ਇਹ ਦੁਨੀਆਂ ਸੇਵ ਕਰਾਈਐ

ਅਵਤਾਰ ਗੋਂਦਾਰਾ
ਅੰਮ੍ਰਿਤਸਰ ਦੀਆਂ ਗਲੀਆਂ ਵਿਚ ਗੋਹਾ ਚੁਗਦਾ, ਦਸਵੀਂ ਫੇਲ੍ਹ, ਗਰੀਬੀ ਨਾਲ ਘੁਲਦਾ ਬੰਦਾ ਮਨੋਰਥ ਦੀ ਇਕਾਗਰਤਾ ਤੇ ਅਮਲ ਦੀ ਨਿਰੰਤਰਤਾ ਨਾਲ ਕਿਵੇਂ ਦੰਦ-ਕਥਾ ਬਣ ਜਾਂਦਾ ਹੈ, ਇਸ ਦੀ ਮਿਸਾਲ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਹਨ। ਕਰੋੜਾਂ ਬੰਦੇ ਹਰ ਰੋਜ ਗੁਰਦੁਆਰੇ ਜਾਂਦੇ ਹਨ, ਵੱਡੇ ਵੱਡੇ ਦਾਨ ਪੁੰਨ ਵੀ ਕਰਦੇ ਹਨ, ਉਨ੍ਹਾਂ ਦੇ ਰਾਹਾਂ ਵਿਚ ਲੋੜਵੰਦ ਤੇ ਅਪਾਹਜ ਵੀ ਪਏ ਹੁੰਦੇ ਹਨ, ਜਿਨ੍ਹਾਂ ਦੀ ਪੀੜ ਨਾਲ ਪਿਘਲ ਜਾਣਾ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ। ਆਮ ਧਰਮੀ ਬੰਦੇ ਦੀ ਦਯਾ, ਸਿਰਫ ਹਾਅ ਦਾ ਨਾਹਰਾ ਮਾਰਨ ਜਾਂ ਥੋੜੀ ਬਹੁਤ ਮਾਇਕ ਮਦਦ ਕਰਨ ਤੋਂ ਅੱਗੇ ਨਹੀਂ ਜਾਂਦੀ।

ਉਹ ਵਾਧੂ ਕੱਪੜਾ, ਘਸੀ ਹੋਈ ਜੁੱਤੀ ਜਾਂ ਬੇਹੀ ਰੋਟੀ ਦੇ ਕੇ ਹੀ ਮਹਾਂਦਾਨੀ ਹੋਣ ਦਾ ਭਰਮ ਪਾਲ ਲੈਂਦੇ ਹਨ। ਏਨਾ ਕੁ ਕਰਕੇ ਵੀ ਉਹ ਇਵਜਾਨੇ ਵਜੋਂ ਦਰਗਾਹ ਵਿਚ ਪ੍ਰਵਾਨ ਹੋਣ ਲਈ ਅਰਦਾਸ ਕਰਦੇ ਹਨ। ਜੇ ਤਿੱਲ-ਫੁੱਲ ਦਿੱਤਾ ਹੈ ਤਾਂ ਇਵਜ ਵਿਚ ਕੁਝ ਮਿਲਣਾ ਵੀ ਚਾਹੀਦਾ ਹੈ। ਜਿਵੇਂ ਸਮੁੰਦਰ ਵਿਚੋਂ ਗੜਵੀ ਭਰ ਕੇ ਕੋਈ ਸਮੁੰਦਰ ਨੂੰ ਪਾਣੀ ਦਾਨ ਕਰ ਰਿਹਾ ਹੋਵੇ। ਇਸ ਵਿਰੋਧਾਭਾਸ ਦੇ ਦਰਸ਼ਨ ਰੋਜ ਧਾਰਮਿਕ ਅਸਥਾਨਾਂ ‘ਤੇ ਦੇਖਣ ਨੂੰ ਮਿਲਦੇ ਹਨ। ਇਵਜ ਵਿਚ ਮੰਗਿਆਂ, ਸੇਵਾ ਸੇਵਾ ਨਹੀਂ ਰਹਿੰਦੀ, ਵਣਜ ਬਣ ਜਾਂਦੀ ਹੈ। ਮੰਗ ਭਾਵੇਂ ਸੁੱਖ ਦੀ ਹੋਵੇ ਜਾਂ ਸਰਮਾਏ ਦੀ।
ਇਨ੍ਹਾਂ ਕਰੋੜਾਂ ਨਿੱਤਨੇਮੀਆਂ ਤੋਂ ਭਗਤ ਪੂਰਨ ਸਿੰਘ ਨਿਆਰੇ ਸਨ। ਉਸ ਨੂੰ ਅਗਲੀ ਦਰਗਾਹ ਵਿਚ ਪਰਵਾਨੇ ਜਾਣ ਦਾ ਫਿਕਰ ਨਹੀਂ ਸੀ। ਕਿਸੇ ਦੀਨ ਦੁਖੀ ‘ਤੇ ਤਰਸ ਕਰਨਾ ਸੌਖਾ ਹੈ, ਇਸ ਨਾਲ ਕੁਝ ਗੰਵਾਉਣਾ ਨਹੀਂ ਪੈਦਾ, ਨਾ ਸਮਾਂ ਖਰਾਬ ਹੁੰਦਾ ਹੈ। ਸਗੋਂ ਖੁਦ ਦੇ ਕੋਮਲਭਾਵੀ ਹੋਣ ਦੇ ਅਹਿਸਾਸ ਨਾਲ ਹਉਂ ਵੀ ਤ੍ਰਿਪਤ ਹੁੰਦੀ ਹੈ। ਭਗਤ ਪੂਰਨ ਸਿੰਘ ਦਾ ਮਨ, ਤਰਸ ਕਰਨ ਤੱਕ ਸੀਮਤ ਨਹੀਂ ਸੀ, ਉਹ ਦੁਖੀਆਂ ਦੀ ਬਾਂਹ ਫੜ੍ਹਦੇ, ਉਨ੍ਹਾਂ ਦੇ ਹਮਸਫਰ ਬਣਦੇ, ਉਨ੍ਹਾਂ ਨੂੰ ਹਿੱਕ ਨਾਲ ਲਾਉਂਦੇ। ਉਨ੍ਹਾਂ ਲਈ ਸਮਾਂ ਹੀਂ ਨਹੀਂ ਕਢਦੇ, ਹਰ ਸਾਹ ਉਨ੍ਹਾਂ ਦੇ ਲੇਖੇ ਲਾਉਂਦੇ। ਉਨ੍ਹਾਂ ਨੂੰ ਪਤਾ ਸੀ ਕਿ ਸਿਰਫ Ḕਭਾਂਡੇ ਮਾਂਜਣḔ, Ḕਲੰਗਰ ਲਾਉਣḔ, Ḕਜੁੱਤੀਆਂ ਸਾਫ ਕਰਨḔ ਜਾਂ Ḕਦਸਵੰਦ ਕੱਢਣḔ ਤੋਂ ਅੱਗੇ ਵੀ ਕੋਈ ḔਸੇਵਾḔ ਹੁੰਦੀ ਹੈ।
ਲੋੜਵੰਦਾਂ ਦੀ ਮਦਦ ਤੇ ਕੁਦਰਤ ਦੀ ਰਾਖੀ ਨਾਲੋਂ ਵੱਡੀ ਕਿਹੜੀ ਸੇਵਾ ਹੋ ਸਕਦੀ ਹੈ? ਉਨ੍ਹਾਂ ਦੀ ਕੋਈ ਵੀ ਸਰਗਰਮੀ, ਇਨ੍ਹਾਂ ਦੋਹਾਂ ਗੱਲਾਂ ਤੋਂ ਪਾਸੇ ਨਹੀਂ ਸੀ ਤਿਲਕਦੀ। ਉਨ੍ਹਾਂ ਨੇ ਜੋ ਲਿਖਿਆ, ਬੋਲਿਆ, ਦਾਨ ਇਕੱਠਾ ਕੀਤਾ, ਇਹ ਸਾਰਾ ਕੁਝ, ਦੀਨ ਦੁਖੀਆਂ ਤੇ ਵਾਤਾਵਰਣ ਸੰਭਾਲ ਦੇ ਲੇਖੇ ਲਾਇਆ। ਆਪਣੇ ਮਿਸ਼ਨ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਭਗਤ ਪੂਰਨ ਸਿੰਘ ਚੜ੍ਹਦੀ ਉਮਰ ਵਿਚ ਹੀ ਜ਼ਿੰਦਗੀ ਨੂੰ ਉਵੇਂ ਨਹੀਂ ਸੀ ਵੇਖ ਰਹੇ ਜਿਵੇਂ, ਉਨ੍ਹਾਂ ਦੇ ਹਾਣੀ ਦੇਖਦੇ ਹੋਣਗੇ। ਪੜ੍ਹਨ ਲਿਖਣਾ ਤੇ ਕੈਰੀਅਰ ਬਣਾਉਣਾ, ਉਨ੍ਹਾਂ ਦਾ ਮਕਸਦ ਨਹੀਂ ਸੀ। ਦਸਵੀਂ ਵਿਚ ਉਹ ਇਸ ਕਰਕੇ ਨਹੀਂ ਫੇਲ੍ਹ ਹੋਏ ਕਿ ਉਹ ਪੜ੍ਹਨ ਵਿਚ ਕਮਜੋਰ ਸਨ, ਸਗੋਂ ਇਸ ਕਰਕੇ ਕਿ ਪੜ੍ਹਾਇਆ ਜਾਂਦਾ ਪਾਠ ਉਨ੍ਹਾਂ ਨੂੰ ਜ਼ਿੰਦਗੀ ਤੋਂ ਕੋਰਾ ਲਗਦਾ ਸੀ, ਇਹ ਜਮੀਨੀ ਹਕੀਕਤਾਂ ਨੂੰ ਸੰਬੋਧਿਤ ਨਹੀਂ ਸੀ।
ਲਾਹੌਰ ਰਹਿੰਦਿਆਂ ਮਾਂ ਘਰਾਂ ਦਾ ਕੰਮ ਕਰਕੇ ਵੀ, ਪੁੱਤ ਨੂੰ ਪੜ੍ਹਿਆ-ਲਿਖਿਆ ਦੇਖਣਾ ਚਾਹੁੰਦੀ ਸੀ। ਪਰ ਉਨ੍ਹਾਂ ਦਾ ਨਿਸ਼ਾਨਾ ਕੋਈ ਹੋਰ ਸੀ। ਘਰ ਵਸਾਉਣ ਦੀ ਉਮਰੇ ਹੀ, ਉਨ੍ਹਾਂ ਮਾਂ ਨਾਲ ਕੌਲ ਕੀਤਾ ਕਿ ਮੈਂ ਵਿਆਹ ਨਹੀਂ ਕਰਵਾਵਾਂਗਾ, ਸਿਰਫ ਦੁਖੀਆਂ ਦੀ ਸੇਵਾ ਹੀ ਕਰਾਂਗਾ। ਉਨ੍ਹਾਂ ਲਈ ਸੇਵਾ ਵਿਹਲੇ ਵੇਲੇ ਦਾ ਸ਼ੁਗਲ ਨਹੀਂ। ਸਾਡੇ ਵਿਚੋਂ ਬਹੁਤੇ ਇਹੀ ਕਰਦੇ ਹਨ ਤੇ ਛੁੱਟੀ ਵਾਲੇ ਦਿਨ ਨਾਲੇ Ḕਲੰਗਰ ਛਕḔ ਆਉਂਦੇ ਹਨ, ਨਾਲੇ ਮੇਲ-ਗੇਲ ਕਰ ਆਉਂਦੇ ਹਨ।
