ਮੋਮ ਦਾ ਬੁੱਤ

ਰਾਠੇਸ਼ਵਰ ਸਿੰਘ ਸੂਰਾਪੁਰੀ
ਅੱਜ ਫਿਰ ਜਸਦੇਵ ਦਾ ਦਿਲ ਡਾਢਾ ਉਦਾਸ ਏ। ਰਾਤ ਭਰ ਉਸ ਦੀ ਨੀਂਦ ਉਡੀ ਰਹੀ। ਕਲ੍ਹ ਦੀ ਘਟਨਾ ਨੇ ਤਾਂ ਉਹਦਾ ਦਿਲ ਹੀ ਤੋੜ ਕੇ ਰੱਖ ਦਿੱਤਾ। ਪਹਿਲਾਂ ਵੀ ਅਕਸਰ ਉਸ ਦੀ ਨੀਂਦ ਉਚਾਟ ਹੋ ਜਾਂਦੀ ਪਰ ਬੀਤੀ ਰਾਤ ਤਾਂ ਉਸ ਨੇ ‘ਇਹ ਕੀ ਬਣਿਆ!’ ਸੋਚ ਪਾਸੇ ਮਾਰਦਿਆਂ ਹੀ ਲੰਘਾ ਦਿੱਤੀ।

ਜਸਦੇਵ ਨੇ ਘੜੀ ਵਲ ਦੇਖਿਆ, ਸੁਬ੍ਹਾ ਦੇ ਅੱਠ ਵੱਜ ਚੁੱਕੇ ਸਨ। ਉਹ ਬੇਸਮੈਂਟ ਵਿਚੋਂ ਚਾਹ ਦਾ ਕੱਪ ਬਣਾਉਣ ਰਸੋਈ ਵਲ ਆਇਆ। ਉਸ ਦੀ ਪਤਨੀ ਘੂਕ ਸੁੱਤੀ ਪਈ ਸੀ ਤੇ ਉਹਦਾ ਸਹੁਰਾ ਅਜੇ ਤਕ ਬੈਡ ਰੂਮ ਵਿਚ ਆਰਾਮ ਫਰਮਾ ਰਿਹਾ ਸੀ। ਉਹਦੀ ਸੱਸ ਬਿਸ਼ਨ ਕੌਰ ਆਲੂਆਂ ਵਾਲੇ ਪਰੌਂਠੇ ਬਣਾ, ਉਪਰ ਮੱਖਣ ਦੀ ਟਿੱਕੀ ਘਸਾ ਛਕ ਰਹੀ ਸੀ।
“ਕਰ ਲਓ ਐਸ਼ਾਂ!” ਉਸ ਨੇ ਧੀਮੀ ਆਵਾਜ਼ ਵਿਚ ਆਖਿਆ ਤੇ ਚਾਹ ਦਾ ਕੱਪ ਲੈ ਕੇ ਮੁੜ ਬੇਸਮੈਂਟ ਵਿਚ ਚਲਾ ਗਿਆ।
ਪਹਿਲਾਂ ਵੀ ਜਦੋਂ ਕਦੇ ਉਹਦਾ ਦਿਲ ਉਦਾਸ ਹੁੰਦਾ, ਉਹ ਸਿੱਧਾ ਬੇਸਮੈਂਟ ਵਿਚ ਜਾ ਕੇ ਬੈਠ ਜਾਂਦਾ। ਆਤਮ-ਚਿੰਤਨ ਕਰਦਾ ਜਾਂ ਫਿਰ ਆਪਣਾ ਦਿਲ ਹੋਰ ਪਾਸੇ ਪਾਉਣ ਲਈ ਕੋਈ ਮਨਪਸੰਦ ਕਿਤਾਬ ਲੈ ਕੇ ਪੜ੍ਹਨ ਲੱਗ ਜਾਂਦਾ। ਕਈ ਵਾਰੀ ਉਹ ਆਪਣੀ ਬੀਤੀ ਜ਼ਿੰਦਗੀ ਦੇ ਪੰਨੇ ਫਰੋਲ ਕੇ ਵੀ ਬੈਠ ਜਾਂਦਾ।
ਹੋਰ ਲੱਖਾਂ ਗੈਰ-ਕਾਨੂੰਨੀ ਪਰਵਾਸੀ ਕਾਮਿਆਂ ਵਾਂਗ, ਉਸ ਨੂੰ ਵੀ ਅਮਰੀਕਾ ਆ ਕੇ ਸੈੱਟ ਹੋਣ ਲਈ ਬਹੁਤ ਮੁਸ਼ਕਿਲਾਂ ਸਰ ਕਰਨੀਆਂ ਪਈਆਂ ਤੇ ਫਿਰ ਜਦੋਂ ਦਸ ਕੁ ਸਾਲਾਂ ਬਾਅਦ ਉਹ ਸਿਟੀਜ਼ਨ ਬਣ ਕੇ ਵਿਆਹ ਕਰਵਾਉਣ ਲਈ ਪੰਜਾਬ ਗਿਆ ਤਾਂ ਕਾਫੀ ਖੁਸ਼ ਸੀ। ਉਸ ਦੇ ਪਰਿਵਾਰ ਨੇ ਉਹਦਾ ਸ਼ਾਨਦਾਰ ਸਵਾਗਤ ਕੀਤਾ। ਉਸ ਦੀ ਮਤਰੇਈ ਮਾਂ ਦਾ ਵਤੀਰਾ ਵੀ ਹੁਣ ਬਦਲ ਗਿਆ ਸੀ।
ਜਦੋਂ ਉਸ ਨੇ ਆਪਣੇ ਵਿਆਹ ਲਈ ਅਖਬਾਰਾਂ ਵਿਚ ਇਸ਼ਤਿਹਾਰ ਛਪਵਾਇਆ ਤਾਂ ਉਹਦੇ ਘਰ ਫੋਟੋਆਂ ਸਮੇਤ ਆਈਆਂ ਚਿੱਠੀਆਂ ਦਾ ਢੇਰ ਲੱਗ ਗਿਆ। ਆਪ ਤਾਂ ਭਾਵੇਂ ਉਹ ਦਸਵੀਂ ਪਾਸ ਹੀ ਸੀ ਪਰ ਚੰਗੀਆਂ ਪੜ੍ਹੀਆਂ-ਲਿਖੀਆਂ ਤੇ ਕਈ ਉਚ ਅਹੁਦੇ ‘ਤੇ ਲੱਗੀਆਂ ਕੁੜੀਆਂ ਦੇ, ਉਸ ਨਾਲ ਵਿਆਹ ਕਰਵਾਉਣ ਲਈ ਪੱਤਰ ਆਉਣ ਲੱਗੇ। ਉਸ ਲਈ ਕਿਸੇ ਇਕ ਲੜਕੀ ਦੀ ਚੋਣ ਕਰਨੀ ਔਖੀ ਹੋਈ ਪਈ ਸੀ। ਹੁਣ ਉਸ ਨੂੰ ਆਪਣੇ ‘ਤੇ ਰਸ਼ਕ ਹੋ ਰਿਹਾ ਸੀ।
“ਵਾਹ ਕਿਸਮਤੇ!” ਆਖਦਿਆਂ ਉਸ ਨੇ ਇਕ ਲੰਬਾ ਹਉਕਾ ਲਿਆ ਤੇ ਬਚਪਨ ਦੇ ਦੁਖਦਾਈ ਪਲ ਯਾਦ ਕਰਦਿਆਂ ਉਠ ਕੇ ਕਮਰੇ ਵਿਚ ਟਹਿਲਣ ਲੱਗਾ।
ਬਚਪਨ ਨੇ ਉਹਨੂੰ ਰੁਲਾਇਆ ਵੀ ਤਾਂ ਬੜਾ ਸੀ। ਪੰਜ ਕੁ ਸਾਲ ਦੀ ਉਮਰੇ ਹੀ ਉਸ ਦੀ ਮਾਂ ਗੁਜ਼ਰ ਗਈ ਤਾਂ ਉਹਦੇ ਬਾਪ ਨੇ ਦੂਜੀ ਸ਼ਾਦੀ ਕਰ ਲਈ। ਜਦੋਂ ਉਹਦੀ ਮਤਰੇਈ ਮਾਂ ਨੇ ਪਹਿਲੇ ਬੇਟੇ ਨੂੰ ਜਨਮ ਦਿੱਤਾ, ਉਦੋਂ ਤੋਂ ਹੀ ਘਰ ਦੇ ਹਾਲਾਤ ਉਹਦੇ ਲਈ ਮਾੜੇ ਹੋ ਗਏ। ਦੋ ਕੁ ਸਾਲਾਂ ਬਾਅਦ, ਜਦੋਂ ਉਹਦੇ ਇਕ ਹੋਰ ਮਤਰੇਏ ਭਰਾ ਨੇ ਜਨਮ ਲਿਆ ਤਾਂ ਉਸ ਨਾਲ ਮਤਰੇਈ ਮਾਂ ਦਾ ਵਤੀਰਾ ਹੋਰ ਵੀ ਸਖਤ ਹੋ ਗਿਆ।
