ਪੰਜਾਬ ਟਾਈਮਜ਼ ਦੇ 17 ਸਤੰਬਰ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਕੁਝ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਦੇ ਪ੍ਰਤੀਕਰਮ ਵਜੋਂ ਪ੍ਰੋæ ਅਵਤਾਰ ਸਿੰਘ ਦਾ ਲੇਖ 24 ਸਤੰਬਰ ਦੇ ਅੰਕ ਵਿਚ ਛਾਪਿਆ ਜਾ ਚੁੱਕਾ ਹੈ। ਇਸੇ ਲੜੀ ਵਿਚ ਪ੍ਰਭਸ਼ਰਨਬੀਰ ਸਿੰਘ ਦਾ ਲੇਖ ਪਹਿਲੀ ਅਕਤੂਬਰ ਵਾਲੇ ਅੰਕ ਵਿਚ ਛਪਿਆ ਜਿਸ ਵਿਚ ਉਨ੍ਹਾਂ ਆਪਣੇ ਨਜ਼ਰੀਏ ਤੋਂ ਕੁਝ ਸਵਾਲ ਉਠਾਏ ਸਨ।
ਪ੍ਰਤੀਕਰਮ ਵਜੋਂ ਪ੍ਰੋæ ਅਵਤਾਰ ਸਿੰਘ ਦਾ ਲੇਖ 15 ਅਕਤੂਬਰ ਵਾਲੇ ਅੰਕ ਵਿਚ ਛਾਪਿਆ ਗਿਆ ਜਿਸ ਦੇ ਪ੍ਰਤੀਕਰਮ ਵਿਚ 22 ਅਕਤੂਬਰ ਦੇ ਅੰਕ ਵਿਚ ਅਸੀਂ ਪ੍ਰਭਸ਼ਰਨਬੀਰ ਸਿੰਘ ਅਤੇ ਇਸੇ ਸਿਲਲਿਸੇ ਵਿਚ ਉਘੇ ਪੰਜਾਬੀ ਸ਼ਾਇਰ ਤੇ ਆਲੋਚਕ ਗੁਰਦੇਵ ਚੌਹਾਨ ਦਾ ਲੇਖ ਛਾਪ ਚੁਕੇ ਹਾਂ। ਇਸੇ ਲੜੀ ਵਿਚ ਇਸ ਵਾਰ ਪ੍ਰਭਸ਼ਰਨਬੀਰ ਸਿੰਘ ਦਾ ਲੇਖ ਛਾਪ ਰਹੇ ਹਾਂ। ਸਾਡਾ ਮਨੋਰਥ ਪਾਠਕਾਂ ਨੂੰ ਵਿਚਾਰ-ਚਰਚਾ ਲਈ ਮੰਚ ਮੁਹੱਈਆ ਕਰਨਾ ਹੈ, ਕਿਸੇ ਦਾ ਪੱਖ ਲੈਣਾ ਨਹੀਂ। ਪ੍ਰਤੀਕਰਮ ਵਜੋਂ ਆਈਆਂ ਹੋਰ ਰਚਨਾਵਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਬਸ, ਸ਼ਾਇਸਤਗੀ ਦਾ ਪੱਲਾ ਨਾ ਛੱਡਿਆ ਜਾਵੇ। -ਸੰਪਾਦਕ
ਪ੍ਰਭਸ਼ਰਨਬੀਰ ਸਿੰਘ*
ਫੋਨ: 778-836-7901
ਅਵਤਾਰ ਸਿੰਘ ਨੇ ਇਸ ਗੱਲ ਉਤੇ ਤਸੱਲੀ ਪ੍ਰਗਟਾਈ ਹੈ ਕਿ ਮੈਂ ਮਹਿਬੂਬ ਦਾ ਭਗਤ ਨਹੀਂ। ਅਜਿਹਾ ਹੋਣ ਦਾ ਅਵਤਾਰ ਨੂੰ ਕੋਈ ਭਰਮ ਸੀ। ਮੈਂ ਉਸ ਨੂੰ ਇਸ ਭਰਮ ਦੇ ਟੁੱਟਣ ਉਤੇ ਵਧਾਈ ਦਿੰਦਾ ਹਾਂ। ਮੈਂ ਨਾ ਕਦੇ ਸ਼ਖਸੀ-ਪੂਜਾ ਕੀਤੀ ਹੈ ਤੇ ਨਾ ਹੀ ਕਰਾਂਗਾ। ਮੈਂ ਨਾ ਕਦੇ ਮਹਿਬੂਬ ਨੂੰ ਵਿਸ਼ਵ ਦਾ ਸਰਬੋਤਮ ਕਵੀ ਕਿਹਾ ਜਾਂ ਮੰਨਿਆ ਸੀ ਤੇ ਨਾ ਹੀ ਸੁਰਜੀਤ ਪਾਤਰ ਨੂੰ ਵਿਸ਼ਵ ਦਾ ਸਭ ਤੋਂ ਮਾੜਾ ਕਵੀ ਕਿਹਾ ਜਾਂ ਮੰਨਿਆ ਹੈ। ਇਹ ਸਭ ਅਵਤਾਰ ਦੇ ਆਪਣੇ ਹੀ ਵਹਿਮ ਸਨ ਜੋ ਆਸ ਕਰਦੇ ਹਾਂ ਹੌਲੀ ਹੌਲੀ ਦੂਰ ਹੋ ਜਾਣਗੇ।
ਹਾਂ, ਮੈਂ ਇਹ ਜ਼ਰੂਰ ਮੰਨਦਾ ਹਾਂ ਕਿ ਮਹਿਬੂਬ ਦੀ ਕਵਿਤਾ ਪਾਤਰ ਦੀ ਕਵਿਤਾ ਨਾਲੋਂ ਓਨੀ ਹੀ ਵਧੀਆ ਹੈ ਜਿੰਨੀ ਰੂਮੀ ਦੀ ਮਸਨਵੀ ਬਚਨ ਬੇਦਿਲ ਦੇ ਗਾਣਿਆਂ ਤੋਂ (ਲੇਖਕ ਇੱਥੇ ਇਹ ਤਸਦੀਕ ਕਰਦਾ ਹੈ ਕਿ ਉਸ ਨੇ ਉਪਰ ਵਾਲਾ ਵਾਕ ਇਹ ਜਾਣਦੇ ਹੋਏ ਲਿਖਿਆ ਹੈ ਕਿ ਬਚਨ ਬੇਦਿਲ ਦੇ ਗਾਣੇ, ਪਾਤਰ ਦੀ ਸ਼ਾਇਰੀ ਵਾਂਗ, ਪੰਜਾਬ ਵਿਚ ਰੂਮੀ ਦੀ ਮਸਨਵੀ ਤੋਂ ਕਿਤੇ ਵੱਧ ਮਕਬੂਲ ਹਨ)। ਰੂਮੀ ਦੀ ਮਸਨਵੀ ਤੋਂ ਪਾਤਰ ਦਾ ਇੱਕ ਸ਼ੇਅਰ ਯਾਦ ਆਇਆ ਹੈ ਜੋ ਵਾਕਿਆ ਹੀ ਕਮਾਲ ਹੈ:
ਜਿਸ ਨਾਲੋਂ ਮੈਨੂੰ ਤੋੜ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ‘ਚ ਮੈਂ ਉਸ ਜੰਗਲ ਦੀ ਚੀਕ ਹਾਂ।
ਬਿਰਖ ਦੀ ਵੇਦਨਾ ਨੂੰ ਬਿਰਖ ਦੀ ਮੌਤ ਤੋਂ ਬਾਅਦ ਵੀ ਵੰਝਲੀ ਦੀਆਂ ਸੰਗੀਤਕ ਤਰਬਾਂ ਵਿਚ ਧੜਕਦੀ ਦਿਖਾਇਆ ਗਿਆ ਹੈ। ਜੰਗਲ ਉਤੇ ਵਾਪਰ ਰਹੀ ਕੁਹਾੜੀ ਦੀ ਬਰਬਰਤਾ ਵੀ ਜੰਗਲ ਤੋਂ ਉਸ ਦੀ ਸੰਭਾਵਨਾ ਖੋਹਣ ਦੇ ਅਸਮਰੱਥ ਹੈ। ਜੰਗਲ ਦਾ ਗੀਤ ਜੰਗਲ ਦੀ ਮੌਤ ਤੋਂ ਬਾਅਦ ਵੀ ਗੂੰਜਦਾ ਰਹੇਗਾ। ਇਹ ਹੁੰਦੀ ਹੈ ‘ਬਰਬਰਤਾ ਦੇ ਹਨੇਰੇ ਤੋਂ ਪਾਰ ਸਹਿਕ ਰਹੀ ਜੀਵਨ ਦੀ ਲੋਅ ਨੂੰ ਵੇਖ ਸਕਣ ਦਾ ਤਾਣ’ ਰੱਖਣ ਵਾਲੀ ਕਵਿਤਾ। ਅਜਿਹੀ ਸ਼ਾਇਰੀ ਹੀ ‘ਮੌਤ ਦੀ ਸਨਅਤ’ ਦੀਆਂ ਮਕਾਨਕੀ ਆਵਾਜ਼ਾਂ ਤੋਂ ਭੈਅ ਭੀਤ ਹੋਏ ਬਿਨਾ ਮੌਤ ਤੋਂ ਪਾਰ ਗੂੰਜਦੇ ਜ਼ਿੰਦਗੀ ਦੇ ਗੀਤ ਗੁਣਗੁਣਾ ਸਕਦੀ ਹੈ। ਪਰ ਆਪਣੇ ਪਹਿਲੇ ਲੇਖ ‘ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ’ ਵਿਚ ਤਾਂ ਮੈਂ ਕਿਹਾ ਸੀ ਕਿ ਪਾਤਰ ਦੀ ਕਵਿਤਾ ਅਜਿਹਾ ਨਹੀਂ ਕਰ ਸਕਦੀ। ਕੀ ਮੇਰੇ ਉਹ ਵਿਚਾਰ ਗਲਤ ਨਹੀਂ ਸਨ? ਕੀ ਪਾਤਰ ਦੇ ਇੱਕ ਸ਼ੇਅਰ ਨੇ ਮੇਰਾ ਸਾਰਾ ਪੱਖ ਢਹਿਢੇਰੀ ਨਹੀਂ ਕਰ ਦਿੱਤਾ? ਤੇ ਇਹ ਸ਼ੇਅਰ ਮੈਨੂੰ ਰੂਮੀ ਦੀ ਮਸਨਵੀ ਤੋਂ ਕਿਉਂ ਯਾਦ ਆਇਆ? ਪਹਿਲੇ ਦੋ ਸਵਾਲਾਂ ਦੇ ਉਤਰ ਤੀਜੇ ਦੇ ਉਤਰ ਵਿਚ ਸ਼ਾਮਲ ਹਨ, ਜਿਸ ਲਈ ਰੂਮੀ ਦੀ ਮਸਨਵੀ ਦੇ ਸ਼ੇਅਰਾਂ ਦਾ ਹਵਾਲਾ ਜ਼ਰੂਰੀ ਹੈ:
ਬਿਸ਼ਨਉ ਅਜ਼ ਨੈ ਚੂੰ ਹਿਕਾਇਤ ਮੀ ਕੁਨਦ
ਵਅਜ਼ ਜੁਦਾਈ ਹਾ ਸ਼ਿਕਾਇਤ ਮੀ ਕੁਨਦ
(ਵੰਝਲੀ ਦੀ ਕਹਾਣੀ ਨੂੰ ਸੁਣੋ, ਇਹ ਵਿਛੋੜਿਆਂ ਦੇ ਗਿਲੇ ਸੁਣਾਉਂਦੀ ਹੈ)।
ਕਜ਼ ਨਯਇਸਤਾਂ ਤਾ ਮਰਾ ਬਬਰੀਦਾ ਅੰਦ
ਅਜ਼ ਨਫੀਰਮ ਮਰਦੋ ਜ਼ਨ ਨਾਲੀਦਾ ਅੰਦ
(ਜਦੋਂ ਦੇ ਮੈਨੂੰ ਜੰਗਲ ਵਿਚੋਂ ਵੱਢ ਕੇ ਲੈ ਆਏ ਹਨ ਮਰਦ ਤੇ ਔਰਤਾਂ, ਮੇਰੇ ਦੁੱਖ ਵਿਚ ਵਿਰਲਾਪ ਕਰ ਰਹੇ ਹਨ)।
ਜ਼ਾਹਰ ਹੈ, ਪਾਤਰ ਦਾ ਇਹ ਸ਼ਿਅਰ ਮੌਲਾਨਾ ਰੂਮੀ ਦੀ ਮਸਨਵੀ ਦੇ ਸ਼ੁਰੂਆਤੀ ਸ਼ਿਅਰਾਂ ਦਾ ਤਰਜਮਾ ਹੈ। ਪਾਤਰ ਨੇ ਇਸ ਨੂੰ ਆਪਣਾ ਬਣਾ ਕੇ ਪੇਸ਼ ਕੀਤਾ ਹੈ ਜੋ ਬਹੁਤ ਸ਼ਰਮਨਾਕ ਹੈ। ਇਹ ਸਭ ਜਾਣ ਕੇ ‘ਪੰਜਾਬ ਦੀ ਫਿਜ਼ਾ ਦੀ ਸ਼ਾਨ’, ‘ਨਿਮਰ ਫਰਿਸ਼ਤਾ’, ‘ਸਰਜ਼ਮੀਨ ਦਾ ਸ਼ਾਇਰ’, ‘ਬਿਰਖ ਦੀ ਆਤਮਾ’, ‘ਸੋਜ਼, ਸੰਵੇਦਨਾ ਤੇ ਸੁਹਜ ਦਾ ਮੁਜੱਸਮਾ’, ‘ਸ਼ਮ੍ਹਾਂ ਜਿਹੀ ਕੋਮਲਤਾ ਦਾ ਪੁੰਜ’ ਵਰਗੇ ਵਿਸ਼ੇਸ਼ਣਾਂ ਦੀ ‘ਸਾਕਾਰ ਮੂਰਤ’ ਪਾਤਰ ਦੀ ਅਨਿੰਨ ਸ਼ਰਧਾ ਵਿਚ ਲੀਨ ਅਵਤਾਰ ਦੇ ਕੋਮਲ-ਹਿਰਦੇ ਨੂੰ ਪਹੁੰਚੀ ਠੇਸ ਉਤੇ ਮੈਨੂੰ ਅਫਸੋਸ ਹੈ।
