ਅੱਜ ਪੰਜਾਬ ਕੀ ਦਾ ਕੀ ਬਣ ਗਿਆ ਹੈ। ਜਿਹੜਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ‘ਤੇ ਸੀ, ਅੱਜ ਉਥੇ ਸਿੱਖੀ ਕੁਝ ਦਾ ਕੁਝ ਹੋਰ ਹੋ ਗਈ ਹੈ। ਗੁਰੂ ਸਾਹਿਬਾਨ ਨੇ ਜਾਤ-ਪਾਤ ਦਾ ਕੋਹੜ ਕੱਢ ਕੇ ਸਾਦਾ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੱਤਾ ਸੀ ਪਰ ਅੱਜ ਵੱਖ ਵੱਖ ਜਾਤਾਂ ਦੇ ਆਪੋ ਆਪਣੇ ਗੁਰਦੁਆਰੇ ਬਣੇ ਹੋਏ ਹਨ, ਵਿਖਾਵੇ ਨੇ ਅਜਿਹਾ ਜਾਦੂ ਚਲਾਇਆ ਹੈ ਕਿ ਲੋਕ ਇਕ ਦੇ ਉਤੋਂ ਦੀ ਇਕ ਹੋ ਕੇ ਆਪਣੇ ਘਰ ਉਜਾੜਨ ‘ਤੇ ਲੱਗੇ ਹੋਏ ਹਨ। ਨਸ਼ਿਆਂ ਨੇ ਪਤਾ ਨਹੀਂ ਕਿੰਨੇ ਘਰ ਪੁੱਟ ਦਿੱਤੇ ਹਨ। ਪੰਜਾਬ ਦੇ ਮੁੰਡੇ ਹੱਥੀਂ ਕੰਮ ਕਰਨ ਦੀ ਥਾਂ ਪਾਸਪੋਰਟ ਚੁੱਕੀ ਹਰ ਖਤਰਾ ਮੁੱਲ ਲੈ ਕੇ ਵਿਦੇਸ਼ਾਂ ਦੇ ਸੁਪਨੇ ਲੈ ਰਹੇ ਹਨ।
ਜਿਹੜੀ ਗਾਇਕੀ ਕਦੀ ਮਨ ਦੀ ਤ੍ਰੇਹ ਲਾਹੁੰਦੀ ਸੀ, ਅੱਜ ਗੰਦ-ਮੰਦ ਵਿਚ ਘੁਲੀ ਹੋਈ ਹੈ। ਪੰਜਾਬ ਦੇ ਇਸੇ ਨਕਸ਼ੇ ਨੂੰ ਲੇਖਕ ਚਰਨਜੀਤ ਸਿੰਘ ਸਾਹੀ ਨੇ ਆਪਣੀ ਇਸ ਲਿਖਤ ਵਿਚ ਚਿਤਰਿਆ ਹੈ। -ਸੰਪਾਦਕ
ਚਰਨਜੀਤ ਸਿੰਘ ਸਾਹੀ
ਫੋਨ: 317-430-6545
“ਇਕ ਤਾਂ ਹਾਅ ਫੌਜੀ ਨੇ ਸਾਰਾ ਪਿੰਡ ਨਾਸਤਿਕ ਬਣਾ ਦੇਣਾ। ਕਹਿੰਦਾ, ਮਰਗ ਦੇ ਭੋਗਾਂ ‘ਤੇ ਖਰਚੇ, ਵਿਆਹਾਂ ‘ਤੇ ਖਰਚੇ, ਧਰਮ ਸਥਾਨਾਂ ਨੂੰ ਦਾਨ-ਸਭ ਫਜ਼ੂਲ ਨੇ! ਭਾਈਆਂ-ਪੰਡਿਤਾਂ ਨੂੰ ਦਕਸ਼ਣਾ ਕਾਹਦੀ? ਵੱਡਾ ਸੁਧਾਰਕ!” ਪਿੰਡ ਦੇ ਗੁਰਦੁਆਰੇ ਦਾ ਭਾਈ ਜੀ ਪਿੰਡ ਦੇ ਸਰਪੰਚ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ।
“ਆਹ ਨਾਸਤਿਕ ਕੀ ਹੁੰਦਾ ਭਾਈ ਜੀ?”
“ਸਰਪੰਚ ਸਾਹਿਬ! ਜਿਹੜਾ ਰੱਬ ਨੂੰ ਨਾ ਮੰਨੇ।”
“ਮੈਂ ਸੋਚਾਂ ਕਿਸੇ ਫੌਜੀ ਅਫਸਰ ਨੂੰ ਕਹਿੰਦੇ ਆææææਚਲੋ ਨਵਾਂ-ਨਵਾਂ ਫੌਜ ‘ਚੋਂ ਆਇਆ, ਲਾਹ ਲੈਣ ਦਿਓ ਚਾਅ ਸੂਬੇਦਾਰ ਸਾਹਿਬ ਨੂੰ, ਕੌਣ ਸੁਣਦਾ।”
“ਪਰ ਮੈਨੂੰ ਤਾਂ ਡਰ ਆ ਤੁਹਾਡੀ ਸਰਪੰਚੀ ‘ਚ ਵੀ ਇਹ ਅੜਿਕਾ ਡਾਹੂ! ਨਾਲੇ ਮੈਨੂੰ ਪਤਾ ਲੱਗਾ, ਕੋਈ ਅਗਾਂਹਵਧੂ ਸਭਾ ਬਣਾਈ ਆ, ਪਾੜੂ ਮੁੰਡਿਆਂ ਨਾਲ। ਕਹਿੰਦੇ ਪਿੰਡ ‘ਚ ਸੁਧਾਰ ਕਰਨਾ। ਆਉਂਦੀਆਂ ਚੋਣਾਂ ‘ਚ ਪੰਚਾਇਤ ਵੀ ਬਦਲ ਦੇਣੀ, ਗਰਾਂਟਾਂ ਨ੍ਹੀਂ ਠੀਕ ਵਰਤੀਆਂ।” ਭਾਈ ਜੀ ਨੇ ਸਰਪੰਚ ਨੂੰ ਚੁਕੰਨਾ ਕੀਤਾ।
