ਵਾਦੀ ‘ਚ ਸਿੱਖਾਂ ਲਈ ਚੰਗੇ ਨਹੀਂ ਹਾਲਾਤ

ਅੰਮ੍ਰਿਤਸਰ: ਕਸ਼ਮੀਰ ਵਾਦੀ ਵਿਚ ਰਹਿੰਦੇ ਸਿੱਖਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦੌਰੇ ‘ਤੇ ਗਈ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪ ਦਿੱਤੀ ਹੈ। ਇਸ ਵਿਚ ਜ਼ਿਕਰ ਕੀਤਾ ਗਿਆ ਕਿ ਅਤਿਵਾਦ ਦੇ ਖ਼ੌਫ ਕਾਰਨ ਵਾਦੀ ਦੇ ਪਿੰਡਾਂ ਵਿਚ ਰਹਿੰਦੇ ਸਿੱਖ ਪਰਿਵਾਰ ਆਪਣਾ ਘਰ-ਬਾਰ ਤੇ ਕੀਮਤੀ ਸਾਮਾਨ ਛੱਡ ਕੇ ਸ੍ਰੀਨਗਰ ਅਤੇ ਹੋਰ ਸ਼ਹਿਰਾਂ ਵਿਚ ਰਹਿਣ ਨੂੰ ਮਜਬੂਰ ਹਨ, ਜਿਥੇ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ।

ਇਸ ਤਿੰਨ ਮੈਂਬਰੀ ਕਮੇਟੀ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਜੰਮੂ ਤੇ ਅਕਾਲੀ ਆਗੂ ਸਤਨਾਮ ਸਿੰਘ ਕੰਡਾ ਸ਼ਾਮਲ ਸਨ।
ਇਹ ਸਿੱਖ ਵਫਦ ਉਥੇ ਜੰਮੂ ਕਸ਼ਮੀਰ ਦੇ ਰਾਜਪਾਲ ਐਨæਐਨæ ਵੋਹਰਾ ਨੂੰ ਵੀ ਮਿਲਿਆ ਹੈ। ਵਫਦ ਨੇ ਕਸ਼ਮੀਰ ਵਿਚ ਵਸਦੇ ਸਿੱਖਾਂ ਦੀਆਂ ਸਮੱਸਿਆਵਾਂ ਅਤੇ ਇਸ ਦੇ ਹੱਲ ਸਬੰਧੀ ਪੱਤਰ ਵੀ ਗਵਰਨਰ ਨੂੰ ਸੌਂਪਿਆ ਹੈ। ਇਸ ਦੌਰੇ ਦੌਰਾਨ ਆਗੂ ਪੀੜਤ ਸਿੱਖਾਂ ਸਮੇਤ ਸਿੱਖ ਜਥੇਬੰਦੀਆਂ ਅਤੇ ਮੁਸਲਿਮ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਮਿਲੇ ਹਨ। ਰਿਪੋਰਟ ਵਿਚ ਸਿੱਖ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਵ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਕਸ਼ਮੀਰ ਦੇ ਮੈਂਬਰਾਂ ਤੋਂ ਇਲਾਵਾ ਹੁਰੀਅਤ ਦੇ ਮੁਸਲਿਮ ਆਗੂਆਂ ਨਾਲ ਵੀ ਸੰਪਰਕ ਕੀਤਾ ਹੈ। ਸਿੱਖ ਵਸੋਂ ਕਸ਼ਮੀਰ ਵਾਦੀ ਦੇ 11 ਜ਼ਿਲ੍ਹਿਆਂ ਦੇ 126 ਪਿੰਡਾਂ ਅਤੇ ਸ਼ਹਿਰਾਂ ਵਿਚ ਹੈ।
ਛੱਤੀਸਿੰਘਪੁਰਾ ਵਿਚ ਵਾਪਰੀ ਅਤਿਵਾਦੀ ਘਟਨਾ, ਮਹਿਜੂਰ ਨਗਰ ਆਦਿ ਦੀਆਂ ਘਟਨਾਵਾਂ ਤੋਂ ਬਾਅਦ ਵੀ ਸਿੱਖ ਉਥੇ ਮਜ਼ਬੂਤੀ ਨਾਲ ਡਟੇ ਹੋਏ ਹਨ, ਪਰ ਇਸ ਵੇਲੇ ਅਤਿਵਾਦ ਦੇ ਖੌਫ਼ ਕਾਰਨ ਵਾਦੀ ਦੇ ਪਿੰਡਾਂ ਵਿਚ ਰਹਿੰਦੇ ਸਿੱਖ ਆਪਣਾ ਘਰ-ਬਾਰ ਤੇ ਕਾਰੋਬਾਰ ਛੱਡ ਕੇ ਸ਼ਹਿਰਾਂ ਵਿਚ ਰਹਿਣ ਨੂੰ ਮਜਬੂਰ ਹਨ। ਵਧੇਰੇ ਸਿੱਖ ਸ੍ਰੀਨਗਰ ਅਤੇ ਹੋਰ ਸ਼ਹਿਰਾਂ ਵਿਚ ਆ ਗਏ ਹਨ, ਪਰ ਇਥੇ ਉਨ੍ਹਾਂ ਕੋਲ ਕਾਰੋਬਾਰ ਨਾ ਹੋਣ ਕਾਰਨ ਉਨ੍ਹਾਂ ਦੀ ਮਾਲੀ ਸਥਿਤੀ ਕਮਜ਼ੋਰ ਹੋ ਗਈ ਹੈ। ਪਿਛਲੀ ਅੱਧੀ ਸਦੀ ਤੋਂ ਵਧੇਰੇ ਸਮੇਂ ਤੋਂ ਵਾਦੀ ‘ਚ ਰਹਿ ਰਹੇ ਸਿੱਖਾਂ ਦੇ ਹੱਕੀ ਮਸਲਿਆਂ ਨੂੰ ਨਾ ਸਿਰਫ ਜੰਮੂ ਕਸ਼ਮੀਰ ਸਰਕਾਰ ਸਗੋਂ ਕੇਂਦਰ ਸਰਕਾਰ ਵੱਲੋਂ ਵੀ ਅਣਦੇਖਿਆ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਰਾਜਪਾਲ ਦੇ ਹਵਾਲੇ ਨਾਲ ਸੰਕੇਤ ਦਿੱਤਾ ਕਿ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਦਾ ਵਧੇਰੇ ਝੁਕਾਅ ਮੁਸਲਿਮ ਭਾਈਚਾਰੇ ਅਤੇ ਉਥੋਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲ ਹੈ। ਸਿੱਖ ਵਫ਼ਦ ਨੇ ਵਾਦੀ ‘ਚ ਰਹਿੰਦੇ ਸਿੱਖਾਂ ਦੀ ਭਲਾਈ ਲਈ ਕੁਝ ਸਿਫਾਰਸ਼ਾਂ ਵੀ ਕੀਤੀਆਂ ਹਨ। ਇਨ੍ਹਾਂ ਵਿਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਕੇਂਦਰੀ ਘੱਟ ਗਿਣਤੀ ਐਕਟ ਅਧੀਨ ਦੇਣ ਦੀ ਮੰਗ, ਸ਼੍ਰੋਮਣੀ ਕਮੇਟੀ ਕੋਲੋਂ ਕੁੜੀਆਂ ਦਾ ਕਾਲਜ ਸਥਾਪਤ ਕਰਨ ਸਣੇ ਕਈ ਸਿਫਾਰਸ਼ਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਉਹ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਰਾਹੀਂ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਤੱਕ ਪੁੱਜਦਾ ਕਰਨਗੇ।
_________________________________________
ਮਹਿਬੂਬਾ ਵੱਲੋਂ ਨੌਜਵਾਨਾਂ ਦੀ ‘ਘਰ ਵਾਪਸੀ’ ਉਤੇ ਜ਼ੋਰ
ਸ੍ਰੀਨਗਰ: ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸੂਬੇ ਦੀ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਦਹਿਸ਼ਤਗਰਦਾਂ ਦੀਆਂ ਸਫ਼ਾਂ ਵਿਚ ਸ਼ਾਮਲ ‘ਮੁਕਾਮੀ ਨੌਜਵਾਨਾਂ’ ਨੂੰ ਮਾਰਨ ਦੀ ਥਾਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇ। ਗੌਰਤਲਬ ਹੈ ਕਿ ਸੂਬੇ ਵਿਚ ਸਲਾਮਤੀ ਦਸਤਿਆਂ ਹੱਥੋਂ ਹਿਜ਼ਬੁਲ ਮੁਜਾਹਦੀਨ ਦੇ ਸਥਾਨਕ ਦਹਿਸ਼ਤਗਰਦ ਬੁਰਹਾਨ ਵਾਨੀ ਦੀ ਮੌਤ ਪਿੱਛੋਂ ਭਾਰੀ ਹਿੰਸਾ ਤੇ ਅੰਦੋਲਨ ਭੜਕ ਪਿਆ ਸੀ। ਬੀਬੀ ਮਹਿਬੂਬਾ ਨੇ ਪੁਲਿਸ ਤੇ ਦੂਜੇ ਸਲਾਮਤੀ ਦਸਤਿਆਂ ਨੂੰ ਅਪੀਲ ਕੀਤੀ ਕਿ ਉਹ ਮੁਜ਼ਾਹਰਾਕਾਰੀਆਂ ਉਤੇ ਪੈਲੇਟ ਗੰਨਾਂ ਵਰਗੇ ਹਥਿਆਰ ਵਰਤਣ ਤੋਂ ਗੁਰੇਜ਼ ਕਰਦਿਆਂ ਪਥਰਾਅ ਨੂੰ ਇਕ ‘ਕੁਰਬਾਨੀ’ ਵਜੋਂ ‘ਬਰਦਾਸ਼ਤ’ ਕਰਨ। ਇਥੇ ਇਕ ਪੁਲਿਸ ਸ਼ਹੀਦ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਨੇ ਤਿੰਨ ਮਹੀਨੇ ਜਾਰੀ ਰਹੀ ਗੜਬੜ ਦੌਰਾਨ ਕਾਫੀ ਸੰਜਮ ਤੋਂ ਕੰਮ ਲਿਆ ਹੈ, ਪਰ ਫਿਰ ਵੀ ਕੁਝ ਗਲਤੀਆਂ ਕਾਰਵਾਈ ਦੀ ਮੰਗ ਕਰਦੀਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਅਫ਼ਸਪਾ ਵਰਗੇ ‘ਕਾਲੇ ਕਾਨੂੰਨਾਂ’ ਨੂੰ ਸੂਬੇ ਦੇ ਹਾਲਾਤ ਠੀਕ ਹੋਣ ਉਤੇ ਹੀ ਹਟਾਇਆ ਜਾਵੇਗਾ।