ਪੰਜਾਬੀ ਚਿੱਤਰਕਾਰ ਨੇ ਬਣਾਇਆ ਸੰਸਾਰ ਰਿਕਾਰਡ

ਦਰਬਾਰਾ ਸਿੰਘ ਮਾਂਗਟ
ਫੋਨ: 269-267-9621
ਹਰ ਇਕ ਦਾ ਆਪੋ-ਆਪਣਾ ਸ਼ੌਕ ਹੁੰਦਾ ਹੈ ਅਤੇ ਕਈ ਵਾਰ ਇਨਸਾਨ ਦਾ ਸ਼ੌਕ ਕਿੱਤੇ ਵਿਚ ਤਬਦੀਲ ਹੋ ਜਾਂਦਾ ਹੈ। ਸਾਡੇ ਭਾਈਚਾਰੇ ਦਾ ਇਹ ਦੁਖਾਂਤ ਰਿਹਾ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਦਿਲਚਸਪੀ ਨੂੰ ਦੇਖਣ-ਘੋਖਣ ਦੀ ਬਜਾਏ, ਉਨ੍ਹਾਂ ਨੂੰ ਆਪਣੀ ਮਰਜ਼ੀ ਦੇ ਵਿਸ਼ੇ ਪੜ੍ਹਨ ਜਾਂ ਅਪਨਾਉਣ ਲਈ ਮਜਬੂਰ ਕਰਦੇ ਹਾਂ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਜੋ ਸੰਤੁਸ਼ਟੀ ਜਾਂ ਪ੍ਰਾਪਤੀ ਦਿਲਚਸਪੀ ਵਾਲੇ ਖਿੱਤੇ ਜਾਂ ਵਿਸ਼ੇ ਵਿਚ ਕੀਤੀ ਜਾ ਸਕਦੀ ਹੈ, ਉਹ ਮੱਲੋਜ਼ੋਰੀ ਰਖਵਾਏ ਗਏ ਵਿਸ਼ਿਆਂ ਵਿਚ ਨਹੀਂ ਹੋ ਸਕਦੀ।

ਚਿੱਤਰਕਲਾ ਦੀ ਗੱਲ ਚੱਲੇ ਤਾਂ ਸੋਭਾ ਸਿੰਘ ਅਤੇ ਐਮæਐਫ਼ ਹੁਸੈਨ ਦਾ ਨਾਂ ਹਰ ਇਕ ਦੀ ਜ਼ੁਬਾਨ ‘ਤੇ ਆ ਜਾਂਦਾ ਹੈ। ਅੱਜ ਅਸੀਂ ਆਰਟਿਸਟ ਗੁਰਮੇਜ ਸਿੰਘ ਦੀ ਗੱਲ ਕਰ ਰਹੇ ਹਾਂ ਜਿਸ ਨੇ ਕਲਾ ਤੇ ਕਲਚਰ ਨੂੰ ਆਪਣੇ ਕੈਰੀਅਰ ਲਈ ਤਰਜੀਹ ਦਿੱਤੀ ਅਤੇ ਹੁਣ ਸੰਸਾਰ ਦੀ ਸਭ ਤੋਂ ਵੱਡੀ ਪੇਂਟਿੰਗ ਬਣਾ ਕੇ ਗਿੰਨੀਜ਼ ਬੁੱਕ ਰਿਕਾਰਡ ਕਾਇਮ ਕੀਤਾ ਹੈ। ਇਹ ਪੇਂਟਿੰਗ 22863 ਵਰਗ ਮੀਟਰ ਵਿਚ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ‘ਸਟਾਰ ਆਫ ਦਿ ਬੈਥਲਹੈਮ’ ਨਾਂ ਦਿੱਤਾ ਗਿਆ ਹੈ। ਇਸ ਚਿੱਤਰ ਰਾਹੀਂ ਆਰਟਿਸਟ ਨੇ ਸੰਸਾਰਕ ਬਰਾਬਰੀ, ਉਮੀਦ, ਸ਼ਾਂਤੀ ਅਤੇ ਸਹਿਮਤੀ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਰਟਿਸਟ ਨੇ ਪੇਂਟਿੰਗ ਵਿਚ 100 ਊਠ ਅਤੇ 1000 ਤਾਰੇ ਪੇਸ਼ ਕਰ ਕੇ, ਚਾਰ ਮਹੀਨੇ ਵਿਚ ਤਿਆਰ ਕੀਤੀ ਹੈ। ਉਹ ਹਰ ਰੋਜ਼ ਤਿੰਨ ਤੋਂ ਅੱਠ ਘੰਟੇ ਕੰਮ ਕਰਦਾ ਰਿਹਾ। ਇਹ ਚਿੱਤਰ ਓ’ਲੀਨੀ ਪੇਂਟ ਕੰਪਨੀ ਨੇ ਸਪਾਂਸਰ ਕੀਤਾ ਅਤੇ ਇਹ ਚਾਰ ਅਗਸਤ ਨੂੰ ਮਿਸ਼ੀਗਨ ਦੇ ਕੈਲਮਜ਼ੂ ਸ਼ਹਿਰ ਵਿਚ ਖਾਸ ਪ੍ਰੋਗਰਾਮ ਰਾਹੀਂ ਪੇਸ਼ ਕੀਤੀ ਗਈ।
ਇਸ ਪ੍ਰੋਗਰਾਮ ਵਿਚ ਟੀæਵੀæ ਚੈਨਲ-3 ਵੱਲੋਂ ਟੈਲੀਕਾਸਟ ਗਿੰਨੀਜ਼ ਬੁੱਕ ਰਿਕਾਰਡ ਟੀਮ ਨੇ ਆਪਣੇ ਕੈਮਰਿਆਂ ਦੀ ਮੌਜੂਦਗੀ ਵਿਚ ਸਾਰੀਆਂ ਦਿਸ਼ਾਵਾਂ ਪੱਖੋਂ ਮਿਣਤੀ ਕੀਤੀ ਗਈ ਅਤੇ ਅਲਟਰਨੇਟਿਵ ਰਿਕਾਰਡ ਕੰਪਨੀ ਵੱਲੋਂ ਵਿਸ਼ਵ ਰਿਕਾਰਡ ਤਸਦੀਕ ਕਰ ਕੇ ਇਹ ਐਲਾਨ ਕੀਤਾ ਗਿਆ:
-Longest Painting by an Individual Artist
-Largest Easel
-Largest Cardboard Sculpture
-Longest Drawing by an Individual Artist
-Largest Oil Painting
ਜ਼ਿਕਰਯੋਗ ਹੈ ਕਿ ਇਸੇ ਆਰਟਿਸਟ ਨੇ 2014 ਵਿਚ ਦੁਨੀਆਂ ਦੀ ਸਭ ਤੋਂ ਤੇਜ ਸਪੀਡ ਪੇਂਟਿੰਗ ਤਿਆਰ ਕਰ ਕੇ ਗਿੰਨੀਜ਼ ਬੁੱਕ ਰਿਕਾਰਡ ਕਾਇਮ ਕੀਤਾ ਸੀ। ਉਹ 1059 ਮੀਟਰ ਪੇਂਟਿੰਗ 2 ਮਿੰਟਾਂ ਵਿਚ ਤਿਆਰ ਕਰ ਕੇ ਸੰਸਾਰ ਦਾ ਸਭ ਤੋਂ ਤੇਜ ਚਿੱਤਰਕਾਰ ਬਣਿਆ ਸੀ। ਇਨ੍ਹਾਂ ਪ੍ਰਾਪਤੀਆਂ ਦੇ ਸਿਲਸਿਲੇ ਵਿਚ ਆਰਟਿਸਟ ਗੁਰਮੇਜ ਸਿੰਘ ਨਾਲ ਹੋਈ ਵਿਸ਼ੇਸ਼ ਗੱਲਬਾਤ ਇਸ ਤਰ੍ਹਾਂ ਹੈ:
ਸਵਾਲ: ਆਪਣੇ ਪਿਛੋਕੜ ਅਤੇ ਵਿਦਿਆ ਬਾਰੇ ਕੁਝ ਦੱਸੋ?