ਉਹ ਕਿਹੜੀ ਗੱਲ ਸੀ ਜਿਸ ਨੇ ਭਗਤ ਪੂਰਨ ਸਿੰਘ ਦੀ ਜਿੰæਦਗੀ ਦੀ ਦਿਸ਼ਾ ਤੈਅ ਕੀਤੀ? ਉਨ੍ਹਾਂ ਦੀ ਜ਼ਿੰਦਗੀ ਵਿਚ ਇੱਕ ਦੋ ਵੱਡੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਉਨ੍ਹਾਂ ਦੀ ਕਾਇਆ ਕਲਪ ਕਰ ਦਿੱਤੀ। ਪਹਿਲੀ ਸੀ, ਇਕ ਜ਼ਖਮੀ ਦੀ ਅਸੀਸ, ਜਿਸ ਦੀ ਗੁਰਦੁਆਰਾ ਡੇਰਾ ਸਾਹਿਬ ਦੀ ਛੱਤ ਤੋਂ ਡਿੱਗ ਕੇ ਲੱਤ ਟੁੱਟ ਗਈ ਸੀ। ਉਸ ਦਾ ਵਾਲੀ ਵਾਰਸ ਕੋਈ ਨਹੀਂ ਸੀ। ਭਗਤ ਪੂਰਨ ਸਿੰਘ ਨੇ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਉਸ ਨੇ ਅਸੀਸ ਦਿੱਤੀ, Ḕਪੁੱਤ ਜਿਉਂਦਾ ਰਹਿ।Ḕ ਭਗਤ ਜੀ ਦਾ ਕਹਿਣਾ ਸੀ ਕਿ ਇਸ ਅਸੀਸ ਨਾਲ ਉਹ ਸਿਰ ਤੋਂ ਪੈਰਾਂ ਤੱਕ ਹਲੂਣਿਆ ਗਿਆ। ਉਸ ਨੂੰ ਲੱਗਿਆ ਕਿਸੇ ਨਿਆਸਰੇ ਦਾ ਆਸਰਾ ਬਣਨਾ ਹੀ ਅਸਲ ਸੇਵਾ ਹੈ। ਰੱਜਿਆਂ ਦੀ ਸੇਵਾ ਕਾਹਦੀ ਸੇਵਾ ਹੈ? ਦੂਜੀ ਘਟਨਾ, ਅਪਾਹਜ ਅਨਾਥ ਬੱਚੇ ਦਾ ਮਿਲਣਾ ਸੀ। ਜੋ ਪਿਆਰਾ ਸਿੰਘ ਬਣ ਕੇ ਉਮਰ ਭਰ ਭਗਤ ਜੀ ਦੀ ਛਾਂ ਵਿਚ ਰਿਹਾ। ਆਮ ਜ਼ਿੰਦਗੀ ਵਿਚ ਰੱਜੇ ਪੁੱਜੇ ਇੱਕ ਦੂਜੇ ਲਈ Ḕਲੰਗਰ ਲਾ ਕੇḔ ਸੇਵਾ ਕਰਦੇ ਰਹਿੰਦੇ ਹਨ, ਉਹ ਬਾਬੇ ਨਾਨਕ ਵਾਂਗ ਭੁੱਖਿਆ ਕੋਲ ਨਹੀਂ ਜਾਂਦੇ, ਜਿਨ੍ਹਾਂ ਨੂੰ ਅਸਲ ਵਿਚ ਇਸ ਦੀ ਲੋੜ ਹੁੰਦੀ ਹੈ। ਭਗਤ ਜੀ ਨੂੰ ਇਸ ਦਾ ਪਤਾ ਸੀ।
ਮੁਲਕ ਦੀ ਵੰਡ ਨੇ ਭਗਤ ਜੀ ਨੂੰ ਲਾਹੌਰੋਂ ਅੰਮ੍ਰਿਤਸਰ ਲੈ ਆਂਦਾ। ਜਿੱਥੇ ਪਿੰਗਲਵਾੜੇ ਵਰਗੀ ਵਿਸ਼ਵ ਪ੍ਰਸਿੱਧ ਸੰਸਥਾ ਦਾ ਮੁੱਢ ਬੱਝਾ। ਭਗਤ ਪੂਰਨ ਸਿੰਘ ਨੂੰ ਕਈ ਵਿਸ਼ੇਸ਼ਣਾਂ ਨਾਲ ਚੇਤੇ ਕੀਤਾ ਜਾਂਦਾ ਹੈ। ਸਰਕਾਰੇ ਦਰਬਾਰੇ ਵੀ ਉਨ੍ਹਾਂ ਦੀ ਸੇਵਾ ਨੂੰ ਤਸਲੀਮ ਕੀਤਾ ਗਿਆ ਹੈ। ਭਗਤ ਪੂਰਨ ਸਿੰਘ ਦਾ ਕੱਦ ਮਿਲੇ ਇਨਾਮਾਂ ਨਾਲੋਂ ਕਈ ਗੁਣਾ ਵੱਡਾ ਹੈ।
ਆਮ ਤੌਰ ‘ਤੇ ਗੱਲਾਂ-ਬਾਤਾਂ, ਬਹਿਸ-ਮੁਬਾਹਿਸਿਆਂ ਵਿਚ ਅਸੀਂ ਬੁਰਾਈਆਂ ਖਿਲਾਫ ਬੋਲਦੇ ਵੀ ਰਹਿੰਦੇ ਹਾਂ, ਪਰ ਸਾਡਾ ਸਾਰਾ ਅਮਲ ਉਨ੍ਹਾਂ ਹੀ ਬੁਰਾਈਆਂ ਦੇ ਹੱਕ ਵਿਚ ਭੁਗਤਦਾ ਹੈ। ਅਸੀਂ ਸਾਦਗੀ ਦੀਆਂ ਗੱਲਾਂ ਵੀ ਕਰੀ ਜਾਂਦੇ ਹਾਂ, ਪਰ ਜੁਆਕਾਂ ਦੇ ਜਨਮ ਦਿਨ ਵਿਆਹਾਂ ਵਾਂਗ ਮਨਾਉਂਦੇ ਹਾਂ। ਪੰਜਾਬ ਵਿਚ ਅਸੀਂ ਧਰਤੀ ਨੂੰ ḔਮਾਤਾḔ ਵੀ ਕਹੀ ਜਾਂਦੇ ਹਾਂ, ਤੇ ਹਰ ਛਿਮਾਹੀਂ ਨਾੜ ਨੂੰ ਅੱਗ ਲਾ ਕੇ ਉਸ ਦੀ ਛਾਤੀ ਵੀ ਸਾੜੀ ਜਾਂਦੇ ਹਾਂ। ਅਜਿਹੇ ਅਣਗਣਿਤ ਵਿਰੋਧਾਭਾਸ ਅਸੀਂ ਹਰ ਰੋਜ ਜਿਉਂਦੇ ਹਾਂ। ਜਦੋਂ ਕਿ ਭਗਤ ਜੀ ਤੋਂ ਸਿੱਖਿਆ ਲੈ ਕੇ ਇਨ੍ਹਾਂ ਫਜੂਲ ਖਰਚੀਆਂ ‘ਤੇ ਲਾਏ ਸਮੇਂ ਅਤੇ ਸਰਮਾਏ ਨੂੰ ਨਿਆਸਰਿਆਂ-ਨਿਓਟਿਆਂ ਦੇ ਲੇਖੇ ਲਾਇਆ ਜਾ ਸਕਦਾ ਹੈ, ਜੋ ਹਰ ਮੁਲਕ ਵਿਚ ਆਲੇ-ਦੁਆਲੇ ਵਸਦੇ ਹਨ।
