣ ਦੀ ਥਾਂ ਪਿਆਜ਼ੀ ਰੰਗ ਦੀ ਪੱਥਰੀ ਦਿੱਖ ਦੇਣ ਦੀ ਕੁਹਜਮਈ ਕਾਰਵਾਈ ਨਾਲ ਕੀਤੀ ਜਾ ਸਕਦੀ ਹੈ। ਮੁੜ ਉਸਾਰੀ ਵੇਲੇ ਅਸਲੀ ਦਿੱਖ ਦੀ ਥਾਂ ਇਨ੍ਹਾਂ ਮੀਨਾਰਾਂ ਦੇ ਸਿਰਿਆਂ ਉਤੇ ਗੁੰਬਦ ਵੀ ਬਣਾ ਦਿੱਤੇ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇੱਕ ਵਾਰੀ ਕਮੇਟੀ ਦੀ ਮੀਟਿੰਗ ਵਿਚ ਕਿਸੇ ਮੈਂਬਰ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਸ਼ਰਧਾਲੂਆਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਇਸ ਨੂੰ ਢਾਹ ਕੇ ਮੁੜ ਵੱਡੇ ਆਕਾਰ ਵਿਚ ਉਸਾਰਨ ਦੇ ਦਿੱਤੇ ਸੁਝਾਅ ਸਬੰਧੀ ਦੱਸਿਆ ਸੀ। ਉਨ੍ਹਾਂ ਉਸ ਮੈਂਬਰ ਨੂੰ ਸਮਝਾਇਆ ਸੀ ਕਿ ਭਾਵੇਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਅਹਿਮਦ ਸ਼ਾਹ ਅਬਦਾਲੀ ਵੱਲੋਂ ਬਿਲਕੁਲ ਮਲੀਆਮੇਟ ਕਰ ਦਿੱਤੇ ਜਾਣ ਤੋਂ ਬਾਅਦ ਮੁੜ ਉਸਾਰਿਆ ਗਿਆ ਸੀ, ਪਰ ਇਸ ਦੇ ਡਿਜ਼ਾਈਨ ਵਿਚ ਨਿੱਕੀ ਜਿੰਨੀ ਵੀ ਤਬਦੀਲੀ ਨਹੀਂ ਸੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਇਮਾਰਤ ਉਤੇ ਸੋਨਾ ਚੜ੍ਹਾ ਕੇ ਇਸ ਵਿਚ ਅਹਿਮ ਤਬਦੀਲੀ ਕੀਤੀ ਜਿਹੜੀ ਸਿੱਖੀ ਦੀ ਮੂਲ ਫਿਲਾਸਫੀ ਦੇ ਹੀ ਉਲਟ ਹੈ- ਉਹ ਫਿਲਾਸਫੀ ਜਿਸ ਦਾ ਇਹ ਰੂਹਾਨੀ ਕੇਂਦਰ ਪ੍ਰਤੀਕ ਹੈ। ਇਸ ਦੀ ਸਮੁੱਚੇ ਢਾਂਚੇ ਦੀ ਤਾਂ ਇੱਕ ਇੱਟ ਨਾਲ ਵੀ ਛੇੜ-ਛਾੜ ਨਹੀਂ ਕੀਤੀ ਜਾਣੀ ਚਾਹੀਦੀ। ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਦੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਵੱਲੋਂ ਕੀਤੀ ਗਈ ਸੀ ਜਿਥੇ ਉਹ ਆਪਣਾ ਦਰਬਾਰ ਲਾਉਂਦੇ ਸਨ। ਇਨ੍ਹਾਂ ਦੋਹਾਂ ਸਥਾਨਾਂ ਦੀਆਂ ਇਮਾਰਤਾਂ ਦੇ ਗੁੰਬਦਾਂ ਦੇ ਆਕਾਰ ਅਤੇ ਸ਼ਕਲ ਵਿਚ ਫਰਕ ਹੈ ਜਿਵੇਂ ਇਨ੍ਹਾਂ ਦੀ ਸਿਰਜਣਾ ਪਿਛਲੇ ਸਿਧਾਂਤ ਵਿਚ ਫ਼ਰਕ ਹੈ।
