ਚੰਡੀਗੜ੍ਹ: ਸੱਤਾਧਾਰੀ ਧਿਰ ਵੱਲੋਂ 14ਵੀਂ ਵਿਧਾਨ ਸਭਾ ਦੇ ਆਖਰੀ ਇਜਲਾਸ ਦੇ ਆਖਰੀ ਦਿਨ ਕੈਦੀਆਂ ਦੀ ਪੈਰੋਲ ‘ਤੇ ਰਿਹਾਈ ਸਬੰਧੀ ਸ਼ਰਤਾਂ ਨਰਮ ਕਰਨ ਸਬੰਧੀ ਪਾਸ ਕੀਤੇ ਗਏ ਬਿੱਲ ਨੇ ਸਿਆਸੀ ਧਿਰਾਂ ਦੇ ਦਾਅਵੇ ਨੂੰ ਹੋਰ ਪੁਖਤਾ ਕਰ ਦਿੱਤਾ ਹੈ ਕਿ ਹਾਕਮ ਧਿਰ ਚੋਣਾਂ ਵਿਚ ਗੜਬੜੀ ਕਰਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਸੋਧ ਤਹਿਤ ਸੱਤਾਧਾਰੀ ਧਿਰ ਵੱਲੋਂ ਚੋਣਾਂ ਤੋਂ ਪਹਿਲਾਂ ਕੁਝ ਮੁਜਰਮਾਂ ਨੂੰ ਪੈਰੋਲ ‘ਤੇ ਰਿਹਾਈ ਦੇ ਕੇ ਉਨ੍ਹਾਂ ਦੀ ਗੜਬੜ ਕਰਾਉਣ ਲਈ ਵਰਤੋਂ ਕੀਤੇ ਜਾਣ ਦੇ ਖਦਸ਼ੇ ਹਨ। ਸੂਬੇ ਵਿਚ 500 ਤੋਂ ਵੱਧ ਗੈਂਗਸਟਰ ਪਹਿਲਾਂ ਹੀ ਸਰਗਰਮ ਹਨ ਜੋ ਕਿਸੇ ਵੀ ਵੇਲੇ ਕਿਸੇ ਮਾੜੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
ਸੂਬੇ ‘ਚ ਪਿਛਲੇ ਕਈ ਸਾਲਾਂ ਤੋਂ ਭਗੌੜੇ ਚਲੇ ਆ ਰਹੇ 400 ਦੇ ਕਰੀਬ ਮੁਜਰਮ ਵੀ ਆਮ ਨਾਗਰਿਕਾਂ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ। ਅਕਾਲੀ-ਭਾਜਪਾ ਸਰਕਾਰ ਵੱਲੋਂ ਪੁਲਿਸ ਥਾਣਿਆਂ ਦੀ ਵਿਧਾਨ ਸਭਾ ਹਲਕਿਆਂ ਅਨੁਸਾਰ ਕੀਤੀ ਗਈ ਕਤਾਰਬੰਦੀ ਨੇ ਪੁਲਿਸ ਪ੍ਰਬੰਧ ਵਿਚ ਸਿਆਸੀ ਦਖ਼ਲਅੰਦਾਜ਼ੀ ਇੰਨੀ ਵਧਾ ਦਿੱਤੀ ਹੈ ਕਿ ਇਸ ਤੋਂ ਨਿਰਪੱਖਤਾ ਦੀ ਕੋਈ ਆਸ ਹੀ ਨਹੀਂ ਰਹੀ।
ਥਾਣਾ ਮੁਖੀ ਸੱਤਾਧਾਰੀ ਧਿਰ ਦੇ ਹਲਕਾ ਇੰਚਾਰਜ ਜਾਂ ਵਿਧਾਇਕ ਤੋਂ ਪੁੱਛੇ ਬਗੈਰ ਮਾਰਕੁੱਟ ਤਾਂ ਕੀ, ਕਤਲਾਂ ਅਤੇ ਜਬਰ-ਜਨਾਹ ਦੀਆਂ ਘਟਨਾਵਾਂ ਦੀ ਰਿਪੋਰਟ ਵੀ ਨਹੀਂ ਦਰਜ ਕਰਦੇ। ਸੂਬੇ ਵਿਚ 11 ਲੱਖ ਦੇ ਕਰੀਬ ਲਾਇਸੈਂਸਸ਼ੁਦਾ ਨਿੱਜੀ ਹਥਿਆਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਹਥਿਆਰਾਂ ਦੀ ਮੌਜੂਦਗੀ ਵੀ ਅਮਨ-ਕਾਨੂੰਨ ਨੂੰ ਚੁਣੌਤੀ ਦਿੰਦੀ ਦਿਖਾਈ ਦੇ ਰਹੀ ਹੈ। ਪਿਛਲੇ ਸੱਤ ਸਾਲਾਂ ਦੌਰਾਨ ਗੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਤਹਿਤ ਗ੍ਰਿਫਤਾਰ ਕੀਤੇ ਗਏ ਸੈਂਕੜੇ ਵਿਅਕਤੀਆਂ ਵਿਚੋਂ ਸਿਰਫ ਇਕ ਨੂੰ ਹੀ ਸਜ਼ਾ ਮਿਲਣੀ ਵੀ ਅਪਰਾਧੀਆਂ ਦੇ ਹੌਸਲੇ ਵਧਾਉਂਦੀ ਹੈ। ਸੂਬੇ ਵਿਚ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਵੱਧ ਚੁੱਕਿਆਂ ਵਰਤਾਰਾ ਵੀ ਚੋਣਾਂ ਮੌਕੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਬੱਬ ਬਣ ਸਕਦਾ ਹੈ।
ਪਿਛਲੇ ਕੁਝ ਮਹੀਨਿਆਂ ਦੌਰਾਨ ਸੱਤਾਧਾਰੀ ਧਿਰ ਨਾਲ ਸਬੰਧਤ ਹੁੱਲੜਬਾਜ਼ਾਂ ਵੱਲੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਲੁਧਿਆਣੇ ਦੌਰੇ ਸਮੇਂ ਅਤੇ ਫਿਰ ‘ਆਪ’ ਦੀ ਮਲੋਟ ਰੈਲੀ ਵਿਚ ਹੁੱਲੜਬਾਜ਼ੀ ਕੀਤੀ ਗਈ। ਹਾਲ ਹੀ ਵਿਚ ਦਸਹਿਰੇ ਵਾਲੇ ਦਿਨ ਲੁਧਿਆਣੇ ਕਾਂਗਰਸ ਦੇ ਸਮਾਗਮ ਵਿਚ ਨਾ ਕੇਵਲ ਸੱਤਾਧਾਰੀ ਧਿਰ ਦੇ ਵਰਕਰਾਂ ਵੱਲੋਂ ਹੁੱਲੜਬਾਜ਼ੀ ਹੀ ਕੀਤੀ ਗਈ ਬਲਕਿ ਪੁਲਿਸ ਵੱਲੋਂ ਵੀ ਉਨ੍ਹਾਂ ਦੀ ਪਿੱਠ ਠੋਕੀ ਗਈ। ਇਸ ਤੋਂ ਪਹਿਲਾਂ ਵੀ ਸੂਬੇ ਵਿਚ ਕਾਂਗਰਸ ਅਤੇ ‘ਆਪ’ ਦੇ ਵਰਕਰਾਂ ਨੂੰ ਡਰਾਉਣ ਧਮਕਾਉਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਸੱਤਾਧਾਰੀ ਧਿਰ ਦੇ ਇਸ ਵਰਤਾਰੇ ਦੇ ਮੱਦੇਨਜ਼ਰ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਮੌਕੇ ਹਿੰਸਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ।
__________________________________________
ਪੰਜਾਬ ਰੋਡਵੇਜ਼ ਦੀਆਂ 117 ਬੱਸਾਂ ਜਥੇਦਾਰਾਂ ਹਵਾਲੇ
