ਪਾਈ ਪਾਈ ਦਾ ਹਿਸਾਬ

ਬਲਜੀਤ ਬਾਸੀ
ਪਾਈਆ ਭਾਵੇਂ ਅੱਧੇ ਨਾਲੋਂ ਅੱਧਾ ਹੀ ਹੁੰਦਾ ਹੈ ਪਰ ਇਸ ਦਾ ਓੜਮਾ-ਕੋੜਮਾ ਅੱਧੇ ਨਾਲੋਂ ਕਿਸੇ ਵੀ ਤਰ੍ਹਾਂ ਘਟ ਨਹੀਂ। ਕਈ ਲੋਕ ਹਰ ਰੋਜ਼ ਪਾਈਆ ਜਾਂ ਪਊਆ ਜ਼ਰੂਰ ਪੀਂਦੇ ਹਨ ਪਰ ਅਧੀਏ ਜਾਂ ਪੂਰੀ ਬੋਤਲ ਪੀਣ ਵਾਲਿਆਂ ਨਾਲੋਂ ਕਿਤੇ ਚੰਗੇ ਰਹਿੰਦੇ ਹਨ: ਪਾਈਆ ਰੰਗ ਲਿਆਉਂਦਾ ਹੈ, ਅਧੀਆ ਇਸ ਰੰਗ ਨੂੰ ਭੰਗ ਕਰ ਦਿੰਦਾ ਹੈ, ਬੋਤਲ ਤਾਂ ਸਾਰੇ ਰੰਗ ਹੀ ਉੜਾ ਦਿੰਦੀ ਹੈ। ਧਿਆਨ ਦਿਉ, ਪਾਈਆ ਇਥੇ ਪਾ ਭਰ ਦਾਰੂ ਦੀ ਮਿਕਦਾਰ ਹੈ ਜਦ ਕਿ ਪਊਆ-ਪਾਈਆ ਸ਼ਰਾਬ ਵਾਲੀ ਬੋਤਲ। ਦਰਅਸਲ ਇਨ੍ਹਾਂ ਅਤੇ ਹਥਲੀ ਚਰਚਾ ਅਧੀਨ ਲਿਆਂਦੇ ਜਾਣ ਵਾਲੇ ਹੋਰ ਸ਼ਬਦਾਂ ਵਿਚ ਚੌਥਾ (ਹਿੱਸਾ) ਦਾ ਭਾਵ ਹੈ।

ਪਾਈਆ ਆਦਿ ਸ਼ਬਦ ਬਣੇ ਹਨ ਸੰਸਕ੍ਰਿਤ ḔਪਾਦḔ ਤੋਂ ਜਿਸ ਦਾ ਅਰਥ ਹੈ, ਪੈਰ। ਪੈਰ ਦੇ ਸੰਕਲਪ ਤੋਂ ਚਾਰ ਜਾਂ ਚੌਥਾਈ ਦੇ ਭਾਵ ਵਿਕਸਿਤ ਹੋਣ ਵਾਲੀ ਗੱਲ ਬੜੀ ਟੇਢੀ ਜਿਹੀ ਖੀਰ ਹੈ। ਨਿਰੁੱਕਤਕਾਰਾਂ ਅਨੁਸਾਰ ਇਥੇ ḔਪਾਦḔ ਨੂੰ ਚੌਪਾਏ ਜਾਨਵਰ ਦੇ ਚਾਰੇ ਪੈਰਾਂ ਨੂੰ ਸਮੂਹਕ ਤੌਰ ‘ਤੇ ਇਕ ਇਕਾਈ ਵਜੋਂ ਲਿਆ ਗਿਆ ਹੈ ਤੇ ਇਸ ਸਮੂਹ ਦਾ ਇਕ ਪਾਦ ਚਾਰੇ ਪੈਰਾਂ ਦਾ ਚੌਥਾ ਹਿੱਸਾ ਹੀ ਬਣਦਾ ਹੈ।
