ਸਰਕਾਰੀ ਅਤਿਵਾਦ ਅਤੇ ਵਰਦੀਧਾਰੀ ਰੋਸ ਵਿਖਾਵੇ

ਬੂਟਾ ਸਿੰਘ
ਫੋਨ: +91-94634-74342
ਸਰਹੱਦ ਪਾਰਲੇ ‘ਦਹਿਸ਼ਤਗਰਦ ਕੈਂਪਾਂ’ ਉਪਰ ‘ਸਰਜੀਕਲ ਹਮਲਿਆਂ’ ਬਾਰੇ ਹੁੱਬ ਕੇ ਬਿਆਨ ਦਾਗਣ ਵਾਲੀ ਮੋਦੀ ਹਕੂਮਤ ਆਪਣੇ ਹੀ ਮੁਲਕ ਅੰਦਰ ਆਪਣੇ ਹੀ ਲੋਕਾਂ ਖਿਲ਼ਾਫ਼ ਨੀਮ-ਫ਼ੌਜ ਅਤੇ ਫ਼ੌਜ ਵਲੋਂ ਲਗਾਤਾਰ ਕੀਤੇ ਜਾ ਰਹੇ ‘ਸਰਜੀਕਲ ਹਮਲਿਆਂ’ ਬਾਰੇ ਖ਼ਾਮੋਸ਼ ਹੈ। ਛੱਤੀਸਗੜ੍ਹ ਦਾ ਬਸਤਰ ਖੇਤਰ ਹਿੰਦੁਸਤਾਨੀ ਸਟੇਟ ਦੀ ਨਜ਼ਰ ਵਿਚ ਮੁਲਕ ਅੰਦਰਲਾ ‘ਪਾਕਿਸਤਾਨ’ ਹੈ ਜਿਥੇ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਤੋਂ ਮਾਓਵਾਦੀਆਂ ਖ਼ਿਲਾਫ਼ ਓਪਰੇਸ਼ਨ ਗਰੀਨ ਹੰਟ ਚੱਲ ਰਿਹਾ ਹੈ। ਹਿੰਦੁਸਤਾਨ ਦੀ ਸੱਤਾਧਾਰੀ ਜਮਾਤ ਅਨੁਸਾਰ ਉਹ ‘ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ’ ਹਨ,

ਕਿਉਂਕਿ ਉਹ ਕਾਰਪੋਰੇਟੋਕਰੇਸੀ ਦੇ ਧਾੜਵੀ ਹਮਲਿਆਂ ਵਿਰੁਧ ਆਦਿਵਾਸੀਆਂ ਦੇ ਟਾਕਰੇ ਦੀ ਅਗਵਾਈ ਕਰ ਰਹੇ ਹਨ। ਨੀਮ-ਫ਼ੌਜ ਅਤੇ ਫ਼ੌਜ ਵਲੋਂ ਚਾਰ-ਚੁਫੇਰਿਓਂ ਘੇਰਾ ਪਾ ਕੇ ਅਤੇ ਤਰ੍ਹਾਂ-ਤਰ੍ਹਾਂ ਦੀਆਂ ਖੁਫ਼ੀਆ ਏਜੰਸੀਆਂ ਤੇ ਸਲਵਾ ਜੁਡਮ-2 ਵਰਗੇ ਗ਼ੈਰਕਾਨੂੰਨੀ ਗਰੋਹਾਂ ਦੀ ਮਦਦ ਨਾਲ ਬੇਤਹਾਸ਼ਾ ਕਤਲੋਗ਼ਾਰਤ ਕੀਤੀ ਜਾ ਰਹੀ ਹੈ। ਮੁਕੰਮਲ ਘੇਰਾਬੰਦੀ ਦੇ ਬਾਵਜੂਦ ਕਿਸੇ ਨਾ ਕਿਸੇ ਤਰ੍ਹਾਂ ਆਦਿਵਾਸੀਆਂ ਦੇ ਕਤਲੇਆਮ ਦੀਆਂ ਕੁਝ ਰਿਪੋਰਟਾਂ ਬਾਹਰ ਆ ਜਾਂਦੀਆਂ ਹਨ। ਇਨ੍ਹੀਂ ਦਿਨੀਂ ਬਸਤਰ ਪੁਲਿਸ ਜਸ਼ਨ ਮਨਾ ਰਹੀ ਹੈ ਕਿ ਉਨ੍ਹਾਂ ਨੇ 2016 ਵਿਚ 100 ਨਕਸਲੀਆਂ ਨੂੰ ਮਾਰ ਮੁਕਾਉਣ ਦਾ ਟੀਚਾ ਪੂਰਾ ਕਰ ਲਿਆ ਹੈ। ਇਹ ਦਹਿਸ਼ਤਵਾਦੀ ਟੀਚੇ ਕਿੰਜ ਪੂਰੇ ਕੀਤੇ ਜਾ ਰਹੇ ਹਨ, ਇਸ ਦੇ ਤਿੰਨ ਨਮੂਨੇ ਪੇਸ਼ ਹਨ:
-ਬਸਤਰ ਵਿਚ ਦੋ ਨਾਬਾਲਗ ਵਿਦਿਆਰਥੀਆਂ ਸਮੇਤ ਤਿੰਨ ਔਰਤਾਂ ਨੂੰ ‘ਮਾਓਵਾਦੀ’ ਗਰਦਾਨ ਕੇ ਕਤਲ ਕਰਨ ਦੀਆਂ ਘਟਨਾਵਾਂ ਹੋਈਆਂ। ਇਕ ਘਟਨਾ 23 ਸਤੰਬਰ ਦੀ ਹੈ। ਬਸਤਰ ਦੇ ਥਾਣਾ ਬੁਰਗੁਮ ਦੇ ਪਿੰਡ ਸਾਂਗਵੇਲ ਵਿਚ ਪੁਲਿਸ ਨੇ ਸਵੇਰੇ ਦੋ ਨਾਬਾਲਗ ਵਿਦਿਆਰਥੀਆਂ ਨੂੰ ਮਾਓਵਾਦੀ ਕਹਿ ਕੇ ਮਾਰ ਦਿੱਤਾ। ਆਈæਜੀæ ਕਲੂਰੀ ਨੇ ਤੁਰੰਤ ਜਵਾਨਾਂ ਨੂੰ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕਰ ਦਿੱਤਾ, ਪਰ ਪਿੰਡ ਵਾਲਿਆਂ ਨੇ ਦੱਸਿਆ ਕਿ ਮੂੜੀਆ ਆਦਿਵਾਸੀ ਲੜਕਾ ਸੋਨਕੂ ਰਾਮ ਆਪਣੇ ਮਿੱਤਰ ਸੋਮੜੂ ਨਾਲ ਸੋਗ ਸੁਨੇਹਾ ਲੈ ਕੇ ਆਪਣੀ ਭੂਆ ਦੇ ਘਰ ਸਾਂਗਵੇਲ ਗਿਆ ਸੀ। ਉਥੇ ਹਨੇਰਾ ਹੋਣ ਨਾਲ ਦੋਵੇਂ ਉਥੇ ਹੀ ਰੁਕ ਗਏ। ਸਵੇਰੇ ਸਾਝਰੇ ਪੁਲਿਸ ਨੇ ਦੋਹਾਂ ਬੱਚਿਆਂ ਨੂੰ ‘ਸੈਂਚਰੀ’ ਬਣਾਉਣ ਲਈ ਘਰੋਂ ਚੁੱਕ ਲਿਆ। ਘਰ ਵਿਚ ਮੌਜੂਦ ਔਰਤਾਂ ਦੇ ਵਿਰੋਧ ਨੂੰ ਐਸ਼ਪੀæਓਜ਼ ਨੇ ਤਾਕਤ ਨਾਲ ਦਬਾ ਦਿੱਤਾ। ਪਹਿਲਾਂ ਤਾਂ ਬੱਚਿਆਂ ਨੂੰ ਨਾਲੇ ਵਿਚ ਡੁਬੋ-ਡੁਬੋ ਕੇ ਮਾਰਿਆ ਗਿਆ, ਫਿਰ ਗੋਲੀ ਮਾਰ ਦਿੱਤੀ ਗਈ। ਬੱਚਿਆਂ ਨੂੰ ਘਰੋਂ ਚੁੱਕੇ ਜਾਣ ਵਕਤ ਚੀਕ-ਚਿਹਾੜਾ ਸੁਣ ਕੇ ਪਿੰਡ ਦੇ ਲੋਕ ਜਾਗ ਗਏ ਸਨ ਅਤੇ ਬੱਚਿਆਂ ਨੂੰ ਬੇਰਹਿਮੀ ਨਾਲ ਕਤਲ ਕਰਦਿਆਂ ਉਨ੍ਹਾਂ ਨੇ ਅੱਖੀਂ ਡਿੱਠਾ ਸੀ, ਪਰ ਉਹ ਇਸ ਕਾਰਨ ਸਹਿਮੇ ਹੋਏ ਹਨ ਕਿ ਸੱਚ ਬਿਆਨ ਕਰਨ ਦੀ ਸੂਰਤ ਵਿਚ ਪੁਲਿਸ ਤੇ ਹੋਰ ਸਰਕਾਰੀ ਬਲ ਉਨ੍ਹਾਂ ਨੂੰ ਵੀ ਮਾਓਵਾਦੀ ਕਹਿ ਕੇ ਮਾਰ ਦੇਣਗੇ ਅਤੇ ਪੂਰੇ ਪਿੰਡ ਨੂੰ ਤਬਾਹ ਕਰ ਦੇਣਗੀਆਂ।
ਸੋਨਕੂ ਦੇ ਬਾਪ ਪਾਇਕੂਰਾਮ ਮੁਤਾਬਕ, ਉਹਦਾ ਬੇਟਾ ਹਿਤਾਮੇਟਾ ਦੇ ਪੋਰਟਾਕੇਬਿਨ ਵਿਚ ਪੜ੍ਹਦਾ ਸੀ ਅਤੇ ਉਸ ਦੇ ਨਾਲ ਗਿਆ ਬੱਚਾ, ਨਾਓਗੂ ਕਸ਼ਯਪ ਦਾ ਬੇਟਾ ਬੀਜਲੂ ਪਾਸ ਨਾ ਹੋਣ ਕਾਰਨ ਪੜ੍ਹਾਈ ਛੱਡ ਚੁੱਕਾ ਸੀ। ਘਰੇ ਬੁਖ਼ਾਰ ਨਾਲ ਬੱਚੇ ਦੀ ਮੌਤ ਕਾਰਨ ਇਹ ਖ਼ਬਰ ਦੇਣ ਲਈ ਦੋਵੇਂ ਸੋਨਕੂ ਦੀ ਭੂਆ ਦੇ ਘਰ ਗਏ ਸਨ। ਉਥੋਂ ਪੁਲਿਸ ਨੇ ਘਰੋਂ ਚੁੱਕ ਕੇ ਕਤਲ ਕਰ ਦਿੱਤਾ। ਇਸ ਅਖੌਤੀ ਮੁਕਾਬਲੇ ਪਿੱਛੋਂ ਸਰਕਾਰੀ ਸਰਪ੍ਰਸਤੀ ਨਾਲ ਪੁਲਿਸ ਵਲੋਂ ਖੜ੍ਹੀ ਕੀਤੇ ‘ਅਗਨੀ’ ਸੰਗਠਨ ਨੇ ਆਪਣੇ ਆਕਾ, ਬਸਤਰ ਦੇ ਆਈæਜੀæ ਸ਼ਿਵਰਾਮ ਪ੍ਰਸਾਦ ਕਲੂਰੀ ਨੂੰ ‘ਸੈਂਚਰੀ ਮਾਰਨ’ ਦੀ ਵਧਾਈ ਦਿੱਤੀ। ਪੁਲਿਸ ਦੇ ਹਮਾਇਤੀ ਇਸ ਟੋਲੇ ਨੇ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਵਿਚ ਜਸ਼ਨ ਮਨਾਇਆ ਕਿ ਮਿਸ਼ਨ-2016 ਤਹਿਤ ਕਲੂਰੀ ਨੇ 100 ਮਾਓਵਾਦੀਆਂ ਦਾ ਸਫ਼ਾਇਆ ਕਰਨ ਦਾ ਜੋ ਟੀਚਾ ਮਿਥਿਆ ਸੀ, ਉਹ ਪੂਰਾ ਕਰ ਲਿਆ ਹੈ। ਹੁਣ ਜੇ ਸਮਾਜੀ ਕਾਰਕੁਨ ਅਤੇ ਮਾਓਵਾਦੀ ਹਮਾਇਤੀ ਹਾਲ-ਪਾਹਰਿਆ ਮਚਾਉਂਦੇ ਨੇ ਤਾਂ ਮਚਾਉਂਦੇ ਰਹਿਣ, ਬਸਤਰ ਦੇ ਜਵਾਨ ਆਪਣਾ ਕੰਮ ਕਰਦੇ ਰਹਿਣਗੇ; ਪਰ ਨਾਬਾਲਗ ਬੱਚਿਆਂ ਦੇ ਕਤਲ ਨੇ ਸਮਾਜ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਕਹਿ ਰਹੇ ਹਨ ਕਿ ਪੁਲਿਸ ਨੇ ਮਾਓਵਾਦੀਆਂ ਨਾਲ ਟੱਕਰ ਲੈਣ ਦੀ ਬਜਾਏ ਬੇਕਸੂਰ ਪੇਂਡੂਆਂ ਨੂੰ ਕਤਲ ਕੀਤਾ ਹੈ। ਚਿਤਰਕੋਟ ਦੇ ਵਿਧਾਇਕ ਦਾ ਕਹਿਣਾ ਹੈ ਕਿ ਪੁਲਿਸ ਐਸੇ ਫਰਜ਼ੀ ਮੁਕਾਬਲੇ ਬਣਾਉਣ ਲਈ ਆਤਮ-ਸਮਰਪਣ ਕਰ ਚੁੱਕੇ ਮਾਓਵਾਦੀਆਂ ਨੂੰ ਇਸਤੇਮਾਲ ਕਰ ਰਹੀ ਹੈ। ਉਹ ਲੋੜੀਂਦੇ ਮਾਓਵਾਦੀਆਂ ਜਾਂ ਮਾਓਵਾਦੀ ਹਮਾਇਤੀਆਂ ਦਾ ਥਹੁ-ਪਤਾ ਦੱਸਣ ਦੀ ਬਜਾਏ ਹਮਨਾਮ ਪੇਂਡੂਆਂ ਵੱਲ ਉਂਗਲ ਕਰ ਦਿੰਦੇ ਹਨ ਅਤੇ ਪੁਲਿਸ/ਨੀਮ-ਫ਼ੌਜੀ ਦਸਤੇ ਉਨ੍ਹਾਂ ਨੂੰ ਅਗਵਾ ਕਰ ਕੇ ਮੁਕਾਬਲਾ ਬਣਾ ਦਿੰਦੇ ਹਨ। ਪਤਾ ਨਹੀਂ ਕਿੰਨੇ ਆਦਿਵਾਸੀ ਇਸ ਤਰੀਕੇ ਨਾਲ ਕਤਲ ਕੀਤੇ ਜਾ ਰਹੇ ਹਨ।
-ਹਿੰਦੁਸਤਾਨ ਟਾਈਮਜ਼ 15 ਅਕਤੂਬਰ 2016 ਦੀ ਰਿਪੋਰਟ ਅਨੁਸਾਰ ਦੋ ਮੁੰਬਈ ਆਧਾਰਤ ਥਿਏਟਰ ਕਲਾਕਾਰ ਕਬਾਇਲੀ ਹੱਕਾਂ ਲਈ ਸੰਘਰਸ਼ਸ਼ੀਲ ਕਾਰਕੁਨ ਸੋਨੀ ਸੋਰੀ ਬਾਰੇ ਨਾਟਕ ਲਿਖਣ ਲਈ ਲੋੜੀਂਦੀ ਸਮੱਗਰੀ ਹਾਸਲ ਕਰਨ ਲਈ ਜਗਦਲਪੁਰ ਜੇਲ੍ਹ ਵਿਚ ਕੈਦੀਆਂ ਨਾਲ ਮੁਲਾਕਾਤ ਕਰਨ ਲਈ ਉਥੇ ਗਏ ਸਨ। ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਪੰਜ ਘੰਟੇ ਤੋਂ ਵੱਧ ਗ਼ੈਰਕਾਨੂੰਨੀ ਹਿਰਾਸਤ ਵਿਚ ਰੱਖ ਕੇ ਪੁੱਛਗਿੱਛ ਦੇ ਨਾਂ ‘ਤੇ ਤੰਗ-ਪ੍ਰੇਸ਼ਾਨ ਕੀਤਾ।