ਸੂਬੇਦਾਰ ਦਿਆਲ ਸਿੰਘ ਨੇ ਪਾਕਿਸਤਾਨ ਨਾਲ ਪੈਂਹਠ ਤੇ ਕਹੱਤਰ ਦੀਆਂ-ਦੋਵੇਂ ਜੰਗਾਂ ‘ਚ ਹਿੱਸਾ ਲਿਆ ਸੀ। ਪਿੰਡ ਵਾਲੇ ਦੱਸਦੇ ਨੇ, ਛੋਟੇ ਹੁੰਦੇ ਤੋਂ ਈ ਅੜਬ ਸੁਭਾਅ ਦਾ ਸੀ ਪਰ ਨੇਕ ਕੰਮਾਂ ਵਿਚ ਬਹੁਤ ਵੱਧ-ਚੜ੍ਹ ਕੇ ਹਿੱਸਾ ਪਾਉਂਦਾ। ਗੱਲ ਤਰਕ ਨਾਲ ਹੀ ਕਰਦਾ ਤੇ ਸੁਣਦਾ। ਇਨਸਾਨੀਅਤ ‘ਚ ਰੱਬ ਵੇਖਦਾ, ਵਿਖਾਵੇ ਦੇ ਖਿਲਾਫ ਡਟਦਾ। ਫੌਜ ‘ਚੋਂ ਪੈਨਸ਼ਨ ਆਇਆਂ ਛੇ ਕੁ ਮਹੀਨੇ ਹੋ ਗਏ ਸੀ। ਸਾਰੀ ਉਮਰ ਫੌਜ ਦੀ ਨੌਕਰੀ ਕਾਰਨ ਪਿੰਡ ‘ਚ ਰਹਿਣ ਲਈ ਸਮਾਂ ਘਟ ਹੀ ਮਿਲਿਆ ਪਰ ਪਰਿਵਾਰ ਪਿੰਡ ਹੀ ਛੱਡੀ ਰੱਖਿਆ, ਮਾਂ-ਪਿਓ ਦੀ ਸੇਵਾ ਵਿਚ। ਪਿੰਡ ਨਾਲ ਪਿਆਰ ਬਹੁਤ ਸੀ, ਦਿਲ ‘ਚ ਤਾਂਘ ਸੀ ਪਿੰਡ ਲਈ ਕੁਛ ਕਰਾਂ। ਦੁਖੀ ਸੀ ਕਿ ਪਿੰਡ ਦੇ ਮੁੰਡੇ ਨਸ਼ੇ ਕਰਨ ਲੱਗ ਗਏ; ਹੱਥੀਂ ਕੰਮ ਕਰਕੇ ਕੋਈ ਰਾਜੀ ਨਹੀਂ ਤੇ ਮਾਪਿਆਂ ਦੇ ਗਲ ਅੰਗੂਠਾ ਦੇ ਆਪਣੀਆਂ ਫਜ਼ੂਲ ਮੰਗਾਂ ਪੂਰੀਆਂ ਕਰਾਉਂਦੇ। ਪਿੰਡ ‘ਚ ਸੁਧਾਰ ਕਰਨ ਲਈ ਉਸ ਠਾਣ ਲਿਆ। ਉਸ ਨੂੰ ਪਤਾ ਸੀ, ਇਹ ਏਨਾ ਸੌਖਾ ਨਹੀਂ। ਮੁੰਡਿਆਂ ਨੂੰ ਖੇਡਾਂ ਵੱਲ ਪ੍ਰੇਰਨਾ ਸ਼ੁਰੂ ਕੀਤਾ, ਨਸ਼ਿਆਂ ਤੋਂ ਵਰਜਿਆ, ਪਿੰਡ ‘ਚੋਂ ਨਕਲੀ ਡਾਕਟਰ, ਜਿਸ ਨੂੰ ਸਰਪੰਚ ਤੇ ਨਸ਼ੱਈਆਂ ਦੀ ਸ਼ਹਿ ਸੀ, ਨੂੰ ਭਜਾਇਆ, ਜੋ ਦਵਾਈ ਘੱਟ ਤੇ ਨਸ਼ੇ ਜਿਆਦਾ ਵੇਚਦਾ ਸੀ। ਭਾਵੇਂ ਕੁਝ ਲੋਕਾਂ ਵੱਲੋਂ ਵਿਰੋਧ ਹੋਇਆ, ਉਸ ਨੂੰ ਹੌਸਲਾ ਸੀ ਕਿ ਕੁਝ ਪਰਿਵਾਰ ਤੇ ਜਵਾਨ ਮੁੰਡੇ ਉਸ ਦਾ ਹਰ ਤਰ੍ਹਾਂ ਸਾਥ ਦੇ ਰਹੇ ਸਨ।
“ਤਾਇਆ ਤੈਨੂੰ ਤਾਂ ਜਾਣੀਏਂ ਜੇ ਪਿੰਡ ਦੇ ਦੋਵੇਂ ਗੁਰਦੁਆਰੇ ਇਕ ਕਰ ਦਏਂ।” ਕੋਈ ਪੱਚੀ-ਛੱਬੀ ਸਾਲ ਦਾ ਜਵਾਨ ਸ਼ਾਮੀਂ ਪਿੰਡ ਦੇ ਲਾਲੇ ਦੀ ਹੱਟੀ ‘ਤੇ ਖੜ੍ਹੇ ਫੌਜੀ ਤੇ ਹੋਰ ਬੰਦਿਆਂ ਨੂੰ ਸੁਣਾ ਹੱਟੀ ‘ਚ ਜਾ ਵੜਿਆ।
“ਇਹ ਕਿਹੜਾ ਜਵਾਨ ਏ?” ਫੌਜੀ ਨੇ ਨਾਲ ਵਾਲਿਆਂ ਨੂੰ ਸਵਾਲ ਕੀਤਾ।
“ਇਹ ਰੁਲਦੇ ਚੌਕੀਦਾਰ ਦਾ ਮੁੰਡਾ ਭਿੰਦਰ ਸਿੰਘ, ਵਿਹੜੇ ‘ਚੋਂ ਅੰਮ੍ਰਿਤਧਾਰੀ ਆ, ਮਾਸਟਰ ਲੱਗਾ ਨਾਲ ਵਾਲੇ ਪਿੰਡ, ਸੂਬੇਦਾਰ ਸਾਹਿਬ!”
