ਪੇਟ-ਪਾਕੀਜ਼ਗੀ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ ਕਿ

ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ। ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਡਾæ ਭੰਡਾਲ ਬੰਦੇ ਦੇ ਪੈਰਾਂ, ਮੁੱਖੜੇ ਤੇ ਮਨ ਦੀ ਬਾਤ ਪਾ ਚੁਕੇ ਹਨ। ਹਿੱਕ ਬਾਰੇ ਉਨ੍ਹਾਂ ਕਿਹਾ ਸੀ ਕਿ ਹਿੱਕ ਵਿਚ ਜਦ ਰੋਹ ਦਾ ਉਬਾਲ ਫੁੱਟਦਾ ਤਾਂ ਇਸ ਵਿਚੋਂ ਹੀ ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਇਕ ਸ਼ਖਸ ਊਧਮ ਸਿੰਘ ਦਾ ਰੂਪ ਧਾਰ ਲੰਡਨ ਵੱਲ ਨੂੰ ਚਾਲੇ ਪਾਉਂਦਾ। ਗਰਦਨ ਅਤੇ ਬੁੱਲੀਆਂ ਦਾ ਵਿਖਿਆਨ ਵੀ ਕਰ ਚੁਕੇ ਹਨ। ਵਾਤਾਵਰਣ ਸੰਭਾਲ ਦੀ ਗੱਲ ਕਰਦਿਆਂ ਡਾæ ਭੰਡਾਲ ਨੇ ਨਸੀਹਤ ਕੀਤੀ ਸੀ ਕਿ ਸਾਹ ਆਉਂਦੇ ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਨੱਕ-ਨਮੂਜ਼ ਰੱਖਣ ਲਈ ਲੋਕਾਂ ਵਲੋਂ ਰੱਖੇ ਜਾਂਦੇ ਓਹਲੇ, ਮਨੁੱਖ ਨੂੰ ਅੰਦਰੋਂ ਖੋਖਲੇ ਕਰ, ਹੋਂਦ ਦਾ ਆਖਰੀ ਵਰਕਾ ਬਣ ਜਾਂਦੇ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਬਾਹਾਂ ਦੀ ਤਸ਼ਬੀਹ ਵਿਚ ਕਿਹਾ ਸੀ ਕਿ ਬਾਂਹਾਂ ਦੀ ਬਾਂਹਾਂ ਸੰਗ ਯਾਰੀ, ਮਨ-ਵਿਹੜੇ ਮੌਲੇ ਸਰਦਾਰੀ। ਹਥਲੇ ਲੇਖ ਵਿਚ ਉਨ੍ਹਾਂ ਨਸੀਹਤ ਕੀਤੀ ਹੈ ਕਿ ਪੇਟ ਦਾ ਪੀਹੜਾ ਨੀਵਾਂ ਰੱਖੋ। ਇਸ ਦੀ ਬਰੂਹੀਂ ਕੁੰਡਾ ਰੱਖੋ। ਇਸ ਦੀ ਨਬਜ਼ ਪਛਾਣੋ ਤਾਂ ਤੁਹਾਡਾ ਵਿਹੜਾ ਰੰਗੀਂ ਵਸੇਗਾ। ਬੇਤਾਲਾ ਪੇਟ ਜਲਦੀ ‘ਚ ਹੋਵੇ ਤਾਂ ਆਪਣੇ ਹੱਥੀਂ ਖੁਦ ਨੂੰ ਕੋਹਵੇ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਪੇਟ ਊਰਜਾ ਦਾ ਭੰਡਾਰ, ਹਰ ਅੰਗ ਲਈ ਬੁਰਕੀ-ਆਹਾਰ, ਹਰ ਹਿੱਸੇ ਦੀ ਲੋੜ-ਪੂਰਤੀ ਅਤੇ ਕਾਰਜਾਂ ‘ਚ ਰੁੱਝੇ ਸਰੀਰ ਲਈ ਹਿੰਮਤ ਤੇ ਸਮਰੱਥਾ।
ਪੇਟ, ਮਨੁੱਖੀ ਅੰਗਾਂ ਦੀ ਪਰਿਕਰਮਾ। ਇਸ ਦੇ ਆਸਰੇ ਹੋਂਦ-ਬਰਕਰਾਰੀ, ਜੀਵਨ ਦੀ ਸ਼ਾਹ-ਅਸਵਾਰੀ, ਹਰ ਉਦਮ ਲਈ ਤੇਜ-ਤਰਾਰੀ ਅਤੇ ਮਨੁੱਖੀ ਪਿੰਜਰ ਲਈ ਪੂਰਨ ਤਿਆਰੀ।
