ਸਾਢਿਆਂ ਦੇ ਪਹਾੜੇ

ਬਲਜੀਤ ਬਾਸੀ
ਸਾਡੇ ਜ਼ਮਾਨੇ ਵਿਚ ਪਹਿਲੀ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਦੂਣੀ ਤੋਂ ਲੈ ਕੇ ਵੀਹ ਤੱਕ ਦੇ ਦੂਹਰੇ ਪਹਾੜੇ ਯਾਦ ਕਰਾਉਣਾ ਸ਼ਾਇਦ ਪਾਠ-ਕ੍ਰਮ ਦਾ ਹਿੱਸਾ ਸੀ- ਦੂਹਰੇ ਪਹਾੜੇ ਯਾਨਿ ਵੀਹੇ ਤੱਕ। ਸਾਰੀ ਛੁੱਟੀ ਵੇਲੇ ਅਕਸਰ ਪਹਾੜਿਆਂ ਦੀ ਸਮੂਹਕ ਮੁਹਾਰਨੀ ਹੀ ਰਟਾਈ ਜਾਂਦੀ ਸੀ। ਹਮਾਤੜ ਦੀ ਬੰਸਰੀ ਬੈਂਡ ਵਾਜੇ ਵਿਚ ਹੀ ਵਜਦੀ ਸੀ। ਵਿਅਕਤੀਗਤ ਤੌਰ ‘ਤੇ ਹਰ ਕੋਈ ਇਸ ਦੇ ਸਮਰੱਥ ਨਹੀਂ ਸੀ ਹੋ ਸਕਦਾ। ਬਹੁਤਿਆਂ ਦੀ ਗੱਡੀ ਦਸ ਗਿਆਰਾਂ ਤੋਂ ਅੱਗੇ ਦੂਹਰੀ ਪਟੜੀ ‘ਤੇ ਨਹੀਂ ਸੀ ਤੁਰਦੀ।

ਕਈ ਮਾਈ ਦੇ ਲਾਲ ਸਨ ਜੋ ਪੁੱਛਿਆਂ ਸਤਾਹਰੋ ਸਤਾਹਰਿਆ ਜਾਂ ਉਨੀਓਂ ਉਨੀ ਦਾ ਤੁਰਤ ਠੀਕ ਜਵਾਬ ਦੇ ਸਕਦੇ ਸਨ। ਨਿਸਚੇ ਹੀ ਦੂਹਰੇ ਪਹਾੜੇ ਯਾਦ ਰੱਖਣੇ ਪਹਾੜ ‘ਤੇ ਚੜ੍ਹਨ ਦੇ ਤੁੱਲ ਹੀ ਸੀ। ਕਸ਼ਮੀਰ ਵਿਚ ਚੰਦਨਵਾੜੀ ਤੋਂ ਅਮਰਨਾਥ ਤੱਕ ਦੀ ਯਾਤਰਾ ਦੌਰਾਨ ਰਾਹ ਵਿਚ ਇਕ ਸਿੱਧੀ ਚੜ੍ਹਾਈ ਵਾਲੀ ਔਖੀ ਘਾਟੀ ਆਉਂਦੀ ਹੈ ਜਿਸ ਦਾ ਨਾਂ ਪਿੱਸੂ ਘਾਟੀ ਹੈ। ਕਹਿੰਦੇ ਹਨ, ਇਸ ਦਾ ਇਹ ਨਾਂ ਇਸ ਲਈ ਪਿਆ ਕਿ ਇਹ ਪਿੱਸੂ ਵਾਂਗ ਯਾਤਰੂ ਨੂੰ ਚੁੰਬੜ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਿਵ ਜੀ ਮਹਾਰਾਜ ਪਿੱਸੂ ਜਿਹੇ ਵਿਸ਼ੈਲੇ ਜੀਵਾਂ ਦਾ ਦੇਵਤਾ ਹੈ ਜੋ ਉਸ ਦੀ ਦੇਹ ਨਾਲ ਚੁੰਬੜੇ ਰਹਿੰਦੇ ਸਨ ਤੇ ਇਸ ਚੋਟੀ ‘ਤੇ ਆ ਕੇ ਉਨ੍ਹਾਂ ਪਿੱਸੂਆਂ ਨੂੰ ਤਿਆਗਿਆ ਸੀ। ਵਿਦਿਆ ਦੇ ਵਿਕਟ ਮਾਰਗ ‘ਤੇ ਤੁਰੇ ਲਈ ਇਹ ਪਹਾੜੇ ਪਿੱਸੂ ਘਾਟੀ ਨਾਲੋਂ ਘਟ ਨਹੀਂ।
ਸਾਰੀ ਛੁੱਟੀ ਪਿਛੋਂ ਪਹਾੜਿਆਂ ਤੋਂ ਹੋਈ ਖਲਾਸੀ ਮਨਾਉਣ ਲਈ ਇਨ੍ਹਾਂ ਦੀ ਪੈਰੋਡੀ ਉਚਾਰੀ ਜਾਂਦੀ ਸੀ,
ਨੌਂ ਨਾਇਆਂ ‘ਕਾਸੀ,
ਬਿੱਲੀ ਤੇਰੀ ਮਾਸੀ।
ਚੂਹਾ ਤੇਰਾ ਨਾਨਾ,
ਖੋਲ੍ਹ ਪਜਾਮਾ।
ਲਾ ਲੈ ਧੋਤੀ,
ਚੜ੍ਹ ਜਾ ਕਾਣੀ ਖੋਤੀ!
ਪਰ ਸਾਡੇ ਸਕੂਲ ਵਿਚ ਚੌਥੀ ਜਮਾਤ ਨੂੰ ਪੜ੍ਹਾਉਂਦੇ ਮਾਸਟਰ ਊਧਮ ਸਿੰਘ ਨੂੰ ਜਾਪਦਾ ਸੀ ਕਿ ਵਿਦਿਆਰਥੀਆਂ ਨੂੰ ਹੋਰ ਵੀ ਵਿਸ਼ੈਲੇ ਜੀਵਾਂ ਦੇ ਡੰਗ ਮਾਰੇ ਜਾਣੇ ਚਾਹੀਦੇ ਹਨ ਤਾਂ ਜੋ ਉਹ ਜ਼ਿੰਦਗੀ ਦੀ ਕੌੜੀ ਤੋਂ ਕੌੜੀ ਜ਼ਹਿਰ ਸਹਾਰ ਸਕਣ। ਚੌਥੀ ਜਮਾਤ ਵਿਚ ਊਧਮ ਸਿੰਘ ਨੇ ਸਾਨੂੰ ਪੌਣੇ, ਸਵਾਏ, ਡੂਢੇ ਅਤੇ ਢਾਏ ਦੇ ਪਹਾੜੇ ਰਟਾਉਣੇ ਸ਼ੁਰੂ ਕਰ ਦਿੱਤੇ। ਹੋਰ ਤਾਂ ਹੋਰ ਉਸ ਨੇ ਸਾਨੂੰ ਇਹ ਵੀ ਦੱਸਿਆ ਕਿ ਪਹਾੜੇ ਪੌਂਟੇ-ਢੌਂਚੇ ਦੇ ਵੀ ਹੁੰਦੇ ਹਨ ਜੋ ਪਿਛਲੇਰੀਆਂ ਪੀੜ੍ਹੀਆਂ ਵਿਚ ਸਿਖਾਏ ਜਾਂਦੇ ਸਨ। ਪਰ ਮਾਸਟਰ ਜੀ ਨੇ ਸਾਡੀਆਂ ਮਲੂਕ ਜਿੰਦਾਂ ‘ਤੇ ਤਰਸ ਕਰਦਿਆਂ ਇਨ੍ਹਾਂ ਔਖੇ ਪਹਾੜਿਆਂ ਨੂੰ ਸਾਡੇ ਮਗਜ਼ਾਂ ਵਿਚ ਠੋਸਣ ਦੀ ਕੋਸਿਸ਼ ਨਹੀਂ ਕੀਤੀ। ਅੱਜ ਕਲ੍ਹ ਦੇ ਜ਼ਮਾਨੇ ਵਿਚ ਤਾਂ ਸ਼ਾਇਦ ਦਸ ਤੱਕ ਦੇ ਇਕਹਿਰੇ ਪਹਾੜੇ ਯਾਦ ਕਰਨ ਨੂੰ ਵੀ ਸਮੇਂ ਦੀ ਬਰਬਾਦੀ ਸਮਝਿਆ ਜਾਣ ਲੱਗਾ ਹੈ। ਇਸ ਦਾ ਇਕ ਕਾਰਨ ਕੈਲਕੂਲੇਟਰਾਂ ਦਾ ਆ ਜਾਣਾ ਤੇ ਦੂਜਾ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਵਿਚ ਵਾਧਾ ਹੈ। ਉਂਜ ਮੈਨੂੰ ਇਨ੍ਹਾਂ ਯਾਦ ਕੀਤੇ ਪਹਾੜਿਆਂ ਦਾ ਬਹੁਤ ਫਾਇਦਾ ਹੋਇਆ ਹੈ। ਅਮਰੀਕਾ ਵਿਚ ਜਿਸ ਕੰਪਨੀ ਵਿਚ ਮੈਂ ਪਹਿਲੇ ਦਿਨ ਗਿਆ, ਉਥੇ ਕੰਮ ਪਿਛੋਂ ਮੈਂ ਤੇ ਮੇਰੇ ਸਾਥੀ ਨੇ ਹੋਏ ਕੰਮ ਦੀ ਰਿਪੋਰਟ ਦੇਣੀ ਸੀ। ਇਸ ਵਿਚ ਦੋ ਕੰਮ ਡੇਢ-ਡੇਢ ਅਰਥਾਤ ਕੁੱਲ 1æ5+1æ5 ਹੋਏ ਸਨ। ਸਾਥੀ ਕੈਲਕੂਲੇਟਰ ਲੈ ਕੇ ਜੋੜਨ ਲੱਗਾ ਜਦ ਕਿ ਮੈਂ ਮੂੰਹ ਜ਼ਬਾਨੀ ਦੱਸ ਦਿੱਤਾ ਕਿ ਕੁੱਲ ਪ੍ਰੋਡਕਸ਼ਨ ਤਿੰਨ ਹੈ। ਉਹ ਮੇਰੇ ਵੱਲ ਬਿਟ ਬਿਟ ਤੱਕਦਾ ਪੁੱਛਣ ਲੱਗਾ, “ਤੈਨੂੰ ਕਿਵੇਂ ਪਤਾ ਲੱਗਾ?”
ਖੈਰ, ਗੱਲ ਮੈਂ ਇਥੇ ਲਿਆਉਣੀ ਸੀ ਕਿ ਸਿਵਾਏ ਸਵਾ ਅਤੇ ਪੌਣੇ ਦੇ, ਹੋਰ ਸਾਰੇ ਗਿਣਾਏ ਪਹਾੜਿਆਂ ਵਿਚ ‘ਅੱਧੇ’ ਦਾ ਦਖਲ ਹੈ ਜਿਵੇਂ ਡੇਢ, ਇਕ ਅਤੇ ਅੱਧਾ ਅਤੇ ਢਾਇਆ ਦੋ ਅਤੇ ਅੱਧਾ ਹੁੰਦੇ ਹਨ। ਅੱਜ ਦੇ ਲੇਖ ਵਿਚ ਅਸੀਂ ਕੁਝ ਹੋਰ ਸ਼ਬਦਾਂ ਤੋਂ ਬਿਨਾ ਇਨ੍ਹਾਂ ਪਹਾੜਿਆਂ ਵਿਚ ਲੁਕੇ ਅੱਧੇ ਦੇ ਦਰਸ਼ਨ ਕਰਨੇ ਹਨ। ਇਥੇ ਇਹ ਦੱਸਣਾ ਬਣਦਾ ਹੈ ਕਿ ਪ੍ਰਾਕਿਰਤ ਵਿਚ ‘ਅਧ’ ਸ਼ਬਦ ਵਿਚਲੀ ḔਧḔ ਧੁਨੀ ਨੇ ḔਢḔ ਅਤੇ ਫਿਰ ḔੜḔ ਦਾ ਰੂਪ ਧਾਰਨ ਕਰ ਲਿਆ। ਇਸ ਦੀ ਇਕ ਮਿਸਾਲ ‘ਅਢ’ ਸ਼ਬਦ ਹੀ ਹੈ ਜਿਸ ਦਾ ਅਰਥ ਅੱਧਾ ਹੁੰਦਾ ਹੈ। ਅੱਧੀ ਕੌਡੀ ਨੂੰ ਵੀ ਅੱਢ ਆਖਦੇ ਸਨ, “ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥” (ਗੁਰੂ ਨਾਨਕ ਦੇਵ) ਢਊਆ ਅੱਧੇ ਆਨੇ ਬਰਾਬਰ ਇਕ ਪੁਰਾਣਾ ਸਿੱਕਾ ਹੁੰਦਾ ਸੀ।
ਇਸ ਸ਼੍ਰੇਣੀ ਵਿਚ ਸਭ ਤੋਂ ਪਹਿਲਾਂ ਲੈਂਦੇ ਹਾਂ ਡੇਢ/ਡੇੜ੍ਹ ਸ਼ਬਦ। ਔਖੇ ਪਹਾੜਿਆਂ ਵਿਚ ਇਹ ਸਭ ਤੋਂ ਪਹਿਲਾਂ ਸਿਖਾਇਆ ਜਾਂਦਾ ਸੀ। ਇਸ ਸ਼ਬਦ ਦਾ ਸੰਸਕ੍ਰਿਤ ਰੂਪ ਹੈ ਅਰਧ+ਦਿਤੀਯ। ਇਸ ਦਾ ਭਾਵ ਹੈ, ਇਸ ਦਾ ਦੂਜਾ (ਦਿਤੀਯ) ਅੰਸ਼ ਅੱਧਾ ਹੈ ਜੋ ਕਿ ਪਹਿਲੇ ਇਕ ਵਿਚ ਜੋੜਨਾ ਹੈ (1+1/2)। ਅਰਧਦਿਤੀਯ ਤੋਂ ਪ੍ਰਾਕ੍ਰਿਤ ਵਿਚ ਸ਼ਬਦ ਬਣਿਆ ‘ਅਡਢਦੁਇਓ’ ਜੋ ਜੀਭ ਅਨੁਸਾਰ ਢਲਦਾ ਪੰਜਾਬੀ ਵਿਚ ਡੇਢ ਤੇ ਫਿਰ ਡੇੜ ਬਣ ਗਿਆ। ਇਸ ਦੇ ਹੋਰ ਰੁਪਾਂਤਰ ਹਨ, ਡੂਢਾ ਅਤੇ ਡਿਉਢਾ। ਚਰਿਤਰ 405 ਵਿਚ ‘ਡੇਢ ਮਾਸੀਆ’ ਤਾਪ ਦਾ ਜ਼ਿਕਰ ਆਉਂਦਾ ਹੈ, ‘ਡੇਢਮਾਸੀਆ ਫੁਨ ਤਾਪ ਭਯੋ’। ਦੇਸੀ ਚਿਕਿਤਸਾ ਅਨੁਸਾਰ ਇਹ ਡੇਢ ਮਹੀਨੇ ਰਹਿਣ ਵਾਲਾ ਜਾਂ ਹਰ ਡੇਢ ਮਹੀਨੇ ਹੋਣ ਵਾਲਾ ਤਾਪ ਹੈ। ਚੁੰਨੀ ਦੀ ਡੂਢੀ ਬੁੱਕਲ ਹੁੰਦੀ ਹੈ। ‘ਅੱਧੋ ਡੂੜ੍ਹ ਕਰਨਾ’ ਹੁੰਦਾ ਹੈ, ਕਾਸੇ ਦਾ ਖਰਾਬਾ ਕਰਨਾ। ਉਰਦੂ ਦੀ ਕਹਾਵਤ ਹੈ, ‘ਅਪਨੀ ਡੇੜ ਈਂਟ ਕੀ ਮਸਜਿਦ ਬਨਾਨਾ’ ਅਰਥਾਤ ਘੁਮੰਡ ਕਾਰਨ ਆਪੇ ਵਿਚ ਸਿਮਟ ਜਾਣਾ। ਹਿੰਦੀ ‘ਡੇੜ ਚਾਵਲ ਕੀ ਖਿਚੜੀ ਪਕਾਨਾ’ ਅਰਥਾਤ ਆਪਣੀ ਅਲੱਗ ਹੀ ਰਾਏ ਰੱਖਣੀ ਦਾ ਮੁਕਾਬਲਾ ਕਰਦੀ ਪੰਜਾਬੀ ਕਹਾਵਤ ਹੈ, ‘ਡੇਢ ਪਾ ਖਿਚੜੀ, ਚੁਬਾਰੇ ਰਸੋਈ।’ ਹੋਰ ਸੁਣੋ, Ḕਡੇਢ ਕੌਡੀ ਨਿਉਂਦਰਾ, ਜਲੰਧਰੋਂ ਗਾਉਂਦੀ ਆਈ।’ ਡਿਉਢਾ ਜਾਂ ਡਿਉਢ ਇਕ ਛੰਦ ਦਾ ਵੀ ਨਾਂ ਹੈ ਜੋ ਦੋ-ਤਿੰਨ ਪ੍ਰਕਾਰ ਦਾ ਹੁੰਦਾ ਹੈ। ਇਹ ਨਾਂ ਚਰਣਾਂ ਵਿਚ ਵੱਧ ਅਤੇ ਘਟ ਮਾਤਰਾ ਕਾਰਨ ਪਿਆ ਹੈ।
ਦੋ ਅਤੇ ਅੱਧਾ ਜਾਂ ਸਾਢੇ ਦੋ ਨੂੰ ਢਾਈ ਕਹਿੰਦੇ ਹਨ। ਢਾਈਏ ਦੇ ਪਹਾੜੇ ‘ਤੇ ਵੀ ਬੱਚੇ ਇਕ ਪੈਰੋਡੀ ਨੁਮਾ ਤੁਕ ਬੋਲਿਆ ਕਰਦੇ ਸਨ, Ḕਬਰਕਤ ਢਾਇਆ ਢਾਇਆ, ਢਾਹ ਕੇ ਬਣਾਇਆ। ਉਤੇ ਪਾਈ ਮਿੱਟੀ, ਸੱਤੂ ਤੇਇਆ ਇੱਕੀ।’ ਢਾਈ ਅਸਲ ਵਿਚ ਅਢਾਈ ਦਾ ਪਰ-ਕੱਟਿਆ ਰੂਪ ਹੈ। ਭਗਤ ਕਬੀਰ ਨੇ ਇਹ ਸ਼ਬਦ ਵਰਤਿਆ ਹੈ, Ḕਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ॥’ ਇਸ ਸ਼ਬਦ ਦਾ ਸੰਸਕ੍ਰਿਤ ਰੂਪ ਹੈ, ‘ਅਰਧਤਿਤੀਯ’ ਅਰਥਾਤ ਤੀਜਾ ਅੰਸ਼ ਅੱਧਾ ਹੈ। ਪਹਿਲੇ ਦੋ ਅੰਸ਼ ਹਨ 1+1=2æ ਇਸ ਸ਼ਬਦ ਦਾ ਪ੍ਰਾਕਿਰਤ ਰੂਪ ਹੈ, ਅੜਢਇਯ। ਇਸ ਨੂੰ ਵੀ ਜੀਭ ਨੇ ਪਹਿਲਾਂ ਅਢਾਈ ਤੇ ਫਿਰ ਢਾਈ ਬਣਾ ਦਿੱਤਾ। ਹਾਸਰਸ ਭਰੀ ਉਕਤੀ ਹੈ, ਢਾਈ ਟੋਟਰੂ। ਟੋਟਰੂ ਸਿਰ ਨੂੰ ਆਖਦੇ ਹਨ, ਸੋ ਇਸ ਮੁਹਾਵਰੇ ਦਾ ਅਰਥ ਹੋਇਆ, ਘਰ ਦੇ ਥੋੜੇ ਜੀਅ। ਇਹ ਆਲ੍ਹਣੇ ਵਿਚ ਬੈਠੇ ਬੋਟਾਂ ਦੀ ਦਿੱਖ ਤੋਂ ਬਣੀ ਲਗਦੀ ਹੈ। ਹਿੰਦੀ ਵਿਚ ਪਿਆਰ ਲਿਖਣ ਲਈ ਅੱਧਾ ਪੱਪਾ ਲਗਦਾ ਹੈ ਇਸ ਲਈ ਭਗਤ ਕਬੀਰ ਦੀ ਉਕਤੀ ‘ਢਾਈ ਅੱਖਰ ਪਿਆਰ ਦੇ’ ਸਾਹਮਣੇ ਆਈ। ਪਾਠਕ ਨੋਟ ਕਰਨ ਕਿ ਮੁਹਾਵਰਿਆਂ ਆਦਿ ਵਿਚ ਡੇਢ ਅਤੇ ਢਾਈ ਸ਼ਬਦ ‘ਗਿਣਤੀ ਵਿਚ ਥੋੜੇ’ ਦੇ ਅਰਥਾਂ ਵਿਚ ਆਉਂਦੇ ਹਨ। ਕੁਝ ਮੁਹਾਵਰਿਆਂ ਵਿਚ ਭਾਵਾਂ ਦੀ ਸਾਂਝ ਵੀ ਹੈ। ‘ਢਾਈ ਪਾ ਖਿਚੜੀ ਅਲੱਗ ਰਿੰਨ੍ਹਣੀ’ ਦਾ ਟਾਕਰਾ ‘ਡੇਢ ਪਾ ਖਿਚੜੀ, ਚੁਬਾਰੇ ਰਸੋਈ’ ਨਾਲ ਕਰੋ। ਇਸੇ ਤਰ੍ਹਾਂ ਇਕ ਹੋਰ ਕਹਾਵਤ ਹੈ, ਢਾਈ ਬੂਟੀਆਂ ਤੇ ਫੱਤੂ ਬਾਗਬਾਨ’, ‘ਢਾਈ ਘਰ ਤਾਂ ਡੈਣ ਵੀ ਛੱਡ ਜਾਦੀ ਹੈ।’ ਡਿਉਢੇ ਦੀ ਤਰ੍ਹਾਂ ਢਾਈਆ ਵੀ ਇਕ ਛੰਦ ਹੈ। ਇਸ ਦੀ ਪਹਿਲੀ ਅਤੇ ਦੂਜੀ ਤੁਕ ਵਿਚ 22 ਵਰਣ ਹੁੰਦੇ ਹਨ ਅਤੇ ਤੀਜੀ ਵਿਚ 8 ਜਾਂ ਨੌਂ। ਬਾਬੂ ਰਜਬ ਅਲੀ ਨੇ ਢਾਈਏ ਲਿਖੇ ਹਨ। ਸਤਿੰਦਰ ਸਰਤਾਜ ਨੇ ਵੀ ਢਾਈਏ ਲਿਖੇ ਅਤੇ ਗਾਏ ਹਨ।
ਔਖੇ ਪਹਾੜਿਆਂ ਦੀ ਗੱਲ ਅਜੇ ਇਥੇ ਨਹੀਂ ਮੁੱਕੀ, ਸਾਢੇ ਤਿੰਨ ਅਤੇ ਸਾਢੇ ਚਾਰ ਦੇ ਪਹਾੜੇ ਵੀ ਹੁੰਦੇ ਸਨ ਤੇ ਕੁਝ ਸਰੋਤਾਂ ਅਨੁਸਾਰ ਇਸ ਤੋਂ ਅੱਗੇ ਵੀ। ਪਰ ਸਾਡਾ ਖਹਿੜਾ ਢਾਈ ਤੱਕ ਹੀ ਛੁੱਟ ਗਿਆ ਸੀ। ਸਾਢੇ ਤਿੰਨ ਨੂੰ ਔਂਟਾ ਜਾਂ ਔਂਠਾ ਕਿਹਾ ਜਾਂਦਾ ਹੈ। ਇਹ ਬਣਿਆ ਹੈ, ਸੰਸਕ੍ਰਿਤ ਅਰਧ+ਚਤੁਰਥਕ ਤੋਂ, ਚਤੁਰਥਕ ਤੋਂ ਭਾਵ ਹੈ ਅੱਧਾ ਅੰਸ਼ ਚੌਥੀ ਜਗ੍ਹਾ ਹੈ। ਸਾਢੇ ਚਾਰ ਨੂੰ ਢੌਂਚਾ ਆਖਿਆ ਜਾਂਦਾ ਹੈ, ਸੰਸਕ੍ਰਿਤ: ਅਰਧ+ਪੰਚਮ+ਕ > ਅਡਢਵੰਚਉ> ਅਡਢੌਂਚਉ> ਢੌਂਚਾ। ਇਸ ਤੋਂ ਅੱਗੇ ਆਉਂਦਾ ਹੈ ਪੌਂਚਾ, ਜੋ ਸਾਢੇ ਪੰਜ ਲਈ ਵਰਤਿਆ ਜਾਂਦਾ ਸ਼ਬਦ ਹੈ। ਇਹ ਬਣਿਆ ਹੈ, ਪੰਚ+ਕ ਤੋਂ। ਨੋਟ ਕਰਨ ਵਾਲੀ ਗੱਲ ਹੈ ਕਿ ਪਹਿਲਿਆਂ ਤੋਂ ਉਲਟ ਇਥੇ ਜਿਸ ਅੰਕ ਦੀ ਸਾਢ ਪਾਈ ਗਈ ਹੈ, ਉਸੇ ਦੇ ਸੂਚਕ ਅੰਕ ਅਰਥਾਤ ਪੰਜ ਦੀ ਵਰਤੋਂ ਕੀਤੀ ਗਈ ਹੈ। ਭਾਸ਼ਾ ਵਿਚ ਇਸ ਤਰ੍ਹਾਂ ਦੀਆਂ ਵਿਸੰਗਤੀਆਂ ਹੁੰਦੀਆਂ ਹਨ। ਸਰਵੇਖਣ ਕਰਨ ਵੇਲੇ ਅਮੀਨ ਭਿੰਨਾਂ ਦੇ ਇਹ ਪਹਾੜੇ ਇਸਤੇਮਾਲ ਕਰਿਆ ਕਰਦੇ ਸਨ। ਉਹ ਤਾਂ ਪੌਂਚਾ, ਖੌਂਚਾ ਤੱਕ ਵੀ ਮਾਰ ਕਰਦੇ ਸਨ ਤੇ ਹੋਰ ਤਾਂ ਹੋਰ ਭਿੰਨਾਂ ਦੇ ਭਿੰਨਾਂ ਨਾਲ ਗੁਣਾਂ ਦੇ ਪਹਾੜੇ ਵੀ ਜਾਣਦੇ ਸਨ ਜਿਵੇਂ ਢਾਈ ਡੇਢੇ ਪੌਣੇ ਚਾਰ, ਢੌਂਚਾ ਪੌਂਚੇ ਪੌਣੇ ਪੱਚੀ!
ਉਪਰ ਸਾਢ ਦੀ ਗੱਲ ਆਈ ਹੈ ਤਾਂ ਇਹ ਵੀ ਦੱਸਣਾ ਥਾਂ ਸਿਰ ਹੈ ਕਿ ਦੋ ਤੋਂ ਅੱਗੇ ਅੱਧੇ ਦੇ ਵਾਧੇ ਵਾਲੀ ਗਿਣਤੀ ਲਈ ਆਮ ਭਾਸ਼ਾ ਵਿਚ ਸਾਢੇ ਦੀ ਵਰਤੋਂ ਹੁੰਦੀ ਹੈ ਜਿਵੇਂ ਸਾਢੇ ਤਿੰਨ, ‘ਗਜ ਸਾਢੇ ਤੈ ਤੈ ਧੋਤੀਆ।’ ਸਾਢੇ ਸ਼ਬਦ ਬਣਿਆ ਹੈ, ਸਾ+ਅਰਧ ਤੋਂ, ਇਥੇ ḔਸਾḔ ਅਗੇਤਰ ਹੈ ਜਿਸ ਦਾ ਅਰਥ ਸਮੇਤ, ਸਹਿਤ ਹੁੰਦਾ ਹੈ। ਸੋ ਅਰਥ ਹੋਇਆ, ਅਧੇ ਸਮੇਤ। ਸੰਸਕ੍ਰਿਤ ਸ਼ਬਦ ਹੈ, ਸਾਅਰਧ। ਇਹ ਪ੍ਰਾਕ੍ਰਿਤ ਵਿਚ ਹੋਇਆ ਸਡਢੇ ਤੇ ਅੱਗੇ ਪੰਜਾਬੀ ਵਿਚ ਸਾਢੇ। ਨਾਲ ਲਗਦਾ ਸ਼ਬਦ ਹੈ, ਸਾੜ੍ਹਸਤੀ। ਇਸ ਸ਼ਬਦ ਬਾਰੇ ਜਾਣਨ ਤੋਂ ਪਹਿਲਾਂ Ḕਸੂਰਜ ਪ੍ਰਤਾਪḔ ਗ੍ਰੰਥ ਵਿਚ ਇਸ ਦਾ ਰੂਪ ਦੇਖੋ:
ਹੁਇ ਇਕੰਤ ਨਿਤ ਸਿਮਰਤਿ ਮੌਲਾ।
ਜਿਸ ਤੇ ਸਾਢ ਸਤੀ ਬਲ ਹੌਲਾ।
ਬਚੇ ਬਿਘਨ ਤੇ ਮਿਟੀ ਬਲਾਇ।
ਮੈਣ ਕਿਤਾਬ ਪਿਖਿ ਜਤਨ ਬਤਾਇ।
ਇਸ ਦਾ ਸੰਸਕ੍ਰਿਤ ਰੂਪ ਹੈ ਸਾਰਧਸਪਤੀ ਜਿਸ ਦਾ ਸ਼ਾਬਦਿਕ ਅਰਥ ਬਣਿਆ, ਸਾਢੇ ਸੱਤ ਦੀ ਦਸ਼ਾ। ਇਹ ਛਨਿਛਰ ਗ੍ਰਹਿ ਦੀ ਦੁਖਦਾਇਕ ਦਸ਼ਾ ਹੈ ਜੋ ਸਾਢੇ ਸੱਤ ਵਰ੍ਹੇ ਰਹਿੰਦੀ ਹੈ। ਜੋਤਿਸ਼ ਅਨੁਸਾਰ ਤਿੰਨ ਰਾਸ਼ੀਆਂ ‘ਤੇ ਢਾਈ ਢਾਈ ਵਰ੍ਹੇ ਸ਼ਨੀ ਰਿਹਾ ਕਰਦਾ ਹੈ। ਹੋਰ ਤਾਂ ਹੋਰ ਗਵਾਂਢ/ਗੁਆਂਢ ਸ਼ਬਦ ਵਿਚ ਵੀ ਅੱਧਾ ਸ਼ਬਦ ਦਾ ਦਖਲ ਹੈ। ਸੰਸਕ੍ਰਿਤ ਵਿਚ ਇਸ ਲਈ ਸ਼ਬਦ ਹੈ, ਗਰਾਮਅਰਧ। ਇਸ ਦਾ ਅਰਥ ਬਣਦਾ ਹੈ, ਗਰਾਮ (ਪਿੰਡ) ਦਾ ਖੇਤਰ। ਪਿਛਲੇ ਲੇਖ ਵਿਚ ਅਸੀਂ ਅਰਧ ਦਾ ਅਰਥ ਖੇਤਰ, ਇਲਾਕਾ, ਖੰਡ ਦੇਖ ਆਏ ਹਾਂ। ਇਥੇ ਗਰਾਮ ਖੇਤਰ ਦਾ ਅਰਥ ਸੁੰਗੜ ਕੇ ਪੜੋਸ, ਹਮਸਾਇਆ ਹੋ ਗਿਆ ਹੈ। ਸ਼ਾਇਦ ਮੁਢਲਾ ਭਾਵ ਹੋਵੇ ਆਪਣੇ ਪਿੰਡ ਦੀ ਜੂਹ ਵਿਚ ਰਹਿਣ ਵਾਲਾ। ਸ਼ਬਦ ਵਿਕਾਸ ਕੁਝ ਇਸ ਤਰ੍ਹਾਂ ਹੋਇਆ ਹੋਵੇਗਾ: ਗ੍ਰਾਮਅਰਧ > ਗਾਂਵਅਰਧ > ਗਾਂਵਅੱਢ >ਗਵਾਂਢ। ਦੇਖੀਏ ਹਾਸ਼ਮ ਸ਼ਾਹ ਇਸ ਸ਼ਬਦ ਨੂੰ ਕਿਵੇਂ ਵਰਤਦਾ ਹੈ,
ਜੀਮ ਜਗ ਦੀ ਰੀਤ ਨਾ ਇੱਕ ਆਵੇ,
ਰਾਂਝਾ ਬਹੁਤ ਅਧੀਨ ਉਦਾਸ ਹੋਇਆ।
ਭਾਈ ਸੱਤ ਤੇ ਆਂਢ ਗੁਆਂਢ ਸਾਰਾ,
ਜਮ੍ਹਾ ਆਣਿ ਰੰਝੇਟੇ ਦੇ ਪਾਸ ਹੋਇਆ।
ਮੂਲ ਜਾਹ ਨ ਰੱਬ ਦਾ ਵਾਸਤਾ ਈ,
ਤੇਰਾ ਖੇਸ਼ ਕਬੀਲੜਾ ਦਾਸ ਹੋਇਆ।
ਹਾਸ਼ਮ ਸ਼ਾਹ ਮੀਆਂ ਅੱਗ ਇਸ਼ਕ ਦੀ ਇਹ,
ਜਿਥੇ ਪਈ ਸ਼ਊਰ ਦਾ ਨਾਸ ਹੋਇਆ।
ਕੁਝ ਸੰਕੇਤ ਹਨ ਕਿ ਜੁਦਾ, ਵੱਖ ਦੇ ਅਰਥਾਂ ਵਾਲਾ ਅੱਡ ਸ਼ਬਦ ਵੀ ‘ਅਰਧ’ ਤੋਂ ਵਿਕਸਿਤ ਹੋਇਆ ਹੈ, ਅਰਧ> ਅੱਧ> ਅੱਢ> ਅੱਡ। ਅਜੇ ਮੈਂ ਯਕੀਨੀ ਤੌਰ ‘ਤੇ ਨਹੀਂ ਕਹਿ ਸਕਦਾ।