ਵਾਸ਼ਿੰਗਟਨ: ਹਾਲ ਹੀ ਦੌਰਾਨ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਵੱਲੋਂ ਕੀਤੀ ਗਈ ਚੋਣ ਰੈਲੀ ਵਿਚ ਭਾਰਤੀਆਂ ਦੀ ਵੱਡੀ ਸ਼ਮੂਲੀਅਤ ਤੋਂ ਸਾਫ ਹੈ ਕਿ ਇਸ ਪਾਰਟੀ ਨੇ ਡੈਮੋਕਰੇਟਾਂ ਦੇ ਭਾਰਤੀ ਅਮਰੀਕੀ ਵੋਟ ਬੈਂਕ ਨੂੰ ਢਾਹ ਲਗਾ ਦਿੱਤੀ ਹੈ।
ਰਿਪਬਲੀਕਨ ਪਾਰਟੀ ਦੇ ਸੂਤਰਾਂ ਮੁਤਾਬਕ ਭਾਰਤੀਆਂ ਦੇ ਬਦਲ ਰਹੇ ਇਸ ਰੁਖ਼ ਦਾ ਭਾਵੇਂ ਇਸ ਵਾਰ ਰਿਪਬਲੀਕਨ ਉਮੀਦਵਾਰ ਨੂੰ ਬਹੁਤਾ ਲਾਭ ਨਾ ਹੋਵੇ, ਪਰ ਅਗਲੇ ਸਾਲਾਂ ਵਿਚ ਡੈਮੋਕਰੇਟਿਕ ਪਾਰਟੀ ਨੂੰ ਭਾਰਤੀ ਵੋਟਾਂ ਉਸ ਦੇ ਹੱਥੋਂ ਖਿਸਕਣ ਦਾ ਨੁਕਸਾਨ ਹੋ ਸਕਦਾ ਹੈ। ਟਰੰਪ ਨੇ ਐਡੀਸਨ ਵਿਚ ਭਾਰਤੀ ਅਮਰੀਕੀਆਂ ਦੀ ਰੈਲੀ ਵਿਚ ਕਿਹਾ ਸੀ ਕਿ ਉਹ ਹਿੰਦੂਆਂ ਤੇ ਭਾਰਤ ਦੇ ਵੱਡੇ ਪ੍ਰਸੰਸਕ ਹਨ ਤੇ ਜੇ ਉਹ ਰਾਸ਼ਟਰਪਤੀ ਬਣ ਗਏ ਤਾਂ ਭਾਰਤ ਤੇ ਅਮਰੀਕਾ ਪੱਕੇ ਮਿੱਤਰ ਬਣ ਜਾਣਗੇ। ਰਿਪਬਲੀਕਨ ਸਮਰਥਕ ਸੰਪਤ ਸ਼ਿਵਾਂਗੀ ਨੇ ਕਿਹਾ ਕਿ ਟਰੰਪ ਦਾ ਇਹ ਬਿਆਨ ਕਾਫ਼ੀ ਅਹਿਮੀਅਤ ਰੱਖਦਾ ਹੈ। ਇਸ ਰੈਲੀ ਵਿਚ ਪੰਜ ਹਜ਼ਾਰ ਦੇ ਕਰੀਬ ਭਾਰਤੀ ਅਮਰੀਕੀ ਸਨ। ਟੀਵੀ ਪੱਤਰਕਾਰ ਰੋਹਿਤ ਵਿਆਸ ਨੇ ਸ੍ਰੀ ਸ਼ਿਵਾਂਗੀ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਰਿਪਬਲੀਕਨ ਪਾਰਟੀ ਵੱਲ ਭਾਰਤੀਆਂ ਦਾ ਝੁਕਾਅ ਵੱਧ ਰਿਹਾ ਹੈ। ਦੂਜੇ ਪਾਸੇ ਡੈਮੋਕਰੇਟਿਕ ਪਾਰਟੀ ਵੱਲੋਂ ਹਿਲੇਰੀ ਕਲਿੰਟਨ ਦੀ ਮੁਹਿੰਮ ਚਲਾਉਣ ਵਾਲਿਆਂ ਨੇ ਇਸ ਗੱਲ ਨੂੰ ਰੱਦ ਕੀਤਾ ਹੈ ਕਿ ਭਾਰਤੀ ਮੂਲ ਦੇ ਲੋਕ ਰਿਪਬਲੀਕਨ ਪਾਰਟੀ ਵੱਲ ਵੱਧ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਹਿਲੇਰੀ ਦੇ ਭਾਰਤ ਨਾਲ ਚੰਗੇ ਤੇ ਮਜ਼ਬੂਤ ਸਬੰਧ ਹਨ।
_______________________________
ਟਰੰਪ ਤੋਂ ਬੜੀ ਅੱਗੇ ਨਿਕਲੀ ਹਿਲੇਰੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਤਾਜ਼ਾ ਸਰਵੇਖਣ ਵਿਚ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਆਪਣੇ ਵਿਰੋਧੀ ਡੋਨਲਡ ਟਰੰਪ ਉਪਰ 9 ਅੰਕਾਂ ਦੀ ਲੀਡ ਲੈ ਲਈ ਹੈ। ਔਰਤਾਂ ਬਾਰੇ ਮਾਮਲੇ ਵਿਚ ਘਿਰਨ ਬਾਅਦ ਸੀæਬੀæਐਸ਼ ਨਿਊਜ਼ ਵੱਲੋਂ ਕਰਵਾਏ ਸਰਵੇਖਣ ਵਿਚ ਹਿਲੇਰੀ ਨੂੰ 47 ਫੀਸਦੀ ਤੇ ਟਰੰਪ ਨੂੰ 38 ਫੀਸਦੀ ਵੋਟਾਂ ਮਿਲੀਆਂ। ਇਸ ਤਰ੍ਹਾਂ ਹਿਲੇਰੀ ਨੌਂ ਅੰਕ ਅੱਗੇ ਨਿਕਲ ਗਈ।
_____________________________
ਟਰੰਪ ਵੱਲੋਂ ਹਾਰ ਕਬੂਲ ਕਰਨ ਤੋਂ ਨਾਂਹ
ਲਾਸ ਵੇਗਾਸ: ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਹੋਈ ਤੀਜੀ ਤੇ ਅੰਤਿਮ ਬਹਿਸ ਵਿਚ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੇ ਚੋਣਾਂ ਵਿਚ ਹੇਰਾਫੇਰੀ ਦੇ ਦੋਸ਼ ਲਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਾਰਨ ਉਹ ਚੋਣਾਂ ਵਿਚ ਆਪਣੀ ਹਾਰ ਕਬੂਲ ਨਹੀਂ ਕਰਨਗੇ। ਉਨ੍ਹਾਂ ਦੇ ਇਨ੍ਹਾਂ ਦੋਸ਼ਾਂ ਦਾ ਉਨ੍ਹਾਂ ਦੀ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਨੇ ਤਿੱਖਾ ਵਿਰੋਧ ਕੀਤਾ ਹੈ।