ਪੇਟ, ਸਰੀਰ ਦਾ ਕੇਂਦਰ ਬਿੰਦੂ, ਸਰੀਰਕ ਸੰਤੁਲਨ, ਹਰ ਅੰਗ ਦੀ ਪਹੁੰਚ ‘ਚ ਅਤੇ ਹਰ ਹਿੱਸੇ ਨਾਲ ਕਰੀਬੀ ਤੇ ਸਦੀਵੀ ਸਬੰਧ। ਜੀਵਨ ਨਿਰਬਾਹ ਦਾ ਹੁਨਰ ਤੇ ਹੌਸਲਾ।
ਪੇਟ ਭੁੱਖਾ ਹੁੰਦਾ ਤਾਂ ਕੁਝ ਖਾਣ ਲਈ ਲੋਚਦਾ। ਵੱਧ ਖਾ ਲਵੇ ਤਾਂ ਸਾਹ ਲੈਣ ਤੋਂ ਆਤੁਰ, ਘੱਟ ਖਾ ਲਵੇ ਤਾਂ ਹੋਰ ਜ਼ਿਆਦਾ ਖਾਣ ਲਈ ਤਰਲੋਮੱਛੀ। ਪੇਟ ਰੱਜ ਕੇ ਵੀ ਕਦੇ ਨਾ ਰੱਜਦਾ। ਸ਼ਾਇਦ ਪੇਟ ਦੇ ਨਾਂਵੇਂ ਆਈ ਹੈ, ਸਦੀਵੀ ਭੁੱਖ। ਗਲਤ ਖਾ ਲਵੇ ਤਾਂ ਪੀੜਾ ਤੇ ਦਰਦ ਨਾਲ ਕਰਾਹੁੰਦਾ।
ਪੇਟ ਦੀ ਫਿਤਰਤ ਕਿ ਇਹ ਆਪਣੇ ਵਿਚੋਂ ਹੀ ਸਮੁੱਚੇ ਸਰੀਰ ਨੂੰ ਕਿਆਸਦਾ ਅਤੇ ਵਿਸਥਾਰਦਾ। ਪਰ ਪੇਟ ਦੀ ਵਿਡੰਬਨਾ ਦੇਖੋ ਕਿ ਵੱਧ ਖਾ ਕੇ ਜ਼ਿਆਦਾ ਲੋਕ ਬਿਮਾਰ ਤੇ ਮਰ ਰਹੇ ਹਨ ਜਦ ਕਿ ਘੱਟ ਖਾਣ ਵਾਲੇ ਸੁਖੀ ਤੇ ਲੰਮੇਰੀ ਜ਼ਿੰਦਗੀ ਜਿਉਂਦੇ। ਦੋ ਡੰਗ ਦੀ ਰੋਟੀ ਖਾਣ ਵਾਲੇ ਸਬਰ-ਸਬੂਰੀ ਵਿਚੋਂ ਹੀ ਜ਼ਿੰਦਗੀ ਦਾ ਅਨੰਦ ਮਾਣਦੇ ਜਦ ਕਿ ਬੇਹਿਸਾਬਾ ਤੇ ਬੇਥਵਾ ਖਾਣ-ਪੀਣ ਵਿਚ ਉਲਝੇ ਲੋਕ, ਜ਼ਿੰਦਗੀ ਦੇ ਸੂਰਜ ਨੂੰ ਕੈਦ ਕਰਕੇ ਵੀ ਸਦਾ ਚਾਨਣ-ਵਿਹੂਣੇ ਰਹਿੰਦੇ।
ਪੇਟ, ਬੱਚੇ ਦਾ ਪਲੇਠਾ ਰੈਣ-ਬਸੇਰਾ। ਮਾਂ ਬੱਚੇ ਨੂੰ 9 ਮਹੀਨੇ ਪੇਟ ਵਿਚ ਪਾਲਦੀ। ਪੇਟ ਨੂੰ ਪਲੋਸਦਿਆਂ ਅਚੇਤ ਰੂਪ ਵਿਚ ਬੱਚੇ ਨਾਲ ਲਾਡ ਲਡਾਉਂਦੀ, ਜੀਵਨ ਮੁੱਲਾਂ ਨਾਲ ਭਰਪੂਰ ਕਥਾ-ਕਹਾਣੀਆਂ ਮੂਕ ਰੂਪ ਵਿਚ ਸੁਣਾਉਂਦੀ। ਉਸ ਦੇ ਨਾ-ਮਾਮੂਲ ਨਕਸ਼ ਨਿਹਾਰਦੀ। ਭਵਿੱਖ ਦੇ ਸੰਦਲੀ ਸੁਪਨਿਆਂ ਵਿਚ ਗਵਾਚੀ, ਉਸ ਦੇ ਛੋਟੇ ਛੋਟੇ ਰੂੰ ਵਰਗੇ ਅੰਗ ਕਿਆਸਦੀ ਅਤੇ ਉਨ੍ਹਾਂ ਲਈ ਨਿੱਕੇ-ਨਿੱਕੇ ਕੱਪੜੇ ਸਿਉਂਦੀ। ਪੋਤੜੇ ਸੰਭਾਲਦੀ ਅਤੇ ਮਨ ਹੀ ਮਨ ਆਉਣ ਵਾਲੇ ਸਮੇਂ ਦੀਆਂ ਤੰਦੀਆਂ ਫੜ੍ਹ ਜੀਵਨ ਨੂੰ ਵਿਸਥਾਰਦੀ। ਮਾਂ ਦੀਆਂ ਸੁਣਾਈਆਂ ਕਹਾਣੀਆਂ ਬੱਚੇ ‘ਤੇ ਅਸਰ-ਅੰਦਾਜ਼ ਹੁੰਦੀਆਂ ਕਿਉਂਕਿ ਮਾਂ ਦੀ ਮਾਨਸਿਕਤਾ ਤੇ ਸੋਚ ਵਿਚੋਂ ਹੀ ਬੱਚੇ ਦਾ ਅੰਤਰੀਵੀ ਤੇ ਮਾਨਸਿਕ ਵਿਕਾਸ ਹੋਣਾ ਹੁੰਦਾ।