ਪਾਵ, ਪਾਉ, ਪਾ ਜਾਂ ਪਾਈਆ ਵਜ਼ਨ ਦਾ ਇਕ ਮਾਪ ਹੈ ਜੋ ਕਿਲੋਆਂ ਤੋਂ ਪਹਿਲਾਂ ਸੇਰਾਂ ਮਣਾਂ ਦੇ ਜ਼ਮਾਨੇ ਵਿਚ ਚਲਦਾ ਸੀ। ਪਾਈਆ ਸੇਰ ਦਾ ਚੌਥਾ ਹਿੱਸਾ ਹੁੰਦਾ ਸੀ, ‘ਦੁਇ ਸੇਰ ਮਾਂਗਉ ਚੂਨਾ॥ ਪਾਉ ਘੀਉ ਸੰਗਿ ਲੂਨਾ॥ (ਭਗਤ ਕਬੀਰ)। ਇਥੇ ਚੂਨਾ ਦਾ ਅਰਥ ਆਟਾ ਹੈ। ‘ਬਾਬੇ ਨੇ ਪਾ ਦਾ ਵੱਟਾ ਵੇਖਿਆ’ (ਭਗਤਾਵਲੀ)। ਸਾਡੀ ਮਾਂ ਇਕ ਟੋਟਕਾ ਸੁਣਾਇਆ ਕਰਦੀ ਸੀ। ਸਿੱਧੜ ਜਿਹੀ ਨੂੰਹ ਨੇ ਇਕ ਦਿਨ ਸੱਸ ਨੂੰ ਪੁਛਿਆ, “ਅੱਜ ਕੀ ਧਰਾਂ?” ਸੱਸ ਨੇ ਬੇਪਰਵਾਹੀ ਨਾਲ ਕਿਹਾ, “ਧਰ ਲੈ ਕੁਝ ਪਾ ਦਸੇਰ।” ਨੂੰਹ ਨੇ ਪਾ ਦਸੇਰ ਦੇ ਵੱਟੇ ਤੌੜੀ ਵਿਚ ਪਾ ਕੇ ਚੁੱਲ੍ਹੇ ‘ਤੇ ਧਰ ਦਿੱਤੇ। ਜਦ ਘੰਟਿਆਂ ਬਾਅਦ ਵੀ ਘਰ ਵਿਚ ਰਿੱਝੀ ਦਾਲ ਦੀ ਲਪਟ ਨਾ ਆਈ ਤਾਂ ਸੱਸ ਨੇ ਪੁਛਿਆ, “ਨੀ ਤੇਰੀ ਦਾਲ ਨ੍ਹੀਂ ਬਣੀ ਅਜੇ?” ਨੂੰਹ ਨੇ ਕਿਹਾ, “ਆਪੇ ਦੇਖ ਲਵੋ।” ਫਿਰ ਕੀ ਹੋਇਆ ਹੋਵੇਗਾ, ਪਾਠਕ ਅੰਦਾਜ਼ਾ ਲਾ ਸਕਦੇ ਹਨ। ਪੁਰਾਣੀ ਕਿਸਮ ਦੇ ਚੁਟਕਲੇ ਇਸ ਤਰ੍ਹਾਂ ਦੇ ਹੀ ਹੁੰਦੇ ਸਨ। ਅੱਜ ਕਲ੍ਹ ਕਿਲੋ ਦੇ ਚੌਥੇ ਹਿੱਸੇ, ਮਤਲਬ ਢਾਈ ਸੌ ਗ੍ਰਾਮ ਨੂੰ ਵੀ ਪਾਈਆ ਕਿਹਾ ਜਾਣ ਲੱਗਾ ਹੈ, ਗੱਗ ਬਾਣੀ ਸੁਣੋ,
ਅੱਧਾ ਕਿੱਲੋ ਖੰਡ,
ਤੇ ਪਾਈਆ ਦਾਲ ਲਿਆਵੀਂ
ਗੰਢੇ ਮਿਰਚਾਂਂ ਨਾਲ ਲਿਆਵੀਂ
ਜੇਕਰ ਬਚ ਗਏ ਬਾਕੀ ਪੈਹੇ
ਦੋ ਕੁ ਟਮਾਟਰ ਨਾਲ ਲਿਆਵੀਂ।
ਕਿਸੇ ਹਲਕੇ ਸਰੀਰ ਵਾਲੇ ਬੰਦੇ ਨੂੰ ‘ਪਾਈਆ ਜਿਹਾ’ ਕਹਿ ਦਿੱਤਾ ਜਾਂਦਾ ਹੈ। ਘੰਟੇ ਦੇ ਚੌਥੇ ਹਿੱਸੇ ਨੂੰ ਵੀ ਪਾਈਆ ਕਿਹਾ ਜਾਂਦਾ ਰਿਹਾ ਹੈ। ਕੁਝ ਕੋਸ਼ਾਂ ਜਿਵੇਂ ‘ਹਿੰਦੀ ਸ਼ਬਦਸਾਗਰ’ ਅਤੇ ਪਲੈਟਸ ਦੇ ‘ਏ ਡਿਕਸ਼ਨਰੀ ਆਫ ਉਰਦੂ, ਕਲਾਸੀਕਲ ਹਿੰਦੀ ਐਂਡ ਇੰਗਲਿਸ਼’ ਵਿਚ ਪਾਵ-ਰੋਟੀ/ਪਾਓ-ਰੋਟੀ ਨੂੰ ਅਜਿਹੀ ਯੂਰਪੀਨ ਰੋਟੀ ਦੱਸਿਆ ਗਿਆ ਹੈ ਜੋ ਪਹਿਲਾਂ ਪਹਿਲਾਂ ਪਾਈਆ ਭਰ ਆਟੇ ਨਾਲ ਬਣਾਈ ਜਾਂਦੀ ਸੀ। ਪਰ ਪਾਵ-ਭਾਜੀ ਵਾਲੇ ਲੇਖ ਵਿਚ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਇਹ ਪੁਰਤਗਾਲੀਆਂ ਵਲੋਂ ਭਾਰਤ ਵਿਚ ਬਣਾਈ ਉਨ੍ਹਾਂ ਦੇ ਆਪਣੇ ਮੁਲਕ ਦੀ ਡਬਲਰੋਟੀ ਹੈ ਜਿਸ ਦਾ ਇਹ ਨਾਂ ਇਸ ਲਈ ਪਿਆ ਕਿਉਂਕਿ ਪੁਰਤਗਾਲੀ ਵਿਚ ਡਬਲਰੋਟੀ ਨੂੰ ‘ਪਊਂ’ ਆਖਦੇ ਹਨ। ਕਿਸੇ ਜ਼ਮਾਨੇ ਵਿਚ ਪਾਈਆਂ ਵੀ ਚਲਦੀਆਂ ਸਨ। ਪਾਈ ਪੁਰਾਣੇ ਇਕ ਪੈਸੇ ਦੇ ਤੀਜੇ ਹਿੱਸੇ ਵਾਲੇ ਸਿੱਕੇ ਨੂੰ ਆਖਦੇ ਹਨ। ਇਸ ਤਰ੍ਹਾਂ ਪਾਈ ਇਕ ਬਹੁਤ ਹੀ ਛੋਟਾ ਸਿੱਕਾ ਹੈ। ਤਾਂ ਹੀ ਤਾਂ ਮੁਹਾਵਰਾ ਬਣਿਆ ‘ਪਾਈ ਪਾਈ ਦਾ ਹਿਸਾਬ ਚੁਕਾਉਣਾ।’ ‘ਆਨੇ ਪਾਈਆਂ ਦਾ ਹਿਸਾਬ ਕਰਨਾ’ ਦਾ ਮਤਲਬ ਹੈ, ਛੋਟਾ-ਮੋਟਾ ਕਾਰੋਬਾਰ ਕਰਨਾ। ਕੁਝ ਥਾਂਵਾਂ ‘ਤੇ ਪੈਸੇ ਨੂੰ ਵੀ ਪਾਈ ਕਿਹਾ ਗਿਆ ਹੈ। ਸ਼ਾਇਦ ਕਿਸੇ ਵੇਲੇ ਪਾਈ ਪੈਸੇ ਦਾ ਚੌਥਾ ਹਿੱਸਾ ਹੋਵੇ। ਪੈਸਾ ਸ਼ਬਦ ਦੀ ਵਿਉਤਪਤੀ ਦੋ ਤਰ੍ਹਾਂ ਕੀਤੀ ਜਾਂਦੀ ਹੈ। ਇਕ ਅਨੁਸਾਰ ਇਹ ਸੰਸਕ੍ਰਿਤ ‘ਪਦਮ+ਅੰਸ਼’ ਤੋਂ ਬਣਿਆ ਜਿਸ ਦਾ ਸ਼ਾਬਦਿਕ ਅਰਥ ਹੈ, ‘ਪਦਮ (ਏਕੇ ਅੱਗੇ ਪੰਦਰਾਂ ਸਿਫਰੇ ਲਾ ਕੇ ਬਣੀ ਸੰਖਿਆ) ਦਾ ਅੰਸ਼’ ਤੇ ਦੂਜੀ ਅਨੁਸਾਰ ਇਹ ‘ਪਾਦ+ਇਕਾ’ ਤੋਂ ਬਣਿਆ ਜਿਸ ਦਾ ਮਤਲਬ ਹੋਇਆ ‘ਚੌਥਾ’, ਇਥੇ ਆਨੇ ਦੇ ਚੌਥੇ ਭਾਗ ਤੋਂ ਮੁਰਾਦ ਹੈ। ਦੋਨਾਂ ਨਿਰੁਕਤੀਆਂ ਅਨੁਸਾਰ ḔਪਾਦḔ ਦਾ ਦਖਲ ਹੈ। ਹਾਲ ਦੀ ਘੜੀ ਅਸੀਂ ਪੈਸੇ ਦੀ ਚਰਚਾ ਅੱਗੇ ਲਈ ਛੱਡਦੇ ਹਾਂ। ਅਨਾਜ ਹਾੜਨ ਦੇ ਇਕ ਭਾਂਡੇ ਨੂੰ ਵੀ ਪਾਈ ਆਖਿਆ ਜਾਂਦਾ ਸੀ। ਚਵਾਨੀ ਦੇ ਸਿੱਕੇ ਨੂੰ ਪੌਲੀ (ਪਾਵਲੀ) ਆਖਿਆ ਜਾਂਦਾ ਹੈ, ਮਤਲਬ ਰੁਪਏ ਦਾ ਚੌਥਾ ਹਿੱਸਾ। ਇਸ ਸ਼ਬਦ ਦੀ ਵਰਤੋਂ ਅੱਜ ਕਲ੍ਹ ਨਾ ਹੋਣ ਦੇ ਬਰਾਬਰ ਹੀ ਹੈ।
‘ਪੌਣਾ’ ਸ਼ਬਦ ਵੀ ਆਪਣੀ ਹੈਸੀਅਤ ਲਈ ਪਾਦ ਦਾ ਰਿਣੀ ਹੀ ਹੈ, ਅਕਸਰ ਪੌਣਾ ਇੱਕ ਤੋਂ ਚੌਥਾ ਹਿੱਸਾ ਹੀ ਘਟ ਹੁੰਦਾ ਹੈ। ਵਿਕਟ ਪਹਾੜਿਆਂ ਵਿਚ ਪੌਣੇ ਦਾ ਪਹਾੜਾ ਯਾਦ ਕਰਨਾ ਵੀ ਸੌਖਾ ਨਹੀਂ ਸੀ। ਸਵਾ ਦੇ ਪਹਾੜੇ ਵਿਚ ਸਵਾਏ ਸ਼ਬਦ ਵਰਤਿਆ ਜਾਂਦਾ ਹੈ ਜਿਵੇਂ ਦੋ ਸਵਾਏ ਢਾਈ। ਕਿਸੇ ਸੰਖਿਆ ਨਾਲ ਲੱਗ ਕੇ ਇਹ ḔਪੌਣੇḔ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ ਜਿਵੇਂ ‘ਪੌਣੇ ਚਾਰ’ ਯਾਨਿ ਚਾਰ ਤੋਂ ਊਣਾ, ਚੌਥਾਈ ਘਟ। ਪੌਣਾ ਦਾ ਸੰਸਕ੍ਰਿਤ ਰੂਪ ਹੈ, ‘ਪਾਦ+ਉਨ’। ਇਥੇ ‘ਉਨ’ ਸ਼ਬਦ ਦਾ ਅਰਥ ‘ਘਟ, ਕਮ’ ਹੈ, ਸੋ ਸ਼ਾਬਦਿਕ ਅਰਥ ਬਣਿਆ, ਪਾਦ ਘਟ, ਚੌਥਾ ਹਿੱਸਾ ਘਟ। ‘ਊਣਤਾਈ’ ਵਿਚ ਇਹੋ ‘ਉਨ’ ਬੋਲਦਾ ਹੈ। ਇਸ ਸ਼ਬਦ ‘ਤੇ ਵੱਖਰੀ ਚਰਚਾ ਕੀਤੀ ਜਾਵੇਗੀ।