ਹੁਣ ਉਹ ਤਿੰਨ ਭਾਈ ਹੋ ਗਏ ਸਨ ਪਰ ਉਸ ਦੀ ਇਸ ਨਵੀਂ ਮਾਂ ਦਾ ਬਹੁਤਾ ਪਿਆਰ ਆਪਣੇ ਢਿੱਡੋਂ ਜੰਮੇ ਬੱਚਿਆਂ ਨਾਲ ਹੀ ਸੀ। ਘਰ ਵਿਚ ਉਹਦੀ ਪਹਿਲਾਂ ਵਾਲੀ ਕਦਰ ਨਹੀਂ ਸੀ ਰਹਿ ਗਈ। ਫਿਰ ਵੀ ਪਤਾ ਨਹੀਂ ਕਿਵੇਂ ਉਹ ਖਿੱਚ-ਧੂਹ ਕੇ ਦਸਵੀਂ ਪਾਸ ਕਰ ਗਿਆ।
ਜਦੋਂ ਉਹਦਾ ਬਾਪ ਉਸ ਦੀ ਅਗਲੀ ਪੜ੍ਹਾਈ ਲਈ ਆਪਣੀ ਦੂਜੀ ਪਤਨੀ ਨੂੰ ਰਜ਼ਾਮੰਦ ਨਾ ਕਰ ਸਕਿਆ ਤਾਂ ਉਸ ਨੇ ਹਰ ਰੋਜ਼ ਦੀ ਝਿਕ ਝਿਕ ਤੋਂ ਤੰਗ ਆ ਕੇ ਦਿਲ ‘ਤੇ ਪੱਥਰ ਧਰਦਿਆਂ, ਇਸ ਹੋਣਹਾਰ ਪਲੇਠੇ ਬੇਟੇ ਨੂੰ ਪਰਦੇਸ ਭੇਜਣ ਦਾ ਮਨ ਬਣਾ ਲਿਆ ਅਤੇ ਇਕ ਕਿੱਲਾ ਜ਼ਮੀਨ ਗਹਿਣੇ ਧਰ ਕੇ, ਕਿਸੇ ਏਜੰਟ ਰਾਹੀਂ ਉਹਨੂੰ ਗਰੀਸ ਭੇਜ ਦਿੱਤਾ। ਜਦੋਂ ਉਥੇ ਉਸ ਨੂੰ ਇਕ ਸਮੁੰਦਰੀ ਜਹਾਜ਼ ਵਿਚ ਕੰਮ ਮਿਲ ਗਿਆ ਤਾਂ ਉਹਨੇ ਪਰਵਾਸੀ ਜੀਵਨ ਨੂੰ ਰੱਬ ਦੀ ਰਜ਼ਾ ਮੰਨ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਦ੍ਰਿੜ੍ਹ ਨਿਸ਼ਚਾ ਕਰ ਲਿਆ।
ਫਿਰ ਇਕ ਦਿਨ ਜਦੋਂ ਉਸ ਦਾ ਜਹਾਜ਼ ਸੈਨ ਫਰਾਂਸਿਸਕੋ ਦੀ ਬੰਦਰਗਾਹ ‘ਤੇ ਲੱਗਿਆ ਤਾਂ ਉਹਦੀ ਭੂਆ ਦਾ ਲੜਕਾ ਅਮਰਜੀਤ, ਜੋ ਕਈ ਸਾਲਾਂ ਤੋਂ ਸੈਕਰਾਮੈਂਟੋ ਰਹਿੰਦਾ ਸੀ, ਖਿਸਕਾ ਕੇ ਆਪਣੇ ਨਾਲ ਲੈ ਗਿਆ। ਦਸ ਸਾਲ ਅਮਰੀਕੀ ਸਿਟੀਜ਼ਨ ਬਣਨ ਤਕ ਜਿਨ੍ਹਾਂ ਮਾੜੇ ਹਾਲਾਤ ਦਾ ਉਹਨੂੰ ਸਾਹਮਣਾ ਕਰਨਾ ਪਿਆ, ਸੋਚਦਿਆਂ ਉਸ ਨੇ ਆਪਣਾ ਸਿਰ ਛੰਡਿਆ ਤੇ ਮੁੜ ਬੈਡ ਉਤੇ ਲੰਮਾ ਪੈ ਗਿਆ।
ਪਿਛਲੀਆਂ ਸੋਚਾਂ ਵਿਚੋਂ ਨਿਕਲ ਕੇ ਮਨ ਇਕਾਗਰ ਕਰਦਿਆਂ ਉਸ ਨੇ ਫਿਰ ਉਹ ਫੋਟੋਆਂ ਦੇਖਣੀਆਂ ਸ਼ੁਰੂ ਕੀਤੀਆਂ, ਜੋ ਉਹਨੇ ਆਪਣੇ ਜੀਵਨ ਸਾਥੀ ਦੀ ਚੋਣ ਲਈ ਛਾਂਟ ਕੇ ਰੱਖੀਆਂ ਹੋਈਆਂ ਸਨ। ਕਈ ਲੜਕੀਆਂ ਨਾਲ ਉਸ ਨੇ ਮੁਲਾਕਾਤ ਵੀ ਕੀਤੀ। ਅਖੀਰ ਉਹਦੀ ਨਜ਼ਰ ਕੰਵਲਜੀਤ ਕੌਰ ਦੀ ਫੋਟੋ ਉਪਰ ਫੋਕਸ ਹੋ ਗਈ। ਉਹ ਐਮæ ਏæ, ਐਮæ ਐਡæ ਦੀ ਪੜ੍ਹਾਈ ਕਰ ਕੇ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਲੈਕਚਰਾਰ ਲੱਗੀ ਹੋਈ ਸੀ। ਉਹਦੇ ਮਾਂ-ਬਾਪ ਉਹਨੂੰ ਕੰਵਲ ਆਖ ਕੇ ਬੁਲਾਉਂਦੇ ਸਨ। ਉਸ ਨਾਲ ਮੁਲਾਕਾਤ ਪਿਛੋਂ ਉਹਦੀ ਰਾਤਾਂ ਦੀ ਨੀਂਦ ਉਡ ਗਈ ਸੀ।
ਕੰਵਲ ਬਿੱਲੀਆਂ ਅੱਖਾਂ ਵਾਲੀ ਗੋਰੀ ਨਿਛੋਹ, ਸਰ੍ਹੋਂ ਦੀ ਗੰਦਲ ਵਰਗੀ ਪੱਚੀ ਕੁ ਸਾਲਾਂ ਦੀ ਮਲੂਕ ਜਿਹੀ ਕੁੜੀ, ਚੌਵੀ ਘੰਟੇ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੀ। ਕਈ ਵਾਰੀ ਤਾਂ ਉਹ ਸੋਚਦਾ ਕਿ ਮੇਰਾ ਇਸ ਨਾਲ ਕੋਈ ਮੇਲ ਨਹੀਂ ਹੈ। ਦੋਵਾਂ ਦੀ ਪੜ੍ਹਾਈ ਦਾ ਵੀ ਵੱਡਾ ਅੰਤਰ ਸੀ, ਕੰਮ ਵਜੋਂ ਵੀ ਉਹ ਕਿਸੇ ਦੇਸੀ ਸਟੋਰ ਤੇ ਹੀ ਥੋੜ੍ਹੀ ਤਨਖਾਹ ‘ਤੇ ਲੱਗਾ ਹੋਇਆ ਸੀ ਪਰ ਹੁਣ ਜਦੋਂ ਕੰਵਲ ਆਪ ਹੀ ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਸੀ ਤਾਂ ਉਹਨੂੰ ਭਲਾ ਕੀ ਇਤਰਾਜ਼!
ਰਿਸ਼ਤੇ ਦੀ ਗੱਲ ਪੱਕੀ ਹੋ ਜਾਣ ਪਿੱਛੋਂ, ਉਹ ਆਪਣੇ ਖਿਆਲਾਂ ਵਿਚ ਕੰਵਲ ਨੂੰ ਦੁਲਹਨ ਦੇ ਰੂਪ ਵਿਚ ਆਪਣੇ ਘਰ ਅੰਦਰ ਪ੍ਰਵੇਸ਼ ਕਰਦਿਆਂ ਚਿਤਵਦਾ ਰਹਿੰਦਾ। ਕਦੀ-ਕਦੀ ਉਸ ਨੂੰ ਇੰਜ ਵੀ ਲੱਗਦਾ, ਜਿਵੇਂ ਕੰਵਲ ਉਸ ਦਾ ਸਿਰ ਗੋਦੀ ਵਿਚ ਲੈ ਕੇ, ਆਪਣੇ ਨਾਜ਼ਕ ਪੋਟਿਆਂ ਨਾਲ ਸਹਿਲਾ ਰਹੀ ਹੋਵੇ ਤੇ ਉਹ ਕਿੰਨਾ ਹੀ ਚਿਰ ਅੱਖਾਂ ਮੀਟ ਮਦਹੋਸ਼ ਲੰਮਾ ਪਿਆ ਰਹਿੰਦਾ। ਇਕ ਦਿਨ ਉਸ ਨੇ ਫੋਨ ਚੁਕਿਆ ਤੇ ਆਪਣੇ ਘਰਦਿਆਂ ਨੂੰ ਵਿਆਹ ਦੀ ਤਾਰੀਖ ਜਲਦ ਮਿਥ ਲੈਣ ਲਈ ਆਖ ਦਿੱਤਾ।
ਜਦੋਂ ਕੰਵਲ ਉਹਦੇ ਘਰ ਵਿਆਹੀ ਆ ਗਈ ਤਾਂ ਉਹਦੇ ਸੁਪਨੇ ਸਹੀ ਸਾਬਤ ਹੋਣ ਲੱਗੇ। ਕੰਵਲ ਤੋਂ ਉਸ ਨੂੰ ਭਰਪੂਰ ਪਿਆਰ ਮਿਲਿਆ। ਜਿਸ ਸਦਕਾ ਉਹਦੇ ਮਨ ਮਸਤਕ ਵਿਚੋਂ ਪਿਛਲੇ ਸਾਰੇ ਮਨਹੂਸ ਪਲ ਵਿਸਰ ਗਏ। ਉਸ ਦੀ ਮਤਰੇਈ ਮਾਂ ਸਮੇਤ ਘਰ ਦੇ ਸਾਰੇ ਜੀਅ ਵੀ ਹੁਣ ਬਹੁਤ ਖੁਸ਼ ਸਨ। ਗਹਿਣੇ ਪਈ ਜ਼ਮੀਨ ਵੀ ਛੁਡਵਾ ਲਈ ਗਈ।
ਜਸਦੇਵ ਸਿੰਘ ਦੀ ਥੋੜ੍ਹੀ ਰਹਿ ਗਈ ਛੁੱਟੀ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ, ਉਨ੍ਹਾਂ ਵਿਆਹ ਤੋਂ ਬਾਅਦ ਖੂਬ ਸੈਰਾਂ ਕੀਤੀਆਂ। ਕੁੱਲੂ ਮਨਾਲੀ ਦੀਆਂ ਖੂਬਸੂਰਤ ਵਾਦੀਆਂ ਦਾ ਅਨੰਦ ਮਾਣਨ ਤੋਂ ਬਾਅਦ ਉਹ ਤਾਜ ਮਹਿਲ ਦੇਖਣ ਚਲੇ ਗਏ।
ਕਾਫੀ ਦੇਰ ਟਿਕਟਿਕੀ ਲਗਾਈ ਤਾਜ ਮਹਿਲ ਵਲ ਤੱਕਦਿਆਂ ਜਸਦੇਵ ਨੂੰ ਕੰਵਲ ਕਹਿਣ ਲੱਗੀ, “ਕੀ ਸੋਚੀ ਜਾ ਰਹੇ ਓ ਜੀ?” ਉਸ ਨੇ ਕੰਵਲ ਦੇ ਹੁਸੀਨ ਚਿਹਰੇ ਨੂੰ ਗਹੁ ਨਾਲ ਨਿਹਾਰਦਿਆਂ ਅਤੇ ਉਸ ਦੇ ਲੰਬੇ ਘੁੰਗਰਾਲੇ ਵਾਲਾਂ ‘ਤੇ ਹੱਥ ਫੇਰਦਿਆਂ ਆਖਿਆ, “ਮੈਂ ਸੋਚਦਾਂ, ਪਈ ਸਾਲੀ ਮੁਮਤਾਜ਼ ਤੇਰੇ ਨਾਲੋਂ ਕਿਤੇ ਜ਼ਿਆਦਾ ਖ਼ੂਬਸੂਰਤ ਹੋਊ!”
ਜਸਦੇਵ ਦੇ ਦਿਲ ਅੰਦਰ ਆਪਣੇ ਪ੍ਰਤੀ ਇਤਨੀ ਇੱਜ਼ਤ ਅਤੇ ਪਿਆਰ ਮਹਿਸੂਸ ਕਰਦਿਆਂ, ਸਤਿਕਾਰ ਵਜੋਂ ਕੰਵਲ ਦਾ ਸਿਰ ਝੁਕ ਗਿਆ। ਜਸਦੇਵ ਨੇ ਆਪਣੇ ਸੱਜੇ ਹੱਥ ਦੀ ਚੁਟਕੀ ਨਾਲ ਉਹਦਾ ਚਿਹਰਾ ਉਤਾਂਹ ਉਠਾਇਆ ਅਤੇ ਉਸ ਦੀਆਂ ਬਿੱਲੀਆਂ ਅੱਖਾਂ ਵਿਚ ਡੁੱਬ ਜਾਣ ਵਾਂਗ ਝਾਕਦਿਆਂ ਕਹਿਣ ਲੱਗਾ, “ਕੁੱਲੀ ਯਾਰ ਦੀ ਸੁਰਗ ਦਾ ਝੂਟਾ, ਅੱਗ ਲੱਗੇ ਮੰਦਰਾਂ ਨੂੰ।”
ਦੂਸਰੇ ਦਿਨ ਉਹ ਸ਼ਾਪਿੰਗ ਕਰਨ ਬਾਜ਼ਾਰ ਗਏ। ਆਗਰੇ ਦੇ ਮਸ਼ਹੂਰ ਪੇਠੇ ਦਾ ਅਨੰਦ ਮਾਣਨ ਤੋਂ ਬਾਅਦ ਬਾਜ਼ਾਰ ਵਿਚ ਘੁੰਮਦਿਆਂ ਉਨ੍ਹਾਂ ਦੀ ਨਜ਼ਰ ਕੁਝ ਲੋਕਾਂ ‘ਤੇ ਜਾ ਪਈ, ਜੋ ਇਕ ਚਿੱਤਰਕਾਰ ਦੁਆਲੇ ਝੁਰਮਟ ਪਾਈ ਖੜੋਤੇ ਸਨ। ਉਹ ਸਾਰੇ ਉਸ ਤੋਂ ਚੌਲਾਂ ਦੇ ਇਕ ਛੋਟੇ ਜਿਹੇ ਦਾਣੇ ਉਪਰ ਆਪਣਾ ਨਾਂ ਲਿਖਵਾਣਾ ਚਾਹੁੰਦੇ ਸਨ। ਸਿਰਫ ਦੋ ਮਿੰਟ ਵਿਚ ਹੀ, ਕਿਸੇ ਦਾ ਪੂਰਾ ਨਾਂ ਚੌਲਾਂ ਦੇ ਦਾਣੇ ਉਪਰ ਲਿਖ ਕੇ ਉਹ ਸਭ ਨੂੰ ਹੈਰਾਨ ਕਰੀ ਜਾ ਰਿਹਾ ਸੀ, ਜੋ ਕਿ ਸਿਰਫ ਉਥੇ ਪਏ ਇਕ ਲੈਂਜ਼ ਰਾਹੀਂ ਹੀ ਪੜ੍ਹਿਆ ਜਾ ਸਕਦਾ ਸੀ।
ਉਥੋਂ ਕੁਝ ਦੂਰ ਇਕ ਮੂਰਤੀਸਾਜ਼ ਆਪਣੇ ਕੰਮ ਵਿਚ ਰੁੱਝਾ ਹੋਇਆ ਸੀ, ਜਿਸ ਕੋਲ ਭਾਂਤ-ਸੁਭਾਂਤੀਆਂ ਮੂਰਤੀਆਂ ਪਈਆਂ ਸਨ। ਉਸ ਦੀ ਖਾਸ ਗੱਲ ਇਹ ਸੀ ਕਿ ਉਹ ਛੋਟੇ-ਵੱਡੇ ਸਾਈਜ਼ ਦਾ, ਕਿਸੇ ਦੀ ਵੀ ਸ਼ਕਲ ਵਰਗਾ ਮੋਮ ਦਾ ਬੁੱਤ ਬਣਾ ਸਕਦਾ ਸੀ। ਜਦੋਂ ਕੰਵਲ ਤੇ ਜਸਦੇਵ ਦੀ ਜੋੜੀ ਉਸ ਨੇ ਆਪਣੇ ਵੱਲ ਆਉਂਦੀ ਦੇਖੀ ਤਾਂ ਉਹਦੀਆਂ ਅੱਖਾਂ ਵਿਚ ਚਮਕ ਆ ਗਈ। ਸਪੈਸ਼ਲ ਮੋਮ ਦਾ ਬੁੱਤ ਬਣਾਉਣ ਬਾਰੇ ਜਾਣਕਾਰੀ ਲਿਖ ਕੇ ਇਕ ਫੱਟਾ ਉਸ ਨੇ ਆਪਣੀ ਦੁਕਾਨ ਅੱਗੇ ਰੱਖਿਆ ਹੋਇਆ ਸੀ। ਉਨ੍ਹਾਂ ਦੋਵਾਂ ਨੂੰ ਉਸ ਫੱਟੇ ਵਲ ਤੱਕਦਿਆਂ ਵੇਖ ਕਲਾਕਾਰ ਮੁਸਕਰਾਇਆ, “ਆਓ ਸਾਹਿਬ! ਦੇਖ ਲੋ ਕਿਆ ਚਾਹੀਏ। ਆਪ ਕੋ ਸਹੀ ਦਾਮ ਲਗਾ ਦੂੰਗਾ…। ਹਮ ਸੇ ਕਈ ਲੋਗ, ਮੋਮ ਕੇ ਬੁਤ ਬਨਵਾ ਕਰ ਬਾਹਰ ਕੇ ਦੇਸੋਂ ਮੇਂ ਭੀ ਲੇ ਕਰ ਜਾਤੇ ਹੈਂ।”
ਦੁਕਾਨਦਾਰ ਦੀ ਪਾਰਖੂ ਅੱਖ ਨੇ ਪਹਿਲੀ ਨਜ਼ਰੇ ਹੀ ਜਸਦੇਵ ਵੱਲ ਦੇਖ ਕੇ ਜਾਣ ਲਿਆ ਸੀ ਕਿ ‘ਸਾਮੀ ਅਮਰੀਕਾ ਜਾਂ ਕੈਨੇਡਾ ਤੋਂ ਆਈ ਲੱਗਦੀ ਏ। ਉਹ ਗੱਲਾਂ ਤਾਂ ਜਸਦੇਵ ਨਾਲ ਕਰ ਰਿਹਾ ਸੀ ਪਰ ਉਹਦੀ ਨਿਗ੍ਹਾ ਕੰਵਲ ‘ਤੇ ਟਿਕੀ ਹੋਈ ਸੀ। ਉਹ ਧੁਰ ਅੰਦਰੋਂ ਰੂਹ ਨਾਲ ਕੰਵਲ ਦੇ ਸੁੰਦਰ ਨਕਸ਼ਾਂ ਨੂੰ, ਮੋਮ ਦੇ ਬੁੱਤ ‘ਤੇ ਉਤਾਰ ਕੇ ਸਾਹਿਬ ਤੋਂ ਭਾਰੀ ਬਖਸ਼ੀਸ਼ ਹਾਸਿਲ ਕਰਨੀ ਲੋਚਦਾ ਸੀ। ਉਸ ਨੇ ਆਪਣਾ ਦੂਸਰਾ ਅਸਤਰ ਛੱਡਿਆ, “ਸਾਹਿਬ ਆਪ ਕੀ ਬੀਵੀ ਬਹੁਤ ਸੁੰਦਰ ਹੈ- ਆਪ ਕੀ ਜੋੜੀ ਸਦਾ ਬਨੀ ਰਹੇ!”
ਜਸਦੇਵ ਨੇ ਅੱਖ ਦੇ ਇਸ਼ਾਰੇ ਨਾਲ ਕੰਵਲ ਦੀ ਇੱਛਾ ਜਾਣਨੀ ਚਾਹੀ।
“ਦੇਖ ਲਓ ਤੁਹਾਡੀ ਮਰਜ਼ੀ ਆ!” ਉਸ ਨੇ ਅੱਧੀ ਜਿਹੀ ਰਜ਼ਾਮੰਦੀ ਨਾਲ ਆਖਿਆ।
“ਅੱਛਾ ਬਈ ਬਨਾ ਦੇ ਫੇਰæææਔਹ ਇਕ ਫੁੱਟ ਵਾਲਾ ਬਣਾਉਣ ਦੇ ਕਿੰਨੇ ਪੈਸੇ ਲੱਗਣਗੇ?”
“ਤੁਮ ਸੇ ਜ਼ਿਆਦਾ ਥੋੜ੍ਹੀ ਲੇਂਗੇ ਸਾਹਿਬ! ਸਿਰਫ ਏਕ ਸੌ ਡਾਲਰ ਦੇ ਦੇਨਾ।”
ਦੁਕਾਨਦਾਰ ਨੇ ਵਿਚਾਰਗੀ ਜਿਹੀ ਨਾਲ ਆਖਿਆ।
“ਸੌ ਡਾਲਰ ਤਾਂ ਬਹੁਤ ਜ਼ਿਆਦਾ ਨੇ। ਨਾਲੇ ਮੇਰੇ ਕੋਲ ਤਾਂ ਡਾਲਰ ਹੈ ਈ ਨe੍ਹੀਂ।” ਆਖ਼ ਕੇ ਜਸਦੇਵ ਨੇ ਤੁਰਨਾ ਚਾਹਿਆ ਪਰ ਕੰਵਲ ਨੇ ਵਿਚ ਪੈ ਕੇ ਗੱਲ ਦੋ ਹਜ਼ਾਰ ਰੁਪਏ ਵਿਚ ਮੁਕਾ ਦਿੱਤੀ।
ਕਲਾਕਾਰ ਹੁਣ ਫੁਰਤੀ ਨਾਲ ਆਪਣੇ ਸਾਹਮਣੇ ਇਕ ਸਟੂਲ ਰੱਖ ਕੇ ਬੋਲਿਆ, “ਬਹਿਨ ਜੀ ਇਸ ਸਟੂਲ ਪੇ ਬੈਠ ਜਾਈਏ ਔਰ ਚਿਹਰਾ ਮੇਰੀ ਤਰਫ ਕਰਕੇ ਥੋੜ੍ਹਾ ਮੁਸਕਰਾਤੇ ਰਹੀਏ!” ਉਸ ਨੂੰ ਡਰ ਸੀ ਕਿ ਗਾਹਕ ਮੁੱਕਰ ਨਾ ਜਾਵੇ।
“ਨਾ ਬਾਬਾ! ਮੈਂ ਨੀ ਬੈਠਦੀ, ਤੁਸੀਂ ਬੈਠੋ।” ਉਸ ਨੇ ਆਪਣੇ ਪਤੀ ਨੂੰ ਕਿਹਾ, “ਮੈਂ ਤਾਂ ਚੌਲਾਂ ਦੇ ਦਾਣੇ ‘ਤੇ ਆਪਣਾ ਨਾਂ ਲਿਖਵਾ ਚੁੱਕੀ ਆਂ, ਹੁਣ ਤੁਹਾਡੀ ਵਾਰੀ ਏ, ਤੁਹਾਡਾ ਇਹ ਮੋਮ ਦਾ ਬੁੱਤ ਮੈਂ ਆਪਣੇ ਕੋਲ ਸਾਂਭ ਕੇ ਰੱਖਾਂਗੀ। ਜਦੋਂ ਤਕ ਅਮਰੀਕਾ ਨਹੀਂ ਆ ਜਾਂਦੀ, ਰੋਜ਼ ਤੁਹਾਡੇ ਦਰਸ਼ਨ ਕਰਿਆ ਕਰਾਂਗੀ।”
ਉਸ ਨੇ ਆਪਣੇ ਪਤੀ ਨੂੰ ਬਾਹੋਂ ਫੜ੍ਹ ਕੇ ਸਟੂਲ ‘ਤੇ ਬਿਠਾ ਦਿੱਤਾ। ਦੋ ਕੁ ਸਕਿੰਟ ਲਈ ਉਸ ਕਲਾਕਾਰ ਦੇ ਚਿਹਰੇ ‘ਤੇ ਇਕ ਨਿਰਾਸ਼ਾ ਦੀ ਝਲਕ ਆਈ ਤੇ ਫਿਰ ਉਸ ਨੇ ਸਾਵਧਾਨ ਹੋ ਕੇ, ਇਕ ਅੱਧ ਘੜਿਆ ਮੋਮ ਦਾ ਥੱਬਾ ਲੈ ਕੇ ਉਸ ‘ਤੇ ਜਸਦੇਵ ਦੇ ਨਕਸ਼ ਉਤਾਰਨੇ ਸ਼ੁਰੂ ਕਰ ਦਿੱਤੇ।
ਜਦੋਂ ਪੂਰੇ ਦੋ ਸਾਲਾਂ ਬਾਅਦ ਕੰਵਲ ਅਮਰੀਕਾ ਪਹੁੰਚ ਗਈ ਤਾਂ ਉਹਨੇ ਉਹ ਮੋਮ ਦਾ ਬੁੱਤ, ਲਿਵਿੰਗ-ਰੂਮ ਦੇ ਇਕ ਕੋਨੇ ਵਿਚ ਰੱਖੇ ਸ਼ੀਸ਼ੇ ਦੇ ਮੇਜ਼ ਉਪਰ ਫੁੱਲਾਂ ਦੇ ਗੁਲਦਸਤੇ ਕੋਲ ਸਜਾ ਦਿੱਤਾ। ਉਸ ਬੁੱਤ ਦੇ ਨਕਸ਼ ਹੂ-ਬ-ਹੂ ਜਸਦੇਵ ਦੇ ਚਿਹਰੇ ਨਾਲ ਮੇਲ ਖਾਂਦੇ ਦੇਖ ਕੇ ਉਨ੍ਹਾਂ ਦੇ ਘਰ ਆਉਣ ਵਾਲਾ ਹਰ ਮਹਿਮਾਨ ਦੰਗ ਰਹਿ ਜਾਂਦਾ।
ਕੰਵਲ ਪਹਿਲਾਂ ਤਾਂ ਬੱਚਿਆਂ ਨੂੰ ਘਰ ਵਿਚ ਹੀ ਟਿਊਸ਼ਨਾਂ ਪੜ੍ਹਾਉਂਦੀ ਰਹੀ। ਫਿਰ ਉਸ ਨੂੰ ਡਾਕ ਵਿਭਾਗ ਵਿਚ ਦਫਤਰੀ ਕੰਮ ਦੀ ਨੌਕਰੀ ਮਿਲ ਗਈ। ਜਦੋਂ ਦੋਵੇਂ ਚੰਗੀ ਤਰ੍ਹਾਂ ਸੈਟਲ ਹੋ ਗਏ ਤਾਂ ਘਰ ਵਿਚ ਕਿਸੇ ਬੱਚੇ ਦੀ ਘਾਟ ਮਹਿਸੂਸ ਹੋਣ ਲੱਗੀ। ਕਈ ਮਿੱਤਰ-ਦੋਸਤ ਵੀ ਇਸ ਬਾਰੇ ਸਵਾਲ ਕਰਦੇ। ਉਸ ਦੀ ਭੂਆ ਦਾ ਲੜਕਾ ਅਮਰਜੀਤ ਵੀ ਅਕਸਰ ਟਕੋਰਾਂ ਲਾਉਂਦਾ ਰਹਿੰਦਾ। ਉਨ੍ਹਾਂ ਦੋਵਾਂ ਸਲਾਹ ਕਰਕੇ, ਘਰ ਵਿਚ ਕਿਸੇ ਸਿਆਣੇ ਦੀ ਲੋੜ ਮਹਿਸੂਸ ਕਰਦਿਆਂ ਕੰਵਲ ਦੇ ਮੰਮੀ-ਡੈਡੀ ਲਈ ਸਪਾਂਸਰਸ਼ਿਪ ਦੇ ਕਾਗਜ਼ ਬਣਾ ਕੇ ਭੇਜ ਦਿੱਤੇ। ਸਾਲ ਵਿਚ ਹੀ ਬਿਸ਼ਨ ਕੌਰ ਤੇ ਜਾਗਰ ਸਿੰਘ ਪੱਕੇ ਤੌਰ ਤੇ ਅਮਰੀਕਾ ਆ ਗਏ।
ਜਿਸ ਗੱਲ ਦਾ ਉਨ੍ਹਾਂ ਨੂੰ ਪਹਿਲਾਂ ਕਦੇ ਖਿਆਲ ਹੀ ਨਹੀਂ ਸੀ ਆਇਆ, ਉਹ ਉਨ੍ਹਾਂ ਦੀ ਜ਼ਿੰਦਗੀ ਵਿਚ ਵਿਘਨ ਪਾਉਣ ਲੱਗੀ। ਇਸੇ ਕਾਰਨ ਕੰਵਲ ਦਾ ਧਿਆਨ ਵੀ ਉਖੜਿਆ ਰਹਿਣ ਲੱਗਾ। ਜਦੋਂ ਕਦੇ ਜਸਦੇਵ, ਕੰਵਲ ਦੇ ਪਿਆਰ ਦੀ ਵੰਡ ਦੇ ਸੰਤੁਲਨ ਬਾਰੇ ਸੋਚਦਾ ਤਾਂ ਉਸ ਨੂੰ ਆਪਣੇ ਨਾਲੋਂ ਕੰਵਲ ਦੇ ਮਾਂ-ਪਿਓ ਵੱਲ ਦਾ ਪੱਲੜਾ ਭਾਰੀ ਲੱਗਦਾ।
‘ਬੱਚੇ ਦੀ ਪੈਦਾਇਸ਼ ਤੋਂ ਬਾਅਦ ਭਲਾ ਕੀ ਹਾਲ ਹੋਵੇਗਾ?’ ਇਸ ਖਿਆਲ ਨਾਲ ਆਪਣੇ ਮੱਥੇ ‘ਤੇ ਹੱਥ ਮਾਰਦਿਆਂ ਸੋਚਣ ਬਹਿ ਜਾਂਦਾ, ‘ਕਿੱਥੇ ਪੰਗਾ ਲੈ ਲਿਆ, ਕੀ ਕਾਹਲ ਪਈ ਸੀ, ਅਜੇ ਤਾਂ ਆਪਣੇ ਹੀ ਸ਼ੌਕ ਪੂਰੇ ਨਹੀਂ ਹੋਏ!’
ਘਰ ਦੇ ਬਦਲੇ ਮਾਹੌਲ ਕਰਕੇ ਜਦੋਂ ਵੀ ਕੋਈ ਆਪਸੀ ਗੱਲਬਾਤ ਹੁੰਦੀ ਤਾਂ ਉਸ ਨੂੰ ਹਮੇਸ਼ਾ ਕੰਵਲ ਦੀਆਂ ਦਲੀਲਾਂ ਅੱਗੇ ਝੁਕਣਾ ਪੈਂਦਾ। ਇਕ ਦਿਨ ਉਦਾਸ ਬੈਠੇ ਜਸਦੇਵ ਵੱਲ ਤਕਦਿਆਂ ਕੰਵਲ ਨੇ ਉਹਦੇ ਮੋਢੇ ‘ਤੇ ਹੱਥ ਰੱਖ ਕੇ ਆਖਿਆ, “ਤੁਸੀਂ ਕਿਉਂ ਐਵੇਂ ਅੰਦਰੋ-ਅੰਦਰ ਖਪੀ ਜਾਂਦੇ ਓ। ਜ਼ਰਾ ਸੋਚੋ! ਹੁਣ ਬੱਚੇ ਦੀ ਸੰਭਾਲ ਲਈ ਕੋਈ ਤਾਂ ਚਾਹੀਦਾ ਈ ਸੀ? ਨਾਲੇ ਮੇਰੇ ਕੋਲੋਂ ਤਾਂ ਅਗਾਹਾਂ ਨੂੰ ਐਨਾ ਕੰਮ ਵੀ ਨਹੀਂ ਕਰ ਹੋਣਾ।”
ਨਿਰਾਸ਼ ਹੋਇਆ ਜਸਦੇਵ ਬੋਲਿਆ, “ਉਹ ਤਾਂ ਠੀਕ ਆ, ਪਰ ਆਪਣੇ ਬਾਪੂ ਨੂੰ ਆਖ ਕਿ ਕੋਈ ਕਾਰ-ਕੂਰ ਸਿੱਖ ਲਵੇ, ਉਸ ਨੂੰ ਕਿਸੇ ਸਟੋਰ ‘ਤੇ ਲਵਾ ਦਿਆਂ।”
ਜਸਦੇਵ ਦੀ ਕਹੀ ਗੱਲ ਦਾ ਉਹਨੇ ਬੁਰਾ ਤਾਂ ਮਨਾਇਆ ਪਰ ਬਾਪੂ ਦੀਆਂ ਮਾੜੀਆਂ ਆਦਤਾਂ ਕਾਰਨ ਉਹ ਗੁੱਸੇ ਨੂੰ ਅੰਦਰੋ-ਅੰਦਰ ਪੀ ਗਈ। ਉਹਨੇ ਆਪਣੇ ਬਾਪ ਨਾਲ ਇਸ ਵਿਸ਼ੇ ‘ਤੇ ਕਈ ਵਾਰੀ ਗੱਲ ਤੋਰੀ ਸੀ ਪਰ ਉਹ ਕੰਨਾਂ ਪਿੱਛੇ ਮਾਰ ਛੱਡਦਾ। ਉਸ ਨੂੰ ਪਾਰਕ ਵਿਚ ਹੋਰ ਵਿਹਲੜ ਬਜ਼ੁਰਗਾਂ ਨਾਲ ਬੈਠ, ਗੱਪਾਂ ਮਾਰਨ ਤੇ ਤਾਸ਼ ਖੇਡਣ ਦੀ ਆਦਤ ਪੈ ਚੁੱਕੀ ਸੀ। ਉਹ ਰਾਤ ਨੂੰ ਦੋ-ਤਿੰਨ ਪੈੱਗ ਵਿਸਕੀ ਦੇ ਚਾੜ੍ਹ ਰੋਟੀ ਖਾ ਸੌਂ ਜਾਂਦਾ ਤੇ ਸਵੇਰੇ ਮਹਾਰਾਜਿਆਂ ਵਾਂਗ ਦਸ ਵਜੇ ਤੱਕ ਉਠਦਾ ਈ ਨਾ।
ਕੰਵਲ ਦੀ ਮੀਸਣੀ ਮਾਂ ਬੋਲਦੀ ਤਾਂ ਘੱਟ ਪਰ ਉਹਦੇ ਕੰਨ ਹਮੇਸ਼ਾ ਭਰਦੀ ਰਹਿੰਦੀ। ਉਹ ਗਹਿਣੇ ਪਹਿਨਣ ਦੀ ਬੜੀ ਸ਼ੌਕੀਨ ਸੀ। ਕੰਵਲ ਨੇ ਉਸ ਨੂੰ ਦੋ ਸੋਨੇ ਦੀਆਂ ਵੰਗਾਂ ਵੀ ਬਣਵਾ ਦਿੱਤੀਆਂ। ਹਰ ਵੇਲੇ ਉਹ ਸੋਫੇ ‘ਤੇ ਬੈਠੀ ਟੀæ ਵੀæ ਉਤੇ ਕੋਈ ਸੀਰੀਅਲ ਵਿਹੰਦੀ ਰਹਿੰਦੀ। ਚਿੱਤ ਕਰੇ ਤਾਂ ਕੋਈ ਦਾਲ ਸਬਜ਼ੀ ਬਣਾ ਲੈਂਦੀ, ਨਹੀਂ ਤਾਂ ਮੀਆਂ-ਬੀਵੀ ਆਪ ਦੋਵੇਂ ਦਹੀਂ-ਮੱਖਣ ਨਾਲ ਪਰੌਂਠੇ ਛਕ ਲੈਂਦੇ। ਕੰਵਲ ਨੂੰ ਆਪਣੇ ਲਈ ਬ੍ਰੇਕ-ਫਾਸਟ ਆਪ ਹੀ ਬਣਾਉਣਾ ਪੈਂਦਾ। ਦੁਪਹਿਰ ਦਾ ਖਾਣਾ ਉਹ ਦੋਵੇਂ ਬਾਹਰੋਂ ਖਾ ਲੈਂਦੇ ਤੇ ਰਾਤ ਨੂੰ ਕੰਵਲ ਹੱਥੀਂ ਰੋਟੀ ਪਕਾ ਕੇ ਜਸਦੇਵ ਨੂੰ ਖੁਆ ਦਿੰਦੀ।
ਜਸਦੇਵ ਦੀ ਲੜਕੀ ਹੁਣ ਛੇ ਸਾਲ ਦੀ ਹੋ ਗਈ ਸੀ ਪਰ ਉਹਨੂੰ ਇੰਜ ਲੱਗਦਾ, ਜਿਵੇਂ ਅੱਧੀ ਸਦੀ ਬੀਤ ਗਈ ਹੋਵੇ। ਹੁਣ ਉਹ ਕਿਸੇ ਨਾਲ ਘੱਟ-ਵੱਧ ਹੀ ਗੱਲ ਕਰਦਾ। ਉਸ ਨੇ ਆਪਣੀ ਆਦਤ ਹੀ ਕੁਝ ਇਸ ਤਰ੍ਹਾਂ ਦੀ ਬਣਾ ਲਈ ਕਿ ‘ਇਕ ਚੁੱਪ ਸੌ ਸੁੱਖ’ ਬਸ, ਆਪਣੇ ਕੰਮ ਨਾਲ ਹੀ ਮਤਲਬ, ਹਰ ਵੇਲੇ ਚਿੰਜੜੀ ਛੇੜਨ ਦਾ ਫਾਇਦਾ ਵੀ ਤਾਂ ਕੋਈ ਨਹੀਂ ਸੀ।
ਇਕ ਦਿਨ ਜਦੋਂ ਉਹ ਕੰਮ ਤੋਂ ਵਾਪਿਸ ਆਇਆ ਤਾਂ ਉਸ ਦੀ ਬੇਟੀ ਜਸਕੀਰਤ ਡੁਸ੍ਹਕਦੀ ਹੋਈ ਉਹਦੀ ਗੋਦੀ ਵਿਚ ਆ ਕੇ ਬੈਠ ਗਈ ਤੇ ਕਹਿਣ ਲੱਗੀ, “ਡੈਡੀ ਨਾਨੀ ਮੈਨੂੰ ਮਾਰਦੀ ਆ।”
“ਕਾਤ੍ਹੇ ਮਾਰਦੀ ਆ ਮੇਰੇ ਪੁੱਤ ਨੂੰ?” ਉਸ ਨੂੰ ਲਾਡ ਲਡਾਉਂਦਿਆਂ ਜਸਦੇਵ ਨੇ ਪੁੱਛਿਆ।
“ਮੈਨੂੰ ਭੁੱਖ ਲੱਗੀ ਸ਼ੀ… ਮੈਂ ਰੋਟੀ ਮੰਗੀ, ਕਹਿੰਦੀ ਸ਼ੀਰੀਅਲ ਮੁੱਕੇ ‘ਤੇ ਦਊਂ। ਮੈਂ ਆਪੇ ਕੌਲੀ ‘ਚ ਦਹੀਂ ਪਾਣ ਲੱਗੀ, ਦਹੀਂ ਡੁੱਲ ਗਿਆ, ਫੇਰ ਓਨ੍ਹੇ ਮੈਨੂੰ ਮਾਰਿਆ।”
“ਅੱਛਾæææ?” ਜਸਦੇਵ ਬੁਝਿਆ ਜਿਹਾ ਬੋਲਿਆ।
ਜ਼ਰਾ ਕੁ ਚੁੱਪ ਰਹਿ ਕੇ ਉਹ ਫੇਰ ਬੋਲੀ, “ਕਹਿੰਦੀ, ਤੂੰ ਬੀ ਆਪਣੇ ਪੇ ਆਂਗੂ ਆਂ, ਜਿੱਦਾਂ ਦਾ ਓ ਕਮਲਾ, ਓਦਾਂ ਦੀ ਤੂੰæææ।”
ਜਸਦੇਵ ਦੇ ਗਲ ਦੁਆਲੇ ਪਿਆਰ ਨਾਲ ਬਾਹਾਂ ਵਲਦਿਆਂ ਉਹ ਫਿਰ ਬੋਲੀ, “ਡੈਡੀ! ਕਮਲਾ ਕੀ ਹੁੰਦਾ?”
“ਜਿੱਦਾਂ ਪੁੱਤ ਗਮਲਾ ਹੁੰਦਾ, ਏਦਾਂ ਈ ਕਮਲਾ ਹੁੰਦਾ।” ਆਖ ਕੇ ਉਸ ਨੇ ਗੱਲ ਆਈ ਗਈ ਕਰ ਦਿੱਤੀ।
ਜਦੋਂ ਉਹ ਜਸਕੀਰਤ ਨੂੰ ਪਰਚਾ ਕੇ ਲਿਵਿੰਗ ਰੂਮ ਵੱਲ ਲੈ ਕੇ ਗਿਆ ਤਾਂ ਉਸ ਨੇ ਦੇਖਿਆ ਕਿ ਬਿਸ਼ਨ ਕੌਰ ਅਜੇ ਵੀ ਟੀæਵੀæ ਦੇਖੀ ਜਾ ਰਹੀ ਏ। ਉਹਨੇ ਚਾਹਿਆ ਕਿ ਰੀਮੋਟ ਚੁੱਕ ਕੇ ਟੀæਵੀæ ਬੰਦ ਕਰ ਦੇਵੇ ਪਰ ਜਿਹੜਾ ਬਖੇੜਾ ਟੀæਵੀæ ਬੰਦ ਕੀਤੇ ਤੋਂ ਹੋਣਾ ਸੀ, ਉਸ ਦਾ ਕਿਆਸ ਕਰਦਿਆਂ ਉਹਨੇ ਦੜ ਵੱਟ ਲੈਣ ਵਿਚ ਹੀ ਭਲਾ ਸਮਝਿਆ।
ਅੱਗੇ ਵੀ ਇਕ ਵਾਰ ਜਦੋਂ ਉਹ ਆਪਣੇ ਸਹੁਰੇ ਜਾਗਰ ਸਿੰਘ ਨੂੰ ਕਹਿ ਬੈਠਾ ਸੀ ਕਿ ਤੁਹਾਨੂੰ ਕਿਤੇ ਕੰਮ ‘ਤੇ ਲਗਵਾ ਦਿਆਂ, ਅੱਗੋਂ ਜੋ ਸਲੋਕ ਉਸ ਨੂੰ ਸੁਣਨੇ ਪਏ ਸਨ ਅਜੇ ਤੀਕ ਨਹੀਂ ਭੁੱਲੇ, “ਨਾਂ! ਅਸੀਂ ਇੱਥੇ ਕੰਮ ਕਰਨ ਆਏ ਆਂ? ਨਾਲੇ ਤੁਹਾਡੇ ਨਿਆਣੇ ਪਾਲੀਏ, ਨਾਲੇ ਘਰ ਸਾਂਭੀਏ। ਇਹ ਭਲਾ ਕੰਮ ਨ੍ਹੀਂ? ਬਿਨਾ ਤਨਖਾਹੋਂ ਦੋ ਨੌਕਰ ਮਿਲੇ ਹੋਏ ਆ, ਹੋਰ ਤੁਸੀਂ ਕੀ ਲੈਣਾ? ਅਸੀਂ ਕੇੜ੍ਹਾ ਕਿਹਾ ਸੀ ਪਈ ਸਾਨੂੰ ਇੱਥੇ ਸੱਦੋ। ਅਸਾਂ ਕੁੜੀ ਨੂੰ ਚੰਗਾ ਪੜ੍ਹਾਇਆ-ਲਿਖਾਇਆ, ਅਫਸਰ ਲੱਗੀ ਹੋਈ ਆ ਸਾਡੀ ਕੁੜੀ! ਚਾਰ ਹਜ਼ਾਰ ਡਾਲਰ ਮਹੀਨੇ ਦਾ ਕੁੱਟਦੀ ਆ। ਤੂੰ ਦੱਸ ਕੀ ਕਮਾਉਨਾਂ? ਗੱਲਾਂ ਕਰਦਾ।”
ਉਹਨੂੰ ਅੱਗੋਂ ਕੋਈ ਜਵਾਬ ਨਹੀਂ ਸੀ ਅਹੁੜਿਆ, ਬੁੱਲ੍ਹਾਂ ‘ਤੇ ਜੀਭ ਫੇਰਦਾ ਉਥੋਂ ਖਿਸਕ ਗਿਆ ਸੀ।
ਜਸਦੇਵ ਵਿਚਾਰਾ ਹੋਰ ਕਰ ਵੀ ਕੀ ਸਕਦਾ ਸੀ। ਜੇ ਕਦੇ ਉਹ ਤਿੜ-ਫਿੜ ਕਰਦਾ ਵੀ ਤਾਂ ਉਸ ਦੀ ਰਗ-ਰਗ ਦੀ ਵਾਕਿਫ ਕੰਵਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਉਸ ਨੂੰ ਸ਼ਾਂਤ ਕਰ ਲੈਂਦੀ, ਉਹ ਮੋਮ ਦੇ ਬੁੱਤ ਵਾਂਗ ਜਿਸ ਤਰ੍ਹਾਂ ਵੀ ਚਾਹੁੰਦੀ ਉਹਨੂੰ ਢਾਲ ਲੈਂਦੀ।