ਪਹਿਲੀ ਵਾਰ ਅੱਖ ਖੋਲ੍ਹਣ ਸਾਰ ਹੀ ਪੇਟ ਦੀ ਭੁੱਖ ਬੱਚੇ ਦੇ ਮਨ-ਦਰ ‘ਤੇ ਦਸਤਕ ਦਿੰਦੀ। ਉਹ ਕੁਝ ਖਾਣ ਲਈ ਅਹੁਲਦਾ ਅਤੇ ਦਾਦੀ/ਨਾਨੀ ਸ਼ਹਿਦ ਚਟਾ ਕੇ ਉਸ ਨੂੰ ਗੁੜਤੀ ਦਿੰਦੀਆਂ। ਮਾਂ ਦਾ ਦੁੱਧ, ਬੱਚੇ ਦੇ ਪੇਟ ਤੇ ਸਿਹਤ ਲਈ ਅੰਮ੍ਰਿਤ। ਇਸੇ ਲਈ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਜ਼ਿਆਦਾ ਤੰਦਰੁਸਤ ਤੇ ਸਿਹਤਮੰਦ ਹੁੰਦੇ ਅਤੇ ਮਾਂਵਾਂ ਦੀ ਸਿਹਤ ਵੀ ਬਿਹਤਰ ਰਹਿੰਦੀ। ਸ਼ਾਇਦ ਅਜੋਕੀਆਂ ਮਾਂਵਾਂ ਨਾਲੋਂ ਸਾਡੀਆਂ ਮਾਂਵਾਂ ਦਾ ਪੇਟ ਕਦੇ ਵੀ ਇੰਨਾ ਨਹੀਂ ਸੀ ਵਧਿਆ ਹੁੰਦਾ ਅਤੇ ਨਾ ਹੀ ਉਨ੍ਹਾਂ ਨੂੰ ਆਪਣਾ ਪੇਟ ਘਟਾਉਣ ਲਈ ਕਿਸੇ ਕਿਸਮ ਦੀ ਡਾਇਟਿੰਗ ਦੀ ਲੋੜ ਹੁੰਦੀ ਸੀ।
ਜਦ ਕੋਈ ਬੱਚਾ ਆਪਣੀ ਮਾਂ, ਦਾਦੀ/ਦਾਦੇ, ਨਾਨੀ/ਨਾਨੇ ਜਾਂ ਵਡੇਰੇ ਦੇ ਪੇਟ ‘ਤੇ ਲੇਟਿਆ, ਮੋਹ-ਭਿੱਜੇ ਤੋਤਲੇ ਬੋਲਾਂ ਨਾਲ ਰੂਹ ਨੂੰ ਨਸ਼ਿਆਉਂਦਾ ਅਤੇ ਪ੍ਰਸ਼ਨਾਂ ਤੇ ਉਤਰਾਂ ਵਿਚੋਂ ਜੀਵਨ-ਜੁਗਤ ਅਪਨਾਉਂਦਾ ਤਾਂ ਵਡੇਰਿਆਂ ਦੀ ਤਲੀ ‘ਤੇ ਖੁਸ਼ੀਆਂ ਅਤੇ ਖੇੜਿਆਂ ਦਾ ਸੂਹਾ ਰੰਗ ਉਪਜਾਉਂਦਾ। ਕੁਦਰਤ ਮਜੀਠੀ ਰੰਗ ‘ਚ ਰੰਗੀ, ਨਿਰਛੱਲ ਕਲੋਲ ਨਿਹਾਰਦੀ, ਤਿੰਨਾਂ ਪੀੜ੍ਹੀਆਂ ਦੇ ਆਪਸੀ ਸਬੰਧਾਂ ਦੇ ਵਾਰੇ ਵਾਰੇ ਜਾਂਦੀ। ਕਿੰਨੇ ਖੁਸ਼ਨਸੀਬ ਨੇ ਉਹ ਲੋਕ ਜਿਨ੍ਹਾਂ ਨੇ ਵੱਡਿਆਂ ਦੇ ਢਿਡ ‘ਤੇ ਮੂੰਹ ਨਾਲ ਪਟਾਕੇ ਵਜਾਏ ਨੇ, ਕੁੱਤਕੁਤਾਰੀਆਂ ਕੱਢੀਆਂ ਅਤੇ ਉਨ੍ਹਾਂ ਨੇ ਇਨ੍ਹਾਂ ਪਲਾਂ ਨੂੰ ਅੱਜ ਤੀਕ ਆਪਣੀਆਂ ਯਾਦਾਂ ਦਾ ਸਰਮਾਇਆ ਬਣਾਇਆ ਹੋਇਆ ਏ।
ਮਾਪੇ ਹੀ ਹੁੰਦੇ ਜੋ ਆਪਣਾ ਪੇਟ ਕੱਟ ਕੇ, ਆਪਣੇ ਬੱਚੇ ਦੀ ਹਰ ਖੁਸ਼ੀ ਨੂੰ ਪੂਰਾ ਕਰਦੇ, ਹਰ ਚਾਹਤ ਨੂੰ ਸੰਪੂਰਨ ਕਰਦੇ, ਹਰ ਔਕੜ ਵਿਚ ਤੂਤ ਦਾ ਮੋਛਾ ਬਣਦੇ ਅਤੇ ਲਾਡਲੇ ਨੂੰ ਜੀਵਨ ਦੀਆਂ ਸਭ ਖੁਸ਼ੀਆਂ ਦਿੰਦੇ। ਕਦੇ ਆਪਣੇ ਮਾਪਿਆਂ ਦੀ ਇਸ ਕੁਰਬਾਨੀ ਨੂੰ ਖੁਦ ਸੰਗ ਸਾਂਝੀ ਕਰਨਾ, ਤੁਹਾਡੇ ਮਨਾਂ ਵਿਚ ਮਾਪਿਆਂ ਪ੍ਰਤੀ ਵੱਧ ਰਹੀ ਕੁਸੈਲ, ਕੁੜੱਤਣ ਜਾਂ ਅਕ੍ਰਿਤਘਣਤਾ ਸਦਾ ਲਈ ਕਫੂਰ ਹੋ ਜਾਵੇਗੀ। ਤੁਸੀਂ ਉਨ੍ਹਾਂ ਲਈ ਪਿਆਰ-ਮੇਘਲਾ ਬਣ ਕੇ, ਉਨ੍ਹਾਂ ਦੇ ਬੁਢਾਪੇ ਦੇ ਖੁਸ਼ਕ ਸਫਰ ਨੂੰ ਸਹਿਜ ਅਤੇ ਸੁਖਾਲਾ ਬਣਾਉਣ ਵਿਚ ਮਾਣ ਮਹਿਸੂਸ ਕਰੋਗੇ।