ਅਵਤਾਰ ਨੂੰ ਇਤਰਾਜ਼ ਹੈ ਕਿ ਮਹਿਬੂਬ ਨੇ ਪੁੱਠੇ ਕੌਮਿਆਂ ਦੇ ਨਾਲ ਫੁੱਟਨੋਟ ਕਿਉਂ ਨਹੀਂ ਦਿੱਤਾ। ਜੇ ਇਸ ਥੋਥੀ ਦਲੀਲ ਨੂੰ ਹਰ ਲੇਖਕ ‘ਤੇ ਲਾਗੂ ਕੀਤਾ ਜਾਵੇ ਤਾਂ ਦੁਨੀਆਂ ਦਾ ਕਰੀਬ ਹਰ ਲੇਖਕ, ਜਿਸ ਨੇ ਪੁੱਠੇ ਕੌਮਿਆਂ ਦੀ ਵਰਤੋਂ ਕੀਤੀ ਹੋਵੇ, ਰੱਦ ਹੋ ਜਾਵੇਗਾ। ਹਰ ਪੁੱਠੇ ਕੌਮਿਆਂ ਨਾਲ ਫੁੱਟਨੋਟ ਦੇਣਾ ਜ਼ਰੂਰੀ ਨਹੀਂ ਹੁੰਦਾ। ਆਖਰੀ ਕਵਿਤਾ ‘ਸ਼ਹੀਦ ਦੀ ਅਰਦਾਸ’ ਦੇ ਇੱਕ ਫੁੱਟਨੋਟ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜ਼ਿਕਰ ਕਵੀ ਦੇ ਬਾਗੀ ਵਜੂਦ ਵੱਲੋਂ ਜ਼ਾਲਮ ਹਕੂਮਤ ਵੱਲ ਸਿੱਟੀ ਇੱਕ ਵੰਗਾਰ ਸੀ।
ਅਵਤਾਰ ਨੂੰ ਉਤਰ-ਆਧੁਨਿਕਤਾ ਦਾ ਫੋਬੀਆ ਹੋ ਗਿਆ ਹੈ। ਉਸ ਨੂੰ ਹਰੇਕ ਯੂਰਪੀ ਚਿੰਤਕ ਵਿਚ ਉਤਰ-ਆਧੁਨਿਕਤਾ ਦਾ ਭੂਤ ਨਜ਼ਰ ਆਉਂਦਾ ਹੈ। ਉਸ ਨੂੰ ਇਹ ਵੀ ਨਹੀਂ ਪਤਾ ਕਿ ਵੀਹਵੀਂ ਸਦੀ ਦੇ ਦੂਸਰੇ ਅੱਧ ਵਿਚ ਕੰਮ ਕਰਨ ਵਾਲੇ ਸਾਰੇ ਯੂਰਪੀ ਚਿੰਤਕ ਉਤਰ-ਆਧੁਨਿਕ ਨਹੀਂ। ਇਹ ਗਲਤੀ ਪੰਜਾਬ ਦੇ ਬੁੱਧੀਜੀਵੀ ਅਤੇ ਆਲੋਚਕ ਆਮ ਹੀ ਕਰਦੇ ਹਨ। ਮੈਂ ਵੀ ਉਤਰ-ਆਧੁਨਿਕ ਫਲਸਫੇ (ਜੇ ਇਹੋ ਜਿਹੀ ਕੋਈ ਸ਼ੈਅ ਹੋਂਦ ਰੱਖਦੀ ਹੈ) ਦੀਆਂ ਸਾਰੀਆਂ ਵੰਨਗੀਆਂ ਨਾਲ ਸਹਿਮਤ ਨਹੀਂ। ਉਤਰ-ਆਧੁਨਿਕਤਾ ਕੋਈ ਬੱਝਵਾਂ ਸਿਧਾਂਤ ਨਹੀਂ ਸਗੋਂ ਵਿਆਖਿਆਕਾਰਾਂ ਵੱਲੋਂ ਘੜਿਆ ਗਿਆ ਲੇਬਲ ਹੈ ਜਿਸ ਨੂੰ ਬਹੁਤੇ ਯੂਰਪੀ ਚਿੰਤਕ ਰੱਦ ਕਰਦੇ ਹਨ। ਉਤਰ-ਆਧੁਨਿਕਤਾ ਨੂੰ ਖਾਰਜ ਕਰਦਾ ਅਵਤਾਰ ਕਹਿੰਦਾ ਹੈ, “ਜਿਹੜੇ ਵਿਦਵਾਨ ਪੱਛਮੀ ਸੋਚਾਂ ਦੇ ਨਿੱਤ ਬਦਲਦੇ ਚੌਖਟਿਆਂ ਵਿਚ ਹੀ ਸ਼ਬਦ ਨੂੰ ਪਰਖਣ ਦੀ ਹਿਮਾਕਤ ਕਰਦੇ ਹਨ, ਉਹ ਕਦੀ ਉਨ੍ਹਾਂ ਚੌਖਟਿਆਂ ਦੀ ਪਰਖ-ਨਿਰਖ ਸ਼ਬਦ ਦੇ ਅਨੁਭਵ ਅਧੀਨ ਨਹੀਂ ਕਰਦੇ।” ਜਾਂ ਤਾਂ ਅਵਤਾਰ ਨੇ ਮੇਰਾ ਪਹਿਲਾ ਲੇਖ ਧਿਆਨ ਨਾਲ ਪੜ੍ਹਿਆ ਨਹੀਂ ਤੇ ਜਾਂ ਫਿਰ ਉਹ ਆਪਣੇ ਮੁਰਸ਼ਦ ਸੁਰਜੀਤ ਪਾਤਰ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਹੋਰਨਾਂ ਦੀਆਂ ਕਹੀਆਂ ਗੱਲਾਂ ਨੂੰ ਆਪਣੀਆਂ ਬਣਾ ਕੇ ਦੱਸ ਰਿਹਾ ਹੈ। ਮੈਂ ਆਪਣੇ ਪਹਿਲੇ ਲੇਖ ਵਿਚ ਇਹੀ ਪੁਜ਼ੀਸ਼ਨ ਲਈ ਸੀ ਕਿ, “ਪੱਛਮ ਨਾਲ ਸੰਵਾਦ ਪੱਛਮੀ ਫਲਸਫੇ ਦੀਆਂ ਵਿਚਾਰਧਾਰਕ ਵਲਗਣਾਂ ਦੇ ਅੰਦਰ ਰਹਿ ਕੇ ਨਹੀਂ ਕੀਤਾ ਜਾ ਸਕਦਾ, ਸਗੋਂ ਆਪਣੀ ਸੱਭਿਆਚਾਰਕ ਹਸਤੀ ਦੇ ਨਿਆਰੇਪਣ ਨੂੰ ਬਰਕਰਾਰ ਰੱਖ ਕੇ ਹੀ ਕੀਤਾ ਜਾ ਸਕਦਾ ਹੈ।” ਖੈਰ, ਦਿਲਚਸਪ ਗੱਲ ਤਾਂ ਇਹ ਹੈ ਕਿ ਉਤਰ-ਆਧੁਨਿਕਤਾ ਬਾਰੇ ਅਵਤਾਰ ਦੇ ਵਿਚਾਰ ਮਹਿਬੂਬ ਨਾਲ ਇੰਨ-ਬਿੰਨ ਮਿਲਦੇ ਹਨ। ਉਹ ਵੀ ਉਤਰ-ਆਧੁਨਿਕਤਾ ਨੂੰ ਅਵਤਾਰ ਵਾਂਗ ਹੀ ਬਿਨਾ ਡੂੰਘੀ ਵਿਚਾਰ ਕੀਤਿਆਂ ਰੱਦ ਕਰਦੇ ਹਨ। ਅਵਤਾਰ ਅਤੇ ਮਹਿਬੂਬ ਦੇ ਉਲਟ ਮੇਰੀ ਸਮਝ ਹੈ ਕਿ ਨਾ ਤਾਂ ਪੱਛਮ ਦੀ ਵਿਚਾਰਧਾਰਕ ਅਧੀਨਗੀ ਕਬੂਲਣੀ ਚਾਹੀਦੀ ਹੈ ਅਤੇ ਨਾ ਹੀ ਪੱਛਮੀ ਫਲਸਫੇ, ਖਾਸ ਕਰ ਦੂਜੀ ਸੰਸਾਰ ਜੰਗ ਤੋਂ ਬਾਅਦ ਹੋਂਦ ‘ਚ ਆਏ ਫਲਸਫੇ ਨੂੰ ਮੂਲੋਂ ਰੱਦ ਕਰਨਾ ਚਾਹੀਦਾ ਹੈ।
ਪੰਜਾਬ ਵਿਚ ਉਤਰ-ਆਧੁਨਿਕਤਾ ਦੇ ਪ੍ਰਮੁੱਖ ਵਿਅਖਿਆਕਾਰ ਡਾæ ਗੁਰਭਗਤ ਸਿੰਘ ਹੋਏ ਹਨ। ਮੈਂ ਉਨ੍ਹਾਂ ਦੀਆਂ ਲਿਖਤਾਂ ਗਹੁ ਨਾਲ ਪੜ੍ਹੀਆਂ ਹਨ। ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਵੀ ਹੈ। ਉਹ ਭੂਤਵਾੜੇ ਦੇ ਵੀ ਪ੍ਰਮੁੱਖ ਮੈਂਬਰ ਰਹੇ ਹਨ। ਹੈਰਾਨੀ ਦੀ ਗੱਲ ਹੈ, ਅੰਮ੍ਰਿਤਸਰ ਦੇ ਇੱਕ ਸਾਹਿਤਕ ਡੇਰੇ, ਜਿਸ ਦਾ ਅਵਤਾਰ ਵੀ ਸਰਗਰਮ ਮੈਂਬਰ ਹੈ, ਵੱਲੋਂ ਨਾ ਸਿਰਫ ਗੁਰਭਗਤ ਸਿੰਘ ਨੂੰ ਆਪਣੇ ਸਮਾਗਮਾਂ ਵਿਚ ਸੱਦਿਆ ਜਾਂਦਾ ਸੀ ਸਗੋਂ ਉਨ੍ਹਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਵੀ ਕੀਤੀਆਂ ਹਨ। ਸੁਆਲ ਹੈ, ਉਸ ਵੇਲੇ ਉਸ ਦੇ ਭੂਤਵਾੜੇ ਅਤੇ ਉਤਰ-ਆਧੁਨਿਕਤਾ ਪ੍ਰਤੀ ਇਤਰਾਜ਼ ਕਿੱਥੇ ਚਲੇ ਜਾਂਦੇ ਸਨ? ਮਹਿਬੂਬ ਨੇ ਤਾਂ ਸੁਚੇਤ ਰੂਪ ਵਿਚ ਆਪਣੇ-ਆਪ ਨੂੰ ਭੂਤਵਾੜੇ ਤੋਂ ਅਲੱਗ ਕਰ ਲਿਆ ਸੀ ਪਰ ਗੁਰਭਗਤ ਸਿੰਘ ਨੇ ਕਦੇ ਨਹੀਂ ਕੀਤਾ। ਭੂਤਵਾੜੇ ਖਿਲਾਫ ਆਪਣੀ ਭੜਾਸ ਕੱਢਦਿਆਂ ਅਵਤਾਰ ਨੇ ਲਿਖਿਆ ਹੈ, “ਕਿਸੇ ਦੇ ਕੱਛੇ-ਕੱਛੀ ਨੂੰ ਬਾਂਸ ‘ਤੇ ਟੰਗ ਕੇ ਭੂਤਵਾੜੇ ਦਾ ਨਿਸ਼ਾਨ ਸਾਹਿਬ ਦੱਸਿਆ ਜਾਂਦਾ ਸੀ।” ਕੀ ਉਸ ਨੂੰ ਨਹੀਂ ਪਤਾ ਕਿ ਬਾਂਸ ਉਤੇ ਟੰਗੇ ਜਿਸ ਕੱਛੇ ਦੀ ਗੱਲ ਉਹ ਕਰ ਰਿਹਾ ਹੈ, ਉਹ ਗੁਰਭਗਤ ਸਿੰਘ ਦਾ ਹੀ ਸੀ? ਜਾਪਦਾ ਹੈ ਕਿ ਭੂਤਵਾੜੇ ਅਤੇ ਉਤਰ-ਆਧੁਨਿਕਤਾ ਨਾਲ ਉਸ ਦਾ ਵਿਰੋਧ ਵਿਚਾਰਧਾਰਕ ਨਹੀਂ ਬਲਕਿ ਲੋੜ ਅਨੁਸਾਰ ਲਿਆ ਗਿਆ ਪੈਂਤੜਾ ਹੈ, ਜਿਸ ਦੀ ਜੜ੍ਹ ਮਹਿਬੂਬ ਨਾਲ ਕਿਸੇ ਨਿਜੀ ਵਿਰੋਧ ਬਾਰੇ ਬੁਨਿਆਦੀ ਸੋਝੀ ਦੀ ਅਣਹੋਂਦ ਵਿਚ ਪਈ ਹੈ। ਪਰ ਇਸ ਸਾਰੇ ਉਲਝਾਅ ਵਿਚ ਅਵਤਾਰ ਦੀ ਹਾਲਤ ਉਸ ਮਾੜੇ ਖਿਡਾਰੀ ਵਰਗੀ ਹੈ ਜੋ ਆਪਣੀ ਹੀ ਟੀਮ ਸਿਰ ਗੋਲ ਕਰ ਬੈਠਦਾ ਹੈ।
