ਕਿਤੇ ਕੋਈ ਸੁਣਦਾ-ਗਿਣਦਾ ਤਾਂ ਹੈ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਵੋਟਰ ਸੂਚੀ ਅਤੇ ਰਾਸ਼ਨ ਕਾਰਡ ‘ਤੇ ਉਸ ਦਾ ਨਾਂ ਫਕੀਰ ਸਿੰਘ ਸੀ, ਪਰ ਸਾਰਾ ਪਿੰਡ ਉਸ ਨੂੰ ਨਗੌਰੀਆ ਕਹਿ ਕੇ ਬੁਲਾਉਂਦਾ। ਪਤਲਾ ਤੇ ਲੰਮਾ ਸਰੀਰ। ਕੰਮ ਨੂੰ ਤਾਂ ਜਿਵੇਂ ਹਨੇਰੀ ਸੀ। ਸਰੀਰ ਅੰਦਰ ਥੱਕਣ ਵਾਲਾ ਕੋਈ ਪੁਰਜਾ ਨਹੀਂ ਸੀ। ਚੌਵੀ ਘੰਟਿਆਂ ਵਿਚੋਂ ਉਹ ਦੋ ਘੰਟੇ ਸੌਂ ਕੇ ਨੀਂਦ ਪੂਰੀ ਕਰ ਲੈਂਦਾ। ਉਸ ਨੂੰ ਰੱਜਵੀਂ ਰੋਟੀ ਭਾਵੇਂ ਨਾ ਮਿਲੀ ਹੋਵੇ, ਪਰ ਇਮਾਨਦਾਰੀ ਉਸ ਕੋਲ ਮਣਾਂਮੂੰਹੀਂ ਸੀ।

ਆਪਣਾ ਵਿਗਾੜ ਕੇ ਦੂਜੇ ਦਾ ਸੰਵਾਰਨ ਵਾਲਾ ਸਿਰਫ ਨਗੌਰੀਆ ਹੀ ਸੀ। ਉਹ ਤਿੰਨ ਭਰਾ ਸਨ। ਵੱਡਾ ਪੂਰਨ ਸਿੰਘ ਛੜਾ ਸੀ ਅਤੇ ਕਿਸੇ ਨਾਲ ਯੂæਪੀæ ਤੁਰ ਗਿਆ, ਮੁੜ ਪਿੰਡ ਘੱਟ-ਵੱਧ ਹੀ ਆਇਆ। ਛੋਟਾ ਗੁਰਪਾਲ ਸਿੰਘ ਸੱਤ ਜਮਾਤਾਂ ਪੜ੍ਹ ਗਿਆ ਸੀ।
ਉਨ੍ਹਾਂ ਕੋਲ ਜ਼ਮੀਨ ਪੌਣੇ ਤਿੰਨ ਕਿੱਲੇ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਮਸੀਂ ਚਲਦਾ। ਆਪਣਾ ਕੰਮ ਧੰਦਾ ਸਮੇਂ ਸਿਰ ਨਿਬੇੜ ਕੇ ਨਗੌਰੀਆ ਹੋਰ ਜ਼ਿਮੀਂਦਾਰਾਂ ਦੇ ਦਿਹਾੜੀ-ਦੱਪਾ ਵੀ ਕਰ ਆਉਂਦਾ। ਜੇ ਕੋਈ ਮਖੌਲ ਕਰਦਾ ਕਿ ਜੱਟਾਂ ਦਾ ਪੁੱਤ ਹੋ ਕੇ ਦਿਹਾੜੀ ਜਾਂਦਾ ਹੈ, ਤਾਂ ਅੱਗਿਉਂ ਕਹਿ ਦਿੰਦਾ, “ਚੋਰੀ ਯਾਰੀ ਮਾੜੀ ਹੈ, ਕੰਮ ਤੇ ਮਿਹਨਤ ਕਰਨੀ ਮਾੜੀ ਨਹੀਂ ਹੁੰਦੀ। ਜੱਟਾਂ ਵਾਲਾ ਸਰੀਆ ਹੀ ਗਲ ਫਾਹੇ ਪਾਉਂਦੈ।” ਉਹਦਾ ਜਵਾਬ ਸੁਣ ਕੇ ਅਗਲਾ ਨੀਵੀਂ ਪਾ ਜਾਂਦਾ।
ਕੇਰਾਂ ਉਹਦੇ ਬਾਬੇ ਕੋਲ ਬਲੈਕੀਏ ਫੀਮ ਛੱਡ ਗਏ। ਕਹਿੰਦੇ, “ਬਾਬਾ, ਸਾਡਾ ਸਮਾਨ ਪਿਐ, ਕੱਲ੍ਹ ਲੈ ਜਾਵਾਂਗੇ।” ਅੱਗਿਉਂ ਬਾਬਾ ਸੋਟੀ ਦੇ ਇਸ਼ਾਰੇ ਨਾਲ ਕਹਿੰਦਾ, “ਅਹੁ ਤੂਤ ‘ਤੇ ਟੰਗ ਦੇਵੋ।” ਬਾਬੇ ਨੇ ਬਗੈਰ ਦੇਖਿਆਂ ਅਫੀਮ ਤੂਤ ਨਾਲ ਟੰਗਾ ਦਿੱਤੀ। ਘੰਟੇ ਕੁ ਬਾਅਦ ਦੋ ਪੁਲਿਸ ਵਾਲੇ ਸਾਇਕਲਾਂ ‘ਤੇ ਆ ਗਏ। ਇਕ ਬੋਲਿਆ, “ਬਾਬਾ! ਇੱਧਰ ਦੋ ਬੰਦੇ ਆਏ ਸੀ?”