ਪੇਟ ਦੀ ਅੱਗ ਬੁਝਾਉਣ ਲਈ ਜਦ ਕਿਸੇ ਬੱਚੇ ਨੂੰ ਗੰਦਗੀ ਦਾ ਢੇਰ ਫਰੋਲਣਾ ਪਵੇ, ਕਿਸੇ ਦੀਆਂ ਝਿੜਕਾਂ ਵਿਚੋਂ ਟੁੱਕ ਦੀ ਆਸ ਵੰਨੀਂ ਝਾਕਣਾ ਪਵੇ, ਰੂੜੀ ਤੋਂ ਕੂੜਾ-ਕਬਾੜ ਫਰੋਲਣਾ ਪਵੇ ਅਤੇ ਜੂਠ ਵਿਚੋਂ ਰੋਟੀ ਦੇ ਟੁਕੜੇ ਤਲਾਸ਼ਣੇ ਪੈਣ ਤਾਂ ਬਹੁਤ ਕੁਝ ਅੰਦਰੋਂ ਤਿੜਕ ਜਾਂਦਾ ਏ। ਭਾਵੇਂ ਬਾਹਰੋਂ ਸਾਬਤ ਦਿਖਾਈ ਦੇਣ ਦਾ ਭਰਮ ਪਾਲਦੇ ਰਹਿਣ। ਅਜਿਹੇ ਲੋਕ ਸਾਰੀ ਉਮਰ ਹੀਣ-ਭਾਵਨਾ ਦਾ ਸ਼ਿਕਾਰ ਹੋ, ਜ਼ਿੰਦਗੀ ਦਾ ਬੋਝ ਢੋਣ ਜੋਗੇ ਰਹਿ ਜਾਂਦੇ।
ਭੁੱਖੇ ਪਰ ਮਿਹਨਤਕਸ਼ ਪੇਟ ਦੀ ਅੱਗ ਜਦ ਬੇਕਾਬੂ ਹੋ ਜਾਵੇ ਤਾਂ ਉਹ ਮਹਿਲੀਂ-ਦੁਨੀਆਂ ਨੂੰ ਹੀ ਸਭ ਤੋਂ ਪਹਿਲਾਂ ਭਸਮ ਕਰਦੀ। ਫਿਰ ਆਪਣੀ ਜ਼ਿੰਦਗੀ ਦਾ ਮਰਸੀਆ ਪੜ੍ਹਨ ਲਈ ਮਜਬੂਰ ਹੁੰਦੀ। ਸੰਸਾਰ ਵਿਚ ਜ਼ਿਆਦਾਤਰ ਸੰਘਰਸ਼ ਪੇਟ ਦੀ ਅੱਗ ਬੁਝਾਉਣ ਤੋਂ ਸ਼ੁਰੂ ਹੁੰਦੇ, ਰਾਜ ਪ੍ਰਬੰਧ ਪਲਟਦੇ, ਮੌਜੂਦਾ ਸਿਸਟਮ ਤਹਿਸ-ਨਹਿਸ ਕਰਕੇ, ਨਵਾਂ ਸਿਰਜਦੇ।
ਪੇਟ ਦੀ ਭੁੱਖ ਜਦ ਜਿਸਮ ਦੀ ਨਿਲਾਮੀ ਦੀ ਮਜਬੂਰੀ ਹੋਵੇ, ਚੌਰਾਹੇ ਵਿਚ ਵਿੱਕ ਰਹੀ ਪੱਤ ਦਾ ਨਾਮਕਰਨ ਹੋਵੇ ਜਾਂ ਪਿੰਡੇ ‘ਤੇ ਲਮਕਦੀਆਂ ਲੀਰਾਂ ਵਿਚੋਂ ਝਾਕਣ ਲੱਗ ਪਵੇ ਤਾਂ ਮਨੁੱਖਤਾ ਸ਼ਰਮਸਾਰ ਹੋ ਜਾਂਦੀ। ਪਰ ਹਨੇਰ ਸਾਈਂ ਦਾ ਕਿ ਅਜੋਕੇ ਮਨੁੱਖ ਨੇ ਦੇਖ ਕੇ ਅਣਡਿੱਠ ਕਰਨਾ ਸਿੱਖ ਲਿਆ ਏ।
ਪਾਪੀ ਪੇਟ ਜਦ ਅਸੀਮਤ ਭੁੱਖ ਦੀ ਪੂਰਤੀ ਲਈ ਪਸ਼ੂਆਂ ਦਾ ਚਾਰਾ, ਹਵਾਈ ਜਹਾਜ, ਤੋਪਾਂ, ਰੇਤਾ, ਬਜਰੀ, ਕਫਨ ਤੱਕ ਖਾਣ ਦੇ ਰਾਹ ਤੁਰ ਪਵੇ ਤਾਂ ਇਸ ਨੂੰ ਭੋਖੜਾ ਹੀ ਕਿਹਾ ਜਾ ਸਕਦਾ। ਭੋਖੜੇ ਦਾ ਕੋਈ ਇਲਾਜ ਨਹੀਂ। ਇਹ ਮਨੁੱਖ ਨੂੰ ਖਾ ਕੇ ਵੀ ਸਬਰ ਨਹੀਂ ਕਰਦਾ।
ਜਦ ਕੋਈ ਸ਼ਖਸ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਦੂਸਰਿਆਂ ਦੇ ਪੇਟ ਕੱਟਣ, ਬਿਗਾਨੇ ਹੱਕਾਂ ‘ਤੇ ਡਾਕਾ ਮਾਰਨ ਜਾਂ ਲੁੱਟਾਂ-ਖੋਹਾਂ ਦੇ ਰਾਹ ਤੁਰ ਪਵੇ ਤਾਂ ਲਿਤਾੜੇ ਤੇ ਲੁੱਟੇ ਜਾ ਰਹਿਆਂ ਲਈ ਸਵੈ-ਰੱਖਿਆ ਵਾਸਤੇ ਹਥਿਆਰ ਉਠਾਉਣ ਤੋਂ ਸਿਵਾ ਕੋਈ ਚਾਰਾ ਨਹੀਂ ਰਹਿੰਦਾ। ਗੁਰੂ ਗੋਬਿੰਦ ਸਿੰਘ ਜੀ ਵੀ ਫੁਰਮਾਉਂਦੇ ਨੇ, “ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।”
ਪੇਟ ਦੀ ਭੁੱਖ ਹੀ ਹੁੰਦੀ ਜੋ ਪਰਦੇਸੀ ਹੋਣ ਲਈ ਮਜਬੂਰ ਕਰਦੀ। ਕਦੇ ਸਮੁੰਦਰੀ ਕਿਸ਼ਤੀ ‘ਚ ਮੌਤ ਦਾ ਪੈਗਾਮ, ਕਿਸੇ ਬਾਰਡਰ ‘ਤੇ ਗੋਲੀ ਦਾ ਸ਼ਿਕਾਰ, ਕਿਸੇ ਸੁੰਨਸਾਨ ਸੰਘਣੇ ਜੰਗਲ ‘ਚ ਜੀਵਾਂ ਦਾ ਆਹਾਰ ਅਤੇ ਕਦੇ ਚੋਰ-ਉਚੱਕਿਆਂ ਦੀ ਲੁੱਟਮਾਰ ਬਣ ਕੇ ਆਪਣੀ ਜ਼ਿੰਦਗੀ ਦਾ ਸਿਵਾ ਸੇਕਦੀ। ਇਹ ਭੁੱਖ ਜੇ ਆਪਣੀ ਮਿੱਟੀ ਅਤੇ ਦੇਸ਼ ਪੂਰੀ ਕਰਨ ਦੇ ਸਮਰੱਥ ਹੋਣ ਤਾਂ ਕੌਣ ਆਪਣੇ ਸਿਰ ‘ਤੇ ਕਫਨ ਬੰਨ ਘਰ ਨੂੰ ਅਲਵਿਦਾ ਕਹੇ ਜੋ ਕਈ ਵਾਰ ਸਦੀਵੀ ਅਲਵਿਦਾ ਹੀ ਹੁੰਦੀ। ਪੇਟ ਦੀ ਭੁੱਖ ਦਾ ਸਤਾਇਆ ਪਰਦੇਸੀ, ਮਾਂ ਦੀਆਂ ਪੱਕੀਆਂ ਰੋਟੀਆਂ ਲਈ ਤਰਸਦਾ, ਬਹੀਆਂ ਰੋਟੀਆਂ ‘ਤੇ ਗੁਜਾਰਾ ਕਰਦਾ, ਸੁੱਤ ਉਨੀਂਦਰੇ ‘ਚ ਪਿੰਡ ਦੀ ਸੁਪਨਈ ਉਡਾਣ ਭਰਦਾ। ਪਰ ਸੁਪਨਾ ਟੁੱਟਣ ‘ਤੇ, ਨਿੱਕੇ ਜਿਹੇ ਕਮਰੇ ‘ਚ ਕੈਦੀ ਦੀ ਜੂਨ ਭੋਗਦਾ, ਹਟਕੋਰਿਆਂ ਤੇ ਹੰਝੂਆਂ ਨਾਲ ਖੁਦ ਨੂੰ ਵਰਚਾਉਣ ਜੋਗਾ ਰਹਿ ਜਾਂਦਾ।
ਅਜੋਕੇ ਮਨੁੱਖ ਦੀ ਕੇਹੀ ਵਿਡੰਬਨਾ ਹੈ ਕਿ ਉਹ ਸਿਰਫ ਖਾਣ ਤੇ ਪੇਟ ਵਧਾਉਣ ਜੋਗਾ ਰਹਿ ਗਿਆ ਹੈ। ਮਨੁੱਖੀ ਕਦਰਾਂ-ਕੀਮਤਾਂ ਤੋਂ ਵਿਹੂਣੀ ਅਜਿਹੀ ਜੀਵਨ-ਜੁਗਤ ‘ਤੇ ਲਾਹਨਤ ਪਾਉਂਦਿਆਂ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਨੇ, “ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥”