ਅੰਮ੍ਰਿਤਸਰ ਦੇ ਬਾਹਰਵਾਰ ਦਿੱਲੀ ਜਾਂਦੇ ਕੌਮੀ ਮਾਰਗ ਉਤੇ ਪਹਿਲਾਂ ਬਣੇ ਬਹੁਤ ਸੋਹਣੇ ਤੇ ਸੁਹਜਮਈ ਗੇਟ ਦੀ ਥਾਂ ਹੁਣ ਬਣਾਏ ਵੱਡ-ਆਕਾਰੀ ਗੇਟ ਉਤੇ ਵੱਡਾ ਗੁੰਬਦ ਬਣਾ ਦਿੱਤਾ ਗਿਆ ਹੈ ਜਿਸ ਦੀ ਸ਼ਕਲ ਸ੍ਰੀ ਦਰਬਾਰ ਸਾਹਿਬ ਦੇ ਗੁੰਬਦ ਨਾਲ ਮਿਲਦੀ ਜੁਲਦੀ ਹੈ। ਕਈਆਂ ਧਿਰਾਂ ਨੂੰ ਇਤਰਾਜ਼ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਨਕਲ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਹੋਰ ਕਿਸੇ ਵੀ ਗੁਰਦੁਆਰੇ ਦੀ ਇਮਾਰਤ ਇਸ ਨਾਲ ਮੇਲ ਨਹੀਂ ਖਾਂਦੀ।
ਸ੍ਰੀ ਗੁਰੂ ਰਾਮਦਾਸ ਨੇ ਇਹ ਸ਼ਹਿਰ ਵਸਾਉਣ ਵੇਲੇ ਵੱਖ-ਵੱਖ ਕਸਬਾਂ ਦੇ ਬੰਦਿਆਂ ਨੂੰ ਇਥੇ ਲਿਆ ਕੇ ਵਸਾਇਆ ਸੀ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀਆਂ ਗਲੀਆਂ ਨੂੰ ਇਨ੍ਹਾਂ ਕਸਬਾਂ ਕਰ ਕੇ ਹੀ ਜਾਣਿਆ ਜਾਂਦਾ ਸੀ। ਸ੍ਰੀ ਦਰਬਾਰ ਸਾਹਿਬ ਦੇ ਨਾਲ ਲਗਦੀ ਇੱਕ ਗਲੀ ਜਿਸ ਨੂੰ ਗੁਰੂ ਬਾਜ਼ਾਰ ਕਿਹਾ ਜਾਂਦਾ ਸੀ, ਦਰਅਸਲ ਇਸ ਸ਼ਹਿਰ ਦੀ ਨੀਂਹ ਸੀ। ਇਹ ਬਾਜ਼ਾਰ ਗਲਿਆਰਾ ਯੋਜਨਾ ਅਧੀਨ ਢਾਹ ਦਿੱਤਾ ਗਿਆ ਸੀ ਜਿਸ ਦਾ ਅਸਲ ਮਕਸਦ ਉਨ੍ਹਾਂ ਸਾਰੀਆਂ ਭੀੜੀਆਂ, ਪਰ ਇਤਿਹਾਸਕ ਗਲੀਆਂ ਤੇ ਇਮਾਰਤਾਂ ਨੂੰ ਢਹਿ-ਢੇਰੀ ਕਰਨਾ ਸੀ ਜਿਨ੍ਹਾਂ ਰਾਹੀਂ 1984 ਦੀ ਫ਼ੌਜੀ ਕਾਰਵਾਈ ਦੌਰਾਨ ਵੱਡੀ ਗਿਣਤੀ ਵਿਚ ਖਾੜਕੂ ਬਚ ਨਿਕਲਣ ਵਿਚ ਕਾਮਯਾਬ ਹੋ ਗਏ ਸਨ। ਪਾਕਿਸਤਾਨ ਨਾਲ ਲਗਦੀ ਸਰਹੱਦ ਉਤੇ ਕੰਡਿਆਲੀ ਤਾਰ ਲਾਉਣੀ ਅਤੇ ਸ੍ਰੀ ਦਰਬਾਰ ਸਾਹਿਬ ਦੁਆਲੇ ਗਲਿਆਰਾ ਬਣਾਉਣ ਦੇ ਪ੍ਰਾਜੈਕਟ ਤਕਰੀਬਨ ਇੱਕੋ ਸਮੇਂ ਹੀ ਵਿਉਂਤੇ ਤੇ ਨੇਪਰੇ ਚਾੜ੍ਹੇ ਗਏ ਸਨ।
