‘ਆਪ’ ਦੀ ਰਣਨੀਤੀ ਅੱਗੇ ਬੌਣੀ ਪਈ ਰਵਾਇਤੀ ਸਿਆਸਤ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਧਾਨ ਸਭਾ ਦੀਆਂ ਚੋਣ ਤਿਆਰੀਆਂ ਵਿਚ ਨਵੀਂ ਨਿਵੇਲੀ ਸਿਆਸੀ ਧਿਰ ਆਮ ਆਦਮੀ ਪਾਰਟੀ (ਆਪ) ਸੂਬੇ ਦੀਆਂ ਰਵਾਇਤੀ ਧਿਰਾਂ ਦੇ ਪੈਰ ਨਹੀਂ ਲੱਗਣ ਦੇ ਰਹੇ। ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਬਾਦਲ ਵੱਲੋਂ ਹੁਣ ਤੱਕ ਪੰਜਾਬ ਦੀ ਸਿਆਸਤ ਤੋਂ ਅਣਜਾਣ ਦੱਸੇ ਜਾ ਰਹੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਣਨੀਤੀ ਨੇ ਦੋਵਾਂ ਧਿਰਾਂ ਨੂੰ ਪਿਛਲੇ ਪੈਰੀਂ ਲੈ ਆਂਦਾ ਹੈ।

ਵਿਧਾਨ ਸਭਾ ਚੋਣਾਂ ਲਈ ਨੌਜਵਾਨਾਂ ਤੇ ਕਿਸਾਨਾਂ ਸਬੰਧੀ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਬਾਅਦ ਆਪ, ਸਨਅਤੀ ਸ਼ਹਿਰ ਲੁਧਿਆਣਾ ਵਿਚ ਸਨਅਤ, ਵਪਾਰ ਅਤੇ ਟਰਾਂਸਪੋਰਟ ਕਾਰੋਬਾਰੀਆਂ ਲਈ 21 ਨੁਕਤੀ ਚੋਣ ਮੈਨੀਫੈਸਟੋ ਜਾਰੀ ਕਰ ਕੇ ਇਕ ਕਦਮ ਹੋਰ ਅੱਗੇ ਨਿਕਲ ਗਈ। ਇਸ ਨਵੀਂ ਪਾਰਟੀ ਨੇ ਉਮੀਦਵਾਰਾਂ ਦੇ ਐਲਾਨ ਵਿਚ ਵੀ ਬਾਜ਼ੀ ਮਾਰੀ ਹੋਈ ਹੈ। ਕੇਜਰੀਵਾਲ ਦੀ ਪਿਛਲੇ ਦੋ ਕੁ ਮਹੀਨਿਆਂ ਵਿਚ ਪੰਜਾਬ ਦੀ ਇਹ ਚੌਥੀ ਫੇਰੀ ਹੈ ਤੇ ਵਿਰੋਧ ਧਿਰਾਂ ਨੇ ਇਸ ਆਗੂ ਦੀ ਆਮਦ ਵਿਚ ਹਰ ਵਾਰ ਅੜਿੱਕਾ ਡਾਹੁਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਆਮ ਲੋਕਾਂ ਵੱਲੋਂ ਸਾਥ ਨਾ ਦੇਣ ਕਾਰਨ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਇਸੇ ਕਰ ਕੇ ਕੇਜਰੀਵਾਲ ਦੀ ਇਸ ਫੇਰੀ ਦੌਰਾਨ ਕਿਸੇ ਵੀ ਧਿਰ ਨੇ ਉਸ ਦੇ ਸਮਾਗਮਾਂ ਦਾ ਵਿਰੋਧ ਕਰਨ ਤੋਂ ਦੂਰੀ ਹੀ ਬਣਾਈ ਰੱਖੀ। ਇਸ ਬਾਰੇ ਸਿਆਸੀ ਮਾਹਰ ਵੀ ਹੈਰਾਨ ਹਨ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਵਿਚ ਵੱਡੀ ਗਿਣਤੀ ਵਿਧਾਇਕ/ਮੰਤਰੀ ਕਾਨੂੰਨੀ ਅੜਿੱਕੇ ਵਿਚ ਘਿਰੇ ਹੋਏ ਹਨ ਅਤੇ ਪੰਜਾਬ ਵਿਚ ਇਸ ਦੀ ਲੀਡਰਸ਼ਿਪ ਵਿਚ ਘਮਸਾਣ ਚੱਲ ਰਿਹਾ ਹੈ, ਫਿਰ ਵੀ ਲੋਕਾਂ ਦਾ ਮੋਹ ਇਸ ਪਾਰਟੀ ਵੱਲ ਦਿਨ-ਬ-ਦਿਨ ਵਧ ਰਿਹਾ ਹੈ। ਅਸਲ ਵਿਚ, ਕੇਜਰੀਵਾਲ ਦੇ ਚੋਣ ਵਾਅਦੇ ਰਵਾਇਤੀ ਧਿਰਾਂ ਨੂੰ ਵੱਡੀ ਟੱਕਰ ਦੇ ਰਹੇ ਹਨ। ਕੇਜਰੀਵਾਲ ਨੇ ਨਵਾਂ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਪੰਜਾਬ ਦੀ ਸਨਅਤ, ਵਪਾਰ ਅਤੇ ਟਰਾਂਸਪੋਰਟ ਸਮੇਤ ਹਰ ਕਾਰੋਬਾਰ ਨੂੰ ਹਾਸ਼ੀਏ ਉਤੇ ਧੱਕਣ ਲਈ ਅਕਾਲੀ-ਭਾਜਪਾ ਸਰਕਾਰ ਨੂੰ ਵੰਗਾਰਿਆ। ‘ਆਪ’ ਨੇ ਇਸ ਮੈਨੀਫੈਸਟੋ ਵਿਚ ਵਪਾਰ ਲਈ ਸਿੰਗਲ ਵਿੰਡੋ, ਇੰਸਪੈਕਟਰੀ ਰਾਜ ਤੋਂ ਮੁਕਤੀ, ਟੈਕਸ ਦਰਾਂ ਵਿਚ ਕਮੀ, ਨਵੀਆਂ ਸਨਅਤਾਂ ਲਈ ਸਸਤੇ ਭਾਅ ਜ਼ਮੀਨ ਅਤੇ ਟੈਕਸਾਂ ਵਿਚ ਛੋਟਾਂ, ਘਾਟੇ ਵਿਚ ਜਾ ਰਹੀਆਂ ਇਕਾਈਆਂ ਨੂੰ ਰਾਹਤ ਅਤੇ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਇਸ ਨਵੀਂ ਪਾਰਟੀ ਦੀਆਂ ਇਨ੍ਹਾਂ ਪਹਿਲਕਦਮੀਆਂ ਦੀ ਸੂਬੇ ਵਿਚ ਖੂਬ ਚਰਚਾ ਹੈ। ਅਸਲ ਵਿਚ, ਸੂਬੇ ਦੇ ਸਨਅਤਕਾਰ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ ਅਤੇ ਇਨ੍ਹਾਂ ਕਾਰਨਾਂ ਕਰ ਕੇ ਪੰਜਾਬ ਦੀ ਕਾਫੀ ਸਨਅਤ ਗੁਆਂਢੀ ਸੂਬਿਆਂ ਵਿਚ ਚਲੀ ਗਈ ਹੈ। ਇਸ ਤੋਂ ਇਲਾਵਾ ਟਰਾਂਸਪੋਰਟ, ਸ਼ਰਾਬ ਅਤੇ ਰੇਤਾ-ਬਜਰੀ ਜਿਹੇ ਕਾਰੋਬਾਰਾਂ ਤੇ ਰਸੂਖਵਾਨਾਂ ਦੀ ਵਧੀ ਚੌਧਰ ਨਾਲ ਛੋਟੇ ਕਾਰੋਬਾਰੀਆਂ ਦੇ ਕਾਰੋਬਾਰ ਚੌਪਟ ਹੋ ਚੁੱਕੇ ਹਨ। ਕੇਜਰੀਵਾਲ ਦੇ ਵਪਾਰੀਆਂ ਨਾਲ ਵਾਅਦੇ
