ਸੁਖਬੀਰ ਬਾਦਲ ਲਈ ਨਸ਼ੇ ਬਹੁਤੀ ਵੱਡੀ ਸਮੱਸਿਆ ਨਹੀਂ

ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਸੂਬੇ ਵਿਚ ਹੋਈ ਪੁਲਿਸ ਭਰਤੀ ਵਿਚ ਡੋਪ ਟੈਸਟ ਦੇ ਅੰਕੜਿਆਂ ਦੇ ਆਧਾਰ ‘ਤੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਨਸ਼ੇ ਕੋਈ ਵੱਡਾ ਮਸਲਾ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ‘ਚ ਨਸ਼ਿਆਂ ਦੇ ਰੁਝਾਨ ਸਬੰਧੀ ਅੰਕੜੇ ਕੌਮਾਂਤਰੀ ਅਤੇ ਕੌਮੀ ਪੱਧਰ ਤੋਂ ਕੀਤੇ ਘੱਟ ਹਨ, ਪਰ ਵਿਰੋਧੀ ਪਾਰਟੀਆਂ ਅਤੇ ਕੁਝ ਟੀæਵੀæ ਚੈਨਲਾਂ ਵੱਲੋਂ ਪੰਜਾਬੀਆਂ ਨੂੰ ਨਸ਼ੇੜੀ ਕਰਾਰ ਦਿੰਦਿਆਂ ਰੱਜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਸ ਕਾਰਨ ਪੰਜਾਬ ਦਾ ਜਿਥੇ ਅਕਸ ਖ਼ਰਾਬ ਹੋਇਆ,

ਉਥੇ ਰਾਜ ਨੂੰ ਇਸ ਦਾ ਆਰਥਿਕ ਪੱਖੋਂ ਵੀ ਨੁਕਸਾਨ ਹੋਇਆ। ਉਨ੍ਹਾਂ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਸਾਰਿਆਂ ਨੂੰ ਪੰਜਾਬੀਆਂ ਤੋਂ ਆਪਣੀ ਇਸ ਹਰਕਤ ਲਈ ਮੁਆਫੀ ਮੰਗਣ ਲਈ ਕਿਹਾ।
ਉਨ੍ਹਾਂ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਜਿਨ੍ਹਾਂ 3,76,355 ਨੌਜਵਾਨਾਂ ਦੇ ਟੈੱਸਟ ਲਏ ਗਏ, ਉਨ੍ਹਾਂ ਵਿਚੋਂ 1æ64 ਪ੍ਰਤੀਸ਼ਤ ਨੌਜਵਾਨ ਡਰੱਗ ਟੈੱਸਟ ਵਿਚ ਫੇਲ੍ਹ ਪਾਏ ਗਏ, ਪਰ ਇਨ੍ਹਾਂ ‘ਚੋਂ ਵੀ 1672 (0æ44 ਪ੍ਰਤੀਸ਼ਤ) ਅਜਿਹੇ ਨੌਜਵਾਨ ਸਨ ਜਿਨ੍ਹਾਂ ਵੱਲੋਂ ਦੌੜ ਆਦਿ ਲਈ ਐਨਰਜੀ ਡ੍ਰਿੰਕ ਜਾਂ ਐਮਫੀਟਾਮਾਇੰਡ ਲਈ ਹੋਈ ਸੀ ਜਿਸ ਨੂੰ ਕਿ ਨਸ਼ੇ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਅਤੇ ਇਸ ਕਾਰਨ ਨਸ਼ੇੜੀਆਂ ਦੀ ਅਸਲ ਪ੍ਰਤੀਸ਼ਤ 1æ27 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਡੋਪ ਟੈੱਸਟ ਲਈ ਜੋ ਕਿੱਟ ਪ੍ਰਵਾਨ ਕੀਤੀ ਗਈ, ਉਹ ਅਮਰੀਕਾ ਦੀ ਬਣੀ ਹੋਈ ਹੈ ਅਤੇ ਅਮਰੀਕਾ ਵਿਚ ਵੀ ਫੈਡਰਲ ਡਰੱਗ ਏਜੰਸੀ ਵੱਲੋਂ ਪ੍ਰਵਾਨਿਤ ਹੈ। ਇਸ ਕਿੱਟ ਨਾਲ ਡੋਪ ਟੈੱਸਟ ਵਿਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਨਸ਼ਾ ਕਰਨ ਵਾਲਾ ਵਿਅਕਤੀ ਕਿਸ ਚੀਜ਼ ਦਾ ਨਸ਼ਾ ਕਰ ਰਿਹਾ ਹੈ ਅਤੇ ਡਿਪਰੈਸ਼ਨ ਜਾਂ ਖਾਸੀ ਆਦਿ ਦੀ ਦਵਾਈ ਲੈਣ ਵਾਲੇ ਵਿਅਕਤੀ ਦਾ ਟੈੱਸਟ ਵੀ ਫੇਲ੍ਹ ਹੋ ਜਾਂਦਾ ਹੈ, ਕਿਉਂਕਿ ਇਨ੍ਹਾਂ ਦਵਾਈਆਂ ਵਿਚ ਵੀ ਕਈ ਵਾਰ ਥੋੜ੍ਹਾ-ਬਹੁਤਾ ਨਸ਼ਾ ਹੁੰਦਾ ਹੈ। ਅੰਕੜਿਆਂ ਅਨੁਸਾਰ ਕਿ ਮਾਰਫਿਨ ਲੈਣ ਵਾਲੇ ਉਮੀਦਵਾਰਾਂ ਦੀ ਪ੍ਰਤੀਸ਼ਤ 0æ33 ਪ੍ਰਤੀਸ਼ਤ, ਭੰਗ ਲੈਣ ਵਾਲਿਆਂ ਦੀ 0æ42 ਪ੍ਰਤੀਸ਼ਤ ਅਤੇ ਡਿਪਰੈਸ਼ਨ ਦੀਆਂ ਦਵਾਈਆਂ ਲੈਣ ਵਾਲਿਆਂ ਦੀ 3æ6 ਪ੍ਰਤੀਸ਼ਤ ਸਾਹਮਣੇ ਆਈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅਫੀਮ, ਚਰਸ ਜਾਂ ਦੂਜੇ ਨਸ਼ੇ ਲੈਣ ਵਾਲਿਆਂ ਸਬੰਧੀ ਵੀ ਸਾਡੇ ਕੋਲ ਵੱਖ-ਵੱਖ ਡਾਟਾ ਹੈ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਪੰਜਾਬ ਦੇਸ਼ ਦੇ ਉਨ੍ਹਾਂ ਮੋਹਰੀ ਸੂਬਿਆਂ ਵਿਚੋਂ ਹੈ, ਜਿਥੇ ਨਸ਼ਾ ਤਸਕਰਾਂ ਖਿਲਾਫ਼ ਵੱਡੇ ਪੱਧਰ ‘ਤੇ ਕਾਰਵਾਈ ਅਤੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਰਾਜ ਵਿਚ ਨਸ਼ਾ ਤਸਕਰਾਂ ਨੂੰ ਅਦਾਲਤੀ ਸਜ਼ਾਵਾਂ ਦਾ ਪ੍ਰਤੀਸ਼ਤ ਵੀ 81æ4 ਪ੍ਰਤੀਸ਼ਤ ਹੈ, ਜਦੋਂਕਿ ਗੋਆ ਵਿਚ ਇਹ 50 ਪ੍ਰਤੀਸ਼ਤ, ਕਰਨਾਟਕਾ ਵਿਚ 15 ਪ੍ਰਤੀਸ਼ਤ, ਜੰਮੂ ਕਸ਼ਮੀਰ ਵਿਚ 4 ਅਤੇ ਗੁਜਰਾਤ ਵਿਚ 8 ਪ੍ਰਤੀਸ਼ਤ ਹੈ। ਉਨ੍ਹਾਂ ਕਿਹਾ ਕਿ 2014 ਦੌਰਾਨ ਦੇਸ਼ ਵਿਚ ਜਿੰਨੀ ਹੈਰੋਇਨ ਫੜੀ ਗਈ, ਉਸ ਵਿਚੋਂ 46 ਪ੍ਰਤੀਸ਼ਤ ਇਕੱਲੀ ਪੰਜਾਬ ਪੁਲਿਸ ਨੇ ਫੜੀ ਅਤੇ ਫੜੀ ਗਈ ਅਫੀਮ ਵਿਚੋਂ ਵੀ 31 ਪ੍ਰਤੀਸ਼ਤ ਪੰਜਾਬ ਵਿਚ ਫੜੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਰਾਜ ਹੈ ਜਿਸ ਨੇ ਮਗਰਲੇ 3 ਸਾਲਾਂ ਦੌਰਾਨ 195 ਨਸ਼ਾ ਤਸਕਰਾਂ ਦੀਆਂ 227 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ।
______________________________________
ਉਪ ਮੁੱਖ ਮੰਤਰੀ ਪੰਜਾਬ ਦੀ ਹਾਲਤ ਤੋਂ ਅਣਜਾਣ: ਭੱਠਲ
ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਨਸ਼ਿਆਂ ਬਾਰੇ ਪੰਜਾਬ ਦੀ ਅਸਲ ਹਾਲਤ ਦਾ ਪਤਾ ਨਹੀਂ ਹੈ ਤੇ ਉਹ ਦੂਜੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ‘ਤੇ ਗਲਤ ਦੋਸ਼ ਲਾ ਰਹੇ ਹਨ।
_____________________________________
ਪੁਲਿਸ ਮੁਖੀ ਦੇ ਸੁਖਬੀਰ ਨਾਲੋਂ ਵੱਖਰੇ ਸੁਰ
ਅੰਮ੍ਰਿਤਸਰ: ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਦੇ ਸੁਰ ਵੱਖੋ-ਵੱਖ ਹਨ। ਸੁਖਬੀਰ ਬਾਦਲ ਕਹਿੰਦੇ ਹਨ ਕਿ ਪੰਜਾਬ ਵਿਚ ਨਸ਼ਿਆਂ ਤੇ ਗੈਂਗਵਾਰ ਦੀ ਕੋਈ ਵੱਡੀ ਸਮੱਸਿਆ ਨਹੀਂ, ਪਰ ਅਰੋੜਾ ਨੇ ਮੰਨਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ। ਅਰੋੜਾ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿਚ ਬਰਾਮਦ ਕੀਤੇ ਗਏ ਨਸ਼ਿਆਂ ਨੂੰ ਨਸ਼ਟ ਕਰਨ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਧ ਰਹੀਆਂ ਗੈਂਗਵਾਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ਪੁਲਿਸ ਇਸ ਉਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਤੇ ਗੈਂਗਵਾਰ ਵਰਗੇ ਮਾਮਲਿਆਂ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਨੂੰ ਚਲਾਉਣ ਵਾਲੇ ਲੋਕ ਜੇਲ੍ਹਾਂ ਵਿਚ ਬੈਠ ਕੇ ਸਭ ਕੁਝ ਚਲਾਉਂਦੇ ਹਨ।
__________________________________
‘ਆਪ’ ਵੱਲੋਂ ਸੁਖਬੀਰ ਦੇ ਦਾਅਵੇ ਰੱਦ
ਜਲੰਧਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿਚ ਨਸ਼ੇ ਬਹੁਤ ਘੱਟ ਹੋਣ ਬਾਰੇ ਕੀਤੇ ਦਾਅਵੇ ਨੂੰ ਆਮ ਆਦਮੀ ਪਾਰਟੀ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ‘ਆਪ’ ਦੇ ਬੁਲਾਰੇ ਅਤੇ ਭੁਲੱਥ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ ਹੈ, ਪਰ ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਸੱਚਾਈ ਨੂੰ ਮੰਨਣ ਲਈ ਤਿਆਰ ਨਹੀਂ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ 7 ਲੱਖ ਨੌਜਵਾਨਾਂ ਨੇ ਪੰਜਾਬ ਪੁਲਿਸ ਦੀ ਭਰਤੀ ਲਈ ਅਰਜ਼ੀ ਦਿੱਤੀ ਸੀ। ਇਨ੍ਹਾਂ ਵਿਚੋਂ ਸਿਰਫ 3 ਲੱਖ 75 ਹਜ਼ਾਰ ਹੀ ਭਰਤੀ ਪ੍ਰਕਿਰਿਆ ਲਈ ਆਏ ਸਨ। ਇਨ੍ਹਾਂ ਵਿਚੋਂ ਹੀ 1æ27 ਫੀਸਦੀ ਨੌਜਵਾਨਾਂ ਦੇ ਡੋਪ ਟੈਸਟ ਪਾਜ਼ੇਟਿਵ ਆਏ ਹਨ। ਇਹ ਵੀ ਚਰਚਾ ਰਹੀ ਹੈ ਕਿ ਡੋਪ ਟੈਸਟ ਮਾਮਲੇ ਵਿਚ ਹੇਰਾਫੇਰੀ ਹੋਈ ਹੈ।