ਸ੍ਰੀ ਦਰਬਾਰ ਸਾਹਿਬ ਦੇ ਢਾਂਚੇ ਤੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਅਤੇ ਇਸ ਨੂੰ ਮੁੜ ਉਸਾਰਨ ਉਤੇ ਤਾਂ ਸ਼ਾਇਦ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ, ਪਰ ਮੁੱਦਾ ਸਿਰਫ਼ ਇਹ ਹੈ ਕਿ ਇਹ ਸਭ ਵਿਰਾਸਤ ਸੰਭਾਲਣ ਦੇ ਨਾਂ ਉਤੇ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਪੂਰੀ ਦੁਨੀਆ ਵਿਚ ਘੁੰਮਦੇ ਰਹਿੰਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੱਛਮੀ ਦੇਸ਼ਾਂ ਵਿਚ ਪੁਰਾਣੇ ਪਿੰਡ ਕਿਵੇਂ ਸੰਭਾਲ ਕੇ ਰੱਖੇ ਗਏ ਹਨ। ਵੈਟੀਕਨ ਇਸ ਦੀ ਉਘੜਵੀਂ ਮਿਸਾਲ ਹੈ। ਬੜੇ ਸਾਲਾਂ ਤੋਂ ਇਹ ਮੰਗ ਉਠਦੀ ਰਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਖੇਤਰ ਨੂੰ ਵੈਟੀਕਨ ਦੀ ਤਰਜ਼ ਉਤੇ ਵਿਸ਼ੇਸ਼ ਰੁਤਬਾ ਦਿੱਤਾ ਜਾਵੇ। ਸੁੰਦਰੀਕਰਨ ਦੇ ਇਸ ਨਵੇਂ ਪ੍ਰਾਜੈਕਟ ਵਿਚ ਚੰਗੀ ਗੱਲ ਇਹ ਹੈ ਕਿ ਪਲਾਜ਼ਾ ਦੇ ਜ਼ਮੀਨਦੋਜ਼ ਭਾਗ ਵਿਚ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ, ਪ੍ਰੰਪਰਾਵਾਂ, ਮਰਿਯਾਦਾ ਤੇ ਸਿਧਾਂਤ ਨੂੰ ਆਧੁਨਿਕ ਤਕਨਾਲੋਜੀ ਰਾਹੀ ਸ਼ਰਧਾਲੂਆਂ ਨੂੰ ਦਰਸਾਏ ਜਾਣ ਦੇ ਪ੍ਰਬੰਧ ਕੀਤੇ ਗਏ ਹਨ।
ਬੁਨਿਆਦੀ ਸੁਆਲ ਇਹ ਹੈ ਕਿ ਕੀ ਇਹ ਸੁੰਦਰੀਕਰਨ ਪ੍ਰਾਜੈਕਟ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪੁਆ ਸਕੇਗਾ ਜਿਸ ਨੂੰ ਸਥਾਪਤੀ-ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਅਕਾਲੀ ਦਲ ਸਿੱਖਾਂ ਤੋਂ ਪੰਥ ਦੇ ਨਾਂ ਉਤੇ ਵੋਟਾਂ ਮੰਗਦਾ ਰਿਹਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਨੇ ਆਪਣੀ ਪੰਥਕ ਦਿੱਖ ਤੇ ਕਿਰਦਾਰ ਖੋਰ ਲਿਆ ਹੈ। ਨਵੀਂ ਦਿੱਖ ਵਾਲਾ ਅਕਾਲੀ ਦਲ ਹੁਣ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰ ਕੇ ਆਪੇ ਘੜੇ Ḕਪੰਥਕ ਏਜੰਡੇḔ ਉਤੇ ਵੋਟਾਂ ਮੰਗ ਰਿਹਾ ਹੈ ਅਤੇ ਇਹ ਏਜੰਡਾ ਅੰਮ੍ਰਿਤਸਰ ਤੇ ਦਰਬਾਰ ਸਾਹਿਬ ਨੂੰ ਦਿੱਤੀ ਜਾ ਰਹੀ ਨਵੀਂ ਦਿੱਖ ਦੇ ਰੂਪ ਵਿਚ ਸਾਹਮਣੇ ਹੈ।