ਸਥਾਨਕਤਾ ਦਾ ਬਦਲ ਸਨਾਤਨਤਾ ਨਹੀਂ, ਬਲਕਿ ਸੰਵਾਦ ਹੈ। ਸਨਾਤਨਤਾ ਨੂੰ ਸਥਾਨਕਤਾ ਦਾ ਬਦਲ ਗਰਦਾਨਣਾ ਕੋਈ ਹੱਲ ਨਹੀਂ। ਇਸ ਦੇ ਉਲਟ ਲੋੜ ‘ਪਰ’ ਨਾਲ ਸੰਵਾਦ ਰਚਾਉਣ ਅਤੇ ਸਥਾਨਕਤਾ ਦੀ ਅਹਿਮੀਅਤ ਨੂੰ ਸਮਝਣ ਦੀ ਹੈ। ਅੱਜ ਸਥਾਨਕਤਾ ਦੁਵੱਲੇ ਖਤਰੇ ਨਾਲ ਜੂਝ ਰਹੀ ਹੈ। ਇਕ ਪਾਸੇ ਵਿਸ਼ਵੀਕਰਨ ਦਾ ਦੈਂਤ ਮੂੰਹ ਅੱਡੀ ਖੜ੍ਹਾ ਹੈ ਤੇ ਦੂਜੇ ਪਾਸੇ ਸਨਾਤਨਤਾ ਦੀ ਹਨੇਰੀ ਖੁੱਡ ਹੈ। ਸਥਾਨਕਤਾ ਆਪਣੇ ਆਲੇ-ਦੁਆਲੇ ਦੀ ਬਨਸਪਤੀ, ਪਸ਼ੂ-ਪੰਛੀਆਂ, ਦਰਿਆਵਾਂ, ਪਹਾੜਾਂ, ਬੋਲੀ, ਸੰਗੀਤ ਅਤੇ ਮੁੱਢ-ਕਦੀਮੀ ਸਾਂਝੀਆਂ ਯਾਦਾਂ ਨਾਲ ਅਪਣੱਤ ਭਰਿਆ ਤੇ ਉਦਾਤ-ਭਾਵੀ ਰਿਸ਼ਤਾ ਹੈ। ਜੋ ਆਪਣੀ ਸਥਾਨਕਤਾ ਦੀ ਅਹਿਮੀਅਤ ਨੂੰ ਪਛਾਨਣ ਦੇ ਅਸਮਰੱਥ ਹੈ, ਉਹ ‘ਪਰ’ ਨੂੰ ਅਪਣੱਤ ਨਹੀਂ ਦੇ ਸਕਦਾ। ਸੈਮੂਅਲ ਹਟਿੰਗਟਨ ਦੇ ‘ਸੱਭਿਆਤਾਵਾਂ ਦੇ ਭੇੜ’ ਵਾਲੇ ਖਿਆਲ ਦੇ ਚਰਚਾ ‘ਚ ਆਉਣ ਪਿਛੋਂ ਈਰਾਨੀ ਰਾਸ਼ਟਰਪਤੀ ਮੁਹੰਮਦ ਖਾਤਮੀ ਨੇ ‘ਸੱਭਿਅਤਾਵਾਂ ਦੇ ਸੰਵਾਦ’ ਦਾ ਖਿਆਲ ਦਿੱਤਾ ਸੀ ਜਿਸ ਨੂੰ ਮੰਨਦਿਆਂ ਸੰਯੁਕਤ ਰਾਸ਼ਟਰ ਨੇ 2001 ਨੂੰ ‘ਸੱਭਿਅਤਾਵਾਂ ਦੇ ਸੰਵਾਦ’ ਦਾ ਵਰ੍ਹਾ ਵੀ ਐਲਾਨਿਆ ਸੀ। ਦੱਖਣੀ ਏਸ਼ੀਆ ਦੀਆਂ ਵਿਭਿੰਨ ਸਥਾਨਕਤਾਵਾਂ ਨੂੰ ਜਦੋਂ ਬ੍ਰਾਹਮਣਵਾਦੀਆਂ ਨੇ ਆਪਣੀ ਜਾਤੀ ਆਧਾਰਤ ਵਿਚਾਰਧਾਰਾ ਵਿਚ ਬੰਨ੍ਹਿਆ ਤਾਂ ਉਨ੍ਹਾਂ ਨੇ ਇਸ ਨੂੰ ਸਨਾਤਨ ਧਰਮ ਦਾ ਨਾਮ ਦਿੱਤਾ। ਮਨੁੱਖਤਾ ਦੀ ਭਲਾਈ ਅਤੇ ਚੰਗੇਰੇ ਸਮਾਜ ਦੀ ਸਿਰਜਣਾ ਪਿੱਛਲਖੁਰੀ ਤੁਰਨ ਨਾਲ ਨਹੀਂ ਸਗੋਂ ਅੱਗੇ ਵਧਣ ਨਾਲ ਸੰਭਵ ਹੁੰਦੀ ਹੈ। ਗੁਰਬਾਣੀ ਵਿਚ ਵੀ “ਆਗਾਹਾ ਕੂ ਤ੍ਰਾਘ ਪਿਛਾ ਫੇਰ ਨ ਮੁਹਡੜਾ॥” ਦੀ ਬੁੱਧ ਦਿੱਤੀ ਗਈ ਹੈ। ਅਵਤਾਰ ਨੇ ਕਿਹਾ ਸੀ, ਭੂਤ ਪਿੱਛਲਖੁਰੀ ਤੁਰਦੇ ਹਨ। ਕੀ ਸਨਾਤਨਵਾਦ ਲਈ ਜਾਗਿਆ ਉਸ ਦਾ ਤਾਜ਼ਾ ਮੋਹ ਪਿੱਛਲਖੁਰੀ ਨਹੀਂ ਹੈ? ਸਨਾਤਨਤਾ ਵੱਲ ਉਹ ਮੁੜਦੇ ਹਨ ਜਿਨ੍ਹਾਂ ਨੇ ਆਪਣੇ ਅੰਦਰ ਦੀ ਸਿਰਜਣਾਤਮਕਤਾ ਗੁਆ ਲਈ ਹੋਵੇ। ਗੁਰਬਾਣੀ ਸਨਾਤਨਤਾ ਦੀ ਨਹੀਂ, ਸਦੀਵੀ ਨਵੀਨਤਾ ਦੀ ਗੱਲ ਕਰਦੀ ਹੈ। “ਸਾਹਿਬੁ ਮੇਰਾ ਨੀਤ ਨਵਾ॥” ਬੁੱਧ ਧਰਮ, ਭਗਤੀ ਲਹਿਰ ਅਤੇ ਸਿੱਖੀ ਇਸੇ ਬ੍ਰਾਹਮਣਵਾਦੀ ਸਨਾਤਨਤਾ ਵਿਰੁਧ ਵਿਦਰੋਹ ਹਨ। ਆਰæਐਸ਼ਐਸ਼ ਅਤੇ ਸ਼ਿਵ ਸੈਨਾ ਵਰਗੇ ਹਿੰਦੂ ਫਾਸ਼ੀਵਾਦੀ ਸੰਗਠਨਾਂ ਦਾ ਉਭਾਰ ਵੀ ਇਸੇ ਸਨਾਤਨਵਾਦ ਵਿਚੋਂ ਹੋਇਆ ਹੈ। ਇਹ ਸਨਾਤਨਵਾਦ ਹੀ ਹੈ ਜੋ ਭਾਰਤ ਵਿਚ ਵਸਦੀਆਂ ਵਿਲੱਖਣ ਕੌਮਾਂ ਦਾ ਗਲ ਘੁੱਟ ਰਿਹਾ ਹੈ। ਸਨਾਤਨਵਾਦ ਦੀ ਹਾਮੀ ਭਰਨ ਵਾਲਾ ਜਾਤ-ਪਾਤ ਤੋਂ ਮੁਕਤ ਨਹੀਂ ਹੋ ਸਕਦਾ।
ਅਵਤਾਰ ਨੇ ਜਾਤ-ਪਾਤ ਬਾਰੇ ਲੰਮਾ ਲੈਕਚਰ ਦਿੱਤਾ ਹੈ। ਹੱਥਲੀ ਬਹਿਸ ਜਾਂ ਇਸ ਤੋਂ ਬਾਹਰ ਵੀ, ਅਵਤਾਰ ਸਿੰਘ ਦੱਸੇ ਤਾਂ ਸਹੀ ਕਿ ਮੇਰਾ ਕਿਹੜਾ ਕਰਮ, ਲਿਖਤ ਜਾਂ ਬੋਲ ਇਸ ਵਰਤਾਰੇ ਦੀ ਹਾਮੀ ਭਰਦੇ ਹਨ। ਆਧੁਨਿਕਤਾ ਬਾਰੇ ਚੱਲ ਰਹੀ ਇਸ ਬਹਿਸ ਵਿਚ ਜਾਤ-ਪਾਤ ਦਾ ਮੁੱਦਾ ਲਿਆਉਣ ਪਿੱਛੇ ਉਸ ਦਾ ਕੀ ਮਕਸਦ ਹੈ? ਕੀ ਉਸ ਦਾ ਮਕਸਦ ਮੇਰੇ ਪਿਛਲੇ ਲੇਖ ਵਿਚ ਉਸ ਦੇ ਸਨਮੁੱਖ ਰੱਖੇ ਗਏ ਔਖੇ ਸਵਾਲਾਂ ਤੋਂ ਧਿਆਨ ਪਾਸੇ ਹਟਾਉਣਾ ਤਾਂ ਨਹੀਂ?
ਅਵਤਾਰ ਦਾ ਕਹਿਣਾ ਹੈ ਕਿ ਆਧੁਨਿਕਤਾ ਅਤੇ ਬਰਬਰਤਾ ਦਾ ਕੋਈ ਸਬੰਧ ਨਹੀਂ। ਦੁਨੀਆਂ ‘ਚ ਹਜ਼ਾਰਾਂ ਅਜਿਹੇ ਵਿਦਵਾਨ ਹਨ ਜਿਨ੍ਹਾਂ ਦੀ ਰਾਏ ਉਸ ਦੇ ਉਲਟ ਹੈ। ਪੰਜਾਬ ਵਿਚ ਵੀ ਗੁਰਭਗਤ ਸਿੰਘ ਨੇ ਭਰਵੇਂ ਤਰੀਕੇ ਨਾਲ ਆਧੁਨਿਕਤਾ ਦੇ ਹਨੇਰੇ ਪੱਖਾਂ ਨੂੰ ਸਾਹਮਣੇ ਲਿਆਂਦਾ। ਉਨ੍ਹਾਂ ਦੱਸਿਆ ਕਿ ਸਮਾਜਵਾਦ ਤੇ ਪੂੰਜੀਵਾਦ ਦੋ ਅਜਿਹੇ ਆਧੁਨਿਕ ਮਹਾਂ-ਬਿਰਤਾਂਤ ਹਨ ਜਿਨ੍ਹਾਂ ਨੇ ਧਰਤੀ ਉਤੇ ਅੰਨ੍ਹੀ ਹਿੰਸਾ ਵਰਤਾਈ ਹੈ। ਵਿਦਵਾਨ ਜ਼ਿਗਮੰਟ ਬੌਮਨ ਨੇ ਆਪਣੀ ਪੁਸਤਕ ‘ਮੌਡਰਨਿਟੀ ਐਂਡ ਦਾ ਹੋਲੋਕਾਸਟ’ ‘ਚ ਇਸ ਸਬੰਧੀ ਵਿਸਥਾਰ ਵਿਚ ਚਰਚਾ ਕੀਤੀ ਹੈ। ਉਸ ਅਨੁਸਾਰ ਹੋਲੋਕਾਸਟ ਵਰਗੇ ਘਿਨਾਉਣੇ ਅਪਰਾਧਾਂ ਦੀ ਜੜ੍ਹ ਆਧੁਨਿਕਤਾ ਵਿਚ ਪਈ ਹੈ। ਸਿਰਫ ਬੌਮਨ ਹੀ ਨਹੀਂ, ਹੋਰ ਵੀ ਬਹੁਤ ਸਾਰੇ ਵਿਦਵਾਨ ਇਸ ਖਿਆਲ ਨਾਲ ਸਹਿਮਤ ਹਨ ਕਿ ਸਤਾਲਿਨੀ ਸਮਾਜਵਾਦ, ਹਿਟਲਰ ਦਾ ਫਾਸ਼ੀਵਾਦ, ਯੂਰਪੀ ਬਸਤੀਵਾਦ, ਅਮਰੀਕੀ ਨਵਉਦਾਰਵਾਦ ਅਤੇ ਰਾਸ਼ਟਰਵਾਦ ਦੀ ਹਿੰਸਾ ਦੀ ਅਸਲੀ ਜੜ੍ਹ ਆਧੁਨਿਕਤਾ ਹੈ। ਭਾਰਤ ‘ਚ ਸਿੱਖਾਂ ਤੇ ਹੋਰ ਕੌਮਾਂ ‘ਤੇ ਹੋ ਰਹੇ ਅੱਤਿਆਚਾਰ ਰਾਸ਼ਟਰਵਾਦੀ ਹਿੰਸਾ ਦਾ ਹੀ ਨਮੂਨਾ ਹਨ। ਹੋਲੋਕਾਸਟ ਦੀ ਮਿਸਾਲ ਦੇਣ ਦਾ ਭਾਵ ਇਹ ਨਹੀਂ ਕਿ ਮੈਂ ਸਿੱਖਾਂ ਤੇ ਯਹੂਦੀਆਂ ਦੀ ਕਿਸੇ ਆਤਮਿਕ ਸਾਂਝ ਵਿਚ ਯਕੀਨ ਰੱਖਦਾ ਹਾਂ। ਪਰ ਇਸ ਦਾ ਇਹ ਮਤਲਬ ਨਹੀਂ ਕਿ ਵੀਹਵੀਂ ਸਦੀ ਦੌਰਾਨ ਜੋ ਪੀੜ ਯਹੂਦੀਆਂ ਨੇ ਆਪਣੇ ਪਿੰਡੇ ਉਤੇ ਹੰਢਾਈ ਹੈ, ਉਸ ਨੂੰ ਅਣਡਿੱਠ ਕਰ ਦਿੱਤਾ ਜਾਵੇ।
ਅਵਤਾਰ ਦੇ ਲੇਖ ਦਾ ਇਕ ਵੱਡਾ ਹਿੱਸਾ ਡਾਇਲਾਗ ਦੀ ਬਜਾਏ ਮੋਨੋਲਾਗ ਹੈ। ਉਸ ਨੇ ਆਪਣੇ ਮਨ ਅੰਦਰ ਹੀ ਇਕ ਬਿਰਤਾਂਤ ਸਿਰਜਿਆ ਹੋਇਆ ਹੈ ਜਿਸ ਦੀ ਪ੍ਰਮਾਣਿਕਤਾ ਸਾਬਤ ਕਰਨ ਦੀ ਤਕਲੀਫ ਉਹ ਨਹੀਂ ਕਰਦਾ। ਇਸ ਬਿਰਤਾਂਤ ਦੀ ਜੜ੍ਹ ਨਿਜੀ ਕਿੜਾਂ ਵਿਚ ਹੈ। ਭੂਤਵਾੜੇ ਦਾ ਮੈਂਬਰ ਹੋਣ ਕਰਕੇ ਮਹਿਬੂਬ ਪ੍ਰਵਾਨ ਨਹੀਂ ਪਰ ਗੁਰਭਗਤ ਸਿੰਘ ਪ੍ਰਵਾਨ ਹੈ। ਉਤਰ-ਆਧੁਨਿਕਤਾ ਫਜ਼ੂਲ ਹੈ, ਪਰ ਗੁਰਭਗਤ ਸਿੰਘ ਦੀ ਉਤਰ-ਆਧੁਨਿਕਤਾ ‘ਤੇ ਅਵਤਾਰ ਨੂੰ ਕੋਈ ਇਤਰਾਜ਼ ਨਹੀਂ। ਉਹ ਸਵੈ ਸਿਰਜਿਤ ਭਰਮ-ਜਾਲ ਵਿਚ ਛਟਪਟਾ ਰਿਹਾ ਹੈ ਤੇ ਇਸੇ ਛਟਪਟਾਹਟ ਵਿਚੋਂ ਹੀ ਕਿਸੇ ਨੁਕਤੇ ਉਤੇ ਆਏ ਬਗੈਰ ਪ੍ਰਤੀਕਰਮ ਦਰ ਪ੍ਰਤੀਕਰਮ ਕੱਢੀ ਜਾ ਰਿਹਾ ਹੈ।
ਇਕ ਹੋਰ ਪ੍ਰਤੀਕਰਮ ਗੁਰਦੇਵ ਚੌਹਾਨ ਦਾ ਆਇਆ ਹੈ ਜਿਸ ਬਾਰੇ ਮੈਂ ਸੰਖੇਪ ਵਿਚ ਇਕ ਦੋ ਗੱਲਾਂ ਕਰਨੀਆਂ ਚਾਹਾਂਗਾ। ਉਸ ਦਾ ਕਹਿਣਾ ਹੈ:
“ਅਡੋਰਨੋ ਦੇ ਕਵਿਤਾ ਬਾਰੇ ਜਿਸ ਕਥਨ ਨੂੰ ਪ੍ਰਭਸ਼ਰਨਬੀਰ ਆਪਣੇ ਲੇਖ ਦਾ ਮੁੱਖ ਬਿੰਦੂ ਬਣਾਉਂਦਾ ਹੈ, ਉਹ ਸੀ, ‘ਆਸ਼ਵਿਟਜ਼ ਤੋਂ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ।’ ਭਾਵੇਂ ਅਡੋਰਨੋ ਨੇ ਸਿਰਫ ਇਹ ਕਿਹਾ ਸੀ, ‘ਆਸ਼ਵਿਟਜ਼ ਤੋਂ ਬਾਅਦ ਕੋਈ ਕਵਿਤਾ ਨਹੀਂ।’ (ਸੰਭਵ ਨਹੀਂ ਜਾਂ ਲਿਖੀ ਹੀ ਨਹੀਂ ਜਾ ਸਕਦੀ)। ਉਸ ਦਾ ਭਾਵ ਅਜਿਹੀ ਕਵਿਤਾ ਤੋਂ ਸੀ ਜੋ ਮਨੁੱਖੀ ਜੀਵਨ ਦੀ ਜਾਂ ਕੁਦਰਤੀ ਸੁੰਦਰਤਾ ਦਾ ਮਹਿਜ਼ ਕੋਮਲ ਭਾਵੀ ਸੁਖਦ ਵਰਣਨ ਹੋਵੇ। ਉਸ ਇਹ ਨਹੀਂ ਕਿਹਾ ਸੀ, ਇਸ ਘਟਨਾ ਪਿਛੋਂ ਕਵਿਤਾ ਲਿਖਣਾ ਬਰਬਰਤਾ ਹੈ।”
ਮੈਂ ਗੁਰਦੇਵ ਚੌਹਾਨ ਦਾ ਧੰਨਵਾਦੀ ਹਾਂ ਕਿ ਉਸ ਨੇ ਅਵਤਾਰ ਵਾਂਗ ਆਲੇ-ਦੁਆਲੇ ਦਾ ਊਟ-ਪਟਾਂਗ ਮਾਰਨ ਨਾਲੋਂ ਸਿੱਧਾ ਮੇਰੇ ਵਿਚਾਰਾਂ ਨਾਲ ਸੰਵਾਦ ਅਰੰਭਿਆ ਹੈ। ਪਰ ਨਾਲ ਹੀ ਮੈਂ ਇਮਾਨਦਾਰੀ ਨਾਲ ਇਹ ਵੀ ਕਹਾਂਗਾ ਕਿ ਮੈਂ ਪਹਿਲੀ ਵਾਰ ਕਿਸੇ ਨੂੰ ਆਪਣੀ ਲਿਖਤ ‘ਚ ਏਨਾ ਸਪੱਸ਼ਟ ਝੂਠ ਮਾਰਦਿਆਂ ਦੇਖਿਆ ਹੈ। ਅਡੋਰਨੋ ਦੇ ਜਿਸ ਕਥਨ ਬਾਰੇ ਚੌਹਾਨ ਸਾਹਿਬ ਇਹ ਕਹਿ ਰਹੇ ਹਨ ਕਿ ਉਸ ਨੇ ਤਾਂ ਅਜਿਹਾ ਕਿਹਾ ਹੀ ਨਹੀਂ ਸੀ ਸਗੋਂ ਕੁਝ ਹੋਰ ਕਿਹਾ ਸੀ, ਉਹ ਅਡੋਰਨੋ ਦੀ ਕਿਤਾਬ ਫਰਸਿਮਸ ਦੇ ਸਫਾ 34 ਉਤੇ ਇਸ ਤਰ੍ਹਾਂ ਦਰਜ ਹੈ: ਠੋ ੱਰਟਿe ਪੋeਟਰੇ ਆਟeਰ ਅੁਸਚਹੱਟਿਡ ਸਿ ਬਅਰਬਅਰਚਿ। ਹੁਣ ਪਾਠਕ ਇਸ ਗੱਲ ਦਾ ਫੈਸਲਾ ਕਰਨ ਕਿ ਇਸ ਕਥਨ ਦਾ ਪੰਜਾਬੀ ਅਨੁਵਾਦ ‘ਆਸ਼ਵਿਟਜ਼ ਤੋਂ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ’ ਬਣਦਾ ਹੈ ਜਾਂ ਫਿਰ ਜਿਵੇਂ ਚੌਹਾਨ ਸਾਹਿਬ ਕਹਿ ਰਹੇ ਹਨ, ‘ਆਸ਼ਵਿਟਜ਼ ਤੋਂ ਬਾਅਦ ਕੋਈ ਕਵਿਤਾ ਨਹੀਂ’ ਬਣਦਾ ਹੈ। ਕੀ ਉਨ੍ਹਾਂ ਨੂੰ ਏਨੀ ਅੰਗਰੇਜ਼ੀ ਵੀ ਨਹੀਂ ਆਉਂਦੀ ਕਿ ਉਹ ਇਸ ਸਰਲ ਵਾਕ ਦਾ ਸਹੀ ਅਨੁਵਾਦ ਕਰ ਸਕਣ? ਜਾਂ ਫਿਰ ਉਨ੍ਹਾਂ ਨੇ ਅਡੋਰਨੋ ਨੂੰ ਪੜ੍ਹਿਆ ਹੀ ਨਹੀਂ, ਐਵੇਂ ਕਿਸੇ ਤੋਂ ਸੁਣ-ਸੁਣਾ ਕੇ ਲਿਖ ਦਿੱਤਾ? ਮੇਰੀ ਨਿਜੀ ਰਾਏ ਹੈ ਕਿ ਚੌਹਾਨ ਸਾਹਿਬ ਨੂੰ ਏਨੀ ਕੁ ਅੰਗਰੇਜ਼ੀ ਤਾਂ ਜ਼ਰੂਰ ਆਉਂਦੀ ਹੋਵੇਗੀ, ਪਰ ਉਨ੍ਹਾਂ ਨੇ ਅਡੋਰਨੋ ਦੀ ਲਿਖਤ ਖੁਦ ਪੜ੍ਹਨ ਦੀ ਥਾਂ ਸੁਣੀ-ਸੁਣਾਈ ਗੱਲ ਲਿਖ ਦਿੱਤੀ। ਖੈਰ, ਪਾਠਕ ਆਪਣੀ ਰਾਏ ਬਣਾਉਣ ਲਈ ਆਜ਼ਾਦ ਹਨ।
ਚੌਹਾਨ ਸਾਹਿਬ ਇਹ ਨਿਰਆਧਾਰ ਦਾਅਵਾ ਵੀ ਕਰਦੇ ਹਨ ਕਿ ਅਡੋਰਨੋ ਦਾ ‘ਭਾਵ ਅਜਿਹੀ ਕਵਿਤਾ ਤੋਂ ਸੀ ਜੋ ਮਨੁੱਖੀ ਜੀਵਨ ਦੀ ਜਾਂ ਕੁਦਰਤੀ ਸੁੰਦਰਤਾ ਦਾ ਮਹਿਜ਼ ਕੋਮਲ ਭਾਵੀ ਸੁਖਦ ਵਰਣਨ ਹੋਵੇ। ਉਸ ਇਹ ਨਹੀਂ ਕਿਹਾ ਸੀ ਕਿ ਇਸ ਘਟਨਾ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ।’ ਅਡੋਰਨੋ ਦੇ ਜਿਸ ਲੇਖ ਛੁਲਟੁਰਅਲ ਛਰਟਿਚਿਸਿਮ ਅਨਦ ੰੋਚਇਟੇ ਵਿਚ ਇਹ ਕਥਨ ਆਉਂਦਾ ਹੈ, ਉਸ ਸਾਰੇ ਲੇਖ ਵਿਚ ਇਸ ਦੇ ਨੇੜੇ ਤੇੜੇ ਦੀ ਵੀ ਕੋਈ ਗੱਲ ਨਹੀਂ ਹੈ। ਉਹ ਸੁਹਜਵਾਦੀ ਕਵਿਤਾ ਦੀ ਗੱਲ ਨਹੀਂ ਕਰ ਰਿਹਾ। ਉਹ ਮਨੁੱਖੀ ਦਰਦ ਨੂੰ ਬਿਆਨ ਕਰ ਸਕਣ ਦੀ ਸੰਭਾਵਨਾ ਬਾਰੇ ਗੱਲ ਕਰ ਰਿਹਾ ਹੈ। ਬਾਅਦ ਵਿਚ ਛਪੀ ਆਪਣੀ ਪੁਸਤਕ ‘ਨੈਗੇਟਿਵ ਡਾਇਆਲੈਕਟਿਕਸ’ ਵਿਚ ਵੀ ਅਡੋਰਨੋ ਨੇ ਸਪੱਸ਼ਟ ਕੀਤਾ ਸੀ ਕਿ ਉਹ ਇਸ ਸਤਰ ਵਿਚ ਮਨੁੱਖੀ ਦਰਦ ਦੀ ਗੱਲ ਹੀ ਕਰ ਰਿਹਾ ਸੀ। ਪਰ ਚੌਹਾਨ ਸਾਹਿਬ ਨੂੰ ਇਸ ਗੱਲ ਨਾਲ ਕੀ ਫਰਕ ਪੈਂਦਾ ਹੈ। ਉਨ੍ਹਾਂ ਨੇ ਨਾ ਅਡੋਰਨੋ ਨੂੰ ਪੜ੍ਹਿਆ ਅਤੇ ਨਾ ਪੜ੍ਹਨ ਦੀ ਲੋੜ ਸਮਝੀ। ਜੋ ਮਨ ਵਿਚ ਆਇਆ ਉਹ ਲਿਖ ਮਾਰਿਆ।
ਮੈਂ ਹਮੇਸ਼ਾ ‘ਕਿਛੁ ਸੁਣੀਐ ਕਿਛੁ ਕਹੀਐ’ ਦੇ ਗੁਰਵਾਕ ਅਨੁਸਾਰ ਸੰਵਾਦ ਦਾ ਹਾਮੀ ਰਿਹਾ ਹਾਂ ਅਤੇ ਭਵਿੱਖ ਵਿਚ ਵੀ ਰਹਾਂਗਾ। ਪਰ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਸ ਪੱਧਰ ਦੇ ਪ੍ਰਤੀਕਰਮ ਹੁਣ ਤੱਕ ਆਏ ਹਨ, ਉਨ੍ਹਾਂ ਨਾਲ ਮੈਨੂੰ ਕੁਝ ਨਿਰਾਸ਼ਾ ਵੀ ਹੋਈ ਹੈ। ਇਸ ਦੇ ਬਾਵਜੂਦ ਮੇਰੀ ਸੋਚ ਅਤੇ ਜਜ਼ਬਾਤ ਦੇ ਦਰ ਵਿਚਾਰ-ਵਟਾਂਦਰੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ।
—
*ਲੇਖਕ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਅਧਿਆਪਕ ਹੈ।