ਬਠਿੰਡਾ: ਪੰਜਾਬੀ ਬੋਲਦੇ ਇਲਾਕਿਆਂ ਲਈ ਲੜਨ ਵਾਲੀ ਅਕਾਲੀ ਸਰਕਾਰ ਤੋਂ ਇਸ ਵਾਰ ਆਪਣੀ ਸੱਤਾ ਦੇ ਪੌਣੇ ਪੰਜ ਸਾਲ ਲੰਘਣ ਦੇ ਬਾਵਜੂਦ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਹੋਂਦ ਵਿਚ ਨਹੀਂ ਆਈਆਂ ਹਨ।
ਇਸ ਸਰਕਾਰ ਨੇ ਪਿਛਲੇ ਪਲਾਨ ਵੇਲੇ ਇਹ ਕਮੇਟੀਆਂ ਬਣਾਈਆਂ ਸਨ, ਪਰ ਇਸ ਵਾਰ ਨਵੇਂ ਸਿਰੇ ਤੋਂ ਇਹ ਕਮੇਟੀਆਂ ਨਾ ਹੀ ਹੋਂਦ ਵਿਚ ਆਈਆਂ ਹਨ ਅਤੇ ਨਾ ਹੀ ਪੁਰਾਣੀਆਂ ਕਮੇਟੀਆਂ ਨੂੰ ਸਰਗਰਮ ਕਰਨ ਲਈ ਕੋਈ ਹੱਲਾਸ਼ੇਰੀ ਦਿੱਤੀ ਗਈ ਹੈ। ਹੁਣ ਭਾਵੇਂ ਸਰਕਾਰ ਪੰਜਾਬੀ ਭਾਸ਼ਾ ਸਬੰਧੀ ਵੱਡੇ ਸਮਾਗਮ ਕਰਨ ਦੇ ਦਮਗਜੇ ਮਾਰ ਰਹੀ ਹੈ, ਪਰ ਰਾਜ ਦੇ ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਪੁਰਾਣੀਆਂ ਭਾਸ਼ਾ ਕਮੇਟੀਆਂ ਦੀ ਮੀਟਿੰਗ ਹਰ ਦੋ ਮਹੀਨਿਆਂ ਵਿਚ ਇਕ ਵਾਰ ਹੋਣੀ ਲਾਜ਼ਮੀ ਸੀ ਅਤੇ ਲੋੜੀਂਦੀਆਂ ਸਮੀਖਿਆ ਰਿਪੋਰਟਾਂ ਭੇਜੀਆਂ ਜਾਣੀਆਂ ਸਨ, ਪਰ ਅਜਿਹੀ ਕਾਰਵਾਈ ਤਾਂ ਦੂਰ ਦੀ ਗੱਲ ਮਾਨਸਾ ਜ਼ਿਲ੍ਹੇ ਵਿਚ ਪਿਛਲੇ ਪੌਣੇ ਪੰਜ ਸਾਲਾਂ ਤੋਂ ਅਜਿਹੀ ਕੋਈ ਮੀਟਿੰਗ ਨਹੀਂ ਹੋਈ। ਸਰਕਾਰ ਨੇ ਭਾਵੇਂ ਭਾਸ਼ਾ ਕਮੇਟੀਆਂ ਬਣਾਉਣ ਲਈ ਜ਼ਿਲ੍ਹਿਆਂ ਵਿਚਲੇ ਦਫਤਰਾਂ ਤੋਂ ਬਕਾਇਦਾ ਸੂਚੀ ਹਾਸਲ ਕੀਤੀ ਹੋਈ ਹੈ, ਪਰ ਇਸ ਸੂਚੀ ਨੂੰ ਮਾਨਤਾ ਦੇ ਕੇ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਕਾਰਨ ਜਿਥੇ ਭਾਸ਼ਾ ਕਮੇਟੀ ਦੀਆਂ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਨਹੀਂ ਹੋ ਸਕੀਆਂ, ਉਥੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਹੋਏ। ਬੇਸ਼ੱਕ ਕਈ ਵਿਦਿਅਕ ਸੰਸਥਾਵਾਂ ਪੰਜਾਬੀ ਭਾਸ਼ਾ ਬਾਰੇ ਕੋਈ ਨਾ ਕੋਈ ਪ੍ਰੋਗਰਾਮ ਉਲੀਕਦੀਆਂ ਰਹਿੰਦੀਆਂ ਹਨ, ਪਰ ਭਾਸ਼ਾ ਕਮੇਟੀਆਂ ਦਾ ਇਨ੍ਹਾਂ ਸਮਾਗਮਾਂ ਵਿਚ ਕਦੇ ਕੋਈ ਸਹਿਯੋਗ ਦੇਖਣ-ਸੁਣਨ ਨੂੰ ਨਹੀਂ ਮਿਲਿਆ।
