ਪੰਜਾਬ ਦਾ ਚੋਣ ਮੇਲਾ ਲੁੱਟਣ ਲਈ ਸਿਆਸੀ ਧਿਰਾਂ ਦੇ ਕਮਰਕੱਸੇ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਪੇਸ਼ਬੰਦੀਆਂ ਸ਼ੁਰੂ ਕਰਨ ਦੇ ਨਾਲ ਹੀ ਪੰਜਾਬ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਨਾਰਾਜ਼ ਮੁਲਾਜ਼ਮ ਵਰਗ ਤੇ ਆਮ ਲੋਕਾਂ ਨੂੰ ਸ਼ਾਂਤ ਕਰਨ ਵਿਚ ਰੁੱਝ ਗਿਆ ਹੈ। ਇਸੇ ਲਈ ਦਿਵਾਲੀ ਮੌਕੇ ਅਧਿਆਪਕਾਂ ਸਮੇਤ ਹੋਰ ਵਿਭਾਗਾਂ ਵਿਚ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਨੌਂ ਸਾਲਾਂ ਦੇ ‘ਵਿਕਾਸ’ ਨੂੰ ਪ੍ਰਚਾਰਨ ਲਈ ਵੱਡੇ ਹੀਲੇ ਕੀਤੇ ਜਾ ਰਹੇ ਹਨ।

ਉਧਰ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀਆਂ ਸਰਗਰਮੀਆਂ ਵੇਖ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਸ਼ਨ 2017 ਸਰ ਕਰਨ ਲਈ ਸਾਰੇ ਹੀਲੇ-ਵਸੀਲੇ ਵਰਤਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਦੇ ਕਈ ਦੌਰੇ ਕਰਨ ਤੋਂ ਇਲਾਵਾ ਅੱਧਿਉਂ ਬਹੁਤੀਆਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਕਾਂਗਰਸ ਨੇ ਜਿਥੇ ਆਪਣੇ ਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਿਚ ਬਹੁਪੱਖੀ ਸਰਗਰਮੀਆਂ ਆਰੰਭੀਆਂ ਹੋਈਆਂ ਹਨ, ਉਥੇ ਸੱਤਾਧਾਰੀ ਧਿਰ ਪਾਰਟੀ ਪੱਧਰ ਦੀਆ ਸਰਗਰਮੀਆਂ ਤੋਂ ਇਲਾਵਾ ਨਾ ਸਿਰਫ ਸਰਕਾਰੀ ਖਰਚੇ ‘ਤੇ ਇਸ਼ਤਿਹਾਰਬਾਜ਼ੀ ਰਾਹੀਂ ਆਪਣੀ ਚੋਣ ਮੁਹਿੰਮ ਨੂੰ ਹੁਲਾਰਾ ਦਿੰਦੀ ਦਿਖਾਈ ਦੇ ਰਹੀ ਹੈ ਬਲਕਿ ਮੰਤਰੀ ਮੰਡਲ ਦੇ ਫੈਸਲਿਆਂ ਜ਼ਰੀਏ ਵੋਟਰਾਂ ਨੂੰ ਭਰਮਾਉਣ ਦੀਆਂ ਕਾਰਵਾਈਆਂ ਵੀ ਲਗਾਤਾਰ ਕਰ ਰਹੀ ਹੈ।
____________________________________________
ਸਿਆਸੀ ਧਿਰਾਂ ਨੂੰ ਜਾਗਿਆ ਕਿਸਾਨਾਂ ਦਾ ਹੇਜ
ਮਾਨਸਾ: ਧਿਰਾਂ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੇ ਮੁੱਦੇ ‘ਤੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿਚ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ‘ਕਰਜ਼ਾ ਕੁਰਕੀ ਖਤਮ, ਫਸਲਾਂ ਦੀ ਪੂਰੀ ਰਕਮ’ ਮੁਹਿੰਮ ਜੋ 12 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਸੀ, ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ‘ਕਰਜ਼ਾ ਮੁਆਫੀ ਸੰਕਲਪ ਪੱਤਰ’ ਭਰਨੇ ਸ਼ੁਰੂ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਸੂਬੇ ਦੀ ਕਿਸਾਨੀ ਸਰਕਾਰੀ ਤੇ ਗੈਰ ਸਰਕਾਰੀ 75 ਹਜ਼ਾਰ ਕਰੋੜ ਰੁਪਏ ਕਰਜ਼ੇ ਦੇ ਬੋਝ ਹੇਠ ਹੈ। ਕਿਸਾਨ ਕਰਜ਼ੇ ਕਾਰਨ ਪਿਛਲੇ ਸਮੇਂ ਤੋਂ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਖਾਸ ਕਰ ਕੇ ਮਾਲਵਾ ਖੇਤਰ ਵਿਚ ਨਿੱਤ ਰੋਜ਼ ਖੁਦਕੁਸ਼ੀਆਂ ਵਿਚ ਵਾਧਾ ਹੋ ਰਿਹਾ ਹੈ। ਰਾਜਨੀਤਕ ਪਾਰਟੀਆਂ ਵੱਲੋਂ ਕਰਜ਼ੇ ਦੇ ਮਾਮਲੇ ਵਿਚ ਭਰੇ ਜਾ ਰਹੇ ਪੱਤਰਾਂ ਨੂੰ ਕਿਸਾਨ ਜਥੇਬੰਦੀਆਂ ਚੋਣ ਸਟੰਟ ਕਰਾਰ ਦੇ ਰਹੀਆਂ ਹਨ।
———————————
ਬਾਦਲਾਂ ਵੱਲੋਂ ਗੱਦਾਫੀ ਦੀਆਂ ਸਕੀਮਾਂ ਚੋਰੀ
ਚੰਡੀਗੜ੍ਹ: ਪੰਜਾਬ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਦੁਨੀਆਂ ਦੇ ਤਾਨਾਸ਼ਾਹ ਤੇ ਲਿਬੀਆ ਦੇ ਮਰਹੂਮ ਸ਼ਾਸਕ ਮੁਆਮਰ ਗੱਦਾਫੀ ਨੇ ਵੀ ਲਾਗੂ ਕੀਤੀਆਂ ਸਨ। ਦਿਲਚਸਪ ਗੱਲ ਹੈ ਕਿ ਲਿਬੀਆ ਵਿਚ ਇਹ ਸਕੀਮਾਂ ਬਾਦਲ ਸਰਕਾਰ ਨਾਲੋਂ ਕਈ ਗੁਣਾ ਬਿਹਤਰ ਸਨ। 2011 ਵਿਚ 20 ਅਕਤੂਬਰ ਨੂੰ ਗਦਾਫੀ ਨੂੰ ਸੈਨਾ ਨੇ ਸੀਰਤ ਸ਼ਹਿਰ ਵਿਚ ਮਾਰ ਮੁਕਾਇਆ ਸੀ।
ਗਦਾਫੀ ਬਾਰੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਸਿੱਧ ਹਨ, ਪਰ ਉਸ ਨੇ ਜੋ ਸਹੂਲਤਾਂ ਆਪਣੇ ਨਾਗਰਿਕਾਂ ਨੂੰ ਦਿੱਤੀਆਂ, ਉਹ ਸ਼ਾਇਦ ਹੀ ਦੁਨੀਆਂ ਵਿਚ ਕੋਈ ਸਰਕਾਰ ਦੇ ਸਕੇ। ਲਿਬੀਆ ਵਿਚ ਗੱਦਾਫ਼ੀ ਦੇ ਸ਼ਾਸਨ ਸਮੇਂ ਹਰ ਨਾਗਰਿਕ ਨੂੰ ਘਰ ਦੇਣਾ ਉਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਸੀ। ਇਸ ਤੋਂ ਇਲਾਵਾ ਗੱਦਾਫ਼ੀ ਨੇ ਜਨਤਾ ਦਾ ਬਿਜਲੀ ਦਾ ਬਿੱਲ ਵੀ ਮੁਆਫ ਕੀਤਾ ਹੋਇਆ ਸੀ। ਬਿਜਲੀ ਦਾ ਪੂਰਾ ਖਰਚਾ ਸਰਕਾਰ ਚੁੱਕਦੀ ਸੀ। ਗੱਦਾਫੀ ਨੇ ਨਵੇਂ ਵਿਆਹੇ ਜੋੜਿਆਂ ਲਈ ਸ਼ਗਨ ਸਕੀਮ ਵੀ ਲਾਗੂ ਕੀਤੀ ਹੋਈ ਸੀ। ਹਰ ਨਵੇਂ ਜੋੜੇ ਨੂੰ ਗਦਾਫੀ ਸ਼ਗਨ ਵਜੋਂ 32 ਲੱਖ ਰੁਪਏ ਦਿੰਦਾ ਸੀ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਬੱਚੇ ਪੈਂਦੇ ਕਰਨ ਸਮੇਂ 3 ਲੱਖ ਵੱਖਰੇ ਤੌਰ ਉਤੇ ਜਣੇਪਾ ਭੱਤਾ ਮਿਲਦਾ ਸੀ। ਪੂਰੇ ਦੇਸ਼ ਵਿਚ ਬੱਚਿਆਂ ਦੀ ਪੜ੍ਹਾਈ ਮੁਫਤ ਸੀ। ਇਸ ਤੋਂ ਇਲਾਵਾ ਜੇਕਰ ਕੋਈ ਵਿਦਿਆਰਥੀ ਵਿਦੇਸ਼ ਵਿਚ ਸਿੱਖਿਆ ਲੈਣਾ ਚਾਹੁੰਦਾ ਸੀ ਤਾਂ ਉਸ ਦਾ ਖਰਚਾ ਵੀ ਸਰਕਾਰ ਚੁੱਕਦੀ ਸੀ। ਸਿਹਤ ਸਹੂਲਤਾਂ ਵੀ ਲਿਬੀਆ ਵਿਚ ਮੁਫਤ ਸਨ। ਬਿਮਾਰੀ ਗੰਭੀਰ ਹੋਣ ਦੀ ਹਾਲਤ ਵਿਚ ਜੇਕਰ ਵਿਦੇਸ਼ ਵਿਚ ਇਲਾਜ ਕਰਵਾਉਣਾ ਹੁੰਦਾ ਤਾਂ ਵੀ ਇਲਾਜ ਉਤੇ ਹੋਣ ਵਾਲਾ ਖਰਚਾ ਸਰਕਾਰ ਹੀ ਚੁੱਕਦੀ ਸੀ।