ਥਿਏਟਰ ਕਲਾਕਾਰ ਸ਼ਿਵਮ ਸ਼ਰਮਾ ਅਤੇ ਇਕ ਕਲਾਕਾਰ ਤੇ ਨਿਰਦੇਸ਼ਕ ਰਮਣੀਕ ਸਿੰਘ ਸਬੰਧਤ ਜੇਲ੍ਹ ਅਧਿਕਾਰੀਆਂ ਤੋਂ ਬਾਕਾਇਦਾ ਇਜਾਜ਼ਤ ਲੈ ਕੇ ਜਗਦਲਪੁਰ ਜੇਲ੍ਹ ਵਿਚ ਬੰਦ ਕਥਿਤ ਮਾਓਵਾਦੀ ਨਿਰਮਲਾ ਅੱਕਾ ਨਾਲ ਇੰਟਰਵਿਊ ਕਰਨ ਗਏ। ਥਿਏਟਰ ਕਲਾਕਾਰਾਂ ਅਨੁਸਾਰ, “ਅਸੀਂ ਆਪਣੇ ਨਾਟਕ ਲਈ 12 ਵਜੇ ਦੁਪਹਿਰ ਨੂੰ ਜੇਲ੍ਹ ਦੇ ਅੰਦਰ ਪੁਲਿਸ ਅਫ਼ਸਰਾਂ ਦੀ ਮੌਜੂਦਗੀ ਵਿਚ ਨਿਰਮਲਾ ਅੱਕਾ ਨਾਲ ਇੰਟਰਵਿਊ ਕਰ ਰਹੇ ਸੀ। ਅਚਾਨਕ ਕੁਝ ਅਫ਼ਸਰ ਸਾਨੂੰ ਉਥੋਂ ਚੁੱਕ ਕੇ ਜਗਦਲਪੁਰ ਥਾਣੇ ਲੈ ਗਏ। ਉਨ੍ਹਾਂ ਨੇ ਸਾਥੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਅਤੇ ਇਲਜ਼ਾਮ ਲਾਇਆ ਕਿ ਅਸੀਂ ਮਾਓਵਾਦੀ ਹਮਾਇਤੀ ਹਾਂ। ਉਨ੍ਹਾਂ ਸਾਨੂੰ ਇੰਟੈਰੋਗੇਟ ਕੀਤਾ, ਪਰ ਮੈਂ ਕਿਸੇ ਤਰ੍ਹਾਂ ਆਪਣਾ ਫ਼ੋਨ ਇਸਤੇਮਾਲ ਕਰਨ ਵਿਚ ਕਾਮਯਾਬ ਹੋ ਗਿਆ ਅਤੇ ਵਟਸਐਪ ਉਪਰ ਟੈਕਸਟ ਕਰ ਦਿੱਤਾ। ਜਦੋਂ ਪੁਲਿਸ ਅਫਸਰਾਂ ਨੂੰ ਚਾਰ-ਚੁਫੇਰਿਓਂ ਫ਼ੋਨ ਆਉਣੇ ਸ਼ੁਰੂ ਹੋ ਗਏ ਤਾਂ ਸਾਢੇ ਪੰਜ ਵਜੇ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ।”
ਉਨ੍ਹਾਂ ਨੇ ਵਟਸਐਪ ਸੁਨੇਹੇ ਵਿਚ ਆਪਣੇ ਸੱਜਣਾਂ-ਮਿੱਤਰਾਂ ਨੂੰ ਖ਼ਬਰ ਦਿੱਤੀ, “ਮੈਨੂੰ ਅਤੇ ਰਮਨੀਕ ਸਿੰਘ ਨੂੰ ਛੱਤੀਸਗੜ੍ਹ ਦੇ ਜਗਦਲਪੁਰ ਥਾਣੇ ਵਿਚ ਬੰਦ ਕੀਤਾ ਗਿਆ ਹੈ, ਕਿਉਂਕਿ ਅਸੀਂ ਨਿਰਮਲਾ ਅੱਕਾ ਨਾਲ ਇੰਟਰਵਿਊ ਕਰ ਰਹੇ ਸੀ। ਇਹ ਜੇਲ੍ਹ ਵਿਚ ਕੀਤੀ ਜਾਣ ਵਾਲੀ ਕਾਨੂੰਨੀ ਇੰਟਰਵਿਊ ਸੀ ਅਤੇ ਇਸ ਵਿਚ ਕੁਝ ਵੀ ਗ਼ੈਰਕਾਨੂੰਨੀ ਨਹੀਂ ਸੀ। ਅਸੀਂ ਦਰਖ਼ਾਸਤ ਦਿੱਤੀ ਅਤੇ ਜੇਲ੍ਹ ਤੋਂ ਮਨਜ਼ੂਰੀ ਮਿਲ ਗਈ। ਅਸੀਂ ਨਾਟਕ ਬਾਰੇ ਖੋਜ ਕਾਰਜ ਲਈ ਇਥੇ ਆਏ ਹੋਏ ਹਾਂ ਅਤੇ ਸੋਨੀ ਸੋਰੀ ਇਥੇ ਸਾਡਾ ਸੰਪਰਕ ਹੈ। ਅਸੀਂ ਉਸ ਨੂੰ ਨਾਲ ਲੈ ਕੇ ਕਹਾਣੀਆਂ ਦੀ ਜਾਣਕਾਰੀ ਲੈ ਰਹੇ ਹਾਂ। ਇਥੇ ਸਾਨੂੰ ਵਾਰਤਾਲਾਪ ਕਾਰਨ ਨਜ਼ਰਬੰਦ ਕੀਤਾ ਗਿਆ ਹੈæææ।”
ਹੁਣ ਜ਼ਰਾ ਪੁਲਿਸ ਦਾ ਪੱਖ ਐਸ਼ਪੀæ ਆਰæਐਨæ ਦਾਸ ਦੀ ਜ਼ੁਬਾਨੀ ਸੁਣੋ, “ਜਗਦਲਪੁਰ ਦੇ ਹਰ ਥਾਣੇ ਵਲੋਂ ਰੋਜ਼ਾਨਾ ਰੁਟੀਨ ਚੈਕਿੰਗ ਕੀਤੀ ਜਾਂਦੀ ਹੈ ਜਿਸ ਵਿਚ ਬਾਹਰੋਂ ਆਏ ਹਰ ਬੰਦੇ ਨੂੰ ਸਕੈਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਜਾਂ ਹੋਰ ਸਾਰੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ।” ਇਹ ਸਟੇਟ ਹੈ ਜਾਂ ਖੁੱਲ੍ਹੀ ਜੇਲ੍ਹ ਜਿਥੇ ਹਰ ਕੋਈ ਸ਼ੱਕੀ ਮੁਜਰਿਮ ਹੈ?
-ਇਨ੍ਹਾਂ ਦਿਨਾਂ ਵਿਚ ਛੱਤੀਸਗੜ੍ਹ ਪੁਲਿਸ ਵਲੋਂ ਸਮੁੱਚੇ ਬਸਤਰ ਵਿਚ ਕੀਤੇ ਸਰਕਾਰੀ ਵਿਰੋਧ-ਪ੍ਰਦਰਸ਼ਨ ਕਾਫ਼ੀ ਚਰਚਾ ਵਿਚ ਹਨ। 24 ਅਕਤੂਬਰ ਨੂੰ ਬਸਤਰ ਦੇ ਸਾਰੇ ਕਸਬਿਆਂ ਵਿਚ ਪੁਲਿਸ ਦਸਤਿਆਂ ਵਲੋਂ ਬਾਕਾਇਦਾ ਵਰਦੀਆਂ ਪਾ ਕੇ ਅਤੇ ਮੀਡੀਆ ਨੂੰ ਸੱਦਾ ਪੱਤਰ ਦੇ ਕੇ ਪੁਤਲਾ-ਸਾੜ ਮੁਜ਼ਾਹਰੇ ਕੀਤੇ ਗਏ। ਮੀਡੀਆ ਵਲੋਂ ਵੀ ਇਨ੍ਹਾਂ ਨੂੰ ਖ਼ੂਬ ਚਮਕਾਇਆ ਗਿਆ। ਇਹ ਅਖੌਤੀ ਵਿਰੋਧ-ਪ੍ਰਦਰਸ਼ਨ ਜਿਨ੍ਹਾਂ ਸ਼ਖਸੀਅਤਾਂ ਵਿਰੁੱਧ ਸਨ, ਉਹ ਹਨ ਸੀæਪੀæਆਈæ ਦਾ ਆਗੂ ਮਨੀਸ਼ ਕੁੰਜਮ, ਸਮਾਜ ਵਿਗਿਆਨੀ ਨੰਦਿਨੀ ਸੁੰਦਰ ਤੇ ਬੇਲਾ ਭਾਟੀਆ, ਪੱਤਰਕਾਰ ਮਾਲਿਨੀ ਸੁਬਰਾਮਨੀਅਮ ਅਤੇ ਕਾਰਕੁਨ ਹਿਮਾਂਸ਼ੂ ਕੁਮਾਰ ਤੇ ਸੋਨੀ ਸੋਰੀ। ਇਸ ਸਾਰਿਆਂ ਨੂੰ ਪਹਿਲਾਂ ਵੀ ਆਦਿਵਾਸੀਆਂ ਦੇ ਕਤਲੇਆਮ ਦਾ ਪਰਦਾਫਾਸ਼ ਕਰਨ ਅਤੇ ਸਰਕਾਰ ਦੇ ਅਖੌਤੀ ਵਿਕਾਸ ਮਾਡਲ ਵਿਰੁੱਧ ਆਵਾਜ਼ ਉਠਾਉਣ ਕਾਰਨ ਆਹਲਾ ਪੁਲਿਸ ਅਧਿਕਾਰੀਆਂ ਵਲੋਂ ਬਣਾਏ ਗਰੋਹਾਂ ਹੱਥੋਂ ਹਿੰਸਾ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ‘ਵਿਰੋਧ ਪ੍ਰਦਰਸ਼ਨ’ ਨਾ ਹੋ ਕੇ ਦਹਿਸ਼ਤਵਾਦੀ ਸਟੇਟ ਦਾ ਉਨ੍ਹਾਂ ਮਜ਼ਲੂਮ ਆਦਿਵਾਸੀਆਂ ਖ਼ਿਲਾਫ਼ ਸ਼ਕਤੀ ਪ੍ਰਦਰਸ਼ਨ ਸੀ ਜੋ ਆਪਣੇ ਹਿੱਤਾਂ ਦੀ ਰਾਖੀ ਲਈ ਸਥਾਪਤੀ ਵਿਰੁੱਧ ਲੜ ਰਹੇ ਹਨ। ਇਹ ਪੁਲਿਸ ਰਾਜ ਨੂੰ ਸੱਤਾਧਾਰੀਆਂ ਦੀ ਸਿਆਸੀ ਪੁਸ਼ਤਪਨਾਹੀ ਦਾ ਘਿਣਾਉਣਾ ਮੁਜ਼ਾਹਰਾ ਸੀ।
ਇਸ ਵਕਤ ਇਨ੍ਹਾਂ ‘ਵਿਰੋਧ-ਪ੍ਰਦਰਸ਼ਨਾਂ’ ਦੀ ਖ਼ਾਸ ਵਜ੍ਹਾ ਹੈ। ਸੀæਬੀæਆਈæ ਨੇ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਤਾੜਮੇਟਲਾ ਕਤਲੇਆਮ ਬਾਰੇ ਸਟੇਟਸ ਰਿਪੋਰਟ ਪੇਸ਼ ਕੀਤੀ ਹੈ। 2011 ਵਿਚ ਤਾੜਮੇਟਲਾ ਸਮੇਤ ਤਿੰਨ ਪਿੰਡਾਂ ਵਿਚ ਹੋਈ ਸਾੜਫੂਕ, ਕਤਲਾਂ ਅਤੇ ਔਰਤਾਂ ਨਾਲ ਜਬਰ-ਜਨਾਹਾਂ ਬਾਰੇ ਬਾਰੇ ਕਲੂਰੀ ਨੇ ਦਾਅਵਾ ਕੀਤਾ ਸੀ ਕਿ ਇਹ ਵਾਰਦਾਤਾਂ ਮਾਓਵਾਦੀਆਂ ਨੇ ਕੀਤੀਆਂ ਹਨ; ਪਰ ਸੀæਬੀæਆਈæ ਨੇ ਆਪਣੀ ਜਾਂਚ ਰਿਪੋਰਟ ਵਿਚ ਤਾੜਮੇਟਲਾ ਕਤਲੇਆਮ ਲਈ ਸੱਤ ਐਸ਼ਪੀæਓæ (ਸਪੈਸ਼ਲ ਪੁਲਿਸ ਅਫ਼ਸਰਾਂ) ਅਤੇ ਸਵਾਮੀ ਅਗਨੀਵੇਸ਼ ਤੇ ਉਸ ਦੀ ਟੀਮ ਉਪਰ ਹਮਲੇ ਲਈ 26 ਸਲਵਾ ਜੁਡਮ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਚੇਤੇ ਰਹੇ ਕਿ ਸਮਾਜੀ ਕਾਰਕੁਨ ਸਵਾਮੀ ਅਗਨੀਵੇਸ਼ ਅਤੇ ਉਸ ਦੇ ਸਾਥੀ ਤਾੜਮੇਟਲਾ ਕਾਂਡ ਦੀ ਜਾਂਚ ਕਰਨ ਲਈ ਗਏ ਸਨ ਜਦੋਂ ਉਨ੍ਹਾਂ ਉਪਰ ਸਲਵਾ ਜੁਡਮ ਵਲੋਂ ਹਮਲਾ ਕੀਤਾ ਗਿਆ। ਇਹ ਹਮਲਾ ਤੱਤਕਾਲੀ ਐਸ਼ਐਸ਼ਪੀæ ਸ਼ਿਵਰਾਮ ਪ੍ਰਸਾਦ ਕਲੂਰੀ ਦੇ ਇਸ਼ਾਰੇ ‘ਤੇ ਹੋਇਆ ਸੀ ਜੋ ਇਸ ਵਕਤ ਬਸਤਰ ਦਾ ਡੀæਆਈæਜੀ ਹੈ। ਹੁਣ ਸ੍ਰੀ ਕਲੂਰੀ ਨੇ ਮੰਨ ਲਿਆ ਹੈ ਕਿ ਉਨ੍ਹਾਂ ਪਿੰਡਾਂ ਵਿਚ ਤਲਾਸ਼ੀ ਮੁਹਿੰਮ ਲਈ 450 ਪੁਲਸੀਏ ਉਸ ਨੇ ਖ਼ੁਦ ਭੇਜੇ ਸਨ, ਪਰ ਅੱਗ ਉਨ੍ਹਾਂ ਨੇ ਨਹੀਂ ਲਗਾਈ, ਇਹ ਤਾਂ ਗਰਮੀ ਦੇ ਮੌਸਮ ਵਿਚ ਮਾਓਵਾਦੀਆਂ ਵਿਰੁੱਧ ਹੋ ਰਹੀ ਬੰਬਾਰੀ ਦੌਰਾਨ ਅਚਾਨਕ ਅੱਗ ਫੈਲ ਜਾਣ ਕਾਰਨ ਝੁੱਗੀਆਂ ਸੜ ਗਈਆਂ ਸਨ। ਇਹ ਹੈ ਛੱਤੀਸਗੜ੍ਹ ਪੁਲਿਸ ਦਾ ਅਸਲ ਚਿਹਰਾ ਜੋ ਖ਼ੁਦ ਨੂੰ ਦੇਸ਼ ਭਗਤ ਦੱਸ ਰਹੀ ਹੈ ਅਤੇ ਆਦਿਵਾਸੀਆਂ ਦੀ ਕਤਲੋਗ਼ਾਰਤ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ‘ਦੇਸ਼ ਧ੍ਰੋਹੀ’ ਕਰਾਰ ਦੇ ਕੇ ਉਨ੍ਹਾਂ ਦੇ ਪੁਤਲੇ ਸਾੜ ਰਹੀ ਹੈ।
ਫ਼ੌਜ ਵਲੋਂ ਸਰਹੱਦ ਟੱਪ ਕੇ ਗੁਆਂਢੀ ਮੁਲਕ ਵਿਚ ਮਾਰੇ ‘ਮਾਅਰਕੇ’ ਦੀ ਖ਼ਬਰ ਸੁਣ ਕੇ ਜਿਨ੍ਹਾਂ ਅਖੌਤੀ ਦੇਸ਼ ਭਗਤਾਂ ਦਾ ‘ਦੇਸ਼ ਭਗਤ’ ਦਿਲ ਖੁਸ਼ੀ ਨਾਲ ਨੱਚ ਉਠਦਾ ਹੈ, ਕੀ ਉਨ੍ਹਾਂ ਦੀ ਜ਼ਮੀਰ ਕਦੇ ‘ਅੰਦਰੂਨੀ ਸੁਰੱਖਿਆ’ ਦੇ ਨਾਂ ‘ਤੇ ਨਿੱਤ ਕਤਲ ਕੀਤੇ ਜਾ ਰਹੇ ਆਪਣੇ ਹੀ ਹਮਵਤਨੀਆਂ ਅਤੇ ਛੱਤੀਸਗੜ੍ਹ ਰਾਜ ਦੀ ਇਸ ਦਹਿਸ਼ਗਦਰਦੀ ਪ੍ਰਤੀ ਵੀ ਸੰਵੇਦਨਸ਼ੀਲ ਹੋਵੇਗੀ?