ਕੇਜਰੀਵਾਲ ਨੇ ਵਪਾਰੀਆਂ ਨਾਲ ਵਾਅਦਾ ਕੀਤਾ ਕਿ ਵਪਾਰ, ਇੰਡਸਟਰੀ ਤੇ ਟਰਾਂਸਪੋਰਟ ਸੈਕਟਰ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾਵੇਗਾ। ਇੰਸਪੈਕਟਰ ਰਾਜ ਜਾਂ ਫਿਰ ਰੇਡ ਰਾਜ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ। ਅਣਅਧਿਕਾਰਤ ਕਾਲੋਨੀਆਂ ਨੂੰ ਅਧਿਕਾਰਤ ਕੀਤਾ ਜਾਵੇਗਾ। ਰੋਪੜ ਨੂੰ ਨਵੇਂ ਸਨਅਤੀ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ।
ਮੰਡੀ ਗੋਬਿੰਦਗੜ੍ਹ ਵਿੱਚ ਬੰਦ ਪਈਆਂ ਯੂਨਿਟਾਂ ਨੂੰ ਫਿਰ ਚਾਲੂ ਕੀਤਾ ਜਾਵੇਗਾ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਟਾਲਾ, ਪਠਾਨਕੋਟ, ਨੰਗਲ, ਬਠਿੰਡਾ ਤੇ ਹੋਰ ਸ਼ਹਿਰ ਵਿਚ ਇੰਡਸਟਰੀ ਟਾਊਨ ਵਿਕਸਤ ਕੀਤੇ ਜਾਣਗੇ। ਖਾਸ ਰਿਆਇਤਾਂ ਉਤੇ ਸੂਬੇ ਤੋਂ ਬਾਹਰ ਗਈ ਇੰਡਸਟਰੀ ਨੂੰ ਵਾਪਸ ਲਿਆਂਦਾ ਜਾਵੇਗਾ। ਟੈਕਸ ਦੌਰ ਨੂੰ ਸੌਖਾ ਤੇ ਪਾਰਦਰਸ਼ੀ ਕੀਤਾ ਜਾਵੇਗਾ। ਵੈਟ ਤੇ ਸਾਰੇ ਟੈਕਸ ਦਿੱਲੀ ਵਾਂਗ ਘਟਾਏ ਜਾਣਗੇ ਤੇ 5 ਸਾਲ ‘ਚ ਪੰਜਾਬ ਦੀਆਂ ਟੈਕਸ ਦਰਾਂ ਸਭ ਤੋਂ ਘੱਟ ਕੀਤੀਆਂ ਜਾਣਗੀਆਂ। ਟੈਕਸ ਸਬੰਧੀ ਚੱਲ ਰਹੇ ਕੇਸਾਂ ਦਾ ਇਕ ਵਾਰ ਵਿਚ ਹੀ ਨਿਬੇੜਾ ਕਰ ਦਿੱਤਾ ਜਾਵੇਗਾ। ਵੈਟ ਵਾਪਸੀ ਵਿਚ ਤੇਜ਼ੀ ਲਿਆਂਦੀ ਜਾਵੇਗੀ। ਆਈæਟੀæ ਸਮੇਤ ਨਵੇਂ ਉਦਯੋਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
_____________________________________________
ਸੋਸ਼ਲ ਮੀਡੀਆ ‘ਤੇ ਭਿੜੇ ਕੇਜਰੀਵਾਲ ਤੇ ਕੈਪਟਨ
ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਪੱਕਾ ਸਿਆਸੀ ਖਿਡਾਰੀ ਹੋਣ ਦਾ ਸਬੂਤ ਉਦੋਂ ਦਿੱਤਾ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕੈਪਟਨ ਅਮਰਿੰਦਰ ਨੂੰ ਅਜਿਹਾ ਘੇਰਿਆ ਕਿ ਉਨ੍ਹਾਂ ਨੇ ਚੁੱਪ ਰਹਿਣ ਵਿਚ ਭਲਾਈ ਸਮਝੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਉਤੇ ਖੂਬ ਸ਼ਬਦੀ ਜੰਗ ਹੋਈ। ਲੜਾਈ ਦਾ ਮੁੱਦਾ ਸੀ ਨਸ਼ਾ, ਜਿਸ ਵਿਚ ਕੇਜਰੀਵਾਲ ਨੇ ਲੋਕਾਂ ਦੇ ਹਵਾਲੇ ਨਾਲ ਕੈਪਟਨ ਉਤੇ ਦੋਸ਼ ਲਾਇਆ ਕਿ ਪੰਜਾਬ ਵਿਚ ਲੋਕ ਗੱਲਾਂ ਕਰ ਰਹੇ ਹਨ ਕਿ ਤੁਸੀਂ ਮਜੀਠੀਆ ਦਾ ਡਰੱਗਜ਼ ਦਾ ਪੈਸਾ ਚੋਣ ਪ੍ਰਚਾਰ ਵਿਚ ਖਰਚ ਕਰ ਰਹੇ ਹੋ? ਕੀ ਇਹ ਸੱਚ ਹੈ? ਤੁਸੀਂ ਮਜੀਠੀਆ ਨੂੰ ਤਿੰਨ ਸਾਲ ਪਹਿਲਾਂ ਸੀæਬੀæਆਈæ ਤੋਂ ਬਚਾਇਆ ਸੀ। ਕੈਪਟਨ ਨੂੰ ਇਹ ਕਹਿ ਕੇ ਖਹਿੜਾ ਛੁਡਾਉਣਾ ਪਿਆ ਕਿ ਇਸ ਬਿਆਨਾਂ ਦਾ ਕੋਈ ਆਧਾਰ ਨਹੀਂ। ਕੈਪਟਨ ਨੇ ਟਵੀਟ ਰਾਹੀਂ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਵੀ ਦਿੱਤੀ। ਕੇਜਰੀਵਾਲ ਨੇ ਕੈਪਟਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਬਹਿਸ ਲਈ ਚਾਰ ਨਾਮ ਪੇਸ਼ ਕੀਤੇ- ਐਚæਐਸ਼ ਫੂਲਕਾ, ਜਰਨੈਲ ਸਿੰਘ, ਭਗਵੰਤ ਮਾਨ ਤੇ ਗੁਰਪ੍ਰੀਤ ਸਿੰਘ ਘੁੱਗੀ। ਕੇਜਰੀਵਾਲ ਨੇ ਪੰਜਾਬ ਵਿਚ ਸੱਤਾਧਾਰੀ ਅਕਾਲੀ ਦਲ ਤੇ ਕਾਂਗਰਸ ਦੇ ਵਿਚਕਾਰ ਗੱਠਜੋੜ ਹੋਣ ਦਾ ਦੋਸ਼ ਵੀ ਲਾਇਆ। ਕੇਜਰੀਵਾਲ ਨੇ ਟਵੀਟ ਕਰ ਕੇ ਆਖਿਆ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਬਾਦਲ ਪਰਿਵਾਰ ਨੇ ਤੁਹਾਡੇ ਖਿਲਾਫ਼ ਭ੍ਰਿਸ਼ਟਾਚਾਰ ਦੇ ਸਾਰੇ ਮਾਮਲੇ ਬੰਦ ਕਰ ਦਿੱਤੇ, ਕਿਉਂ? ਪੰਜਾਬ ਪੁੱਛ ਰਿਹਾ ਹੈ ਕਿ ਸਮਝੌਤਾ ਹੋਇਆ ਹੈ।