ਬਾਂਹ-ਬੰਦਗੀ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਨ੍ਹਾਂ ਸਰੀਰ ਦੇ ਵੱਖ ਵੱਖ ਅੰਗਾਂ ਦਾ ਨਾਦ ਪੇਸ਼ ਕੀਤਾ ਹੈ। ਉਹ ਨੈਣਾਂ, ਮੂੰਹ, ਜ਼ੁਬਾਨ ਦੇ ਰਸ ਅਤੇ ਜ਼ੁਬਾਨ ਦੇ ਪਾਏ ਪੁਆੜਿਆਂ ਦੀ ਗੱਲ ਕਰ ਚੁਕੇ ਹਨ; ਹੱਥਾਂ ਦੀ ਦਾਸਤਾਨ ਦੱਸ ਚੁਕੇ ਹਨ ਕਿ ਪਾਕ ਹੱਥਾਂ ਨਾਲ ਪਾਣੀ ਵਿਚ ਪਤਾਸੇ ਪਾਏ ਜਾਂਦੇ ਤਾਂ ਅੰਮ੍ਰਿਤ ਬਣ ਜਾਂਦਾ ਜਦ ਕਿ ਮਲੀਨ ਹੱਥ ਸਦਾ ਹੀ ਨਿਰਦੋਸ਼ਾਂ ਦੇ ਖੂਨ ਦੀ ਹੋਲੀ ਖੇਡਦੇ।

ਲੱਤਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਬਾਬਾ ਫਰੀਦ ਦੇ ਸਲੋਕ “ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ॥ ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮ॥” ਦਾ ਹਵਾਲਾ ਦਿੱਤਾ ਸੀ। ਡਾæ ਭੰਡਾਲ ਬੰਦੇ ਦੇ ਪੈਰਾਂ, ਮੁੱਖੜੇ ਤੇ ਮਨ ਦੀ ਬਾਤ ਪਾ ਚੁਕੇ ਹਨ। ਹਿੱਕ ਬਾਰੇ ਉਨ੍ਹਾਂ ਕਿਹਾ ਸੀ ਕਿ ਹਿੱਕ ਵਿਚ ਜਦ ਰੋਹ ਦਾ ਉਬਾਲ ਫੁੱਟਦਾ ਤਾਂ ਇਸ ਵਿਚੋਂ ਹੀ ਦੁੱਲਾ ਭੱਟੀ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਇਕ ਸ਼ਖਸ ਊਧਮ ਸਿੰਘ ਦਾ ਰੂਪ ਧਾਰ ਲੰਡਨ ਵੱਲ ਨੂੰ ਚਾਲੇ ਪਾਉਂਦਾ। ਗਰਦਨ ਅਤੇ ਬੁੱਲੀਆਂ ਦਾ ਵਿਖਿਆਨ ਵੀ ਕਰ ਚੁਕੇ ਹਨ। ਵਾਤਾਵਰਣ ਸੰਭਾਲ ਦੀ ਗੱਲ ਕਰਦਿਆਂ ਡਾæ ਭੰਡਾਲ ਨੇ ਨਸੀਹਤ ਕੀਤੀ ਸੀ ਕਿ ਸਾਹ ਆਉਂਦੇ ਜਾਂਦੇ ਰਹਿਣ, ਇਸ ਲਈ ਜਰੂਰੀ ਹੈ ਕਿ ਅਸੀਂ ਵਾਤਾਵਰਣੀ, ਕੁਦਰਤੀ, ਸਮਾਜਿਕ ਅਤੇ ਪਰਿਵਾਰਕ ਸਰੋਕਾਰਾਂ ਵਿਚੋਂ ਹੀ ਖੁਦ ਨੂੰ ਵਿਸਥਾਰਈਏ। ਪਿਛਲੇ ਲੇਖ ਵਿਚ ਉਨ੍ਹਾਂ ਨੱਕ ਦੀ ਵਾਰਤਾ ਸੁਣਾਉਂਦਿਆਂ ਦੱਸਿਆ ਕਿ ਕਈ ਵਾਰ ਮਨੁੱਖ ਨੱਕ ਨੂੰ ਉਚਾ ਕਰਨ ਖਾਤਰ ਕਰਜ਼ੇ ਵਿਚ ਡੁੱਬ, ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ। ਨੱਕ-ਨਮੂਜ਼ ਰੱਖਣ ਲਈ ਲੋਕਾਂ ਵਲੋਂ ਰੱਖੇ ਜਾਂਦੇ ਓਹਲੇ, ਮਨੁੱਖ ਨੂੰ ਅੰਦਰੋਂ ਖੋਖਲੇ ਕਰ, ਹੋਂਦ ਦਾ ਆਖਰੀ ਵਰਕਾ ਬਣ ਜਾਂਦੇ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਬਾਹਾਂ ਦੀ ਤਸ਼ਬੀਹ ਵਿਚ ਕਿਹਾ ਹੈ ਕਿ ਬਾਂਹਾਂ ਦੀ ਬਾਂਹਾਂ ਸੰਗ ਯਾਰੀ, ਮਨ-ਵਿਹੜੇ ਮੌਲੇ ਸਰਦਾਰੀ। ਬਾਹਾਂ ਦੇ ਨਾਲ ਜੱਗ ‘ਤੇ ਸ਼ਾਨ, ਮਿਲੇ ਪਿਆਰ ਤੇ ਵਧਦਾ ਮਾਣ। ਬਾਂਹ-ਗਲਵੱਕੜੀ ਮੁਹੱਬਤੀ ਚੋਅ, ਬਾਂਹਾਂ ਮਹਿਕੀਲੇ ਸਾਹਾਂ ਦੀ ਸੋਅ। ਬਾਂਹਾਂ ਕਰਮ ਰੇਖਾਵਾਂ ਬਣਦੀਆਂ, ਬਾਂਹਾਂ ਠੰਢੀਆਂ ਛਾਂਵਾਂ ਬਣਦੀਆਂ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਬਾਂਹਾਂ ਮਨੁੱਖ ਦਾ ਅਹਿਮ ਅੰਗ, ਸਮੁੱਚੇ ਕਾਰਜਾਂ ‘ਚ ਕਾਰਜਸ਼ੀਲ, ਹਰ ਹਰਕਤ ਵਿਚ ਅੱਗੇ ਅਤੇ ਕਾਰਜਾਂ ਨੂੰ ਅਸਾਨ ਬਣਾਉਣ ‘ਚ ਮੋਹਰੀ। ਬਾਹਾਂ ਦੀ ਆਪਸੀ ਇਕਸੁਰਤਾ ਅਤੇ ਇਕਸਾਰਤਾ, ਸੁਖਾਵੇਂਪਣ ਦਾ ਸੁਪਨਾ।
ਬਾਂਹਾਂ, ਬੰਦਗੀ-ਰਾਗ, ਬੰਦਨਾ-ਫਰਿਆਦ, ਬਾਹੂਬਲ ਦਾ ਪ੍ਰਗਟਾਓ, ਬਚਨਾਂ ‘ਤੇ ਪਹਿਰਾ ਅਤੇ ਬੋਲ ਪੁਗਾਉਣ ਦਾ ਸਾਧਨ।
ਪੂਰਨ ਅਕੀਦਤ ‘ਚ ਡੁੱਬੀ, ਬਾਂਹਾਂ ਪਰਨੇ ਨਤਮਸਤਕ ਹੋਣ ਵਾਲੀ ਸੋਚ ਜਦ ਜੀਵਨ-ਸ਼ੈਲੀ ਦੀ ਕਰਮ-ਸਾਧਨਾ ਬਣਦੀ ਤਾਂ ਜੀਵਨ ਬਹੁ-ਅਰਥੀ ਤੇ ਬਹੁਮੁੱਲਾ ਬਣ ਸਮਾਜਿਕ ਮੁਹਾਂਦਰਾ ਤਲਾਸ਼ਣ ਦੇ ਰਾਹ ਤੁਰਦਾ।
ਬਾਂਹਾਂ ਗਲਵਕੜੀ ਦਾ ਨਿੱਘ, ਮਿਲਾਪ ਦਾ ਸਬੱਬ, ਸਾਹਾਂ ਜਿੰਨੀ ਵਿੱਥ ਤੋਂ ਨਾਬਰੀ ਅਤੇ ਇਕ ਦੂਜੇ ਸੰਗ ਲਿਪਟਣ ਦਾ ਵਿਸਮਾਦ।
ਨਿੱਕੜੇ ਬਾਲ ਦੀਆਂ ਬਾਂਹਾਂ ਜਦ ਮਾਂ ਨਾਲ ਲਿਪਟਦੀਆਂ ਤਾਂ ਮਮਤਾਈ ਹੁਲਾਰ ਵਿਚ ਰੰਗੀ ਮਾਂ ਬੱਚੜੇ ਦੀਆਂ ਬਲਾਵਾਂ ਉਤਾਰਦੀ, ਸੁੱਚੀ ਸੋਚ ਦਾ ਸਿਰਨਾਵੇਂ ਦਾ ਟਿੱਕਾ ਲਾਡਲੇ ਦੇ ਮੱਥੇ ‘ਤੇ ਲਾਉਂਦੀ ਅਤੇ ਸੁਹਾਵਣੇ ਸੁਪਨਿਆਂ ਦੀ ਸੌਗਾਤ ਮਨ-ਮਸਤਕ ‘ਚ ਟਿਕਾਉਂਦੀ।
ਨਿੱਕੀਆਂ ਬਾਂਹਾਂ ਦਾ ਵਲੇਵਾਂ ਮੂੰਹ-ਜੋਰ ਕਠੋਰ ਚਿੱਤ ਬਾਪ ਨੂੰ ਨਰਮਾਉਂਦਾ, ਸੋਚ ਵਿਚ ਭਵਿੱਖਮੁਖੀ ਤੇ ਜ਼ਿੰਮੇਵਾਰਾਨਾ ਸੋਚ-ਕਰਮਨ ਟਿਕਾਉਂਦਾ ਅਤੇ ਮੋਹ-ਮੁਹੱਬਤ ਵਿਚ ਰੰਗੀ ਸੂਰਤ ਤੇ ਸੀਰਤ ਸਿਰਜਣ ‘ਚ ਅਹਿਮ ਯੋਗਦਾਨ ਪਾਉਂਦਾ।
ਨਿੱਕੀਆਂ ਨਿੱਕੀਆਂ ਬਾਂਹਾਂ ਨੂੰ ਉਲਾਰ, ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਜਦ ਵਜ਼ੀਰ ਖਾਨ ਦੀ ਕਚਹਿਰੀ ਵਿਚ ਗੂੰਜਦੇ ਤਾਂ ਛੋਟੇ ਸਾਹਿਬਜ਼ਾਦੇ ਸ਼ਹਾਦਤ ਦਾ ਨਵਾਂ ਇਤਿਹਾਸ ਸਿਰਜਦੇ।
ਬਾਂਹਾਂ, ਬਾਂਹਾਂ ਨਾਲ ਮਿਲ ਕੇ ਜਦ ਪਿਆਰ-ਕਲਿੰਗੜੀ ਬਣ ਕੇ ਦੀਵਾਰ ਸਿਰਜਦੀਆਂ ਤਾਂ ਇਹ ਨਫਰਤ, ਜੁਲਮ, ਘ੍ਰਿਣਾ, ਦੁਸ਼ਮਣੀ ਦੇ ਤੂਫਾਨਾਂ ਨਾਲ ਮੱਥਾ ਲਾ, ਹੰਕਾਰ ਅਤੇ ਹਉਮੈ ਨੂੰ ਚੂਰੋ-ਚੂਰ ਕਰਦੀਆਂ।
ਪਿਆਰ ਦੀ ਨਿੱਘੀ ਗਲਵਕੜੀ, ਕੁੜਿੱਤਣਾਂ ਤੋਂ ਕਈ ਗੁਣਾ ਬਿਹਤਰ। ਇਸ ਵਿਚ ਪਾਕੀਜ਼ਗੀ, ਸ਼ਫਾਫਤ, ਅਪਣੱਤ ਅਤੇ ਨੇੜਤਾ ਦੀ ਮਹਿਕ ਹੁੰਦੀ।
ਬਾਪ ਦੀ ਬਾਂਹ-ਗਲਵੱਕੜੀ ‘ਚ ਜਦ ਸਹੁਰੇ ਘਰ ਤੁਰਦੀ ਧੀ ਦੇ ਹੰਝੂ, ਪਰਦੇਸ ਜਾ ਰਹੇ ਪੁੱਤਰ ਦੇ ਨੈਣਾਂ ਦਾ ਖਾਰਾ ਪਾਣੀ, ਡੌਲਿਉਂ ਭੱਜੀਆਂ ਬਾਹਾਂ ਦਾ ਰੁਦਨ ਅਤੇ ਆਪਣਿਆਂ ਵਲੋਂ ਹਿੱਕ ਵਿਚ ਖੋਭੇ ਖੰਜਰ ਦਾ ਦਰਦ ਉਗਦਾ ਤਾਂ ਬਾਪ ਦੀ ਗਲਵੱਕੜੀ ਆਪਣੇ ਵਿਚ ਸਭ ਜੀਰਦੀ, ਹੌਂਸਲਾ ਦੇ ਤਸ਼ਬੀਹ ਵਿਹੜੇ ਦੇ ਨਾਮ ਕਰਦੀ।
ਮਾਂ ਦੀ ਨਿੱਘੀ ਜੱਫੀ ਵਿਚ ਬੱਚਾ ਪਿਘਲ ਜਾਂਦਾ, ਰੋਂਦੇ ਬੱਚੇ ਦੇ ਹੰਝੂ ਹਾਸਿਆਂ ਵਿਚ ਵਟੀਂਦੇ, ਧੀ ਦੀਆਂ ਰੁੰਨੀਆਂ ਅੱਖਾਂ ਵਿਚ ਸੁਪਨੇ ਉਗਦੇ, ਹੱਥ ਵਿਚ ਡਿਗਰੀ ਫੜ੍ਹੀ ਬੇਰੁਜ਼ਗਾਰ ਪੁੱਤਰ ਨੂੰ ਹੌਂਸਲਾ-ਅਫਜ਼ਾਈ ਮਿਲਦੀ ਅਤੇ ਪਤੀ ਦੇ ਮੁਰਝਾਏ ਚਿਹਰੇ ਵਿਚ ਫੁੱਲ-ਪੱਤੀਆਂ ਦੀ ਬਾਰਸ਼ ਹੁੰਦੀ।
ਬਾਂਹਾਂ ਬੇਸ਼ਕੀਮਤੀ, ਵੱਡਮੁੱਲੀਆਂ, ਨਹੀਂ ਕਿਸੇ ਨਾਲ ਤੁਲਨਾ ਅਤੇ ਨਾ ਹੀ ਕਿਸੇ ਨਾਲ ਬਰ ਮੇਚਦੀਆਂ। ਸਿਰਫ ਬਾਂਹ ਹੀਣਾ ਮਨੁੱਖ ਹੀ ਸਮਝ ਸਕਦਾ ਕਿ ਕਿਵੇਂ ਨਿਹੱਥਾ ਹੁੰਦਿਆਂ ਜੀਵਨ-ਰੰਗਣ ਲਈ ਜੀਵਨ-ਸ਼ੈਲੀ ਨੂੰ ਵੀ ਬਦਲਣ ਲਈ ਮਜਬੂਰ ਹੋਣਾ ਪੈਂਦਾ।
ਬਾਂਹਾਂ ਦੀ ਪੀਂਘ ਵਿਚ ਜਦ ਬੱਚਾ ਹਿਲੋਰੇ ਲੈਂਦਾ, ਹਿੱਲਦੇ ਪੱਤਿਆਂ ਨਾਲ ਗੱਲਾਂ ਕਰਦਾ, ਅੰਬਰ ‘ਤੇ ਟਿਮਟਿਮਾਉਂਦੇ ਤਾਰਿਆਂ ਦਾ ਹੁੰਗਾਰਾ ਬਣਦਾ, ਹਾਸਿਆਂ ਦੀਆਂ ਫੁਲਝੜੀਆਂ ਉਡਾਉਂਦਾ, ਸੁਪਨਈ ਨੀਂਦ ਦੇ ਆਗੋਸ਼ ਵਿਚ ਜਾਂਦਾ ਤਾਂ ਚੌਗਿਰਦੇ ‘ਚ ਮਦਹੋਸ਼ੀ ਭਰੇ ਰੰਗਾਂ ਦਾ ਗੁਲਸ਼ੱਰਾ ਹੀ ਬਣ ਜਾਂਦਾ।
ਬਜ਼ੁਰਗ ਦੀ ਬਾਂਹ ਜਦ ਕਿਸੇ ਉਦਾਸ ਨੌਜਵਾਨ ਲਈ ਸੁਪਨਮਾਲਾ ਬਣ ਜਾਵੇ, ਉਸ ਦੇ ਸੋਚ-ਗਮ ਨੂੰ ਚਾਅ-ਪਿਉਂਦ ਲਾਵੇ, ਉਸ ਨੂੰ ਚੁਣੌਤੀਆਂ ਦੇ ਰੁਬਰੂ ਹੋਣ ਲਈ ਉਕਸਾਵੇ ਤਾਂ ਬਾਂਹ ਆਪਣਾ ਧਰਮੀ-ਮਾਨਵੀ ਮੁੱਲ ਚੁਕਾਵੇ।
ਬਾਂਹਾਂ ਦੀ ਅਦਿੱਖ ਵਲਗਣ ਜਦ ਬੰਦਗੀ ਬਣਦੀ ਅਤੇ ਬਾਂਹ-ਵਡਿਆਈ ‘ਚੋਂ ਨਵੇਂ ਰਾਹਾਂ ਦੀ ਨਿਸ਼ਾਨਦੇਹੀ ਹੁੰਦੀ ਤਾਂ ਬਾਂਹਾਂ ‘ਤੇ ਚੰਨ-ਤਾਰਿਆਂ ਦੀ ਇਬਾਰਤ ਲਿਖੀ ਜਾਂਦੀ।
ਬਾਂਹਾਂ ਦੀ ਪੀਂਘ ਨਾਲ ਉਚੇ ਅੰਬਰਾਂ ਨੂੰ ਛੋਹਣ ਵਾਲੇ ਜਿੰਦ ਨੂੰ ਹੁਲਾਸਮਈ ਪਲਾਂ ਦਾ ਪੀਹੜਾ ਬਣਾਉਣ ਵਾਲੇ ਅਤੇ ਇਸ ਵਿਚੋਂ ਸਾਹ-ਸੁਗੰਧ ਨੂੰ ਅਪਨਾਉਣ ਵਾਲੇ, ਸੱਚ-ਮਾਰਗਾਂ ਦਾ ਨਾਮਕਰਨ।
ਬਾਂਹ ‘ਤੇ ਦਿਲ ਜਾਨੀ ਦਾ ਖੁਣਵਾਇਆ ਨਾਮ ਜਦ ਰੂਹ ਦਾ ਹਾਣ ਪਾਲਦਾ ਤਾਂ ਇਹ ਮਨ-ਮੰਦਿਰ ਵਿਚ ਸਦੀਵੀ ਗੂੰਜ, ਪਿਆਰ ਬੋਲ ਗੁਣਗੁਣਾਉਂਦਾ, ਜੀਵਨ ਨੂੰ ਸੰਦਲੀ ਰੰਗਤ ਬਖਸ਼ਣ ਵਿਚ ਫਖਰ ਮਹਿਸੂਸ ਕਰਦਾ।
ਕਿਸੇ ਦੀ ਬਾਂਹ ਫੜ੍ਹ ਕੇ ਅੱਧਵਾਟੇ ਛੱਡਣਾ ਅਕ੍ਰਿਤਘਣਾ, ਨਾ-ਮੁਆਫੀਯੋਗ ਗੁਨਾਹ ਤੇ ਮਨੁੱਖਤਾ ਦੇ ਮੱਥੇ ਦਾ ਕਲੰਕ। ਹੋਣੀ ਤੇ ਔਕਾਤ ਦਾ ਪ੍ਰਗਟਾਓ। ਆਪਣੇ ਵਿਚੋਂ ਮਨਫੀ ਹੋਇਆ ਖੁਦਾ। ਭਲਾ! ਆਪਣੇ ਵਿਚੋਂ ਖੁਦ ਨੂੰ ਗੈਰ-ਹਾਜਰ ਕਰਕੇ, ਕਿੰਜ ਜਿਉਣ ਦਾ ਆਹਰ ਕਰੋਗੇ। ਸਿਰਫ ਘੁੱਟ ਘੁੱਟ ਕੇ ਹੀ ਮਰੋਗੇ।
ਬਾਂਹਾਂ, ਬਾਂਹਾਂ ਸੰਗ ਉਮਰਾਂ ਦੀ ਸਾਂਝ ਬਣਦੀਆਂ, ਸਾਹ-ਸੰਧਾਰਾ ਇਕ ਦੂਜੇ ਦੇ ਸਾਹੀਂ ਧਰਦੀਆਂ ਤਾਂ ਇਕ ਦੂਜੇ ਦੀ ਆਈ ਮਰਦੀਆਂ।
ਕਦੇ ਬੱਝੀਆਂ ਬਾਂਹਾਂ ਦੀ ਉਦਾਸੀ ਨੂੰ ਚਿੱਤਵਣਾ, ਉਨ੍ਹਾਂ ਦੀ ਬੇਬਸੀ ਨੂੰ ਅੰਤਰੀਵ ‘ਚ ਉਤਾਰਨਾ ਅਤੇ ਬਾਂਹ-ਤੜਫਣੀ ਵਿਚੋਂ ਕੁਝ ਕਰ-ਗੁਜ਼ਰਨ ਦਾ ਅਹਿਦ ਕਰਨਾ, ਜੀਵਨ-ਦਰ ‘ਤੇ ਚੰਨ-ਰਿਸ਼ਮਾਂ ਦੀ ਖੇਤੀ ਹੋਵੇਗੀ।
ਜਦ ਕੋਈ ਪਿਛੇ ਬੰਨੀਆਂ ਬਾਂਹਾਂ ਨਾਲ ਸੂਲੀ ਨੂੰ ਚੁੰਮਦਾ ਜਾਂ ਜੁਲਮਾਂ ਨੂੰ ਖਿੱੜੇ ਮੱਥੇ ਸਹਾਰਦਾ ਤੇ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਆਖਰੀ ਅਲਵਿਦਾ ਕਹਿੰਦਾ ਤਾਂ ਸ਼ਹਾਦਤਾਂ ਭਰੀ ਦਾਸਤਾਨ ਵਕਤ-ਤਖਤੀ ‘ਤੇ ਲਿਖੀ ਜਾਂਦੀ।
ਇਹ ਬਾਂਹਾਂ ਹੀ ਹੁੰਦੀਆਂ ਜੋ ਕਰਮ-ਧਰਮ ਬਣ ਕੇ ਭਗਤ ਪੂਰਨ ਸਿੰਘ, ਮਦਰ ਟਰੇਸਾ ਵਰਗੀਆਂ ਸ਼ਖਸੀਅਤਾਂ ਦੀ ਸਿਰਜਣਾ ਕਰਦੀਆਂ। ਪਰ ਕਈ ਵਾਰ ਕੁਝ ਬਾਂਹਾਂ ਅਜਿਹੀਆਂ ਹੁੰਦੀਆਂ ਜੋ ਨਮੋਸ਼ੀ ਦੀ ਜ਼ਿੰਦਗੀ ਜਿਉਂਦੀਆਂ, ਆਪਣੇ ਕੁਕਰਮਾਂ ਦੀ ਕਾਲਖ ਖੁਦ ‘ਤੇ ਮਲਣ ਜੋਗੀਆਂ ਰਹਿ ਜਾਂਦੀਆਂ।
ਬਾਂਹਾਂ ਤਬਦੀਲੀ ਦਾ ਸਬੱਬ। ਕੁਝ ਚੰਗੇਰੀ ਤਬਦੀਲੀ ਲਈ ਬਾਂਹਾਂ ਜਰੂਰ ਫੈਲਾਓ ਪਰ ਇਨ੍ਹਾਂ ਨੂੰ ਆਪਣੀਆਂ ਕਦਰਾਂ ਕੀਮਤਾਂ ਤੋਂ ਦੂਰ ਨਾ ਜਾਣ ਦਿਓ।
ਸਮਸਰ ਬਾਂਹਾਂ ਸੱਭੇ ਕਾਰਜ ਸੰਵਾਰਦੀਆਂ, ਮਨੁੱਖੀ ਮਨ ਵਿਚ ਸਕੂਨ, ਸਹਿਜ ਅਤੇ ਸੰਪੂਰਨਤਾ ਦਾ ਅਹਿਸਾਸ ਪੈਦਾ ਕਰਦੀਆਂ। ਪਰ ਜਦ ਦੋਵੇਂ ਬਾਂਹਾਂ ਉਲਟ ਦਿਸ਼ਾ ਵਿਚ ਖਿੱਚੀਆਂ ਜਾਣ ਤਾਂ ਬਾਂਹਾਂ ਤਿੜਕ ਜਾਂਦੀਆਂ ਅਤੇ ਸਿਰਫ ਆਪਣੀ ਹੋਣੀ ‘ਤੇ ਝੂਰਨ ਜੋਗੀਆਂ ਰਹਿ ਜਾਂਦੀਆਂ। ਤਾਹੀਓਂ ਤਾਂ ਦੁਚਿੱਤੀ ਵਿਚ ਰਹਿਣ ਵਾਲਿਆਂ ਲਈ ਗੁਰੂ ਸਾਹਿਬ ਫਰਮਾਉਂਦੇ ਨੇ, “ਟੂਟੇ ਬਾਹ ਦੁਹੂ ਦਿਸ ਗਹੀ॥”
ਜਦ ਬਾਪ ਜਾਂ ਅਧਿਆਪਕ ਰੂਪੀ ਰਹਿਬਰ ਦੀਆਂ ਮਜਬੂਤ ਬਾਂਹਾਂ ਡਿੱਗੇ ਹੋਏ ਨੂੰ ਆਸਰਾ ਦੇਣ ਲਈ ਤਤਪਰ ਹੋਣ ਤਾਂ ਬੰਦਾ ਕਿਸੇ ਵੀ ਮੈਦਾਨ ਨਹੀਂ ਹਾਰਦਾ ਕਿਉਂਕਿ ਗੁਰੂ ਸਾਹਿਬ ਗੁਰਬਾਣੀ ਵਿਚ ਫਰਮਾਉਂਦੇ ਨੇ, “ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ॥”
ਜਦ ਅਸੀਂ ਖੁਸ਼ੀ ਵਿਚ ਖੀਵੇ ਹੋਈਏ ਤਾਂ ਸਾਡੀਆਂ ਬਾਂਹਾਂ ਹਵਾ ਵਿਚ ਉਲਰਦੀਆਂ, ਗਿੱਧਾ, ਭੰਗੜਾ, ਲੁੱਡੀ ਪਾਉਂਦੀਆਂ, ਮਨ-ਚਾਅ ਨੂੰ ਦਿਲ ਦੇ ਪੀਹੜੇ ‘ਤੇ ਬਿਠਾ ਉਚੇ ਅੰਬਰਾਂ ਦੀ ਪਰਵਾਜ਼ ਭਰਦੀਆਂ। ਅਜਿਹੇ ਵਕਤ ‘ਤੇ ਹੀ ਗੁਰੂ ਸਾਹਿਬ ਕਹਿੰਦੇ ਨੇ, “ਕਹੁ ਨਾਨਕ ਬਾਹ ਲੁਡਾਈਐ॥”
ਬਾਪ ਦੀਆਂ ਬਾਂਹਾਂ ‘ਤੇ ਸਹਿਲੇ-ਸਹਿਲੇ ਤਰਨਾ ਸਿੱਖਣ ਵਾਲੇ ਬੱਚੇ ਵੱਡੇ ਹੋ ਕੇ ਸੱਤ ਪੱਤਣਾਂ ਦੇ ਤਾਰੂ ਬਣ, ਜੀਵਨ-ਦੁਸ਼ਵਾਰੀਆਂ ਦੇ ਡੂੰਘੇ ਸਮੁੰਦਰਾਂ ਨੂੰ ਸਹਿਜ ਤੇ ਸਬਰ ਨਾਲ ਪਾਰ ਕਰਕੇ ਜੀਵਨ ਦੇ ਨਾਂਵੇਂ ਨਵੇਂ ਪੱਤਣਾਂ ਦਾ ਸਿਰਲੇਖ ਲਿਖਦੇ। ਕਦੇ ਉਸ ਬਾਪ ਦੀਆਂ ਬਾਂਹਾਂ ਦਾ ਸ਼ੁਕਰ-ਗੁਜ਼ਾਰ ਜਰੂਰ ਹੋਣਾ ਜੋ ਬੁਢੇਪੇ ਕਾਰਨ ਸਾਹ-ਸੱਤਹੀਣ ਹੋ, ਬੁਰਕੀ ਤੋੜਨ ਤੋਂ ਵੀ ਅਸਮਰੱਥ ਹੋ ਗਈਆਂ ਨੇ।
ਬਹੁਤ ਚੰਗਾ ਹੁੰਦਾ ਹੈ ਇਹ ਸੋਚਣਾ ਕਿ ਜਦ ਮੈਂ ਤੇਰੀਆਂ ਬਾਂਹਾਂ ਵਿਚ ਹੋਵਾਂ ਤਾਂ ਸਮਾਂ ਰੁਕ ਹੀ ਜਾਵੇ। ਪਰ ਇਸ ਸੋਚ ਦੀ ਪਰਪੱਕਤਾ ਲਈ ਜੀਵਨ ਤੰਦੀ ‘ਤੇ ਸੋਚ-ਸਾਧਨਾ ਦਾ ਤੰਦ ਜਰੂਰ ਪਾਣਾ।
‘ਬਾਹ ਜਿਹਨਾ ਦੀ ਪਕੜੀਏ…।’ ਦਾ ਰਾਗ ਜਦ ਗੁਰੂ ਤੇਗ ਬਹਾਦਰ ਜੀ ਦੀ ਰਸਨਾ ‘ਤੇ ਤਾਰੀ ਹੁੰਦਾ ਤਾਂ ਉਹ ਕਸ਼ਮੀਰੀ ਪੰਡਿਤਾਂ ਦੀ ਬਾਂਹ ਫੜ ਕੇ ਅਜਿਹਾ ਧਰਮ ਨਿਭਾਉਂਦੇ ਕਿ ਸਮੁੱਚੀ ਸਿੱਖ ਕੌਮ ਦੇ ਨਾਮ ਸ਼ਹਾਦਤਾਂ ਦੀ ਤਵਾਰੀਖ ਸਿਰਜੀ ਜਾਂਦੀ, ਜੋ ਹੁਣ ਤੀਕ ਵੀ ਜਾਰੀ ਏ।
ਐ ਖੁਦਾ! ਸਭ ਨੂੰ ਇਕ ਦਿਲ ਜਰੂਰ ਦੇਵੀਂ ਜੋ ਬੁਰੇ ਵਕਤਾਂ ਵਿਚ ਸਾਥ ਦੇਵੇ ਅਤੇ ਇਕ ਮਜਬੂਤ ਬਾਂਹਾਂ ਦਾ ਸਹਾਰਾ ਵੀ ਦੇਵੀਂ ਜੋ ਡਿਗਦੇ ਨੂੰ ਬੋਚ ਲਵੇ ਤੇ ਸੱਟ-ਫੇਟ ਤੋਂ ਬਚਾਵੇ।
ਮਾਂ ਦੀਆਂ ਬਾਂਹਾਂ ਸਭ ਤੋਂ ਕੋਮਲ ਪਰ ਹਮੇਸ਼ਾ ਅਟੁੱਟ ਤੇ ਮਜਬੂਤ। ਇਸ ਵਿਚ ਕੋਮਲਤਾ ਤੇ ਮਮਤਾ ਤਾਰੀ। ਤਾਂ ਹੀ ਬੱਚਾ ਇਨ੍ਹਾਂ ਬਾਂਹਾਂ ਵਿਚ ਬੇਫਿਕਰ ਪਲਾਂ ਦਾ ਅਨੰਦ ਮਾਣਦਾ।
ਜਦ ਘਰ ਦੀ ਚਾਰ ਦੀਵਾਰੀ ਦੀਆਂ ਉਚੀਆਂ ਕੰਧਾਂ ਨਾਲੋਂ ਬਾਂਹਾਂ ਦੀ ਵਲਗਣ ਜ਼ਿਆਦਾ ਸੁਰੱਖਿਆ ਦਾ ਅਹਿਸਾਸ ਉਪਜਾਉਂਦੀ ਤਾਂ ਸੱਚੇ-ਸੁੱਚੇ ਤੇ ਪੁਰ-ਖਲੂਸ ਸਬੰਧਾਂ ‘ਤੇ ਮਾਣ ਕਰਨ ਨੂੰ ਜੀਅ ਕਰਦਾ।
ਮਾਂ, ਬਾਪ, ਮਿੱਤਰ, ਦਿਲਦਾਰ ਜਾਂ ਮਿੱਤਰ-ਪਿਆਰੇ ਦੀਆਂ ਬਾਂਹਾਂ ਵਿਚ ਸਿਆਲ ਦੀ ਲੰਮੀ ਰਾਤ ਵੀ ਪਲਾਂ ਵਿਚ ਹੀ ਲੰਘ ਜਾਂਦੀ। ਪੀੜ ਵਿਚ ਕਰਾਹੁੰਦੀ ਜਿੰਦ ਵੀ ਆਪਣਿਆਂ ਦੀਆਂ ਬਾਂਹਾਂ ਵਿਚ ਸੁਖਨ ਮਾਣਦੀ ਅਤੇ ਕਈ ਵਾਰ ਸਹਿਜ ਨਾਲ ਹੀ ਜੀਵਨ ਨੂੰ ਆਖਰੀ ਅਲਵਿਦਾ ਕਹਿ ਜਾਂਦੀ।
ਬਾਂਹਾਂ ਦੇ ਆਗੋਸ਼ ਵਿਚ ਜ਼ਿੰਦਗੀ ਜਦ ਤਰੰਗਤ ਸਾਹਾਂ ਦੀ ਤਾਲ ਬਣ ਜਾਵੇ ਤਾਂ ਸੰਦਲੀ ਪਹਿਰ, ਜੀਵਨ-ਦਰ ਦੀ ਦਸਤਕ ਬਣ ਜਾਂਦੇ ਨੇ।
ਬਾਂਹਾਂ ਜਦ ਸਰਵਣ ਪੁੱਤ ਬਣ ਮਾਪਿਆਂ ਲਈ ਵਹਿੰਗੀ, ਅਨਾਥ ਬੱਚੇ ਲਈ ਝੂਲਾ, ਲੋੜਵੰਦ ਲਈ ਅਪਣੱਤ, ਨਿਆਸਰੇ ਲਈ ਆਸਰਾ ਅਤੇ ਤਿੱਖੜ ਦੁਪਹਿਰ ਵਿਚ ਤਪਦੇ ਰਾਹੀ ਲਈ ਛਾਂ ਬਣਦੀਆਂ ਤਾਂ ਦਰਦਾਂ ਦੀ ਅੱਖ ਵਿਚ ਵੀ ਨੀਰ ਸਿੰਮਦਾ।
ਬਾਂਹਾਂ ਜਦ ਖੰਭ ਬਣ ਕੇ ਅੰਬਰੀ ਉਡਾਣ ਨੂੰ ਜੀਵਨੀ ਦਿਸਹੱਦਿਆਂ ਦੇ ਨਾਮ ਕਰ ਜ਼ਿੰਦਗੀ ਨੂੰ ਨਿਵੇਕਲਾ ਵਿਸਥਾਰ ਦਿੰਦੀਆਂ ਤਾਂ ਜੀਵਨ-ਸਫਰ ਨਵੇਂ ਅਰਥ ਤਲਾਸ਼ਦਾ।
ਕਦੇ ਵੀ ਬਾਂਹ-ਗਲਵੱਕੜੀ ਨੂੰ ਆਪਣੀ ਕਮਜੋਰੀ ਨਾ ਬਣਾਓ ਸਗੋਂ ਇਨ੍ਹਾਂ ਨੂੰ ਆਪਣੀ ਮਜਬੂਤੀ ਬਣਾ, ਨਵੇਂ ਅਸਮਾਨ ਦੀ ਸਿਰਜਣਾ ਕਰੋ।
ਜਦ ਬਾਂਹ ਰੈਣ ਬਸੇਰਾ ਬਣਦੀਆਂ, ਜਿਨ੍ਹਾਂ ਵਿਚ ਪਿਆਰਾ ਮੁਸਕਰਹਾਟ ਭਰੀ ਫਿਜ਼ਾ ਸਿਰਜੇ ਅਤੇ ਉਸ ਦਾ ਹਾਸਾ ਸੁਰ-ਤਾਲ ਦਾ ਰੂਪ ਧਾਰ ਲਵੇ ਤਾਂ ਜ਼ਿੰਦਗੀ ਦੇ ਅਰਥਾਂ ਨੂੰ ਪੁੰਨਿਆ ਦਾ ਚੰਨ ਵੀ ਨਮਸਕਾਰਦਾ।
ਜਦ ਕੋਈ ਮਾਂ-ਬਾਪ ਬੱਚੇ ਦੀਆਂ ਬਾਂਹਾਂ ‘ਚ ਆਖਰੀ ਸਾਹਾਂ ਨੂੰ ਅਲਵਿਦਾ ਕਹਿੰਦਾ ਤਾਂ ਉਨ੍ਹਾਂ ਦਾ ਜੀਵਨ ਸਫਲਾ, ਸਕੂਨਮਈ ਤੇ ਸੰਤੁਸ਼ਟੀ ਭਰਪੂਰ। ਸਹਿਜਮਈ ਮੌਤ ਉਨ੍ਹਾਂ ਦਾ ਹਾਸਲ। ਪਰ ਜਦ ਜਵਾਨ ਪੁੱਤ ਮਾਂ-ਬਾਪ ਦੀਆਂ ਬਾਂਹਾਂ ਵਿਚ ਸਦਾ ਲਈ ਸੌਂ ਜਾਵੇ ਤਾਂ ਮਾਪਿਆਂ ਦੀ ਜ਼ਿੰਦਗੀ ‘ਤੇ ਕਹਿਰ ਵਰਤਦਾ। ਬਹੁਤ ਔਖਾ ਹੁੰਦਾ ਏ ਮਾਪਿਆਂ ਵਲੋਂ ਬੱਚੇ ਦੀ ਚਿਖਾ ਨੂੰ ਅੱਗ ਦਿਖਾਉਣਾ ਅਤੇ ਗਮ, ਪੀੜਾ ਤੇ ਦਰਦ-ਰੱਤੀ ਉਮਰ ਸਦਕਾ, ਧੁਖਦੀ ਧੂਣੀ ਬਣ, ਹਰ ਪਲ ਮੌਤ ਦੀ ਚਾਹਨਾ ਕਰਦੇ।
ਨੰਨ੍ਹੀ ਬੱਚੀ ਦੀਆਂ ਬਾਂਹਾਂ ਮਾਂ ਦੇ ਗਲੇ ਦਾ ਸਿੰæਗਾਰ, ਬਾਪ ਦੇ ਗਲ ਦਾ ਹਾਰ, ਵੀਰੇ ਲਈ ਰੱਖੜੀ ਦਾ ਤਿਓਹਾਰ ਅਤੇ ਜੀਵਨ ਸਾਥੀ ਲਈ ਜੀਵਨ-ਆਧਾਰ। ਪਰ ਜਦ ਇਹ ਬਾਂਹਾਂ ਖੁਦਕੁਸ਼ੀ ਬਾਰੇ ਸੋਚਣ ਜਾਂ ਇਕ ਦੂਜੇ ਤੋਂ ਦੂਰੀ ਦਾ ਸਬੱਬ ਬਣ ਜਾਣ ਤਾਂ ਜ਼ਿੰਦਗੀ ਬੇਤੁਕੀ ਤੇ ਬੇਅਰਥੀ ਹੋ ਕੇ, ਸਿਰਫ ਮਰਨ-ਮਨੌਤ ਬਣ ਜਾਂਦੀ।
ਜਦ ਪਰਦੇਸ ਵਿਚ ਬੈਠੇ ਬੇਘਰੇ ਨੂੰ ਘਰ ਦੀ ਯਾਦ ਆਉਂਦੀ ਤਾਂ ਮਾਪਿਆਂ ਦੀ ਸੁਪਨਈ ਜੱਫੀ ਅਜਿਹਾ ਘਰ ਸਿਰਜ ਜਾਂਦੀ ਏ ਜੋ ਸੁਪਨੇ ਤੋਂ ਵੀ ਵਡੇਰੀ ਹੁੰਦੀ।