ਜਲੰਧਰ: ਪੰਜਾਬ ਰੋਡਵੇਜ਼ ਦੀਆਂ 117 ਬੱਸਾਂ ਹੁਣ ਮਿਥੇ ਰੂਟਾਂ ਉਤੇ ਨਹੀਂ ਚੱਲਣਗੀਆਂ, ਸਗੋਂ ਇਹ ਪੰਜਾਬ ਭਰ ਦੇ 117 ਅਕਾਲੀ-ਭਾਜਪਾ ਹਲਕਾ ਇੰਚਾਰਜਾਂ ਦੇ ਹਵਾਲੇ ਹੋਣਗੀਆਂ। ਪੰਜਾਬ ਵਿਚ ਚੋਣ ਜ਼ਾਬਤਾ ਲੱਗਣ ਤੱਕ ਅਜਿਹਾ ਚੱਲੇਗਾ। ਇਨ੍ਹਾਂ ਦੀ ਵਰਤੋਂ ਮੁੱਖ ਮੰਤਰੀ ਦੀ ਤੀਰਥ ਯਾਤਰਾ ਸਕੀਮ ਤਹਿਤ ਚੁਣੇ ਗਏ ਪੰਜ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਤੇ ਵਿਦਿਆਰਥੀਆਂ ਨੂੰ ਲਿਜਾਣ ਵਾਸਤੇ ਕੀਤੀ ਜਾਵੇਗੀ। ਵੱਖੋ-ਵੱਖ ਜ਼ਿਲ੍ਹਿਆਂ ਵਿਚ ਪ੍ਰਸ਼ਾਸਨ ਨੇ ਇਹ ਸਕੀਮ ਲਾਗੂ ਕਰਨ ਲਈ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕੀਤਾ ਹੈ। ਜਲੰਧਰ ਜ਼ਿਲ੍ਹੇ ਵਿਚੋਂ ਇਨ੍ਹਾਂ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਆਨੰਦਪੁਰ ਸਾਹਿਬ, ਤਲਵੰਡੀ ਸਾਬੋ, ਮਾਤਾ ਚਿੰਤਪੂਰਨੀ ਤੇ ਵੈਸ਼ਨੋ ਦੇਵੀ ਅਤੇ ਰਾਜਸਥਾਨ ਦੇ ਸਾਲਾਸਰ ਧਾਮ ਆਦਿ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ। ਸਾਲਾਸਰ ਧਾਮ ਦੀ ਯਾਤਰਾ ਦੋ-ਰੋਜ਼ਾ ਹੋਵੇਗੀ। ਬੱਸਾਂ ਦੇ ਬਾਲਣ ਤੋਂ ਇਲਾਵਾ ਹੋਰ ਖਰਚੇ ਵੀ ਰੋਡਵੇਜ਼ ਵੱਲੋਂ ਹੀ ਕੀਤੇ ਜਾਣਗੇ।
_________________________________________
ਅਕਾਲੀ ਕੌਂਸਲਰ ਵੱਲੋਂ ਗੋਲੀ ਮਾਰ ਕੇ ਪੱਤਰਕਾਰ ਦੀ ਹੱਤਿਆ
ਧੂਰੀ: ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਕੌਂਸਲਰ ਅਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਪੰਮੀ ਖਿਲਾਫ਼ ਥਾਣਾ ਸਿਟੀ ਧੂਰੀ ਵਿਚ ਇਕ ਹਿੰਦੀ ਅਖਬਾਰ ਦੇ ਪੱਤਰਕਾਰ ਕੇਵਲ ਜਿੰਦਲ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਜਿੰਦਲ ਦੇ ਪੁੱਤਰ ਨੀਰਜ ਜਿੰਦਲ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਨੀਰਜ ਮੁਤਾਬਕ ਸ੍ਰੀ ਕੇਵਲ ਜਿੰਦਲ ਨੇ ਅਕਾਲੀ ਕੌਂਸਲਰ ਪੰਮੀ ਨੂੰ 10 ਲੱਖ ਰੁਪਏ ਉਧਾਰ ਦਿੱਤੇ ਹੋਏ ਸਨ। ਹੁਣ ਸ੍ਰੀ ਜਿੰਦਲ ਨੇ ਆਪਣੀ ਧੀ ਦੇ ਵਿਆਹ ਲਈ ਪੰਮੀ ਤੋਂ ਪੈਸੇ ਵਾਪਸ ਮੰਗੇ ਸਨ। ਨੀਰਜ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਘਰੋਂ ਇਹ ਕਹਿ ਕੇ ਗਏ ਕਿ ਉਹ ਕਰਮਜੀਤ ਪੰਮੀ ਤੋਂ ਪੈਸੇ ਵਾਪਸ ਲੈਣ ਜਾ ਰਹੇ ਹਨ। ਤਕਰੀਬਨ ਡੇਢ ਘੰਟੇ ਤੱਕ ਜਦੋਂ ਸ੍ਰੀ ਜਿੰਦਲ ਘਰ ਨਾ ਪਰਤੇ ਤਾਂ ਨੀਰਜ ਉਨ੍ਹਾਂ ਦੀ ਭਾਲ ਵਿਚ ਟਰੱਕ ਯੂਨੀਅਨ ਨੇੜੇ ਪਹੁੰਚਿਆ। ਨੀਰਜ ਮੁਤਾਬਕ ਉਸ ਨੇ ਦੇਖਿਆ ਕਿ ਕਰਮਜੀਤ ਪੰਮੀ ਦੀ ਕਾਰ ਵਿਚ ਉਸ ਦੇ ਪਿਤਾ ਅਤੇ ਪੰਮੀ ਬਹਿਸ ਰਹੇ ਸਨ। ਉਸ ਮੁਤਾਬਕ ਦੇਖਦੇ ਹੀ ਦੇਖਦੇ ਕਰਮਜੀਤ ਪੰਮੀ ਨੇ ਰਿਵਾਲਵਰ ਨਾਲ ਉਸ ਦੇ ਪਿਤਾ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ਅਤੇ ਫਿਰ ਉਸ ਦੇ ਪਿਤਾ ਸਮੇਤ ਉਥੋਂ ਗੱਡੀ ਭਜਾ ਕੇ ਲੈ ਗਿਆ। ਬਾਅਦ ‘ਚ ਪਤਾ ਲੱਗਿਆ ਕਿ ਉਹ ਉਸ ਦੇ ਪਿਤਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਧੂਰੀ ਲੈ ਗਿਆ।
___________________________________________
ਵਧੀਕੀਆਂ ਵਿਰੁਧ ਖਾਮੋਸ਼ੀ ਤੋੜੇ ਮੀਡੀਆ: ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਧੂਰੀ ‘ਚ ਇਕ ਪੱਤਰਕਾਰ ਦੀ ਅਕਾਲੀ ਕੌਂਸਲਰ ਵੱਲੋਂ ਗੋਲੀ ਮਾਰ ਕੇ ਕੀਤੇ ਹੱਤਿਆ ਕਰਨ ਦੀ ਨਿਖੇਧੀ ਕਰਦਿਆਂ ਮੀਡੀਆ ਭਾਈਚਾਰੇ ਨੂੰ ਅਕਾਲੀਆਂ ਦਾ ਘੁਮੰਡ ਤੋੜਨ ਲਈ ਇੱਕਜੁਟ ਹੋਣ ਦੀ ਅਪੀਲ ਕਰਦਿਆਂ ਹੈਰਾਨੀ ਜ਼ਾਹਿਰ ਕੀਤੀ ਕਿ ਮੀਡੀਆ ਨੇ ਇਸ ਉਪਰ ਕੋਈ ਪ੍ਰਤੀਕਰਮ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਗੁੰਡਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਅਕਾਲੀਆਂ ਵੱਲੋਂ ‘ਪੱਤਰਕਾਰੀ ਦੀ ਹੱਤਿਆ’ ਕੀਤੇ ਜਾਣ ਦੇ ਸਮਾਨ ਹੈ।