ਨਵੀਂ ਦਿੱਲੀ: ਫਿਲਮ ‘ਏ ਦਿਲ ਹੈ ਮੁਸ਼ਕਿਲ’ ਦੇ ਰਿਲੀਜ਼ ਹੋਣ ਬਾਰੇ ਅੜਿੱਕੇ ਭਾਵੇਂ ਦੂਰ ਹੋ ਗਏ ਹਨ, ਪਰ ਇਸ ਦਾ ਰਾਹ ਰੋਕਣ ਲਈ ਖੇਡੀ ਸਿਆਸਤ ਭਾਰਤੀ ਜਮਹੂਰੀਅਤ ਦੇ ਰੰਗ-ਢੰਗ ਬਾਰੇ ਕਈ ਸਵਾਲ ਖੜ੍ਹੇ ਕਰ ਗਈ। ਇਸ ਫਿਲਮ ਦਾ ਕਸੂਰ ਬੱਸ ਇੰਨਾ ਸੀ ਕਿ ਇਸ ਵਿਚ ਪਾਕਿਸਤਾਨੀ ਅਦਾਕਾਰਾਂ ਨੇ ਭੂਮਿਕਾ ਨਿਭਾਈ ਸੀ।
ਕੱਟੜ ਹਿੰਦੂ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਕੇਂਦਰ ਸਮੇਤ ਸੂਬਾ ਸਰਕਾਰ (ਮਹਾਰਾਸ਼ਟਰ) ਵੀ ਇਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਣ ਲਈ ਤਿਆਰ ਹੋ ਗਈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਫਿਲਮ ਨਿਰਮਾਤਾ ਕਰਨ ਜੌਹਰ ਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮæਐਨæਐਸ਼) ਦਰਮਿਆਨ ਸਮਝੌਤਾ-ਵਾਰਤਾ ਦੀ ਵਿਚੋਲਗੀ ਕਰਨਾ ਅਤੇ ਜੌਹਰ ਵੱਲੋਂ ਪੰਜ ਕਰੋੜ ਰੁਪਏ ਦੀ ਰਕਮ ਭਾਰਤੀ ਥਲ ਸੈਨਾ ਰਾਹਤ ਕੋਸ਼ ਵਿਚ ਜਮ੍ਹਾਂ ਕਰਵਾਉਣ ਦੇ ਵਾਅਦੇ ਨੂੰ ਇਹ ਜਥੇਬੰਦੀ ਆਪਣੀ ਜਿੱਤ ਦੱਸ ਰਹੀ ਹੈ।
ਹਿੰਦੀ ਫਿਲਮ ਉਦਯੋਗ ਦਾ ਇਕ ਵੱਡਾ ਵਰਗ ਇਸ ਸਮਝੌਤੇ ਨੂੰ ਲੈ ਕੇ ਨਾਖ਼ੁਸ਼ ਹੈ। ਫਿਲਮ ਨਿਰਮਾਤਾ ਪਾਸੋਂ ਪੰਜ ਕਰੋੜ ਰੁਪਏ ਦੀ ਰਕਮ ਦੀ ਵਸੂਲੀ ਬਾਰੇ ਮੁੱਖ ਮੰਤਰੀ ਦਾ ਦਾਅਵਾ ਹੈ ਕਿ ਇਹ ਰਕਮ ਥਲ ਸੈਨਾ ਦੇ ਰਾਹਤ ਕੋਸ਼ ਵਿਚ ਜਾਵੇਗੀ, ਰਾਜ ਠਾਕਰੇ ਦੀ ਜੇਬ ਵਿਚ ਨਹੀਂ, ਹਾਲਾਂਕਿ ਫੌਜ ਨੇ ਇਹ ਰਕਮ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਸਵਾਲ ਇਹ ਵੀ ਉਠ ਰਿਹਾ ਹੈ ਕਿ ਐਮæਐਨæਐਸ਼ ਦੇ ਮੁੱਠੀ ਭਰ ਲੋਕਾਂ ਦੇ ਵਿਰੋਧ ਦੇ ਡਰੋਂ ਕੇਂਦਰ ਤੇ ਸੂਬਾ ਸਰਕਾਰ ਨੂੰ ਗੋਡੇ ਕਿਉਂ ਟੇਕਣੇ ਪਏ।
ਸਰਕਾਰ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਸਮਝੌਤੇ ਤੋਂ ਬਿਨਾ ਫਿਲਮ ਰਿਲੀਜ਼ ਹੁੰਦੀ ਤਾਂ ਸਿਨਮਾ ਘਰਾਂ ਦੀ ਤੋੜ-ਫੋੜ ਹੋ ਸਕਦੀ ਸੀ, ਪਰ ਇਹ ਤਰਕ ਸਰਕਾਰ ਵੱਲੋਂ ਇਸ ਮਸਲੇ ‘ਤੇ ਦਿਖਾਈ ‘ਫੁਰਤੀ’ ਜਾ ਜਵਾਬ ਦੇਣ ਵਿਚ ਅਸਫਲ ਹੈ। ਅਸਲ ਵਿਚ ਹਫਤਾ ਕੁ ਪਹਿਲਾਂ ਮੁੰਬਈ ਦੇ ਇਕ ਮਲਟੀਪਲੈਕਸ ਵਿਚ ਕੀਤੀ ਹੁੱਲੜਬਾਜ਼ੀ ਲਈ ਜ਼ਿੰਮੇਵਾਰ ਇਕ ਦਰਜਨ ਐਮæਐਨæਐਸ਼ ਵਰਕਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ ਅਤੇ ਉਹ ਅਜੇ ਵੀ ਹਿਰਾਸਤ ਵਿਚ ਹਨ। ਪੁਲਿਸ ਦੇ ਅਜਿਹੇ ਰੁਖ ਕਾਰਨ ਐਮæਐਨæਐਸ਼ ਨੂੰ ਡਰ ਸੀ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਉਸ ਦੇ ਕੁਝ ਵੱਡੇ ਆਗੂ ਕਾਬੂ ਕਰ ਲਏ ਜਾਣਗੇ। ਇਸ ਲਈ ਉਹ ਸਮਝੌਤੇ ਦਾ ਬਹਾਨਾ ਲੱਭ ਰਹੀ ਸੀ। ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਹਿੰਦੀ ਫਿਲਮ ਸਨਅਤ ਪਹਿਲਾਂ ਹੀ ਮਤਾ ਪਾਸ ਕਰ ਕੇ ਭਵਿੱਖ ਵਿਚ ਆਪਣੀਆਂ ਫਿਲਮਾਂ ਵਿਚ ਪਾਕਿਸਤਾਨੀ ਅਦਾਕਾਰਾਂ ਨੂੰ ਕੰਮ ਨਾ ਦੇਣ ਲਈ ਹਾਂ ਕਰ ਦਿੱਤਾ ਸੀ ਤਾਂ ਪੈਸੇ ਲਈ ਅਜਿਹੇ ਸਮਝੌਤਾ ਕਰਨ ਦੀ ਕੀ ਅਰਥ ਰਹਿ ਜਾਂਦਾ ਹੈ। ਐਮæਐਨæਐਸ਼ ਕਰਨ ਜੌਹਰ ਦੀ ਫਿਲਮ ਦੇ ਇਸ ਕਰ ਕੇ ਖਿਲਾਫ਼ ਸੀ ਕਿ ਇਸ ਵਿਚ ਪਾਕਿਸਤਾਨੀ ਅਦਾਕਾਰ ਫ਼ਵਾਦ ਖ਼ਾਨ ਦੀ ਭੂਮਿਕਾ ਹੈ। ਫ਼ਵਾਦ ਖਾਨ ਨੇ ਭਾਰਤੀ ਗ੍ਰਹਿ ਮੰਤਰਾਲੇ ਤੋਂ ਵਰਕ ਪਰਮਿਟ ਹਾਸਲ ਕਰ ਕੇ ਹੀ ਫਿਲਮ ਵਿਚ ਕੰਮ ਕੀਤਾ ਸੀ।