“ਹਾਂ ਸ਼ੇਰਾ! ਆਏ ਸੀ।” ਬਾਬੇ ਨੇ ਜਵਾਬ ਦਿੱਤਾ।
“ਕੁਝ ਦੇ ਕੇ ਗਏ?” ਦੂਜਾ ਬੋਲਿਆ।
“ਆਹ ਟੰਗ ਕੇ ਗਏ ਸੀ।” ਬਾਬੇ ਨੇ ਭੁਲੇਖੇ ਨਾਲ ਆਪਣੀ ਰੋਟੀ ਵਾਲਾ ਝੋਲਾ ਦਿਖਾ ਦਿੱਤਾ। ਅੰਬ ਦੇ ਅਚਾਰ ਦੀ ਮਹਿਕ ਨੇ ਦੱਸ ਦਿੱਤਾ ਕਿ ਝੋਲੇ ਵਿਚ ਰੋਟੀ ਸੀ।
ਪੁਲਿਸ ਵਾਲੇ ਅਗਾਂਹ ਤੁਰ ਗਏ। ਕਮਾਦ ਵਿਚੋਂ ਦੋਵੇਂ ਬਲੈਕੀਏ ਬਾਹਰ ਨਿਕਲੇ ਅਤੇ ਬਾਬੇ ਦੇ ਪੈਰ ਫੜ ਕੇ ਕਹਿੰਦੇ, “ਬਾਬਾ! ਤੈਂ ਤਾਂ ਸਾਡੀ ਅਫੀਮ ਫੜਨੋਂ ਬਚਾ ਦਿੱਤੀ। ਬੋਲ ਕਿੰਨੇ ਪੈਸੇ ਚਾਹੀਦੇ ਆ?”
“ਤੁਸੀਂ ਅੱਜ ਤੋਂ ਬਾਅਦ ਬਲੈਕ ਨਾ ਕਰਿਓ, ਬੱਸ ਪੈਸੇ ਹੀ ਪੈਸੇ ਨੇ।” ਬਾਬੇ ਨੇ ਸਲਾਹ ਦਿੱਤੀ।
“ਚੰਗਾ ਬਾਬਾ ਨਹੀਂ ਕਰਦੇ।” ਆਖ ਉਹ ਪਿਛਾਂਹ ਪਿੰਡ ਨੂੰ ਮੁੜ ਗਏ।
ਬਾਬਾ ਕਹਿੰਦਾ, “ਮੈਂ ਤਾਂ ਝੂਠ ਬੋਲ ਗਿਆ ਕਾਨੂੰਨ ਮੂਹਰੇ, ਮੇਰਾ ਤਾਂ ਬੱਚਾ ਬੱਚਾ ਪੀੜ ਦੇਣਗੇ।” ਬਾਬਾ ਸੋਚਦਾ ਹੀ ਸੀ ਕਿ ਉਹੀ ਪੁਲਿਸ ਵਾਲੇ ਫਿਰ ਆ ਗਏ। ਬਾਬਾ ਦੇਖ ਕੇ ਕਹਿੰਦਾ, “ਸ਼ੇਰੋ! ਉਸ ਝੋਲੇ ਵਿਚ ਤਾਂ ਮੇਰੀ ਰੋਟੀ ਸੀ, ਪਰ ਦੂਜੇ ਝੋਲੇ ਵਿਚ ਅਫੀਮ ਸੀ, ਉਹ ਅਫੀਮ ਲੈ ਕੇ ਪਿੰਡ ਨੂੰ ਗਏ ਨੇ।”
“ਬਾਬਾ ਕੰਮ ਤਾਂ ਤੂੰ ਕੀਤਾ ਹੱਥਕੜੀ ਲਵਾਉਣ ਵਾਲਾ, ਪਰ ਇਮਾਨਦਾਰੀ ਨਾਲ ਸੱਚ ਬੋਲ ਗਿਆ, ਇਸੇ ਕਰ ਕੇ ਤੈਨੂੰ ਛੱਡ ਚੱਲੇ ਆਂ।”
ਬਾਬਾ ਕਹਿੰਦਾ, “ਤੁਸੀਂ ਵੀ ਮੁਆਫ ਕਰ’ਤਾ, ਤੇ ਵਾਹਿਗੁਰੂ ਵੀ ਮੁਆਫ ਕਰ ਦੇਊ।”