ਖੁੱਲੀਆਂ ਬਾਂਹਾਂ ਵਿਸ਼ਾਲਤਾ ਦਾ ਪ੍ਰਤੀਕ ਜਦ ਕਿ ਹਿੱਕ ਨਾਲ ਲੱਗੀਆਂ ਬਾਂਹਾਂ ਸਿਰਫ ਖੁਦ ਤੀਕ ਸੀਮਤ। ਇਸੇ ਲਈ ਫੱਕਰ ਲੋਕ ਜਦ ਖੁਦ ਨਾਲ ਇਕਸੁਰ ਹੁੰਦੇ ਤਾਂ ਵਜਦ ਵਿਚ ਆ, ਅਸਮਾਨ ਵੰਨੀਂ ਬਾਹਾਂ ਉਲਾਰ ਅੱਲ੍ਹਾ ਨੂੰ ਧਿਆਉਂਦੇ।
ਸੰਸਾਰ ਵਿਚ ਸਭ ਤੋਂ ਬਿਹਤਰੀਨ ਜਗ੍ਹਾ ਪਿਆਰੇ ਦੀਆਂ ਬਾਂਹਾਂ ਜੋ ਡਿਗੇ ਨੂੰ ਉਠਾਉਂਦੀਆਂ, ਗਲੇ ਨਾਲ ਲਾਉਂਦੀਆਂ, ਹੰਝੂਆਂ ਨੂੰ ਹਾਸਿਆਂ ਵਿਚ ਵਟਾਉਂਦੀਆਂ ਅਤੇ ਉਦਾਸੀ ਨੂੰ ਖੇੜੇ ਵਿਚ ਤਬਦੀਲ ਕਰਦੀਆਂ।
ਜੋ ਕੁਝ ਤੁਹਾਡੇ ਕੋਲ ਹੈ, ਉਸ ਨੂੰ ਖੁੱਲ੍ਹੀਆਂ ਬਾਂਹਾਂ ਨਾਲ ਕਬੂਲਣਾ, ਹਮੇਸ਼ਾ ਸੰਤੁਸ਼ਟੀ ਅਤੇ ਸਕੂਨ ਦਾ ਸੁੱਚਾ ਸ਼ਬਦ। ਉਨ੍ਹਾਂ ਲਈ ਹੋਰ ਚੰਗੇਰਾ ਮਿਲਣ ਦੇ ਦਰ ਹਮੇਸ਼ਾ ਦਸਤਕ ਉਡੀਕਦੇ।
ਕਿਸੇ ਦੇ ਦਿਲ-ਦਰਵਾਜ਼ੇ ਬੰਦ/ਖੁੱਲ੍ਹੇ ਹੋਣ ਜਾਂ ਮਨ ਵਿਚ ਕੀ ਏ, ਇਸ ਦਾ ਪਤਾ ਤਾਂ ਬਾਅਦ ਵਿਚ ਲਗੇਗਾ ਪਰ ਖੁੱਲ੍ਹੀਆਂ ਬਾਂਹਾਂ ਨਾਲ ਖੁਸ਼ਆਮਦੀਦ ਕਹਿਣ ਵਾਲਿਆਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਹੁੰਦੀ।
ਕਈ ਵਾਰ ਮੋਹਵੰਤ ਬਾਂਹਾਂ ਵਿਚ ਬਿਤਾਇਆ ਪਲ ਹੀ ਜ਼ਿੰਦਗੀ ਭਰ ਦੀ ਅਜਿਹੀ ਖੁੱਲ੍ਹੀ ਕਿਤਾਬ ਬਣ ਜਾਂਦਾ ਏ ਕਿ ਇਸ ਦੇ ਹਰਫ-ਹਰਫ ਪੜ੍ਹਦਿਆਂ, ਜੀਵਨ ਛੋਟਾ ਜਿਹਾ ਜਾਪਣ ਲੱਗ ਪੈਂਦਾ ਏ।
ਜਦ ਕੋਈ ਨੇਤਾ ਬਾਂਹਾਂ ਮਰੋੜ ਕੇ ਰਾਜ ਕਰਨ ਦੇ ਰਾਹ ਤੁਰ ਪਵੇ ਤਾਂ ਲੋਕ ਰਾਜ ਕਰੇਂਦੇ ਹਾਕਮ ਦੀਆਂ ਬਾਂਹਾਂ ਅਜਿਹੀਆਂ ਮਰੋੜਦੇ ਨੇ ਕਿ ਕਈ ਪੁਸ਼ਤਾਂ ਉਸ ਦਰਦ ਨਾਲ ਕਰਾਹੁੰਦੀਆਂ, ਮੌਤ ਮੰਗਣ ਜੋਗੀਆਂ ਰਹਿ ਜਾਂਦੀਆਂ ਨੇ।
ਬਾਂਹਾਂ ਵਿਚ ਲੈ ਕੇ ਇਕ ਬਾਪ ਆਪਣੇ ਬੱਚੇ ਦੇ ਨੈਣਾਂ ਵਿਚੋਂ ਬਹੁਤ ਅਦਿੱਖ ਵੀ ਦੇਖ ਸਕਦਾ ਏ ਅਤੇ ਉਸ ਦੇ ਤੋਤਲੇ ਬੋਲਾਂ ‘ਚੋਂ ਬਹੁਤ ਕੁਝ ਅਣ-ਕਿਹਾ ਵੀ ਸਮਝ ਸਕਦਾ ਏ। ਸਿਰਫ ਲੋੜ ਹੈ ਕਿ ਬੱਚਿਆਂ ਦੀ ਵੱਧ ਵੱਧ ਤੋਂ ਸੰਗਤ ਮਾਣੀ ਜਾਵੇ।
ਮਾਂ ਜਦ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਉਸ ਨੂੰ ਲੋਰੀਆਂ ਸੁਣਾਉਂਦੀ, ਇਤਿਹਾਸ-ਮਿਥਿਹਾਸ ਦੇ ਵਰਕੇ ਫਰੋਲਦੀ, ਬੱਚੇ ਨਾਲ ਮੂਕ ਬੋਲੀ ਤੇ ਅਹਿਲ ਹਾਵਾਂ-ਭਾਵਾਂ ਨਾਲ ਗੱਲਾਂ ਕਰਦੀ ਅਤੇ ਹੁੰਗਾਰੇ ਭਰਦੀ ਤਾਂ ਰੱਬ ਉਸ ਵੰਨੀਂ ਦੇਖਦਾ ਹੀ ਰਹਿ ਜਾਂਦਾ ਏ ਕਿਉਂਕਿ ਧਰਤੀ ‘ਤੇ ਪਸਰੀ ਮਮਤਾ ਦਾ ਰੱਬ ਨੇ ਕੀ ਮੁਕਾਬਲਾ ਕਰਨਾ ਏ!