ਪੇਟ ਤਾਂ ਪਸ਼ੂ ਵੀ ਭਰਦੇ ਨੇ ਪਰ ਉਨ੍ਹਾਂ ‘ਚ ਸਬਰ ਹੁੰਦਾ। ਪਰ ਬੇਸਬਰੇ ਮਨੁੱਖ ਤੋਂ ਅਜਿਹੀ ਤਵੱਕੋ ਕਰਨੀ ਅਰਥਹੀਣ। ਪਸ਼ੂ-ਬਿਰਤੀ ਵਾਲਾ ਜੀਵਨ ਬਤੀਤ ਕਰਨ ਵਾਲਿਆਂ ਬਾਰੇ ਭਗਤ ਕਬੀਰ ਜੀ ਕਹਿੰਦੇ ਨੇ, “ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ॥”
ਜਦ ਕੋਈ ਆਪਣੇ ਪੇਟ ਖਾਤਰ ਬਿਗਾਨੇ ਘਰਾਂ ਦੇ ਜਿੰਦਰੇ ਭੰਨਦਾ, ਲੁੱਟ-ਖੋਹ ਕਰਦਾ ਅਤੇ ਬਿਗਾਨੇ ਹੱਕਾਂ ‘ਤੇ ਡਾਕੇ ਮਾਰਦਾ, ਕਈ ਪੁਸ਼ਤਾਂ ਲਈ ਧਨ ਦੇ ਅੰਬਾਰ ਲਗਾਉਂਦਾ ਤਾਂ ਅਜਿਹੇ ਅਮਾਨਵੀ ਵਰਤਾਰੇ ‘ਤੇ ਭਗਤ ਪਰਮਾਨੰਦ ਜੀ ਕੂਕਦੇ, “ਬਾਟ ਪਾਰਿ ਘਰੂ ਮੂਸਿ ਬਿਰਾਨੇ ਪੇਟੁ ਭਰੈ ਅਪ੍ਰਾਧੀ।”
ਭੁੱਖੇ ਪੇਟ ਲਈ ਮੰਦਿਰ, ਮਸੀਤ ਜਾਂ ਗੁਰਦੁਆਰੇ ਦੇ ਕੋਈ ਅਰਥ ਨਹੀਂ। ਉਸ ਲਈ ਉਹ ਸਥਾਨ ਹੀ ਸਭ ਤੋਂ ਉਤਮ ਏ ਜਿਥੇ ਪੇਟ ਭਰ ਕੇ ਖਾਣਾ ਮਿਲੇ। ਉਸ ਲਈ ਕਿਰਤ ਅਕੀਦਤ ਅਤੇ ਸੁੱਚੀਆਂ ਕਦਰਾਂ-ਕੀਮਤਾਂ ਨੂੰ ਸਜਦਾ। ਗੁਰਬਾਣੀ ਦੇ ਕਥਨ Ḕਭੁੱਖੇ ਮੁਲਾਂ ਘਰੇ ਮਸੀਤਿḔ ਦਾ ਬਹੁ-ਅਰਥੀ ਸੰਦੇਸ਼ ਜੇਕਰ ਮਨੁੱਖੀ-ਮਨ ਦੀ ਦਸਤਕ ਬਣ ਜਾਵੇ ਤਾਂ ਧਰਮ ਤੇ ਕਿਰਤ ਦੇ ਅਰਥ ਹੀ ਬਦਲ ਜਾਂਦੇ।
ਕੁਝ ਲੋਕ ਜਿਉਣ ਲਈ ਪੇਟ ਪੂਜਾ ਕਰਦੇ ਪਰ ਜ਼ਿਆਦਾਤਰ ਲੋਕ ਪੇਟ-ਪੂਰਤੀ ਲਈ ਹੀ ਜਿਉਂਦੇ। ਯਾਦ ਰਹੇ, ਭੁੱਖ ‘ਤੇ ਮਨੁੱਖੀ ਕੰਟਰੋਲ ਸੰਭਵ। ਤੁਸੀਂ ਚਾਹੋ ਜਿੰਨੀ ਮਰਜੀ ਭੁੱਖ ਵਧਾਓ ਜਾਂ ਘਟਾਓ। ਜੋਗੀ ਜਾਂ ਸਤੀ ਲੋਕ ਬਹੁਤ ਘੱਟ ਖਾ ਕੇ ਵੀ ਜਿਉਂਦੇ ਰਹਿੰਦੇ, ਜਦ ਕਿ ਖਾਣ ਲਈ ਹੀ ਖਾਣ ਵਾਲੇ ਲੋਕ ਜਲਦੀ ਹੀ ਆਪਣਾ ਭਾਰ ਢੋਣ ਤੋਂ ਵੀ ਅਸਮਰਥ ਹੋ ਜਾਂਦੇ।
ਬੇਢਬੇ ਲੋਕਾਂ ਦਾ ਪੇਟ ਸਿਉਂ ਕੇ ਮੋਟਾਪੇ ਤੋਂ ਛੁਟਕਾਰਾ ਦਿਵਾਉਣ ਵਾਲੇ ਡਾਕਟਰਾਂ ਦੀ ਅੱਜ ਕੱਲ ਚਾਂਦੀ ਏ। ਭੇਡ-ਚਾਲ ਬਣਿਆ ਮਨੁੱਖ ਆਪਣੀ ਜੀਵਨ-ਸ਼ੈਲੀ ਬਦਲਣ ਲਈ ਤਿਆਰ ਨਹੀਂ ਪਰ ਬਿਨਾ ਕਿਸੇ ਕਸਰਤ ਜਾਂ ਸਰੀਰਕ ਹਿਲਜੁਲ ਤੋਂ ਭਾਰ ਘਟਾਉਣ ਲਈ ਹੱਦੋਂ ਵੱਧ ਕਾਹਲਾ। ਪਹਿਲਾਂ ਸਿਹਤ ਦੀ ਕੀਮਤ ਤੇ ਧਨ ਕਮਾਇਆ ਅਤੇ ਫਿਰ ਵਿਗੜੀ ਸਿਹਤ ਦੀ ਤੰਦਰੁਸਤੀ ਲਈ ਧਨ ਲੁਟਾਇਆ। ਜਰਾ ਦੱਸਣਾ ਐ ਮਨੁੱਖ! ਤੂੰ ਕੀ ਖੱਟਿਆ ਅਤੇ ਕੀ ਗਵਾਇਆ?