ਪੁਲਿਸ ਵਾਲੇ ਪਿੰਡ ਵੱਲ ਹੋ ਤੁਰੇ।
ਨਗੌਰੀਏ ਦੇ ਬਜ਼ੁਰਗਾਂ ਨੇ ਕਿਹਾ ਸੀ ਕਿ ਆਪ ਭੁੱਖਾ ਭਾਵੇਂ ਮਰ ਜਾਈਂ, ਪਰ ਕਿਸੇ ਦੇ ਹੱਥੋਂ ਖੋਹ ਕੇ ਨਾ ਖਾਈਂ। ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦਾ, ਬੁਰਾ ਵੀ ਨਾ ਕਰੀਂ। ਝੂਠ ਉਥੇ ਬੋਲੀਂ, ਜਿਥੇ ਕਿਤੇ ਧੌਣ ‘ਤੇ ਤਲਵਾਰ ਰੱਖੀ ਹੋਵੇ ਤੇ ਕਿਸੇ ਦੀ ਜਾਨ ਬਚਦੀ ਹੋਵੇ। ਬਜ਼ੁਰਗਾਂ ਦੀਆਂ ਗੱਲਾਂ ਨਗੌਰੀਏ ਨੇ ਲੜ ਬੰਨ੍ਹੀਆਂ ਹੋਈਆਂ ਸਨ। ਉਹ ਉਮਰੋਂ ਵੱਧ ਸਿਆਣਾ ਸੀ ਤੇ ਉਹਦੀ ਸਿਆਣਪ ਹੀ ਉਸ ਦਾ ਵਿਆਹ ਵਾਲਾ ਚਾਅ ਪੂਰਾ ਕਰ ਗਈ। ਉਸ ਦੀ ਘਰਵਾਲੀ ਮੇਲੋ ਵੀ ਜਿਵੇਂ ਨਗੌਰੀਏ ਦਾ ਹੀ ਪ੍ਰਛਾਵਾਂ ਹੋਵੇ, ਸਰੀਰ ਪੱਖੋਂ ਵੀ ਤੇ ਸੁਭਾਅ ਪੱਖੋਂ ਵੀ। ਦੋਵੇਂ ਜੀਅ ਪੂਰੀ ਮਿਹਨਤ ਕਰਦੇ। ਦੋ ਸਾਲ ਪਿਛੋਂ ਮੇਲੋ ਨੇ ਧੀ ਨੂੰ ਜਨਮ ਦਿੱਤਾ। ਦੋਵਾਂ ਨੇ ਪੁੱਤ ਜਿੰਨੀ ਖੁਸ਼ੀ ਮਨਾਈ। ਧੀ ਉਨ੍ਹਾਂ ਲਈ ਚੰਨ ਦਾ ਟੁਕੜਾ ਸੀ।
ਨਗੌਰੀਏ ਦੇ ਛੋਟੇ ਭਰਾ ਗੁਰਪਾਲ ਨੂੰ ਮਾਪਿਆਂ ਦੀ ਇਕੱਲੀ ਧੀ ਦਾ ਰਿਸ਼ਤਾ ਮਿਲ ਗਿਆ। ਉਹ ਵਿਆਹ ਕਰਵਾ ਕੇ ਸਹੁਰੇ ਘਰ ਰਹਿਣ ਲੱਗ ਗਿਆ। ਘਰ ਦੀ ਸਾਰੀ ਕਬੀਲਦਾਰੀ ਦਾ ਭਾਰ ਨਗੌਰੀਏ ਸਿਰ ਆ ਗਿਆ। ਬੁੱਢੇ ਮਾਪੇ ਤੇ ਅਗਾਂਹ ਆਪਣੀ ਧੀ ਦੀ ਜ਼ਿੰਮੇਵਾਰੀ ਸਿਰ ਸੀ। ਸਮਾਂ ਬੀਤਦਾ ਗਿਆ। ਇਕ ਧੀ ਤੋਂ ਬਾਅਦ ਮੇਲੇ ਦੇ ਹੋਰ ਕੋਈ ਨਿਆਣਾ ਨਾ ਹੋਇਆ। ਨਗੌਰੀਏ ਨੇ ਚਾਰ ਛਿੱਲੜ ਜੋੜ ਕੇ ਦਸ ਖਣ ਛੱਤ ਲਏ। ਧੀ ਪੜ੍ਹਨ ਲਾ ਦਿੱਤੀ। ਉਨ੍ਹਾਂ ਲਈ ਧੀ ਹੀ ਸਭ ਕੁਝ ਸੀ। ਨਗੌਰੀਏ ਦੇ ਮਾਪਿਆਂ ਦਾ ਸਾਇਆ ਅਜੇ ਸਿਰ ‘ਤੇ ਸਲਾਮਤ ਸੀ।
ਨਗੌਰੀਏ ਦੀ ਧੀ ਰਾਣੋ ਮੁਟਿਆਰ ਹੋਈ ਤਾਂ ਵਿਆਹ ਕਰ ਦਿੱਤਾ। ਨਗੌਰੀਏ ਨੇ ਧੀ ਨੂੰ ਦਹੇਜ ਵਿਚ ਇਮਾਨਦਾਰੀ ਦਾ ਤੋਹਫਾ ਦਿੰਦਿਆਂ ਅਗਲੇ ਪਰਿਵਾਰ ਵਿਚ ਪਿਆਰ-ਇਤਫਾਕ ਬਣਾ ਕੇ ਰੱਖਣ ਦੀ ਅਸੀਸ ਦਿੱਤੀ। ਰਾਣੋ ਨੇ ਸ਼ਿਕਾਇਤ ਦਾ ਕੋਈ ਮੌਕਾ ਨਾ ਦੇਣ ਦਾ ਵਾਅਦਾ ਕੀਤਾ ਅਤੇ ਸਹੁਰੇ ਘਰ ਤੁਰ ਗਈ। ਨਗੌਰੀਏ ਦਾ ਘਰ ਹੁਣ ਰਾਣੋ ਬਗੈਰ ਸੁੰਨੀ ਸਰਾਂ ਜਾਪਦਾ। ਕਿਸੇ ਦਾ ਵੀ ਦਿਲ ਨਾ ਲਗਦਾ। ਫਿਰ ਹੌਲੀ ਹੌਲੀ ਸਭ ਨੇ ਮਨ ਸਮਝਾ ਲਿਆ। ਰਾਣੋ ਦੇ ਸਹੁਰੇ ਵੀ ਨੇਕ ਸੁਭਾਅ ਸਨ। ਪੈਸੇ ਵਲੋਂ ਤਾਂ ਨਹੀਂ, ਪਰ ਜ਼ਮੀਰ ਦੇ ਅਮੀਰ ਸਨ।
ਸਾਲ ਬਾਅਦ ਰਾਣੋ ਨੇ ਪੁੱਤ ਨੂੰ ਜਨਮ ਦਿੱਤਾ। ਦੋਵਾਂ ਪਰਿਵਾਰਾਂ ਵਿਚ ਖੁਸ਼ੀਆਂ ਦੇ ਭੰਗੜੇ ਪਏ, ਚਾਈਂ ਚਾਈਂ ਲੋਹੜੀ ਮਨਾਈ ਗਈ। ਰਾਣੋ ਦਾ ਪੁੱਤ ਏਕਮਜੋਤ ਅਜੇ ਦੋ ਸਾਲ ਦਾ ਹੋਇਆ ਸੀ ਕਿ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਰੱਬ ਨੇ ਖੁਸ਼ੀਆਂ ਦੇ ਕੇ ਫਿਰ ਖੋਹ ਲਈਆਂ ਸਨ। ਫਿਰ ਇਕ ਦਿਨ ਸਹੁਰਿਆਂ ਨੇ ਰਾਣੋ ਵਾਪਸ ਪੇਕੇ ਤੋਰ ਦਿੱਤੀ। ਨਗੌਰੀਏ ਤੋਂ ਧੀ ਦਾ ਦੁੱਖ ਝੱਲ ਨਹੀਂ ਸੀ ਹੁੰਦਾ। ਘਰ ਦੀ ਰੌਣਕ ਜਿਵੇਂ ਅੰਬਰੀਂ ਉਡ ਗਈ।