ਜਦ ਦੋ ਜਵਾਨ ਰੂਹਾਂ ਗਲਵੱਕੜੀ ਪਾ ਕੇ ਇਕ ਦੂਜੇ ਦੇ ਸਾਹ ਬਣਦੀਆਂ, ਨੈਣਾਂ ‘ਚ ਸੁਪਨੇ ਧਰਦੀਆਂ, ਮੂਕ ਬੋਲਚਾਲ ‘ਚ ਰੁੱਝੀਆਂ ਸਮੇਂ ਤੋਂ ਬੇਖਬਰ ਹੋ ਬੁੱਕਲ ਵਿਚਲੇ ਸਮੇਂ ਨੂੰ ਸੰਦਲੀ ਰੰਗਤ ਬਖਸ਼ਦੀਆਂ ਅਤੇ ਜੀਵਨ ਨੂੰ ਨਵੀਆਂ ਤਰਜੀਹਾਂ ਤੇ ਭਾਵਨਾਵਾਂ ਦਿੰਦੀਆਂ ਤਾਂ ਸਾਂਝੀ ਜਿੰæਦਗੀ ਦੇ ਨਾਂਵੇਂ ਸੂਹੀਆਂ ਪੈੜਾਂ ਉਕਰੀਆਂ ਜਾਂਦੀਆਂ।
ਬਾਂਹਾਂ ਦੀ ਬਾਂਹਾਂ ਸੰਗ ਯਾਰੀ, ਮਨ-ਵਿਹੜੇ ਮੌਲੇ ਸਰਦਾਰੀ। ਬਾਹਾਂ ਦੇ ਨਾਲ ਜੱਗ ‘ਤੇ ਸ਼ਾਨ, ਮਿਲੇ ਪਿਆਰ ਤੇ ਵਧਦਾ ਮਾਣ। ਬਾਂਹ-ਗਲਵੱਕੜੀ ਮੁਹੱਬਤੀ ਚੋਅ, ਬਾਂਹਾਂ ਮਹਿਕੀਲੇ ਸਾਹਾਂ ਦੀ ਸੋਅ। ਬਾਂਹਾਂ ਕਰਮ ਰੇਖਾਵਾਂ ਬਣਦੀਆਂ, ਬਾਂਹਾਂ ਠੰਢੀਆਂ ਛਾਂਵਾਂ ਬਣਦੀਆਂ। ਬਾਂਹਾਂ ਦੀ ਨਗਰੀ ਜੋ ਆਵੇ, ਬਹਿਸ਼ਤੀਂ ਸਜਦਾ ਕਰ ਜਾਵੇ। ਬਾਂਹਾਂ ਨੂੰ ਬਾਹਾਂ ਸੰਗ ਜੋੜੋ, ਅਮੋੜ ਵਹਿਣਾਂ ਦੇ ਮੁਹਾਣ ਮੋੜੋ। ਬਾਹਾਂ ਵਰਗਾ ਸੰਗ ਨਾ ਕੋਈ, ਬਾਹਾਂ ਸੰਗ ਨਿਭੇ, ਵੱਡਾ ਹੈ ਸੋਈ। ਬਾਂਹਾਂ ਹੁੰਦੀਆਂ ਜਿੰਦ ਪਰਾਣ, ਬਾਂਹੀਂ ਵੱਸਦਾ ਘੁੱਗ ਜਹਾਨ। ਬਾਹਾਂ ਵਰਗਾ ਸਾਕ ਨਾ ਕੋਈ, ਬਾਹਾਂ ਬਿਨਾ ਹਰ ਅੱਖ ਹੀ ਰੋਈ। ਬਾਂਹਾਂ ਭੱਜਣ ਰੁੱਸਣ ਵੀਰ, ਜੱਗ-ਜਹਾਨੋ ਟੁੱਟਦੀ ਸੀਰ। ਬਾਂਹਾਂ ਨੂੰ ਬੰਦਗੀ ਬਣਾਓ, ਜੋ ਚਾਹੋ ਸੋਈ ਫਲ ਪਾਓ।
ਮਨੁੱਖ, ਮਨੁੱਖ ਨੂੰ ਤਾਂ ਬਾਹਾਂ ਵਿਚ ਲੈ ਸਕਦਾ ਏ, ਪਰ ਰਹਿਮਤ, ਮਾਨਵਤਾ, ਵਡਿਆਈ ਅਤੇ ਬੰਦਿਆਈ ਲਈ ਹਮੇਸ਼ਾ ਬਾਂਹਾਂ ਨੂੰ ਫੈਲਾ ਕੇ ਹੀ ਰੱਖਣਾ। ਜਿੰਦ ਬਰੂਹੀਂ ਜਸ਼ਨਾਂ ਦੀ ਰੁੱਤ ਉਤਰ ਆਵੇਗੀ।
ਆਮੀਨ।