ਹਰ ਵੇਲੇ ਦੀ ਕਿੜ-ਕਿੜ ਤੋਂ ਤੰਗ ਆ ਕੇ, ਹੌਲੀ-ਹੌਲੀ ਕੰਵਲ ਦਾ ਸੁਭਾ ਵੀ ਬਦਲਣਾ ਸ਼ੁਰੂ ਹੋ ਗਿਆ। ਉਸ ਨੇ ਪੰਜਾਬ ਰਹਿੰਦੇ ਆਪਣੇ ਸ਼ਾਦੀਸ਼ੁਦਾ ਚਾਰੇ ਭੈਣ-ਭਰਾਵਾਂ ਨੂੰ ਸੱਦਣ ਲਈ ਵੀ ਅਪਲਾਈ ਕੀਤਾ ਹੋਇਆ ਸੀ। ਹੋਰ ਇਕ ਦੋ ਸਾਲਾਂ ਨੂੰ ਉਨ੍ਹਾਂ ਵੀ ਆ ਜਾਣਾ ਸੀ।
ਮਾਮਲਾ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਸੀ। ਕੰਵਲ ਹੁਣ ਉਸ ਨੂੰ ‘ਬ੍ਰੇਕਿੰਗ-ਨਿਊਜ਼’ ਵਾਂਗ ਕਦੇ ਕਦੇ ਹੀ ਦਿਸਦੀ।
ਇਹ ਬੇਰੁਖੀ ਹੁਣ ਜਸਦੇਵ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀ। ਫਿਰ ਵੀ ਉਹ ਘਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਚੁੱਪ-ਚਾਪ ਹਰ ਸਿਤਮ ਜਰਦਾ ਗਿਆ।
ਪਰ ਹੁਣ ਜਦੋਂ, ਉਸ ਦਾ ਸਹੁਰਾ ਦਿਨੇ ਵੀ ਸ਼ਰਾਬ ਪੀ ਕੇ ਅਵਾ-ਤਵਾ ਬੋਲਦਾ ਰਹਿੰਦਾ, ਘਰ ਦੇ ਹਰ ਕੰਮ ਵਿਚ ਬੇ-ਮਤਲਬ ਹੀ ਦਖਲ-ਅੰਦਾਜ਼ੀ ਕਰਦਾ ਤਾਂ ਉਹਨੇ ਇਕ ਦਿਨ ਕੰਵਲ ਨੂੰ ਆਪਣੇ ਬਾਪ ਨੂੰ ਸਮਝਾਉਣ ਲਈ ਆਖਿਆ, ਜੋ ਉਸ ਦੀ ਸਦਾ ਬਿੜਕਾਂ ਲੈਂਦੀ ਰਹਿਣ ਵਾਲੀ ਮਾਂ ਨੇ ਸੁਣ ਕੇ ਆਪਣੇ ਪਤੀ ਨੂੰ ਦਸ ਦਿੱਤਾ। ਫਿਰ ਕੀ ਸੀ! ਰਾਤ ਨੂੰ ਘੁੱਟ ਕੁ ਪੀ ਕੇ ਉਹਦੇ ਸਹੁਰੇ ਨੇ ਉਹਨੂੰ ਉਹ ਖਰੀਆਂ ਖੋਟੀਆਂ ਸੁਣਾਈਆਂ ਕਿ ਜਸਦੇਵ ਨੇ ਕੰਨ ਵਲ੍ਹੇਟ ਕੇ ਉਥੋਂ ਖਿਸਕਣ ਵਿਚ ਹੀ ਆਪਣਾ ਭਲਾ ਸਮਝਿਆ- ਕੰਵਲ ਨੇ ਵੀ ਉਸ ਦੀ ਕੋਈ ਸਾਰ ਨਾ ਲਈ।
ਇਕ ਦਿਨ ਉਹੀ ਗੱਲ ਹੋ ਗਈ ਜਿਸ ਦਾ ਡਰ ਬਣਿਆ ਰਹਿੰਦਾ ਸੀ। ਦੋਹਾਂ ਪੁੜਾਂ ਵਿਚਾਲੇ ਪਿਸ ਰਹੀ ਕੰਵਲ ਨੇ ਜਸਦੇਵ ਨੂੰ ਹੀ ਸਪੱਸ਼ਟ ਸ਼ਬਦਾਂ ਵਿਚ ਆਖ ਦਿੱਤਾ ਕਿ ਜੇ ਉਹ ਇਸ ਮਾਹੌਲ ਵਿਚ ਆਪਣੇ ਆਪ ਨੂੰ ‘ਅਡਜਸਟ’ ਨਹੀਂ ਕਰ ਸਕਦਾ ਤਾਂ ਤਲਾਕ ਲੈ ਲਵੇ।
“ਕੀ ਕਿਹਾ ਕੰਵਲ ਤੂੰæææ!” ਜਸਦੇਵ ਨੇ ਅਵਾਕ ਜਿਹੇ ਹੁੰਦਿਆਂ ਪੁੱਛਿਆ। ਜੋ ਕੁਝ ਉਸ ਨੇ ਸੁਣਿਆ ਸੀ, ਉਹਨੂੰ ਆਪਣੇ ਕੰਨਾਂ ‘ਤੇ ਯਕੀਨ ਨਹੀਂ ਸੀ ਆ ਰਿਹਾ।
“ਹਾਂæææਤਲਾਕ, ਤਲਾਕ, ਤਲਾਕ!” ਕੰਵਲ ਗੁੱਸੇ ਵਿਚ ਆਪਣੇ ਵਾਲ ਖੋਹਣ ਲੱਗੀ।
ਇਹ ਸਭ ਦੇਖ ਕੇ ਜਸਦੇਵ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ। ਉਹ ਘੋਰ ਨਿਰਾਸ਼ਾ ਵਿਚ ਘਿਰਿਆ, ਸੋਚਾਂ ਦੇ ਡੂੰਘੇ ਸਮੁੰਦਰ ਵਿਚ ਡੁੱਬ ਗਿਆ। ਹੁਣ ਭਲਾ ਉਸ ਬੇਹੇ ਕਰੇਲੇ ਨੂੰ ਕਿਨ ਪੁੱਛਣਾ ਸੀ। ਹਤਾਸ਼ ਜਿਹਾ ਹੋਇਆ ਉਹ ਬੇਸਮੈਂਟ ਵਿਚ ਚਲਾ ਗਿਆ।
ਹੁਣ ਉਸ ਨੂੰ ਆਪਣੇ ਆਪ ‘ਤੇ ਗੁੱਸਾ ਆਉਣ ਲੱਗਾ, ‘ਸਾਲਿਆ! ਤੂੰ ਵੀ ਆਪਣੀ ਔਕਾਤ ਭੁੱਲ ਗਿਆ ਸੀæææਹੁਣ ਦੇਖ ਸੁਆਦ, ਲੈ ਮਜ਼ਾ ਬਿੱਲੀਆਂ ਅੱਖਾਂ ਵਾਲੀ ਦਾ। ਨਾ ਤੇਰਾ ਕੋਈ ਮੇਲ ਸੀ ਇਹਦੇ ਨਾਲ? ਹੁਣ ਭੂਗਤ, ਰੋ ਬੈਠਾ ਕਰਮਾਂ ਨੂੰ। ਐਵੇਂ ਤਾਂ ਨੀ ਸਹੁਰਾ ਮੇਹਣੇ ਮਾਰਦਾ, ਅਖੇ ਅਸੀਂ ਤਾਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ’ਤੀ।
