ਡਾæ ਗੁਰਨਾਮ ਕੌਰ, ਕੈਨੇਡਾ
ਦੂਸਰੀ ਵਾਰ ਦੀ ਸੋਲਵੀਂ ਪਉੜੀ ਦੀ ਇਹ ਆਖਰੀ ਤੁਕ Ḕਆਪੇ ਆਪਿ ਵਰੱਤਦਾ ਗੁਰਮੁਖਿ ਅਲੋਵੈḔ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲਾ ਮਨੁੱਖ ਅਕਾਲ ਪੁਰਖ ਦੀ ਸਰਵ-ਵਿਆਪਕਤਾ ਨੂੰ ਦੇਖਦਾ ਤੇ ਅਨੁਭਵ ਕਰਦਾ ਹੈ। ਭਾਈ ਗੁਰਦਾਸ ਨੇ ਇਸ ਪਉੜੀ ਵਿਚ ਸੰਗਤ ਦੇ ਗੁਣ ਦੱਸੇ ਹਨ ਕਿ ਸੰਗਤ ਜਿਸ ਕਿਸਮ ਦੀ ਵੀ ਹੁੰਦੀ ਹੈ, ਉਸ ਦਾ ਅਸਰ ਸੰਗਤ ਨੂੰ ਮਾਣਨ ਵਾਲੇ ‘ਤੇ ਉਹੋ ਜਿਹਾ ਹੀ ਹੁੰਦਾ ਹੈ। ਇਸੇ ਲਈ ਗੁਰੂ ਸਾਹਿਬਾਨ ਨੇ ਸਤਿਸੰਗਤ ‘ਤੇ ਜ਼ੋਰ ਦਿੱਤਾ ਹੈ, ਜਿੱਥੇ ਜਾ ਕੇ ਮਨੁੱਖ ਦਾ ਕਾਇਆਕਲਪ ਹੁੰਦਾ ਹੈ।
ਭਾਈ ਗੁਰਦਾਸ ਅਨੁਸਾਰ ਚੰਦਨ ਦੇ ਰੁੱਖ ਦੇ ਆਸ-ਪਾਸ ਜੋ ਬਨਾਸਪਤੀ ਉਗੀ ਹੁੰਦੀ ਹੈ, ਉਨ੍ਹਾਂ ਸਭ ਵਿਚੋਂ ਚੰਦਨ ਦੀ ਖੁਸ਼ਬੋ ਆਉਣ ਲੱਗ ਪੈਂਦੀ ਹੈ, ਚੰਦਨ ਵਰਗੇ ਖੁਸ਼ਬੂਦਾਰ ਬਣ ਜਾਂਦੇ ਹਨ। ਇਸੇ ਤਰ੍ਹਾਂ ਅੱਠ ਧਾਤਾਂ ਇਕੱਠੀਆਂ ਹੋ ਕੇ ਜਦੋਂ ਪਾਰਸ ਨਾਲ ਮਿਲਦੀਆਂ ਹਨ ਅਰਥਾਤ ਸੋਨੇ ਨਾਲ ਮਿਲਾਈਆਂ ਜਾਂਦੀਆਂ ਹਨ ਤਾਂ ਉਹ ਸੋਨਾ ਬਣ ਜਾਂਦੀਆਂ ਹਨ। ਨਦੀਆਂ, ਨਾਲੇ, ਚੋਅ ਜਾਂ ਛੋਟੇ ਨਾਲੇ ਜਦੋਂ ਗੰਗਾ ਵਿਚ ਮਿਲ ਜਾਂਦੇ ਹਨ ਤਾਂ ਉਹ ਗੰਗਾ ਦਾ ਹੀ ਰੂਪ ਧਾਰ ਲੈਂਦੇ ਹਨ। ਇਸੇ ਤਰ੍ਹਾਂ ਪਤਿਤ ਹੋ ਚੁੱਕੇ ਮਨੁੱਖਾਂ ਲਈ ਸਾਧ ਸੰਗਤ ਅਜਿਹੀ ਥਾਂ ਹੈ, ਜਿੱਥੇ ਜਾ ਕੇ ਉਨ੍ਹਾਂ ਦੇ ਸਾਰੇ ਮੰਦੇ ਕੰਮ ਧੋਤੇ ਜਾਂਦੇ ਹਨ, ਬੁਰਾਈ ਦੀ ਮੈਲ ਉਨ੍ਹਾਂ ਦੇ ਮਨਾਂ ਵਿਚੋਂ ਦੂਰ ਹੋ ਜਾਂਦੀ ਹੈ। ਸਤਿਸੰਗਤ ਵਿਚ ਲੱਖਾਂ ਨਰਕਾਂ, ਪਾਪੀਆਂ ਦੇ ਪਾਪ ਧੁਲ ਜਾਂਦੇ ਹਨ। ਗੁਰਮੁਖ ਇਸ ਸੱਚਾਈ ਨੂੰ ਦੇਖਦਾ ਹੈ ਅਤੇ ਸਮਝਦਾ ਹੈ ਕਿ ਅਕਾਲ ਪੁਰਖ ਆਪ ਹੀ ਸਭ ਵਿਚ ਵਿਆਪਕ ਹੈ:
ਚੰਦਨ ਵਾਸ ਵਣਾਸਿਪਤਿ ਸਭ ਚੰਦਨ ਹੋਵੈ।
ਅਸਟ ਧਾਤੁ ਇਕ ਧਾਤੁ ਹੋਇ ਸੰਗਿ ਪਾਰਸਿ ਢੋਵੈ।
ਨਦੀਆ ਨਾਲੇ ਵਾਹੜੇ ਮਿਲਿ ਗੰਗ ਗੰਗੋਵੈ।
ਪਤਿਤ ਉਧਾਰਣੁ ਸਾਧਸੰਗੁ ਪਾਪਾਂ ਮਲੁ ਧੋਵੈ।
ਨਰਕ ਨਿਵਾਰ ਅਸੰਖ ਹੋਇ ਲਖ ਪਤਿਤ ਸੰਗੋਵੈ।
ਆਪੇ ਆਪਿ ਵਰੱਤਦਾ ਗੁਰਮੁਖਿ ਅਲੋਵੈ॥੧੬॥
ਗੁਰੂ ਰਾਮਦਾਸ ਸਤਿਸੰਗਤ ਦੇ ਗੁਣ ਦੱਸਦੇ ਹਨ ਕਿ ਅਕਾਲ ਪੁਰਖ ਦਾ ਨਾਮ ਜਪਣ ਵਾਲਿਆਂ ਨੂੰ ਮਿਲਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ। ਜੇ ਮਨੁੱਖ ਦੇ ਚੰਗੇ ਭਾਗ ਜਾਗ ਪੈਣ ਤਾਂ ਉਸ ਨੂੰ ਅਜਿਹੇ ਸਤਿਸੰਗੀਆਂ ਦੀ ਸੰਗਤ ਵਿਚ ਜਾਣ ਦਾ ਮੌਕਾ ਮਿਲਦਾ ਹੈ। ਅਕਾਲ ਪੁਰਖ ਦੇ ਸੇਵਕਾਂ ਦਾ ਜੀਵਨ ਆਤਮਕ ਅਨੰਦ ਦੇਣ ਵਾਲਾ ਹੁੰਦਾ ਹੈ। ਉਹ ਪਰਮਾਤਮਾ ਦੇ ਨਾਮ ਦੇ ਅੰਮ੍ਰਿਤ ਜਲ ਦੇ ਵਧੀਆ ਚਸ਼ਮੇ ਹਨ ਜਿਸ ਵਿਚ ਇਸ਼ਨਾਨ ਕੀਤਿਆਂ ਆਤਮਕ ਜੀਵਨ ਮਿਲਦਾ ਹੈ। ਪਰ ਇਸ ਵਿਚ ਉਹੀ ਮਨੁੱਖ ਇਸ਼ਨਾਨ ਕਰਦਾ ਹੈ ਜਿਸ ਦੇ ਭਾਗ ਵੱਡੇ ਹੋਣ। ਪਰਮਾਤਮਾ ਦੇ ਸੇਵਕ ਉਚੇ ਜੀਵਨ ਵਾਲੇ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਮਿਲਾਪ ਸਤਿਗੁਰੂ ਦੀ ਸੰਗਤ ਵਿਚ ਬਣਿਆ ਰਹਿੰਦਾ ਹੈ। ਗੁਰੂ ਦੇ ਬਰਾਬਰ ਕੋਈ ਵੀ ਵੱਡਾ ਨਹੀਂ ਹੈ। ਗੁਰੂ ਦੇ ਰਾਹੀਂ, ਗੁਰੂ ਨੂੰ ਮਿਲ ਕੇ ਹੀ ਅਕਾਲ ਪੁਰਖ ਦਾ ਨਾਮ ਸਿਮਰਨ ਕੀਤਾ ਜਾ ਸਕਦਾ ਹੈ। ਜੋ ਮਨੁੱਖ ਗੁਰੂ ਦੀ ਸ਼ਰਨ ਆ ਜਾਂਦਾ ਹੈ, ਉਸ ਦਾ ਮੇਲ ਪਰਮਾਤਮਾ ਨਾਲ ਹੋ ਜਾਂਦਾ ਹੈ। ਪ੍ਰੰਤੂ ਬਹੁਤ ਸਾਰੇ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਸਵਾਰਥ ਲਈ, ਆਪਣੀ ਕੋਈ ਗਰਜ਼ ਪੂਰੀ ਕਰਨ ਲਈ ਗੁਰੂ ਦੇ ਦਰਵਾਜ਼ੇ ‘ਤੇ ਬੈਠੇ ਰਹਿੰਦੇ ਹਨ ਅਤੇ ਬਗਲੇ ਦੀ ਤਰ੍ਹਾਂ ਸਮਾਧੀ ਲਾਈ ਰੱਖਦੇ ਹਨ।
ਸੰਗਤ ਕਿਹੋ ਜਿਹੀ ਕਰਨੀ ਹੈ, ਇਸ ਵਿਚ ਜੀਵ ਦੀ ਬਿਰਤੀ ਵੀ ਸ਼ਾਮਲ ਹੁੰਦੀ ਹੈ। ਗੁਰੂ ਸਾਹਿਬ ਬਗਲੇ ਅਤੇ ਕਾਂ ਦੀ ਉਦਾਹਰਣ ਦਿੰਦੇ ਹਨ ਜੋ ਨੀਚ ਦੀ ਸੰਗਤਿ ਹੀ ਕਰਦੇ ਹਨ। (ਨੀਚ ਮਨੁੱਖ ਦੀ ਬਿਰਤੀ ਵੀ ਅਜਿਹੀ ਹੀ ਹੁੰਦੀ ਹੈ)। ਬਗਲਾ ਅਤੇ ਕਾਂ ਸਤਿਸੰਗਤ ਦੀ ਥਾਂ ਕਿਸੇ ਗੰਦਗੀ ਜਾਂ ਮੁਰਦਾਰ ਵਿਚ ਜਾ ਕੇ ਹੀ ਮੂੰਹ ਮਾਰਦੇ ਹਨ। ਇਸੇ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਗੁਰੂ ਦੀ ਸੰਗਤ ਸਦਾ ਹੀ ਪ੍ਰਾਪਤ ਹੋਵੇ ਕਿਉਂਕਿ ਸੰਗਤ ਵਿਚ ਮਿਲ ਕੇ ਕਾਂ ਵੀ ਹੰਸ ਬਣ ਜਾਂਦਾ ਹੈ। ਭਾਵ ਗੁਰੂ ਦੀ ਸੰਗਤ ਵਿਚ ਮਿਲ ਕੇ ਮਨੁੱਖ ਨੀਚ ਬਿਰਤੀਆਂ ਦਾ ਤਿਆਗ ਕਰਕੇ ਉਚੀਆਂ ਬਿਰਤੀਆਂ ਦਾ ਮਾਲਕ ਬਣ ਜਾਂਦਾ ਹੈ। ਇਹ ਸਤਿਸੰਗਤ ਦਾ ਗੁਣ ਅਤੇ ਸਮਰੱਥਾ ਦੋਵੇਂ ਹੈ:
ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ॥
ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧਿ ਲਗਾਈਐ॥੩॥
ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ॥
ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ॥੪॥੪॥ (ਪੰਨਾ ੮੮੧)
ਚੰਦਨ ਰੁੱਖ ਦੇ ਦ੍ਰਿਸ਼ਟਾਂਤ ਰਾਹੀਂ ਸੰਗਤ ਦਾ ਅਸਰ ਦੱਸਦਿਆਂ ਗੁਰੂ ਰਾਮਦਾਸ ਫੁਰਮਾਉਂਦੇ ਹਨ ਕਿ ਹਿੰਦੂ ਸ਼ਾਸਤਰਾਂ ਵਿਚ ਚਾਰ ਵਰਣ-ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ; ਅਤੇ ਚਾਰ ਆਸ਼ਰਮ-ਬ੍ਰਹਮਚਾਰੀ, ਗ੍ਰਹਿਸਥ, ਵਾਣਪ੍ਰਸਤ ਤੇ ਸੰਨਿਆਸ ਥਾਪੇ ਗਏ ਹਨ। (ਸ਼ਾਸਤਰਾਂ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਬ੍ਰਾਹਮਣ ਸਭ ਤੋਂ ਉਚਾ ਵਰਣ ਹੈ ਅਤੇ ਸੰਨਿਆਸ ਆਸ਼ਰਮ ਨੂੰ ਪ੍ਰਧਾਨਤਾ ਦਿੱਤੀ ਗਈ ਹੈ।) ਗੁਰੂ ਸਾਹਿਬ ਦੱਸਦੇ ਹਨ ਕਿ ਇਨ੍ਹਾਂ ਵਿਚੋਂ ਉਹ ਹੀ ਪ੍ਰਧਾਨ ਹੈ ਜੋ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਭਾਵ ਕੋਈ ਵੀ ਜਨਮ ਕਰਕੇ ਉਚਾ ਨਹੀਂ ਹੈ। ਜਿਸ ਤਰ੍ਹਾਂ ਚੰਦਨ ਦੇ ਰੁੱਖ ਦੀ ਸੰਗਤ ਵਿਚ ਅਰਿੰਡ ਦਾ ਰੁੱਖ ਵਸਦਾ ਹੈ ਅਤੇ ਉਸ ਵਿਚੋਂ ਵੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਸਤਿਸੰਗਤ ਵਿਚ ਮਿਲ ਕੇ ਜਦੋਂ ਪ੍ਰਭੂ ਦਾ ਨਾਮ ਜਪੀਦਾ ਹੈ ਤਾਂ ਪਤਿਤ ਭਾਵ ਡਿਗੇ ਹੋਏ ਮਨੁੱਖ ਵੀ ਪ੍ਰਭੂ ਦੇ ਦਰ ‘ਤੇ ਕਬੂਲ ਹੋ ਜਾਂਦੇ ਹਨ।
ਗੁਰੂ ਰਾਮਦਾਸ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਗੁਣ ਬਹੁਤ ਉਚੇ ਹਨ ਅਤੇ ਅਸੀਂ ਜੀਵ ਬਹੁਤ ਨੀਵੇਂ ਹਾਂ। ਪਰ ਸਤਿਗੁਰ ਦੀ ਸੰਗਤ ਵਿਚ ਮੈਂ ਅਕਾਲ ਪੁਰਖ ਦੇ ਗੁਣ ਗਾਉਂਦਾ ਹਾਂ। ਜਿਸ ਤਰ੍ਹਾਂ ਚੰਦਨ ਦੇ ਰੁੱਖ ਕੋਲ ਉਗੇ ਨਿੰਮ ਦੇ ਰੁੱਖ ਵਿਚੋਂ ਵੀ ਚੰਦਨ ਵਰਗੀ ਖੁਸ਼ਬੂ ਆਉਣ ਲੱਗ ਪੈਂਦੀ ਹੈ, ਇਸੇ ਤਰ੍ਹਾਂ ਹੀ ਮੇਰੀ ਅਵਸਥਾ ਵੀ ਉਸ ਨਿੰਮ ਦੇ ਰੁੱਖ ਵਰਗੀ ਹੋ ਗਈ ਹੈ:
ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ॥
ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥੩॥ (ਪੰਨਾ ੮੬੧)
—
ਹਰਿ ਗੁਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗਿ ਸਖੇ॥
ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ॥੨॥ (ਪੰਨਾ ੯੭੬)
ਭਾਈ ਗੁਰਦਾਸ ਨੇ ਪ੍ਰੇਮ ਦੀ ਗੱਲ ਕਰਦਿਆਂ ਪਤੰਗੇ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਪਤੰਗੇ ਨੂੰ ਦੀਪਕ ਨਾਲ ਪ੍ਰੇਮ ਹੁੰਦਾ ਹੈ। ਪਤੰਗਾ ਦੀਪਕ ਦੇ ਪ੍ਰੇਮ ਦੀ ਖਿੱਚ ਵਿਚ ਹੀ ਉਸ ਵੱਲ ਵਧਦਾ ਹੈ ਅਤੇ ਦੀਪਕ ‘ਤੇ ਹੀ ਆਪਣੀ ਜਾਨ ਦੇ ਦਿੰਦਾ ਹੈ। ਇਸੇ ਤਰ੍ਹਾਂ ਮੱਛੀ ਨੂੰ ਜਲ ਨਾਲ ਪ੍ਰੇਮ ਹੁੰਦਾ ਹੈ ਅਤੇ ਉਹ ਜਲ ਵਿਚ ਹੀ ਰਹਿਣਾ ਅਤੇ ਉਸ ਦੀਆਂ ਲਹਿਰਾਂ ਵਿਚ ਤੈਰਨਾ ਪਸੰਦ ਕਰਦੀ ਹੈ। ਮਿਰਗ ਨੂੰ ਸੰਗੀਤ ਨਾਲ ਪ੍ਰੇਮ ਹੈ ਅਤੇ ਉਹ ਨਾਦ ਦੀਆਂ ਧੁਨਾਂ ‘ਤੇ ਵਿਸਮਾਦ ਵਿਚ ਆ ਜਾਂਦਾ ਹੈ, ਸੰਗੀਤ ਉਸ ਦੇ ਅਨੰਦ ਦਾ ਸੋਮਾ ਹੈ। ਭੰਵਰੇ ਨੂੰ ਕੰਵਲ ਦੇ ਫੁੱਲ ਨਾਲ ਪ੍ਰੇਮ ਹੁੰਦਾ ਹੈ ਜਿਸ ਕਾਰਨ ਉਹ ਫੁੱਲ ਵਿਚ ਹੀ ਉਲਝ ਜਾਂਦਾ ਹੈ। ਚਕੋਰ ਨੂੰ ਚੰਦ ਨਾਲ ਪ੍ਰੇਮ ਹੈ ਅਤੇ ਉਸ ਦਾ ਸਾਰਾ ਧਿਆਨ ਚੰਦ ‘ਤੇ ਲੱਗਾ ਰਹਿੰਦਾ ਹੈ। ਚਕਵੀ ਨੂੰ ਸੂਰਜ ਨਾਲ ਪ੍ਰੇਮ ਹੈ ਅਤੇ ਉਹ ਸਿਰਫ ਸੂਰਜ ਦੀ ਰੌਸ਼ਨੀ ਵਿਚ ਹੀ ਸੰਜੋਗ ਬਣਾਉਂਦੀ ਹੈ। ਇਸੇ ਤਰ੍ਹਾਂ ਇਸਤਰੀ ਨੂੰ ਆਪਣੇ ਪਤੀ ਨਾਲ ਪ੍ਰੇਮ ਹੁੰਦਾ ਹੈ ਅਤੇ ਇਸੇ ਪ੍ਰੇਮ ਵਿਚ ਮਾਂ ਆਪਣੇ ਪੁੱਤਰ ਨੂੰ ਦੁਨੀਆਂ ‘ਤੇ ਲਿਆਉਂਦੀ ਹੈ। ਇਸੇ ਤਰ੍ਹਾਂ ਗੁਰੂ ਦੇ ਰਸਤੇ ‘ਤੇ ਚੱਲਣ ਵਾਲੇ ਮਨੁੱਖ ਨੂੰ ਅਕਾਲ ਪੁਰਖ ਦੀ ਸਰਵ-ਵਿਆਪਕਤਾ ਦਾ ਅਨੁਭਵ ਕਰਕੇ ਕਿ ਉਹ ਆਪ ਹੀ ਸਭ ਵਿਚ ਵਰਤ ਰਿਹਾ ਹੈ, ਮਨ ਨੂੰ ਸੰਤੋਖ ਅਤੇ ਅਨੰਦ ਮਿਲਦਾ ਹੈ:
ਦੀਪਕ ਹੇਤੁ ਪਤੰਗ ਦਾ ਜਲ ਮੀਨ ਤਰੰਦਾ।
ਮਿਰਗੁ ਨਾਦ ਵਿਸਮਾਦੁ ਹੈ ਭਵਰ ਕਵਲਿ ਵਸੰਦਾ।
ਚੰਦ ਚਕੋਰ ਪਰੀਤਿ ਹੈ ਦੇਖਿ ਧਿਆਨੁ ਧਰੰਦਾ।
ਚਕਵੀ ਸੂਰਜ ਹੇਤੁ ਹੈ ਸੰਜੋਗੁ ਬਣੰਦਾ।
ਨਾਰਿ ਭਤਾਰ ਪਿਆਰੁ ਹੈ ਮਾਂ ਪੁਤੁ ਮਿਲੰਦਾ।
ਆਪੇ ਆਪਿ ਵਰੱਤਦਾ ਗੁਰਮੁਖਿ ਪਰਚੰਦਾ॥੧੭॥
ਇਸੇ ਕਿਸਮ ਦੇ ਪ੍ਰੇਮ ਦੀ ਖਿੱਚ ਦੀ ਗੱਲ ਗੁਰੂ ਨਾਨਕ ਸਾਹਿਬ ਡੱਡੂ, ਕੰਵਲ ਦੇ ਫੁੱਲ ਅਤੇ ਭੌਰੇ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦੇ ਹਨ। ਡੱਡੂ ਪਾਣੀ ਵਿਚ ਵੱਸਦਾ ਹੈ, ਉਸ ਨੂੰ ਕੰਵਲ ਦੇ ਫੁੱਲ ਨਾਲ ਕੋਈ ਵਾਸਤਾ ਨਹੀਂ ਹੈ। ਭੌਰਾ ਪਾਣੀ ਵਿਚ ਨਹੀਂ ਵਸਦਾ ਪਰ ਉਹ ਕੰਵਲ ਫੁੱਲ ਦੇ ਪ੍ਰੇਮ ਦਾ ਖਿੱਚਿਆ ਉਸ ਦੀ ਚੋਟੀ ਦਾ ਰਸ ਮਾਣਦਾ ਹੈ। ਕੰਮੀ ਚੰਦ ਦੇ ਕੋਲ ਨਹੀਂ ਰਹਿੰਦੀ ਪਰ ਚੰਦ ਦੀ ਪ੍ਰੇਮ ਖਿੱਚ ਦੇ ਕਾਰਨ ਉਸ ਨੂੰ ਦੂਰ ਤੋਂ ਹੀ ਦੇਖ ਦੇਖ ਖਿੜਦੀ ਹੈ ਅਤੇ ਸਿਰ ਨਿਵਾਉਂਦੀ ਹੈ। ਉਸ ਦੇ ਅੰਦਰ ਚੰਦ ਵਾਸਤੇ ਦਿਲੀ ਖਿੱਚ ਹੈ:
ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨਰੇ॥
ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ॥੨॥ (ਪੰਨਾ ੯੯੦)
ਅੱਗੇ ਸਰੀਰ ਦੇ ਵੱਖ ਵੱਖ ਅੰਗਾਂ ਦੇ ਦ੍ਰਿਸ਼ਟਾਂਤ ਰਾਹੀਂ ਭਾਈ ਗੁਰਦਾਸ ਕਰਤਾਰ ਦੀ ਸਰਵ-ਵਿਆਪਕਤਾ ਦੀ ਗੱਲ ਕਰਦੇ ਹਨ ਕਿ ਜਿਵੇਂ ਮਨ ਮਨੁੱਖੀ ਅੰਗਾਂ ਨੂੰ ਚਲਾਉਂਦਾ ਹੈ ਤੇ ਸਭ ਵਿਚ ਆਪ ਕੰਮ ਕਰਦਾ ਹੈ, ਤਿਵੇਂ ਕਰਤਾ ਆਪਣੀ ਰਚਨਾ ਵਿਚ ਵਿਆਪਕ ਹੋ ਕੇ ਸਾਰਾ ਕੁਝ ਆਪ ਹੀ ਕਰ ਰਿਹਾ ਹੈ। ਦੂਸਰਾ, ਅਕਾਲ ਪੁਰਖ ਵੱਖ ਵੱਖ ਅੰਗਾਂ ਰਾਹੀਂ ਕੰਮ ਕਰ ਰਿਹਾ ਹੈ। ਸੰਸਾਰ ਦੀਆਂ ਅੱਖਾਂ ਰਾਹੀਂ ਉਹ ਇਸ ਸੰਸਾਰ ਦੇ ਸਾਰੇ ਅਸਚਰਜ ਚੋਜ ਦੇਖ ਰਿਹਾ ਹੈ। ਪੂਰੀ ਤਰ੍ਹਾਂ ਚੇਤੰਨ ਹੋ ਕੇ ਉਹ ਕੰਨਾਂ ਰਾਹੀਂ ਕਥਾ-ਕਹਾਣੀਆਂ ਸੁਣ ਰਿਹਾ ਹੈ। ਜੀਭ ‘ਤੇ ਵਿਆਪਕ ਹੋ ਕੇ ਉਹ ਬੋਲਦਾ ਹੈ ਅਤੇ ਹਰ ਤਰ੍ਹਾਂ ਦੇ ਮਨ ਭਾਉਂਦੇ ਸੁਆਦ ਚੱਖਦਾ ਹੈ। ਹਰ ਥਾਂ ਵਿਆਪਕ ਹੱਥਾਂ ਨਾਲ ਉਹ ਕਿਰਤ ਕਮਾਈ ਕਰਦਾ ਹੈ ਅਤੇ ਪੈਰਾਂ ਨਾਲ ਚੱਲ ਕੇ ਜਾਂਦਾ ਹੈ। ਸਰੀਰ ਦੇ ਅੰਦਰ ਉਹ ਮਨ ਬਣ ਕੇ ਬੈਠਾ ਹੋਇਆ ਹੈ ਜਿਸ ਦੇ ਹੁਕਮ ਅੰਦਰ ਸਰੀਰ ਦੇ ਸਾਰੇ ਅੰਗ ਕੰਮ ਕਰਦੇ ਹਨ। ਗੁਰਮੁਖਿ ਇਸ ਤੱਥ ਦੀ ਸੋਝੀ ਨਾਲ ਅਨੰਦ ਮਹਿਸੂਸ ਕਰਦੇ ਹਨ ਕਿ ਉਹ ਸਾਰਿਆਂ ‘ਚ ਸਮਾਇਆ ਹੋਇਆ ਹੈ:
ਅਖੀ ਅੰਦਰਿ ਦੇਖਦਾ ਸਭ ਚੋਜ ਵਿਡਾਣਾ।
ਕੰਨੀ ਸੁਣਦਾ ਸੁਰਤਿ ਕਰਿ ਆਖਾਣਿ ਵਖਾਣਾ।
ਜੀਭੈ ਅੰਦਰਿ ਬੋਲਦਾ ਬਹੁ ਸਾਦ ਲੁਭਾਣਾ।
ਹਥੀਂ ਕਿਰਤਿ ਕਮਾਂਵਦਾ ਪਗਿ ਚਲੈ ਸੁਜਾਣਾ।
ਦੇਹੀ ਅੰਦਰਿ ਇਕੁ ਮਨੁ ਇੰਦ੍ਰੀ ਪਰਵਾਣਾ।
ਆਪੇ ਆਪਿ ਵਰੱਤਦਾ ਗੁਰਮੁਖਿ ਸੁਖੁ ਮਾਣਾ॥੧੮॥
ਸ੍ਰਿਸ਼ਟੀ ਦਾ ਸ੍ਰਿਸ਼ਟੇ ਨਾਲ ਸਬੰਧ ਦੱਸਿਆ ਭਾਈ ਗੁਰਦਾਸ ਅਗਲੀ ਪਉੜੀ ਵਿਚ ਦੱਸਦੇ ਹਨ ਕਿ ਸੰਸਾਰ ਦਾ ਆਧਾਰ ਪੌਣ ਅਰਥਾਤ ਹਵਾ ਹੈ ਅਤੇ ਸ਼ਬਦ ਗੁਰੂ ਹੈ ਜਿਸ ਤੋਂ ਸਾਰਾ ਗਿਆਨ ਅੱਗੇ ਫੈਲਦਾ ਹੈ। ਧਰਤੀ ਤੇ ਪਾਣੀ ਦੇ ਰੂਪ ਵਿਚ ਮਾਤਾ-ਪਿਤਾ ਸਿਰਜਕ ਸ਼ਕਤੀਆਂ ਹਨ ਅਤੇ ਇਸ ਤਰ੍ਹਾਂ ਸਿਰਜਣਾ ਦਾ ਸਾਰਾ ਪ੍ਰਬੰਧ ਅਮਲ ਵਿਚ ਹੈ, ਸਿਰਜਣਾ ਦਾ ਸਾਰਾ ਪਾਸਾਰਾ ਪਸਰ ਰਿਹਾ ਹੈ। ਰਾਤ ਤੇ ਦਿਨ ਦੇਖ-ਭਾਲ ਕਰਨ ਵਾਲੀ ਦਾਈ ਤੇ ਦਾਇਆ ਹਨ ਜੋ ਜੀਵਾਂ ਦੀ ਸੰਭਾਲ ਕਰ ਰਹੇ ਹਨ ਅਤੇ ਸਾਰਾ ਵਰਤਾਰਾ ਇਸ ਤਰ੍ਹਾਂ ਚੱਲ ਰਿਹਾ ਹੈ। ਸ਼ਿਵ ਭਾਵ ਚੇਤਨਾ ਅਤੇ ਸ਼ਕਤੀ ਭਾਵ ਜੜ੍ਹ ਰੂਪ ਪ੍ਰਕ੍ਰਿਤੀ ਦੇ ਸੁਮੇਲ ਨਾਲ ਸਾਰਾ ਸੰਸਾਰ ਹੋਂਦ ਵਿਚ ਆਉਂਦਾ ਹੈ। ਉਹ ਅਪਰੰਪਰ ਅਤੇ ਪੂਰਨ ਬ੍ਰਹਮ ਇਸ ਸਾਰੀ ਰਚਨਾ ਵਿਚ ਉਸੇ ਤਰ੍ਹਾਂ ਸਮਾਇਆ ਹੋਇਆ ਹੈ ਜਿਸ ਤਰ੍ਹਾਂ ਪਾਣੀ ਦੇ ਸਾਰੇ ਘੜਿਆਂ ਵਿਚ ਉਹ ਇੱਕ ਹੀ ਪੂਰਾ ਚੰਦ ਨਜ਼ਰ ਆਉਂਦਾ ਹੈ। ਉਹ ਕਰਤਾਰ ਜੋ ਸਭ ਦਾ ਆਧਾਰ ਹੈ ਅਤੇ ਸਾਰੇ ਸਮਾਇਆ ਹੋਇਆ ਹੈ, ਗੁਰਮੁਖਾਂ ਨੂੰ ਉਸ ਦਾ ਆਧਾਰ ਹੈ, ਗੁਰਮੁਖਾਂ ਦੀ ਉਹ ਹੀ ਟੇਕ ਹੈ:
ਪਵਣ ਗੁਰੂ ਗੁਰੁ ਸਬਦੁ ਹੈ ਰਾਗ ਨਾਦ ਵੀਚਾਰਾ।
ਮਾਤ ਪਿਤਾ ਜਲੁ ਧਰਤਿ ਹੈ, ਉਤਪਤਿ ਸੰਸਾਰਾ।
ਦਾਈ ਦਾਇਆ ਰਾਤਿ ਦਿਹੁ ਵਰਤੇ ਵਰਤਾਰਾ।
ਸਿਵ ਸਕਤੀ ਦਾ ਖੇਲੁ ਮੇਲੁ ਪਰਕਿਰਤਿ ਪਸਾਰਾ।
ਪਾਰਬ੍ਰਹਮੁ ਪੂਰਨ ਬ੍ਰਹਮੁ ਘਟਿ ਚੰਦੁ ਅਕਾਰਾ।
ਆਪੇ ਆਪਿ ਵਰੱਤਦਾ ਗੁਰਮੁਖਿ ਨਿਰਧਾਰਾ॥੧੯॥
ਜਪੁਜੀ ਦੇ ਅੰਤ ਵਿਚ ਦਿੱਤੇ ਸਲੋਕ ਵਿਚ ਪਵਨ ਅਰਥਾਤ ਹਵਾ ਨੂੰ ਗੁਰੂ ਕਿਹਾ ਹੈ, ਪ੍ਰਾਣ ਜੀਵ ਲਈ ਜ਼ਰੂਰੀ ਹਨ, ਉਵੇਂ ਹੀ ਜਿਵੇਂ ਆਤਮਾ ਲਈ ਗੁਰੂ ਜ਼ਰੂਰੀ ਹੈ। ਪਾਣੀ ਨੂੰ ਪਿਤਾ ਕਿਹਾ ਹੈ ਕਿਉਂਕਿ ਗੁਰਬਾਣੀ ਅਨੁਸਾਰ ਪਾਣੀ ਤੋਂ ਬਿਨਾ ਜੀਵ ਪੈਦਾ ਹੀ ਨਹੀਂ ਹੋ ਸਕਦੇ Ḕਪਾਣੀ ਪਿਤਾ ਜਗਤ ਕਾ’ ਅਤੇ Ḕਪਹਿਲਾ ਪਾਣੀ ਜੀਉ ਹੈ।’ ਪਾਣੀ ਦੇ ਮਿਲਣ ਨਾਲ ਹੀ ਚੀਜ਼ਾਂ ਪੈਦਾ ਹੁੰਦੀਆਂ ਹਨ ਅਤੇ ਹਰੀਆਂ-ਭਰੀਆਂ ਰਹਿੰਦੀਆਂ ਹਨ। ਧਰਤੀ ਸਭ ਜੀਵਾਂ ਦੀ ਮਾਂ ਹੈ ਅਤੇ ਰਾਤ ਤੇ ਦਿਨ ਖਿਡਾਵਾ-ਖਿਡਾਵੀ ਹਨ; ਸਾਰਾ ਸੰਸਾਰ ਖੇਡ ਰਿਹਾ ਹੈ। ਧਰਮ ਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ ਜੀਵਾਂ ਦੇ ਕੀਤੇ ਚੰਗੇ ਤੇ ਮੰਦੇ ਕੰਮਾਂ ਦੀ ਵਿਚਾਰ ਕਰਦਾ ਹੈ। ਆਪਣੇ ਇਨ੍ਹਾਂ ਕੀਤੇ ਚੰਗੇ ਜਾਂ ਮੰਦੇ ਕੰਮਾਂ ਅਨੁਸਾਰ ਹੀ ਜੀਵ ਅਕਾਲ ਪੁਰਖ ਦੀ ਨੇੜਤਾ ਪ੍ਰਾਪਤ ਕਰਦੇ ਹਨ ਜਾਂ ਉਸ ਤੋਂ ਦੂਰ ਹੁੰਦੇ ਹਨ।
ਅਗਲੀ ਪਉੜੀ ਵਿਚ ਵੀ ਫੁੱਲਾਂ ਤੇ ਭੌਰੇ, ਕੋਇਲ ਤੇ ਅੰਬ ਆਦਿ ਵੱਖ ਵੱਖ ਦ੍ਰਿਸ਼ਟਾਂਤ ਦੇ ਕੇ ਪਰਮ ਬ੍ਰਹਮ ਦੀ ਸਰਵ-ਵਿਆਪਕਤਾ ਨੂੰ ਸਮਝਾਇਆ ਗਿਆ ਹੈ। ਪਰਮਾਤਮਾ ਖੁਸ਼ਬੂ ਹੋ ਕੇ ਫੁੱਲਾਂ ਵਿਚ ਵਸਿਆ ਹੈ ਜਿਸ ‘ਤੇ ਭੌਰਾ ਬਣ ਕੇ ਆਪ ਹੀ ਸੁਗੰਧੀ ਦਾ ਅਨੰਦ ਮਾਣ ਰਿਹਾ ਹੈ। ਅੰਬਾਂ ਵਿਚ ਆਪ ਹੀ ਰਸ ਬਣ ਕੇ ਵਿਆਪਕ ਹੈ ਅਤੇ ਫਿਰ ਆਪ ਹੀ ਕੋਇਲ ਬਣ ਕੇ ਉਨ੍ਹਾਂ ਅੰਬਾਂ ਦਾ ਰਸ ਮਾਣ ਰਿਹਾ ਹੈ। ਇਸੇ ਤਰ੍ਹਾਂ ਆਪ ਹੀ ਬੱਦਲ ਬਣ ਕੇ ਵਰ੍ਹਦਾ ਹੈ ਅਤੇ ਫਿਰ ਆਪ ਹੀ ਮੋਰ ਤੇ ਬਬੀਹਾ ਬਣ ਕੇ ਉਸ ਵਰਖਾ ਦਾ ਅਨੰਦ ਮਾਣਦਾ ਹੈ। ਉਹ ਆਪਣੇ ਆਪ ਨੂੰ ਬਹੁਰੰਗੀ ਮਿਠਾਸ ਵਿਚ ਬਦਲ ਲੈਂਦਾ ਹੈ, ਦੁੱਧ ਤੇ ਪਾਣੀ ਬਣ ਕੇ ਉਨ੍ਹਾਂ ਦੇ ਸੁਮੇਲ ਰਾਹੀਂ। ਉਹ ਨਿਰਾਕਾਰ ਅਕਾਲ ਪੁਰਖ ਆਪਣੇ ਆਪ ਤੋਂ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਇਸ ਲਈ ਸਾਰਾ ਸੰਸਾਰ ਉਸੇ ਦਾ ਰੂਪ ਹੈ ਅਤੇ ਉਹ ਸਾਰਿਆਂ ਵਿਚ ਵਿਆਪਕ ਹੈ। ਉਹ ਸਰਵ-ਵਿਆਪਕ ਹੈ, ਹਰ ਤਰ੍ਹਾਂ ਦੇ ਕਾਰਜਾਂ ਵਿਚ ਅਤੇ ਸਾਰੀ ਹੋਂਦ ਵਿਚ; ਗੁਰਮੁਖਿ ਉਸ ਅੱਗੇ ਸੀਸ ਨਿਵਾਉਂਦਾ ਹੈ:
ਫੁਲਾਂ ਅੰਦਰਿ ਵਾਸੁ ਹੈ ਹੋਇ ਭਵਰੁ ਲੁਭਾਣਾ।
ਅੰਬਾਂ ਅੰਦਰਿ ਰਸ ਧਰੇ, ਕੋਇਲ ਰਸੁ ਮਾਣਾ।
ਮੋਰ ਬਬੀਹਾ ਹੋਇ ਕੈ ਘਣ ਵਰਸ ਸਿਞਾਣਾ।
ਖੀਰ ਨੀਰ ਸੰਜੋਗ ਹੋਇ ਕਲੀਕੰਦ ਵਖਾਣਾ।
ਓਅੰਕਾਰੁ ਆਕਾਰੁ ਕਰਿ, ਹੋਇ ਪਿੰਡ ਪਰਾਣਾ।
ਆਪੇ ਆਪਿ ਵਰੱਤਦਾ ਗੁਰਮੁਖਿ ਪਰਵਾਣਾ॥੨੦॥