“ਅੱਛਾ!”
ਮਿੰਟਾਂ ‘ਚ ਹੱਥ ਸੌਦੇ ਵਾਲਾ ਲਿਫਾਫਾ ਲਿਆ ਤੇ ਭਿੰਦਰ ਸਿੰਘ ਫੇਰ ਸ਼ੁਰੂ ਹੋ ਗਿਆ, “ਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਜਾਤ-ਪਾਤ, ਊਚ-ਨੀਚ ਮਿਟਾਈ ਸੀ ਪਰ ਵੇਖ ਲਓ ਜੱਟਾਂ ਦਾ ਗੁਰਦੁਆਰਾ ਵੱਖਰਾ, ਫੇਰ ਬਾਲਮੀਕੀਆਂ ਦਾ ਵੱਖਰਾ ਤੇ ਹੋਰ ਤਾਂ ਹੋਰ ਰਾਮਗੜ੍ਹੀਆਂ ਦਾ ਅਲੱਗ!”
“ਓ ਜਵਾਨਾ! ਤੂੰ ਸੋਲਾਂ ਆਨੇ ਠੀਕ ਕਿਹਾ। ਇਹ ਇਕ ਦਿਨ ‘ਚ ਨਹੀਂ ਹੋਇਆ। ਗੁਰਾਂ ਨੇ ਜਾਤ-ਪਾਤ, ਊਚ-ਨੀਚ ਵਾਲੀ ਡੂੰਘੀ ਖਾਈ ਭਰੀ ਸੀ ਖਾਲਸਾ ਪੰਥ ਸਾਜ ਕੇ, ਪਰ ਛੇਤੀ ਹੀ ਪਿਛੋਂ ਪਹਿਲਾਂ ਵਾਲੇ ਚੌਧਰੀਆਂ ਨੇ ਬਾਹਮਣਵਾਦ ਲੈ ਆਂਦਾ। ਆਪਣੇ ਕਬਜ਼ੇ ਕਰਕੇ ਓਹੀ ਖਾਈ ਪਹਿਲਾਂ ਨਾਲੋਂ ਡੂੰਘੀ ਤੇ ਚੌੜੀ ਕਰ ਦਿਤੀ। ਕਾਕਾ! ਕਰਨਾ ਅਸੰਭਵ ਨਹੀਂ ਸੰਭਵ ਏ, ਪਰ ਇਸ ਵੇਲੇ ਲੋੜ ਏ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ, ਸਿਹਤ ਬਾਰੇ ਦੱਸਣ ਦੀ, ਪੜ੍ਹਨ ਵਾਲੇ ਪਾਸੇ ਲਾਉਣ ਦੀ, ਲੋਕਾਂ ਨੂੰ ਵਿਖਾਵੇ ਤੇ ਫਜ਼ੂਲ ਖਰਚੇ ਘਟਾਉਣ, ਕਰਮਕਾਂਡਾਂ ਤੇ ਅੰਧਵਿਸ਼ਵਾਸ਼ ਤੋਂ ਵਰਜਣ ਦੀ। ਆ ਜਾ! ਮੈਦਾਨ ‘ਚ ਸਾਡੇ ਨਾਲ, ਸਾਰੇ ਇਕੱਠੇ ਕਰਦੇ ਆਂ ਇਹ ਪੁੰਨ ਵਾਲਾ ਕੰਮ।”
“ਠੀਕ ਆ ਤਾਇਆ, ਮੈਂ ਤੇਰੇ ਨਾਲ ਆਂ।” ਕਹਿ ਕੇ ਭਿੰਦਰ ਚਲਾ ਗਿਆ।
“ਬਈ ਮੁੰਡੇ ਦੀ ਸੋਚ ਨਰੋਈ ਏ।” ਫੌਜੀ ਦੇ ਮੂੰਹੋਂ ਸੁਭਾਵਿਕ ਨਿਕਲ ਗਿਆ ਤੇ ਸਾਰੇ ਘਰੋ-ਘਰੀ ਚਲੇ ਗਏ। ਸੂਬੇਦਾਰ ਪਿੰਡ ਵਾਸੀਆਂ ਨੂੰ ਨਾਲ ਲੈ ਆਪਣੇ ਮਿਸ਼ਨ ਵੱਲ ਨਿਰੰਤਰ ਚਲ ਰਿਹਾ ਸੀ। ਕਈ ਵਾਰੀ ਹੁੱਭ ਕੇ ਮੁੰਡਿਆਂ ਨੂੰ ਦੱਸਦਾ, “ਸਾਡੇ ਵੇਲੇ ਪਹਿਲਾਂ ਸਕੂਲੋਂ ਪੜ੍ਹ ਕੇ ਆਉਂਦੇ, ਫੇਰ ਘਰ ਪੱਠੇ-ਦੱਥੇ ‘ਚ ਮਾਪਿਆਂ ਦਾ ਹੱਥ ਵਟਾਉਂਦੇ, ਸ਼ਾਮੀਂ ਮੁੰਡੇ ਖੇਡਣ ਲਈ ਇਕੱਠੇ ਹੁੰਦੇ ਤੇ ਕਬੱਡੀ ਖੇਡਦੇ, ਘੁਲਦੇ, ਦੌੜਾਂ ਲਾAੁਂਦੇ, ਭੱਠੀਓਂ ਦਾਣੇ ਭੁੰਨਾਉਂਦੇ; ਦਾਣੇ ਚੱਬਦੇ, ਗੰਨੇ ਚੂਪਦੇæææ।”
ਵਿਚੋਂ ਸ਼ਰਾਰਤੀ ਮੁੰਡਾ ਬੋਲ ਪਿਆ, “ਫੌਜੀ ਤਾਇਆ, ਤੁਹਾਡੇ ਵੇਲੇ ਵੀ ਅੱਜ ਵਾਂਗ ਮੁੰਡੇ-ਕੁੜੀਆਂ ਹਾਅ ਪਿਆਰæææ।”