ਪੇਟ ਦਾ ਪੀਹੜਾ ਨੀਵਾਂ ਰੱਖੋ। ਇਸ ਦੀ ਬਰੂਹੀਂ ਕੁੰਡਾ ਰੱਖੋ। ਇਸ ਦੀ ਨਬਜ਼ ਪਛਾਣੋ ਤਾਂ ਤੁਹਾਡਾ ਵਿਹੜਾ ਰੰਗੀਂ ਵਸੇਗਾ। ਬੇਤਾਲਾ ਪੇਟ ਜਲਦੀ ‘ਚ ਹੋਵੇ ਤਾਂ ਆਪਣੇ ਹੱਥੀਂ ਖੁਦ ਨੂੰ ਕੋਹਵੇ।
ਪੇਟ, ਸਰੀਰ ਦਾ ਅੰਨ ਭੰਡਾਰ, ਹਰ ਅੰਗ ਲਈ ਖੁੱਲਾ ਦੁਆਰ। ਹਰ ਤਲੀ ‘ਤੇ ਚੋਗ ਧਰੇਂਦਾ, ਹਰ ਜੇਬਾ ‘ਤੇ ਬੋਲ ਟਕੇਂਦਾ। ਪੇਟ ਜੇ ਰਿਸ਼ੀ ਬਣ ਜਾਵੇ, ਆਪਣੇ ਆਪ ‘ਤੇ ਕਾਬੂ ਪਾਵੇ ਤਾਂ ਮਨੁੱਖ ਦੀ ਸੂਰਤ-ਸੀਰਤ ਲਿਸ਼ਕਾਵੇ ਤੇ ਹਰ ਪਲ ਜਿਉਣ-ਜੋਗਾ ਕਰ ਜਾਵੇ। ਪੇਟ ਦੀ ਪਾਹੁਲ ਨੂੰ ਪਹਿਲ ਬਣਾਓ ਅਤੇ ਮਨ-ਵਿਹੜੇ ਜੋਤ ਜਗਾਓ ਤੇ ਮਨ-ਬਰੂਹੀਂ ਚਾਨਣ ਛਿੜਕਾਓ।
ਪੇਟ ਜਦ ਕਿਰਤ-ਕਮਾਈ ਦਾ ਰਾਹ ਅਪਨਾਵੇ ਤਾਂ ਕੁਦਰਤ ਬਲਿਹਾਰੇ ਜਾਂਦੀ। ਪਰ ਜਦ ਕੋਈ ਪੇਟ ਕੁਕਰਮਾਂ ‘ਚ ਡੁੱਬਿਆ ਵਧਣ ਲੱਗੇ ਤਾਂ ਮਾਨਵਤਾ ਸ਼ਰਮਸ਼ਾਰ ਹੋ ਕੇ ਖੁਦ ‘ਤੇ ਰੋਣ ਜੋਗੀ ਰਹਿ ਜਾਂਦੀ।
ਵਧਿਆ ਪੇਟ ਉਮਰ ਘਟਾਉਂਦਾ, ਲਾਇਲਾਜ ਬਿਮਾਰੀਆਂ ਦਾ ਨਿਉਂਦਾ ਝੋਲੀ ‘ਚ ਪਾਉਂਦਾ, ਦਵਾਈਆਂ ਦੀ ਲੱਪ ਉਠਦੇ ਸਾਰ ਤਲੀ ‘ਤੇ ਟਿਕਾਉਂਦਾ, ਸਾਹਾਂ ਨੂੰ ਧੌਂਕਣੀ ਬਣਾਉਂਦਾ, ਟੁੱਟਦੇ ਸਾਹਾਂ ਵਰਗੀ ਜ਼ਿੰਦਗੀ ਨਾਲ ਸਾਹ-ਬੇਚਾਰਗੀ ਬਣ, ਖੁਦ ਦਾ ਸਿਵਾ ਜਲਾਉਂਦਾ।
ਕਈ ਵਾਰ ਪੇਟ ਵਿਚ ਪਲ ਰਿਹਾ ਬੱਚਾ ਸਮਾਜ ਦੀਆਂ ਨਜ਼ਰਾਂ ਵਿਚ ਪਾਪ। ਪਰ ਉਸ ਬੱਚੇ ਨੂੰ ਮਾਂ ਦੀਆਂ ਨਜ਼ਰਾਂ ਤੇ ਸੋਚ ਨਾਲ ਨਿਹਾਰੋ, ਤੁਹਾਨੂੰ ਮਾਂ ਤੇ ਮਮਤਾ ਦੇ ਅਰਥਾਂ ਅਤੇ ਇਨ੍ਹਾਂ ਵਿਚਲੀ ਸੰਜ਼ੀਦਗੀ ਤੇ ਸਚਿਆਈ ਦਾ ਜਰੂਰ ਪਤਾ ਲੱਗ ਜਾਵੇਗਾ।
ਪੇਟ ਪਾਪੀ ਨਹੀਂ, ਪਾਕ ਏ। ਗਲੀਜ਼ਤ ਨਹੀਂ, ਲਜ਼ਤ ਏ। ਅਧਰਮ ਨਹੀਂ, ਧਾਰਮਿਕਤਾ ਨਾਲ ਲਬਰੇਜ਼ ਏ। ਗੈਰ ਨਹੀਂ, ਆਪਣੇਪਣ ਦਾ ਨਾਮਕਰਨ। ਵਧਾਉਣ ਲਈ ਨਹੀਂ, ਸਗੋਂ ਚੁਸਤੀ-ਫੁਰਤੀ ਲਈ ਹੁੰਦਾ।