ਸਮਾਂ ਬੀਤਿਆ। ਰਾਣੋ ਨੂੰ ਮੁੜ ਵਿਆਹ ਦਿੱਤਾ। ਮੁੰਡਾ ਵੀ ਤਲਾਕਸ਼ੁਦਾ ਸੀ। ਰਾਣੋ ਏਕਮਜੋਤ ਨੂੰ ਵੀ ਨਾਲ ਲੈ ਗਈ। ਪਹਿਲੀ ਰੌਣਕ ਤਾਂ ਭਾਵੇਂ ਚਿਹਰੇ ‘ਤੇ ਨਾ ਪਰਤੀ, ਪਰ ਥੋੜ੍ਹਾ ਦਿਲ ਲੱਗਣ ਲੱਗ ਪਿਆ। ਸਾਲ ਬੀਤਿਆ, ਰਾਣੋ ਨੇ ਧੀ ਨੂੰ ਜਨਮ ਦਿੱਤਾ। ਧੀ ਅਜੇ ਸਾਲ ਦੀ ਨਹੀਂ ਸੀ ਹੋਈ ਕਿ ਰਾਣੋ ਦਾ ਪਤੀ ਐਕਸੀਡੈਂਟ ਵਿਚ ਮਰ ਗਿਆ। ਸਹੁਰਿਆਂ ਨੇ ਰਾਣੋ ਨੂੰ ‘ਪੁੱਠੇ ਪੈਰਾਂ ਵਾਲੀ’ ਆਖ ਕੇ ਘਰੋਂ ਧੱਕ ਦਿੱਤਾ। ਉਹਨੇ ਫਿਰ ਪਿਓ ਦੀ ਹਿੱਕ ਨਾਲ ਲੱਗ ਕੇ ਰੱਬ ਨੂੰ ਉਲਾਂਭਾ ਦਿੱਤਾ।
ਘਰ ਵਿਚ ਅਜੇ ਰੋਣਾ ਥੰਮ੍ਹਿਆ ਨਹੀਂ ਸੀ ਕਿ ਨਗੌਰੀਏ ਦੀ ਮਾਤਾ ਚੜ੍ਹਾਈ ਕਰ ਗਈ। ਮਾਂ ਦੇ ਮਰਨੇ ‘ਤੇ ਯੂæਪੀæ ਵਾਲਾ ਪੂਰਨ ਸਿੰਘ ਵੀ ਆ ਗਿਆ। ਭੋਗ ਪਿਆ ਤਾਂ ਉਸ ਨੇ ਨਗੌਰੀਏ ਕੋਲੋਂ ਜ਼ਮੀਨ ਦਾ ਹਿੱਸਾ ਮੰਗ ਲਿਆ। ਨਗੌਰੀਏ ਨੇ ਬੜੇ ਸਹਿਜ ਨਾਲ ਉਸ ਨੂੰ ਬਣਦਾ ਹਿੱਸਾ ਦੇ ਦਿੱਤਾ। ਪੂਰਨ ਆਪਣਾ ਇਹ ਹਿੱਸਾ ਕਿਸੇ ਹੋਰ ਨੂੰ ਮਾਮਲੇ ‘ਤੇ ਦੇ ਗਿਆ। ਨਗੌਰੀਆ ਜਿਵੇਂ ਭਰਾ ਨਾਲੋਂ ਟੁੱਟ ਗਿਆ ਹੋਵੇ! ਮਾਂ ਦੇ ਮਗਰੇ ਹੀ ਨਗੌਰੀਏ ਦਾ ਬਾਪੂ ਕੂਚ ਕਰ ਗਿਆ। ਭੋਗ ਦੀ ਰਸਮ ਹੋਈ ਤਾਂ ਸਹੁਰੀਂ ਰਹਿੰਦੇ ਗੁਰਪਾਲ ਨੇ ਵੀ ਆਪਣਾ ਹਿੱਸਾ ਮੰਗ ਲਿਆ, ਨਗੌਰੀਏ ਨੇ ਦੇ ਦਿੱਤਾ। ਹੌਲੀ ਹੌਲੀ ਪੂਰਨ ਅਤੇ ਗੁਰਪਾਲ ਆਪੋ-ਆਪਣਾ ਹਿੱਸਾ ਬੈਅ ਲਿਖਵਾ ਗਏ।
ਨਗੌਰੀਏ ਕੋਲ ਕਿੱਲੇ ਤੋਂ ਘੱਟ ਜ਼ਮੀਨ ਰਹਿ ਗਈ ਸੀ। ਦੂਜੇ ਪਾਸੇ ਵਿਧਵਾ ਧੀ ਘਰ ਸੀ। ਦੋਹਤਾ ਤੇ ਦੋਹਤੀ ਪੜ੍ਹਦੇ ਸਨ। ਪਿਛਲੀ ਉਮਰੇ ਨਗੌਰੀਏ ਨੂੰ ਜ਼ਿਆਦਾ ਕੰਮ ਕਰਨਾ ਪੈ ਰਿਹਾ ਸੀ, ਪਰ ਉਹ ਇਮਾਨਦਾਰੀ ਨਾਲ ਅਗਾਂਹ ਵਧਣ ਦੀ ਕੋਸ਼ਿਸ਼ ਕਰਦਾ। ਇਕ ਵਾਰ ਫਿਰ ਉਹਦਾ ਇਮਤਿਹਾਨ ਹੋਇਆ। ਉਸ ਦੀ ਘਰਵਾਲੀ ਨੂੰ ਕੈਂਸਰ ਹੋ ਗਿਆ। ਰਹਿੰਦੀ ਜ਼ਮੀਨ ਬੈਅ ਹੋ ਗਈ ਅਤੇ ਘਰਵਾਲੀ ਬਚੀ ਫਿਰ ਵੀ ਨਾ। ਹੁਣ ਨਗੌਰੀਏ ਕੋਲ ਬੱਸ ਘਰ ਹੀ ਬਚਿਆ ਸੀ, ਪਰ ਨਗੌਰੀਆ ਆਪਣੇ ਇਮਾਨ ਤੋਂ ਨਾ ਡੋਲਿਆ। ਸਮਾਂ ਬੀਤਿਆ। ਦੋਹਤਾ-ਦੋਹਤੀ ਜਵਾਨ ਹੋ ਗਏ। ਦੋਹਤੇ ਨੂੰ ਕੈਨੇਡਾ ਤੋਂ ਰਿਸ਼ਤਾ ਮਿਲ ਗਿਆ। ਦੋਹਤੀ ਨੂੰ ਅਮਰੀਕਾ ਤੋਂ ਰਿਸ਼ਤਾ ਆ ਗਿਆ। ਇਹ ਦੋਵੇਂ ਰਿਸ਼ਤੇ ਪਿੰਡ ਦੇ ਹੀ ਇਕ ਸਿੰਘ ਨੇ ਕਰਵਾਏ ਸਨ ਜਿਸ ਨੂੰ ਨਗੌਰੀਏ ਦੀ ਇਮਾਨਦਾਰੀ ਦਾ ਪਤਾ ਸੀ। ਰਾਣੋ ਹੁਣ ਆਪਣੀ ਧੀ ਨਾਲ ਅਮਰੀਕਾ ਰਹਿੰਦੀ ਹੈ। ਨਗੌਰੀਏ ਨੂੰ ਦੋਹਤੇ ਨੇ ਵਧੀਆ ਕੋਠੀ ਪਾ ਦਿੱਤੀ ਹੈ। ਉਹ ਪਿੰਡ ਵਿਚ ਇਮਾਨਦਾਰੀ ਦਾ ਪਾਠ ਪੜ੍ਹਾਉਂਦਾ ਰਹਿੰਦਾ ਹੈ। ਪਿਛਲੀ ਉਮਰੇ, ਪੂਰਨ ਵੀ ਨਗੌਰੀਏ ਕੋਲ ਆ ਗਿਆ। ਪਰਮਾਤਮਾ ਨੇ ਜ਼ਖਮਾਂ ‘ਤੇ ਮਲ੍ਹਮ ਲਾ ਦਿੱਤੀ।