“ਲੱਫੜਾ ਮਾਰੂੰ ਕੰਨਾਂ ‘ਤੇ, ਹੋਰ ਰਹਿ ਕੀ ਗਿਆ ਅੱਜ-ਕੱਲ!” ਤਾਇਆ ਹਿਰਖ ਗਿਆ, “ਕੁੜੀਆਂ ਕੱਤਰੀਆਂ ਘਰਾਂ ‘ਚ ਮਾਂਵਾਂ ਨਾਲ ਪੂਰਾ ਕੰਮ ਕਰਦੀਆਂ, ਪਿੰਡ ਦੀਆਂ ਕੁੜੀਆਂ ਸਾਰੇ ਪਿੰਡ ਦੀਆਂ ਧੀਆਂ-ਭੈਣਾਂ ਮੰਨੀਆਂ ਜਾਂਦੀਆਂ, ਸਾਉਣ ਦੇ ਮਹੀਨੇ ਕੁੜੀਆਂ ਤੀਆਂ ਮਨਾਉਂਦੀਆਂ। ਵਿਆਹ ਸਾਦੇ ਹੁੰਦੇ, ਅੱਜ ਵਾਲੇ ਅਡੰਬਰ ਬਿਲਕੁਲ ਨਹੀਂ। ਲੋਕ ਸਾਦੇ ਸੀ, ਥੋੜੇ ‘ਚ ਚੰਗੇ ਗੁਜ਼ਾਰੇ ਹੋ ਜਾਂਦੇ। ਬੱਚਿਆਂ ਕੋਲ ਜੰਮਦਿਆਂ ਹੀ ਅੱਜ ਵਾਂਗ ਕਈ ਕਈ ਸੂਟ ਨਹੀਂ ਸੀ, ਬੱਸ ਇਕ-ਦੋ ਨਾਲ ਗੁਜ਼ਾਰਾ ਹੋਈ ਜਾਂਦਾ, ਪਿੰਡ ਵਾਲੇ ਇਕ ਦੂਜੇ ‘ਤੇ ਨਿਰਭਰ ਕਰਦੇ ਸੀ, ਦੁੱਖ-ਸੁੱਖ ‘ਚ ਸਾਂਝਾਂ ਸਨ, ਲੋਕ ਖੁਸ਼ੀ ਮੌਕੇ ਖਾਂਦੇ-ਪੀਂਦੇ ਵੀ। ਅੱਜ ਵਾਂਗ ਨਹੀਂ ਕਿ ਆਥਣੇ ਬਿਨ ਪੀਤਿਆਂ-ਖਾਧਿਆਂ ਜਾਨ ਨਿਕਲੇ। ਪਿੰਡ ‘ਚ ਵਿਰਲਾ ਟਾਂਵਾਂ ਅਮਲੀ ਵੀ ਹੁੰਦਾ, ਅਫੀਮ ਜਾਂ ਡੋਡੇ ਛੱਕਦਾ ਜਿਸ ਦੀ ਵੱਖਰੀ ਦਿੱਖ ਹੁੰਦੀ, ਪਰ ਖੁਦਕਸ਼ੀਆਂ ਨਹੀਂ ਸੀ ਕਰਦੇ ਹੁਣ ਵਾਂਗ। ਹੁਣ ਮੁੰਡੇ ਨਸ਼ੱਈ ਬਣੇ ਗਲੀਆਂ ‘ਚ ਤੁਰੇ ਫਿਰਦੇ, ਬਾਕੀ ਟੱਬਰ ਟੀæਵੀæ ਅੱਗੇ ਜਾਂ ਆਪਣੇ ਆਪਣੇ ਫੋਨ ‘ਤੇ।”
ਫੌਜੀ ਤਾਏ ਨੂੰ ਜ਼ਿਆਦਾ ਗੁੱਸਾ ਉਦੋਂ ਆਉਂਦਾ ਜਦੋਂ ਮੁੰਡੇ ਬੋਦਿਆਂ ਨੂੰ ਚੋਪੜ ਹੱਥਾਂ ‘ਚ ਮੋਬਾਇਲ ਲਈ ਗਲੀਆਂ ‘ਚ ਵਿਹਲੇ ਹਰਲ-ਹਰਲ ਕਰਦੇ ਫਿਰਦੇ। ਉਹ ਆਮ ਹੀ ਕਹਿੰਦਾ, “ਸਾਡੇ ਵੇਲੇ ਕੋਈ ਇਕ ਅੱਧ ਮੁੰਡਾ ਪਿੰਡ ‘ਚ ਸਰਦਾਰਾਂ ਦਾ ਕਿਸੇ ਕਾਰਨ ਰੋਡਾ ਹੁੰਦਾ, ਸਾਰੇ ਉਹਦੇ ਨਾਂਓਂ ਲੈਣ ਦੀ ਬਜਾਏ ਰੋਡਾ ਕਹਿ ਕੇ ਬੁਲਾਉਂਦੇ ਜਾਂ ਉਨ੍ਹਾਂ ਦੀ ਅੱਲ ਈ ਰੋਡੇਕਿਆਂ ਦੀ ਪੈ ਜਾਂਦੀ। ਹੁਣ ਤਾਂ ਪਿੰਡ ਦੇ ਸਾਰੇ ਮੁੰਡੇ ਰੋਡੇ, ਇਕ ਅੱਧਾ ਸਰਦਾਰ, ਉਹਨੂੰ ਗਿਆਨੀ ਕਹੀ ਜਾਂਦੇ ਨੇ, ਚਿੜ੍ਹਾਉਣ ਲਈ। ਕਈ ਵਾਰੀ ਤਾਂ ਐਂ ਲੱਗਦਾ, ਆਪਣੇ ਪਿੰਡ ਨਹੀਂ, ਕਿਤੇ ਬਿਹਾਰ ਦੇ ਪਿੰਡ ਫਿਰਦੇ ਆਂ। ਰਹਿੰਦੀ-ਖੁੰਹਦੀ ਕਸਰ ਇਨ੍ਹਾਂ ਵੱਡੇ ਬਣੇ ਲੇਖਕਾਂ ਤੇ ਗਾਇਕਾਂ ਨੇ ਪੂਰੀ ਕਰ ਦਿੱਤੀ। ਇੱਕਾ-ਦੁੱਕਾ ਛੱਡ ਬਾਕੀਆਂ ਦੀ ਬੇੜੀ ਬਹਿ’ਜੇ ਜਿਨ੍ਹਾਂ ਜੱਟਾਂ ਨੂੰ ਕੀ ਦਾ ਕੀ ਬਣਾ’ਤਾ। ਸਿਰ ਦੀਆਂ ਜੂੰਡਣੀਆਂ ਪੁੱਠੀਆਂ ਸਿੱਧੀਆਂ ਮੁੰਨ ਕੁੱਕੜਾਂ ਵਾਂਗ ਕਲਗੀਆਂ ਬਣਾ, ਇਹ ਕਿਹੜੇ ਰੱਬ ਵਰਗੇ ਸਰੋਤਿਆਂ ਨੂੰ ਕੀ ਸਮਝਾਉਣਾ ਚਾਹੁੰਦੇ ਨੇ? ਕਹਿਣਗੇ, ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆਂ। ਪਹਿਲਾਂ ਸ਼ਕਲਾਂ ਤਾਂ ਬੰਦਿਆਂ ਵਾਲੀਆਂ ਬਣਾ ਲਓ! ਮੇਰਾ ਵੱਸ ਚੱਲੇ, ਇਨ੍ਹਾਂ ਸਾਰਿਆਂ ਨੂੰ ਡੂੰਘੇ ਪਾਣੀ ‘ਚ ਗੋਤੇ ਦੇਵਾਂ। ਜੱਟਾਂ ਨੂੰ ਅਸਮਾਨੇ ਚੜ੍ਹਾਈ ਬੈਠੇ ਨੇ, ਇਨ੍ਹਾਂ ਨੂੰ ਨਹੀਂ ਪਤਾ ਬਈ ਜੱਟਾਂ ਦੀ ਤਾਂ ਹਾਲਤ ਸਭ ਤੋਂ ਮਾੜੀ ਏ! ਕੋਈ ਦੇਖਿਆ ਹੋਰ ਫਾਹੇ ਲੈ ਕੇ ਮਰਦਾ, ਬਿਨਾ ਜੱਟਾਂ ਦੇ? ਸਰਕਾਰਾਂ ਨੇ ਵੀ ਤਾਂ ਜੱਟਾਂ ਦਾ ਕੁਝ ਨਹੀਂ ਸੰਵਾਰਿਆ। ਏਹਦੇ ‘ਚ ਕਿਤੇ ਨਾ ਕਿਤੇ ਆਪਣਾ ਵੀ ਕਸੂਰ ਏ, ਆਮਦਨ ਤੋਂ ਵੱਧ ਖਰਚੇ। ਦੋ-ਤਿੰਨ ਕਿਲਿਆਂ ਵਾਲੇ ਲੱਖਾਂ ਰੁਪਏ ਕਰਜ਼ੇ ਚੁਕੀਂ ਫਿਰਦੇ। ਛੋਟਾ-ਮੋਟਾ ਕੰਮ ਕਰਦਿਆਂ ਇਨ੍ਹਾਂ ਨੂੰ ਸ਼ਰਮ ਆAੁਂਦੀ ਏæææਜੱਟ ਆਲੀ ਪੂਛ ਪਿਛੇ ਲਮਕਦੀ ਇਨ੍ਹਾਂ ਦੇ। ਲਾਲੇ ਦੇ ਜਿੰਨੇ ਪੁੱਤ, ਓਨੀਆਂ ਨਵੀਆਂ ਦੁਕਾਨਾਂ ਜਾਂ ਕਾਰ ਵਿਹਾਰ। ਇਨ੍ਹਾਂ ਤੋਂ ਈ ਸਿੱਖ ਲਵੋ ਕੁਛ! ਜੱਟ ਚਿਰਾਂ ਤੋਂ ਕਰਜ਼ੇ ਲਈ ਇਨ੍ਹਾਂ ਦੀਆਂ ਲਿੱਲਕੜੀਆਂ ਕੱਢੀ ਜਾਂਦੇ, ਇਹ ਡੁੱਬੀ ਜਾਂਦੇ, ਉਹ ਦੂਣ-ਸਵਾਏ ਹੋਈ ਜਾਂਦੇ। ਹੋਰ ਤਾਂ ਹੋਰ ਅੱਜ-ਕੱਲ ਪਿੰਡਾਂ ਦੇ ਟੱਬਰ ਏਨੀ ਹਿੰਮਤ ਤੋਂ ਕੰਮ ਨਹੀਂ ਲੈਂਦੇ, ਬਈ ਖਾਣ ਲਈ ਆਪਣੀਆਂ ਮੋਟਰਾਂ ਨੇੜੇ ਜਾਂ ਆਬਾਦੀਆਂ ਵਿਚ ਸਬਜ਼ੀ ਲਾ ਲੈਣ। ਦੋ ਮੰਜੀਆਂ ਦੀ ਥਾਂ ਸਬਜ਼ੀ ਲਾਓ, ਮੁੱਕਦੀ ਨਹੀਂ ਟੱਬਰ ਤੋਂ। ਰੇੜ੍ਹੀਆਂ ਜਾਂ ਸਬਜ਼ੀਆਂ ਵਾਲੇ ਸਾਈਕਲਾਂ ਨੂੰ ਉਡੀਕੀ ਜਾਣਗੇ ਸਬਜ਼ੀ ਖਰੀਦਣ ਲਈ, ਟੀਕਿਆਂ ਵਾਲੀ ਤੇ ਸਪਰੇਅ ਵਾਲੀ। ਆਪਣੀ ਬੀਜੋ, ਤਾਜੀ ਖਾਓ। ਭਾਵੇਂ ਕੰਮ ਇਹ ਛੋਟਾ ਜਿਹਾ ਲੱਗਦਾ ਪਰ ਫਾਇਦਾ ਬਹੁਤ, ਬੱਚਤਾਂ ਤਾਂ ਇਸ ਤਰ੍ਹਾਂ ਈ ਹੋਣੀਆਂ। ਜੱਟਪੁਣਾ ਦਿਮਾਗ ‘ਚੋਂ ਕੱਢ ਮਿਹਨਤਪੁਣਾ ਪਾਉਣਾ ਪੈਣਾ।”
ਇਕ ਦਿਨ ਗਲੀ ‘ਚੋਂ ਲੰਘਦੇ ਫੌਜੀ ਨੂੰ ਨੱਬਿਆਂ ਨੂੰ ਪਹੁੰਚੀ ਮਾਈ ਨੰਦ ਕੌਰ, ਜੋ ਘਰ ਦੇ ਗੇਟ ਅੱਗੇ ਕੁਰਸੀ ਡਾਹੀ ਬੈਠੀ ਸੀ, ਕਹਿਣ ਲੱਗੀ, “ਵੇ ਪੁੱਤ ਦਿਆਲ! ਲੰਘ ਆ।” ਨੂੰਹ ਨੂੰ ਆਵਾਜ਼ ਮਾਰੀ, “ਕੁੜੇ ਲਿਆਈਂ ਕੁਰਸੀ।”
“ਬੇਬੇ ਮੱਥਾ ਟੇਕਦਾਂ। ਤਗੜੀ ਐਂ?”
“ਆਹੋ ਪੁੱਤ! ਰੱਬ ਨ੍ਹੀਂ ਬੁਲਾਂਉਦਾ ਆਪਣੇ ਕੋਲ, ਭੁੱਲ ਗਿਆ।”
“ਨਹੀਂ ਬੇਬੇ, ਤੇਰੀ ਸਾਨੂੰ ਲੋੜ ਐ ਅਜੇ।”
“ਪੁੱਤ ਮਹਾਰਾਜ ਤੇਰੀ ਉਮਰ ਲੰਮੀ ਕਰੇ, ਮੇਰਾ ਪੋਤਾ ਸਿੱਧੇ ਰਾਹ ਪਾ’ਤਾ ਤੂੰ। ਹੱਥ ਨ੍ਹੀਂ ਸੀ ਲਾAੁਂਦਾ ਕੰਮ ਨੂੰ। ਹੁਣ ਸਕੂਲ ਵੀ ਜਾਂਦਾ, ਆ ਕੇ ਡੰਗਰ ਵੀ ਸਾਂਭਦਾ ਪਿਉ ਨਾਲ। ਹੋਰ ਸੁਣ, ਕਹਿੰਦਾ, ਮੈਂ ਨ੍ਹੀਂ ਵਾਲ ਕਟਾਉਣੇ ਗਾਹਾਂ, ਮੈਂ ਪੱਗ ਬੰਨੂੰ। ਵੇ ਪੁੱਤ! ਇਹ ਤਾਂ ਬਹੁਤ ਪੁੰਨ ਵਾਲਾ ਕੰਮ ਕਰਦੈਂ ਤੂੰ।”
ਇਹ ਸੁਣ ਸੂਬੇਦਾਰ ਦੀ ਛਾਤੀ ਚੌੜੀ ਹੋ ਗਈ।
“ਲਓ ਵੀਰ ਜੀ, ਦੁੱਧ ਪੀ ਲਓ।” ਚੁੰਨੀ ਸੰਵਾਰਦੀ ਮਾਤਾ ਦੀ ਨੂੰਹ ਦੁੱਧ ਦਾ ਗਲਾਸ ਫੜ੍ਹਾ ਗਈ।
ਦੁੱਧ ਦਾ ਗਲਾਸ ਖਾਲੀ ਕਰ ਕੇ ਫੌਜੀ ਬੋਲਿਆ, “ਅੱਛਾ ਬੇਬੇ ਚੱਲਦਾਂ। ਅੱਜ ਪੰਚਾਇਤ ਦੀ ਮੀਟਿੰਗ ਏ।”
“ਪੁੱਤ! ਆ ਚੌਰੇ ਸਰਪੰਚ ਨੂੰ ਸਮਝਾਉ, ਪਿੰਡ ਦਾ ਸੰਵਾਰੇ ਕੁਝ। ਹਰਾਮ ਦੀ ਖਾ ਖਾ ਗੋਗੜ ਵਧਾਈ ਜਾਂਦਾ।”
“ਕੋਈ ਨਾ ਬੇਬੇ, ਟਾਈਮ ਨਾਲ ਸਭ ਠੀਕ ਹੋ ਜੂ।” ਆਖ ਫੌਜੀ ਉਠ ਤੁਰਿਆ।
ਪੰਚਾਇਤ ‘ਚ ਬੈਠਿਆਂ ਪਿੰਡ ਦੇ ਜਵਾਨਾਂ ਬਾਰੇ ਬਹਿਸ ਹੋ ਰਹੀ ਸੀ। ਨੰਬਰਦਾਰ ਰਤਨ ਸਿੰਘ ਦੀ ਗੱਲ ਦਾ ਜਵਾਬ ਦਿੰਦਿਆਂ ਸੂਬੇਦਾਰ ਬੋਲਿਆ, “ਮੁੰਡੇ ਤਾਂ ਡੱਕਾ ਤੋੜ ਕੇ ਰਾਜੀ ਨ੍ਹੀਂ। ਤੜਕੇ ਤਿਆਰ ਹੋ ਨਿਕਲ ਤੁਰਦੇ ਅਵਾਰਾਗਰਦੀ ਕਰਨ। ਜੇ ਕਹੋ ਕੰਮ ਕਰੋ ਕੋਈ, ਅਖੇ ਪਾਸਪੋਰਟ ਲਾਇਆ ਬਾਹਰ ਜਾਣ ਨੂੰ। ਅੱਧ-ਪਚੱਧ ਏਜੰਟਾਂ ਕੋਲੋਂ ਛਿੱਲ ਲੁਹਾ ਪੈਸੇ ਮੁੜਾਉਣ ਨੂੰ ਤੁਰੇ ਫਿਰਦੇ। ਕੁਝ ਪਰਦੇਸ ਦੇ ਰਾਹਾਂ ‘ਚ ਰੁਲਦੇ ਫਿਰਦੇ ਤੇ ਕੁਝ ਰਾਹਾਂ ‘ਚ ਮਰ ਮੁਕ ਗਏ। ਜਿਹੜੇ ਪਹੁੰਚ ਗਏ, ਉਥੇ ਜਾ ਕੇ ਦਿਨ-ਰਾਤ ਢੂਹਾ ਕੁਟਾਈ ਜਾਂਦੇ ਆ। ਫੇਰ ਬਥੇਰਾ ਬੇਬੇ-ਬਾਪੂ ਯਾਦ ਆAੁਂਦਾ। ਏਥੇ ਘਰ ਦਾ ਕੰਮ ਤੇ ਰੋਟੀ ਮਾਫਕ ਨਹੀਂ ਇਨ੍ਹਾਂ ਨੂੰ! ਕੁਝ ਸਰਕਾਰ ਜੱਟਾਂ ਤੇ ਗਰੀਬਾਂ ਨੂੰ ਕੋਝੀਆਂ ਚਾਲਾਂ ਨਾਲ ਮਾਰੀ ਜਾਂਦੀ, ਕੁਝ ਮੰਡੀਰ ਏਥੇ ਕੰਮ ਨੂੰ ਹੱਥ ਨ੍ਹੀਂ ਲਾAੁਂਦੀ। ਚਾਹੇ ਕਿਸੇ ਦੀ ਪੈਲੀ ਥੋੜੀ ਆ ਜਾਂ ਵੱਧ, ਆਹ ਭੱਈਏ ਨਾ ਹੋਣ ਤਾਂ ਡੰਗਰ ਵੀ ਭੁੱਖੇ ਮਰ ਜਾਣ। ਰੀਸ-ਬਰੀਸੇ ਕਰਜ਼ੇ ਚੁੱਕ-ਚੁੱਕ ਖੁੱਲ੍ਹੇ ਖਰਚੇ। ਮੋੜਨੇ ਕਿਥੋਂ, ਜੇ ਕੰਮ ਨ੍ਹੀਂ ਕਰਨਾ? ਫੇਰ ਆਹ ਫਾਹੇæææ।” ਉਹ ਗੱਲ ਪੂਰੀ ਕਰ ਆਪਣੇ ਕੱਪੜੇ ਝਾੜਦਾ ਉਠ ਖੜ੍ਹਾ ਹੋਇਆ।
ਕੁਝ ਪੜ੍ਹਿਆਂ-ਲਿਖਿਆਂ ਤੋਂ ਬਿਨਾ ਹੋਰ ਕੋਈ ਫੌਜੀ ਦੀ ਗੱਲ ਵੱਲ ਜਿਆਦਾ ਗੌਰ ਨਾ ਕਰਦਾ। ਇਕ ਦਿਨ ਪਿੰਡ ਮਰਗ ‘ਤੇ ਅਫਸੋਸ ਕਰਨ ਗਿਆ, “ਅਰਜਨਾ ਹੁਣ ਤੂੰ ਹੋਰ ਉਜੜਨਾ! ਸਾਲ ‘ਚ ਤੇਰੀ ਮਾਂ ਦੀ ਬਿਮਾਰੀ ਨੇ ਤੇਰਾ ਘਰ ਮਾਂਜ ਕੇ ਰੱਖ ਦਿੱਤਾ। ਤੈਨੂੰ ਬਥੇਰਾ ਕਿਹਾ ਸੀ, ਇਹਨੂੰ ਚੰਗੇ ਡਾਕਟਰ ਨੂੰ ਦਿਖਾ, ਤੂੰ ਧਾਗੇ ਤਵੀਤਾਂ ਤੇ ਵਹਿਮਾਂ ‘ਚ ਪਿਆ ‘ਸਿਆਣਿਆਂ’ ਨੂੰ ਪੈਸੇ ਪੂਜੀ ਗਿਆ, ਜਦੋਂ ਤੱਕ ਉਹ ਚਲਾਣਾ ਨ੍ਹੀਂ ਕਰ ਗਈ। ਹੁਣ ਤੇਰੇ ਰਿਸ਼ਤੇਦਾਰ ਆਪਣੀਆਂ ਪੁਗਾਉਣ ਨੂੰ ਫਿਰਦੇ ਆ, ਅਖੇ ਮਾਈ ਨੂੰ ਵੱਡੀ ਕਰਨਾ। ਜਦੋਂ ਤੈਨੂੰ ਲੋੜ ਸੀ, ਕੋਈ ਬਹੁੜਿਆ ਨਾ। ਮੈਂ ਕਹਿਨਾਂ, ਕੋਈ ਜਿਆਦਾ ਖਰਚਾ ਕਰਨ ਦੀ ਲੋੜ ਨਹੀਂ, ਜਿਥੇ ਮਰਜੀ ਸੁਆਹ ਦੀ ਢੇਰੀ, ਚਾਹੇ ਕਿਸੇ ਚਲਦੇ ਪਾਣੀ ‘ਚ ਪਾ ਦੇ, ਚਾਹੇ ਆਪਣੇ ਖੇਤਾਂ ‘ਚ ਖਲਾਰ ਦੇ। ਆਪਾਂ ਮੁੰਡਿਆਂ ਨੂੰ ਨਾਲ ਲਾ ਸਾਦਾ ਪਾਠ ਕਰਨਾ ਤੇ ਸਾਦਾ ਦਾਲ ਫੁਲਕਾ ਛਕਾ ਦੇਣਾ ਸੰਗਤ ਨੂੰ। ਆਹ ਮੰਜਾ-ਬਿਸਤਰਾ, ਭਾਂਡੇ, ਜੁੱਤੀਆਂ ਨਿੱਕ-ਸੁੱਕ ਦੇਣ ਦੀ ਲੋੜ ਨਹੀਂ, ਸਾਦਾ ਰੱਖ। ਕਿਤੇ ਨ੍ਹੀਂ ਬੇਬੇ ਬਿਸ਼ਨੀ ਸਿਵਿਆਂ ‘ਚੋਂ ਆ ਤੈਨੂੰ ਗੁੱਸੇ ਹੁੰਦੀ। ਜੀਂਦੇ ਜੀਅ ਚੱਜ ਦਾ ਮੰਜਾ-ਬਿਸਤਰਾ ਬਜ਼ੁਰਗਾਂ ਨੂੰ ਦਿੰਦੇ ਨ੍ਹੀਂ, ਸਾਰੀ ਉਮਰ ਚਾਹੇ ਨੰਗੇ ਪੈਰੀਂ ਫਿਰਨ, ਪਿਛੋਂ ਆਹ ਲੱਡੂ-ਜਲੇਬੀਆਂ ਤੇ ਹੋਰ ਖਰਚੇ ਦਾ ਢਕਵੰਜ। ਜਵਾਕ ਤੇਰੇ ਫੀਸਾਂ ਤੋਂ ਤੰਗ, ਕੁੜੀ ਤੇਰੀ ਜਵਾਨ ਵਿਆਹੁਣ ਵਾਲੀ, ਅਸੀਂ ਇਹ ਫਜ਼ੂਲ ਖਰਚੀਆਂ ਬੰਦ ਕਰਨੀਆਂ। ਆਪਣਾ ਬਚਾਅ ਤਾਂ ਈ ਹੋਣਾ, ਤੇਰੇ ਸਾਹਮਣੇ ਮੈਂ ਮੁੰਡੇ ਦਾ ਵਿਆਹ ਕੀਤਾ। ਸਬੰਧੀਆਂ ਨੂੰ ਕਹਿ’ਤਾ ਸੀ, ਬਈ ਗਿਆਰਾਂ ਬੰਦੇ ਆਵਾਂਗੇ, ਕੋਈ ਮੈਰਿਜ ਪੈਲਸ ਨਾ ਕਰਿਓ, ਘਰੇ ਸਾਦੀ ਰੋਟੀ, ਅਨੰਦ ਕਾਰਜ, ਕੋਈ ਦਾਜ ਨ੍ਹੀਂ। ਉਵੇਂ ਕੀਤਾ, ਨਾ ਆਪ ਤੰਗ ਹੋਏ ਨਾ ਸਬੰਧੀ। ਲੋਕਾਂ ਤੇ ਸ਼ਰੀਕੇ ਦੀ ਕੋਈ ਪਰਵਾਹ ਨ੍ਹੀਂ ਕਰੀਦੀ, ਆਪੀਂ ਦੋ-ਚਾਰ ਦਿਨ ਬੋਲ ਕੇ ਚੁੱਪ ਹੋ ਜਾਣਗੇ। ਇਹ ਤਾਂ ਪਹਿਲ ਕਿਸੇ ਨੂੰ ਕਰਨੀ ਪੈਂਦੀ ਆ। ਤੇਰੀ ਕੁੜੀ ਦਾ ਵਿਆਹ ਵੀ ਆਪਾਂ ਏਦਾਂ ਈ ਕਰਨਾ। ਮੈਂ ਕਰੂੰ ਮੁੰਡੇ ਵਾਲਿਆਂ ਨਾਲ ਗੱਲ, ਮੈਂ ਜਾਣਦਾਂ ਉਨ੍ਹਾਂ ਨੂੰ।” ਸੂਬੇਦਾਰ ਦਿਆਲ ਸਿੰਘ, ਅਰਜਨ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਕ ਦਿਨ ਸਵੇਰੇ ਪਿੰਡ ਦੇ ਗੁਰੂਘਰ ਤੋਂ ਭਾਈ ਜੀ ਸਪੀਕਰ ‘ਤੇ ਬੋਲ ਰਿਹਾ ਸੀ, “ਸੰਗਤੋ! ਆਪਣੇ ਪਿੰਡ ਵਾਲਿਆਂ ਚੌਂਕ ‘ਚ ਸੜਕ ‘ਤੇ ਲੰਗਰ ਲਾਉਣਾ, ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਆ, ਵੱਧ ਚੜ੍ਹ ਕੇ ਤਨ, ਮਨ ਤੇ ਧਨ ਨਾਲ ਸੇਵਾ ਕਰੋ ਜੀ।”
“ਲੈ, ਰੱਜਿਆਂ ਨੂੰ ਰਜਾਈ ਜਾਓ! ਸੜਕਾਂ ‘ਤੇ ਰੋਕ ਰੋਕ ਲੋਕਾਂ ਨੂੰ ਪ੍ਰੇਸ਼ਾਨ ਕਰੀ ਜਾਓ, ਗੁਰਾਂ ਨੇ ਤਾਂ ਭੁਖਿਆਂ ਨੂੰ ਛਕਾਇਆ ਸੀ, ਭਲੇ ਲੋਕੋ! ਲੈ ਜਾਓ ਪਕਾ ਕੇ ਕਿਸੇ ਪਿੰਗਲਵਾੜੇ ਜਾਂ ਯਤੀਮਖਾਨੇ। ਕਿਸੇ ਗਰੀਬ ਪੜ੍ਹਨ ਵਾਲੇ ਬੱਚਿਆਂ ਦੀਆਂ ਫੀਸਾਂ ਭਰ ਦਿਓ, ਸਰਦੀ ਆ ਗਈ ਏ ਕਿਸੇ ਲੋੜਵੰਦ ਨੂੰ ਗਰਮ ਕੱਪੜੇ ਪਵਾ ਦਿਓ, ਇਨ੍ਹਾਂ ਪੈਸਿਆਂ ਨਾਲ।”
“ਤੁਸੀਂ ਕਿਉਂ ਐਹੋ ਜਿਹੀਆਂ ਗੱਲਾਂ ਕਰਦੇ ਓਂ ਸਰਦਾਰ ਜੀ, ਪਹਿਲਾਂ ਹੀ ਸਾਰਾ ਪਿੰਡ ਸਾਨੂੰ ਨਾਸਤਿਕ ਕਹਿੰਦਾ।” ਸੂਬੇਦਾਰਨੀ ਨੇ ਸੂਬੇਦਾਰ ਅੱਗੇ ਹੱਥ ਬੰਨੇ।
“ਹਾਂ ਹਾਂ, ਜੇ ਮੇਰੀ ਇਸ ਸੋਚ ਨੂੰ ਪਿੰਡ ਵਾਲੇ ਨਾਸਤਿਕ ਕਹਿੰਦੇ ਨੇ ਤਾਂ ਮੈਂ ਇਕ ਵਾਰੀ ਨਹੀਂ, ਸੌ ਵਾਰ ਕਹਾਂਗਾ, ਮੈਂ ਨਾਸਤਿਕ ਹਾਂæææਮੈਂ ਨਾਸਤਿਕ ਹਾਂ।” ਸੂਬੇਦਾਰ ਗਰਜ ਉਠਿਆ।