ਪਰ ‘ਪਾਦ’ ਸ਼ਬਦ ਨੇ ਚਾਰ ਚੰਦ ਲਾਏ ਹਨ, ‘ਸਵਾ’ ਸ਼ਬਦ ਵਿਚ ਘੁਸ ਕੇ। ਸਵਾ ਸ਼ਬਦ ਬਣਿਆ ਹੈ, ਸਪਾਦ (ਸ+ਪਾਦ) ਤੋਂ ਅਰਥਾਤ ਪਾਦ (ਚੌਥੇ ਹਿੱਸੇ ਸਮੇਤ, ਚੌਥੇ ਦਾ ਵਾਧਾ)। ਪ੍ਰਾਕ੍ਰਿਤ ਵਿਚ ḔਪḔ ਧੁਨੀ ḔਵḔ ਵਿਚ ਤੇ ḔਦḔ ਧੁਨੀ ḔਯḔ ਵਿਚ ਬਦਲ ਗਈ। ਛੰਦ ਸ਼ਾਸਤਰ ਵਿਚ ਸਲੋਕ ਆਦਿ ਦੇ ਚੌਥੇ ਹਿੱਸੇ ਨੂੰ ਪਾਦ ਕਿਹਾ ਜਾਂਦਾ ਹੈ। ਇਸ ਸ਼ਬਦ ਦੇ ਬੜੇ ਸ਼ੁਭ ਸ਼ੁਭ ਭਾਵ ਹਨ। ਪਾਠਕ ਜਾਣਦੇ ਹਨ ਕਿ ਸਾਡੇ ਸਭਿਆਚਾਰ ਵਿਚ ਸਵਾ ਦੀ ਕਿੰਨੀ ਮਹੱਤਤਾ ਹੈ। ਇੱਕ ਦੀ ਬਜਾਏ ਸਵਾ ਰੁਪਏ ਦਾ ਸ਼ਗਨ ਦੇਣ ਤੋਂ ਲਗਦਾ ਹੈ ਜਿਵੇਂ ਬਹੁਤ ਵੱਡਾ ਦਿਲ ਖੋਲ੍ਹਿਆ ਹੋਵੇ। ਕੋਈ ਵਧਾਈਆਂ ਦਿੰਦਾ ਹੈ ਤਾਂ ਅੱਗੋਂ ਸਵਾ ਵਧਾਈਆਂ ਦਿੱਤੀਆਂ ਜਾਂਦੀਆਂ ਹਨ, ਮਤਲਬ ਕਿ ਕੋਈ ਸੇਰ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅੱਗੋਂ ਸਵਾ ਸੇਰ ਬਣਿਆਂ ਹੀ ਮੁਕਾਬਲਾ ਕੀਤਾ ਜਾ ਸਕਦਾ ਹੈ, ‘ਤੂੰ ਸੇਰ ਤੇ ਮੈਂ ਸਵਾ ਸੇਰ।’ ਉਂਜ ਵਧਾਈ ਵਿਚ ਵੀ ਵਧਣ ਦਾ ਭਾਵ ਹੈ ਤੇ ਸਵਾ ਵਿਚ ਵੀ। ਰਾਵਣ ਨੂੰ ‘ਇਕ ਲੱਖ ਪੂਤ ਸਵਾ ਲੱਖ ਨਾਤੀ’ ਵਾਲਾ ਕਿਹਾ ਜਾਂਦਾ ਹੈ। ‘ਜੰਗਨਾਮਾ’ ਵਿਚ ਇਸ ਉਕਤੀ ਦੀ ਵਰਤੋਂ ਇਸ ਰੂਪ ਵਿਚ ਹੋਈ ਹੈ,
ਦਿੱਤੀ ਮਾਈ ਨੇ ਜਦੋਂ ਦਿਲਬਰੀ ਭਾਰੀ,
ਸਿੰਘ ਬੈਠੇ ਨੀ ਹੋਇ ਸੁਚੇਤ ਮੀਆਂ।
ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ,
ਕਿਸੇ ਹਾਰ ਦਿੰਦਾ ਕਿਸੇ ਜੇਤ ਮੀਆਂ।
ਇਕ ਲੱਖ ਬੇਟਾ ਸਵਾ ਲੱਖ ਪੋਤਾ,
ਰਾਵਣ ਮਾਰਿਆ ਘਰ ਦੇ ਭੇਤ ਮੀਆਂ।
ਸ਼ਾਹ ਮੁਹੰਮਦਾ ਜਾਣਦਾ ਜੱਗ ਸਾਰਾ,
ਕਈ ਸੂਰਮੇ ਆਉਣਗੇ ਖੇਤ ਮੀਆਂ।