ਥੋੜ੍ਹਾ ਸੰਭਲਣ ਪਿਛੋਂ ਕੁਝ ਲੈਣ ਵਾਸਤੇ ਉਸ ਨੇ ਅਲਮਾਰੀ ਖੋਲ੍ਹੀ ਤਾਂ ਉਥੇ ਪਏ ਨਿੱਕ-ਸੁੱਕ ਵਿਚ ਇਕ ਪਾਸੇ ਮਿੱਟੀ-ਘੱਟੇ ਨਾਲ ਭਰਿਆ ਉਹ ਮੋਮ ਦਾ ਬੁੱਤ ਪਿਆ ਦੇਖਿਆ, ਜੋ ਕਦੇ ਲਿਵਿੰਗ-ਰੂਮ ਵਿਚ ਮੇਜ਼ ਉਤੇ ਪਏ ਫੁੱਲਾਂ ਦੇ ਗੁਲਦਸਤੇ ਕੋਲ ਸਜਿਆ ਹੁੰਦਾ ਸੀ। ਕਦੇ ਉਹ ਕੰਵਲ ਦਾ ਸਭ ਤੋਂ ਪਿਆਰਾ ਸ਼ੋ-ਪੀਸ ਹੋਇਆ ਕਰਦਾ ਸੀ। ਉਸ ਵਕਤ ਉਹ ਕਿੰਨੇ ਖੁਸ਼ੀ ਭਰੇ ਦਿਨ ਬਤੀਤ ਕਰ ਰਹੇ ਸਨ, ਯਾਨਿ ਕਾਟੋ ਫੁੱਲਾਂ ‘ਤੇ ਖੇਡਦੀ ਸੀ।
ਉਹਨੇ ਉਹ ਬੁੱਤ ਚੁੱਕ ਕੇ ਹਿੱਕ ਨਾਲ ਲਾ ਲਿਆ। ਉਹਨੂੰ ਅਨੁਭਵ ਹੋਇਆ ਕਿ ਉਸ ਦੀਆਂ ਦੋਵੇਂ ਬਾਹਾਂ ਟੁੱਟੀਆਂ ਹੋਈਆਂ ਹਨ। ਬੁੱਤ ਵਲ ਰੀਝ ਲਾ ਕੇ ਤੱਕਦਿਆਂ ਇਕ ਹੋਰ ਘਟਨਾ ਚੇਤੇ ਕਰ ਉਸ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਜਿਸ ਦਿਨ ਕੰਵਲ ਆਪਣੀ ਮਾਂ ਦੀ ਚੁੱਕੀ-ਚੁਕਾਈ ਉਹਦੇ ਪਿੰਡ ਨੂੰ ਤੁਰ ਗਈ ਸੀ। ਉਦੋਂ ਵੀ ਉਹ ਬਥੇਰਾ ਕਲਪਿਆ ਸੀ- ਬਥੇਰਾ ਰੋਕਿਆ ਸੀ ਕੰਵਲ ਨੂੰ, ਪਰ ਨਹੀਂ ਟਲੀ ਸਾਲੀ, ਪਿੰਡ ਜਾ ਕੇ ਨਵਾਂ ਪੰਗਾ ਖੜ੍ਹਾ ਕਰ ਆਈ ਸੀ, ਅਖੇ ਆਪਣੇ ਹਿੱਸੇ ਦੀ ਜ਼ਮੀਨ ਵੰਡਾਉਣੀ ਆਂ।
‘ਦੱਸ ਭਲਾ ਤੂੰ ਢੂਹੇ ‘ਚ ਲੈਣੀ ਸੀ ਚਾਰ ਕਨਾਲਾਂ ਜ਼ਮੀਨ ਵੰਡਾ ਕੇ-ਸਾਡੇ ਭਰਾਵਾਂ ਦੇ ਰਿਸ਼ਤੇ ਵਿਚ ਸਦਾ ਲਈ ਖਟਾਸ ਭਰ ਦਿੱਤੀ ਸਾਲੀ ਨੇ।’ ਚੇਤੇ ਕਰਦਿਆਂ ਉਸ ਦੀਆਂ ਅੱਖਾਂ ‘ਚੋਂ ਤ੍ਰਿਪ-ਤ੍ਰਿਪ ਪਾਣੀ ਵਹਿ ਤੁਰਿਆ।
ਹਸਰਤ ਭਰੀਆਂ ਨਜ਼ਰਾਂ ਨਾਲ ਮੁੜ ਮੋਮ ਦੇ ਬੁੱਤ ਵਲ ਝਾਕਦਿਆਂ ਉਹ ਬੁੜਬੁੜਾਇਆ, “ਦੇਖ ਮਿੱਤਰਾ ਹੁਣ ਤੇਰੀਆਂ ਵੀ ਦੋਵੇਂ ਬਾਹਾਂ ਭੱਜ ਗਈਆਂ ਤੇ ਮੇਰੀਆਂ ਵੀ! ਹੁਣ ਮੈਂ ਨਾ ਏਧਰ ਦਾ ਰਿਹਾ, ਨਾ ਓਧਰ ਦਾ।”
ਅਚਾਨਕ ਜਸਕੀਰਤ ਉਸ ਦੀ ਗੋਦੀ ਵਿਚ ਆ ਕੇ ਬੈਠ ਗਈ ਤੇ ਲਾਡ ਨਾਲ ਕਹਿਣ ਲੱਗੀ, “ਡੈਡੀ ਮੈਂ ਥੋਨੂੰ ਲੱਭਦੀ ਸੀ! ਤੁਸੀਂ ਏਥੇ ਕੀ ਪਏ ਕਰਦੇ ਓ?”
ਜਸਦੇਵ ਨੇ ਅੱਖਾਂ ਪੂੰਝੀਆਂ ‘ਤੇ ਦਿਲ ਕਰੜਾ ਕਰਦਿਆਂ ਕਹਿਣ ਲੱਗਾ, “ਪੁੱਤ! ਮੈਂ ਤਾਂ ਤੇਰੇ ਮੋਹ ਦਾ ਮਾਰਿਆ ਦਿਨ ਕਟੀ ਕਰ ਰਿਆਂ, ਨਹੀਂ ਤਾਂ ਪਤਾ ਨ੍ਹੀਂæææ।”
ਅਗਾਂਹ ਉਸ ਤੋਂ ਕੁਝ ਵੀ ਬੋਲਿਆ ਨਾ ਗਿਆ। ਜਦੋਂ ਜਸਕੀਰਤ ਗੁੱਡ ਨਾਈਟ ਕਹਿ ਕੇ ਚਲੇ ਗਈ ਤਾਂ ਉਹਨੇ ਮੋਮ ਦੇ ਬੁੱਤ ਨੂੰ ਚੰਗੀ ਤਰ੍ਹਾਂ ਝਾੜ ਪੂੰਝ ਕੇ ਮੁੜ ਆਪਣੀ ਹਿੱਕ ਨਾਲ ਘੁੱਟਦਿਆਂ ਆਖਿਆ, “ਅੱਛਾ ਬਈ ਮਿੱਤਰਾ! ਹੁਣ ਆਪਾਂ ਦੋਵੇਂ ਇੱਥੇ ‘ਕੱਠੇ ਰਹਾਂਗੇ…ਹੁਣ ਮੈਂ ਰੋਜ਼ ਤੇਰੇ ਕੋਲ ਹੀ ਸੋਇਆ ਕਰਾਂਗਾ।” ਫਿਰ ਉਹਨੇ ਇਕ ਖੂੰਜੇ ‘ਚ ਪਏ ਸਟੂਲ ਨੂੰ ਸਾਫ ਕਰਕੇ ਬੁੱਤ ਨੂੰ ਬੜੇ ਪਿਆਰ ਨਾਲ ਟਿਕਾ ਕੇ ਰੱਖ ਦਿੱਤਾ।
ਕਾਫੀ ਚਿਰ ਉਸ ਵਲ ਹਸਰਤ ਭਰੀਆਂ ਨਜ਼ਰਾਂ ਨਾਲ ਤੱਕਦਿਆਂ, ਆਪਣੇ ਸੁਪਨਾ ਹੋ ਚੁੱਕੇ ਸੁਨਹਿਰੀ ਪਲਾਂ ਨੂੰ ਯਾਦ ਕਰਦਾ ਰਿਹਾ ਤੇ ਟੁੱਟੇ ਜਿਹੇ ਦਿਲ ਨਾਲ ਕੰਬਲ ਲੈ ਕੇ ਉਹ ਲੰਮਾ ਤਾਂ ਪੈ ਗਿਆ, ਪਰ ਸਾਰੀ ਰਾਤ ਉਸ ਨੇ ‘ਇਹ ਕੀ ਬਣਿਆ’ ਸੋਚਦਿਆਂ ਪਾਸੇ ਮਾਰਦਿਆਂ ਹੀ ਲੰਘਾ ਦਿੱਤੀ।
-0-