ਉਤਰ: ਪੰਜਾਬ ਦੇ ਜ਼ਿਲ੍ਹਾ ਜਲੰਧਰ ਨਾਲ ਲਗਦੇ ਪਿੰਡ ਕੰਕੁਰਦ ਵਿਚ ਮੇਰਾ ਜਨਮ ਹੋਇਆ ਅਤੇ ਉਥੋਂ ਹੀ ਪ੍ਰਾਇਮਰੀ ਦੀ ਪੜ੍ਹਾਈ ਕੀਤੀ। ਬਾਅਦ ਵਿਚ ਮਾਤਾ ਪਿਤਾ ਨਾਲ ਦੁਬਈ ਚਲਾ ਗਿਆ। ਉਥੇ ਹਾਈ ਸਕੂਲ ਮੁਕੰਮਲ ਕੀਤਾ। ਅਮਰੀਕਾ ਆ ਕੇ ਮੈਂ ਬੈਚੂਲਰ ਡਿਗਰੀ ਹਾਸਲ ਕਰਨ ਪਿਛੋਂ ਸਪਰਿੰਗ ਆਰਬਰ ਯੂਨੀਵਰਸਿਟੀ ਤੋਂ ਐਮæਬੀæਏæ ਕੀਤੀ।
ਸਵਾਲ: ਚਿਤਰਕਲਾ ਵਿਚ ਰੁਚੀ ਕਦੋਂ ਅਤੇ ਕਿਵੇਂ ਸ਼ੁਰੂ ਹੋਈ?
ਉਤਰ: ਪਿੰਡ ਵਿਚ ਰਹਿਣ ਅਤੇ ਆਲਾ-ਦੁਆਲਾ ਕੁਦਰਤ ਦੇ ਰੰਗਾਂ ਨਾਲ ਭਰਪੂਰ ਹੋਣ ਕਰ ਕੇ ਇਹ ਖਿੱਚ ਦਾ ਕੇਂਦਰ ਬਣਿਆ ਰਿਹਾ। ਤੀਸਰੀ ਜਮਾਤ ਵਿਚ ਸੀ ਜਦੋਂ ਮੈਂ ਆਪਣੀ ਪਹਿਲੀ ਪੇਂਟਿੰਗ ਤਿਆਰ ਕਰ ਲਈ ਸੀ।
ਸਵਾਲ: ਆਮ ਕਿਹਾ ਜਾਂਦਾ ਹੈ ਕਿ ਹਰ ਸ਼ਖਸੀਅਤ ਦੀ ਉਸਾਰੀ ਵਿਚ ਮਾਪਿਆਂ ਅਤੇ ਅਧਿਆਪਕਾਂ ਦਾ ਖਾਸ ਯੋਗਦਾਨ ਹੁੰਦਾ ਹੈ, ਇਸ ਬਾਰੇ ਕੁਝ ਕਹਿਣਾ ਚਾਹੋਗੇ?
ਉਤਰ: ਆਮ ਤੌਰ ‘ਤੇ ਮਾਪਿਆਂ ਦੀ ਇਹ ਧਾਰਨਾ ਹੁੰਦੀ ਹੈ ਕਿ ਪੜ੍ਹ ਕੇ ਬੱਚਾ ਵਕੀਲ, ਡਾਕਟਰ ਜਾਂ ਇੰਜੀਨੀਅਰ ਬਣੇ। ਮੈਂ ਚਿਤਰਕਾਰੀ ਵਿਚ ਕਿਸੇ ਟੀਚਰ ਜਾਂ ਸਕੂਲ ਤੋਂ ਕੋਈ ਟਰੇਨਿੰਗ ਹਾਸਲ ਨਹੀਂ ਕੀਤੀ। ਇਹ ਤਾਂ ਕੁਦਰਤ ਦੀ ਦੇਣ ਹੈ ਅਤੇ ਮੇਰੀ ਕੋਸ਼ਿਸ਼ ਜੋ ਹਰ ਸਫਲਤਾ ਦੀ ਸ਼ੁਰੂਆਤ ਹੁੰਦੀ ਹੈ, ਦਾ ਹੀ ਨਤੀਜਾ ਹੈ। ਇਹ ਅਸਲ ਵਿਚ ਮੇਰਾ ਸ਼ੌਕ ਸੀ ਜੋ ਕਿੱਤੇ ਵਿਚ ਤਬਦੀਲ ਹੋ ਗਿਆ, ਉਂਜ ਆਰਟ ਨੂੰ ਮੈਂ ਕਦੀ ਵਪਾਰਕ ਪੱਖੋਂ ਨਹੀਂ ਦੇਖਿਆ। 12ਵੀਂ ਕਲਾਸ ਵਿਚ ਪੜ੍ਹਦਾ ਮੈਂ ਆਪਣੇ ਪੈਰਾਂ ‘ਤੇ ਖਲੋ ਗਿਆ ਸੀ ਅਤੇ ਫਿਰ ਮਾਤਾ-ਪਿਤਾ ਤੋਂ ਕਦੀ ਪੈਸਾ ਨਹੀਂ ਮੰਗਿਆ।
ਸਵਾਲ: ਆਰਟ ਤੋਂ ਕੀ ਸੇਧ ਮਿਲੀ?
ਉਤਰ: ਅਮਰੀਕਾ ਆ ਕੇ ਮੈਂ ਬੈਚੂਲਰ ਡਿਗਰੀ ਤੋਂ ਐਮæਬੀæਏæ ਤੱਕ ਦੀ ਤਾਲੀਮ ਹਾਸਲ ਕੀਤੀ, ਇਹ ਜਾਣਨ ਲਈ ਕਿ ਸੰਸਾਰ ਕਿਸ ਆਧਾਰ ‘ਤੇ ਚੱਲਦਾ ਹੈ, ਪਰ ਮੈਂ ਆਰਟ ਨੂੰ ਹੀ ਆਪਣਾ ਜੀਵਨ ਸਮਝਿਆ ਅਤੇ 2005 ਵਿਚ ‘ਆਰਟਿਸਟ ਸਿੰਘ ਗੈਲਰੀ’ ਨਾਂ ਰਾਜਿਸਟਰ ਕਰਵਾ ਲਿਆ। ਆਰਟ ਨੇ ਹੀ ਮੈਨੂੰ ਲੋਕਾਂ ਦੇ ਨੇੜੇ ਹੋ ਕੇ ਜਿਉਣ ਦੀ ਸੇਧ ਦਿੱਤੀ, ਇਸ ਤੋਂ ਬਗੈਰ ਮੈਨੂੰ ਮੇਰੀ ਜ਼ਿੰਦਗੀ ਇੰਜ ਲਗਦੀ ਹੈ ਜਿਵੇਂ ਚਿੱਠੀ ਬਿਨਾ ਸਿਰਨਾਵੇਂ ਤੋਂ ਹੋਵੇ। ਬਹੁਤ ਸਾਰੀਆਂ ਸਾਂਝਾਂ ਬਹੁਤ ਸਾਲਾਂ ਤੋਂ ਮੇਰੇ ਨਾਲ ਨਿਭ ਰਹੀਆਂ ਹਨ। ਸਾਂਝਾਂ ਉਹ ਨਹੀਂ ਜੋ ਪ੍ਰਾਪਤ ਹੋਈਆਂ, ਬਲਕਿ ਉਹ ਸਨ ਜੋ ਮੈਂ ਕਮਾਈਆਂ।
ਸਵਾਲ: ਜਿਹੜਾ ਰਿਕਾਰਡ ਹੁਣ ਤੁਸੀਂ ਕਾਇਮ ਕੀਤਾ ਹੈ, ਇਹ ਤੁਹਾਡਾ ਸੁਪਨਾ ਸੀ?
ਉਤਰ: ਵੈਸੇ ਤਾਂ ਮੈਂ ਪਹਿਲਾਂ ਵੀ ਕਈ ਰਿਕਾਰਡ ਬਣਾਏ ਜਿਵੇਂ ਸਿੰਗਲ ਫਾਸਟੈਸਟ ਆਰਟਿਸਟ, ਪਰ 2014 ਵਿਚ ਦੁਨੀਆਂ ਦੀ ਲੰਮੀ ਪੇਂਟਿੰਗ ਦੇ ਰਿਕਾਰਡ ਨੇ ਮੈਨੂੰ ਇੰਨਾ ਕੁ ਭਰੋਸਾ, ਤਜਰਬਾ ਅਤੇ ਇਲਮ ਦੇ ਦਿੱਤਾ ਕਿ ਮੈਂ ਆਪਣੇ ਆਪ ਨੂੰ ਸਵਾਲ ਕਰਦਾ ਕਿ ਇਹ ਸਭ ਸੰਭਵ ਹੈ, ਮੈਂ ਕਰ ਸਕਦਾ ਹਾਂ ਅਤੇ ਇਸ ਚਿਤਰ ਦੀ ਤਿਆਰੀ ਸ਼ੁਰੂ ਕੀਤੀ, ਮੁਕਾਮ ਹਾਸਲ ਕੀਤਾ।
ਸਵਾਲ: ਕੋਈ ਐਸੀ ਯਾਦ ਜਿਸ ਤੋਂ ਸਭ ਤੋਂ ਵੱਧ ਸੰਤੁਸ਼ਟੀ ਮਿਲੀ ਹੋਵੇ?
ਉਤਰ: ਆਰਟਿਸਟ ਲਈ ਕੋਈ ਨਿਸ਼ਚਿਤ ਮੁਕਾਮ ਨਹੀਂ ਹੁੰਦਾ, ਉਹ ਤਾਂ ਲਗਾਤਾਰ ਆਰਟ ਨਾਲ ਜੁੜਿਆ ਰਹਿੰਦਾ ਹੈ। ਮੈਂ ਲੰਮੇ ਅਰਸੇ ਤੋਂ ਆਰਟ ਦੇ ਕਾਰਜ ਵਿਚ ਰੁਝਿਆ ਹੋਇਆ ਹਾਂ ਅਤੇ ਹਰ ਸਾਲ ਕਲਾ ਦੇ ਨਵੇਂ ਪੂਰ ਲੰਘਾ ਕੇ ਮਨ ਨੂੰ ਸਕੂਨ ਮਿਲਦਾ ਹੈ। ਅਜੇ ਸੰਤੁਸ਼ਟ ਨਹੀਂ ਹਾਂ, ਲਗਦਾ ਹੈ ਕਿ ਅਜੇ ‘ਸੇਰ ਵਿਚੋਂ ਪੂਣੀ’ ਵੀ ਨਹੀਂ ਕੱਤੀ, ਬੜਾ ਕੁਝ ਕਰਨ ਵਾਲਾ ਪਿਆ ਹੈ। ਆਰਟਿਸਟ ਦੀ ਪਿਆਸ ਕਦੇ ਨਹੀਂ ਬੁਝਦੀ ਅਤੇ ਨਾ ਕਦੀ ਤਸੱਲੀ ਹੁੰਦੀ ਹੈ, ਸਗੋਂ ਉਸ ਦੇ ਮਨ ਵਿਚ ਨਵੀਂ ਸੋਚ ਨਵੀਂ ਕਲਾ ਦਾ ਰੰਗ-ਢੰਗ ਉਬਾਲੇ ਖਾਂਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਹੁਣ ‘ਲੈਟਰੋ ਆਰਟ’ ਸ਼ੁਰੂ ਕੀਤਾ ਹੈ।
ਸਵਾਲ: ਆਪਣੇ ਭਾਈਚਾਰੇ ਅਤੇ ਨਵੀਂ ਪੀੜ੍ਹੀ ਲਈ ਕੋਈ ਸੁਨੇਹਾ?
ਉਤਰ: ਸੰਸਾਰ ਤੇਜ਼ੀ ਨਾਲ ਬਦਲ ਰਿਹਾ ਹੈ, ਸਾਨੂੰ ਵੀ ਖੁਦ ਨੂੰ ਉਸੇ ਤਰ੍ਹਾਂ ਢਾਲ ਲੈਣਾ ਚਾਹੀਦਾ ਹੈ, ਭਾਵ ਬੱਚਿਆਂ ਨੂੰ ਜੋ ਚੰਗਾ ਲਗਦਾ ਹੈ, ਉਸ ਵਿਚ ਉਨ੍ਹਾਂ ਦੀ ਸਹਾਇਤਾ ਤੇ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਉਹ ਕੇਵਲ ਡਿਗਰੀ ਹਾਸਲ ਕਰਨ ਤੱਕ ਹੀ ਜ਼ਿੰਦਗੀ ਨੂੰ ਸੀਮਤ ਨਾ ਰੱਖਣ, ਬਲਕਿ ਸੰਸਾਰ ਵਿਚ ਕੁਝ ਯੋਗਦਾਨ ਪਾਉਣ ਦੇ ਲਾਇਕ ਬਣਨ।