‘ਹਾਥੀ ਮਰੇ ਦਾ ਲੱਖ, ਜਿਉਂਦੇ ਦਾ ਸਵਾ ਲੱਖ’ ਵੱਟਣ ਵਾਲੀ ਗੱਲ ਅੱਜ ਕਲ੍ਹ ਮੋਦੀ ਤੇ ਉਸ ਦੀ ਪਾਰਟੀ ਦੀ ਰਾਜਨੀਤੀ ‘ਤੇ ਬੜਾ ਢੁਕਦੀ ਹੈ। ਸਰਹੱਦ ‘ਤੇ ਫੌਜੀ ਮਰਵਾ ਕੇ ਹੁਣ ਇਨ੍ਹਾਂ ਦੀ ਸ਼ਹੀਦੀ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਸਿੱਖ ਧਰਮ ਦੀ ਵਡਿਆਈ ਸੇਵਾ ਨਾਲੋਂ ਸਵਾ ‘ਤੇ ਵਧੇਰੇ ਨਿਰਭਰ ਕਰਦੀ ਹੈ। ਸਿੰਘਾਂ ਨੂੰ ਜੋਸ਼ ਦਿਵਾਉਣ ਲਈ ਗੁਰੂ ਗੋਬਿੰਦ ਸਿੰਘ ਨੇ ‘ਸਵਾ ਲਾਖ ਸੇ ਏਕ ਲੜਾਊਂ’ ਕਿਹਾ ਸੀ। ਇਕ ਸਿੰਘ ਸਵਾ ਲੱਖ ਹੋਰਨਾਂ ਦੇ ਬਰਾਬਰ ਸਮਝਿਆ ਜਾਂਦਾ ਹੈ। ਇਹ ਸ਼ਾਇਦ ਸਿੰਘ ਬੋਲਿਆਂ ਤੋਂ ਪ੍ਰਚਲਿਤ ਹੋਇਆ ਹੈ,
ਅੱਖੀਆਂ ਨੂੰ ਨੇਤਰ, ਕਮਰ ਤਿੱਕ ਨੂੰ।
ਸਵਾ ਲੱਖ ਆਖਦੇ, ਸਿਰਫ ਇੱਕ ਨੂੰ।
ਦਿਆਲ ਕੌਰ ਕੜਛੀ, ਵਸਾਵਾ ਤਵੇ ਨੂੰ।
ਭੁਝੰਗੀ ਕਹਿ ਬੁਲਾਉਂਦੇ ਆ, ਜਵਾਨ ਲਵੇ ਨੂੰ।
ਅੱਜ ਕਲ੍ਹ ਸਵਾ ਲੱਖ ਪਾਠਾਂ ਦਾ ਪਰਵਾਹ ਚਲਾਉਣ ਦੀ ਰੀਤ ਵੀ ਤੁਰ ਪਈ ਹੈ। ਗੁਰੂਆਂ ਨੇ ਸਵਾ ਸ਼ਬਦ ਦੀ ਕਾਫੀ ਵਰਤੋਂ ਕੀਤੀ ਹੈ। ਗੁਰਬਾਣੀ ਵਿਚ ਆਮ ਤੌਰ ‘ਤੇ ਸਵਾ ਸ਼ਬਦ ਪ੍ਰਫੁਲਿਤ ਹੋਣ, ਵਧਣ ਦੇ ਅਰਥਾਂ ਵਿਚ ਲਿਆ ਗਿਆ ਹੈ, ‘ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ॥’ (ਗੁਰੂ ਨਾਨਕ ਦੇਵ); ‘ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ॥’ (ਗੁਰੂ ਰਾਮ ਦਾਸ); ‘ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ॥’ (ਗੁਰੂ ਅਰਜਨ ਦੇਵ)।