ਭਾਸ਼ਾ ਵਿਭਾਗ ਦੀ ਸੁਸਤੀ ਕਾਰਨ ਵੱਖ-ਵੱਖ ਦਫਤਰਾਂ ਵਿਚ ਬਹੁਤਾ ਕੰਮ ਵੀ ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਵਿਚ ਹੀ ਹੋ ਰਿਹਾ ਹੈ। ਉਧਰ, ਮਾਨਸਾ ਸਥਿਤ ਜ਼ਿਲ੍ਹਾ ਭਾਸ਼ਾ ਦਫਤਰ ਵਿਚ ਕੋਈ ਪੱਕਾ ਜ਼ਿਲ੍ਹਾ ਅਧਿਕਾਰੀ ਨਹੀਂ ਹੈ, ਸਗੋਂ ਸੰਗਰੂਰ ਦੇ ਜ਼ਿਲ੍ਹਾ ਭਾਸ਼ਾ ਅਫਸਰ ਪ੍ਰਿਤਪਾਲ ਕੌਰ ਨੂੰ ਮਾਨਸਾ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਸਰਕਾਰ ਭਾਵੇਂ ਭਾਸ਼ਾ ਵਿਭਾਗ ਲਈ ਅਨੇਕ ਦਮਗਜੇ ਮਾਰੇ, ਪਰ ਇਥੇ ਸਥਿਤ ਭਾਸ਼ਾ ਵਿਭਾਗ ਦੇ ਦਫਤਰ ਵਿਚ ਲੇਖਕਾਂ ਲਈ ਕੋਈ ਸਹੂਲਤ ਨਹੀਂ ਹੈ ਅਤੇ ਬੈਠਣ-ਉਠਣ ਸਮੇਤ ਹੋਰ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਹਨ।
___________________________________________
ਪੰਜਾਬੀ ‘ਤੇ ਪਾਬੰਦੀ ਤੋਂ ਪਿੱਛੇ ਹਟਿਆ ਪਾਕਿ ਸਕੂਲ
ਲਾਹੌਰ: ਲੋਕ ਰੋਹ ਤੋਂ ਬਾਅਦ ਲਾਹੌਰ (ਪਾਕਿਸਤਾਨ) ਵਿਚ ਬੀਕਨਹਾਊਸ ਸਕੂਲ ਸਿਸਟਮ ਸਾਹੀਵਾਲ ਵੱਲੋਂ ਪੰਜਾਬੀ ਭਾਸ਼ਾ ਨੂੰ ਗਲਤ ਤੇ ਖਰਾਬ ਭਾਸ਼ਾ ਦੱਸਦਿਆਂ ਲਾਈ ਪਾਬੰਦੀ ਤੋਂ ਸਕੂਲ ਪ੍ਰਬੰਧਕ ਮੁੱਕਰ ਗਏ। ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਭਾਸ਼ਾ ਉਤੇ ਨਹੀਂ, ਸਗੋਂ ਗਾਲ੍ਹਾਂ ਕੱਢਣ ਉਤੇ ਪਾਬੰਦੀ ਲਾਈ ਹੈ।
ਇਸ ਸਕੂਲ ਵੱਲੋਂ ਪੰਜਾਬੀ ਭਾਸ਼ਾ ‘ਤੇ ਲਾਈ ਪਾਬੰਦੀ ਦੇ ਵਿਰੋਧ ਵਿਚ ਲਾਹੌਰ ਤੇ ਸਾਹੀਵਾਲ ਵਿਚ ਪੰਜਾਬੀ ਭਾਸ਼ਾ ਕਾਰਕੁਨਾਂ ਤੇ ਸਾਹਿਤ ਸੰਗਠਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਬਾਅਦ ਬੀæਐਸ਼ਐਸ਼ ਨੂੰ ਆਪਣੇ ਫੈਸਲੇ ਤੋਂ ਪਲਟਣਾ ਪਿਆ। ਇਸ ਸਕੂਲ ਸਮੂਹ ਦੇ ਪ੍ਰਬੰਧਕਾਂ ਨੇ ਸਫਾਈ ਦਿੱਤੀ ਹੈ ਕਿ ਸਕੂਲ ਦੀ ਸਾਹੀਵਾਲ ਬਰਾਂਚ ਦੇ ਹੈੱਡਮਾਸਟਰ ਜ਼ਮੀਲ ਅਹਿਮਦ ਨੇ ਸਕੂਲ ਕੈਂਪਸ ਵਿਚ ਕੁਝ ਵਿਦਿਆਰਥੀਆਂ ਨੂੰ ਆਪਸ ਵਿਚ ਪੰਜਾਬੀ ਭਾਸ਼ਾ ਵਿਚ ਗਾਲ੍ਹਾਂ ਕੱਢਦਿਆਂ ਸੁਣਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਸਰਕੁਲਰ ਜਾਰੀ ਕਰਦਿਆਂ ਸਕੂਲ ਦੇ ਅੰਦਰ, ਬਾਹਰ ਅਤੇ ਘਰਾਂ ਵਿਚ ਪੰਜਾਬੀ ਭਾਸ਼ਾ ਵਿਚ ਗਾਲ੍ਹਾਂ ਤੇ ਭੈੜੀ ਸ਼ਬਦਾਵਲੀ ਵਰਤਣ ‘ਤੇ ਪਾਬੰਦੀ ਲਾਈ ਸੀ।