ਕਹਿਣੀ ਤੇ ਕਰਨੀ ਵਿਚ ਏਕੇ ਦੀ ਮਿਸਾਲ ਕੀ ਹੁੰਦੀ ਹੈ? ਫਰੀਦਕੋਟ ਵਿਖੇ ਵਾਪਰੀ ਇਸ ਘਟਨਾ ਤੋਂ ਪਤਾ ਲੱਗਦਾ ਹੈ। ਹਰ ਸਾਲ ਮਨਾਏ ਜਾਂਦੇ ਬਾਬਾ ਫਰੀਦ ਮੇਲੇ ਦੇ ਮੋਢੀ ਇੰਦਰਜੀਤ ਸਿੰਘ ਖਾਲਸਾ ਨੇ ਭਗਤ ਪੂਰਨ ਸਿੰਘ ਦੇ ਨਾਂ ‘ਤੇ ਇਨਾਮ ਵੀ ਰੱਖਿਆ ਹੋਇਆ ਹੈ। ਭਗਤ ਜੀ ਅਕਸਰ ਇੱਥੇ ਆਉਂਦੇ ਰਹਿੰਦੇ ਅਤੇ ਇਨਾਮ-ਵੰਡ ਸਮਾਗਮ ਵਿਚ ਹਿੱਸਾ ਲੈਂਦੇ। ਇੱਕ ਵਾਰ ਬੀਮਾਰ ਸਨ, ਪਰ ਖਾਲਸਾ ਜੀ ਦੇ ਇਸਰਾਰ ਕਰਨ ‘ਤੇ ਉਹ ਮੇਲੇ ‘ਤੇ ਆ ਗਏ। ਉਨ੍ਹਾਂ ਨੂੰ ਖਾਲਸਾ ਜੀ ਦੇ ਡਰਾਇੰਗ ਰੂਮ ਵਿਚ ਬਿਠਾਇਆ ਗਿਆ। ਖਾਲਸਾ ਜੀ ਦਾ ਮਹਿਲਨੁਮਾ ਘਰ ਹੈ। ਉਹ ਫੌਜਦਾਰੀ ਦੇ ਪ੍ਰਸਿੱਧ ਵਕੀਲ ਤੇ ਕਈ ਵਿਦਿਅਕ ਅਦਾਰਿਆਂ ਦੇ ਕਰਤਾ ਧਰਤਾ ਹਨ। ਉਨ੍ਹਾਂ ਦੇ ਘਰ ਮੇਰੇ ਵਰਗੇ ਕਈ ਪੱਤਰਕਾਰ ਤੇ ਸ਼ਰਧਾਲੂ ਵੀ ਬੈਠੇ ਸਨ।
ਭਗਤ ਜੀ ਦੇ ਖਾਣ ਲਈ ਖਿੱਚੜੀ ਵਗੈਰਾ ਤਿਆਰ ਹੋ ਰਹੀ ਸੀ। ਉਥੇ ਬੈਠਿਆਂ ਅਚਾਨਕ ਭਗਤ ਜੀ ਦੀ ਨਜ਼ਰ, ਕੰਧਾਂ ‘ਤੇ ਗਈ ਜਿਨ੍ਹਾਂ ‘ਤੇ ਅੱਠ ਅੱਠ ਫੁੱਟ ਉਚੀ ਲੱਕੜ ਲੱਗੀ ਹੋਈ ਸੀ। ਜਦੋਂ ਖਾਲਸਾ ਜੀ ਕੋਲ ਆਏ ਤਾਂ ਭਗਤ ਜੀ ਨੇ ਰੋਸ ਕੀਤਾ ਤੇ ਕਿਹਾ, “ਇੰਦਰਜੀਤ ਤੇਰੀ ਕਹਿਣੀ ਤੇ ਕਰਨੀ ਵਿਚ ਬਹੁਤ ਫਰਕ ਹੈ। ਦੱਸ ਤੂੰ ਕਦੇ ਹੱਥ ਨਾਲ ਰੁੱਖ ਲਾਇਐ? ਤੈਨੂੰ ਕੀ ਹੱਕ ਹੈ, ਦੌਲਤ ਦੇ ਵਿਖਾਵੇ ਲਈ ਤੂੰ ਇੰਨੇ ਰੁੱਖ ਕੰਧਾਂ ‘ਤੇ ਚਿਪਕਾ ਦਿੱਤੇ।” ਉਨ੍ਹਾਂ ਦਾ ਕੁਦਰਤ ਲਈ ਪ੍ਰੇਮ, ਰੋਹ ਦਾ ਰੂਪ ਅਖਤਿਆਰ ਕਰ ਰਿਹਾ ਸੀ। ਉਹ ਬੋਲੇ, “ਤੂੰ ਅਮੀਰ ਹੈਂ, ਤੇਰੇ ਬੱਚਿਆਂ ਨੂੰ ਆਕਸੀਜਨ ਮਿਲ ਜਾਊ, ਤੂੰ ਕਿੰਨੇ ਲੋਕਾਂ ਦੇ ਫੇਫੜੇ ਕੰਧਾਂ ‘ਤੇ ਟੰਗ ਛੱਡੇ ਆ।” ਭਗਤ ਜੀ ਬਿਨਾ ਖਿੱਚੜੀ ਖਾਧਿਆਂ ਉਠ ਕੇ ਚਲੇ ਗਏ। ਖਾਲਸਾ ਜੀ ਦਾ ਵਰ੍ਹਿਆਂ ਬੱਧੀ ਲਿਹਾਜ ਵੀ ਉਨ੍ਹਾਂ ਨੂੰ ਥਿੜਕਾ ਨਾ ਸਕਿਆ। ਅਸੀਂ ਆਪਣੇ ਰਿਸ਼ਤੇਦਾਰਾਂ, ਨਿੱਕੀਆਂ-ਮੋਟੀਆਂ ਦੋਸਤੀਆਂ ਲਈ ਅਸੂਲ ਛੱਡਣ ਲਈ ਤੱਤਪਰ ਰਹਿੰਦੇ ਹਾਂ।
ਇੱਥੇ ਸੁਆਲ ਘਰੇ ਲੱਕੜ ਵਰਤਣ ਦਾ ਨਹੀਂ ਸੀ, ਰੁੱਖਾਂ ਪ੍ਰਤੀ ਸਾਡੇ ਰਵੱਈਏ ਦਾ ਸੀ। ਪੰਜਾਬ, ਜੋ ਕਦੇ ਜੰਗਲ ਕਰਕੇ ਜਾਣਿਆ ਜਾਂਦਾ ਸੀ, ਅੱਜ ਕੱਲ ਰੁੱਖ ਰਹਿਤ ਹੋ ਗਿਆ ਹੈ। ਕਿਸੇ ਪਿੰਡ ਦੇ ਕੋਠੇ ਚੜ੍ਹ ਜਾਓ, ਨਾਲ ਦੇ ਪਿੰਡ ਦਿਸ ਪੈਣਗੇ। ਭਗਤ ਜੀ ਦਾ ਭਾਵ ਹਲੂਣਾ ਦੇਣ ਤੋਂ ਸੀ, ਜੇ ਤੁਸੀਂ ਰੁੱਖ ਲਾਉਂਦੇ ਨਹੀਂ ਜਾਂ ਲਾਉਣ ਵਾਲਿਆਂ ਤੇ ਸਾਂਭਣ ਵਾਲਿਆਂ ਨਾਲ ਸੀਰ ਨਹੀਂ ਪਾਉਂਦੇ ਤਾਂ ਤੁਹਾਨੂੰ ਰੁੱਖ ਵੱਢਣ ਜਾਂ ਲੱਕੜ ਦੇ ਫਰਨੀਚਰ ਵਰਤਣ ਦਾ ਕੋਈ ਹੱਕ ਨਹੀਂ। ਬਹੁਤੇ ਸਰਦੇ ਪੁੱਜਦੇ ਬੰਦੇ ਸਮਾਜ ਅਤੇ ਕੁਦਰਤ ਵਲੋਂ ਮਿਲੀਆਂ ਦਾਤਾਂ ਲਈ ḔਅਰਦਾਸḔ ਤਾਂ ਕਰ ਦੇਣਗੇ, ਪਰ ਇਵਜ ਵਿਚ ਸਮਾਜ ਅਤੇ ਕੁਦਰਤ ਨੂੰ ਹੋਰ ਵਧੀਆ ਬਣਾਉਣ ਲਈ ਕਰਦੇ ਭੋਰਾ ਵੀ ਨਹੀਂ। ਉਨ੍ਹਾਂ ਦੀਆਂ ਸੰਜਮ ਅਤੇ ਸਾਦਗੀ ਵਿਰੋਧੀ ਸਰਗਰਮੀਆਂ ਇਨ੍ਹਾਂ ਨੂੰ ਵਿਗਾੜਨ ਲਈ ਕਾਫੀ ਹੁੰਦੀਆਂ ਹਨ।
ਭਗਤ ਪੂਰਨ ਸਿੰਘ ਨਾਂ ਦੇ ਹੀ ਨਹੀਂ, ਕਿਰਦਾਰ ਦੇ ਵੀ ਪੂਰਨ ਸਨ। ਇਸ ਘਟਨਾ ਨਾਲ ਉਨ੍ਹਾਂ ਦੀ ਨਿਹਚਾ ਦੀ ਨਿਸ਼ਾਨਦੇਹੀ ਹੁੰਦੀ ਹੈ। ਬਾਬਾ ਫਰੀਦ ਪਬਲਿਕ ਸਕੂਲ ਖੋਲਿਆ ਗਿਆ ਤਾਂ ਇੰਦਰਜੀਤ ਸਿੰਘ ਖਾਲਸਾ ਨੇ ਭਗਤ ਪੂਰਨ ਸਿੰਘ ਨੂੰ ਇਸ ਦਾ ਸਰਪ੍ਰਸਤ ਬਣਨ ਦੀ ਬੇਨਤੀ ਕੀਤੀ, ਪਰ ਉਨ੍ਹਾਂ ਨੇ ਠੁਕਰਾ ਦਿੱਤੀ। ਅਸੀਂ ਸਾਂਝੀਵਾਲਤਾ ਦੀਆਂ ਗੱਲਾਂ ਬਹੁਤ ਕਰਦੇ ਹਾਂ, ਪਰ ਜੋ ਕੁਝ ਵੀ ਸਾਂਝਾ ਹੈ, ਭਾਵੇਂ ਸਕੂਲ ਹਨ, ਸਹਿਕਾਰੀ ਸਭਾ ਸੁਸਾਇਟੀਆਂ ਜਾਂ ਹੋਰ ਸੰਸਥਾਵਾਂ, ਉਨ੍ਹਾਂ ਨੂੰ ਤਬਾਹ ਕਰਨ ਵਿਚ ਅਸੀਂ ਸਭ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਪਰ ਇਸ ਬਾਰੇ ਭਗਤ ਜੀ ਦੀ ਭਵਿੱਖਵਾਣੀ ਸੁਣੋ। ਭਗਤ ਜੀ ਦੀ ਚਿੱਠੀ ਆਈ, ਜਿਸ ਦੀਆਂ ਛੇਕੜਲੀਆਂ ਸਤਰਾਂ ਸਨ:
“ਅਗਲੀ ਸੰਸਾਰ ਜੰਗ ਪਾਣੀ ਲਈ ਹੋਵੇਗੀ ਤੇ ਉਸ ਤੋਂ ਅਗਲੀ ਪਬਲਿਕ ਸਕੂਲਾਂ ਤੇ ਸਰਕਾਰੀ ਸਕੂਲਾਂ Ḕਚ ਪੜ੍ਹਦੇ ਬੱਚਿਆਂ ਵਿਚਕਾਰ।” ਇਹ ਖੁਦਗਰਜੀ ਅਤੇ ਸਾਂਝੀਵਾਲਤਾ ਦੀ ਪਹੁੰਚ ਦਰਮਿਆਨ ਦਿਨੋ ਦਿਨ ਵਧ ਰਹੇ ਪਾੜੇ ਵੱਲ ਇਸ਼ਾਰਾ ਹੈ।