ਪੰਜਾਬੀ ਆਦਿ ਭਾਸ਼ਾਵਾਂ ਵਿਚ ‘ਬਹੁਤ ਜ਼ਿਆਦਾ’ ਦੇ ਅਰਥਾਂ ਵਿਚ ਸਵਾ ਤੋਂ ਅੱਗੇ ਬਣਿਆ ਸ਼ਬਦ ḔਸਵਾਇਆḔ ਖੂਬ ਚਲਦਾ ਹੈ, ਖਾਸ ਤੌਰ ‘ਤੇ ‘ਦੂਣ ਸਵਾਇਆ’ ਉਕਤੀ ਵਿਚ ‘ਦੀਵਾਲੀ ਦਾ ਦਿਨ ਆਇਆ ਰੰਗ ਚੜ੍ਹਿਆ ਦੂਣ ਸਵਾਇਆ।’ ਸਵੱਈਆ ਨਾਂ ਦਾ ਇਕ ਵੱਟਾ ਹੋਇਆ ਕਰਦਾ ਸੀ ਜਿਸ ਦਾ ਭਾਰ ਸਵਾ ਸੇਰ ਹੁੰਦਾ ਸੀ। ਸਵੱਈਆ (ਰਵਾਇਤੀ ਤੌਰ ‘ਤੇ ਸਵੱਯਾ) ਇਕ ਛੰਦ ਦਾ ਨਾਂ ਵੀ ਹੈ ਜਿਸ ਦੇ ਹਰੇਕ ਚਰਣ ਵਿਚ ਸੱਤ ਭਗਣ ਅਤੇ ਇਕ ਗੁਰੂ ਹੁੰਦਾ ਹੈ। ਕਵੀਆਂ ਨੇ ਇਸ ਦੇ ਅਨੇਕਾਂ ਭੇਦ ਰਚੇ ਹਨ। ‘ਅਕਾਲ ਉਸਤਤਿ’ ਵਿਚ ਗੁਰੂ ਗੋਬਿੰਦ ਸਿੰਘ ਵਲੋਂ ਰਚੇ ਦੱਸੇ ਜਾਂਦੇ ਦਸ ਸਵੱਯੇ ਦਰਜ ਹਨ।
ਭੱਟਾਂ ਨੇ ਗੁਰੂ ਸਾਹਿਬਾਨ ਦੀ ਸਿਫਤ ਵਿਚ ਸਵੱਈਏ ਉਚਾਰੇ ਹਨ। ਭਾਵੇਂ ਇਨ੍ਹਾਂ ਸਵੱਈਆਂ ਵਿਚ ਹੋਰ ਛੰਦ ਜਿਵੇਂ ਕਬਿੱਤ, ਸੋਰਠਾ, ਝੂਲਣਾ ਆਦਿ ਵੀ ਵਰਤੇ ਗਏ ਹਨ ਪਰ ਸਵੱਈਆਂ ਦੀ ਬਹੁ-ਗਿਣਤੀ ਕਰਕੇ ਸਮੁੱਚੀ ਰਚਨਾ ‘ਸਵੱਈਏ’ ਹੀ ਕਹਾਉਂਦੀ ਹੈ। ਨਮੂਨੇ ਵਜੋਂ ਇਕ ਛੰਦ ਪੇਸ਼ ਹੈ,
ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ।
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ।
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲਯ ਉਨਹਿ ਜੁ ਗਾਵੈ।
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ।