ਸੰਤ ਰਾਮ ਉਦਾਸੀ ਦਾ ਦੁਖਾਂਤ

30ਵੀਂ ਬਰਸੀ ਉਤੇ ਵਿਸ਼ੇਸ਼
ਸੰਤ ਰਾਮ ਉਦਾਸੀ (20 ਅਪਰੈਲ 1939 ਤੋਂ 6 ਨਵੰਬਰ 1986) ਨੂੰ ਸਾਥੋਂ ਵਿਛੜਿਆਂ 30 ਸਾਲ ਬੀਤ ਗਏ ਹਨ, ਪਰ ਉਹਦੀਆਂ ਕਵਿਤਾਵਾਂ ਅਤੇ ਉਹਦੇ ਸ਼ਾਨਾਂਮੱਤਾ ਜੀਵਨ ਦੀ ਕਹਾਣੀ ਸਦਾ ਸਾਡੇ ਅੰਗ-ਸੰਗ ਹੈ। ਉਹ ਪੰਜਾਬੀ ਕਾਵਿ-ਜਗਤ ਦਾ ਅਹਿਮ ਹਸਤਾਖਰ ਹੈ। ਉਹਦੀਆਂ ਕਵਿਤਾਵਾਂ ਵਿਚ ਰੋਹ ਦੇ ਚੰਗਿਆੜੇ ਬਲਦੇ ਹਨ ਅਤੇ ਨਾਲ ਹੀ ਦਰਦ ਦੇ ਨੀਰ ਵਗਦੇ ਜਾਪਦੇ ਹਨ। ਦੱਬੇ-ਕੁਚਲੇ ਲੋਕਾਂ ਲਈ ਉਹਦੀਆਂ ਕਵਿਤਾਵਾਂ ਸੂਰਜ ਤੋਂ ਘੱਟ ਨਹੀਂ। ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਵਿਲੱਖਣ ਹਸਤੀ ਬਾਰੇ ਲੰਮਾ ਲੇਖ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਭੇਜਿਆ ਹੈ ਜਿਸ ਦੀ ਪਹਿਲੀ ਕਿਸ਼ਤ ਛਾਪੀ ਜਾ ਰਹੀ ਹੈ।

-ਸੰਪਾਦਕ

ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਸੰਤ ਰਾਮ ਉਦਾਸੀ ਲੋਕ ਕਾਵਿ ਦਾ ਮਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ, ਪਰ ਉਹਦੀਆਂ ਕਵਿਤਾਵਾਂ ਤੇ ਗੀਤਾਂ ਦਾ ਤਪ-ਤੇਜ ਸਦਾ ਮਘਦਾ ਰਹੇਗਾ ਤੇ ਕਿਰਤੀ-ਕਾਮਿਆਂ ਅੰਦਰ ਰੋਹ ਦੀਆਂ ਚਿਣਗਾਂ ਬਾਲਦਾ ਰਹੇਗਾ। ਉਦਾਸੀ ਦੇ ਹਰ ਤਰ੍ਹਾਂ ਦੀਆਂ ਸਟੇਜਾਂ Ḕਤੇ ਗਾਏ ਗੀਤ ਅੱਜ ਵੀ ਲੋਕ-ਮਨਾਂ ਵਿਚ ਗੂੰਜਦੇ ਹਨ। ਉਦਾਸੀ ਕੇਵਲ 47 ਸਾਲ ਜੀਵਿਆ, ਪਰ ਪਿੱਛੇ ਚਾਰ ਕਾਵਿ ਸੰਗ੍ਰਹਿ ਤੇ ਅਨੇਕਾਂ ਯਾਦਾਂ ਛੱਡ ਗਿਆ। ਉਹਦੀ ਕਾਵਿ ਬੁਲੰਦੀ ਦਾ ਅੰਦਾਜ਼ਾ Ḕਕੰਮੀਆਂ ਦੇ ਵਿਹੜੇḔ ਦੇ ਇਸ ਗੀਤ ਤੋਂ ਲਗ ਸਕਦਾ ਹੈ:
ਮਾਂ ਧਰਤੀਏ! ਤੇਰੀ ਗੋਦ ਨੂੰ
ਚੰਨ ਹੋਰ ਬਥੇਰੇ।
ਤੂੰ ਮਘਦਾ ਰਈਂ ਵੇ ਸੂਰਜਾ
ਕੰਮੀਆਂ ਦੇ ਵਿਹੜੇ।
ਜਿਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾæææ।
ਜਿਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ-ਪੀਰੀ ਹੈ
ਜਿਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ
ਪੁੱਤ ਜੰਮਦੇ ਜਿਹੜੇ
ਤੂੰ ਮਘਦਾ ਰਈਂ ਵੇ ਸੂਰਜਾæææ।
ਜਿਥੇ ਹਾਰ ਮੰਨ ਲਈ ਚਾਵਾਂ ਨੇ
ਜਿਥੇ ਕੂੰਜ ਘੇਰ ਲਈ ਕਾਂਵਾਂ ਨੇ
ਜਿਥੇ ਅਣਵਿਆਹੀਆਂ ਹੀ ਮਾਂਵਾਂ ਨੇ
ਜਿਥੇ ਧੀਆਂ ਹਉਕੇ ਲੈਂਦੀਆਂ
ਅਸਮਾਨ ਜਡੇਰੇ
ਤੂੰ ਮਘਦਾ ਰਈਂ ਵੇ ਸੂਰਜਾæææ।
ਤੂੰ ਆਪਣਾ ਆਪ ਮਚਾਂਦਾ ਹੈਂ
ਪਰ ਆਪਾ ਹੀ ਰੁਸ਼ਨਾਂਦਾ ਹੈਂ
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ
ਮੰਦਹਾਲ ਮਰੇੜੇ
ਤੂੰ ਮਘਦਾ ਰਈਂ ਵੇ ਸੂਰਜਾæææ।
ਕੰਮੀਆਂ ਦੇ ਵਿਹੜੇ ਦੀ ਤ੍ਰਾਸਦੀ ਪੇਸ਼ ਕਰਨ ਵਿਚ ਉਹਦਾ ਹੱਡੀਂ ਹੰਢਾਇਆ ਅਨੁਭਵ ਵੀ ਸ਼ਾਮਲ ਸੀ। ਇਸੇ Ḕਚੋਂ ਉਹ ਲਤਾੜੀ ਧਿਰ ਦਾ ਬੁਲਾਰਾ ਬਣਿਆ। ਉਹ ਜਿਸ ਜਾਤੀ ਵਿਚ ਜੰਮਿਆ, ਉਦੋਂ ਉਸ ਨੂੰ ਹਰੀਜਨ ਨਹੀਂ, ਮਜ਼੍ਹਬੀ ਸਿੱਖ ਕਿਹਾ ਜਾਂਦਾ ਸੀ। ਮਜ੍ਹæਬੀ ਸਿੱਖ ਸਦੀਆਂ ਤੋਂ ਖੇਤਾਂ ਦੇ ਕਾਮੇ ਤੇ ਜੱਟਾਂ ਦੇ ਸੀਰੀ ਸਨ। ਜਿੰæਮੀਦਾਰਾਂ ਦੇ ਖੇਤਾਂ ਵਿਚ ਸੀਰੀ ਜਾਂ ਦਿਹਾੜੀਏ ਬਣ ਕੇ ਜਾਣ ਸਮੇਂ ਉਹ ਖਾਣ ਪੀਣ ਵਾਲਾ ਭਾਂਡਾ ਆਪਣੇ ਨਾਲ ਲੈ ਕੇ ਜਾਂਦੇ ਸਨ। ਜ਼ਿੰਮੀਦਾਰਾਂ ਦੇ ਘਰ ਦਾ ਭਾਂਡਾ ਵਰਤਣਾ ਮਨ੍ਹਾਂ ਸੀ। ਵਰਤ ਲੈਣ ਤਾਂ ਉਹ ਭਿੱਟਿਆ ਗਿਆ ਸਮਝਿਆ ਜਾਂਦਾ ਸੀ, ਜਿਸ ਨੂੰ ਅੱਗ ਵਿਚ ਤਪਾ ਕੇ ਸੁੱਚਾ ਕਰਨਾ ਪੈਂਦਾ ਸੀ!
ਸਮਾਜ ਨੂੰ ਜਾਤ-ਪਾਤ ਵਿਚ ਵੰਡਣ ਵਾਲੇ ਗ੍ਰੰਥ ਮਨੂੰ ਸਿਮਰਤੀ ਵਿਚ ਹਦਾਇਤ ਹੈ ਕਿ ਚੰਡਾਲਾਂ ਤੇ ਸੈਂਸੀਆਂ ਦਾ ਵਸੇਬਾ ਪਿੰਡੋਂ ਬਾਹਰ ਹੋਵੇ। ਉਨ੍ਹਾਂ ਦੇ ਭਾਂਡੇ ਨਖਿੱਧ ਹੋਣ, ਕੁੱਤੇ ਤੇ ਗਧੇ ਉਨ੍ਹਾਂ ਦੀ ਸੰਪਤੀ ਹੋਣ, ਮਰੇ ਹੋਏ ਲੋਕਾਂ ਦੇ ਉਤਾਰ ਜਾਂ ਫਟੇ ਪੁਰਾਣੇ ਚੀਥੜੇ ਉਨ੍ਹਾਂ ਨੂੰ ਹੰਢਾਉਣ ਲਈ ਦਿੱਤੇ ਜਾਣ। ਟੁੱਟੇ-ਫੁੱਟੇ ਭਾਂਡੇ ਰੋਟੀ ਪਕਾਉਣ ਵਾਸਤੇ ਹੋਣ ਤੇ ਲੋਹੇ ਦੇ ਕੜੇ ਛੱਲੇ ਆਦਿ ਇਨ੍ਹਾਂ ਦੇ ਗਹਿਣੇ ਹੋਣ। ਜੇ ਇਨ੍ਹਾਂ ਨੂੰ ਅੰਨ ਦਾਨ ਦੇਣਾ ਹੋਵੇ ਤਾਂ ਆਪਣੇ ਹੱਥੀਂ ਨਹੀਂ, ਸਗੋਂ ਕਿਸੇ ਹੋਰ ਭਾਂਡੇ ਵਿਚ ਰੱਖ ਕੇ, ਕਿਸੇ ਨੌਕਰ ਰਾਹੀਂ ਦੇਣਾ ਚਾਹੀਦਾ ਹੈ। ਇਨ੍ਹਾਂ ਚੰਡਾਲਾਂ ਤੇ ਸੈਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਐਸੀ ਜਾਤ ਵਿਚ ਜਨਮਿਆ ਸੀ, ਸੰਤ ਰਾਮ ਉਦਾਸੀ। ਅਜਿਹੇ ਪਿਛੋਕੜ ਵਾਲੇ ਕਵੀ ਦਾ ਗੁੱਸਾ ਤੇ ਰੋਹ ਜਮਾਤੀ ਦੁਸ਼ਮਣਾਂ ਵਿਰੁਧ ਪ੍ਰਚੰਡ ਹੋਣਾ ਸੁਭਾਵਿਕ ਸੀ।
ਜਦ ਉਹ ਲਿਖਣ ਤੇ ਗਾਉਣ ਲੱਗਾ ਤਾਂ ਉਸ ਨੇ ਆਪਣੇ ਗੀਤਾਂ ਤੇ ਨਜ਼ਮਾਂ ਨਾਲ ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਐਸੀ ਅੱਗ ਬਾਲੀ ਜੋ ਹਾਕਮਾਂ ਤੇ ਲੋਟੂਆਂ ਤੋਂ ਬੁਝਣ ਵਾਲੀ ਨਹੀਂ। ਜਦੋਂ ਉਹ ਜੋਸ਼ ਨਾਲ ਗਾਉਂਦਾ ਤਾਂ ਉਹਦੇ ਜਾਨਦਾਰ ਗੀਤਾਂ ਵਿਚਲੀ ਰੋਹੀਲੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ। ਇਹ ਕਿਰਤੀ ਕਾਮਿਆਂ ਦੀ ਰੋਹ ਭਰੀ ਲਲਕਾਰ ਸੀ। ਆਪਣਾ ਖੱਬਾ ਹੱਥ ਕੰਨ Ḕਤੇ ਧਰ ਜਦ ਸੱਜੀ ਬਾਂਹ ਆਕਾਸ਼ ਵੱਲ ਉਗਾਸਦਾ ਤਾਂ ਉਹਦੇ ਹਾਕ ਮਾਰਵੇਂ ਬੋਲ ਦੂਰ-ਦੂਰ ਤਕ ਗੂੰਜਦੇ। ਮਲਵਈ ਪੁੱਠ ਵਾਲੀ ਲਰਜ਼ਦੀ ਹੂਕ ਨਾਲ ਚਾਰ-ਚੁਫੇਰਾ ਲਰਜ਼ ਉਠਦਾ। ਉਹਦੀ ਬਾਗੀ ਸੁਰ ਹਜ਼ਾਰਾਂ ਸਰੋਤਿਆਂ ਨੂੰ ਝੰਜੋੜ ਦਿੰਦੀ। ਉਨ੍ਹਾਂ ਦੇ ਦਿਲਾਂ ਦਿਮਾਗਾਂ Ḕਤੇ ਜੰਮਿਆ ਜੰਗਾਲ ਉਤਰ ਜਾਂਦਾ। ਉਹ ਸੰਖ ਵਰਗੀ ਆਵਾਜ਼ ਨਾਲ ਸਰੋਤਿਆਂ ਦੇ ਵੱਡੇ ਤੋਂ ਵੱਡੇ Ḕਕੱਠ ਨੂੰ ਕੀਲ ਲੈਂਦਾ। ਪੇਸ਼ ਕਰਨ ਦਾ ਉਹਦਾ ਅੰਦਾਜ਼ ਵੀ ਅਦੁੱਤੀ ਸੀ। ਉਹ ਹਿੱਕ ਦੇ ਤਾਣ ਨਾਲ ਗਾਉਂਦਾ:
ਦੇਸ਼ ਹੈ ਪਿਆਰਾ ਸਾਨੂੰ
ਜ਼ਿੰਦਗੀ ਪਿਆਰੀ ਨਾਲੋਂ
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸੀਂ ਤੋੜ ਦੇਣੀ, ਅਸੀਂ ਤੋੜ ਦੇਣੀ
ਲਹੂ ਪੀਣੀ ਜੋਕ ਹਾਣੀਆਂæææ।
ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸੱਭੇ
ਰੱਜਣਗੇ ਕਿਰਤੀ ਕਿਸਾਨ ਮੁੜ ਕੇ
ਜ਼ਰਾ ਹੱਲਾ ਮਾਰੋ, ਜ਼ਰਾ ਹੱਲਾ ਮਾਰੋ,
ਕਿਰਤੀ ਕਿਸਾਨ ਜੁੜ ਕੇæææ
ਰੁੱਸੀਆਂ ਬਹਾਰਾਂ ਅਸੀਂ
ਮੋੜ ਕੇ ਲਿਆਉਣੀਆਂ ਨੇ
ਆਖਦੇ ਨੇ ਲੋਕੀਂ ਹਿੱਕਾਂ ਠੋਕ ਹਾਣੀਆਂ
ਹੜ੍ਹ ਲੋਕਤਾ ਦਾ, ਹੜ੍ਹ ਲੋਕਤਾ ਦਾ
ਕਿਹੜਾ ਸਕੂ ਰੋਕ ਹਾਣੀਆਂæææ।
ਵਿਹਲੜਾਂ ਨੇ ਮਾਣਿਆਂ ਸਵਾਦ
ਹੈ ਆਜ਼ਾਦੀਆਂ ਦਾ
ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ
ਤੇਰੇ ਜ਼ੁਲਮਾਂ ਦੀ, ਤੇਰੇ ਜ਼ੁਲਮਾਂ ਦੀ
ਜ਼ਾਲਮਾਂ ਅਖੀਰ ਹੋਈ ਏæææ।
ਸੁਣ ਲਵੋ ਕਾਗੋ,
ਅਸੀਂ ਕਰ ਦੇਣਾ ਪੁੱਠੇ ਥੋਨੂੰ
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ
ਰੋਟੀ ਬੱਚਿਆਂ ਦੇ, ਰੋਟੀ ਬੱਚਿਆਂ ਦੇ
ਹੱਥਾਂ ਵਿਚੋਂ ਖੋਹਣ ਵਾਲਿਓæææ।
ਕਿਰਨਾਂ ਦਾ ਆਲ੍ਹਣਾ ਤਾਂ
ਬਣੇਗਾ ਆਕਾਸ਼ ਵਿਚ
ਭੌਰ ਵੀ ਵਸੇਗਾ ਵਿਚ ਨਵੇਂ ਯੁੱਗ ਦਾ
ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ
ਲਾਰਾ ਅੱਜ ਨਹੀਓਂ ਪੁੱਗਦਾæææ।
ਇਕ ਵਾਰ ਉਹ ਵਿਦੇਸ਼ ਗਿਆ ਤਾਂ Ḕਵਿਦੇਸ਼ੀ ਹਵਾਵਾਂ ਦੇ ਨਾਂḔ ਗੀਤ ਗਾਇਆ। ਸੁਣ ਕੇ ਪਰਵਾਸੀਆਂ ਦੇ ਹੰਝੂ ਆਪ-ਮੁਹਾਰੇ ਵਹਿ ਤੁਰੇ। ਉਸ ਦੀ ਕਾਵਿਕ ਉਡਾਣ ਵੇਖੋ:
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇਕ ਦਰਵੇਸ਼
ਮੈਂ ਤਾਂ ਜੀਅ ਹਾਂ ਇਕ ਨਰਕਾਂ ਦੇ ਹਾਣ ਦਾ
ਮੈਂ ਨੀ ਸੁਰਗਾਂ ਦੇ ਸੁੱਖਾਂ ਨੂੰ ਸਿਆਣਦਾ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼æææ।
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ
ਮਿਲੂ ਕਿਹੜੀਆਂ ਵਲੈਤਾਂ Ḕਚੋਂ ਉਧਾਰ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼æææ।
ਮੈਨੂੰ ਜੁੜਿਆ Ḕਜੜ੍ਹਾਂḔ ਦੇ ਨਾਲ ਰਹਿਣ ਦੇ
ḔਫੁੱਲḔ ਕਹਿਣ ਮੈਨੂੰ ḔਕੰਡਾḔ ਚਲੋ ਕਹਿਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼æææ।
ਮੈਨੂੰ ਖਿੜਿਆ ਕਪਾਹ ਦੇ ਵਾਂਗ ਰਹਿਣ ਦੇ
ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼æææ।
ਤੂੰ ਤਾਂ ਮੇਰੀਆਂ ਹੀ ਮਹਿਕਾਂ ਨੂੰ ਉਧਾਲ ਕੇ
ਫੁੱਲੀ ਫਿਰਦੀ ਵਲਾਇਤਾਂ Ḕਚ ਖਿਲਾਰ ਕੇ
ਮੇਰੇ ਪਿੰਡੇ ਨਾਲ ਕਰੇਂ ਤੂੰ ਚਹੇਡ ਨੀ
ਮੇਰੇ ਝੱਗੇ ਦੇ ਲੰਗਾਰਾਂ ਨਾਲ ਖੇਡ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼æææ।
ਜੇ ਤੈਨੂੰ ਕੱਚੇ ਕੋਠਿਆਂ ਦੇ ਵਿਚ ਢੋਈ ਨਾ
ਮੇਰੀ ਹੋਣੀ ਦੀ ਦਸੌਰੀਂ ਦਿਲਜੋਈ ਨਾ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼।
ਕਰੇ ਜੋਦੜੀ ਨੀ ਇਕ ਦਰਵੇਸ਼।
ਉਦਾਸੀ ਮੈਥੋਂ ਇਕ ਸਾਲ ਵੱਡਾ ਸੀ। ਸਾਡੇ ਜੰਮਣ ਵੇਲੇ 1947 ਦੀ ਵੰਡ ਨਹੀਂ ਸੀ ਹੋਈ। ਦੂਜੀ ਵਿਸ਼ਵ ਜੰਗ ਦਾ ਬਿਗਲ ਵੱਜ ਚੁੱਕਾ ਸੀ। ਅਸੀਂ ਕਈ ਸਾਲ ਨੇੜੇ-ਤੇੜੇ ਵਿਚਰੇ। ਉਹ 20 ਅਪਰੈਲ 1939 ਨੂੰ ਜ਼ਿਲ੍ਹਾ ਸੰਗਰੂਰ (ਹੁਣ ਬਰਨਾਲਾ) ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ। ਰਾਏਸਰ ਕਾਫੀ ਪੁਰਾਣਾ ਪਿੰਡ ਹੈ ਜੋ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਇਕ ਅੰਗਰੇਜ਼ ਰਾਜ ਪੰਜਾਬ ਦੇ ਅਧੀਨ ਸੀ ਤੇ ਦੂਜਾ ਪਟਿਆਲਾ ਦੇ। ਪੰਜਾਬ ਪੱਤੀ ਤੇ ਪਟਿਆਲਾ ਪੱਤੀ ਵਿਚ ਉਂਜ ਹੱਦਬੰਦੀ ਕੋਈ ਨਹੀਂ ਸੀ। 1947 ਤੋਂ ਪਹਿਲਾਂ ਮੁਸਲਿਮ ਆਬਾਦੀ ਕਾਫੀ ਸੀ ਤੇ ਇਹ ਪਿੰਡ ਡਾਕੂਆਂ ਦਾ ਅੱਡਾ ਸੀ। ਪੰਜਾਬ ਦੀ ਪੁਲਿਸ ਪਿੱਛਾ ਕਰਦੀ ਤਾਂ ਉਹ ਪਟਿਆਲਾ ਪੱਤੀ ਚਲੇ ਜਾਂਦੇ, ਪਟਿਆਲਾ ਪੁਲਿਸ ਪੈਂਦੀ ਤਾਂ ਪੰਜਾਬ ਪੱਤੀ Ḕਚ ਜਾ ਲੁਕਦੇ। ਪਾਰਟੀਬਾਜ਼ੀ ਹੋਣ ਕਾਰਨ ਕਤਲ ਹੁੰਦੇ ਰਹਿੰਦੇ।
ਉਦਾਸੀ ਦੇ ਪਿਤਾ ਦਾ ਨਾਂ ਮੇਹਰ ਸਿੰਘ ਤੇ ਮਾਤਾ ਦਾ ਧੰਨ ਕੌਰ ਮਾਲਣ ਸੀ। ਮੇਹਰ ਸਿੰਘ ਨੇ ਸੀਰ ਵੀ ਕੀਤੇ, ਭੇਡਾਂ ਵੀ ਚਾਰੀਆਂ ਤੇ ਖੇਤੀ ਵੀ ਕੀਤੀ। ਧੰਨ ਕੌਰ ਨੇ ਚੱਕੀਆਂ ਪੀਹਣ ਤੋਂ ਲੈ ਕੇ ਜ਼ਿੰਮੀਦਾਰਾਂ ਦਾ ਗੋਹਾ-ਕੂੜਾ ਵੀ ਕੀਤਾ। ਉਦਾਸੀ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ। ਉਦਾਸੀ ਨੂੰ ਹੇਕਮਈ ਸੁਰੀਲੀ ਆਵਾਜ਼ ਆਪਣੇ ਪੜਦਾਦੇ ਤੋਂ ਵਿਰਸੇ ਵਿਚ ਮਿਲੀ। ਉਹ ਮੁਸਲਮਾਨਾਂ ਦੀਆਂ ਮਹਿਫ਼ਲਾਂ ਵਿਚ ਵੀ ਗਾਉਂਦਾ ਸੀ। ਉਹੀ ਉਸ ਨੂੰ ਦਿਆਲਪੁਰਾ ਭਾਈਕੇ ਤੋਂ ਰਾਏਸਰ ਲਿਆਏ ਸਨ। ਉਦਾਸੀ ਹੋਰੀਂ ਪੰਜ ਭਰਾ ਸਨ-ਗੁਰਦਾਸ ਸਿੰਘ, ਹਰਦਾਸ ਸਿੰਘ ਉਰਫ਼ ਭੂਰਾ, ਪ੍ਰਕਾਸ਼ ਸਿੰਘ, ਸੰਤ ਰਾਮ ਤੇ ਗੁਰਦੇਵ ਸਿੰਘ ਕੋਇਲ। ਤਿੰਨ ਭੈਣਾਂ ਸਨ-ਸੱਤਿਆ, ਹਰਬੰਸ ਕੌਰ ਤੇ ਸੁਖਦੇਵ ਕੌਰ। ਭੈਣਾਂ ਦੇ ਨਿੱਕੇ ਨਾਂ ਸਨ-ਕਾਕੀ, ਘੁੱਕੋ ਤੇ ਨਿੱਕੀ।
ਸਭ ਤੋਂ ਵੱਡਾ ਗੁਰਦਾਸ ਸਿੰਘ ਘਾਰੂ ਸੀ ਜਿਸ ਨੇ Ḕਪਗਡੰਡੀਆਂ ਤੋਂ ਜੀਵਨ ਮਾਰਗ ਤੱਕḔ ਸਵੈਜੀਵਨੀ ਲਿਖੀ। ਉਹ ਆਪਣੇ ਕੋੜਮੇ ਬਾਰੇ ਦੱਸਦਾ ਹੈ ਕਿ ਉਨ੍ਹਾਂ ਦਾ ਪੜਦਾਦਾ ਪੂਰਨ ਗੁਰਸਿੱਖ ਸੀ। ਲੋਕ ਉਸ ਨੂੰ ਸੰਤ ਬਾਬਾ ਕਾਹਲਾ ਸਿੰਘ ਕਹਿੰਦੇ ਸਨ। ਉਹ ਗੁਰਬਾਣੀ ਦਾ ਗਿਆਤਾ ਤੇ ਰਸਭਿੰਨਾ ਕੀਰਤਨੀਆ ਸੀ। ਬਾਬਾ ਕਾਹਲਾ ਸਿੰਘ ਦੇ ਬਾਬੇ ਜੋਤਾ ਸਿੰਘ ਤੇ ਜੇਠਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਸਰਸਾ ਨਦੀ ‘ਤੇ ਹੋਏ ਯੁੱਧ ਵਿਚ ਸ਼ਹੀਦੀਆਂ ਪਾ ਗਏ ਸਨ।
ਬਾਬਾ ਕਾਹਲਾ ਸਿੰਘ ਦੇ ਵੱਡੇ ਭਾਈ ਬਾਬਾ ਚੇਤ ਸਿੰਘ ਭੰਗੀ ਮਿਸਲ ਦੇ 1400 ਘੋੜ ਸਵਾਰਾਂ ਦੀ ਖਾਲਸਾ ਫੌਜ ਦੇ ਆਗੂ ਸਨ। 1798 ਵਿਚ ਰੰਗਰੇਟਾ ਭੰਗੀ ਮਿਸਲ ਦਾ ਇਹ ਜਰਨੈਲ ਮਿਸਲਾਂ ਦੀ ਆਪਸੀ ਲੜਾਈ ਵਿਚ ਸ਼ਹੀਦੀ ਪਾ ਗਿਆ। ਸਿੱਖ ਸਿਧਾਂਤ ਤੋਂ ਥਿੜਕੀ ਲਹਿਰ ਤੋਂ ਉਪਰਾਮ ਹੋ ਕੇ ਬਾਬਾ ਕਾਹਲਾ ਸਿੰਘ ਨੇ ਮੁਸਲਮਾਨਾਂ ਦੇ ਕਹਿਣ ਉਤੇ ਦਿਆਲਪੁਰਾ ਭਾਈਕੇ ਤੋਂ ਰਾਏਸਰ ਆ ਵਸੇਬਾ ਕੀਤਾ। ਰਾਏਸਰ ਦੇ ਕੁਝ ਮੁਸਲਮਾਨ ਸੰਗੀਤ ਦੇ ਸ਼ੌਕੀਨ ਸਨ। ਬਾਬਾ ਕਾਹਲਾ ਸਿੰਘ ਪੰਜਾਬੀ, ਉਰਦੂ, ਫਾਰਸੀ ਤੇ ਬ੍ਰਿਜ ਭਾਸ਼ਾ ਲਿਖਣੀ ਜਾਣਦੇ ਸਨ। ਉਨ੍ਹਾਂ ਨੇ ਉਦਾਸੀ ਤੇ ਨਿਰਮਲੇ ਸਾਧੂਆਂ ਨੂੰ ਬੇਨਤੀ ਕੀਤੀ, ਮਹਾਰਾਜ ਜੀਓ! ਆਪਣੇ ਭੰਡਾਰਿਆਂ ਵਿਚੋਂ ਬੱਚਿਆਂ ਨੂੰ ਵਿਦਿਆ ਦਾ ਦਾਨ ਵਰਤਾਓ। ਇਹ ਪੁੰਨ ਧੂਣੀਆਂ ਬਾਲਣ ਤੇ ਜਲ ਧਾਰੇ ਕਰਨ ਨਾਲੋਂ ਵਧੇਰੇ ਫਲਦਾ ਹੈ। ਉਨ੍ਹਾਂ ਦੀ ਪ੍ਰੇਰਨਾ ਨਾਲ ਕਈ ਸਾਲ ਬਾਅਦ ਨੌਜੁਆਨ ਸੰਤ ਨਿਰਮੋਹ ਦਾਸ ਨੇ 1882 ਵਿਚ ਪਿੰਡ ਮੂੰਮਾਂ ਵਿਖੇ Ḕਨਿਰਮਾਣ ਸਰ ਵਿਦਿਆਲਾḔ ਸ਼ੁਰੂ ਕੀਤਾ। ਨਿਰਮਾਣ ਸਰ ਵਿਦਿਆਲੇ ਦਾ ਅਸਰ ਅਗਲੇਰੀਆਂ ਪੀੜ੍ਹੀਆਂ ‘ਤੇ ਪਿਆ ਜਿਨ੍ਹਾਂ ਵਿਚ ਉਦਾਸੀ ਦਾ ਪਿਉ ਵੀ ਸ਼ਾਮਲ ਸੀ।
ਬਾਬਾ ਕਾਹਲਾ ਸਿੰਘ 1857 ਵਿਚ ਪਰਲੋਕ ਸਿਧਾਰ ਗਏ। ਉਦੋਂ ਉਨ੍ਹਾਂ ਦਾ ਵੱਡਾ ਪੁੱਤਰ, ਯਾਨੀ ਉਦਾਸੀ ਹੋਰਾਂ ਦਾ ਵੱਡਾ ਬਾਬਾ ਸਰਮੁੱਖ ਸਿੰਘ ਦਸ ਕੁ ਸਾਲ ਦਾ ਸੀ। ਉਦਾਸੀ ਹੋਰਾਂ ਦਾ ਬਾਬਾ ਭਗਤ ਸਿੰਘ ਉਹਤੋਂ ਛੋਟਾ ਸੀ ਜੋ ਬਾਅਦ ਵਿਚ ਕੂਕਾ (ਨਾਮਧਾਰੀ) ਸਜ ਗਿਆ ਤੇ ਉਸ ਦੇ ਪਰਿਵਾਰ ਨੂੰ ਕੂਕਿਆਂ ਦਾ ਟੱਬਰ ਕਿਹਾ ਜਾਣ ਲੱਗਾ। ਉਦਾਸੀ ਦੇ ਵੱਡੇ ਬਾਬੇ ਸਰਮੁੱਖ ਸਿੰਘ ਦਾ ਪੁੱਤਰ ਯਾਨੀ ਉਦਾਸੀ ਦਾ ਤਾਇਆ ਕੇਹਰ ਸਿੰਘ 16 ਸਾਲ ਨਿਰਮਾਣ ਸਰ ਵਿਦਿਆਲੇ ਵਿਚ ਪੜ੍ਹਿਆ ਜਿਥੇ ਪੰਜਾਬੀ, ਉਰਦੂ ਤੇ ਫਾਰਸੀ ਦੇ ਨਾਲ ਅੰਗਰੇਜ਼ੀ ਵੀ ਪੜ੍ਹਾਈ ਜਾਂਦੀ ਸੀ, ਪਰ ਡਿਗਰੀ ਕੋਈ ਨਹੀਂ ਸੀ ਦਿੱਤੀ ਜਾਂਦੀ। ਪਿੰਡ ਪੂਹਲੀ ਤੋਂ ਈਸ਼ਰ ਸਿੰਘ ਤੇ ਹਰਦਿੱਤ ਸਿੰਘ ਪੂਹਲੀ (ਜੋ ਪੰਜਾਬੀ ਸੂਬਾ ਬਣ ਜਾਣ ਪਿੱਛੋਂ ਐਮæ ਐਲ਼ ਏæ ਬਣਿਆ) ਆਪਣੀ ਭੈਣ ਧੰਨ ਕੌਰ ਦਾ ਰਿਸ਼ਤਾ ਕੇਹਰ ਸਿੰਘ ਨੂੰ ਕਰ ਗਏ। ਧੰਨ ਕੌਰ ਦੀ ਮਾਂ ਵਿਧਵਾ ਸੀ। ਕੇਹਰ ਸਿੰਘ ਤੇ ਧੰਨ ਕੌਰ ਦਾ ਵਿਆਹ ਹੋ ਗਿਆ, ਪਰ ਤਿੰਨ ਮਹੀਨਿਆਂ ਬਾਅਦ ਪਲੇਗ ਦੀ ਬਿਮਾਰੀ ਨਾਲ ਕੇਹਰ ਸਿੰਘ ਗੁਜ਼ਰ ਗਿਆ। ਮੁਕਾਣਾਂ ਆਈਆਂ ਤਾਂ ਕੇਹਰ ਸਿੰਘ ਦੀ ਸੱਸ ਆਸ ਕੌਰ ਨੇ ਨਗਰ ਨੂੰ ਬੇਨਤੀ ਕੀਤੀ ਕਿ ਮੈਂ ਆਪਣੀ ਧੀ ਨੂੰ ਰਾਏਸਰ ਦੀ ਨੂੰਹ ਬਣਾ ਚੁੱਕੀ ਹਾਂ, ਹੁਣ ਵਾਪਸ ਪੂਹਲੀ ਕਿਵੇਂ ਲਿਜਾਵਾਂ? ਮੈਂ ਤਾਂ ਆਪ ਵਿਧਵਾ ਹੋਣ ਦਾ ਦੁੱਖ ਭੋਗ ਰਹੀ ਆਂ। ਉਹ ਚਾਹੁੰਦੀ ਸੀ ਕਿ ਵਿਧਵਾ ਧੰਨ ਕੌਰ ਰਾਏਸਰ ਵਿਚ ਹੀ ਕਿਸੇ ਸਕੇ-ਸੋਧਰੇ ਦੇ ਸਿਰ ਧਰ ਦਿੱਤੀ ਜਾਵੇ। ਕੇਹਰ ਸਿੰਘ ਦਾ ਕੋਈ ਸਕਾ ਭਰਾ ਨਹੀਂ ਸੀ, ਇਸ ਲਈ ਧੰਨ ਕੌਰ ਨੂੰ ਭਗਤ ਸਿੰਘ ਦੇ ਤੇਰਾਂ ਕੁ ਸਾਲਾਂ ਦੇ ਕੁਆਰੇ ਪੁੱਤਰ ਮੇਹਰ ਸਿੰਘ ਦੇ ਸਿਰ ਧਰ ਦਿੱਤਾ ਗਿਆ।
ਜਵਾਨ ਜਹਾਨ ਧੰਨ ਕੌਰ ਨੇ ਨਿਆਣੀ ਉਮਰ ਦੇ ਆਪਣੇ ਸਿਰ ਦੇ ਸਾਈਂ ਮੇਹਰ ਸਿੰਘ ਨੂੰ ਸੰਤ ਨਿਰਮੋਹ ਦਾਸ ਦੇ ਨਿਰਮਾਣ ਸਰ ਵਿਦਿਆਲੇ ਮੂੰਮਾਂ ਵਿਚ ਪੜ੍ਹਨੇ ਪਾਇਆ ਜਿਥੇ ਰਹਿ ਕੇ ਉਸ ਨੇ ਸਿੱਖਿਆ ਹਾਸਲ ਕੀਤੀ ਤੇ ਭਰ ਜੁਆਨ ਹੋ ਕੇ ਪਿੰਡ ਪਰਤਿਆ। ਪਿੰਡ ਉਹ ਮਿਹਨਤ ਮਜ਼ਦੂਰੀ ਤੇ ਸੀਰ ਕਰ ਕੇ ਪਰਿਵਾਰ ਪਾਲਣ ਲੱਗਾ। ਮੇਹਰ ਸਿੰਘ ਦੀਆਂ ਤਿੰਨ ਭੂਆ ਤੇ ਚਾਚੇ-ਤਾਇਆਂ ਦਾ ਵੱਡਾ ਪਰਿਵਾਰ ਸੀ। ਅੱਗੋਂ ਮੇਹਰ ਸਿੰਘ ਤੇ ਧੰਨ ਕੌਰ ਦੇ ਘਰ ਪੰਜ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ। ਬਾਅਦ ਵਿਚ ਅਧਿਆਪਕ ਲੱਗੇ ਸੰਤ ਰਾਮ ਉਦਾਸੀ ਦੇ ਘਰ ਵੀ ਤਿੰਨ ਧੀਆਂ ਤੇ ਦੋ ਪੁੱਤਰ ਹੋਏ। ਉਦਾਸੀ ਵੀ ਵੱਡ-ਪਰਿਵਾਰਾ ਹੋ ਗਿਆ ਜੋ ਤੰਗੀਆਂ ਤੁਰਸ਼ੀਆਂ ਤੇ ਉਹਦੇ ਦੁਖਾਂਤ ਦੇ ਕਾਰਨਾਂ Ḕਚੋਂ ਇਕ ਕਾਰਨ ਬਣਿਆ। ਪਰਿਵਾਰ ਦੇ ਖਰਚੇ ਪੂਰੇ ਕਰਨ ਲਈ ਉਸ ਨੂੰ ਕਈ ਥਾਂਈਂ ਨਾ ਚਾਹੁੰਦਿਆਂ ਵੀ ਗਾਉਣ ਜਾਣਾ ਪੈਂਦਾ, ਪਰ ਗਾਇਆ ਉਸ ਨੇ ਹਮੇਸ਼ਾ ਆਪਣੀ ਮਰਜ਼ੀ ਦਾ। ਹਰ ਥਾਂ ਇਨਕਲਾਬ ਦਾ ਸੱਦਾ ਦਿੱਤਾ।
ਉਦਾਸੀ ਦੇ ਸਭ ਤੋਂ ਵੱਡੇ ਭਰਾ ਗੁਰਦਾਸ ਸਿੰਘ ਘਾਰੂ ਦਾ ਜਨਮ 1923 ਵਿਚ ਹੋਇਆ ਸੀ। ਦੂਜਾ ਭਰਾ ਹਰਦਾਸ ਸਿੰਘ ਉਰਫ਼ ਭੂਰਾ 1927 Ḕਚ ਪੈਦਾ ਹੋਇਆ। ਉਹ ਵਿਆਹਿਆ ਤਾਂ ਗਿਆ, ਪਰ ਅਫੀਮ ਦਾ ਘੋਰੀ ਹੋ ਜਾਣ ਕਰ ਕੇ 1964-65 ਵਿਚ ਗੁਜ਼ਰ ਗਿਆ। ਉਹਦੀ ਘਰ ਵਾਲੀ ਪੇਕੀਂ ਜਾ ਬੈਠੀ। ਤੀਜਾ ਭਰਾ ਪ੍ਰਕਾਸ਼ ਸਿੰਘ 1933 Ḕਚ ਜੰਮਿਆ। ਫਿਰ ਤਿੰਨ ਭੈਣਾਂ ਕਾਕੀ, ਘੁੱਕੋ ਤੇ ਨਿੱਕੀ ਜੰਮੀਆਂ। ਸੰਤ ਰਾਮ 1939 ਤੇ ਗੁਰਦੇਵ ਸਿੰਘ ਕੋਇਲ 1948 ਵਿਚ ਜੰਮੇ। ਸਾਰੇ ਭਰਾ ਕਿਸੇ ਨਾ ਕਿਸੇ ਖੇਤਰ ਦੇ ਕਲਾਕਾਰ ਨਿਕਲੇ। ਇਹਦਾ ਇਕ ਕਾਰਨ ਸ਼ਾਇਦ ਉਨ੍ਹਾਂ ਦਾ ਵਿਰਸਾ ਹੋਵੇ।
ਉਦਾਸੀ ਦੇ ਪਿੰਡ ਰਾਏਸਰ ਤੋਂ ਮੇਰਾ ਪਿੰਡ ਚਕਰ ਪੱਚੀ ਕੁ ਕਿਲੋਮੀਟਰ ਦੂਰ ਹੈ ਜਿਥੇ ਉਹ ਕਈ ਵਾਰ ਆਇਆ। ਸਾਡੇ ਗੁਆਂਢੀ ਮਾਸਟਰ ਗੁਰਪ੍ਰੀਤ ਸਿੰਘ ਧੰਜਲ ਉਰਫ ਧੰਨੇ ਦਾ ਉਹ ਕਰੀਬੀ ਦੋਸਤ ਸੀ, ਜੋ ਉਦਾਸੀ ਦੇ ਗੀਤ ਵੀ ਗਾਇਆ ਕਰਦਾ। ਗੁਰਪ੍ਰੀਤ ਦੀ ਉਹਦੇ ਨਾਲ ਦੋਸਤੀ ਅਧਿਆਪਕ ਯੂਨੀਅਨ ਤੇ Ḕਕੱਠਿਆਂ ਖਾਣ ਪੀਣ ਤੋਂ ਹੋਈ। ਜਦੋਂ ਉਹ ਚਕਰ ਆਉਂਦਾ ਤਾਂ ਉਹਦੇ ਗੀਤ ਸੁਣਨ ਦਾ ਮੈਨੂੰ ਵੀ ਮੌਕਾ ਮਿਲ ਜਾਂਦਾ। ਉਹ ਕਦੇ ਕਦਾਈਂ ਢੁੱਡੀਕੇ ਕਾਲਜ ਵਿਚ ਵੀ ਫੇਰੀ ਪਾਉਂਦਾ, ਜਿਥੇ ਮੈਂ ਤੀਹ ਸਾਲ ਪੜ੍ਹਾਇਆ। ਉਥੇ ਡਰੋਲੀ ਭਾਈ ਦਾ ਨੌਜੁਆਨ ਗੁਰਚਰਨ ਸਿੰਘ ਸੰਘਾ ਪੜ੍ਹਦਾ ਸੀ ਜੋ ਨਕਸਲੀ ਦੌਰ ਵਿਚ ਉਦਾਸੀ ਦਾ ਦੋਸਤ ਬਣਿਆ। ਉਹ ਮੋਗੇ ਦਾ ਕਾਲਜ ਛੱਡ ਕੇ ਢੁੱਡੀਕੇ ਪੜ੍ਹਨ ਲੱਗਾ। ਸਾਡਾ ਕਾਲਜ ਨਵਾਂ ਹੋਣ ਕਰ ਕੇ ਅਸੀਂ ਮੋਗੇ ਦੇ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਵੀ ਦਾਖਲ ਕਰ ਲੈਂਦੇ ਤਾਂ ਕਿ ਦਾਖਾ ਵਧ ਸਕੇ। ਬਾਅਦ ਵਿਚ ਸੰਘਾ ਸ੍ਰੀ ਹਜ਼ੂਰ ਸਾਹਿਬ ਤੋਂ ਨਿਕਲਦੇ ਮੈਗਜ਼ੀਨ Ḕਸੱਚਖੰਡ ਪੱਤਰḔ ਦਾ ਸੰਪਾਦਕ ਬਣਿਆ। ਉਸੇ ਨੇ ਉਦਾਸੀ ਨੂੰ ਨਵੰਬਰ 1986 ਵਿਚ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ Ḕਚ ਸੱਦਿਆ। ਕਵੀ ਦਰਬਾਰ ਪਿਛੋਂ ਉਦਾਸੀ ਅਤੇ ਸੰਘੇ ਨੇ ਕੁਝ ਸਮਾਂ Ḕਕੱਠੇ ਬਹਿ ਕੇ ਦਿਲ ਦੀਆਂ ਗੱਲਾਂ ਕੀਤੀਆਂ। ਸੰਘੇ ਨੇ ਹੀ ਉਦਾਸੀ ਨੂੰ ਡਾæ ਬਲਕਾਰ ਸਿੰਘ ਨਾਲ ਵਾਪਸ ਭੇਜਣ ਲਈ ਰੇਲ ਗੱਡੀ ਦੀਆਂ ਸੀਟਾਂ ਬੁੱਕ ਕਰਵਾਈਆਂ। ਵਾਪਸ ਮੁੜਦਿਆਂ ਰੇਲ ਗੱਡੀ ਵਿਚ ਹੀ ਉਦਾਸੀ ਦੀ ਮੌਤ ਹੋ ਗਈ।
1967 ਵਿਚ ਜਦੋਂ ਢੁੱਡੀਕੇ ਕਾਲਜ ਚਾਲੂ ਹੋਇਆ ਅਤੇ ਜਸਵੰਤ ਸਿੰਘ ਕੰਵਲ ਦੇ ਕਹਿਣ Ḕਤੇ ਮੈਂ ਦਿੱਲੀ ਦੇ ਖਾਲਸਾ ਕਾਲਜ ਦੀ ਨੌਕਰੀ ਛੱਡ ਕੇ ਢੁੱਡੀਕੇ ਆਇਆ ਤਾਂ ਉਦਾਸੀ ਦੇ ਗੀਤਾਂ ਦੀ ਗੁੱਡੀ ਚੜ੍ਹ ਰਹੀ ਸੀ। ਉਹ ਬੀਹਲੇ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਂਦਾ ਸੀ ਅਤੇ ਅਧਿਆਪਕ ਯੂਨੀਅਨ ਵਿਚ ਸਰਗਰਮ ਸੀ। ਬਰਨਾਲੇ ਦੀ ਸਾਹਿਤ ਸਭਾ ਉਹਦਾ ਅੱਡਾ ਸੀ। 1968-69 ਤੇ 69-70 ਸੈਸ਼ਨ ਦੌਰਾਨ Ḕਇਕ ਲੱਪ ਚਿਣਗਾਂ ਦੀḔ ਕਾਵਿ ਸੰਗ੍ਰਿਹ ਦਾ ਲੇਖਕ ਓਮ ਪ੍ਰਕਾਸ਼ ਕੁੱਸਾ, ਅਜੋਕਾ ਸੀæ ਪੀæ ਆਈæ ਲੀਡਰ ਬੰਤ ਸਿੰਘ ਬਰਾੜ, ਪੀæ ਐਸ਼ ਯੂæ ਦਾ ਸਕੱਤਰ ਭੁਪਿੰਦਰ ਬੱਗੂ ਅਤੇ ਹੋਰ ਕਈ ਵਿਦਿਆਰਥੀ ਆਗੂ ਢੁੱਡੀਕੇ ਕਾਲਜ ਵਿਚ ਦਾਖਲ ਸਨ। ਖੱਬੇ ਪੱਖੀ ਪਾਰਟੀਆਂ ਨੇ ਆਪਣੇ ਨੁਮਾਇੰਦੇ ਕਾਲਜ ਵਿਚ ਵਾੜ ਦਿੱਤੇ, ਜਿਸ ਨਾਲ ਕਾਲਜ ਦਾ ਮਾਹੌਲ ਲਾਲ ਹਨ੍ਹੇਰੀ ਵਾਲਾ ਬਣ ਗਿਆ। ਕਾਲਜ ਤੇ ਪਿੰਡ ਦੀਆਂ ਕੰਧਾਂ ਉਤੇ ਥਾਂ-ਥਾਂ ਲਿਖਿਆ ਹੁੰਦਾ: ਜਿਥੇ ਲਹੂ ਲੋਕਾਂ ਦਾ ਡੁੱਲੂ, ਓਥੇ ਲਾਲ ਹਨ੍ਹੇਰੀ ਝੁੱਲੂ।
ਉਨ੍ਹੀਂ ਦਿਨੀਂ ਮੋਗੇ-ਜਗਰਾਵਾਂ ਤੇ ਬਠਿੰਡੇ-ਬਰਨਾਲੇ ਦੇ ਪਿੰਡਾਂ ਵਿਚ ਉਦਾਸੀ-ਉਦਾਸੀ ਹੋ ਰਹੀ ਸੀ। ਨਕਸਲਬਾੜੀ ਲਹਿਰ ਪੰਜਾਬ ਪਹੁੰਚ ਚੁੱਕੀ ਸੀ। ਉਦਾਸੀ ਇਸ ਵਿਚ ਕੁੱਦ ਪਿਆ ਤੇ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਣ ਲੱਗਾ। ਉਹਦੇ ਬੋਲ ਵੱਡੇ-ਵੱਡੇ Ḕਕੱਠਾਂ ਨੂੰ ਬੰਨ੍ਹ ਬਿਠਾਉਂਦੇ। ਲੋਕ ਉਹਨੂੰ ਇਉਂ ਸੁਣਨ ਜਾਂਦੇ, ਜਿਵੇਂ ਕਦੇ ਅਮਰ ਸਿੰਘ ਸੌæਂਕੀ ਤੇ ਸੋਹਣ ਸਿੰਘ ਸੀਤਲ ਦੇ ਢਾਡੀ ਜਥੇ ਅਤੇ ਕਰਨੈਲ ਸਿੰਘ ਪਾਰਸ ਦੇ ਕਵੀਸ਼ਰੀ ਜਥੇ ਨੂੰ ਸੁਣਨ ਜਾਂਦੇ ਸਨ। ਉਨ੍ਹੀਂ ਦਿਨੀਂ ਕਵੀ ਦਰਬਾਰਾਂ ਵਿਚ ਸ਼ਿਵ ਕੁਮਾਰ ਬਟਾਲਵੀ ਦੀ ਆਪਣੀ ਥਾਂ ਸੀ ਤੇ ਉਦਾਸੀ ਦੀ ਰੈਲੀਆਂ ਵਿਚ ਆਪਣੀ। ਸ਼ਿਵ ਕੁਮਾਰ ਮੁਹੱਬਤ, ਬਿਰਹਾ ਅਤੇ ਮੌਤ ਦੇ ਨਗ਼ਮੇ ਗਾਉਂਦਾ; ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ। ਦੋਵੇਂ ਆਵਾਜ਼ ਦੇ ਧਨੀ ਸਨ ਤੇ ਬਿਨਾ ਸਾਜ਼ਾਂ ਤੋਂ ਤਰੰਨਮ ਵਿਚ ਗਾਉਂਦੇ ਸਨ। ਸ਼ਿਵ ਦਰਦੀਲਾ ਸੀ, ਉਦਾਸੀ ਰੋਹੀਲਾ। ਦੋਹਾਂ ਨੂੰ ਸਰੋਤਿਆਂ ਦੀ ਕਦੇ ਤੋਟ ਨਾ ਆਈ। ਉਦਾਸੀ ਦੇ ਇਨਕਲਾਬੀ ਸਰੋਤੇ ਸ਼ਿਵ ਦੀਆਂ ਪੈਰੋਡੀਆਂ ਬਣਾ ਕੇ ਉਹਦਾ ਮਜ਼ਾਕ ਉਡਾਉਂਦੇ ਤੇ ਉਸ ਨੂੰ ਭਗੌੜਾ ਦੱਸਦੇ।
ਜਨਵਰੀ 1969 ਵਿਚ ਢੁੱਡੀਕੇ ਕਾਲਜ ਦੇ ਪਹਿਲੇ ਪ੍ਰਿੰਸੀਪਲ ਐਲ਼ ਰਾਮਾਚੰਦਰਮ ਨੂੰ ਹਟਾ ਕੇ ਮੈਨੂੰ ਕਾਰਜਕਾਰੀ ਪ੍ਰਿੰਸੀਪਲ ਬਣਾ ਦਿੱਤਾ ਗਿਆ। ਮੇਰਾ ਵਾਹ ਤੱਤੇ ਵਿਦਿਆਰਥੀਆਂ ਨਾਲ ਪੈਣ ਲੱਗਾ। ਉਹ ਕਦੇ ਮੰਨਦੇ, ਕਦੇ ਨਾ। ਕੁਝ ਮੁੰਡਿਆਂ ਨੇ ਰਾਤ ਨੂੰ ਪ੍ਰਿੰਸੀਪਲ ਦੇ ਦਫਤਰ ਦੀ ਛੱਤ Ḕਤੇ ਲਾਲ ਝੰਡਾ ਖੜ੍ਹਾ ਕਰ ਦਿੱਤਾ। ਅਫਵਾਹ ਉਡਾ ਦਿੱਤੀ ਕਿ ਝੰਡੇ ਨਾਲ ਬੰਬ ਬੰਨ੍ਹਿਆ ਹੋਇਐ। ਜੀਹਨੇ ਲਾਹਿਆ, ਉਹਦੀ ਖੈਰ ਨ੍ਹੀਂ। ਕਾਲਜ ਦੀਆਂ ਕੰਧਾਂ ਲਾਲ ਸਲਾਮ ਤੇ ਲਾਲ ਹਨ੍ਹੇਰੀ ਦੇ ਨਾਹਰਿਆਂ ਨਾਲ ਭਰ ਦਿੱਤੀਆਂ। ਕਾਲਜ ਪੁਲਿਸ ਦੀਆਂ ਨਜ਼ਰਾਂ ਵਿਚ ਆ ਗਿਆ ਤੇ ਪੁਲਿਸ ਗੇੜੇ ਮਾਰਨ ਲੱਗੀ, ਪਰ ਮੁੰਡੇ ਨਕਸਲਬਾੜੀ ਲਹਿਰ ਵੱਲ ਏਨੇ ਉਲਰੇ ਪਏ ਸਨ ਕਿ ਮੋੜੇ ਨਹੀਂ ਸਨ ਮੁੜਦੇ। ਇਕ ਮੁੰਡੇ ਦੀ ਕੁੜੀਆਂ ਵੱਲੋਂ ਸ਼ਿਕਾਇਤ ਆਈ ਤਾਂ ਮੈਂ ਉਸ ਨੂੰ ਸਮਝਾਉਣ ਲਈ ਦਫਤਰ ਬੁਲਾਇਆ। ਉਹ ਮੇਰੇ ਸਾਹਮਣੇ ਕੁਰਸੀ Ḕਤੇ ਬਹਿ ਫੈਂਟਰ ਮਾਰਨ ਲੱਗਾ ਕਿ 15-20 ਦਿਨਾਂ ਤਕ ਇਨਕਲਾਬ ਆ ਜਾਣੈ। ਅਸੀਂ ਮੱਕੀਆਂ ਲੁਕਣ ਜੋਗੀਆਂ ਹੋਣੀਆਂ ਉਡੀਕਦੇ ਆਂ। ਅਸੀਂ ਉਨ੍ਹਾਂ ਦੀਆਂ ਲਿਸਟਾਂ ਬਣਾ ਲਈਆਂ, ਜਿਨ੍ਹਾਂ ਨੂੰ ਐਕਸ਼ਨ ਪਿੱਛੋਂ ਡੀ ਸੀ ਲਾਉਣੈ!
ਉਸ ਨੇ ਇਹ ਤਾਂ ਨਹੀਂ ਕਿਹਾ ਕਿ ਉਹਦਾ ਨਾਂ ਵੀ ਲਿਸਟ ਵਿਚ ਸ਼ਾਮਲ ਹੈ, ਪਰ ਦੱਸਣਾ ਸ਼ਾਇਦ ਇਹੀ ਚਾਹੁੰਦਾ ਸੀ ਕਿ ਜੀਹਦੇ ਨਾਲ ਗੱਲ ਕਰ ਰਹੇ ਓਂ, ਉਹ ਭਲਕ ਦਾ ਡੀ ਸੀ ਹੈ! ਇਹ ਹਾਲ ਸੀ, ਉਦੋਂ ਮੁੰਡਿਆਂ ਦੀ ਲਹਿਰ ਦਾ। ਉਹ ਮੁੰਡਾ ਮੈਨੂੰ ਮੁੜ ਕੇ ਨਹੀਂ ਮਿਲਿਆ। ਉਦਾਸੀ ਕਦੇ ਕਦਾਈਂ ਦਿਖਾਈ ਦੇ ਜਾਂਦਾ।
***
ਸੰਤ ਰਾਮ ਉਦਾਸੀ ਦਾ ਬਚਪਨ ਆਮ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀ ਤੁਰਸ਼ੀ Ḕਚ ਹੀ ਬੀਤਿਆ, ਪਰ ਖੁਸ਼ਕਿਸਮਤ ਰਿਹਾ ਕਿ ਪਛੜੇ ਇਲਾਕੇ ਦੇ ਪਛੜੇ ਪਿੰਡ ਵਿਚ ਵੀ ਦਸਵੀਂ ਤਕ ਪੜ੍ਹ ਗਿਆ। ਰਾਏਸਰ ਪਿੰਡ ਵਿਚ ਜੱਟਾਂ ਦੀ ਪਾਰਟੀਬਾਜ਼ੀ ਕਾਰਨ ਕਤਲ ਆਮ ਹੁੰਦੇ ਰਹਿੰਦੇ ਸਨ। ਕੰਮੀਆਂ-ਕਾਰੀਆਂ ਖਾਸ ਕਰ ਕੇ ਮਜ਼੍ਹਬੀਆਂ ਨੂੰ ਪਾਰਟੀਬਾਜ਼ ਭਾੜੇ Ḕਤੇ ਵਰਤਦੇ। ਜੇ ਕਿਸੇ ਪਾਰਟੀ ਦੇ ਢਹੇ ਚੜ੍ਹਦੇ ਤਾਂ ਵੀ ਮਰਦੇ, ਨਾ ਚੜ੍ਹਦੇ ਤਾਂ ਵੀ। ਉਨ੍ਹਾਂ ਨੂੰ ਦੂਹਰੀ ਦਬੇਲ ਝੱਲਣੀ ਪੈਂਦੀ।
ਕਿਸੇ ਕਵੀ/ਲੇਖਕ/ਕਲਾਕਾਰ/ਖਿਡਾਰੀ ਨੂੰ ਸਮਝਣ ਲਈ ਉਸ ਦੇ ਪਿਛੋਕੜ ਤੇ ਬਚਪਨ ਦੇ ਮਾਹੌਲ ਨੂੰ ਜਾਨਣਾ ਜ਼ਰੂਰੀ ਹੈ। ਉਦਾਸੀ ਨੂੰ ਇਸੇ ਪ੍ਰਸੰਗ ਵਿਚ ਸਮਝਿਆ ਜਾ ਸਕਦਾ ਹੈ।
ਉਦਾਸੀ ਦੇ ਬਾਬੇ ਭਗਤ ਸਿੰਘ ਦਾ ਪਰਿਵਾਰ ਨਾਮਧਾਰੀ ਬਣ ਗਿਆ ਸੀ। ਉਹ ਚਿੱਟੀਆਂ ਗੋਲ ਪੱਗਾਂ ਬੰਨ੍ਹਦੇ। ਨਾਮਧਾਰੀ ਮਾਹੌਲ ਵਿਚ ਸੰਤ ਰਾਮ ਪੜ੍ਹਾਈ ਵੱਲ ਪ੍ਰੇਰਿਆ ਗਿਆ, ਪਰ ਪੜ੍ਹਾਈ ਲਈ ਉਹਦਾ ਰਾਹ ਸਿੱਧਾ ਪੱਧਰਾ ਨਹੀਂ ਸੀ। 1952-53 ਦੇ ਆਸ ਪਾਸ ਮੇਹਰ ਸਿੰਘ ਦਾ ਪਰਿਵਾਰ ਖੱਖੜੀਆਂ ਕਰੇਲੇ ਹੋ ਗਿਆ, ਪੁੱਤਰ ਅੱਡ-ਵਿੱਢ ਹੋ ਗਏ। ਮੇਹਰ ਸਿੰਘ ਰਾਏਸਰ ਤੋਂ (ਹੁਣ ਜਿਲਾ) ਸਿਰਸਾ ਦੇ ਪਿੰਡ ਜਗਮਲੇਰੇ (ਹੁਣ ਜੀਵਨ ਨਗਰ) ਚਲਾ ਗਿਆ। ਗੁਰਦਾਸ ਸਿੰਘ ਤੇ ਪ੍ਰਕਾਸ਼ ਸਿੰਘ ਵੀ ਮਗਰੇ ਚਲੇ ਗਏ। ਉਥੇ ਮੇਹਰ ਸਿੰਘ ਦੀ ਨਵੰਬਰ 1957 ਵਿਚ ਮੌਤ ਹੋ ਗਈ। ਉਦੋਂ ਬਖਤਗੜ੍ਹ ਦੇ ਸਕੂਲ ਪੜ੍ਹ ਰਹੇ ਉਦਾਸੀ ਨੇ ਦਸਵੀਂ ਦਾ ਇਮਤਿਹਾਨ ਦੇਣਾ ਸੀ। ਪਿਤਾ ਦੀ ਮੌਤ ਦੇ ਸਦਮੇ ਵਿਚ ਉਹ ਤਿਆਰੀ ਨਾ ਕਰ ਸਕਿਆ ਤੇ ਫੇਲ੍ਹ ਹੋ ਗਿਆ।
ਅਗਲੇ ਸਾਲ ਪ੍ਰਾਈਵੇਟ ਮੈਟ੍ਰਿਕ ਕਰ ਲਈ। ਦਾਖਲੇ ਦੇ ਪੈਸੇ ਉਦਾਸੀ ਤੇ ਉਹਦੇ ਵੱਡੇ ਭਰਾ ਗੁਰਦਾਸ ਸਿੰਘ ਨੇ ਦਿਹਾੜੀਆਂ ਕਰ ਕੇ Ḕਕੱਠੇ ਕੀਤੇ। ਫਿਰ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੁਝ ਸਮਾਂ ਪੌਂਗ ਡੈਮ Ḕਤੇ ਮੁਣਸ਼ੀ ਦੀ ਨੌਕਰੀ ਕੀਤੀ। ਬਖਤਗੜ੍ਹ ਤੋਂ ਜੇæਬੀæਟੀæ ਕਰ ਕੇ ਪ੍ਰਾਇਮਰੀ ਸਕੂਲ ਬੀਹਲੇ ਅਧਿਆਪਕ ਲੱਗ ਕੇ ਪੈਰਾਂ ਸਿਰ ਹੋ ਗਿਆ। ਪਜਾਮੇ ਦੀ ਥਾਂ ਪੈਂਟ ਪਾਉਣ ਲੱਗਾ। ਜਦ ਉਹ ਪੈਂਟ ਪਾ ਕੇ ਸਕੂਲ ਜਾਂਦਾ ਤਾਂ ਪਿੰਡ ਦੇ ਜੱਟ ਉਸ ਨੂੰ ਛੇੜਦੇ, “ਲੈ ਢੇਡ ਪੈਂਟਾਂ ਪਾ-ਪਾ ਦਿਖਾਉਂਦੈ!”
ਮਾਸਟਰ ਲੱਗ ਕੇ ਉਹਦਾ ਗਿਆਨ ਤੇ ਤਜਰਬਾ ਵਧਿਆ ਅਤੇ ਅਧਿਆਪਕਾਂ ਵਿਚ ਦਾਇਰਾ ਖੁੱਲ੍ਹ ਗਿਆ। ਬਚਪਨ ਵਿਚ ਅੱਖਾਂ Ḕਚ ਕੁੱਕਰੇ ਪੈ ਜਾਣ ਕਾਰਨ ਸਾਰੀ ਉਮਰ ਉਹ ਚੁੰਨ੍ਹੀਆਂ ਅੱਖਾਂ ਵਾਲਾ ਅਖਵਾਉਂਦਾ ਰਿਹਾ। ਉਹਤੋਂ ਕੁੱਟ ਖਾਣ ਵਾਲੇ ਨਾਲਾਇਕ ਵਿਦਿਆਰਥੀ ਉਹਨੂੰ ਚੁੰਨ੍ਹੀਆਂ ਅੱਖਾਂ ਵਾਲਾ ਮਾਸਟਰ ਕਹਿ ਕੇ ਚਿੜਾਉਂਦੇ। ਦਾੜ੍ਹੀ ਉਹਦੀ ਠੋਡੀ ਉਤੇ ਹੀ ਸੀ ਜਿਸ ਕਰ ਕੇ ਕਈ ਸ਼ਰਾਰਤੀ ਉਹਨੂੰ ਬੋਕ ਦਾਹੜੀਆ ਵੀ ਕਹਿ ਦਿੰਦੇ। ਇਸ ਵਿਚ ਉਹਦਾ ਕੋਈ ਕਸੂਰ ਨਹੀਂ ਸੀ। ਵਧੇਰੇ ਮਖੌਲ ਉਹਦੇ ਨੀਵੀਂ ਜਾਤ ਦਾ ਹੋਣ ਕਾਰਨ ਉਡਦਾ।
ਸੰਤ ਰਾਮ ਦੇ ਕੁੱਕਰਿਆਂ ਦਾ ਇਲਾਜ ਕਰਾਉਣ ਲਈ ਉਹਦੀ ਮਾਂ ਉਹਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਪਿੰਡ ਮੂੰਮ ਲੈ ਗਈ। ਅੱਖਾਂ ਕੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ ਡੇਰੇ ਵਿਚ ਆਉਣ-ਜਾਣ ਹੋ ਗਿਆ। ਉਹਦੇ ਦਾਦੇ ਨੇ ਉਹਨੂੰ ḔਉਦਾਸੀḔ ਕਹਿਣਾ ਸ਼ੁਰੂ ਕਰ ਦਿੱਤਾ ਜੋ ਸੰਤ ਰਾਮ ਦੇ ਨਾਂ ਨਾਲ ਤਖੱਲਸ ਵਾਂਗ ਹਮੇਸ਼ਾ ਲਈ ਜੁੜ ਗਿਆ। ਬਚਪਨ ਵਿਚ ਉਹ ਧਾਰਮਿਕ ਕਵਿਤਾਵਾਂ ਕੰਠ ਕਰ ਕੇ ਧਾਰਮਿਕ ਸਮਾਗਮਾਂ ‘ਤੇ ਸੁਣਾਇਆ ਕਰਦਾ ਸੀ। ਮਾਪੇ ਨਾਮਧਾਰੀਏ ਹੋਣ ਕਾਰਨ ਧਰਮ ਦੀ ਗੁੜ੍ਹਤੀ ਉਸ ਨੂੰ ਬਚਪਨ ਵਿਚ ਹੀ ਮਿਲ ਗਈ। ਸਿੱਖ ਧਰਮ ਦਾ ਵਿਰਸਾ ਉਹਦੇ ਹੱਡਾਂ ‘ਚ ਰਚ ਗਿਆ ਜੋ ਉਹਦੀਆਂ ਰਚਨਾਵਾਂ ਵਿਚ ਨਮੂਦਾਰ ਹੁੰਦਾ ਰਿਹਾ। ਉਹ ਬਾਹਰੋਂ ਲਿਆਂਦੀ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਨਹੀਂ, ਸਗੋਂ ਪੰਜਾਬ ਦੀ ਧਰਤੀ ‘ਚੋਂ ਉਗੀ ਇਨਕਲਾਬੀ ਸਿੱਖ ਵਿਚਾਰਧਾਰਾ ਦੇ ਅਨੁਕੂਲ ਮਾਰਕਸੀ ਵਿਚਾਰਧਾਰਾ ਦਾ ਧਾਰਨੀ ਸੀ। ਉਸ ਉਤੇ ਪ੍ਰੋæ ਸੰਤ ਸਿੰਘ ਸੇਖੋਂ ਨਾਲੋਂ ਪ੍ਰੋæ ਕਿਸ਼ਨ ਸਿੰਘ ਦੇ ਵਿਚਾਰਾਂ ਦਾ ਵਧੇਰੇ ਅਸਰ ਸੀ। ਉਸ ਨੇ ਆਪਣੇ ਗੀਤਾਂ ਤੇ ਨਜ਼ਮਾਂ ਵਿਚ ਇਨਕਲਾਬੀ ਸਿੱਖ ਵਿਰਸੇ ਤੇ ਸਿੱਖ ਬਿੰਬਾਂ ਦੀ ਰੂਹ ਨਾਲ ਵਰਤੋਂ ਕੀਤੀ। ਉਹ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬਾਂ ‘ਤੇ ਗਾਉਂਦਾ:
ਮੈਂ ਏਸੇ ਲਈ ਮੰਨਿਆ ਸੀ ਆਪਣੇ ਆਪ ਨੂੰ ਗੁਰੂ-ਚੇਲਾ
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ
ਮੈਂ ਏਸੇ ਲਈ ਗੜ੍ਹੀ ਚਮਕੌਰ ਦੀ ਵਿਚ ਜੰਗ ਲੜਿਆ ਸੀ
ਕਿ ਕੱਚੇ ਕੋਠੜੇ ਮੂਹਰੇ ਮਹਿਲ ਮਿਨਾਰ ਝੁਕ ਜਾਵੇ
ਜੇਕਰ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਹੈ
ਤਾਂ ਮੈਂ ਮੁੱਲ ਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ
ਮੈਂ ਦੇਵਣ ਲਈ ਉਦਾਹਰਣ ਜੱਗ ਦੇ ਕੌਮੀ ਨੇਤਾਵਾਂ ਨੂੰ
ਵਾਰ ਲੋਕਾਂ ਤੋਂ ਪਹਿਲਾਂ ਆਪਣਾ ਪਰਿਵਾਰ ਚੱਲਿਆ ਹਾਂ
ਰੰਘਰੇਟੇ ਆਖ ਕੇ ਕਿਰਤੀ ਦਾ ਮੈਂ ਸਤਿਕਾਰ ਕਰਦਾ ਹਾਂ
ਇਨ੍ਹਾਂ ਨੇ ਦਰਸ਼ ਅੰਤਮ ਬਾਪ ਦਾ ਮੈਨੂੰ ਕਰਾਇਆ ਸੀ
ਮੈਂ ਨਾਈਆਂ, ਛੀਂਬਿਆਂ, ਝਿਊਰਾਂ ਤੋਂ ਜ਼ੁਲਮੀ ਛੱਟ ਲਾਹੁਣੀ ਸੀ
ਮੈਂ ਸਾਂਝਾ ਪੰਥ ਸਾਜਣ ਦਾ ਤਾਹੀਓਂ ਕੌਤਕ ਰਚਾਇਆ ਸੀæææ।
ਤੇ ਗੁਰੂ ਨਾਨਕ ਦੇ ਗੁਰਪੁਰਬਾਂ Ḕਤੇ ਗੁਰੂ ਨੂੰ ਸਿਜਦਾ ਕਰਦਾ:
ਕਿਰਤ ਕਰੋ ਤੇ ਆਪੋ Ḕਚ ਵੰਡ ਖਾਓ,
ਸਾਰੀ ਧਰਤ ਦੇ ਉਤੇ ਪ੍ਰਚਾਰਿਆ ਸੀ
ਭੱਜਾ ਆਇਓਂ ਮਰਦਾਨੇ ਦੀ ਰੱਖਿਆ ਨੂੰ,
ਸੱਚੇ ਇਸ਼ਕ ਦਾ ਸਿਲਾ ਤੂੰ ਤਾਰਿਆ ਸੀ
ਜਿਹੜਾ ਕਰੇ ਸੇਵਾ ਉਹੀ ਖਾਵੇ ਮੇਵਾ,
ਦੈਵੀ ਹੱਕਾਂ ਨੂੰ ਤੂੰ ਲਲਕਾਰਿਆ ਸੀ
ਰਾਜੇ ਅਫਸਰਾਂ ਤੋਂ ਕਦੇ ਭਲਾ ਨਾਹੀਂ,
ਫਿਰਕੂ ਧਰਮ ਦਾ ਨਸ਼ਾ ਉਤਾਰਿਆ ਸੀæææ।
ਉਦਾਸੀ ਦੇ ਗੀਤਾਂ ਤੇ ਕਵਿਤਾਵਾਂ ਉਤੇ ਕੁਝ ਕੱਟੜ ਮਾਰਕਸਵਾਦੀ ਆਲੋਚਕਾਂ ਦਾ ਕਿੰਤੂ ਹੈ ਕਿ ਉਸ ਵਿਚ ਸਿੱਖ ਧਾਰਮਿਕਤਾ ਦਾ ਅੰਸ਼ ਹੱਦੋਂ ਵੱਧ ਹੈ। ਕਾਰਨ ਇਹ ਹੈ ਕਿ ਉਦਾਸੀ ਪੰਜਾਬ ਦੇ ਇਤਿਹਾਸ ਤੇ ਮਿਥਿਹਾਸ ਵਿਚ ਦਿਲ ਦੀਆਂ ਡੂੰਘਾਣਾਂ ਤਕ ਖੁੱਭਿਆ ਹੋਇਆ ਸੀ। ਉਸ ਨੇ ਪੰਜਾਬ, ਖਾਸ ਕਰ ਸਿੱਖ ਧਰਮ ਦੇ ਇਨਕਲਾਬੀ ਵਿਰਸੇ ਨੂੰ ਸਮਾਜਵਾਦੀ ਇਨਕਲਾਬ ਲਿਆਉਣ ਲਈ ਰੱਜ ਕੇ ਵਰਤਿਆ। ਉਸ ਨੇ ਲਿਖਿਆ ਤੇ ਉਚੀ ਸੁਰ ਵਿਚ ਗਾਇਆ:
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ
ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ,
ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।
ਉਸ ਦੀ ਕਵਿਤਾ Ḕਦਿੱਲੀਏ ਦਿਆਲਾ ਦੇਖḔ ਨੀਝ ਨਾਲ ਪੜ੍ਹਨ ਤੇ ਸੁਣਨ ਵਾਲੀ ਹੈ:
ਦਿੱਲੀਏ ਦਿਆਲਾ ਦੇਖ
ਦੇਗ Ḕਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ
ਮਤੀ ਦਾਸ ਤਾਈਂ ਚੀਰ
ਆਰੇ ਵਾਂਗੂੰ ਜੀਭ ਤੇਰੀ
ਅਜੇ ਮਨ ਮੱਤੀਆਂ ਕਰੇ
ਲਾਲ ਕਿਲ੍ਹੇ ਵਿਚ ਲਹੂ
ਲੋਕਾਂ ਦਾ ਜੋ ਕੈਦ ਹੈ
ਬੜੀ ਛੇਤੀ ਇਹਦੇ
ਬਰੀ ਹੋਣ ਦੀ ਉਮੈਦ ਹੈ
ਪਿੰਡਾਂ ਵਿਚੋਂ ਤੁਰੇ ਹੋਏ
ਪੁੱਤ ਨੀ ਬਹਾਦਰਾਂ ਦੇ
ਤੇਰੇ ਮਹਿਲੀਂ ਵੜੇ ਕਿ ਵੜੇ।
ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ
ਇਕ ਦਾ ਤੂੰ ਮੁੱਲ ਭਾਵੇਂ ਰੱਖਦੀਂ ਕਰੋੜ ਨੀ
ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ
ਸਿੰਘ ਤੈਥੋਂ ਜਾਣੇ ਨਾ ਫੜੇæææ।
ਉਹ ਨਕਸਲਬਾੜੀਆਂ ਨੂੰ ਵੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਕਹਿੰਦਾ। ਉਹ ਧਰਮ ਦੇ ਨਾਂ Ḕਤੇ ਇਕ ਦੂਜੇ ਦਾ ਵਿਰੋਧ ਕਰਨ ਨੂੰ ਬੇਹੱਦ ਮਾੜਾ ਸਮਝਦਾ। 1984 ਵਿਚ ਜੋ ਕੁਛ ਵਾਪਰਿਆ, ਉਹਦੇ ਬਾਰੇ ਉਹਨੇ ਲਿਖਿਆ:
ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾæææ।
ਉਦਾਸੀ ਕਿਤਾਬਾਂ ਦੇ ਵਿਦਵਾਨ ਪਾਠਕਾਂ ਦੀ ਥਾਂ ਆਮ ਲੋਕਾਂ ਦਾ ਕਵੀ ਸੀ। ਉਹਦੀ ਸ਼ਬਦਾਵਲੀ, ਬਿੰਬਾਵਲੀ, ਛੰਦਬੰਦੀ, ਗੀਤਾਂ ਦੀ ਹੇਕ ਤੇ ਰੋਹੀਲੀ ਆਵਾਜ਼ ਸਿੱਧੀ ਲੋਕਾਂ ਦੇ ਦਿਲਾਂ ਵਿਚ ਲਹਿ ਜਾਂਦੀ। ਉਸ ਦੇ ਗੀਤਾਂ ਤੇ ਨਜ਼ਮਾਂ ਦੇ ਵਿਸ਼ੇ ਵੀ ਵੰਨਗੀ ਭਰਪੂਰ ਹਨ। ਕਦੇ ਉਹ ਕੰਮੀਆਂ ਦੇ ਵਿਹੜੇ ਦਾ ਗੀਤ ਲਿਖਦਾ, ਕਦੇ ਦੇਸ਼ ਪਿਆਰ ਦਾ, ਕਦੇ ਡੋਲੀ ਦਾ ਤੇ ਕਦੇ ਜਨਤਾ ਦੀ ਅਰਦਾਸ ਦਾ। ਕਦੇ ਪੂੰਜੀਪਤੀਆਂ ਨੂੰ ਰਾਕਸ਼ਾਂ ਦੀ ਧਾੜ ਕਹਿੰਦਾ, ਕਦੇ ਮਜ਼ਦੂਰਾਂ ਦੀ ਆਰਤੀ ਉਤਾਰਦਾ, ਕਦੇ ਮਲੰਗ ਲੱਖੇ ਦੇ ਨਾਂ ਗੀਤ ਲਿਖਦਾ ਤੇ ਕਦੇ ਕਿਰਤੀਆਂ ਨੂੰ ਉਠਣ ਦਾ ਸੱਦਾ ਦਿੰਦਾ:
ਉਠ ਕਿਰਤੀਆ ਉਠ ਵੇ ਉਠਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾæææ।
ਮੁੜ ਜੇ ਕਿਤੇ ਨਿਰਾਸ ਨਾ ਕਵਿਤਾ
ਤੇਰੇ ਦਰ ਮੂਹਰੇ ਦੇ ਹੋਕਾ
ਕਲਮ ਲਹੂ ਵਿਚ ਕੱਢੇ ਕੁਤਕੁਤੀ
ਸੁਰਤ ਕਰੀਂ ਵੇ ਸੁੱਤਿਆ ਲੋਕਾ
ਖੜ੍ਹੇ ਤਲਾਅ ਵਿਚ ਵਾਂਗ ਕੰਕਰੀਂ
ਲਹਿਰਾਂ ਬਣ ਕੇ ਫੁੱਟ ਵੇ
ਉਠਣ ਦਾ ਵੇਲਾæææ।
ਉਸ ਨੇ ਚੂੜੀਆਂ ਦਾ ਹੋਕਾ ਵੀ ਦਿੱਤਾ ਤੇ ਮਾਰੇ ਗਏ ਮਿੱਤਰਾਂ ਦੇ ਵੈਣ ਵੀ ਪਾਏ:
ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ,
ਖੈਰ-ਸੁੱਖ ਦਾ ਸੁਨੇਹੜਾ ਲਿਆ
ਓਸ ਮਾਂ ਦਾ ਬਣਿਆ ਕੀ,
Ḕਆਂਦਰਾਂ ਦੀ ਅੱਗḔ ਜੀਹਦੀ,
ਗਈ ਕਸਤੂਰੀਆਂ ਖਿੰਡਾæææ।
ਉਹ ਇਨਕਲਾਬੀ ਜੁਝਾਰੂਆਂ ਵੱਲੋਂ ਵਾਰਸਾਂ ਦੇ ਨਾਂ ਲਿਖਦਾ ਹੈ:
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ।
ਬਦਲਾ ਲਏ ਤੋਂ ਵੀ ਜਿਹੜੀ ਟੁੱਟਣੀ ਨਾ,
ਏਡੀ ਲੰਮੀ ਹੈ ਸਾਡੀ ਕਤਾਰ ਬਾਪੂ।
ਇਹ ਸਤਰਾਂ ਉਹਨੇ ਉਦੋਂ ਲਿਖੀਆਂ ਸਨ ਜਦੋਂ ਨਕਸਲਬਾੜੀਆਂ ਨੂੰ ਫੜ ਫੜ ਕੇ ਪੁਲਿਸ ਝੂਠੇ ਮੁਕਾਬਲਿਆਂ ਵਿਚ ਬੇਦਰਦੀ ਨਾਲ ਮਾਰ ਰਹੀ ਸੀ। ਇਨ੍ਹਾਂ ਹੀ ਸਤਰਾਂ ਨੂੰ ਬਾਅਦ ਵਿਚ ਸੰਤ ਭਿੰਡਰਾਂਵਾਲੇ ਦੇ ਖਾੜਕੂ ਆਪਣੇ ਇਸ਼ਤਿਹਾਰਾਂ ਵਿਚ ਵਰਤਦੇ ਰਹੇ। ਉਹ ਵੀ ਇਹੋ ਕਹਿੰਦੇ ਰਹੇ-ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰæææ।
ਉਹਦੇ ਲੋਕ ਕਾਵਿ ਦੇ ਬਿੰਬ, ਤੁਲਨਾਵਾਂ ਤੇ ਅਲੰਕਾਰ ਮੌਲਿਕ ਸਨ ਜੋ ਕਿਰਤੀ ਕਾਮਿਆਂ ਦੇ ਕਿੱਤੇ ਤੇ ਖੇਤਾਂ ਵਿਚੋਂ ਲਏ ਗਏ ਸਨ:
ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,
ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ Ḕਤੇ,
ਅਸੀਂ ਲੁੱਟ ਦਾ ਤਾਪ ਨਾ ਚੜ੍ਹਨ ਦੇਣਾ
ਅਸੀਂ ਗੱਭਰੂ ਤੂਤ ਦੀ ਛਿਟੀ ਵਰਗੇ
ਜਿੰਨਾ ਛਾਂਗੋਗੇ ਓਨਾ ਹੀ ਫੈਲਰਾਂਗੇæææ।

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ ਵਿਚੋਂ ਨੀਰ ਵਗਿਆ
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ḔਜੱਗਿਆḔ
ਸਾਡਾ ਘੁੱਟੀਂ ਘੁੱਟੀਂ ਖੂਨ ਤੇਲ ਪੀ ਗਿਆ,
ਤੇ ਖਾਦ ਖਾḔਗੀ ਹੱਡ ਖਾਰ ਕੇ
ਬੋਲੇ ਬੈਂਕ ਦੀ ਤਕਾਵੀ ਬਹੀ ਅੰਦਰੋਂ,
ਬੋਹਲ ਨੂੰ ਖੰਘੂਰਾ ਮਾਰ ਕੇ
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ,
ਕਿ ਸਧਰਾਂ ਨੂੰ ਲਾਂਬੂ ਲੱਗਿਆ
ਗਲ ਲੱਗ ਕੇæææ।
(ਚਲਦਾ)