ਪੇਟ-ਤੰਦੂਰ ਲਈ ਜਦ ਮਿਹਨਤ-ਮੁਸੱæਕਤ ਦਾ ਬਾਲਣ, ਅੱਗ ਬਣਨ ਤੋਂ ਆਕੀ ਹੋ ਜਾਵੇ ਤਾਂ ਮਨੁੱਖ ਰੋਟੀ ਸੇਕਣ ਲਈ ਸਾਹਾਂ ਵਿਚ ਸੰਵੇਦਨਾ ਤੇ ਬਾਹਾਂ ‘ਚ ਬੰਧਨ ਤੋੜਨ ਦਾ ਬਲ ਪੈਦਾ ਕਰੇ ਜਿਸ ਨਾਲ ਜੀਵਨ-ਬਰੂਹਾਂ ‘ਤੇ ਸ਼ਗਨਾਂ ਦਾ ਪਾਣੀ ਡੋਲਿਆ ਜਾ ਸਕੇ।
ਪੇਟ ਪਰਨੇ ਨਤਮਸਤਕ ਹੋਣ ਵਾਲੇ ਜਦ ਕਿਸੇ ਮਾਸੂਮ ਦੇ ਪੇਟ ਦੀਆਂ ਬੋਟੀਆਂ ਨੋਚਦੇ ਨੇ, ਕਿਸੇ ਅੱਧਖਿੜੀ ਕਲੀ ਨੂੰ ਧਰਮ ਦੀ ਆੜ ਵਿਚ ਮਧੋਲਦੇ ਜਾਂ ਕੁਕਰਮ ਦੇਖਦੇ ਸੁਜਾਖਿਆਂ ਨੂੰ ਜੋਤਹੀਣ ਕਰਦੇ ਨੇ ਤਾਂ ਪਖੰਡ ਤੇ ਪਾਪ ਦਾ ਘੜਾ ਭਰ ਕੇ ਉਛਲਦਾ ਏ ਜਿਸ ਵਿਚ ਡੁੱਬ ਕੇ ਮਰ ਜਾਂਦਾ ਏ ਪਖੰਡੀ।
ਪੇਟ ਪ੍ਰਾਹੁਣਾ, ਭੁੱਖਣ-ਭਾਣਾ। ਇਸ ਨੂੰ ਕਦੇ ਨਾ ਪੂਰਾ ਰਜਾਣਾ। ਕੁਝ ਕੁ ਭੁੱਖਾ ਰਹਿ ਕੇ ਖਾਣਾ। ਤੁਹਾਡੇ ਜੀਵਨ-ਬਨੇਰੇ ਬਣੇਗਾ ਚਾਨਣ-ਟਿਕਾਣਾ। ਇਸ ‘ਚੋਂ ਖੁਦ ਤੇ ਖੁਦੀ ਨੂੰ ਉਪਜਾਓ ਅਤੇ ਸੱਚੀ ਸੋਚ ਦਾ ਜਾਗ ਘਰ ਦੀ ਚਾਰ-ਦੀਵਾਰੀ ਦੇ ਨਾਮ ਲਾਓ।
ਪੇਟ-ਪਾਕੀਜ਼ਗੀ ਲਈ ਕਿਰਤ-ਸਾਧਨਾ ਅਪਨਾਓ। ਬੇਲੋੜੀਆਂ ਖਾਹਸ਼ਾਂ ਤੇ ਚਾਹਤਾਂ ਨੂੰ ਲਗਾਮ ਲਗਾਓ। ਪੇਟ ਨੂੰ ਅਰਾਮ ਦਿਓ ਅਤੇ ਆਪ ਵੀ ਅਰਾਮ ਦੀ ਜੂਹੇ ਜਾਓ। ਪੇਟ ਨੂੰ ਪਾਪ-ਨਗਰੀ ਨਾ ਬਣਾਓ ਸਗੋਂ ਇਸ ਦੀ ਫਿਜ਼ਾ ਵਿਚ ਸੁੱਚਮ, ਸਾਦਗੀ ਤੇ ਸਹਿਜ ਦਾ ਸੰਤੁਲਨ ਬਣਾਓ। ਸਹਿਜ ‘ਚ ਸਾਦਾ ਖਾਣਾ ਖਾਣ ਵਾਲੇ ਅਤੇ ਸਕੂਨ ਭਰੀ ਜ਼ਿੰਦਗੀ ਅਪਨਾਉਣ ਵਾਲੇ ਹੀ ਜੀਵਨ-ਮਾਰਗ ਦੇ ਸੱਚੇ ਪਾਂਧੀ।
ਕਦੇ ਅਜਿਹਾ ਪਾਂਧੀ ਬਣਨ ਦਾ ਵਿਚਾਰ ਮਨ ਵਿਚ ਆਇਆ ਏ? ਜਰੂਰ ਦੱਸਣਾ!
ਆਮੀਨ।